ਅਕਤੂਬਰ ਵਿਚ ਕਰੋਨਾ ਦੀ ਤੀਜੀ ਲਹਿਰ ਦਾ ਸਿਖਰ ਆਉਣ ਦੀ ਚਿਤਾਵਨੀ

ਨਵੀਂ ਦਿੱਲੀ: ਆਫਤ ਪ੍ਰਬੰਧਨ ਬਾਰੇ ਕੌਮੀ ਸੰਸਥਾ (ਐਨ.ਆਈ.ਡੀ.ਐਮ.) ਤਹਿਤ ਗਠਿਤ ਮਾਹਿਰਾਂ ਦੀ ਇਕ ਕਮੇਟੀ ਨੇ ਚਿਤਾਵਨੀ ਦਿੱਤੀ ਹੈ ਕਿ ਅਕਤੂਬਰ ਦੇ ਅਖੀਰ ਵਿਚ ਕਰੋਨਾ ਵਾਇਰਸ ਦੀ ਤੀਜੀ ਲਹਿਰ ਆਪਣੇ ਸਿਖਰ ‘ਤੇ ਹੋਵੇਗੀ। ਗ੍ਰਹਿ ਮੰਤਰਾਲੇ ਦੇ ਹੁਕਮਾਂ ਤਹਿਤ ਗਠਿਤ ਕਮੇਟੀ ਨੇ ਪ੍ਰਧਾਨ ਮੰਤਰੀ ਦਫਤਰ ਨੂੰ ਸੌਂਪੀ ਰਿਪੋਰਟ ਵਿਚ ਬੱਚਿਆਂ, ਜਿਨ੍ਹਾਂ ਨੂੰ ਸ਼ਾਇਦ ਤੀਜੀ ਲਹਿਰ ਦੌਰਾਨ ਸਭ ਤੋਂ ਵੱਧ ਜੋਖਮ ਦਰਪੇਸ਼ ਰਹੇਗਾ, ਲਈ ਹੁਣ ਤੋਂ ਹੀ ਬਿਹਤਰ ਤਿਆਰੀਆਂ ਕਰਨ ਦੀ ਮੰਗ ਕੀਤੀ ਹੈ।

ਉਧਰ, ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਕੇਂਦਰ ਸਰਕਾਰ ਕਰੋਨਾ ਵਾਇਰਸ ਦੀ ਸੰਭਾਵੀ ਤੀਜੀ ਲਹਿਰ ਦੇ ਟਾਕਰੇ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਲਈ ਵੱਖਰੇ ਤੌਰ ਉਤੇ 23,123 ਕਰੋੜ ਰੁਪਏ ਰੱਖੇ ਗਏ ਹਨ। ਠਾਕੁਰ ਨੇ ਕਿਹਾ ਕਿ ਬੱਚਿਆਂ ਦੀ ਸਾਂਭ-ਸੰਭਾਲ ਲਈ ਸਿਹਤ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਕਿਉਂਕਿ ਕਿਆਸ ਲਾਇਆ ਜਾ ਰਿਹਾ ਹੈ ਕਿ ਤੀਜੀ ਲਹਿਰ ਬੱਚਿਆਂ ਨੂੰ ਵੱਧ ਪ੍ਰਭਾਵਿਤ ਕਰ ਸਕਦੀ ਹੈ।
ਦੱਸ ਦਈਏ ਕਿ ਤੀਜੀ ਲਹਿਰ ਦੇ ਆਉਣ ਉਤੇ ਭਾਰਤ ਨੂੰ ਸਭ ਤੋਂ ਵੱਧ ਮਾਰ ਪੈਣ ਦੀ ਸੰਭਾਵਨਾ ਹੈ, ਕਿਉਂ ਵੈਕਸੀਨ ਦੇ ਮਾਮਲੇ ਵਿਚ ਭਾਰਤ ਆਪਣੇ ਟੀਚੇ ਤੋਂ ਅਜੇ ਵੀ ਕਾਫੀ ਪੱਛੜਿਆ ਹੋਇਆ ਹੈ। ਜਦੋਂ ਕਿ ਵਿਗਿਆਨੀ ਵੈਕਸੀਨ ਨੂੰ ਹੀ ਕਰੋਨਾ ਖਿਲਾਫ ਇਕੋ ਇਕ ਹਥਿਆਰ ਮੰਨ ਰਹੇ ਹਨ।
