ਰਾਹ-ਰਿਸ਼ਤੇ

ਡਾ. ਗੁਰਬਖਸ਼ ਸਿੰਘ ਭੰਡਾਲ ਫਿਜਿਕਸ ਦੇ ਅਧਿਆਪਕ ਹਨ, ਪਰ ਉਨ੍ਹਾਂ ਦੀਆਂ ਲਿਖਤਾਂ ਵਿਚ ਫਿਜਿਕਸ ਜਿਹੀ ਖੁਸ਼ਕੀ ਨਹੀਂ, ਸਗੋਂ ਕਾਵਿਕ ਰਵਾਨਗੀ ਹੁੰਦੀ ਹੈ। ਉਹ ਜ਼ਿੰਦਗੀ ਦੇ ਸੱਚ ਦੀਆਂ ਗੱਲਾਂ ਇੰਨੇ ਸਹਿਜ ਭਾਅ ਕਰੀ ਜਾਂਦੇ ਹਨ, ਜਿਵੇਂ ਕੋਈ ਬੜਾ ਸਿਆਣਾ ਬਜ਼ੁਰਗ ਆਪਣੇ ਤੋਂ ਅਗਲੀ ਪੀੜ੍ਹੀ ਨੂੰ ਜ਼ਿੰਦਗੀ ਦੇ ਸੱਚ ਦੱਸ ਰਿਹਾ ਹੋਵੇ। ਪਿਛਲੇ ਲੇਖ ਵਿਚ ਡਾ. ਭੰਡਾਲ ਨੇ ‘ਪੂਰਨਤਾ ਦੇ ਪੰਧ’ ਉਤੇ ਕਦਮ-ਕਦਮ ਤੁਰਦਿਆਂ ਜਿ਼ੰਦਗੀ ਨੂੰ ਭਰਪੂਰਤਾ ਨਾਲ ਜਿਊਣ ਲਈ ਪਹਿਲਕਦਮੀ ਕਰਦੇ ਰਹਿਣ ਦਾ ਹੋਕਾ ਦਿੱਤਾ ਸੀ, ਕਿਉਂਕਿ “ਅੱਧੀ-ਅਧੂਰੀ ਜਿ਼ੰਦਗੀ ਨੂੰ ਜਿਊਣਾ, ਜੀਵਨ ਦੀ ਬੇਅਦਬੀ ਤੇ ਬੇਰੁਹਮਤੀ।…

ਮਨੁੱਖ ਜੀਵਨ ਦੇ ਹਰ ਪੜਾਅ, ਵਕਤ ਦੇ ਹਰ ਪਹਿਰ ਤੇ ਪਲ-ਪਲ ਕੁਝ ਨਾ ਕੁਝ ਸਿੱਖਦਾ ਅਤੇ ਇਸ ਨੂੰ ਆਪਣੀ ਸੋਚ, ਸਮਝ ਅਤੇ ਜੀਵਨ ਸ਼ੈਲੀ ਦਾ ਹਿੱਸਾ ਬਣਾਉਂਦਾ। ਬੰਦੇ ਦਾ ਅਪੂਰਨ ਤੋਂ ਪੂਰਨਤਾ ਨੂੰ ਜਾਣਾ, ਨਿਰੰਤਰ ਕਾਰਜ।” ਹਥਲੇ ਲੇਖ ਵਿਚ ਡਾ. ਭੰਡਾਲ ਕਹਿੰਦੇ ਹਨ, “ਰਾਹਾਂ ਰਾਹੀਂ ਬਣੇ ਰਿਸ਼ਤੇ ਤਾਅ ਉਮਰ ਨਿੱਭਦੇ ਅਤੇ ਰਾਹਾਂ ਦੇ ਸਦਕੇ ਜਾਂਦੇ। ਇਸ ਲਈ ਜਰੂਰੀ ਹੈ ਕਿ ਜਿ਼ੰਦਗੀ ਦੀਆਂ ਰਾਹਾਂ `ਤੇ ਤੁਰਦੇ ਰਹੀਏ ਅਤੇ ਇਨ੍ਹਾਂ `ਤੇ ਤੁਰਦਿਆਂ, ਬਣੇ ਰਿਸ਼ਤਿਆਂ ਨੂੰ ਸਦਾ ਨਿਭਾਉਂਦੇ ਰਹੀਏ, ਕਿਉਂਕਿ ਇਕ ਹੀ ਕੁਤਾਹੀ ਰਿਸ਼ਤਿਆਂ ਦੀ ਤੰਦ ਨੂੰ ਤੋੜਨ ਲਈ ਕਾਫੀ ਹੁੰਦੀ।” “ਅਧਿਆਤਮਕ ਰਾਹਾਂ ‘ਤੇ ਤੁਰਦਿਆਂ ਬਾਬੇ ਨਾਨਕ ਅਤੇ ਭਾਈ ਮਰਦਾਨੇ ਦਾ ਇਹ ਅਜ਼ੀਮ ਤੇ ਅਮੁੱਲਾ ਰਿਸ਼ਤਾ ਹੀ ਸੀ, ਜਿਸ ਨੂੰ ਕਿਸੇ ਸਮਾਜਿਕ ਨਾਮਕਰਣ ਵਿਚ ਨਹੀਂ ਬੰਨਿਆ ਜਾ ਸਕਦਾ।”

ਡਾ. ਗੁਰਬਖਸ਼ ਸਿੰਘ ਭੰਡਾਲ

ਰਾਹ ਤੇ ਰਿਸ਼ਤੇ ਦਾ ਅਜਬ ਜਿਹਾ ਸਬੰਧ ਜਿਹੜਾ ਬਹੁਤ ਸਾਰੇ ਰਾਹਾਂ ਅਤੇ ਰਿਸ਼ਤਿਆਂ ਦੀ ਧਰਾਤਲ ਬਣਦਾ। ਕਦੇ ਕਦੇ ਰਾਹਾਂ ਵਿਚੋਂ ਹੀ ਰਿਸ਼ਤੇ ਸਿਰਜੇ ਜਾਂਦੇ ਅਤੇ ਕਦੇ ਕਦੇ ਰਿਸ਼ਤਿਆਂ ਵਿਚੋਂ ਬਹੁਤ ਸਾਰੇ ਰਾਹ ਨਿਕਲਦੇ।
