ਲੋਕ ਪ੍ਰਵਚਨ ਦੀ ਸਿਰਜਣਾ ਕਰਦੇ ਦੋਹੇ

ਨਿਰੰਜਣ ਬੋਹਾ
ਪੁਸਤਕ: ਰਾਜ ਕਰੇਂਦੇ ਰਾਜਿਆ
ਲੇਖਕ: ਅਮਰ ਸੂਫੀ
ਪੰਨੇ: 128 ਮੁੱਲ-150 ਰੁਪਏ
ਸਪਤਰਿਸ਼ੀ ਪਬਲਿਕੇਸ਼ਨ, ਚੰਡੀਗੜ੍ਹ
ਦੋਹਾ ਪੰਜਾਬੀ ਸਾਹਿਤ ਦੀ ਪੁਰਾਤਨ ਕਾਵਿ ਵਿਧਾ ਹੈ। ਪਰੰਪਰਾਗਤ ਰੂਪ ਵਿਚ ਇਸ ਵਿਧਾ ਦਾ ਸਬੰਧ ਧਾਰਮਿਕ ਜਾਂ ਭਗਤੀ ਸਾਹਿਤ ਤੇ ਸੰਗੀਤ ਨਾਲ ਰਿਹਾ ਹੈ, ਪਰ ਬਦਲਦੇ ਸਮੇਂ ਦੇ ਸੰਦਰਭ ਵਿਚ ਜੀਵਨ ਦੇ ਨਵੇਂ ਭਾਵ ਬੋਧ ਵੀ ਇਸ ਦੀ ਅਭਿਵਿਅਕਤੀ ਦਾ ਮਾਧਿਅਮ ਬਣਨ ਲੱਗ ਪਏ ਹਨ। ਪੰਜਾਬੀ ਗਜ਼ਲ, ਵਾਰਤਕ ਤੇ ਬਾਲ ਕਾਵਿ ਦੇ ਖੇਤਰ ਵਿਚ ਉਘੜਵੀਂ ਪਛਾਣ ਰੱਖਣ ਵਾਲੇ ਲੇਖਕ ਅਮਰ ਸੂਫੀ ਨੇ ਇਸ ਪੁਰਾਤਨ ਕਾਵਿ ਵਿਧਾ ਨੂੰ ਨਵੇਂ ਵਿਚਾਰਧਾਰਕ ਨਜ਼ਰੀਏ ਅਨੁਸਾਰ ਪੇਸ਼ ਕਰਨ ਦੇ ਮਾਮਲੇ ਵਿਚ ਵਿਸ਼ੇਸ਼ ਸਫਲਤਾ ਹਾਸਿਲ ਕੀਤੀ ਹੈ।

ਪੁਸਤਕ ‘ਰਾਜ ਕਰੇਂਦੇ ਰਾਜਿਆ’ ਤੋਂ ਪਹਿਲਾਂ ਉਹ ਇੱਕ ਵਾਰਤਕ ਪੁਸਤਕ ‘ਨਿੱਕੀ ਜਿਹੀ ਗੱਲ’ ਤੇ ਇੱਕ ਬਾਲ ਕਾਵਿ ਸੰਗ੍ਰਹਿ ‘ਬੀਬੇ ਰਾਣੇ’ ਪੰਜਾਬੀ ਸਾਹਿਤ ਦੀ ਝੋਲੀ ਪਾ ਚੁਕਾ ਹੈ। ਇਸ ਦੋਹਾ ਪੁਸਤਕ ਵਿਚ ਲੇਖਕ ਨੇ ਛੇ ਸੌ ਅਠੱਤਰ ਆਧੁਨਿਕ ਦੋਹੇ ਸ਼ਾਮਿਲ ਕੀਤੇ ਹਨ। ਇਹ ਦੋਹੇ ਸਮਾਜਿਕ ਤੇ ਰਾਜਨੀਤਕ ਯਥਾਰਥ ਦੀਆਂ ਸਮਕਾਲੀ ਸਥਿਤੀਆਂ ਨਾਲ ਵਾਬਸਤਾ ਹੁੰਦਿਆਂ ਇਸ ਦੀ ਅੰਦਰੂਨੀ ਵਾਸਤਵਿਕਤਾ ਨੂੰ ਉਘੇੜਨ ਦਾ ਕਾਰਜ ਵੀ ਬਾਖੂਬੀ ਨਿਭਾਉਂਦੇ ਹਨ।