ਭਾਰਤ ਵਿਚ ਕਰੋਨਾ ਵਿਰੁੱਧ ਵਰਤੀ ਜਾਣ ਵਾਲੀਆਂ ਵੈਕਸੀਨਾਂ ਦੇ ਲਗਭਗ 57 ਕਰੋੜ ਟੀਕੇ ਲੱਗ ਚੁੱਕੇ ਹਨ; 12.5 ਕਰੋੜ ਤੋਂ ਜ਼ਿਆਦਾ ਲੋਕਾਂ ਦਾ ਪੂਰਾ ਟੀਕਾਕਰਨ ਹੋ ਚੁੱਕਾ ਹੈ। ਇਸ ਤਰ੍ਹਾਂ ਦੇਸ਼ ਦੀ ਲਗਭਗ 9.3 ਫੀਸਦੀ ਆਬਾਦੀ ਨੂੰ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਭਾਰਤ ‘ਚ ਕਰੋਨਾ ਦੀ ਦੂਜੀ ਲਹਿਰ ਨੇ ਲੋਕਾਂ ‘ਤੇ ਕਹਿਰ ਢਾਹੇ ਤੇ ਹਜ਼ਾਰਾਂ ਮਰੀਜ਼ ਹਸਪਤਾਲਾਂ ‘ਚ ਬੈੱਡਾਂ, ਆਕਸੀਜਨ ਤੇ ਦਵਾਈਆਂ ਦੀ ਕਮੀ ਕਾਰਨ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ।
ਘੱਟ ਸਾਧਨਾਂ ਵਾਲੇ ਬਹੁਤ ਸਾਰੇ ਲੋਕ ਹਸਪਤਾਲਾਂ ਤੱਕ ਵੀ ਨਾ ਪਹੁੰਚ ਸਕੇ। ਵੱਖ-ਵੱਖ ਸੰਸਥਾਵਾਂ ਤੇ ਅਖਬਾਰਾਂ ਨੇ ਕੋਵਿਡ-19 ਦੀ ਦੂਸਰੀ ਲਹਿਰ ਦੌਰਾਨ ਮੌਤਾਂ ਦੀ ਪਿਛਲੇ ਸਾਲ ਉਸੇ ਹੀ ਸਮੇਂ ਦੌਰਾਨ ਹੋਈਆਂ ਮੌਤਾਂ ਨਾਲ ਤੁਲਨਾ ਕਰ ਕੇ ਦਿਖਾਇਆ ਹੈ ਕਿ ਦੂਸਰੀ ਲਹਿਰ ਦੌਰਾਨ ਮੌਤਾਂ ਦੀ ਗਿਣਤੀ ਸਰਕਾਰੀ ਅੰਕੜਿਆਂ ਤੋਂ ਕਿਤੇ ਜ਼ਿਆਦਾ ਹੈ। ਇਹੀ ਨਹੀਂ, ਕੁਝ ਸੂਬੇ ਜਿਥੇ ਲੋਕਾਂ ਦੇ ਮ੍ਰਿਤਕ ਸਰੀਰ ਦਰਿਆਵਾਂ ਵਿਚ ਵਹਾਏ ਗਏ ਅਤੇ ਸ਼ਮਸ਼ਾਨਘਾਟਾਂ ਸਾਹਮਣੇ ਲੰਮੀਆਂ ਕਤਾਰਾਂ ਲੱਗੀਆਂ, ਹੁਣ ਆਪਣੀ ਪਿੱਠ ਥਾਪੜਨ ਲੱਗ ਪਏ ਹਨ। ਮਹਾਮਾਰੀ ਦੇ ਫੈਲਣ ਬਾਰੇ ਖੋਜ ਕਰਨ ਵਾਲੇ ਮਾਹਿਰਾਂ ਅਨੁਸਾਰ ਦੇਸ਼ ਵਿਚ ਕਰੋਨਾ ਦੀ ਤੀਜੀ ਲਹਿਰ ਆਉਣ ਦਾ ਖਤਰਾ ਹੈ। ਸਰਕਾਰੀ ਅੰਕੜਿਆਂ ਅਨੁਸਾਰ ਭਾਰਤ ਅਮਰੀਕਾ ਤੋਂ ਬਾਅਦ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣ ਵਾਲਾ ਦੇਸ਼ ਹੈ। ਮਾਹਰਾਂ ਅਨੁਸਾਰ ਭਾਰਤ ਵਿਚ ਪਿਛਲੇ ਕੁਝ ਸਮੇਂ ਵਿਚ ਟੀਕੇ ਲਗਾਉਣ ਦੀ ਰਫਤਾਰ ਘਟੀ ਹੈ ਅਤੇ ਔਸਤਨ ਪ੍ਰਤੀ ਦਿਨ 50 ਲੱਖ ਟੀਕੇ ਲੱਗਦੇ ਰਹੇ ਹਨ। ਇਸ ਸਮੇਂ ਵੀ ਦੇਸ਼ ਦੇ ਹਸਪਤਾਲਾਂ ਵਿਚ 3.5 ਲੱਖ ਤੋਂ ਜ਼ਿਆਦਾ ਮਰੀਜ਼ ਕਰੋਨਾ ਨਾਲ ਪ੍ਰਭਾਵਿਤ ਹਨ। ਵੈਕਸੀਨ ਬਣਾਉਣ ਵਿਚ ਸਭ ਤੋਂ ਜ਼ਿਆਦਾ ਮਹੱਤਵਪੂਰਨ ਮੁੱਦਾ ਇਨ੍ਹਾਂ ਵੈਕਸੀਨਾਂ ‘ਤੇ ਪੇਟੈਂਟ ਖਤਮ ਕਰਨ ਨਾਲ ਜੁੜਿਆ ਹੋਇਆ ਹੈ। ਭਾਰਤ ਅਤੇ ਦੱਖਣੀ ਅਫਰੀਕਾ ਨੇ ਤਜਵੀਜ਼ ਪੇਸ਼ ਕੀਤੀ ਸੀ ਕਿ ਇਹ ਪੇਟੈਂਟ ਖਤਮ ਕੀਤੇ ਜਾਣ ਜਿਸ ਨਾਲ ਤੀਸਰੀ ਦੁਨੀਆਂ ਦੇ ਦੇਸ਼ਾਂ ਵਿਚ ਵੈਕਸੀਨਾਂ ਦਾ ਉਤਪਾਦਨ ਵਧੇ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਇਸ ਤਜਵੀਜ਼ ਦੀ ਹਮਾਇਤ ਕਰਨ ਦੇ ਸੰਕੇਤ ਦਿੱਤੇ ਸਨ ਪਰ ਇਹ ਗੱਲ ਜ਼ਿਆਦਾ ਅੱਗੇ ਨਹੀਂ ਵਧੀ। ਕਾਰਪੋਰੇਟ ਕੰਪਨੀਆਂ ਵੈਕਸੀਨ ਬਣਾ ਕੇ ਵੱਡੇ ਮੁਨਾਫੇ ਕਮਾਉਣ ਦੇ ਮੌਕੇ ਨੂੰ ਗੁਆਉਣਾ ਨਹੀਂ ਚਾਹੁੰਦੀਆਂ।
__________________________________________
ਜਾਇਕੋਵ-ਡੀ ਵੈਕਸੀਨ ਦੀ ਸਪਲਾਈ ਅਗਲੇ ਮਹੀਨੇ!
ਨਵੀਂ ਦਿੱਲੀ: ਜਾਇਡਸ ਕੈਡਿਲਾ ਨੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਤਿਆਰ ਕੋਵਿਡ-19 ਵੈਕਸੀਨ ਜਾਇਕੋਵ-ਡੀ ਦੀ ਸਪਲਾਈ ਅਗਲੇ ਮਹੀਨੇ ਦੇ ਅੱਧ ਜਾਂ ਅਖੀਰ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਕੰਪਨੀ ਨੇ ਕਿਹਾ ਹੈ ਕਿ ਵੈਕਸੀਨ ਦੀ ਕੀਮਤ ਦਾ ਐਲਾਨ ਇਕ ਜਾਂ ਦੋ ਹਫਤੇ ਦੇ ਅੰਦਰ ਕਰ ਦਿੱਤਾ ਜਾਵੇਗਾ। ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਸ਼ਾਰਵਿਲ ਪਟੇਲ ਨੇ ਵਰਚੁਅਲ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਅਕਤੂਬਰ ਤੱਕ ਉਹ ਇਕ ਕਰੋੜ ਖੁਰਾਕਾਂ ਬਣਾਉਣਾ ਸ਼ੁਰੂ ਕਰ ਦੇਣਗੇ ਅਤੇ ਜਨਵਰੀ ਦੇ ਅਖੀਰ ਤੱਕ ਵੈਕਸੀਨ ਦੀਆਂ 4 ਤੋਂ 5 ਕਰੋੜ ਖੁਰਾਕਾਂ ਮਿਲ ਜਾਣਗੀਆਂ। ਉਨ੍ਹਾਂ ਕਿਹਾ ਕਿ ਜਾਇਡਸ ਕੈਡਿਲਾ ਹੋਰ ਕੰਪਨੀਆਂ ਨਾਲ ਵੈਕਸੀਨ ਦਾ ਉਤਪਾਦਨ ਵਧਾਉਣ ਲਈ ਭਾਈਵਾਲੀ ਕਰਨ ਬਾਰੇ ਵਿਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੰਪਨੀ ਵੱਲੋਂ ਵੈਕਸੀਨ ਦੀਆਂ ਦੋ ਖੁਰਾਕਾਂ ਲਈ ਵੀ ਪ੍ਰਵਾਨਗੀ ਮੰਗੀ ਜਾ ਰਹੀ ਹੈ। ਜਾਇਕੋਵ-ਡੀ 12 ਤੋਂ 18 ਸਾਲ ਦੇ ਬੱਚਿਆਂ ਨੂੰ ਵੀ ਲਗਾਈ ਜਾ ਸਕਦੀ ਹੈ।