ਕਿਸਾਨ ਸੰਘਰਸ਼: ਪੰਜਾਬ ਦੇ ਪਿੰਡਾਂ ‘ਚ ਸਿਆਸੀ ਧਿਰਾਂ ਖਿਲਾਫ ਮਤੇ ਪੈਣ ਲੱਗੇ

ਚੰਡੀਗੜ੍ਹ: ਪੰਜਾਬ ਵਿਚ ਖੇਤੀ ਕਾਨੂੰਨਾਂ ਵਿਰੁੱਧ ਉਠੀ ਲਹਿਰ ਕਾਰਨ ਸਿਆਸੀ ਧਿਰਾਂ ਦੇ ਵੱਡੇ-ਵੱਡੇ ਆਗੂਆਂ ਦੇ ਹੋ ਰਹੇ ਵਿਰੋਧ ਨੇ ਸਿਆਸੀ ਧਿਰਾਂ ਦੇ ਨਾਲ-ਨਾਲ ਪੰਜਾਬ ਪੁਲਿਸ ਲਈ ਸਿਰਦਰਦੀ ਖੜ੍ਹੀ ਕਰ ਦਿੱਤੀ ਹੈ। ਹੁਣ ਪੁਲਿਸ ਦੀਆਂ ਵੱਡੀਆਂ ਧਾੜਾਂ ਆਸਰੇ ਵਿਧਾਇਕ ਅਤੇ ਵਜ਼ੀਰ ਪਿੰਡਾਂ ਵਿਚ ਦਾਖਲ ਹੋਣ ਵੇਲੇ ਕਿਸਾਨੀ ਰੋਹ ਦਾ ਸਾਹਮਣਾ ਕਰਨ ਲੱਗੇ ਹਨ। ਭਾਵੇਂ ਕਿ ਸੰਯੁਕਤ ਕਿਸਾਨ ਮੋਰਚੇ ਸਮੇਤ ਹੋਰ ਕਿਸੇ ਕਿਸਾਨ ਜਥੇਬੰਦੀ ਵੱਲੋਂ ਭਾਜਪਾ ਤੋਂ ਇਲਾਵਾ ਕਿਸੇ ਵੀ ਦੂਜੀ ਸਿਆਸੀ ਧਿਰ ਦਾ ਵਿਰੋਧ ਨਹੀਂ ਉਲੀਕਿਆ ਗਿਆ,

ਪਰ ਇਸ ਦੇ ਬਾਵਜੂਦ ਪਿੰਡਾਂ ਵਿਚ ਸਿਆਸੀ ਨੇਤਾਵਾਂ ਦੇ ਦਾਖਲੇ ਵਾਲੇ ਲੱਗੇ ਫਲੈਕਸਾਂ ਨੇ ਰਾਜਨੀਤਕ ਪਾਰਟੀਆਂ ਦੇ ਆਗੂਆਂ ਦੀ ਨੀਂਦ ਉਡਾ ਦਿੱਤੀ। ਪਿੰਡਾਂ ‘ਚੋਂ ਮਿਲੇ ਵੇਰਵਿਆਂ ਮੁਤਾਬਕ ਲੋਕਾਂ ਵਿਚ ਸਿਆਸੀ ਆਗੂਆਂ ਦੀ ਵਾਅਦਾਖਿਲਾਫ਼ੀ ਵਿਰੁੱਧ ਰੋਹ ਖੜ੍ਹਾ ਹੋਣ ਲੱਗਾ ਹੈ।
ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ ਦੀ ਪੰਚਾਇਤ ਤੇ ਸਮੂਹ ਕਿਸਾਨ ਜਥੇਬੰਦੀਆਂ ਨੇ ਇਕ ਮਤੇ ਰਾਹੀਂ ਪਿੰਡ ‘ਚ ਰਾਜਨੀਤਕ ਲੀਡਰਾਂ ਦੇ ਦਾਖਲੇ ‘ਤੇ ਪਾਬੰਦੀ ਸਬੰਧੀ ਮਤਾ ਪਾਇਆ ਹੈ। ਪਿੰਡ ਵਾਸੀਆਂ ਨੇ ਪਹਿਲਾਂ ਪਿੰਡ ਦੇ ਗੁਰਦੁਆਰਾ ਜੰਡਸਰ ਸਾਹਿਬ ‘ਚ ਇਕੱਠ ਕੀਤਾ ਜਿਥੇ ਫੈਸਲਾ ਕੀਤਾ ਕਿ ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਨੂੰ ਪਿੰਡ ਵਿਚ ਵੜਨ ਨਹੀਂ ਦਿੱਤਾ ਜਾਵੇਗਾ।
