ਮਿਸ਼ਨ 2022: ਪੰਜਾਬ ਵਿਚ ਭਗਵਾ ਧਿਰ ਦੀਆਂ ਮੁਸ਼ਕਿਲਾਂ ਹੋਰ ਵਧੀਆਂ

ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਨਾਲ ਸਬੰਧਤ ਆਗੂਆਂ ਵੱਲੋਂ ਹੋਰਨਾਂ ਪਾਰਟੀਆਂ ਖਾਸ ਕਰ ਸ਼੍ਰੋਮਣੀ ਅਕਾਲੀ ਦਲ ਵੱਲ ਕੀਤੇ ਜਾ ਰਹੇ ਰੁਖ ਨੇ ਭਗਵਾਂ ਪਾਰਟੀ ਦੀ ਚਿੰਤਾ ਵਧਾ ਦਿੱਤੀ ਹੈ। ਪਾਰਟੀ ਦੇ ਸਾਬਕਾ ਮੰਤਰੀ, ਸਾਬਕਾ ਵਿਧਾਇਕ ਅਤੇ ਸ਼ਹਿਰੀ ਖੇਤਰ ਨਾਲ ਸਬੰਧਤ ਅੱਧੀ ਦਰਜਨ ਤੋਂ ਵੱਧ ਪਾਰਟ ਆਗੂਆਂ ਵੱਲੋਂ ਕੀਤੀ ਗਈ ਦਲ ਬਦਲੀ ਨੂੰ ਭਾਜਪਾ ਦੇ ਆਗੂ ਵੱਡਾ ਝਟਕਾ ਮੰਨ ਰਹੇ ਹਨ। ਸੂਤਰਾਂ ਅਨੁਸਾਰ ਭਾਜਪਾ ਦੇ ਹੋਰ ਕਈ ਹਿੰਦੂ ਆਗੂ ਅਕਾਲੀ ਦਲ ਦੇ ਸੰਪਰਕ ਵਿਚ ਹਨ ਜੋ ਆਉਂਦੇ ਸਮੇਂ ਦੌਰਾਨ ਅਕਾਲੀ ਦਲ ‘ਚ ਸ਼ਾਮਲ ਹੋ ਸਕਦੇ ਹਨ।

ਪੰਜਾਬ ਦੇ ਸਾਬਕਾ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਸੀਨੀਅਰ ਸਿਆਸੀ ਆਗੂ ਅਨਿਲ ਜੋਸ਼ੀ ਤੇ ਭਾਜਪਾ ਦੀ ਸਾਬਕਾ ਵਿਧਾਇਕਾ ਸੁਖਜੀਤ ਕੌਰ ਸ਼ਾਹੀ ਸਮੇਤ ਅੱਧੀ ਦਰਜਨ ਭਾਜਪਾ ਆਗੂ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਅਕਾਲੀ ਆਗੂਆਂ ਨੇ ਦਾਅਵਾ ਕੀਤਾ ਕਿ ਭਾਜਪਾ ਨਾਲ ਸਬੰਧਤ ਆਗੂਆਂ ਦੇ ਸ਼ਾਮਲ ਹੋਣ ਨਾਲ ਪੰਜਾਬ ‘ਚ ਹਿੰਦੂ ਸਿੱਖ ਏਕਤਾ ਨੂੰ ਮਜ਼ਬੂਤੀ ਮਿਲੇਗੀ।
ਫਿਰੋਜ਼ਪੁਰ ਵਿਧਾਨ ਸਭਾ ਹਲਕੇ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਭਾਜਪਾ ਆਗੂ ਸੁਖਪਾਲ ਸਿੰਘ ਨੰਨੂ ਨੇ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਆਪਣੀ ਕੋਠੀ ‘ਤੇ ਲੱਗਾ ਭਾਜਪਾ ਦਾ ਝੰਡਾ ਵੀ ਲਾਹ ਦਿੱਤਾ ਹੈ। ਸ੍ਰੀ ਨੰਨੂ ਫਿਰੋਜ਼ਪੁਰ ਸ਼ਹਿਰ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ। ਬਾਦਲ ਸਰਕਾਰ ਦੇ ਕਾਰਜਕਾਲ ਦੌਰਾਨ ਉਨ੍ਹਾਂ ਨੂੰ ਮਾਲ ਵਿਭਾਗ ਦਾ ਪਾਰਲੀਮਾਨੀ ਸਕੱਤਰ ਵੀ ਬਣਾਇਆ ਗਿਆ ਸੀ। ਇਸ ਤੋਂ ਇਲਾਵਾ ਉਹ ਭਾਜਪਾ ਕਿਸਾਨ ਮੋਰਚਾ ਸੈੱਲ ਦੇ ਸੂਬਾ ਪ੍ਰਧਾਨ ਵੀ ਰਹਿ ਚੁੱਕੇ ਹਨ। ਦੋ ਦਿਨ ਪਹਿਲਾਂ ਭਾਜਪਾ ਹਾਈਕਮਾਨ ਨੂੰ ਲਿਖੇ ਪੱਤਰ ਵਿੱਚ ਸੁਖਪਾਲ ਸਿੰਘ ਨੰਨੂ ਨੇ ਖੇਤੀ ਕਾਨੂੰਨ ਰੱਦ ਕਰਨ ਦੀ ਸਿਫਾਰਸ਼ ਕੀਤੀ ਸੀ।
