ਤਾਲਿਬਾਨ ਲਈ ਸੌਖਾ ਨਹੀਂ ਹੋਵੇਗਾ ਅਗਲਾ ਰਾਹ

ਕਾਬੁਲ: ਤਾਲਿਬਾਨ ਨੇ ਅਮਰੀਕਾ ਨੂੰ ਹਰਾਉਣ ਦਾ ਐਲਾਨ ਕਰਦਿਆਂ ਅਫਗਾਨਿਸਤਾਨ ਦਾ ਆਜ਼ਾਦੀ ਦਿਹਾੜਾ ਮਨਾਇਆ ਪਰ ਹੁਣ ਉਨ੍ਹਾਂ ਸਾਹਮਣੇ ਦੇਸ਼ ਦੀ ਸਰਕਾਰ ਚਲਾਉਣ ਤੋਂ ਲੈ ਕੇ ਹਥਿਆਰਬੰਦ ਵਿਰੋਧ ਦਾ ਸਾਹਮਣਾ ਹੋਣ ਦੀਆਂ ਸੰਭਾਵਨਾਵਾਂ ਵਰਗੀਆਂ ਕਈ ਚੁਣੌਤੀਆਂ ਵੀ ਖੜ੍ਹੀਆਂ ਹੋ ਰਹੀਆਂ ਹਨ। ਅਫਗਾਨਿਸਤਾਨ `ਚ ਏ.ਟੀ.ਐਮਜ. ਵਿਚੋਂ ਨਕਦੀ ਖਤਮ ਹੋ ਗਈ ਹੈ। ਤਾਲਿਬਾਨ ਨੇ ਹਾਲੇ ਤੱਕ ਸਰਕਾਰ ਚਲਾਉਣ ਸਬੰਧੀ ਕੋਈ ਯੋਜਨਾ ਪੇਸ਼ ਨਹੀਂ ਕੀਤੀ ਹੈ। ਅਫਗਾਨਿਸਤਾਨ ਦਾ ਆਜ਼ਾਦੀ ਦਿਹਾੜਾ ਮਨਾਇਆ ਗਿਆ। ਇਹ ਦਿਨ 1919 ਦੀ ਸੰਧੀ ਦੀ ਯਾਦ `ਚ ਮਨਾਇਆ ਜਾਂਦਾ ਹੈ, ਜਿਸ ਨਾਲ ਇਸ ਮੱਧ ਏਸ਼ਿਆਈ ਦੇਸ਼ `ਚ ਬਰਤਾਨਵੀ ਸ਼ਾਸਨ ਦਾ ਅੰਤ ਹੋਇਆ ਸੀ।

ਅਫਗਾਨਿਸਤਾਨ `ਚ ਵਿਸ਼ਵ ਖੁਰਾਕ ਪ੍ਰੋਗਰਾਮ ਦੀ ਮੁਖੀ ਮੈਰੀ ਐਲਨ ਮੈਕਗ੍ਰੋਆਰਟੀ ਨੇ ਖਦਸ਼ਾ ਜਤਾਇਆ ਹੈ ਕਿ ਦੇਸ਼ `ਚ ਖੁਰਾਕੀ ਵਸਤਾਂ ਦੀ ਭਾਰੀ ਕਮੀ ਹੋ ਸਕਦੀ ਹੈ। ਉਸ ਨੇ ਚਿਤਾਵਨੀ ਦਿੱਤੀ ਕਿ ਅਫਗਾਨਿਸਤਾਨ `ਚ ਮਾਨਵੀ ਸੰਕਟ ਖੜ੍ਹਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਖੁਰਾਕੀ ਵਸਤਾਂ ਦੀ ਦਰਾਮਦ ਮੁਸ਼ਕਲ ਹੋ ਗਈ ਹੈ ਅਤੇ ਸੋਕੇ ਕਾਰਨ 40 ਫੀਸਦੀ ਫਸਲ ਖਰਾਬ ਹੋ ਗਈ ਹੈ। ਉਨ੍ਹਾਂ ਕੌਮਾਂਤਰੀ ਭਾਈਚਾਰੇ ਨੂੰ ਬੇਨਤੀ ਕੀਤੀ ਹੈ ਕਿ ਸੰਕਟ ਦੀ ਇਸ ਘੜੀ `ਚ ਉਹ ਅਫਗਾਨਿਸਤਾਨ ਦੇ ਲੋਕਾਂ ਦਾ ਸਾਥ ਦੇਣ।