ਇਸੇ ਤਰ੍ਹਾਂ ਮਹਿਲ ਕਲਾਂ ਦੇ ਪਿੰਡ ਰਾਏਸਰ ਵਿਚ ਕਿਸਾਨ ਜਥੇਬੰਦੀਆਂ ਵੱਲੋਂ ਸਿਆਸੀ ਪਾਰਟੀਆਂ ਦਾ ਪਿੰਡ ‘ਚ ਦਾਖਲਾ ਬੰਦ ਕਰਨ ਸਬੰਧੀ ਬੈਨਰ ਲਾਏ ਗਏ। ਕਿਸਾਨ ਆਗੂਆਂ ਨੇ ਕਿਹਾ ਕਿ ਇਤਿਹਾਸਕ ਪਿੰਡ ਰਾਏਸਰ ਲੋਕ ਕਵੀ ਸੰਤ ਰਾਮ ਉਦਾਸੀ ਦਾ ਪਿੰਡ ਹੈ। ਪਿੰਡ ਵੱਲੋਂ ਸਾਂਝੇ ਤੌਰ ‘ਤੇ ਤੈਅ ਕੀਤਾ ਗਿਆ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਉਦੋਂ ਤੱਕ ਪਿੰਡ ਵਿਚ ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਨੂੰ ਵੜਨ ਨਹੀਂ ਦਿੱਤਾ ਜਾਵੇਗਾ। ਪਿੰਡ ਨਾਈਵਾਲਾ ਵਿਚ ਵੀ ਪਿੰਡ ਵੱਲ ਆਉਣ ਵਾਲੇ ਸਾਰੇ ਰਸਤਿਆਂ ‘ਤੇ ਕਿਸਾਨ ਜਥੇਬੰਦੀਆਂ ਵੱਲੋਂ ਸਿਆਸੀ ਆਗੂਆਂ ਦਾ ਦਾਖਲਾ ਬੰਦ ਕਰਨ ਦੇ ਬੈਨਰ ਲਾਏ ਗਏ ਹਨ।
ਧਨੌਲਾ ਦੇ ਪਿੰਡ ਬਦਰਾ ਦੀ ਪੰਚਾਇਤ ਤੇ ਕਿਸਾਨ ਜਥੇਬੰਦੀਆਂ ਸਣੇ ਧਾਰਮਿਕ ਸਮਾਜਿਕ ਜਥੇਬੰਦੀਆਂ ਨੇ ਸਿਆਸੀ ਆਗੂਆਂ ਦੇ ਪਿੰਡ ਵਿਚ ਵੋਟਾਂ ਮੰਗਣ ਲਈ ਆਉਣ ‘ਤੇ ਪਾਬੰਦੀ ਦਾ ਮਤਾ ਪਾਸ ਕੀਤਾ ਹੈ। ਜਥੇਬੰਦੀਆਂ ਨੇ ਕਿਹਾ ਕਿ ਕੋਈ ਵੀ ਸਿਆਸੀ ਪਾਰਟੀ ਨਾਲ ਸਬੰਧਤ ਆਗੂ ਵੋਟਾਂ ਮੰਗਣ ਲਈ ਆਵੇਗਾ ਤਾਂ ਉਸ ਦਾ ਬਾਈਕਾਟ ਕੀਤਾ ਜਾਵੇਗਾ। ਮਤੇ ਮੁਤਾਬਕ ਜੇਕਰ ਪਿੰਡ ਦਾ ਕੋਈ ਵਿਅਕਤੀ ਸਿਆਸੀ ਆਗੂ ਨੂੰ ਆਪਣੇ ਘਰ ਬੁਲਾਉਂਦਾ ਹੈ ਤਾਂ ਉਸ ਦਾ ਵੀ ਮੁਕੰਮਲ ਬਾਈਕਾਟ ਕੀਤਾ ਜਾਵੇਗਾ।
ਕਾਂਗਰਸ ਦੀ ਹਲਕਾ ਬੁਢਲਾਡਾ ਤੋਂ ਇੰਚਾਰਜ ਬੀਬੀ ਰਣਜੀਤ ਕੌਰ ਭੱਟੀ ਦਾ ਜ਼ਿਲ੍ਹੇ ਦੇ ਪਿੰਡ ਰਿਉਂਦ ਕਲਾਂ ਵਿਚ ਵਿਰੋਧ ਕੀਤਾ ਗਿਆ। ਜਾਣਕਾਰੀ ਮੁਤਾਬਕ ਜਦੋਂ ਬੀਬੀ ਰਣਜੀਤ ਕੌਰ ਭੱਟੀ ਦੇਰ ਸ਼ਾਮ ਦਵਿੰਦਰ ਸਿੰਘ ਦੇ ਘਰ ਗਈ ਤਾਂ ਉਨ੍ਹਾਂ ਦਾ ਦਸਮੇਸ਼ ਸਪੋਰਟਸ ਕੱਲਬ ਦੇ ਨੌਜਵਾਨਾਂ ਤੇ ਕਿਸਾਨਾਂ ਨੇ ਜਬਰ ਦਸਤ ਵਿਰੋਧ ਕੀਤਾ।
ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਗਿੱਦੜਬਾਹਾ ਦੇ ਪਿੰਡ ਕੋਟਲੀ ਦੇ ਸਮੂਹ ਕਿਸਾਨਾਂ ਨੇ ਗੁਰੂਘਰ ਵਿਚ ਸਾਂਝੇ ਤੌਰ ਉਤੇ ਮੀਟਿੰਗ ਬੁਲਾ ਕੇ ਸਮੂਹ ਸਿਆਸੀ ਪਾਰਟੀਆਂ ਦੇ ਬਾਈਕਾਟ ਦਾ ਐਲਾਨ ਕੀਤਾ ਹੈ। ਇਸ ਸਬੰਧੀ ਕਿਸਾਨ ਆਗੂ ਸੁਖਵਿੰਦਰ ਸਿੰਘ ਕੋਟਲੀ ਅਤੇ ਹੋਰਨਾਂ ਨੇ ਦੱਸਿਆ ਕਿ ਗੁਰੂਘਰ ਵਿਚ ਕਿਰਤੀ ਕਿਸਾਨ ਯੂਨੀਅਨ, ਬੀ.