ਨਵੇਂ ਸਲਾਹਕਾਰਾਂ ਨੇ ਬੁਰਾ ਫਸਾਇਆ ਨਵਜੋਤ ਸਿੰਘ ਸਿੱਧੂ

ਚੰਡੀਗੜ੍ਹ: ਸਲਾਹਕਾਰਾਂ ਦੀਆਂ ਵਿਵਾਦਿਤ ਟਿੱਪਣੀਆਂ ਉਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਬੁਰੀ ਤਰ੍ਹਾਂ ਘਿਰ ਗਏ ਹਨ। ਵਿਵਾਦਿਤ ਟਿੱਪਣੀਆਂ ਕਾਰਨ ਜਿਥੇ ਵਿਰੋਧੀ ਧਿਰਾਂ ਸਿੱਧੂ ਖਿਲਾਫ ਕਾਰਵਾਈ ਲਈ ਅੜ ਗਈਆਂ ਹਨ, ਉਥੇ ਕੈਪਟਨ ਸਣੇ ਕਾਂਗਰਸ ਦੇ ਸੀਨੀਅਰ ਆਗੂ ਸਿੱਧੂ ਦੁਆਲੇ ਹੋ ਗਏ ਹਨ।

ਚੁਫੇਰਿਉਂ ਘਿਰਦਾ ਵੇਖ ਨਵਜੋਤ ਸਿੱਧੂ ਨੇ ਪਾਕਿਸਤਾਨ ਤੇ ਕਸ਼ਮੀਰ ਨੂੰ ਲੈ ਕੇ ਕੀਤੀਆਂ ਵਿਵਾਦਿਤ ਟਿੱਪਣੀਆਂ ਕਰਨ ਵਾਲੇ ਆਪਣੇ ਦੋਵੇਂ ਸਲਾਹਕਾਰਾਂ ਮਾਲਵਿੰਦਰ ਸਿੰਘ ਮਾਲੀ ਤੇ ਪਿਆਰੇ ਲਾਲ ਗਰਗ ਨੂੰ ਆਪਣੀ ਰਿਹਾਇਸ਼ ‘ਤੇ ਤਲਬ ਕੀਤਾ, ਪਰ ਵਿਰੋਧੀ ਧਿਰਾਂ ਕਾਰਵਾਈ ਲਈ ਅੜੀਆਂ ਹੋਈਆਂ ਹਨ। ਚੇਤੇ ਰਹੇ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚਿਤਾਵਨੀ ਦਿੱਤੀ ਹੈ ਕਿ ਉਪਰੋਕਤ ਸਲਾਹਕਾਰਾਂ ਵੱਲੋਂ ਕੀਤੀਆਂ ਵਿਵਾਦਿਤ ਟਿੱਪਣੀਆਂ ਸੂਬਾ ਸਰਕਾਰ ਤੇ ਦੇਸ ਦੇ ਅਮਨ ਤੇ ਸਥਿਰਤਾ ਲਈ ਖਤਰਨਾਕ ਸਾਬਤ ਹੋ ਸਕਦੀਆਂ ਹਨ।
ਕਾਂਗਰਸ ਦੇ ਜਨਰਲ ਸਕੱਤਰ ਹਰੀਸ਼ ਰਾਵਤ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਦੋ ਸਲਾਹਕਾਰਾਂ ਵੱਲੋਂ ਕੀਤੀਆਂ ਵਿਵਾਦਿਤ ਟਿੱਪਣੀਆਂ ਸਬੰਧੀ ਕਿਹਾ ਹੈ ਕਿ ਇਨ੍ਹਾਂ ਸਲਾਹਕਾਰਾਂ ਨੂੰ ਪਾਰਟੀ ਵੱਲੋਂ ਨਿਯੁਕਤ ਨਹੀਂ ਕੀਤਾ ਗਿਆ ਹੈ, ਪਰ ਜੇਕਰ ਦੋਸ਼ੀ ਪਾਏ ਜਾਂਦੇ ਹਨ ਤਾਂ ਇਨ੍ਹਾਂ ਖਿਲਾਫ ਢੁਕਵੀਂ ਕਾਰਵਾਈ ਕੀਤੀ ਜਾਵੇਗੀ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਦੇ ਦੋ ਸਲਾਹਕਾਰਾਂ ਨੂੰ ਤਾੜਨਾ ਕੀਤੀ ਹੈ ਜਿਨ੍ਹਾਂ ਕਸ਼ਮੀਰ ਤੇ ਪਾਕਿਸਤਾਨ ਨਾਲ ਸਬੰਧਤ ਸੰਵੇਦਨਸ਼ੀਲ ਮਸਲਿਆਂ ‘ਤੇ ਟਿੱਪਣੀਆਂ ਕੀਤੀਆਂ ਸਨ। ਮੁੱਖ ਮੰਤਰੀ ਨੇ ਕਿਹਾ ਕਿ ਅਜਿਹੀਆਂ ਟਿੱਪਣੀਆਂ ਨਾਲ ਸੂਬੇ ਦੇ ਨਾਲ-ਨਾਲ ਦੇਸ ਦੀ ਅਮਨ-ਸਾਂਤੀ ਅਤੇ ਸਥਿਰਤਾ ਨੂੰ ਵੀ ਖਤਰਾ ਪੈਦਾ ਹੋ ਸਕਦਾ ਹੈ। ਸੂਤਰ ਦੱਸਦੇ ਹਨ ਕਿ ਸਲਾਹਕਾਰਾਂ ਦੀ ਬਦੌਲਤ ਹਾਈਕਮਾਨ ‘ਚ ਵੀ ਨਵਜੋਤ ਸਿੱਧੂ ਦੀ ਕਿਰਕਿਰੀ ਹੋਈ ਹੈ। ਮੁੱਖ ਮੰਤਰੀ ਨੇ ਨਵਜੋਤ ਸਿੱਧੂ ਨੂੰ ਵੀ ਨਸੀਹਤ ਦਿੱਤੀ ਹੈ ਕਿ ਉਹ ਆਪਣੇ ਸਲਾਹਕਾਰਾਂ ਨੂੰ ਸਿਰਫ ਸਲਾਹ ਦੇਣ ਤੱਕ ਸੀਮਤ ਰੱਖਣ ਅਤੇ ਉਨ੍ਹਾਂ ਨੂੰ ਮਸਲਿਆਂ ਉੱਤੇ ਨਾ ਬੋਲਣ ਲਈ ਕਹਿਣ ਜਿਨ੍ਹਾਂ ਬਾਰੇ ਸਲਾਹਕਾਰਾਂ ਨੂੰ ਜਾਂ ਤਾਂ ਥੋੜ੍ਹਾ ਬਹੁਤ ਪਤਾ ਹੈ ਜਾਂ ਫੇਰ ਉੱਕਾ ਹੀ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਨੂੰ ਆਪਣੀਆਂ ਟਿੱਪਣੀਆਂ ਦੇ ਨਿਕਲਣ ਵਾਲੇ ਅਰਥਾਂ ਦੀ ਵੀ ਸਮਝ ਨਹੀਂ ਹੈ।
ਮੁੱਖ ਮੰਤਰੀ ਨੇ ਇਹ ਪ੍ਰਤੀਕਿਰਿਆ ਸਲਾਹਕਾਰ ਡਾ. ਪਿਆਰੇ ਲਾਲ ਗਰਗ ਵੱਲੋਂ ਪਾਕਿਸਤਾਨ ਦੀ ਨਿਖੇਧੀ ਕਰਨ ‘ਤੇ ਉਨ੍ਹਾਂ (ਕੈਪਟਨ ਅਮਰਿੰਦਰ ਸਿੰਘ) ਨੂੰ ਕੀਤੇ ਸਵਾਲ ਅਤੇ ਇਸ ਤੋਂ ਪਹਿਲਾਂ ਕਸ਼ਮੀਰ ਬਾਰੇ ਮਾਲਵਿੰਦਰ ਸਿੰਘ ਮਾਲੀ ਦੀ ਵਿਵਾਦਪੂਰਨ ਬਿਆਨਬਾਜ਼ੀ ਦੇ ਸੰਦਰਭ ਵਿਚ ਸਾਹਮਣੇ ਆਈ ਹੈ। ਕੈਪਟਨ ਨੇ ਕਿਹਾ ਕਿ ਇਹ ਬਿਆਨ ਪਾਕਿਸਤਾਨ ਅਤੇ ਕਸ਼ਮੀਰ ਬਾਰੇ ਭਾਰਤ ਤੇ ਕਾਂਗਰਸ ਪਾਰਟੀ ਦੀ ਪੁਜ਼ੀਸ਼ਨ ਦੇ ਬਿਲਕੁਲ ਉਲਟ ਜਾਂਦੇ ਹਨ। ਉਨ੍ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਆਪਣੇ ਸਲਾਹਕਾਰਾਂ ਵੱਲੋਂ ਭਾਰਤ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਤੋਂ ਪਹਿਲਾਂ ਉਨ੍ਹਾਂ ਉੱਤੇ ਸਖ਼ਤੀ ਕਰਨ ਨੂੰ ਕਿਹਾ। ਮੁੱਖ ਮੰਤਰੀ ਨੇ ਕਿਹਾ ਕਿ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਸੀ ਅਤੇ ਹੁਣ ਵੀ ਹੈ ਪਰ ਇਸ ਦੇ ਉਲਟ ਮਾਲੀ ਨੇ ਪਾਕਿਸਤਾਨ ਦੀ ਹਾਂ ਵਿਚ ਹਾਂ ਮਿਲਾਉਣ ਵਾਲਾ ਬਿਆਨ ਦਿੱਤਾ ਹੈ ਜੋ ਕਿ ਪੂਰੀ ਤਰ੍ਹਾਂ ਦੇਸ ਵਿਰੋਧੀ ਹੈ।
