ਬਰਗਾੜੀ ਮੋਰਚਾ: ਕਾਂਗਰਸੀ ਆਗੂਆਂ ਵੱਲੋਂ ਮੁਤਵਾਜ਼ੀ ਜਥੇਦਾਰ ਨੂੰ ਸਪੱਸ਼ਟੀਕਰਨ

ਅੰਮ੍ਰਿਤਸਰ: ਬੇਅਦਬੀ ਮਾਮਲੇ ਵਿਚ ਨਿਆਂ ਪ੍ਰਾਪਤੀ ਲਈ ਬਰਗਾੜੀ ਵਿਚ ਲਾਏ ਮੋਰਚੇ ਦੀਆਂ ਮੰਗਾਂ ਨੂੰ ਕਾਂਗਰਸ ਸਰਕਾਰ ਵੱਲੋਂ ਵਿਸਾਰ ਦਿੱਤੇ ਜਾਣ ਦੇ ਮਾਮਲੇ ਵਿਚ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਸਣੇ ਦੋ ਵਿਧਾਇਕਾਂ ਨੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੂੰ ਪੱਤਰ ਦੇ ਰੂਪ ਵਿਚ ਆਪਣਾ ਸਪੱਸ਼ਟੀਕਰਨ ਸੌਂਪਿਆ ਹੈ।

ਭਾਈ ਮੰਡ ਨੇ ਦੋਸ਼ ਲਾਇਆ ਸੀ ਕਿ ਕਾਂਗਰਸ ਸਰਕਾਰ ਇਸ ਮਾਮਲੇ ਵਿਚ ਬਰਗਾੜੀ ਵਿਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅਤੇ ਸੰਗਤ ਦੀ ਹਾਜਰੀ ਵਿਚ ਮੋਰਚੇ ਦੀਆਂ ਮੰਗਾਂ ਮੰਨਣ ਦਾ ਵਾਅਦਾ ਕਰ ਕੇ ਭੱਜ ਗਈ ਹੈ। ਇਸ ਸਬੰਧੀ ਉਨ੍ਹਾਂ ਸਰਕਾਰ ਦੇ ਨੁਮਾਇੰਦੇ ਬਣ ਕੇ ਆਏ ਕੈਬਨਿਟ ਮੰਤਰੀਆਂ ਸੁਖਜਿੰਦਰ ਸਿੰਘ ਰੰਧਾਵਾ ਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਸਣੇ 3 ਵਿਧਾਇਕਾਂ ਹਰਮਿੰਦਰ ਸਿੰਘ ਗਿੱਲ, ਕੁਸ਼ਲਦੀਪ ਸਿੰਘ ਢਿੱਲੋਂ ਤੇ ਕੁਲਬੀਰ ਸਿੰਘ ਜੀਰਾ ਕੋਲੋਂ 23 ਜੁਲਾਈ ਨੂੰ ਸਪੱਸ਼ਟੀਕਰਨ ਮੰਗਿਆ ਸੀ। ਤਿੰਨ ਵਾਰ ਸਪੱਸ਼ਟੀਕਰਨ ਦਾ ਮੌਕਾ ਦੇਣ ‘ਤੇ ਇਨ੍ਹਾਂ ਵਿਚੋਂ ਕੋਈ ਵੀ ਨਹੀਂ ਸੀ ਪੁੱਜਾ। ਹੁਣ ਇਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਣੀ ਸੀ ਪਰ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਦੋ ਵਿਧਾਇਕ ਹਰਮਿੰਦਰ ਸਿੰਘ ਗਿੱਲ ਅਤੇ ਕੁਲਬੀਰ ਸਿੰਘ ਜੀਰਾ ਇਥੇ ਪੁੱਜੇ। ਇਨ੍ਹਾਂ ਇਕ ਪੱਤਰ ਦੇ ਰੂਪ ਵਿਚ ਜਥੇਦਾਰ ਨੂੰ ਸਪੱਸ਼ਟੀਕਰਨ ਦਿੱਤਾ ਹੈ। ਇਸ ਸਬੰਧੀ ਭਾਈ ਮੰਡ ਨੇ ਆਖਿਆ ਕਿ ਉਹ ਆਪਣੇ ਸਾਥੀ ਪੰਜ ਪਿਆਰਿਆਂ ਨਾਲ ਪੱਤਰ ਨੂੰ ਖੋਲ੍ਹਣਗੇ ਅਤੇ ਇਸ ‘ਤੇ 30 ਅਗਸਤ ਨੂੰ ਇਸ ਬਾਰੇ ਕੋਈ ਅਗਲਾ ਫੈਸਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਮੋਰਚੇ ਨਾਲ ਵਿਸ਼ਵਾਸਘਾਤ ਕੀਤਾ ਹੈ।