ਕੇ.ਯੂ. ਸਿੱਧੂਪੁਰ ਅਤੇ ਬੀ.ਕੇ.ਯੂ. ਏਕਤਾ ਉਗਰਾਹਾਂ ਦੇ ਆਗੂਆਂ ਨੇ ਫੈਸਲਾ ਲਿਆ ਕਿ ਕਿਸੇ ਵੀ ਪਾਰਟੀ ਦਾ ਸਿਆਸੀ ਆਗੂ ਪਿੰਡ ਵਿਚ ਨਹੀਂ ਆਵੇਗਾ। ਉਨ੍ਹਾਂ ਕਿਹਾ ਕਿ ਜੇ ਚਿਤਾਵਨੀ ਦੇ ਬਾਵਜੂਦ ਕੋਈ ਸਿਆਸੀ ਆਗੂ ਆਪਣੀਆਂ ਗਤੀਵਿਧੀਆਂ ਕਰਨ ਲਈ ਪਿੰਡ ਵਿਚ ਆਉਂਦਾ ਹੈ ਤਾਂ ਉਸ ਦਾ ਭਾਰੀ ਵਿਰੋਧ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਲੌਂਗੋਵਾਲ ‘ਚ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਰੱਖੇ ਗਏ ਸਮਾਗਮ ਦੌਰਾਨ ਪੰਜਾਬ ਸਰਕਾਰ ਦੇ ਦੋ ਕੈਬਨਿਟ ਮੰਤਰੀਆਂ ਸਾਧੂ ਸਿੰਘ ਧਰਮਸੋਤ ਅਤੇ ਵਿਜੈਇੰਦਰ ਸਿੰਗਲਾ ਨੂੰ ਸੈਂਕੜੇ ਕਿਸਾਨਾਂ ਦੇ ਜਬਰਦਸਤ ਰੋਹ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੇ ਕਾਫਲੇ ਪਿੱਛੇ ਪਏ ਸੈਂਕੜੇ ਕਿਸਾਨਾਂ ਤੋਂ ਬਚਣ ਲਈ ਗੱਡੀਆਂ ਭਜਾ ਕੇ ਉਥੋਂ ਨਿਕਲਣਾ ਪਿਆ। ਉਧਰ, ਕਿਸਾਨਾਂ ਨੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਅਕਾਲੀ ਦਲ ਦੇ ਸਮਾਗਮ ਵਿਚ ਦਾਖਲ ਹੀ ਨਹੀਂ ਹੋਣ ਦਿੱਤਾ। ਉਹ ਬੜੀ ਮੁਸ਼ਕਲ ਨਾਲ ਕਿਸਾਨਾਂ ਦੇ ਘੇਰੇ ‘ਚੋਂ ਨਿਕਲੇ ਅਤੇ ਬੇਰੰਗ ਵਾਪਸ ਮੁੜਨਾ ਪਿਆ। ਵੱਡੀ ਤਾਦਾਦ ‘ਚ ਇਕੱਠੇ ਹੋਏ ਕਿਸਾਨਾਂ ਵਲੋਂ ਸਿਆਸੀ ਲੀਡਰਾਂ ਦਾ ਕਾਲੇ ਝੰਡਿਆਂ ਨਾਲ ਜਬਰਦਸਤ ਵਿਰੋਧ ਕੀਤੇ ਜਾਣ ਕਾਰਨ ਦੁਪਹਿਰ ਤੱਕ ਲੌਂਗੋਵਾਲ ‘ਚ ਮਾਹੌਲ ਤਣਾਅਪੂਰਨ ਬਣਿਆ ਰਿਹਾ। ਸੁਖਬੀਰ ਸਿੰਘ ਬਾਦਲ ਨੇ ਸੰਤ ਲੌਂਗੋਵਾਲ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਪੁੱਜਣਾ ਸੀ ਪਰ ਕਿਸਾਨਾਂ ਦੇ ਵਿਰੋਧ ਕਾਰਨ ਪੈਦਾ ਹੋਏ ਤਣਾਅ ਭਰੇ ਹਾਲਾਤ ਕਾਰਨ ਉਨ੍ਹਾਂ ਲੌਂਗੋਵਾਲ ਦਾ ਆਪਣਾ ਦੌਰਾ ਰੱਦ ਕਰ ਦਿੱਤਾ।