ਪੰਜਾਬ ਦਾ ਸਿਆਸੀ ਸੇਕ

ਜਿਉਂ-ਜਿਉਂ ਪੰਜਾਬ ਵਿਧਾਨ ਸਭਾ ਨੇੜੇ ਆ ਰਹੀਆਂ ਹਨ, ਤਿਉਂ-ਤਿਉਂ ਪੰਜਾਬ ਦਾ ਸਿਆਸੀ ਪਿੜ ਮਘ ਰਿਹਾ ਹੈ। ਸਾਰੀਆਂ ਸਿਆਸੀ ਧਿਰਾਂ ਵੋਟਾਂ ਅਤੇ ਵੋਟਰਾਂ ਦੀ ਗਿਣਤੀ-ਮਿਣਤੀ ਮੁਤਾਬਿਕ ਸਰਗਰਮੀ ਕਰ ਰਹੀਆਂ ਹਨ ਅਤੇ ਨਾਲ ਦੀ ਨਾਲ ਰਣਨੀਤੀਆਂ ਘੜਨ ਵਿਚ ਜੁਟੀਆਂ ਹੋਈਆਂ ਹਨ। ਇਸੇ ਦੌਰਾਨ ਸੱਤਾਧਾਰੀ ਕਾਂਗਰਸ ਅੰਦਰ ਘਮਸਾਣ ਮੱਚਿਆ ਹੋਇਆ ਹੈ। ਕਾਂਗਰਸ ਹਾਈ ਕਮਾਨ ਨੇ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਦੀਆਂ ਮਿਣਤੀਆਂ-ਮਿਣਤੀਆਂ ਲਾ ਕੇ ਪੰਜਾਬ ਕਾਂਗਰਸ ਦੀ ਕਮਾਨ ਨਵਜੋਤ ਸਿੰਘ ਸਿੱਧੂ ਦੇ ਹੱਥ ਫੜਾਈ ਸੀ। ਭਾਰਤੀ ਜਨਤਾ ਪਾਰਟੀ ਵਿਚੋਂ ਕਾਂਗਰਸ ਵਿਚ ਆਏ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਿਆਂ ਅਜੇ ਮਹੀਨਾ ਹੀ ਹੋਇਆ ਹੈ ਕਿ

ਗੱਲ ਹੁਣ ਕੈਪਟਨ ਅਮਰਿੰਦਰ ਦੀ ਲੀਡਰਸਿ਼ਪ ਨੂੰ ਸ਼ਰੇਆਮ ਚੁਣੌਤੀ ਦੇ ਰੂਪ ਵਿਚ ਸਾਹਮਣੇ ਆ ਗਈ ਹੈ। ਇਹ ਤੱਥ ਬਿਲਕੁਲ ਸਹੀ ਹਨ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਬਹੁਤ ਮਾੜੀ ਰਹੀ ਹੈ ਪਰ ਇਨ੍ਹਾਂ ਸਾਲਾਂ ਦੌਰਾਨ ਵਿਰੋਧੀ ਧਿਰ ਦੀ ਕਾਰਗੁਜ਼ਾਰੀ ਵੀ ਨਿੱਘਰ ਜਾਣ ਦੀ ਹੱਦ ਤੱਕ ਚਲੀ ਗਈ ਸੀ। ਸਿੱਟੇ ਵਜੋਂ ਕੈਪਟਨ ਸਰਕਾਰ ਨੂੰ ਇਨ੍ਹਾਂ ਸਮਿਆਂ ਦੌਰਾਨ ਕਿਤੇ ਕੋਈ ਚੁਣੌਤੀ ਨਹੀਂ ਸੀ ਮਿਲੀ।