ਇਸ ਪੁਸਤਕ ਵਿਚਲੇ ਦੋਹੇ ਰਾਜ ਸੱਤਾ ਤੇ ਸਥਾਪਤੀ ਵਲੋਂ ਸਿਰਜੇ ਸੱਤਾ ਪ੍ਰਵਚਨ ਦੇ ਸਮਾਨਅੰਤਰ ਇੱਕ ਇਹੋ ਜਿਹਾ ਲੋਕ ਪ੍ਰਵਚਨ ਸਿਰਜਦੇ ਹਨ, ਜੋ ਸੱਤਾ ਦੇ ਪ੍ਰਵਚਨ ਦੀ ਕਾਟ ਵੀ ਕਰਦਾ ਹੈ ਤੇ ਸੱਤਾਧਾਰੀ ਲੋਕਾਂ ਨੂੰ ਲੋਕ ਸੱਥ ਵਿਚ ਜੁਆਬਦੇਹ ਵੀ ਬਣਾਉਂਦਾ ਹੈ। ਜਦੋਂ ਦੇਸ਼ ਦੀ ਰਾਜ ਸੱਤਾ ਦਾ ਪ੍ਰਵਚਨ ਲੋਕਾਂ ਦੀ ਥਾਂ ਉਨ੍ਹਾਂ ਦੇ ਹੱਕਾਂ ਤੇ ਹਿੱਤਾਂ ਦਾ ਘਾਣ ਕਾਰਨ ਵਾਲੀਆਂ ਜੋਕਾਂ ਦੇ ਹੱਕ ਵਿਚ ਭੁਗਤਦਾ ਹੈ ਤਾਂ ਸ਼ਾਇਰ ਸੂਫੀ ਵਲੋਂ ਸਿਰਜਿਆ ਲੋਕ ਪ੍ਰਵਚਨ ਉਸ ਦੇ ਰਾਹ ਦੀ ਰੁਕਾਵਟ ਬਣਦਾ ਹੈ। ਜਦੋਂ ਸੱਤਾ ਪੱਖ ਧਰਤੀ ਨੂੰ ਮਾਂ ਤੇ ਪਾਣੀ ਨੂੰ ਪਿਤਾ ਸਮਝਣ ਵਾਲੇ ਲੋਕਾਂ ਕੋਲੋਂ ਇਹ ਕੁਦਰਤੀ ਸਰੋਤ ਖੋਹ ਕੇ ਕਾਰਪੋਰੇਟ ਜਗਤ ਦੇ ਹਵਾਲੇ ਕਰਨਾ ਚਾਹੁੰਦਾ ਹੈ ਤਾਂ ਇਹ ਲੋਕ ਪ੍ਰਵਚਨ ਉਸ ਨੂੰ ਚਿਤਾਵਨੀ ਦਿੰਦਾ ਹੈ ਕਿ ਇਨ੍ਹਾਂ ਸਰੋਤਾਂ ਨਾਲ ਮਾਨਸਿਕ ਤੌਰ ‘ਤੇ ਜੁੜੇ ਕਿਸਾਨ ਤੇ ਮਜ਼ਦੂਰ ਕਿਸੇ ਵੀ ਕੀਮਤ ‘ਤੇ ਉਸ ਦੇ ਇਰਾਦੇ ਦੀ ਪੂਰਤੀ ਨਹੀਂ ਹੋਣ ਦੇਣਗੇ। ਸੰਗ੍ਰਹਿ ਦਾ ਪ੍ਰਵੇਸ਼ ਦੁਆਰ ਬਣਿਆ ਪਹਿਲਾ ਹੀ ਦੋਹਾ ਕੁਦਰਤੀ ਸਰੋਤਾਂ ਤੇ ਕਿਸਾਨਾਂ-ਮਜਦੂਰਾਂ ਦੇ ਹੱਕਾਂ ਦੀ ਪੈਰਵਾਈ ਕਰਦਿਆਂ ਸੱਤਾ ਪੱਖ ਨੂੰ ਚਿਤਾਵਨੀ ਦਿੰਦਾ ਹੈ ਕਿ ਉਹ ਲੋਕ ਹੱਕਾਂ ਨੂੰ ਭੀਖ ਸਮਝਣ ਦਾ ਭੁਲੇਖਾ ਨਾ ਖਾਵੇ,
ਰਾਜ ਕਰੇਂਦੇ ਰਾਜਿਆ, ਕਰਦੇ ਗੱਲ ਨਿਸ਼ੰਗ।
ਹੱਕ ਅਸੀਂ ਹਾਂ ਮੰਗਦੇ, ਭੀਖ ਰਹੇ ਨਾ ਮੰਗ।