ਦੱਸਣਯੋਗ ਹੈ ਕਿ ਮੁਤਵਾਜ਼ੀ ਜਥੇਦਾਰ ਵੱਲੋਂ ਇਸ ਮਾਮਲੇ ‘ਚ ਹੁਣ 30 ਅਗਸਤ ਨੂੰ ਅਗਲਾ ਫੈਸਲਾ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ‘ਤੇ ਸਹਿਯੋਗ ਨਾ ਦੇਣ ਦਾ ਦੋਸ਼ ਲਾਇਆ ਸੀ।
ਉਧਰ, ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਾਂਗਰਸ ਦੇ ਮੰਤਰੀ ਤੇ ਵਿਧਾਇਕਾਂ ਦੀ ਕਾਰਵਾਈ ਦਾ ਨੋਟਿਸ ਲੈਂਦਿਆਂ ਦੋਸ਼ ਲਾਇਆ ਕਿ ਉਹ ਸਿੱਖ ਕੌਮ ਨੂੰ ਦੁਫਾੜ ਕਰਨ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਇਨ੍ਹਾਂ ਆਗੂਆਂ ਨੇ ਕੁਝ ਦਿਨ ਪਹਿਲਾਂ ਹੀ ਭਾਈ ਮੰਡ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਉਸ ਨੂੰ ਸਿੱਖ ਪੰਥ ਦੀਆਂ ਨੁਮਾਇੰਦਾ ਸੰਸਥਾਵਾਂ ਵੱਲੋਂ ਜਥੇਦਾਰ ਵਜੋਂ ਕੋਈ ਮਾਨਤਾ ਨਹੀਂ ਹੈ, ਇਸ ਲਈ ਉਹ ਉਸ ਕੋਲ ਪੇਸ਼ ਨਹੀਂ ਹੋ ਸਕਦੇ, ਪਰ ਹੁਣ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਪਲਾਜ਼ਾ ਵਿਚ ਪੇਸ਼ੀ ਦਾ ਨਾਟਕ ਕਰ ਕੇ ਉਨ੍ਹਾਂ ਅਕਾਲ ਤਖ਼ਤ ਦੀਆਂ ਪਰੰਪਰਾਵਾਂ ਤੇ ਮਾਣ ਮਰਿਆਦਾ ਦਾ ਘਾਣ ਕੀਤਾ ਹੈ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਕਾਂਗਰਸ ਦੇ ਮਨਸੂਬਿਆਂ ਤੋਂ ਚੌਕਸ ਰਹੇ।
__________________________________________
ਜਥੇਦਾਰ ਰੋਡੇ ਦਾ ਪੁੱਤਰ ਹਥਿਆਰਾਂ ਸਣੇ ਗ੍ਰਿਫਤਾਰ
ਜਲੰਧਰ: ਪੰਜਾਬ ਪੁਲਿਸ ਨੇ ਇਥੋਂ ਦੇ ਹਰਦਿਆਲ ਨਗਰ ‘ਚ ਰਹਿੰਦੇ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ ਦੇ ਪੁੱਤਰ ਗੁਰਮੁਖ ਸਿੰਘ ਬਰਾੜ ਉਰਫ ਜੀਬੀ ਨੂੰ ਗ੍ਰਿਫਤਾਰ ਕਰ ਲਿਆ। ਉਸ ਕੋਲੋਂ ਭਾਰੀ ਮਾਤਰਾ ‘ਚ ਅਸਲਾ ਅਤੇ ਧਮਾਕਾਖੇਜ ਸਮੱਗਰੀ ਬਰਾਮਦ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਪੁਲਿਸ ਨੇ ਇਸ ਮਾਮਲੇ ਵਿਚ ਫਗਵਾੜਾ ਤੋਂ ਉਸ ਦੇ ਇਕ ਦੋਸਤ ਗਗਨਦੀਪ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ ਉਨ੍ਹਾਂ ਕੋਲੋਂ ਇਕ ਟਿਫਿਨ ਬੰਬ, ਪੰਜ ਹੱਥ ਗੋਲੇ, ਇਕ ਡੱਬਾ ਡੈਟੋਨੇਟਰ, ਦੋ ਟਿਊਬਾਂ (ਜਿਨ੍ਹਾਂ ਵਿਚ ਆਰਡੀਐਕਸ ਹੋਣ ਦਾ ਸ਼ੱਕ), 30 ਬੋਰ ਦਾ ਇਕ ਪਿਸਤੌਲ, ਚਾਰ ਪਿਸਟਲ ਮੈਗਜ਼ੀਨ, ਵੱਡਾ ਧਮਾਕਾ ਕਰਨ ਦੇ ਸਮਰੱਥ ਇਕ ਪੀਲੀ ਤਾਰ, 3 ਲੱਖ 75 ਹਜ਼ਾਰ ਰੁਪਏ, 14 ਪਾਸਪੋਰਟ, ਦੋ ਐਸ.