ਰਾਹਾਂ ਰਾਹੀਂ ਬਣੇ ਰਿਸ਼ਤੇ ਤਾਅ ਉਮਰ ਨਿੱਭਦੇ ਅਤੇ ਰਾਹਾਂ ਦੇ ਸਦਕੇ ਜਾਂਦੇ। ਇਸ ਲਈ ਜਰੂਰੀ ਹੈ ਕਿ ਜਿ਼ੰਦਗੀ ਦੀਆਂ ਰਾਹਾਂ `ਤੇ ਤੁਰਦੇ ਰਹੀਏ ਅਤੇ ਇਨ੍ਹਾਂ ਤੇ ਤੁਰਦਿਆਂ, ਬਣੇ ਰਿਸ਼ਤਿਆਂ ਨੂੰ ਸਦਾ ਨਿਭਾਉਂਦੇ ਰਹੀਏ, ਕਿਉਂਕਿ ਇਕ ਹੀ ਕੁਤਾਹੀ ਰਿਸ਼ਤਿਆਂ ਦੀ ਤੰਦ ਨੂੰ ਤੋੜਨ ਲਈ ਕਾਫੀ ਹੁੰਦੀ।
ਸਭ ਰਾਹਾਂ ‘ਤੇ ਤੁਰਦਿਆਂ ਰਿਸ਼ਤੇ ਨਹੀਂ ਬਣਦੇ। ਕੁਝ ਹੀ ਅਜਿਹੇ ਰਾਹ ਹੁੰਦੇ, ਜਿਨ੍ਹਾਂ ਨੂੰ ਰਿਸ਼ਤੇ ਬਣਾਉਣ ਅਤੇ ਇਨ੍ਹਾਂ ਨੂੰ ਮਾਣਨ ਦਾ ਸ਼ਰਫ ਹਾਸਲ ਹੁੰਦਾ।
ਰਾਹਾਂ ‘ਚ ਬਣੇ ਹੋਏ ਰਿਸ਼ਤੇ ਕੁਝ ਨਾਜ਼ੁਕ ਤੇ ਕੁਝ ਪੀਢੇ। ਕੁਝ ਕੋਮਲ ਤੇ ਕੁਝ ਸਖਤ। ਕੁਝ ਮਲੂਕ ਤੇ ਕੁਝ ਕਰੜ-ਬਰੜੇ। ਕੁਝ ਪਲ ਕੁ ਪਲ ਦੇ ਤੇ ਕੁਝ ਉਮਰ ਭਰ ਦੇ। ਕੁਝ ਸਾਹਾਂ ਵਰਗੇ ਤੇ ਕੁਝ ਸਾਹ-ਸੱਤਹੀਣ। ਕੁਝ ਜਿ਼ੰਦਗੀ ਦੀ ਨਿਸ਼ਾਨਦੇਹੀ ਤੇ ਕੁਝ ਜਿ਼ੰਦਗੀ ਦੀ ਦਰ-ਕਿਨਾਰੀ।
ਰਾਹਾਂ ‘ਚ ਬਣੇ ਹੋਏ ਰਿਸ਼ਤਿਆਂ ਨੂੰ ਇਨ੍ਹਾਂ ਦੀ ਸਾਰਥਿਕਤਾ, ਸਾਦਗੀ, ਸਹਿਜਤਾ, ਸਧਾਰਨਤਾ ਅਤੇ ਸਦੀਵਤਾ ਵਿਚੋਂ ਹੀ ਕਚਿਆਇਆ ਜਾਂ ਪਕਿਆਇਆ ਜਾ ਸਕਦਾ। ਇਹ ਰਿਸ਼ਤੇ, ਰਾਹਾਂ ਦੀ ਤਾਸੀਰ, ਤਕਦੀਰ ਅਤੇ ਤਸਵੀਰ `ਤੇ ਨਿਰਭਰ।
ਕਦੇ ਪੈਦਲ ਚੱਲਦਿਆਂ, ਦੁਸ਼ਵਾਰੀਆਂ, ਖੁਆਰੀਆਂ ਅਤੇ ਦਿਲਦਾਰੀਆਂ ਵਿਚੋਂ ਜਦ ਰਾਹਾਂ ਨੂੰ ਮੰਜਿ਼ਲਾਂ ਮਿਲਦੀਆਂ ਤਾਂ ਇਕ ਰਿਸ਼ਤਾ ਹਮਰਾਹੀ ਨਾਲ ਜੁੜਦਾ, ਜੋ ਜਿ਼ੰਦਗੀ ਦੇ ਹਰ ਪਹਿਰ ਵਿਚ ਉਸ ਸਫਰ ਨੂੰ ਸੁਖਾਵਾਂ ਕਰੀ ਜਾਂਦਾ, ਜਿਸ ਸਦਕਾ ਰਾਹਾਂ `ਤੇ ਪੈਦਲ ਚੱਲਦਿਆਂ ਕਦੇ ਵੀ ਥਕਾਵਟ ਨਹੀਂ ਸੀ ਹੁੰਦੀ। ਇਨ੍ਹਾਂ ਰਾਹ-ਰਸਤਿਆਂ ਦੀ ਹਰ ਨਿਸ਼ਾਨੀ, ਮੋੜ ਅਤੇ ਵੱਲ-ਵਲੇਵੇਂ ਚੇਤਿਆਂ ਵਿਚ ਸਦਾ ਸਜੀਵ ਹੋ ਜਾਂਦੇ।
ਸਕੂਲੀ ਜਾਂ ਕਾਲਜ ਦੀ ਪੜ੍ਹਾਈ ਦੌਰਾਨ, ਇਕ ਹੀ ਸਾਈਕਲ `ਤੇ ਦੋ ਜਾਂ ਤਿੰਨ ਸੰਗੀਆਂ ਵਲੋਂ ਕੀਤਾ ਸਫਰ ਕਦੇ ਵੀ ਥਕੇਵਾਂ ਜਾਂ ਅਕੇਵਾਂ ਨੇੜੇ ਨਹੀਂ ਸੀ ਢੁੱਕਣ ਦਿੰਦਾ। ਗੱਲਾਂ ਕਰਦਿਆਂ ਪਤਾ ਹੀ ਨਹੀਂ ਸੀ ਲੱਗਦਾ ਕਿ ਕਦੋਂ ਘਰ ਤੋਂ ਕਾਲਜ ਪਹੁੰਚ ਜਾਣਾ ਤੇ ਫਿਰ ਕਾਲਜ ਤੋਂ ਘਰ ਨੂੰ ਰਵਾਨਗੀ। ਸਾਈਕਲੀ ਸਫਰ ਦੌਰਾਨ ਪੈਦਾ ਹੋਏ ਸਬੰਧਾਂ ਦੀ ਖੁਸ਼ਬੂ ਹੁਣ ਵੀ ਮਨ-ਚੇਤਿਆਂ ਨੂੰ ਤਰੋਤਾਜ਼ਾ ਕਰ ਜਾਂਦੀ ਆ। ਸਾਈਕਲ ਦਾ ਸਫਰ ਤਾਂ ਹਵਾਈ ਜਹਾਜ਼ ਨਾਲੋਂ ਜਿ਼ਆਦਾ ਅਰਾਮਦਾਇਕ ਅਤੇ ਸੁਖਾਵਾਂ ਹੁੰਦਾ ਸੀ। ਬੇਫਿਕਰੀ ਦੇ ਆਲਮ ਵਿਚ ਬਚਪਨੀ ਪਲਾਂ ਦੌਰਾਨ ਬਣੇ ਇਨ੍ਹਾਂ ਰਿਸ਼ਤਿਆਂ ਵਿਚੋਂ ਤੁਸੀਂ ਉਨ੍ਹਾਂ ਪਲਾਂ ਨੂੰ ਮੁੜ ਤੋਂ ਮਾਣਨਾ ਲੋਚਦੇ ਹੋ, ਜਿਨ੍ਹਾਂ ਨੇ ਜਿ਼ੰਦਗੀ ਨੂੰ ਚਾਨਣ-ਰੱਤੇ ਰਾਹਾਂ ਵੰਨੀਂ ਮੋੜਿਆ ਅਤੇ ਜਿ਼ੰਦਗੀ ਨੂੰ ਸੁਰਖ ਰਾਹਾਂ ਦੀ ਦੱਸ ਪਾਈ।
ਜਿ਼ੰਦਗੀ ਦੀਆਂ ਰਾਹਾਂ ਬਹੁਤ ਵਿਲੱਖਣ, ਵੱਖਰਤਾ ਅਤੇ ਵਿਕਲੋਰਤਾ ਨਾਲ ਭਰੀਆਂ ਹੁੰਦੀਆਂ। ਪਤਾ ਨਹੀਂ ਕਿਸ ਮੋੜ `ਤੇ, ਕਿਸ ਨੇ ਸਾਥੀ ਬਣ ਕੇ ਜੀਵਨ ਨੂੰ ਸੁਖਦਾਈ ਪਲਾਂ ਨਾਲ ਭਰਨਾ ਜਾਂ ਰਾਹਾਂ ਵਿਚ ਕੰਡਿਆਂ ਦੀ ਵਿਛਾਈ ਕਰਕੇ ਦੁੱਖ ਵਣਜਣੇ? ਇਹ ਵਰਤਾਰਾ ਹੀ ਰਾਹਾਂ ਨਾਲ ਸਿਰਜੇ ਰਿਸ਼ਤਿਆਂ ਦਾ ਆਧਾਰ।
ਕੁਝ ਲੋਕ ਰਾਹਾਂ ਵਿਚ ਸਿਰਜੇ ਰਿਸ਼ਤਿਆਂ ਦੀ ਪੌੜੀ ਬਣਾ, ਸਫਲਤਾ ਦਾ ਮੰਜ਼ਰ ਸਿਰਜਣ ਲਈ ਕਾਹਲੇ; ਪਰ ਕੁਝ ਅਜਿਹੇ ਵੀ ਹੁੰਦੇ, ਜੋ ਕਿਸੇ ਲਈ ਪੌੜੀ ਬਣਦੇ ਤਾਂ ਕਿ ਉਹ ਲੋੜਵੰਦ ਅਤੇ ਯੋਗ ਵਿਅਕਤੀ ਲਈ ਮਦਦਗਾਰ ਬਣ ਸਕਣ। ਇਨ੍ਹਾਂ ਵਿਚੋਂ ਹੀ ਰਿਸ਼ਤਿਆਂ ਦੇ ਪਨਪਣ ਵਾਲੀਆਂ ਕਿਸਮਾਂ ਉਜਾਗਰ ਹੁੰਦੀਆਂ। ਸ਼ਗਨਾਂ ਵਾਲੇ ਹੱਥਾਂ ਵਿਚ ਪਕੜਾਇਆ ਨੌਕਰੀ ਤੋਂ ਬਰਖਾਤਗੀ ਦਾ ਪੱਤਰ ਜਦ ਕਿਸੇ ਦੇ ਮਨ ਵਿਚ ਹੱਲਚੱਲ ਪੈਦਾ ਕਰਦਾ ਅਤੇ ਫਿਰ ਕੋਈ ਹਮਰੁਤਬਾ, ਸ਼ਗਨਾਂ ਦੀ ਰੁੱਸੀ ਹੋਈ ਮਹਿੰਦੀ ਨੂੰ ਵਰਾਉਣ ਅਤੇ ਇਸ ਦੀ ਰੰਗਤ ਦੀ ਬਰਕਰਾਰੀ ਲਈ ਹੱਥ ਵਧਾਉਂਦਾ ਤਾਂ ਇਸ ਨਾਲ ਅਜਿਹੇ ਰਿਸ਼ਤੇ ਸਥਾਪਤ ਹੁੰਦੇ, ਜੋ ਉਮਰ ਦੀਆਂ ਹੱਦਾਂ ਤੋਂ ਵੀ ਅੱਗੇ ਲੰਘ ਜਾਂਦੇ। ਕੁਝ ਅਜਿਹਾ ਹੀ ਰਿਸ਼ਤਾ ਡਾ. ਹਰਭਜਨ ਸਿੰਘ ਦਿਓਲ ਨਾਲ ਜਿ਼ੰਦਗੀ ਦੇ ਉਸ ਮੋੜ `ਤੇ ਜੁੜਿਆ ਜਦ ਨਵੇਂ-ਵਿਆਹੇ ਨੂੰ ਸੁਧਾਰ ਕਾਲਜ ਦੀ ਮੈਨੇਜਮੈਂਟ ਨੇ ਨੌਕਰੀ ਤੋਂ ਟਰਮੀਨੇਸ਼ਨ ਦਾ ਆਰਡਰ ਦਿੱਤਾ ਅਤੇ ਡਾ. ਦਿਓਲ ਨੇ ਇਸ ਦੀ ਭਾਜੀ, ਸਰਕਾਰੀ ਨੌਕਰੀ ਦੇ ਰੂਪ ਵਿਚ ਮੋੜੀ।