ਪਾਰਟੀ ਨੇ ਤਾਜ਼ਾ ਸਿਆਸੀ ਹਾਲਾਤ ਅਤੇ ਸਾਲ 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਸਮੀਖਿਆ ਲਈ ਇਥੇ ਕੋਰ ਕਮੇਟੀ ਦੀ ਵਿਸ਼ੇਸ਼ ਮੀਟਿੰਗ ਕੀਤੀ। ਮੀਟਿੰਗ ਤੋਂ ਬਾਅਦ ਸੀਨੀਅਰ ਭਾਜਪਾ ਆਗੂ ਮਨੋਰੰਜਨ ਕਾਲੀਆ ਨੇ ਮੰਨਿਆ ਕਿ ਅਨਿਲ ਜੋਸ਼ੀ ਅਤੇ ਹੋਰਨਾਂ ਦਾ ਅਕਾਲੀ ਦਲ ਵਿਚ ਜਾਣਾ ਪਾਰਟੀ ਲਈ ਘਾਟਾ ਹੈ ਪਰ ਕੋਈ ਵੀ ਪਾਰਟੀ ਕਿਸੇ ਵਿਅਕਤੀ ਵਿਸ਼ੇਸ਼ ‘ਤੇ ਨਿਰਭਰ ਨਹੀਂ ਕਰਦੀ। ਕਾਲੀਆ ਨੇ ਕਿਹਾ ਕਿ ਪਾਰਟੀ ਨੂੰ ਕਿਸਾਨੀ ਅੰਦੋਲਨ ਦਾ ਹੱਲ ਜਲਦੀ ਨਿਕਲਣ ਦੀ ਉਮੀਦ ਹੈ। ਉਨ੍ਹਾਂ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਵੱਲੋਂ ਕਸ਼ਮੀਰ ਸਬੰਧੀ ਸੋਸ਼ਲ ਮੀਡੀਆ ‘ਤੇ ਕੀਤੀਆਂ ਟਿੱਪਣੀਆਂ ਨੂੰ ਦੇਸ਼ ਦੀ ਏਕਤਾ ਤੇ ਅਖੰਡਤਾ ‘ਤੇ ਹਮਲਾ ਕਰਾਰ ਦਿੱਤਾ ਤੇ ਇਸ ਸਬੰਧੀ ਸਿੱਧੂ ਨੂੰ ਸਥਿਤੀ ਸਪੱਸ਼ਟ ਕਰਨ ਲਈ ਕਿਹਾ। ਭਾਜਪਾ ਨੇ ਪਾਕਿਸਤਾਨ ਦੇ ਲਾਹੌਰ ਕਿਲ੍ਹੇ ਵਿਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਬੇਅਦਬੀ ਵਿਰੁੱਧ ਅਤੇ ਅਫ਼ਗਾਨਿਸਤਾਨ ਵਿਚ ਫਸੇ ਹਿੰਦੂ-ਸਿੱਖ ਭਰਾਵਾਂ ਨੂੰ ਸੁਰੱਖਿਅਤ ਭਾਰਤ ਲਿਆਉਣ ਲਈ ਮਤੇ ਪਾਸ ਕਰਕੇ ਭਾਰਤ ਸਰਕਾਰ ਨੂੰ ਭੇਜੇ ਗਏ। ਭਾਜਪਾ ਆਗੂਆਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੀਆਂ 117 ਸੀਟਾਂ ‘ਤੇ ਆਪਣੇ ਦਮ ‘ਤੇ ਚੋਣ ਲੜੇਗੀ ਅਤੇ ਲੋਕਾਂ ਦੇ ਸਮਰਥਨ ਨਾਲ ਜਿੱਤ ਹਾਸਲ ਕਰਕੇ ਸੂਬੇ ਵਿਚ ਮਜ਼ਬੂਤ ਸਰਕਾਰ ਬਣਾਏਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਭਾਜਪਾ ਸਰਕਾਰ ਆਉਣ ਤੋਂ ਬਾਅਦ 24 ਘੰਟੇ ਸਸਤੀ ਬਿਜਲੀ ਦਿੱਤੀ ਜਾਵੇਗੀ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਅਤੇ ਉਨ੍ਹਾਂ ਨੂੰ ਅੱਜ ਦੇ ਯੁੱਗ ਮੁਤਾਬਿਕ ਢਾਲਣ ਲਈ ਪ੍ਰੇਰਿਆ ਜਾਵੇਗਾ।
