ਹੌਲੀਵੁੱਡ ਦਾ ਮਾਇਆ ਜਾਲ ਅਤੇ ਕਬੀਰ ਬੇਦੀ

ਉਘੇ ਫਿਲਮੀ ਅਦਾਕਾਰ ਕਬੀਰ ਬੇਦੀ ਨੇ ਆਖਿਆ ਕਿ ਅਮਰੀਕਨ ਫਿਲਮਾਂ ਲਈ ਪਹਾੜੀ ‘ਤੇ ਵੱਡੇ-ਵੱਡੇ ਅੱਖਰਾਂ ਵਿਚ ਬਣਾਇਆ ‘ਹੌਲੀਵੁੱਡ’ ਸ਼ਬਦ ਦਾ ਚਿੰਨ੍ਹ ਲੱਖਾਂ ਲੋਕਾਂ ਨੂੰ ਦੇਖਣ ਵਿਚ ਬਹੁਤ ਸੋਹਣਾ ਲੱਗਦਾ ਹੈ ਪਰ ਇਸ ਨੇ ਉਸ ਨੂੰ ਤਾਂ ਬਿਲਕੁਲ ਤਬਾਹ ਕਰਕੇ ਰੱਖ ਦਿੱਤਾ। ਹੌਲੀਵੁੱਡ ਨੇ ਬੇਦੀ ਨੂੰ ਵਿਦੇਸ਼ਾਂ ਵਿਚ ਫਿਲਮਾਂ ਅਤੇ ਸੀਰੀਜ਼ ਵਿਚ ਕੀਤੇ ਕੰਮ ਦਾ ਚੇਤਾ ਤਾਂ ਕਰਵਾਇਆ ਪਰ ਇਸ ਅਦਾਕਾਰ ਦਾ ਕਹਿਣਾ ਹੈ ਕਿ ਇਹ ਉਸ ਨੂੰ ਅਮਰੀਕਾ ਵਿਚ ‘ਸਟਾਰ’ ਨਹੀਂ ਬਣਾ ਸਕੇ।

ਕਬੀਰ ਬੇਦੀ ਨੇ ਆਪਣੀ ਸਵੈ-ਜੀਵਨੀ ‘ਸਟੋਰੀਜ਼ ਆਈ ਮਸਟ ਟੈਲ’ ਵਿਚ ਆਖਿਆ, “ਹੌਲੀਵੁੱਡ ਨੇ ਮੈਨੂੰ ਬਰਬਾਦ ਕਰ ਦਿੱਤਾ ਪਰ ਇਟਲੀ ਅਤੇ ਭਾਰਤ ਨੇ ਮੈਨੂੰ ਪੁਨਰ-ਜੀਵਤ ਕੀਤਾ ਹੈ। ਜਦੋਂ ਮੈਂ ਹੌਲੀਵੁੱਡ ਬਾਰੇ ਸੋਚਦਾ ਹਾਂ ਤਾਂ ਮੇਰੇ ਦਿਮਾਗ ਵਿਚ ਕੀ ਆਉਂਦਾ ਹੈ? ਇਹ ਲੱਖਾਂ ਲੋਕਾਂ ਵਾਸਤੇ ਪਹਾੜੀ ‘ਤੇ ਸਥਿਤ ਅਮਰੀਕਨ ਫਿਲਮਾਂ ਦਾ ਸੁੰਦਰ ਚਿੰਨ੍ਹ ਹੈ ਪਰ ਅਸਲ ਵਿਚ ਇਹ ਇਕ ਮਾਇਆ ਜਾਲ ਹੈ।” ਵੈਸਟਲੈਂਡ ਵੱਲੋਂ ਪ੍ਰਕਾਸਿ਼ਤ ਇਸ ਪੁਸਤਕ ਵਿਚ ਪਾਠਕਾਂ ਨੂੰ ਬੇਦੀ ਦੀ ਪੇਸ਼ੇਵਰ ਤੇ ਨਿੱਜੀ ਜਿ਼ੰਦਗੀ ਵਿਚ ਆਏ ਉਤਰਾਅ-ਚੜ੍ਹਾਅ ਅਤੇ ਉਸ ਵੱਲੋਂ ਭਾਰਤ, ਯੂਰਪ ਅਤੇ ਹੌਲੀਵੁੱਡ ਵਿਚ ਫਿਲਮ, ਟੈਲੀਵਿਜ਼ਨ ਤੇ ਥੀਏਟਰ ਵਿਚ ਕੀਤੇ ਕੰਮ ਦੇ ਸ਼ੁਰੂਆਤੀ ਦੌਰ ਦਾ ਵੀ ਜਿ਼ਕਰ ਹੈ।