ਪਿਛਲੇ 20 ਸਾਲ ਤੋਂ ਅਮਰੀਕੀ ਅਤੇ ਨਾਟੋ ਫੌਜਾਂ ਦੀ ਦੇਖ-ਰੇਖ ਹੇਠ ਅਫਗਾਨਿਸਤਾਨ ਵਿਚ ਬਣਾਏ ਗਏ ਨਵੇਂ ਸੰਵਿਧਾਨ ਦੇ ਆਧਾਰ `ਤੇ ਜੋ ਸਰਕਾਰਾਂ ਬਣਦੀਆਂ ਰਹੀਆਂ, ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ `ਤੇ ਮਾਨਤਾ ਦਿੱਤੀ ਗਈ ਸੀ। ਇਨ੍ਹਾਂ ਦੋ ਦਹਾਕਿਆਂ ਵਿਚ ਉਥੋਂ ਦੇ ਜਨਜੀਵਨ ਵਿਚ ਵੱਡੀਆਂ ਤਬਦੀਲੀਆਂ ਆਈਆਂ ਸਨ। ਉਥੇ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਜਾਣ ਲੱਗੀ ਸੀ। ਔਰਤਾਂ ਨੂੰ ਹਰ ਖੇਤਰ ਵਿਚ ਵਿਚਰਨ ਦੀ ਆਜ਼ਾਦੀ ਮਿਲੀ ਸੀ। ਅੰਤਰਰਾਸ਼ਟਰੀ ਵਪਾਰ ਸ਼ੁਰੂ ਹੋਣ ਨਾਲ ਇਹ ਦੇਸ਼ ਮੁੜ ਆਪਣੇ ਪੈਰਾਂ `ਤੇ ਖੜ੍ਹਾ ਹੋਣ ਲੱਗਾ ਸੀ। ਚਾਹੇ ਹਾਲੇ ਬਹੁਤ ਕੁਝ ਕੀਤਾ ਜਾਣਾ ਬਾਕੀ ਸੀ ਪਰ 20 ਵਰ੍ਹਿਆਂ ਦੇ ਇਸ ਸਮੇਂ ਦੌਰਾਨ ਇਥੇ ਬਹੁਤ ਕੁਝ ਬਦਲ ਗਿਆ ਸੀ। ਦੁਨੀਆਂ ਭਰ ਦੇ ਦੇਸ਼ ਇਸ ਦੀ ਮਦਦ ਲਈ ਉਤਾਵਲੇ ਸਨ।
ਭਾਰਤ ਨੇ ਆਪਣੇ ਤੌਰ `ਤੇ ਇਸ ਦੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਇਥੇ ਸੜਕਾਂ, ਪੁਲ, ਸਕੂਲ, ਹਸਪਤਾਲ ਅਤੇ ਡੈਮ ਬਣਾਏ ਸਨ। ਇਥੋਂ ਤੱਕ ਕਿ ਕਾਬੁਲ ਵਿਚ ਨਵਾਂ ਸੰਸਦ ਭਵਨ ਵੀ ਭਾਰਤ ਦੀ ਮਦਦ ਨਾਲ ਹੀ ਤਿਆਰ ਹੋ ਸਕਿਆ ਸੀ। ਲੜਕੀਆਂ ਨੂੰ ਸਕੂਲ ਭੇਜਣ ਦੀ ਖੁੱਲ੍ਹ ਦਿੱਤੀ ਗਈ ਸੀ। ਉਨ੍ਹਾਂ ਦੀ ਹੋਰ ਵਰਗਾਂ ਦੇ ਨਾਲ-ਨਾਲ ਜੀਵਨ ਸ਼ੈਲੀ ਵੀ ਬਦਲਦੀ ਦਿਖਾਈ ਦਿੱਤੀ। ਹੋਰਾਂ ਦੇਸ਼ਾਂ ਵਿਚ ਘਿਰੇ ਅਫਗਾਨਿਸਤਾਨ ਦੀਆਂ ਸਰਹੱਦਾਂ ਤਜਾਕਿਸਤਾਨ, ਚੀਨ, ਉਜ਼ਬੇਕਿਸਤਾਨ, ਈਰਾਨ ਅਤੇ ਪਾਕਿਸਤਾਨ ਨਾਲ ਲੱਗਦੀਆਂ ਹਨ। 