ਉਧਰ, ਸੁਖਬੀਰ ਬਾਦਲ ਨੇ ਕਿਹਾ ਕਿ ਅਨਿਲ ਜੋਸ਼ੀ ਦਲੇਰ ਆਗੂ ਹਨ, ਜਿਨ੍ਹਾਂ ਆਪਣੇ ਹਲਕੇ ਦੇ ਨਾਲ ਪਵਿੱਤਰ ਨਗਰੀ ਅੰਮ੍ਰਿਤਸਰ ਲਈ ਬਹੁਤ ਕੰਮ ਕੀਤਾ ਹੈ। ਉਨ੍ਹਾਂ ਐਲਾਨ ਕੀਤਾ ਕਿ ਸ੍ਰੀ ਜੋਸ਼ੀ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਹੋਣਗੇ ਤੇ ਉਨ੍ਹਾਂ ਨੂੰ ਅੰਮ੍ਰਿਤਸਰ ਉੱਤਰੀ ਤੋਂ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਵਜੋਂ ਉਤਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੁਜਾਨਪੁਰ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਾਜ ਕੁਮਾਰ ਗੁਪਤਾ ਪਾਰਟੀ ਦੇ ਮੀਤ ਪ੍ਰਧਾਨ ਹੋਣਗੇ ਤੇ ਉਨ੍ਹਾਂ ਨੂੰ ਸੁਜਾਨਪੁਰ ਤੋਂ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਵਜੋਂ ਮੈਦਾਨ ਵਿਚ ਉਤਾਰਿਆ ਜਾਵੇਗਾ।
_________________________________
‘ਭਾਜਪਾ ਦਾ ਨਿਘਾਰ ਕਿਸਾਨੀ ਅੰਦੋਲਨ ਦੀ ਜਿੱਤ ਦਾ ਸੰਕੇਤ`
ਚੰਡੀਗੜ੍ਹ: ਪੰਜਾਬ ਵਿਚ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਭਾਜਪਾ ਨਾਲ ਸਬੰਧਤ ਨੇਤਾਵਾਂ ਦੇ ਘਰਾਂ ਅੱਗੇ, ਟੌਲ ਪਲਾਜ਼ਿਆਂ ਉਪਰ, ਅੰਬਾਨੀ ਤੇ ਅਡਾਨੀ ਦੇ ਕਾਰੋਬਾਰੀ ਟਿਕਾਣਿਆਂ ਮੂਹਰੇ, ਰੇਲਵੇ ਸਟੇਸ਼ਨਾਂ ਦੇ ਪਾਰਕਾਂ, ਨਿੱਜੀ ਖੇਤਰ ਦੇ ਥਰਮਲ ਪਲਾਂਟ ਅਤੇ ਮੋਗਾ ਦੇ ਸਾਈਲੋ ਦੇ ਬਾਹਰ ਸਵਾ ਸੌ ਤੋਂ ਵੱਧ ਥਾਵਾਂ ‘ਤੇ ਚੱਲ ਰਹੇ ਧਰਨਿਆਂ ਤੇ ਹੋਰ ਥਾਵਾਂ ‘ਤੇ ਕਿਸਾਨ ਬੁਲਾਰਿਆਂ ਨੇ ਕਿਹਾ ਕਿ ਸਿਆਸੀ ਤੌਰ ‘ਤੇ ਹਾਸ਼ੀਏ ‘ਤੇ ਬੈਠੀ ਭਾਜਪਾ ਦਾ ਪੰਜਾਬ ‘ਚ ਮੁਕੰਮਲ ਭੋਗ ਪੈਣ ਦੇ ਸੰਕੇਤ ਕਿਸਾਨੀ ਅੰਦੋਲਨ ਦੀ ਜਿੱਤ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 11 ਮਹੀਨਿਆਂ ਤੋਂ ਪੰਜਾਬ ਵਿਚ ਭਾਜਪਾ ਦੀ ਰਾਜਸੀ ਸਰਗਰਮੀ ਠੱਪ ਹੋ ਗਈ ਹੈ। ਪਿਛਲੇ ਦਿਨਾਂ ਦੌਰਾਨ ਕਈ ਸੂਬਾਈ ਨੇਤਾ ਪਾਰਟੀ ਛੱਡ ਚੁੱਕੇ ਹਨ ਅਤੇ ਅਗਲੇ ਦਿਨਾਂ ਵਿਚ ਕਈ ਹੋਰ ਵੱਲੋਂ ਪਾਰਟੀ ਛੱਡਣ ਦੀਆਂ ਕਨਸੋਆਂ ਹਨ।