ਕਬੀਰ ਬੇਦੀ ਦੀ ਇਹ ਪੁਸਤਕ ਇਥੋਂ ਸ਼ੁਰੂ ਹੁੰਦੀ ਹੈ ਕਿ ਅਦਾਕਾਰ ਨੇ ਕਿਵੇਂ ‘ਬੀਟਲਜ਼’ ਕਰਕੇ ਆਪਣਾ ਜੱਦੀ ਸ਼ਹਿਰ ਦਿੱਲੀ ਛੱਡਿਆ ਸੀ। ਉਸ ਨੇ 7 ਜੁਲਾਈ 1966 ਨੂੰ ਆਲ ਇੰਡੀਆ ਰੇਡੀਓ ਦਾ ਫਰੀਲਾਂਸਰ ਪੱਤਰਕਾਰ ਹੁੰਦਿਆਂ ਇਸ ਪ੍ਰਸਿੱਧ ਰੌਕ ਬੈਂਡ ਦੀ ਇੰਟਰਵਿਊ ਕੀਤੀ ਸੀ। ਇਸ ਪੁਸਤਕ ਵਿਚ ਬੇਦੀ ਦੇ ਬੁੱਧ ਧਰਮ ਨਾਲ ਸਬੰਧ ਬਾਰੇ ਵੀ ਜਾਣਕਾਰੀ ਮਿਲਦੀ ਹੈ। ਸਾਲ 1966 ਵਿਚ ਉਸ ਦੀ ਮਾਤਾ ਨੇ ਬੁੱਧ ਧਰਮ ਅਪਣਾ ਲਿਆ ਸੀ। ਉਸ ਨੇ ਦੱਸਿਆ ਕਿ ਜਦੋਂ ਉਹ ਇਕ ਵਾਰ ਧਰਮਸ਼ਾਲਾ ਵਿਚ ਦਲਾਈਲਾਮਾ ਨੂੰ ਮਿਲਿਆ ਸੀ ਤਾਂ ਉਦੋਂ ਉਸ ਨੇ ਉਸ ਦਾ ਆਭਾ ਮੰਡਲ ਦੇਖਿਆ ਸੀ ਅਤੇ ਪ੍ਰਭਾਵਿਤ ਹੋ ਗਿਆ ਸੀ।
ਕਬੀਰ ਬੇਦੀ ਦਾ ਜਨਮ 16 ਜਨਵਰੀ 1946 ਨੂੰ ਹੋਇਆ ਸੀ। ਉਸ ਦਾ ਫਿਲਮੀ ਸੰਸਾਰ ਦੇ ਤਿੰਨ ਮਹਾਂਦੀਪਾਂ ਤੱਕ ਫੈਲਿਆ ਹੋਇਆ ਹੈ। ਉਸ ਦੀ ਸਭ ਤੋਂ ਵੱਧ ਚਰਚਾ ਉਸ ਵੱਲੋਂ ਫਿਲਮ ‘ਤਾਜ ਮਹੱਲ: ਐਨ ਇਟਰਨਲ ਲਵ ਸਟੋਰੀ’ ਵਿਚ ਨਿਭਾਏ ਸ਼ਹਿਨਸ਼ਾਹ ਸ਼ਾਹ ਜਹਾਂ ਦੇ ਕਿਰਦਾਰ ਕਰਕੇ ਹੋਈ।
ਕਬੀਰ ਬੇਦੀ ਦਾ ਜਨਮ ਖੱਤਰੀ ਸਿੱਖ ਪਰਿਵਾਰ ਵਿਚ ਹੋਇਆ ਜਿਹੜਾ ਅੰਗਰੇਜ਼ਾਂ ਖਿਲਾਫ ਆਜ਼ਾਦੀ ਦੀ ਜੱਦੋ-ਜਹਿਦ ਨਾਲ ਜੁੜਿਆ ਹੋਇਆ ਸੀ। ਉਸ ਦਾ ਪਿਤਾ ਪਿਆਰੇ ਲਾਲ ਸਿੰਘ ਬੇਦੀ ਲੇਖਕ ਸੀ ਅਤੇ ਮਾਂ ਫਰੈਡਾ ਬੇਦੀ ਅੰਗਰੇਜ਼ ਸੀ। ਉਹ ਡਰਬੀ (ਇੰਗਲੈਂਡ) ਦੀ ਰਹਿਣ ਵਾਲੀ ਸੀ। ਕਬੀਰ ਦੀ ਪੜ੍ਹਾਈ-ਲਿਖਾਈ ਨੈਨੀਤਾਲ (ਉਤਰਾਖੰਡ) ਦੇ ਸ਼ੇਰਵੁੱਡ ਕਾਲਜ ਅਤੇ ਫਿਰ ਦਿੱਲੀ ਦੇ ਸੇਂਟ ਸਟੀਫਨ’ਜ਼ ਕਾਲਜ ਵਿਚ ਹੋਈ।
ਉਸ ਨੇ ਆਪਣੇ ਕਰੀਅਰ ਦਾ ਆਰੰਭ ਥੀਏਟਰ ਤੋਂ ਕੀਤਾ ਅਤੇ ਫਿਰ ਫਿਲਮਾਂ ਵੱਲ ਚਲੇ ਗਿਆ। 1971 ਵਿਚ ਉਸ ਦੀਆਂ ਦੋ ਫਿਲਮਾਂ- ਹਲਚਲ ਅਤੇ ਸੀਮਾ, ਆਈਆਂ ਸਨ। ਫਿਰ ਅਗਲੇ ਸਾਲ ਉਸ ਦੀਆਂ ਤਿੰਨ ਫਿਲਮਾਂ- ‘ਰਾਖੀ ਔਰ ਹੱਥਕੜੀ’, ‘ਸਜ਼ਾ’ ਤੇ ‘ਅਨੋਖਾ ਬੰਧਨ’ ਰਿਲੀਜ਼ ਹੋਈਆਂ। ਇਸ ਤੋਂ ਬਾਅਦ ਸਿਰਫ 1980 ਵਾਲੇ ਸਾਲ ਨੂੰ ਛੱਡ ਕੇ 1983 ਤੱਕ ਹਰ ਸਾਲ ਉਸ ਦੀਆਂ ਫਿਲਮਾਂ ਰਿਲੀਜ਼ ਹੋਈਆਂ। ਇਹ ਉਸ ਦਾ ਗੋਲਡਨ ਪੀਰੀਅਡ ਸੀ। ਫਿਰ ਪੰਜ ਸਾਲਾਂ ਦੇ ਵਕਫੇ ਤੋਂ ਬਾਅਦ 1988 ਵਿਚ ਉਸ ਦੀਆਂ ਤਿੰਨ ਫਿਲਮ ਫਿਲਮਾਂ- ‘ਖੂਨ ਭਰੀ ਮਾਂਗ’, ‘ਮੇਰਾ ਸਿ਼ਕਾਰ’ ਤੇ ‘ਦਿ ਬੀਸਟ’ ਰਿਲੀਜ਼ ਹੋਈਆਂ। 2018 ਵਿਚ ਉਸ ਦੀ ਫਿਲਮ ‘ਸਾਹਿਬ ਬੀਵੀ ਔਰ ਗੈਂਗਸਟਰ 3’ ਆਈ ਸੀ ਜਿਸ ਵਿਚ ਉਸ ਨੇ ਮਹਾਰਾਜਾ ਹਰੀ ਸਿੰਘ ਦਾ ਕਿਰਦਾਰ ਨਿਭਾਇਆ। ਹੁਣ ਉਸ ਦੀ ਤੈਲਗੂ ਫਿਲਮ ‘ਸ਼ਕੁੰਤਲਮ’ ਬਣ ਰਹੀ ਹੈ।