ਉਨ੍ਹਾਂ ਕਿਹਾ ਕਿ ਚੁਫੇਰਿਓਂ ਨਿੰਦਾ ਹੋਣ ਦੇ ਬਾਵਜੂਦ ਮਾਲੀ ਨੇ ਆਪਣਾ ਬਿਆਨ ਵਾਪਸ ਨਹੀਂ ਲਿਆ। ਮੁੱਖ ਮੰਤਰੀ ਨੇ ਗਰਗ ਦੀ ਟਿੱਪਣੀ ਨੂੰ ਤਰਕਹੀਣ ਅਤੇ ਨਾ-ਵਾਜਬ ਕਰਾਰ ਦਿੰਦਿਆਂ ਕਿਹਾ ਕਿ ਪੰਜਾਬੀ ਫੌਜੀ ਸਰਹੱਦਾਂ ‘ਤੇ ਪਾਕਿਸਤਾਨ ਦੀ ਹਮਾਇਤ ਹਾਸਲ ਤਾਕਤਾਂ ਹੱਥੋਂ ਜਾਨਾਂ ਗੁਆ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਗਰਗ ਰਾਜਨੀਤੀ ਤੋਂ ਪ੍ਰੇਰਿਤ ਭੜਕਾਊ ਤੇ ਗੈਰ ਜ਼ਿੰਮੇਵਾਰੀ ਵਾਲੇ ਬਿਆਨ ਦੇ ਰਹੇ ਹਨ।
_____________________________
ਮੁਹੰਮਦ ਮੁਸਤਫਾ ਬਣੇ ਸਿੱਧੂ ਦੇ ਮੁੱਖ ਰਣਨੀਤਕ ਸਲਾਹਕਾਰ
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦਾ ਸਾਧਾਰਨ ਸਲਾਹਕਾਰ ਬਣਨ ਤੋਂ ਇਨਕਾਰ ਕਰਨ ਵਾਲੇ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫਾ ਮੁੱਖ ਰਣਨੀਤਕ ਸਲਾਹਕਾਰ ਬਣ ਗਏ ਹਨ। ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਦੱਸਿਆ ਕਿ ਮੁਹੰਮਦ ਮੁਸਤਫਾ ਹੁਣ ਮੁੱਖ ਰਣਨੀਤਕ ਸਲਾਹਕਾਰ ਹੋਣਗੇ ਜੋ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਕੁੱਲ ਹਿੰਦ ਕਾਂਗਰਸ ਕਮੇਟੀ ਦਰਮਿਆਨ ਤਾਲਮੇਲ ਦਾ ਕੰਮ ਵੀ ਕਰਨਗੇ। ਨਵਜੋਤ ਸਿੱਧੂ ਨੇ ਨਵੀਂ ਜ਼ਿੰਮੇਵਾਰੀ ਦਾ ਨਿਯੁਕਤੀ ਪੱਤਰ ਖ਼ੁਦ ਮੁਹੰਮਦ ਮੁਸਤਫ਼ਾ ਨੂੰ ਸੌਂਪਿਆ। ਸੂਤਰਾਂ ਮੁਤਾਬਕ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫਾ ਚੋਣ ਲੜਨ ਦੀ ਰੀਝ ਵੀ ਮਨ ਵਿਚ ਪਾਲ ਰਹੇ ਹਨ। ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧੀ ਖੇਮੇ ਵਜੋਂ ਜਾਣਿਆ ਜਾਂਦਾ ਹੈ।