ਯੂ.ਵੀ. ਬਰਾਮਦ ਕੀਤੀਆਂ ਹਨ। ਪੁਲਿਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਸ ਸਾਜ਼ਿਸ਼ ਪਿੱਛੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐਸ.ਆਈ. ਦਾ ਹੱਥ ਹੈ। ਪੁਲਿਸ ਨੇ ਦਾਅਵਾ ਕੀਤਾ ਕਿ ਪੰਜਾਬ ‘ਚ ਅਤਿਵਾਦ ਦੀ ਸੁਰਜੀਤੀ ਅਤੇ ਫਿਰਕੂ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਘੜੀ ਗਈ ਸੀ। ਪੁਲਿਸ ਤਰਜਮਾਨ ਨੇ ਦੱਸਿਆ ਕਿ ਇਹ ਹਥਿਆਰ ਪਾਕਿਸਤਾਨ ਵੱਲੋਂ ਪਿਛਲੇ ਕੁਝ ਸਮੇਂ ਦੌਰਾਨ ਡਰੋਨਾਂ ਰਾਹੀਂ ਭੇਜੇ ਗਏ ਸਨ।
ਗਗਨਦੀਪ ਨੇ ਖੁਲਾਸਾ ਕੀਤਾ ਕਿ ਸਾਰੇ ਹਥਿਆਰ ਉਸ ਦੇ ਦੋਸਤ ਗੁਰਮੁਖ ਸਿੰਘ ਦੇ ਘਰ ਰੱਖੇ ਹੋਏ ਹਨ ਜਿਸ ਮਗਰੋਂ ਛਾਪਾ ਮਾਰ ਕੇ ਹਥਿਆਰ ਬਰਾਮਦ ਕੀਤੇ ਗਏ ਹਨ। ਉਧਰ, ਭਾਈ ਜਸਵੀਰ ਸਿੰਘ ਰੋਡੇ ਨੇ ਦੱਸਿਆ ਕਿ ਪੁਲਿਸ ਰਾਤ ਕੰਧਾਂ ਟੱਪ ਕੇ ਉਨ੍ਹਾਂ ਦੇ ਘਰ ਦਾਖਲ ਹੋਈ। ਉਨ੍ਹਾਂ ਦੱਸਿਆ ਕਿ ਪੁੱਤਰ ਗੁਰਮੁਖ ਸਿੰਘ ਘਰ ਦੀ ਉਪਰਲੀ ਮੰਜ਼ਿਲ ‘ਤੇ ਸੁੱਤਾ ਹੋਇਆ ਸੀ ਅਤੇ ਪੁਲਿਸ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਗੁਰਮੁਖ ਸਿੰਘ ਕੋਲੋਂ ਇਤਰਾਜ਼ਯੋਗ ਸਮੱਗਰੀ ਬਰਾਮਦ ਕਰਨੀ ਹੈ।
ਜਥੇਦਾਰ ਰੋਡੇ ਨੇ ਦਾਅਵਾ ਕੀਤਾ ਕਿ ਜਦੋਂ ਛਾਪੇ ਮਾਰਨ ਵਾਲੀ ਟੀਮ ਗੁਰਮੁਖ ਸਿੰਘ ਨੂੰ ਨਾਲ ਲੈ ਕੇ ਗਈ ਸੀ ਤਾਂ ਉਦੋਂ ਉਨ੍ਹਾਂ ਕੋਲ ਕੋਈ ਵੀ ਸਾਮਾਨ ਨਹੀਂ ਸੀ ਪਰ ਇਕ ਘੰਟੇ ਬਾਅਦ ਪੁਲਿਸ ਫਿਰ ਆਈ ਅਤੇ ਗੁਰਮੁਖ ਸਿੰਘ ਦੇ ਕਮਰੇ ਦੀ ਮੁੜ ਤਲਾਸ਼ੀ ਲੈਣ ਲੱਗ ਪਈ। ਉਨ੍ਹਾਂ ਕਿਹਾ ਕਿ ਸਿਹਤ ਠੀਕ ਨਾ ਹੋਣ ਕਰਕੇ ਉਹ ਪੌੜੀਆਂ ਨਹੀਂ ਚੜ੍ਹ ਸਕਦੇ ਸਨ, ਇਸ ਲਈ ਪੁਲਿਸ ਵਾਲੇ ਇਕੱਲੇ ਹੀ ਉਪਰ ਗਏ ਅਤੇ ਦੋ-ਤਿੰਨ ਘੰਟੇ ਲਾ ਕੇ ਕਮਰੇ ਦੀ ਤਲਾਸ਼ੀ ਲਈ ਤੇ ਦੋ-ਤਿੰਨ ਬੈਗ ਲੈ ਕੇ ਹੇਠਾਂ ਆਏ। ਜਾਂਦੇ ਹੋਏ ਉਹ ਗੁਰਮੁਖ ਸਿੰਘ ਦੀ ਗੱਡੀ ਵੀ ਨਾਲ ਲੈ ਕੇ ਚਲੇ ਗਏ। ਜਥੇਦਾਰ ਰੋਡੇ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਕਿ ਬੈਗਾਂ ਵਿਚ ਕੀ ਸੀ ਜਾਂ ਬੈਗ ਉਹ ਆਪਣੇ ਕੋਲੋਂ ਲੈ ਕੇ ਆਏ ਸਨ।