ਰਾਹਾਂ ਵਿਚ ਤੁਰਦਿਆਂ ਅਛੋਪਲੇ ਜਿਹੇ ਕੁਝ ਰਿਸ਼ਤੇ ਅਜਿਹੇ ਸਿਰਜ ਹੋ ਜਾਂਦੇ, ਜਿਨ੍ਹਾਂ ਨੂੰ ਨਿਭਾਉਣ ਲਈ ਸਿਰ ਧੜ ਦੀ ਬਾਜੀ ਵੀ ਲਾਉਣੀ ਪੈਂਦੀ। ਭਾਵੇਂ ਇਹ ਸੋਹਣੀ-ਮਹੀਂਵਾਲ ਦਾ ਪਿਆਰ ਹੋਵੇ, ਪੁਨੂੰ ਬਲੋਚ ਦੀ ਸੱਸੀ ਨਾਲ ਮੁਹੱਬਤ ਹੋਵੇ ਜਾਂ ਹੀਰ-ਰਾਂਝੇ ਦੀ ਪਿਆਰ-ਕਹਾਣੀ ਦਾ ਬਿਰਤਾਂਤ ਹੋਵੇ।
ਰਾਹ `ਤੇ ਤੁਰਦਿਆਂ ਬਹੁਤੀ ਵਾਰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਅਸੀਂ ਆਪਣੇ ਹਮਸਫਰ ਨਾਲ ਰਿਸ਼ਤੀ ਤੰਦਾਂ ਵਿਚ ਬੱਝ ਜਾਂਦੇ। ਯਾਦਗਾਰੀ ਪਲਾਂ ਦਾ ਨਿਉਂਦਾ, ਸਾਡੀ ਤਲੀ `ਤੇ ਧਰ ਸਮੁੱਚੀ ਜਿ਼ੰਦਗੀ ਨੂੰ ਹੁਸੀਨ ਪਲਾਂ ਨਾਲ ਤਰੋਤਾਜਾ ਕਰਦਾ ਰਹਿੰਦਾ। ਬੱਸ, ਰੇਲ ਗੱਡੀ ਜਾਂ ਹਵਾਈ ਸਫਰ ਦੌਰਾਨ ਸਿਰਜੀਆਂ ਉਨ੍ਹਾਂ ਪਿਆਰੀਆਂ ਸਾਂਝਾਂ ਨੂੰ ਅਸੀਂ ਅਕਸਰ ਹੀ ਯਾਦ ਕਰਦੇ ਹਾਂ। ਨਾਲ-ਨਾਲ ਸਫਰ ਕਰਦਿਆਂ, ਕਈ ਵਾਰ ਤਾਂ ਗੋਡੇ ਵੀ ਆਪਸੀ ਗੁਫਤਗੂ ਜਾਂ ਹੱਥਾਂ ਦੀ ਮੂਕ ਸੰਵੇਦਨਾ ਬਹੁਤ ਸਾਰੇ ਅਜਿਹੇ ਸਬੰਧਾਂ ਨੂੰ ਜਨਮ ਦਿੰਦੀ, ਜਿਨ੍ਹਾਂ ਨਾਲ ਜਿ਼ੰਦਗੀ ਦੇ ਧੁਆਂਖੇ ਪਲਾਂ ਨੂੰ ਰੌਸ਼ਨੀ ਦੀ ਕਾਤਰ ਪ੍ਰਾਪਤ ਹੁੰਦੀ। ਜੀਵਨ, ਚਾਨਣ ਵਿਚ ਨਹਾਉਂਦਾ ਅਤੇ ਸਾਹਾਂ ਦੀ ਸੁਖਨਤਾ ਨੂੰ ਆਪਣਾ ਕਰਮ ਬਣਾਉਂਦਾ।
ਸੰਘਰਸ਼ ਦੇ ਰਾਹ `ਤੇ ਚੱਲਣ ਵਾਲੇ ਜੁਝਾਰੂ ਮਨਾਂ ਵਿਚ ਜਦ ਰੂਹ-ਰੰਗਤਾ ਦੀ ਦਰਵੇਸ਼ੀ ਦਸਤਕ ਦਿੰਦੀ ਤਾਂ ਉਨ੍ਹਾਂ ਦਾ ਆਪਣੇ ਸਾਥੀਆਂ ਨਾਲ ਇਕ ਬੇਜੋੜ ਤੇ ਬੇਮਿਸਾਲ ਰਿਸ਼ਤਾ ਪੈਦਾ ਹੋ ਜਾਂਦਾ। ਇਸ ਨੂੰ ਮਾਨਸਿਕ, ਸਰੀਰਕ ਜਾਂ ਆਰਥਿਕ ਪੱਖ ਤੋਂ ਪਰ੍ਹਾਂ ਜਾ ਕੇ ਸੋਚਿਆ ਤੇ ਸਮਝਿਆ ਜਾ ਸਕਦਾ। ਇਹ ਰਿਸ਼ਤੇ ਹੀ ਸੰਘਰਸ਼ ਨੂੰ ਸਿਖਰ `ਤੇ ਪਹੁੰਚਾ, ਇਸ ਦੀ ਬੁਲੰਦਗੀ ਵਿਚ ਪ੍ਰਾਪਤੀਆਂ ਦੀ ਤਵਾਰੀਖ ਸਿਰਜਦੇ। ਇਨ੍ਹਾਂ ਸੰਘਰਸ਼ਾਂ ਵਿਚੋਂ ਕੁਝ ਅਜਿਹੀਆਂ ਜੋੜੀਆਂ ਪੈਦਾ ਹੁੰਦੀਆਂ, ਜਿਨ੍ਹਾਂ `ਤੇ ਸਮੁੱਚਾ ਸਮਾਜ ਰਸ਼ਕ ਕਰਦਾ।