4 ਕਰੋੜ ਦੀ ਆਬਾਦੀ ਵਾਲੇ ਇਸ ਪਹਾੜਾਂ ਨਾਲ ਭਰਪੂਰ ਦੇਸ਼ ਵਿਚ ਪਸ਼ਤੂਨ ਲੋਕਾਂ ਦੀ ਗਿਣਤੀ ਵਧੇਰੇ ਹੈ। ਤਾਲਿਬਾਨ ਦੇ ਬਹੁਤੇ ਲੜਾਕੇ ਵੀ ਪਸ਼ਤੂਨ ਹਨ। ਇਸ ਤੋਂ ਇਲਾਵਾ ਤਾਜਿਕ, ਹਜ਼ਾਰਾ, ਉਜ਼ਬੇਕ, ਬਲੋਚ, ਤੁਰਕਮੇਨੀਆ ਅਤੇ ਕਿਰਗੀਸਤਾਨ ਦੇ ਮੂਲ ਦੇ ਲੋਕਾਂ ਤੋਂ ਇਲਾਵਾ ਹੋਰ ਵੀ ਅਨੇਕਾਂ ਜਾਤੀਆਂ ਦੇ ਲੋਕ ਇਥੇ ਰਹਿੰਦੇ ਹਨ। ਅੱਜ ਪੂਰੀ ਦੁਨੀਆ ਇਸ ਲਈ ਹੈਰਾਨ ਹੈ ਕਿ ਹਰ ਪਾਸਿਉਂ ਹਰ ਤਰ੍ਹਾਂ ਦੀ ਮਦਦ ਪ੍ਰਾਪਤ ਇਹ ਦੇਸ਼ ਜਿਸ ਦੇ ਫੌਜੀਆਂ ਨੂੰ ਅਮਰੀਕੀ ਅਤੇ ਨਾਟੋ ਫੌਜਾਂ ਨੇ ਸਿਖਲਾਈ ਦਿੱਤੀ ਹੋਵੇ ਅਤੇ ਵੱਧ ਤੋਂ ਵੱਧ ਆਧੁਨਿਕ ਹਥਿਆਰ ਦਿੱਤੇ ਹੋਣ, ਉਸ ਨੂੰ ਕਿਵੇਂ ਮਹਿਜ਼ ਕੁਝ ਦਿਨਾਂ ਵਿਚ ਹੀ ਤਾਲਿਬਾਨ ਵਲੋਂ ਜਿੱਤ ਲਿਆ ਗਿਆ? ਅੱਜ ਅਫਗਾਨਿਸਤਾਨ ਦਾ ਰਾਸ਼ਟਰਪਤੀ ਅਸ਼ਰਫ ਗਨੀ ਵਿਦੇਸ਼ ਭੱਜ ਚੁੱਕਾ ਹੈ। ਤਾਲਿਬਾਨ ਨੇ ਦੇਸ਼ ਦੇ ਬਹੁਤੇ ਹਿੱਸੇ `ਤੇ ਕਬਜ਼ਾ ਕਰ ਲਿਆ ਹੈ ਪਰ ਇਸੇ ਹੀ ਸਮੇਂ ਉਪ ਰਾਸ਼ਟਰਪਤੀ ਅਮਰੁੱਲਾ ਸਾਲੇਹ ਨੇ ਤਾਲਿਬਾਨਾਂ ਵਿਰੁੱਧ ਬਗਾਵਤ ਦਾ ਝੰਡਾ ਚੁੱਕ ਲਿਆ ਹੈ। ਉਸ ਨੇ ਬੜੇ ਦਲੇਰਾਨਾ ਢੰਗ ਨਾਲ ਇਹ ਬਿਆਨ ਦਿੱਤਾ ਹੈ ਕਿ ਉਹ ਅਤੇ ਉਨ੍ਹਾਂ ਦੇ ਸਾਥੀ ਕਿਸੇ ਵੀ ਕੀਮਤ `ਤੇ ਤਾਲਿਬਾਨ ਅੱਗੇ ਗੋਡੇ ਨਹੀਂ ਟੇਕਣਗੇ। ਆਮ ਲੋਕਾਂ ਵਿਚ ਤਾਲਿਬਾਨ ਵਲੋਂ 20 ਸਾਲ ਪਹਿਲਾਂ 5 ਸਾਲ ਤੱਕ ਚਲਾਏ ਗਏ ਸ਼ਾਸਨ ਦਾ ਖੌਫ ਹੈ।
__________________________
ਤੈਅ ਸਮੇਂ ਉਤੇ ਫੌਜਾਂ ਦੀ ਵਾਪਸੀ ਬਾਰੇ ਤਾਲਿਬਾਨ ਦੀ ਸਖਤ ਚਿਤਾਵਨੀ