ਅਸਲ ਵਿਚ, ਪਿਛਲੇ ਕੁਝ ਸਮੇਂ ਤੋਂ ਕਰੋਨਾ ਵਾਇਰਸ ਅਤੇ ਕਿਸਾਨ ਅੰਦੋਲਨ ਕਾਰਨ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਜਾਪ ਰਿਹਾ ਸੀ ਕਿ ਲੋਕਾਂ ਦੇ ਰੋਹ ਦਾ ਮੂੰਹ ਕੇਂਦਰ ਸਰਕਾਰ ਵੱਲ ਹੀ ਹੈ, ਇਸ ਲਈ ਉਨ੍ਹਾਂ ਨੂੰ ਇਹ ਸੰਭਾਵਨਾਵਾਂ ਲੱਗਣ ਲੱਗ ਪਈਆਂ ਕਿ 2022 ਵਾਲੀਆਂ ਵਿਧਾਨ ਸਭਾ ਚੋਣਾਂ ਕਾਂਗਰਸ ਨੇ ਮੁਫਤੋ-ਮੁਫਤੀ ਜਿੱਤ ਲੈਣੀਆਂ ਹਨ। ਇਸੇ ਕਰਕੇ ਉਨ੍ਹਾਂ ਨੇ ਇਹ ਚੋਣਾਂ ਆਪਣੀ ਅਗਵਾਈ ਵਿਚ ਲੜਨ ਦਾ ਐਲਾਨ ਕਰ ਦਿੱਤਾ ਹਾਲਾਂਕਿ 2017 ਵਾਲੀਆਂ ਚੋਣਾਂ ਦੌਰਾਨ ਉਨ੍ਹਾਂ ਸਾਫ ਤੌਰ ‘ਤੇ ਐਲਾਨ ਕੀਤਾ ਸੀ ਕਿ ਇਹ ਉਨ੍ਹਾਂ ਦੀਆਂ ਆਖਰੀ ਚੋਣਾਂ ਹਨ। ਇਸੇ ਆਧਾਰ ‘ਤੇ ਉਨ੍ਹਾਂ ਲੋਕਾਂ ਤੋਂ ਵੋਟਾਂ ਮੰਗੀਆਂ ਸਨ। ਉਂਜ, ਉਨ੍ਹਾਂ ਦਾ ਪਿਛਲਾ ਕਾਰਜਕਾਲ ਵਾਹਵਾ ਧੜੱਲੇਦਾਰ ਗਿਣਿਆ ਸੀ, ਉਸ ਕਾਰਜਕਾਲ ਦੌਰਾਨ ਉਨ੍ਹਾਂ ਵਿਧਾਨ ਸਭਾ ਰਾਹੀਂ ਪਾਣੀਆਂ ਬਾਰੇ ਉਦੋਂ ਤੱਕ ਕੀਤੇ ਸਭ ਸਮਝੌਤਿਆਂ ‘ਤੇ ਲਕੀਰ ਫੇਰ ਦਿੱਤੀ ਸੀ। ਇਸ ਇਕੋ ਫੈਸਲੇ ਨਾਲ ਉਨ੍ਹਾਂ ਦੀ ਭੱਲ ਚੋਟੀ ਦੇ ਲੀਡਰ ਵਜੋਂ ਬਣ ਗਈ ਸੀ। 2017 ਵਾਲੀਆਂ ਚੋਣਾਂ ਤੋਂ ਬਾਅਦ ਵੀ ਲੋਕ ਕੈਪਟਨ ਅਮਰਿੰਦਰ ਸਿੰਘ ਦਾ ਉਹੀ ਰੰਗ ਦੇਖਣਾ ਚਾਹੁੰਦੇ ਸਨ ਪਰ ਉਹ ਆਪਣੇ ਸ਼ਾਹੀ ਸ਼ੌਕਾਂ ਕਾਰਨ ਕੁਝ ਵੀ ਨਾ ਕਰ ਸਕੇ। ਚੋਣਾਂ ਦੌਰਾਨ ਉਨ੍ਹਾਂ ਜਿਹੜੇ ਵੀ ਮੁੱਖ ਵਾਅਦੇ ਕੀਤੇ ਸਨ, ਉਨ੍ਹਾਂ ਵਿਚੋਂ ਇਕ ਵੀ ਪੂਰਾ ਨਹੀਂ ਕੀਤਾ ਗਿਆ। ਇਸ ਨਾਅਹਿਲੀਅਤ ਦਾ ਖਮਿਆਜ਼ਾ ਉਨ੍ਹਾਂ ਨੂੰ ਹੁਣ ਭੁਗਤਣਾ ਪੈ ਰਿਹਾ ਹੈ। ਹੁਣ ਨਵਜੋਤ ਸਿੰਘ ਸਿੱਧੂ ਵਰਗੇ ਨੌਸਿਖੀਏ ਸਿਆਸਤਦਾਨ ਨੇ ਉਨ੍ਹਾਂ ਨੂੰ ਸਿਆਸੀ ਪਿੜ ਵਿਚ ਅੱਗੇ ਲਾ ਲਿਆ ਹੈ ਅਤੇ ਉਨ੍ਹਾਂ ਦੀ ਪੇਸ਼ ਕੋਈ ਨਹੀਂ ਜਾ ਰਹੀ।