ਅਧਿਆਤਮਕ ਰਾਹਾਂ ‘ਤੇ ਤੁਰਦਿਆਂ ਬਾਬਾ ਨਾਨਕ ਅਤੇ ਭਾਈ ਮਰਦਾਨੇ ਦਾ ਇਹ ਅਜ਼ੀਮ ਤੇ ਅਮੁੱਲਾ ਰਿਸ਼ਤਾ ਹੀ ਸੀ, ਜਿਸ ਨੂੰ ਕਿਸੇ ਸਮਾਜਿਕ ਨਾਮਕਰਣ ਵਿਚ ਨਹੀਂ ਬੰਨਿਆ ਜਾ ਸਕਦਾ। ਇਹ ਰਿਸ਼ਤੇ ਦੌਰਾਨ ਹੀ ਭਾਈ ਮਰਦਾਨੇ ਦੀ ਰਬਾਬ ਦੀ ਸੰਗਤ ਵਿਚ ਬਾਬਾ ਨਾਨਕ ਵਲੋਂ ਉਚਾਰੀ ਗਈ ਗੁਰਬਾਣੀ ਨੇ ਮਨੁੱਖਤਾ ਨੂੰ ਧਰਮ-ਕਰਮ ਦੀ ਉਚਾਈ ਅਤੇ ਪਾਪ, ਅਨਿਆਂ ਤੇ ਜ਼ਬਰ ਖਿਲਾਫ ਆਵਾਜ਼ ਦੀ ਬੁਲੰਦਗੀ ਨੂੰ ਨਵੀਂ ਪਛਾਣ ਦਿੱਤੀ। ਬਾਬਾ ਨਾਨਕ ਦੀਆਂ ਉਦਾਸੀਆਂ ਨੇ ਮਨੁੱਖੀ ਤਵਾਰੀਖ ਵਿਚ ਸਿੱਖ ਧਰਮ ਦੀ ਮੋੜੀ ਗੱਡੀ। ਆਮ ਲੋਕਾਈ ਨੂੰ ਇਸ ਨੂੰ ਵਿਚਾਰਨ, ਵਿਸਥਾਰਨ ਅਤੇ ਅਪਨਾਉਣ ਵੰਨੀਂ ਪੇ੍ਰਰਿਤ ਕੀਤਾ। ਅਜਿਹਾ ਧਰਮ, ਜੋ ਦੁਨਿਆਵੀ ਰੂਪ ਹੰਢਾਉਂਦਿਆਂ, ਮਨੁੱਖ ਨੂੰ ਪਰਮ ਮਨੁੱਖ ਬਣਨ ਵੰਨੀਂ ਸਦਾ ਹੀ ਉਤਸ਼ਾਹਿਤ ਕਰਦਾ ਹੈ।
ਰਾਹ ਤਾਂ ਰਿਸ਼ਤਿਆਂ ਦੀ ਸਿਰਜਣਾ ਦੇ ਨਾਲ-ਨਾਲ, ਉਨ੍ਹਾਂ ਦੀ ਪਰਖ ਦਾ ਵਸੀਲਾ ਵੀ ਹਨ। ਇਨ੍ਹਾਂ ਰਾਹਾਂ ਵਿਚ ਹੀ ਆਪਣੇ ਤੇ ਬਿਗਾਨੇ, ਮਿੱਤਰ ਤੇ ਦੁਸ਼ਮਣ, ਸੱਜਣ ਤੇ ਠੱਗ, ਪਾਕੀਜ਼ ਤੇ ਪਲੀਤ ਅਤੇ ਪਾਰਦਰਸ਼ੀ ਤੇ ਬਹੁਰੂਪੀਆਂ ਦੀ ਪਛਾਣ ਹੁੰਦੀ। ਜਿ਼ੰਦਗੀ ਦੀ ਜਦੋ-ਜਹਿਦ ਵਿਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹਿਣ, ਤੂਤ ਦੇ ਮੋਛੇ ਵਰਗਾ ਸਾਥ ਨਿਭਾਉਣ ਅਤੇ ਜਿੰਦ ਬਦਲੇ ਸਬੰਧਾਂ ਨੂੰ ਆਂਚ ਵੀ ਨਾ ਆਉਣ ਦੇਣ ਵਾਲੇ ਲੋਕ, ਰਾਹਾਂ ਵਿਚ ਸਿਰਜੇ ਰਿਸ਼ਤਿਆਂ ਦਾ ਸੁੱਚਮ ਤੇ ਉਚਮ ਹੁੰਦੇ।
ਨਵੀਆਂ ਰਾਹਾਂ ਸਿਰਜਣ ਲਈ ਮਨ ਦੀ ਸਕਾਰਾਤਮਿਕਤਾ `ਤੇ ਮਾਣ ਕਰੋ ਅਤੇ ਨਕਾਰਾਤਮਿਕਤਾ ਨੂੰ ਨਕਾਰੋ। ਯਾਦ ਰੱਖੋ! ਤਰਨਾ ਸਿੱਖੋ, ਡੁੱਬ ਤਾਂ ਬੰਦਾ ਆਪੇ ਹੀ ਜਾਂਦਾ। ਸੁਪਨੇ ਸਿਰਜੋ, ਸੁਪਨਿਆਂ ਨੂੰ ਤੋੜਨ ਵਾਲੇ ਆਲੇ-ਦੁਆਲੇ ਬਹੁਤ ਨੇ। ਪਾਣੀ ਦੇ ਵਹਾਅ ਦੇ ਉਲਟ ਤਰਨ ਦੀ ਜੁ਼ਅਰਤ ਕਰੋ, ਵਹਾਅ ਦੀ ਦਿਸ਼ਾ `ਚ ਪਾਣੀ ਆਪੇ ਲੈ ਜਾਵੇਗਾ। ਅੰਬਰੀਂ ਉਡਾਰੀਆਂ ਮਾਰਨ ਦੀ ਤਮੰਨਾ ਪੈਦਾ ਕਰੋ, ਧਰਤੀ `ਤੇ ਸੁੱਟਣ ਵਾਲੇ ਤਾਂ ਆਪੇ ਹੀ ਆ ਜਾਣੇ। ਡਿੱਗ ਕੇ ਖੁਦ ਉਠੋ, ਸਿੱਟਣ ਵਾਲੇ ਤਾਂ ਸਾਡੇ ਆਪਣੇ ਹੀ ਹੁੰਦੇ। ਆਪਣੀਆਂ ਖੂਬੀਆਂ ਦੇਖੋ, ਖਾਮੀਆਂ ਤਾਂ ਲੋਕਾਂ ਨੇ ਲੱਭ ਹੀ ਲੈਣੀਆਂ। ਸੁੰਨੇ ਆਲ੍ਹਿਆਂ ਵਿਚ ਦੀਵੇ ਜਗਾਉ, ਬੁਝਾਉਣ ਲਈ ਫੂਕਾਂ ਮਾਰਨ ਵਾਲੇ ਬਹੁਤ ਆ। ਬਨੇਰੇ `ਤੇ ਮੋਮਬੱਤੀਆਂ ਜਗਾਉਣ ਦਾ ਹੀਆ ਕਰੋ, ਹਨੇਰੀ ਨੇ ਤਾਂ ਬੁਝਾਉਣੀਆਂ ਹੀ ਹੁੰਦੀਆਂ। ਅਗਾਂਹ ਨੂੰ ਪੈਰ ਰੱਖੋ, ਲੱਤਾਂ ਖਿੱਚਣ ਲਈ ਲੋਕ ਜੁ ਹੈਨ।