ਕਬੀਰ ਬੇਦੀ ਨੇ ਫਿਲਮਾਂ ਤੋਂ ਇਲਾਵਾ ਟੈਲੀਵਿਜ਼ਨ ਅਤੇ ਰੇਡੀਓ ਲਈ ਵੀ ਕੰਮ ਕੀਤਾ। ਉਸ ਨੇ ਤਾਂ ਲੇਖਕ ਵਜੋਂ ਵੀ ਆਪਣੀ ਪਛਾਣ ਬਣਾਈ। ਉਹ ਰੋਜ਼ਾਨਾ ਅਖਬਾਰ ‘ਦਿ ਟਾਈਮਜ਼ ਆਫ ਇੰਡੀਆ’ ਅਤੇ ਹਫਤਾਵਾਰੀ ਪਰਚੇ ‘ਤਹਿਲਕਾ’ ਲਈ ਲਿਖਦਾ ਰਿਹਾ ਹੈ। ਟੈਲੀਵਿਜ਼ਨ ਉਤੇ ਚੱਲੀਆਂ ਕਈ ਬਹਿਸਾਂ ਵਿਚ ਵੀ ਉਸ ਨੇ ਸਿ਼ਰਕਤ ਕੀਤੀ।
ਆਪਣੀ ਉਮਦਾ ਅਦਾਕਾਰੀ ਸਦਕਾ ਕਬੀਰ ਬੇਦੀ ਨੂੰ ਦਾ ਮਾਣ-ਸਨਮਾਨ ਵੀ ਬਥੇਰਾ ਮਿਲਿਆ। ਇਨ੍ਹਾਂ ਇਨਾਮਾਂ ਸਨਮਾਨਾਂ ਦਾ ਘੇਰਾ ਭਾਰਤ ਤੋਂ ਇਲਾਵਾ ਯੁਰਪ ਤੱਕ ਫੈਲਿਆ ਹੋਇਆ ਹੈ। 2010 ਵਿਚ ਇਟਲੀ ਦੇ ਰਾਸ਼ਟਰਪਤੀ ਨੇ ਉਸ ਦਾ ਮਾਣ-ਤਾਣ ਕੀਤਾ। ਉਸ ਨੂੰ ਇਟਲੀ ਦਾ ਸਭ ਤੋਂ ਵੱਡਾ ਸਿਵਲੀਅਨ ਖਿਤਾਬ ‘ਕਵੈਲੀਅਰ’ ਦਿੱਤਾ ਗਿਆ। ਕਬੀਰ ਬੇਦੀ ਨੇ ਚਾਰ ਵਿਆਹ ਕਰਵਾਏ ਅਤੇ ਇਨ੍ਹਾਂ ਵਿਚੋਂ ਉਸ ਦੇ ਤਿੰਨ ਬੱਚੇ ਹੋਏ- ਪੂਜਾ, ਸਿਧਾਰਥ (ਇਸ ਦੀ ਮੌਤ ਹੋ ਚੁੱਕੀ ਹੈ) ਅਤੇ ਆਦਮ। ਪੂਜਾ ਬੇਦੀ ਅਦਾਕਾਰਾ ਰਹਿ ਚੁੱਕੀ ਹੈ ਅਤੇ ਅੱਜਕੱਲ੍ਹ ਪੱਤਰਕਾਰੀ ਕਰ ਰਹੀ ਹੈ। ਆਦਮ ਬੇਦੀ ਕੌਮਾਂਤਰੀ ਪੱਧਰ ਦਾ ਮਾਡਲ ਹੈ। -ਜਗਜੀਤ ਸਿੰਘ ਸੇਖੋਂ