ਇਸ ਪੁਸਤਕ ਵਿਚਲੇ ਹਰ ਦੋਹੇ ਦੀ ਸ਼ੁਰੂਆਤ ‘ਰਾਜ ਕਰੇਂਦੇ ਰਾਜਿਆ’ ਦੀ ਸੰਬੋਧਨੀ ਸੁਰ ਨਾਲ ਹੁੰਦੀ ਹੈ। ਇਹ ਸੁਰ ਸਹਿਜ ਸੰਵਾਦੀ ਨਹੀਂ, ਸਗੋਂ ਤਲਖੀ ਭਰਪੂਰ ਹੈ। ਜਦੋਂ ਰਾਜ ਕਰਦਾ ਰਾਜਾ ਜਨਤਾ ਦੁਆਰਾ ਵੋਟ ਪ੍ਰਣਾਲੀ ਰਾਹੀਂ ਚੁਣਿਆ ਹੋ ਕੇ ਵੀ ਲੋਕਾਂ ਦੀ ਥਾਂ ਉਨ੍ਹਾਂ ਨੂੰ ਲੁੱਟਣ ਵਾਲੇ ਲੁਟੇਰਿਆਂ ਦਾ ਪੱਖ ਪੂਰਨ ਲੱਗ ਪਵੇ ਤਾਂ ਲੋਕਾਂ ਦੀ ਧਿਰ ਬਣਨ ਵਾਲੇ ਕਿਸੇ ਲੇਖਕ ਦੇ ਉਸ ਨਾਲ ਸਬੰਧ ਸਹਿਜ ਰਹਿ ਹੀ ਨਹੀਂ ਸਕਦੇ। ਰਾਜਾ ਲੋਕਤੰਤਰ ਦਾ ਪਰਪੰਚ ਰਚ ਕੇ ਲੋਕ ਹਿਤੂ ਹੋਣ ਦਾ ਭਰਮ ਸਿਰਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਸੂਫੀ ਦੇ ਦੋਹੇ ਰੂਪ ਅਜੋਕੇ ਲੋਕਤੰਤਰ ਦੇ ਅਲੋਕਤੰਤਰੀ ਵਿਹਾਰ ਦੇ ਬਖੀਏ ਉਧੇੜ ਕੇ ਉਸ ਨੂੰ ਲੋਕ ਕਚਹਿਰੀ ਵਿਚ ਜੁਆਬਦੇਹ ਬਣਾਉਣ ਦਾ ਰਾਹ ਚੁਣਦੇ ਹਨ। ਇਹ ਦੋਹੇ ਸੂਬੇ ਤੋਂ ਲੈ ਕੇ ਕੇਂਦਰੀ ਸੱਤਾ ਤੱਕ ਦੇ ਰਾਜਿਆਂ ਵਲੋਂ ਲੋਕਤੰਤਰੀ ਭਾਵਨਾਵਾਂ ਨਾਲ ਕੀਤੇ ਖਿਲਵਾੜ ਦਾ ਕੱਚਾ ਚਿੱਠਾ ਪੇਸ਼ ਕਰਦੇ ਹਨ ਤਾਂ ਪਾਠਕੀ ਮਨਾਂ ਵਿਚ ਅਜੋਕੀ ਰਾਜਸੱਤਾ ਪ੍ਰਤੀ ਮੋਹ ਭੰਗਤਾ ਦੇ ਭਾਵ ਪੈਦਾ ਹੋਣ ਲੱਗਦੇ ਹਨ,
ਰਾਜ ਕਰੇਂਦੇ ਰਾਜਿਆ, ਸੱਚ ਵਿਖਾਵੇ ਰੰਗ।
ਅਣਖ ਜ਼ਮੀਰਾ ਵਾਲੜੇ, ਛੱਡੀ ਜਾਂਦੇ ਸੰਗ।
ਅਜੋਕੀ ਵੋਟ ਪ੍ਰਣਾਲੀ ਰਾਹੀਂ ਰਾਜ ਸੱਤਾ `ਤੇ ਕਬਜ਼ਾ ਕਰ ਚੁਕੇ ਜਾਂ ਪ੍ਰਾਪਤ ਕਰਨ ਦੀ ਇੱਛਾ ਰੱਖਣ ਵਾਲੇ ਹਰ ਸਿਆਸੀ ਰੰਗ ਦੇ ਰਾਜੇ ਨੂੰ ਲੇਖਕ ਇਕੋ ਜਿਹੀ ਕੈਰੀ ਨਜ਼ਰ ਨਾਲ ਵੇਖਦਾ ਹੈ। ਕਿਹੜਾ ਰਾਜਾ ਕਿਸ ਸਿਆਸੀ ਧਿਰ ਨਾਲ ਜੁੜਿਆ ਹੈ, ਦੋਹਾਕਾਰ ਨੂੰ ਇਸ ਗੱਲ ਨਾਲ ਕੋਈ ਸਰੋਕਾਰ ਨਹੀਂ, ਸਗੋਂ ਉਹ ਹਰ ਰਾਜੇ ਦੀ ਕਾਰਗੁਜਾਰੀ ਦਾ ਲੇਖਾ-ਜੋਖਾ ਉਸ ਦੇ ਲੋਕ ਪੱਖੀ ਜਾਂ ਲੋਕ ਵਿਰੋਧੀ ਕਿਰਦਾਰ ਅਨੁਸਾਰ ਕਰਦਾ ਹੈ। ਇਸ ਲਈ ਕਾਂਗਰਸੀ, ਭਾਜਪਾਈ ਤੇ ਅਕਾਲੀ-ਸਾਰੇ ਤਰ੍ਹਾਂ ਦੇ ਰਾਜੇ ਬਿਨਾ ਕਿਸੇ ਭੇਦ ਭਾਵ ਤੋਂ ਉਸ ਦੀਆਂ ਅੱਖਾਂ ਦੀ ਰੜਕਣ ਹਨ। ਇਸ ਦੋਹਾ ਲੜੀ ਦਾ ਆਖਰੀ ਦੋਹਾ ਵੱਖ ਵੱਖ ਸਿਆਸੀ ਧਿਰਾਂ ਨਾਲ ਸਬੰਧਤ ਰਾਜਿਆਂ ਨੂੰ ਚਿਤਾਵਨੀ ਭਰੀ ਸਮਝੌਤੀ ਦਿੰਦਾ ਹੈ ਕਿ ਜੇ ਲੋਕ ਉਨ੍ਹਾਂ ਦੀ ਸਰਮਾਏਦਾਰ ਪੱਖੀ ਨੀਤੀਆਂ ਤੋਂ ਆਕੀ ਹੋ ਕੇ ਚੇਤੰਨ ਤੇ ਸੰਗਠਿਤ ਸੰਘਰਸ਼ ਉਸਾਰਨ ਦੇ ਰਾਹ ਪੈ ਗਏ ਤਾਂ ਉਨ੍ਹਾਂ ਅਤੇ ਉਨ੍ਹਾਂ ਦੇ ਭਾਈਵਾਲ ਕਾਰਪੋਰੇਟ ਜਗਤ ਦਾ ਖਾਤਮਾ ਯਕੀਨੀ ਹੋਵੇਗਾ,
ਰਾਜ ਕਰੇਂਦੇ ਰਾਜਿਆ, ਵੱਡੀ ਤਾਕਤ ਲੋਕ।
ਸੂਫੀ ਪਾਉਂਦੇ ਭਾਜੜਾਂ, ਤੋੜ ਵਗ੍ਹਾਉਂਦੇ ਜੋਕ।
ਇਹ ਦੋਹੇ ਇਸ ਪੁਰਾਤਨ ਵਿਧਾ ਦੇ ਕਾਵਿ ਸ਼ਾਸ਼ਤਰੀ ਨਿਯਮਾਂ ਤੇ ਪਾਬੰਦੀਆਂ ਦੀ ਪਾਲਣਾ ਏਨੀ ਕਰੜਾਈ ਨਾਲ ਕਰਦੇ ਹਨ ਕਿ ਮਰਹੂਮ ਲੋਕ ਸ਼ਾਇਰ ਮਹਿੰਦਰ ਸਾਥੀ ਉਸ ਦੀ ਕਲਾ ਪੁਖਤਗੀ `ਤੇ ਮਾਣ ਕਰਦਾ ਹੈ ਤੇ ਸ਼ਾਇਰ ਸੁਲੱਖਣ ਸਰਹੱਦੀ ਉਸ ਨੂੰ ਪਿੰਗਲ ਤੇ ਅਰੂਜ ਦਾ ਗਿਆਤਾ ਪ੍ਰਬੁੱਧ ਸ਼ਾਇਰ ਮੰਨਦਾ ਹੈ। ਦੋ ਸਤਰਾਂ ਦੇ ਤੁਕਾਂਤ ਦੇ ਮੇਲ ਰਾਹੀਂ ਲੇਖਕ ਭਾਰਤੀ ਰਾਜਨੀਤੀ ਦੀਆਂ ਬਹੁਤ ਸਾਰੀਆਂ ਡੂੰਘੀਆਂ ਰਮਜ਼ਾਂ ਨੂੰ ਪੇਸ਼ ਕਰਨ ਵਿਚ ਸਫਲ ਰਿਹਾ ਹੈ। ਗੰਭੀਰ ਤੇ ਸੰਜੀਦਾ ਵਿਅੰਗ ਉਸ ਦੇ ਦੋਹਾ ਸੰਸਾਰ ਦੇ ਵਿਚਾਰ ਪ੍ਰਬੰਧ ਨੂੰ ਤਿੱਖਾ ਤੇ ਪ੍ਰਭਾਵੀ ਬਣਾਉਣ ਵਿਚ ਸਹਾਈ ਬਣਦਾ ਹੈ। ਨਾਮਵਰ ਸ਼ਾਇਰ ਦੀ ਇਸ ਦੋਹਾ ਮਟਕੀ ਦਾ ਮਨੋਂ ਸਵਾਗਤ ਹੈ।