ਰਾਹਾਂ ਵਿਚੋਂ ਪੈਦਾ ਹੋਏ ਰਿਸ਼ਤਿਆਂ ਵਿਚੋਂ ਬਹੁਤ ਸਾਰੇ ਹੋਰ ਰਾਹ ਨਿਕਲਦੇ, ਜਿਹੜੇ ਉਨ੍ਹਾਂ ਦਿਸਹੱਦਿਆਂ ਵੱਲ ਧਿਆਨ ਦਿਵਾਉਂਦੇ, ਜੋ ਸਾਥੋਂ ਓਹਲੇ ਹੁੰਦੇ। ਇਨ੍ਹਾਂ ਨੇ ਹੀ ਹੋਰ ਰਾਹਾਂ ਦੀ ਦੱਸ ਪਾ ਕੇ ਨਵੇਂ ਰਿਸ਼ਤਿਆਂ ਦੀ ਸਿਰਜਣਾ ਜੁ ਕਰਨੀ ਹੁੰਦੀ।
ਰਾਹਾਂ ‘ਚੋਂ ਰਿਸ਼ਤੇ ਅਤੇ ਰਿਸ਼ਤਿਆਂ ‘ਚੋਂ ਰਾਹ ਨਿਕਲਦੇ ਰਹਿਣ ਤਾਂ ਜੀਵਨ ਨੂੰ ਉਚੇਰੀਆਂ ਬੁਲੰਦੀਆਂ `ਤੇ ਪਹੁੰਚਣ ਅਤੇ ਨਵੇਂ ਸਿ਼ਲਾਲੇਖਾਂ ਨੂੰ ਉਕਰਨ ਵਿਚ ਜਿ਼ਆਦਾ ਮੁਸ਼ੱਕਤ ਨਹੀਂ ਕਰਨੀ ਪੈਂਦੀ। ਲੋੜ ਹੈ ਕਿ ਮਨੁੱਖ ਰਾਹਾਂ `ਤੇ ਤੁਰਦਿਆਂ ਸੁਲੱਗ ਤੇ ਸੁਯੋਗ ਰਿਸ਼ਤਿਆਂ ਨੂੰ ਸਿਰਜਦਾ ਰਹੇ। ਫਿਰ ਖੁਦ-ਬ-ਖੁਦ ਹੀ ਇਨ੍ਹਾਂ ਰਿਸ਼ਤਿਆਂ ਵਿਚੋਂ ਹੋਰ ਪਗਡੰਡੀਆਂ ਨੇ ਆਪਣਾ ਮੁਹਾਂਦਰਾ ਉਜਾਗਰ ਕਰਦੇ ਰਹਿਣਾ ਅਤੇ ਨਵੇਂ ਰਿਸ਼ਤਿਆਂ ਦੀ ਉਤਪਤੀ ਦਾ ਸਬੱਬ ਬਣਦੇ ਰਹਿਣਾ।
ਮਨੁੱਖ ਦੀ ਜਿ਼ੰਦਗੀ ਦੇ ਅਨੇਕਾਂ ਰਾਹ ਅਤੇ ਇਨ੍ਹਾਂ ਰਾਹਾਂ `ਤੇ ਉਸਰੇ ਹੁੰਦੇ ਨੇ ਅਨੇਕਾਂ ਰਿਸ਼ਤੇ। ਇਨ੍ਹਾਂ ਰਿਸ਼ਤਿਆਂ ਦੀ ਆਪੋ-ਆਪਣੀ ਅਹਿਮੀਅਤ, ਅਮੁੱਲਤਾ, ਅੰਤਰੀਵਤਾ ਆਸਥਾ ਅਤੇ ਅਤੁੱਲਤਾ। ਇਨ੍ਹਾਂ ਨੂੰ ਇਨ੍ਹਾਂ ਦੇ ਸੰਦਰਭ ਵਿਚ ਸਮਝ ਕੇ, ਰਿਸ਼ਤਿਆਂ ਦੀ ਸਾਰਥਿਕਤਾ, ਸਬੱਬਤਾ ਅਤੇ ਸਦੀਵਤਾ ਨੂੰ ਪਛਾਣਿਆ ਤੇ ਮਾਣਿਆ ਜਾ ਸਕਦਾ।
ਅਧਿਆਪਨੀ ਸਫਰ ਦੌਰਾਨ ਅਚੇਤ ਰੂਪ ਵਿਚ ਬਹੁਤ ਸਾਰੇ ਗੁਰੂ-ਸਿ਼ਸ ਦੇ ਰਿਸ਼ਤੇ ਪਨਪਦੇ, ਜਿਨ੍ਹਾਂ ਦੀ ਸੁਗੰਧ ਤੁਹਾਨੂੰ ਮਹਿਕ ਨਾਲ ਲਬਰੇਜ਼ ਕਰਦੀ। ਇਨ੍ਹਾਂ ‘ਚੋਂ ਮਨੁੱਖ ਨੂੰ ਸੰਤੋਖ, ਸੰਤੁਸ਼ਟੀ ਅਤੇ ਕੁਝ ਚੰਗੇਰਾ ਕਰਨ ਦਾ ਅਹਿਸਾਸ ਹਾਵੀ ਰਹਿੰਦਾ। ਕਦੇ ਸਫਰ ਕਰਦਿਆਂ, ਬਾਜ਼ਾਰ ਵਿਚ ਫਿਰਦਿਆਂ ਜਾਂ ਵਿਦੇਸ਼ੀ ਧਰਤੀ `ਤੇ ਘੁੰਮਦਿਆਂ ਜਦ ਕੋਈ ਅਚਨਚੇਤੀ ਹੀ ਤੁਹਾਨੂੰ ਪਛਾਣ ਕੇ ਹਾਕ ਮਾਰਦਾ ਅਤੇ ਆਪਣੀ ਪਛਾਣ ਦੱਸ ਕੇ ਵਿਦਿਆਰਥੀ ਦੇ ਰੂਪ ਵਿਚ ਬਣੇ ਰਿਸ਼ਤੇ ਨੂੰ ਫਿਰ ਤੋਂ ਨਵਿਆਉਂਦਾ ਤਾਂ ਬਹੁਤ ਚੰਗਾ ਲੱਗਦਾ। ਉਨ੍ਹਾਂ ਦੀਆਂ ਨਵੀਂਆਂ ਪਛਾਣਾਂ ਅਤੇ ਸਥਾਪਤੀਆਂ ‘ਤੇ ਫਖਰ ਹੁੰਦਾ ਅਤੇ ਮਨ ਧੰਨਭਾਗਤਾ ਵਿਚ ਡੁੱਬ ਜਾਂਦਾ।