ਕਾਬੁਲ: ਤਾਲਿਬਾਨ ਨੇ ਚਿਤਾਵਨੀ ਦਿੱਤੀ ਹੈ ਕਿ ਅਫਗਾਨਿਸਤਾਨ `ਚੋਂ ਵਿਦੇਸ਼ੀ ਫੌਜਾਂ ਦੀ ਵਾਪਸੀ 31 ਅਗਸਤ ਤੱਕ ਮੁਕੰਮਲ ਹੋ ਜਾਵੇ। ਉਨ੍ਹਾਂ ਕਿਹਾ ਹੈ ਕਿ ਮੌਜੂਦਾ ਸਮੇਂ `ਚ ਲੋਕਾਂ ਨੂੰ ਅਫਗਾਨਿਸਤਾਨ `ਚੋਂ ਕੱਢਣ ਦੇ ਮਿਸ਼ਨ ਦੀ ਮਿਆਦ ਵੀ 31 ਅਗਸਤ ਤੋਂ ਬਾਅਦ ਨਹੀਂ ਵਧਾਈ ਜਾਵੇਗੀ। ਯੂਕੇ ਵੱਲੋਂ ਵਿਦੇਸ਼ੀ ਨਾਗਰਿਕਾਂ ਨੂੰ ਕੱਢਣ ਲਈ 31 ਅਗਸਤ ਦੀ ਮਿਆਦ ਨੂੰ ਵਧਾਉਣ ਲਈ ਦਬਾਅ ਪਾਏ ਜਾਣ ਦੀਆਂ ਰਿਪੋਰਟਾਂ ਦਰਮਿਆਨ ਤਾਲਿਬਾਨ ਦੇ ਤਰਜਮਾਨ ਮੁਹੰਮਦ ਸੁਹੇਲ ਸ਼ਾਹੀਨ ਨੇ ਬੀ.ਬੀ.ਸੀ. ਨੂੰ ਇਹ ਜਾਣਕਾਰੀ ਦਿੱਤੀ।
ਸ਼ਾਹੀਨ ਨੇ ਕਿਹਾ,”ਵਿਦੇਸ਼ੀ ਫੌਜਾਂ ਨੂੰ ਪਹਿਲਾਂ ਐਲਾਨੀ ਤਰੀਕ `ਤੇ ਆਪਣੇ ਵਤਨ ਪਰਤ ਜਾਣਾ ਚਾਹੀਦਾ ਹੈ। ਨਹੀਂ ਤਾਂ ਇਹ ਸਿੱਧੇ ਤੌਰ `ਤੇ ਉਲੰਘਣਾ ਹੋਵੇਗੀ।“ ਤਰਜਮਾਨ ਨੇ ਕਿਹਾ ਕਿ ਫੌਜਾਂ ਦੀ ਅਗਵਾਈ ਕਰ ਰਹੇ ਮੁਲਕਾਂ ਨੂੰ ਇਹ ਫੈਸਲਾ ਮੰਨਣਾ ਪਵੇਗਾ। ਉਂਜ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਫੌਜਾਂ ਦੀ ਵਾਪਸੀ ਹੋਣ ਮਗਰੋਂ ਕੀ ਕੌਮਾਂਤਰੀ ਉਡਾਣਾਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ ਕਿਉਂਕਿ ਹਵਾਈ ਅੱਡੇ `ਤੇ ਅਮਰੀਕਾ ਸਮੇਤ ਨਾਟੋ ਮੁਲਕਾਂ ਦੀਆਂ ਫੌਜਾਂ ਡਟੀਆਂ ਹੋਈਆਂ ਹਨ। ਉਧਰ ਤਾਲਿਬਾਨ ਵਿਰੋਧੀ ਤਾਕਤਾਂ ਪੰਜਸ਼ੀਰ ਵੈਲੀ `ਚ ਇਕੱਠੀਆਂ ਹੋ ਗਈਆਂ ਹਨ। ਨੈਸ਼ਨਲ ਰਜਸਿਟੈਂਸ ਫਰੰਟ ਆਫ ਅਫਗਾਨਿਸਤਾਨ ਦੇ ਅਲੀ ਨਜਾਰੀ ਨੇ ਕਿਹਾ ਕਿ ਹਜ਼ਾਰਾਂ ਲੜਾਕੇ ਅਹਿਮਦ ਮਸੂਦ ਦੀ ਅਗਵਾਈ ਹੇਠ ਇਕੱਠੇ ਹੋ ਗਏ ਹਨ।