ਇਹੀ ਨਹੀਂ, ਉਨ੍ਹਾਂ ਉਤੇ ਕਦੀ ਸ਼੍ਰੋਮਣੀ ਅਕਾਲੀ ਦਲ ਅਤੇ ਕਦੀ ਭਾਰਤੀ ਜਨਤਾ ਪਾਰਟੀ ਨਾਲ ਰਲੇ ਹੋਣ ਦੀਆਂ ਗੱਲਾਂ ਉਡਦੀਆਂ ਰਹਿੰਦੀਆਂ ਹਨ। ਬੇਅਦਬੀ ਵਾਲੇ ਮਸਲੇ ਬਾਰੇ ਤਾਂ ਹੁਣ ਉਨ੍ਹਾਂ ਕੋਲ ਕੋਈ ਜਵਾਬ ਹੀ ਨਹੀਂ ਹੈ। ਇਸੇ ਤਰ੍ਹਾਂ ਨਸਿ਼ਆਂ ਦਾ ਮਾਮਲਾ ਹੈ ਜਿਸ ਨੂੰ ਚਾਰ ਹਫਤਿਆਂ ਵਿਚ ਖਤਮ ਕਰਨ ਦੀ ਸਹੁੰ ਉਨ੍ਹਾਂ ਹੱਥ ਵਿਚ ਗੁਟਕਾ ਫੜ ਕੇ ਖਾਧੀ ਸੀ। ਉਨ੍ਹਾਂ ਦੇ ਕਾਰਜਕਾਲ ਦੌਰਾਨ ਜੋ ਹਾਲ ਸਿਹਤ ਅਤੇ ਸਿੱਖਿਆ ਦੇ ਖੇਤਰਾਂ ਦਾ ਹੋਇਆ ਹੈ, ਉਸ ਦਾ ਕਿਤੇ ਕੋਈ ਅੰਤ ਹੀ ਨਹੀਂ ਹੈ। ਕਰੋਨਾ ਮਹਾਮਾਰੀ ਕਾਰਨ ਲੋਕਾਂ ਨੂੰ ਬੇਹੱਦ ਔਕੜਾਂ ਦਾ ਸਾਹਮਣਾ ਕਰਨਾ ਪਿਆ। ਸਰਕਾਰੀ ਹਸਪਤਾਲਾਂ ਵਿਚ ਢੁੱਕਵੀਆਂ ਸਹੂਲਤਾਂ ਨਹੀਂ ਸਨ ਅਤੇ ਪ੍ਰਾਈਵੇਟ ਹਸਪਤਾਲਾਂ ਨੇ ਆਮ ਲੋਕਾਂ ਲਈ ਆਪਣੇ ਦਰਵਾਜ਼ੇ ਭੇੜ ਲਏ ਸਨ। ਕਿਸਾਨ ਅੰਦੋਲਨ ਦੀ ਸ਼ੁਰੂਆਤ ਤੱਕ ਕੈਪਟਨ ਅਮਰਿੰਦਰ ਸਿੰਘ ਨੂੰ ਲੱਗਦਾ ਸੀ ਕਿ ਸਭ ਕੁਝ ਉਨ੍ਹਾਂ ਦੇ ਹੱਥ-ਵੱਸ ਹੀ ਹੈ। ਇਸੇ ਹਿਸਾਬ ਨਾਲ ਉਹ ਅਗਲੀਆਂ ਚੋਣਾਂ ਦੀਆਂ ਤਿਆਰੀਆਂ ਵਿਚ ਵੀ ਜੁਟ ਗਏ ਪਰ ਪਿਛਲੇ ਕੁਝ ਮਹੀਨਿਆਂ ਦੌਰਾਨ ਜਿਹੜੀ ਉਥਲ-ਪੁਥਲ ਪੰਜਾਬ ਕਾਂਗਰਸ ਅੰਦਰ ਹੋਈ ਹੈ, ਉਸ ਦਾ ਸ਼ਾਇਦ ਉਨ੍ਹਾਂ ਨੂੰ ਕਿਆਸ ਵੀ ਨਹੀਂ ਸੀ। ਮੰਤਰੀ ਅਤੇ ਵਿਧਾਇਕਾਂ ਨੇ ਉਨ੍ਹਾਂ ਖਿਲਾਫ ਆਵਾਜ਼ ਬੁਲੰਦ ਕਰਨੀ ਆਰੰਭ ਕਰ ਦਿੱਤੀ। ਨਵਜੋਤ ਸਿੰਘ ਸਿੱਧੂ ਨੇ ਪਹਿਲਾਂ-ਪਹਿਲ ਬਚ-ਬਚਾ ਕੇ ਅਤੇ ਫਿਰ ਸਿੱਧਾ ਹੀ ਉਨ੍ਹਾਂ ‘ਤੇ ਹਮਲਾ ਬੋਲ ਦਿੱਤਾ। ਫਿਰ ਤਾਂ ਪਾਰਟੀ ਆਗੂਆਂ ਦੀਆਂ ਦਿੱਲੀ ਹਾਈ ਕਮਾਨ ਕੋਲ ਗੇੜੀਆਂ ਦੌਰਾਨ ਛੇਤੀ ਹੀ ਸਪਸ਼ਟ ਹੋ ਗਿਆ ਕਿ ਇਹ ਸਿਆਸੀ ਖੇਡ ਹੁਣ ਉਨ੍ਹਾਂ ਦੇ ਹੱਥੋਂ ਨਿੱਕਲ ਰਹੀ ਹੈ।
