ਚੋਣਾਂ ਨੇੜੇ ਦੇਖ ਕੇ ਮਿਲਣ ਲੱਗੇ ਕੈਪਟਨ ਅਤੇ ਸਿੱਧੂ ਦੇ ਸੁਰ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵਿਧਾਨ ਸਭਾ ਚੋਣਾਂ ਦੀ ਤਿਆਰੀ ਲਈ ਸਿਆਸੀ ਸੁਰ ਮਿਲਾਉਣੇ ਸ਼ੁਰੂ ਕੀਤੇ ਹਨ। ਖਿੱਚੋਤਾਣ ਮਗਰੋਂ ਹੁਣ ਪੰਜਾਬ ਸਰਕਾਰ ਅਤੇ ਪੰਜਾਬ ਕਾਂਗਰਸ ਦਰਮਿਆਨ ਬਿਹਤਰ ਤਾਲਮੇਲ ਲਈ ਇਹ ਦੋਵੇਂ ਆਗੂ ਸਮੇਂ ਦੀ ਨਜ਼ਾਕਤ ਨੂੰ ਸਮਝਣ ਲੱਗੇ ਹਨ। ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਹਾਈਕਮਾਨ ਦੇ 18 ਨੁਕਾਤੀ ਏਜੰਡੇ ਅਤੇ ਸਰਕਾਰੀ ਪ੍ਰੋਗਰਾਮਾਂ ਤੇ ਸੁਧਾਰਾਂ ਨੂੰ ਅਮਲ ‘ਚ ਲਿਆਉਣ ਲਈ ਇਕ 10-ਮੈਂਬਰੀ ‘ਰਣਨੀਤਕ ਨੀਤੀ ਸਮੂਹ‘ ਕਾਇਮ ਕਰਨ ‘ਤੇ ਸਹਿਮਤੀ ਬਣਾਈ ਹੈ।

ਰਣਨੀਤਕ ਨੀਤੀ ਸਮੂਹ ਦੀ ਪ੍ਰਧਾਨਗੀ ਮੁੱਖ ਮੰਤਰੀ ਕਰਨਗੇ ਅਤੇ ਸਥਾਨਕ ਸਰਕਾਰ ਮੰਤਰੀ ਬ੍ਰਹਮ ਮਹਿੰਦਰਾ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਮਾਜਿਕ ਸੁਰੱਖਿਆ ਮੰਤਰੀ ਅਰੁਣਾ ਚੌਧਰੀ, ਨਵਜੋਤ ਸਿੰਘ ਸਿੱਧੂ ਅਤੇ ਪਾਰਟੀ ਦੇ ਚਾਰ ਵਰਕਿੰਗ ਪ੍ਰਧਾਨਾਂ ਕੁਲਜੀਤ ਸਿੰਘ ਨਾਗਰਾ, ਸੁਖਵਿੰਦਰ ਸਿੰਘ ਡੈਨੀ, ਸੰਗਤ ਸਿੰਘ ਗਿਲਜੀਆਂ ਅਤੇ ਪਵਨ ਗੋਇਲ ਤੋਂ ਇਲਾਵਾ ਨਵ-ਨਿਯੁਕਤ ਜਨਰਲ ਸਕੱਤਰ ਪਰਗਟ ਸਿੰਘ ਇਸ ਸਮੂਹ ਦੇ ਮੈਂਬਰ ਹੋਣਗੇ। ਪਾਰਟੀ ਪ੍ਰਧਾਨ ਨਵਜੋਤ ਸਿੱਧੂ ਨੇ ਲੰਘੇ ਦਿਨਾਂ ‘ਚ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗਾਂ ਉਪਰੰਤ ਇਹ ਮਹਿਸੂਸ ਕੀਤਾ ਹੈ ਕਿ ਪੰਜਾਬ ਸਰਕਾਰ ਬਿਨਾਂ ਮਸਲੇ ਕਿਸੇ ਤਣ-ਪੱਤਣ ਨਹੀਂ ਲੱਗਣੇ ਹਨ। ਪਾਰਟੀ ਆਗੂਆਂ ਨੇ ਨਵਜੋਤ ਸਿੱਧੂ ਤੱਕ ਪਹੁੰਚ ਕਰਦਿਆਂ ਅਗਾਮੀ ਚੋਣਾਂ ਜਿੱਤਣ ਲਈ ਪਿਛਲੇ ਵਾਅਦਿਆਂ ਨੂੰ ਪੂਰਾ ਕਰਨ ਲਈ ਦਬਾਅ ਬਣਾਉਣ ਖਾਤਰ ਮੁੱਖ ਮੰਤਰੀ ਤੱਕ ਪਹੁੰਚ ਕਰਨ ਵਾਸਤੇ ਆਖਿਆ ਸੀ।
ਨਵਜੋਤ ਸਿੰਘ ਸਿੱਧੂ, ਕੁਲਜੀਤ ਸਿੰਘ ਨਾਗਰਾ ਅਤੇ ਪਰਗਟ ਸਿੰਘ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸਿਸਵਾਂ ਫਾਰਮ ਹਾਊਸ ‘ਤੇ ਪਹੁੰਚੇ। ਇਸ ਸਿਆਸੀ ਮੁਲਾਕਾਤ ‘ਚ ਪਾਰਟੀ ਤੇ ਸਰਕਾਰ ਦਰਮਿਆਨ ਬਿਹਤਰ ਤਾਲਮੇਲ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਵਿਚ ਸਲਾਹ ਮਸ਼ਵਰੇ ਨਾਲ ਹਫਤਾਵਾਰੀ ਮੀਟਿੰਗਾਂ ਕਰਨ ਦਾ ਫੈਸਲਾ ਵੀ ਕੀਤਾ ਗਿਆ ਅਤੇ ਇਨ੍ਹਾਂ ਮੀਟਿੰਗਾਂ ਵਿਚ ਵੱਖੋ-ਵੱਖ ਪਹਿਲ ਕਦਮੀਆਂ ਬਾਰੇ ਚਰਚਾ ਅਤੇ ਸਮੀਖਿਆ ਹੋਇਆ ਕਰੇਗੀ ਅਤੇ ਸੁਝਾਅ ਵੀ ਪਾਰਟੀ ਵੱਲੋਂ ਰੱਖੇ ਜਾਇਆ ਕਰਨਗੇ।
ਸਿੱਧੂ ਨੇ ਮੁੱਖ ਮੰਤਰੀ ਨੂੰ ਪੱਤਰ ਦੇ ਕੇ ਹਫਤੇ ਦੇ ਪੰਜ ਦਿਨ ਰੋਜ਼ਾਨਾ ਇਕ ਮੰਤਰੀ ਦੀ ਡਿਊਟੀ ਪੰਜਾਬ ਕਾਂਗਰਸ ਭਵਨ ‘ਚ ਲਗਾਏ ਜਾਣ ਦੀ ਮੰਗ ਕਰਕੇ ਇਕ ਕਦਮ ਵਧਾਇਆ। ਉਧਰ, ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਸ ਮੰਗ ਨੂੰ ਮੰਨਣ ਤੋਂ ਇਲਾਵਾ ਰਣਨੀਤਕ ਨੀਤੀ ਸਮੂਹ ਦਾ ਗਠਨ ਕਰਕੇ ਦੋ ਕਦਮ ਅੱਗੇ ਵਧਾਏ ਹਨ।
ਦੋਵਾਂ ਆਗੂਆਂ ‘ਚ ਇਹ ਤਾਲਮੇਲ ਕਿੰਨਾ ਕੁ ਰੰਗ ਲਿਆਏਗਾ, ਉਹ ਤਾਂ ਸਮਾਂ ਦੱਸੇਗਾ, ਪਰ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕੈਬਨਿਟ ਦੇ ਸਹਿਯੋਗੀਆਂ ਨੂੰ ਪ੍ਰਤੀ ਦਿਨ ਪੰਜਾਬ ਕਾਂਗਰਸ ਭਵਨ ਵਿਚ ਵਾਰੋ-ਵਾਰ ਮੌਜੂਦ ਰਹਿਣ ਲਈ ਕਿਹਾ ਹੈ ਤਾਂ ਜੋ ਵਿਧਾਇਕਾਂ ਅਤੇ ਪਾਰਟੀ ਦੇ ਹੋਰ ਅਹੁਦੇਦਾਰਾਂ ਵੱਲੋਂ ਉਠਾਏ ਜਾਂਦੇ ਮੁੱਦਿਆਂ ਅਤੇ ਸ਼ਿਕਾਇਤਾਂ ਨੂੰ ਹੱਲ ਕੀਤਾ ਜਾ ਸਕੇ। ਇਕ ਮੰਤਰੀ ਕਾਂਗਰਸ ਭਵਨ ਵਿਚ ਸੋਮਵਾਰ ਤੋਂ ਤਿੰਨ ਘੰਟਿਆਂ (ਸਵੇਰੇ 11:00 ਤੋਂ ਦੁਪਹਿਰ 02:00) ਵਜੇ ਤੱਕ ਮੌਜੂਦ ਰਹੇਗਾ ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰਬੰਧ ਹਫਤੇ ਵਿਚ ਪੰਜ ਦਿਨ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਲਾਗੂ ਹੋਵੇਗਾ।