ਹੁਣ ਤਾਂ ਐਨ ਸਪਸ਼ਟ ਹੋ ਗਿਆ ਹੈ ਕਿ ਇਹ ਖੇਡ ਉਨ੍ਹਾਂ ਦੇ ਹੱਥੋਂ ਨਿੱਕਲ ਚੁੱਕੀ ਹੈ। ਅਗਲੀਆਂ ਚੋਣਾਂ ਜਿੱਤਣ ਲਈ ਹਾਈ ਕਮਾਨ ਵੀ ਨਵਜੋਤ ਸਿੰਘ ਸਿੱਧੂ ਨੂੰ ਸਿ਼ੰਗਾਰ ਰਹੀ ਹੈ ਅਤੇ ਪਾਰਟੀ ਦੇ ਬਾਗੀ ਆਗੂ ਵੀ ਸਿੱਧੂ ਦੁਆਲੇ ਲਾਮਬੰਦ ਹੋ ਰਹੇ ਹਨ। ਇਹ ਵੱਖਰੀ ਗੱਲ ਹੈ ਕਿ ਨਵਜੋਤ ਸਿੰਘ ਸਿੱਧੂ ਪੈਰ-ਪੈਰ ‘ਤੇ ਜਿਸ ਤਰ੍ਹਾਂ ਦੇ ਰੰਗ ਦਿਖਾ ਰਿਹਾ ਹੈ, ਉਸ ਤੋਂ ਇਕ ਸਵਾਲ ਵਾਰ-ਵਾਰ ਪੁੱਛਿਆ ਜਾਣ ਲੱਗਿਆ ਹੈ ਕਿ ਇਹ ਆਗੂ ਪੰਜਾਬ ਵਿਚ ਕਾਂਗਰਸ ਦੀ ਬੇੜੀ ਪਾਰ ਲਾਵੇਗਾ ਜਾਂ ਅੱਧ ਵਿਚਕਾਰ ਹੀ ਡੋਬ ਦੇਵੇਗਾ! ਇਸ ਪੱਖ ਤੋਂ ਹਾਈ ਕਮਾਨ ਨੇ ਵੀ ਸਿੱਧੂ ਨੂੰ ਕਮਾਨ ਸੌਂਪ ਕੇ ਕਚਿਆਈ ਹੀ ਦਿਖਾਈ ਹੈ। ਇਸੇ ਤਰ੍ਹਾਂ ਦੀ ਕਚਿਆਈ ਹੁਣ ਨਵਜੋਤ ਸਿੰਘ ਸਿੱਧੂ ਲਗਾਤਾਰ ਦਿਖਾ ਰਿਹਾ ਹੈ। ਇਸ ਦੀ ਸਭ ਤੋਂ ਉਮਦਾ ਮਿਸਾਲ ਸਲਾਹਕਾਰ ਨਿਯੁਕਤ ਕਰਨ ਦੀ ਹੈ। ਇਹ ਸਲਾਹਕਾਰ ਉਸ ਦੀ ਸਿਆਸੀ ਮੁਹਿੰਮ ਨੂੰ ਅਗਾਂਹ ਵਧਾਉਣ ਦੀ ਥਾਂ ਸਗੋਂ ਵਿਰੋਧੀਆਂ ਨੂੰ ਪਾਰਟੀ ਉਤੇ ਹਮਲੇ ਲਈ ਮੌਕਾ ਦੇ ਰਹੇ ਹਨ। ਇਸ ਸੂਰਤ ਵਿਚ ਪੰਜਾਬ ਦੀ ਸਿਆਸਤ ਅੰਦਰ ਕਿਸ ਤਰ੍ਹਾਂ ਦਾ ਮੋੜ ਆਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਅਜੇ ਹਾਲਾਤ ਇਹ ਹਨ ਕਿ ਪੰਜਾਬ ਦੀ ਸਿਆਸਤ ਵਿਚ ਕਿਸੇ ਨਵੀਂ ਸਿਆਸਤ ਦੀ ਕੋਈ ਕਨਸੋਅ ਨਹੀਂ ਮਿਲ ਰਹੀ ਜਿਸ ਬਾਰੇ ਕਈ ਚਿਰਾਂ ਤੋਂ ਆਸ ਕੀਤੀ ਜਾ ਰਹੀ ਹੈ ਅਤੇ ਇਹ ਵੀ ਸੱਚ ਹੈ ਕਿ ਨਵੀਂ ਸਿਆਸਤ ਬਾਝੋਂ ਪੰਜਾਬ ਦੇ ਸੰਕਟ ਨਜਿੱਠੇ ਨਹੀਂ ਜਾਣੇ।