ਕਲਮ ਦੀ ਰਾਹ `ਤੇ ਚੱਲਦਿਆਂ ਜਾਣੇ-ਅਣਜਾਣੇ ਅਜਿਹੇ ਰਿਸ਼ਤੇ ਸਥਾਪਤ ਹੋਏ, ਜਿਨ੍ਹਾਂ ਨੂੰ ਭਾਵੇਂ ਤੁਸੀਂ ਕਦੇ ਵੀ ਨਾ ਮਿਲੋ, ਪਰ ਹਰਫਾਂ ਦੀ ਸਾਂਝ ਸਦਾ ਬਰਕਰਾਰ। ਹਰਫਾਂ ਵਿਚੋਂ ਜਿ਼ੰਦਗੀ ਨੂੰ ਖੁਸ਼ਨਸੀਬੀ ਤੇ ਜਿ਼ੰਦਾਦਿਲੀ ਮਿਲਦੀ। ਜੀਵਨ-ਰਾਹ ਹਰਿਆਵਲ ਅਤੇ ਸਾਹ-ਸੰਜੀਦਗੀ ਨਾਲ ਭਰਦੇ। ਇਨ੍ਹਾਂ ਰਿਸ਼ਤਿਆਂ ਦੀ ਦੁਆ, ਕਲਮ ਦੀ ਕਸਤੂਰੀ, ਕਰਮਯੋਗਤਾ ਅਤੇ ਕਿਰਤ-ਸਾਧਨਾ ਲਈ ਕਰਤਾਰੀ ਸ਼ਕਤੀ ਬਣਦੀ। ਜਦ ਕੋਈ ਪਾਠਕ ‘ਘਰ ਅਰਦਾਸ ਕਰੇ’ ਵਿਚੋਂ ਘਰ ਨੂੰ ਸਵਰਗ ਬਣਾਉਣ ਦੀ ਲੋਚਾ ਪੈਦਾ ਕਰੇ, ‘ਸਾਹ-ਸੁਰੰਗੀ’ ਪੜ੍ਹ ਕੇ ਸਾਹਾਂ ਨੂੰ ਜਿਉਣ ਜੋਗਾ ਕਰੇ, ਬਾਪ ਬਾਰੇ ਲਿਖਤ ਪੜ੍ਹ ਕੇ ਪਰਦੇਸ ਵੱਸਦਾ ਪੁੱਤਰ, ਤੁਹਾਡੇ ਬਾਪ ਦੀ ਫੋਟੋ ਹੀ ਕੰਧ `ਤੇ ਚਿਪਕਾ ਲਵੇ ਅਤੇ ਪਿਆਰੇ ਪਾਠਕਾਂ ਦੇ ਸੁਨੇਹੇ ਤੁਹਾਡੀ ਕਲਮ ਲਈ ਵਰਦਾਨ ਮੰਗਦੇ ਹੋਣ ਤਾਂ ਇਨ੍ਹਾਂ ਰਿਸ਼ਤਿਆਂ ਦੀ ਪਾਕੀਜ਼ਗੀ, ਸਾਫਗੋਈ ਅਤੇ ਅਲਬੇਲਤਾ `ਤੇ ਬਹੁਤ ਨਾਜ਼ ਹੁੰਦਾ। ਅਜਿਹੇ ਰਿਸ਼ਤੇ ਹੀ ਕਲਮ ਨੂੰ ਜਿਊਣ ਜੋਗਾ ਕਰਦੇ। ਕਲਮ ਵਾਲੇ ਹੱਥਾਂ ਲਈ ਅਸੀਸਾਂ ਅਤੇ ਦੁਆਵਾਂ ਬਣਦੇ। ਇਨ੍ਹਾਂ ਅਸ਼ੀਰਵਾਦਾਂ ਸਦਕਾ ਹੀ ਕਲਮੀ ਸਫਰ ਨਿੱਤ ਨਵੇਂ ਰਾਹਾਂ `ਤੇ ਨਵੀਆਂ ਪੈੜਾਂ ਸਿਰਜਣ ਵਿਚ ਮਸ਼ਰੂਫ। ਹੋਰ ਨਵੇਂ ਰਿਸ਼ਤੇ ਪੈਦਾ ਕਰਨ ਲਰੀ ਉਤਸ਼ਾਹ ਅਤੇ ਉਮਾਹ ਰਹਿੰਦਾ। ਅੱਖਰਕਾਰੀ ਆਪਣੀਆਂ ਹੱਦਾਂ ਤੇ ਸਮਰੱਥਾਵਾਂ ਤੋਂ ਪਰੇ ਜਾ ਕੇ ਕੁਝ ਨਿਵੇਕਲਾ ਅਤੇ ਅਲੋਕਾਰੀ ਕਰਨ `ਚ ਦ੍ਰਿੜ ਰਹਿੰਦੀ।
ਜੀਵਨ-ਰਾਹਾਂ `ਤੇ ਵੀ ਕਈ ਵਾਰ ਅਜਿਹੇ ਰਿਸ਼ਤੇ ਦਸਤਕ ਦੇਣ ਲਈ ਕਾਹਲੇ ਹੁੰਦੇ, ਜਿਹੜੇ ਵਿਵਰਜਿਤ, ਵਿਸ਼ਵਾਸਘਾਤੀ ਜਾਂ ਕਿਸੇ ਖਾਸ ਮਕਸਦ ਲਈ ਕੁਝ ਕੁ ਲੋਕਾਂ ਵਲੋਂ ਅਣਚਾਹੇ ਰੂਪ ਵਿਚ ਸਿਰਜੇ ਜਾਂਦੇ। ਇਹ ਕਦੇ ਵੀ ਸਥਾਈ ਤੇ ਸਾਂਵੇਂ ਨਹੀਂ ਹੁੰਦੇ। ਇਹ ਤਾਂ ਸਿਰਫ ਲੋੜ ਪੂਰਤੀ, ਮੁਫਾਦ, ਜਾਂ ਨਿੱਜੀ ਲੋਭ ਤੀਕ ਹੀ ਸੀਮਤ। ਅਜੋਕੇ ਯੁੱਗ ਵਿਚ ਸੋਸ਼ਲ ਮੀਡੀਆ ਰਾਹੀਂ ਕਿਸੇ ਨੂੰ ਰਿਸ਼ਤਿਆਂ ਦੇ ਜਾਲ ਵਿਚ ਫਸਾ ਕੇ ਫਿਰੌਤੀ ਲੈਣੀ, ਜਾਸੂਸੀ ਕਰਨੀ, ਖਾਸ ਅਹੁਦੇ ਦੀ ਪ੍ਰਾਪਤੀ ਕਰਨੀ ਜਾਂ ਕਿਸੇ ਦੀ ਇੱਜਤ ਨਾਲ ਖਿਲਵਾੜ ਕਰਨਾ, ਆਮ ਵਰਤਾਰਾ ਹੈ। ਇਹ ਲੋਕਾਂ ਦੀ ਬਿਮਾਰ ਮਾਨਸਿਕਤਾ ਦਾ ਪ੍ਰਗਟਾਵਾ। ਇਸ ਵਿਚੋਂ ਸਿਰਜੇ ਰਿਸ਼ਤਿਆਂ ਕਾਰਨ ਨਮੋਸ਼ੀ ਅਤੇ ਹੀਣ-ਭਾਵਨਾ ਸਹਿਣ ਲਈ ਮਜਬੂਰ ਹੋਣਾ ਪੈਂਦਾ।
ਕਈ ਵਾਰ ਰਾਹੇ ਰਾਹ ਤੁਰੇ ਜਾਂਦਿਆਂ ਕੁਝ ਰਿਸ਼ਤੇ ਤੁਹਾਡੀ ਪਛਾਣ ਨਾਲ ਵੀ ਜੁੜੇ ਹੁੰਦੇ। ਲੋੜ ਹੁੰਦੀ ਕਿ ਇਹ ਪਛਾਣ ਹਮੇਸ਼ਾ ਜਿ਼ਕਰਯੋਗ ਅਤੇ ਸੁਨੱਖੀ ਹੀ ਰਹੇ। ‘ਕੇਰਾਂ ਅਮਰੀਕਾ ਵਿਚ ਸਿਟੀ ਸੈਂਟਰ ਨੂੰ ਜਾਂਦਿਆਂ, ਇਕ ਗੋਰਾ ਮੇਰੀ ਪੱਗ ਵੇਖ ਕੇ ਕਹਿਣ ਲੱਗਾ ਕਿ ਮਿਸਟਰ ਡਾਕਟਰ, ਮੈਂ ਤੁਹਾਡੇ ਕੋਲੋਂ ਮੈਡੀਕਲ ਸਲਾਹ ਲੈਣੀ ਹੈ। ਮੈਂ ਅਚੰਭਿਤ ਹੋ ਗਿਆ ਅਤੇ ਮੁਆਫੀ ਮੰਗ ਕੇ ਕਿਹਾ ਕਿ ਮੈਂ ਮੈਡੀਕਲ ਡਾਕਟਰ ਨਹੀਂ, ਸਗੋਂ ਵਿਗਿਆਨ ਦਾ ਡਾਕਟਰ ਹਾਂ। ਬਾਅਦ ਵਿਚ ਪਤਾ ਲੱਗਾ ਕਿ ਕਲੀਵਲੈਂਡ ਵਿਚ ਵੱਸਦੇ ਗੋਰਿਆਂ ਲਈ, ਹਰ ਪਗੜੀਧਾਰੀ ਡਾਕਟਰ ਹੈ। ਪਹਿਲੇ ਸਮਿਆਂ ਵਿਚ ਜਿ਼ਆਦਾਤਰ ਸਿੱਖ ਡਾਕਟਰ ਪਗੜੀਧਾਰੀ ਹੀ ਸਨ। ਅਜਿਹੇ ਰਿਸ਼ਤੇ ਬਹੁਤ ਮਾਣਯੋਗ ਹੁੰਦੇ। ਆਪਣੇ ਬਜੁਰਗਾਂ ਦੀ ਮਾਣਮੱਤੀ ਸ਼ਖਸੀਅਤ `ਤੇ ਨਾਜ਼ ਹੁੰਦਾ, ਜਿਨ੍ਹਾਂ ਨੇ ਪੱਗ ਨੂੰ ਸਿੱਖਾਂ ਦੀ ਅਲੋਕਾਰੀ ਪਛਾਣ ਬਣਾ ਕੇ ਗੋਰਿਆਂ ਦੇ ਹਿਰਦਿਆਂ ਵਿਚ ਆਪਣੀ ਥਾਂ ਨਿਸ਼ਚਿਤ ਕਰ ਲਈ ਹੈ।
ਰਿਸ਼ਤਿਆਂ ‘ਚ ਰੰਗੇ ਹੋਏ ਰਾਹਾਂ ਦੀ ਨਗਰੀ ‘ਚ
ਜਦ ਕਦੇ ਪੈਰ ਮੈਂ ਧਰਾਂ।
ਸੂਹੇ ਸੂਹੇ ਪਲਾਂ ਦੀ ਸੁਗਾਤ ਪਾ ਕੇ ਝੋਲੀ ਵਿਚ
ਸਾਹਾਂ ਨੂੰ ਜਿਊਣ ਜੋਗਾ ਕਰਾਂ।
ਉਮਰ ਦੇ ਪੜਾਵਾਂ ਵਿਚ ਲੰਘੇ ਹੋਏ ਵਕਤਾਂ ਦੀ
ਜਦ ਵੀ ਨਿਸ਼ਾਨਦੇਹੀ ਕਰਾਂ,
ਤਾਂ ਯਾਦਾਂ ਦੀਆਂ ਸੰਦੂਕੜੀ ‘ਚ
ਪਈਆਂ ਹੋਈਆਂ ਯਾਦਾਂ ਨੂੰ
ਮੱਥੇ ਦੀ ਵਹੀ ‘ਚ ਧਰਾਂ।
ਇਸ ਵਿਚ ਉਕਰੇ ਹਿੰਦਸਿਆਂ ਦੀ ਗਿਣਤੀ ਨੂੰ
ਦੱਸੋ ਕੀਹਦੇ ਨਾਮ ਮੈਂ ਕਰਾਂ?
ਅਮੀਰ ਜਿਹੀ ਵਿਰਾਸਤ ਨੂੰ ਕਿਤਾਬਾਂ ਵਿਚ ਸਾਂਭਿਆ
ਹੁਣ ਜ਼ਰਜ਼ਰੀ ਹੋਣ ਤੋਂ ਡਰਾਂ।
ਲਹਿੰਦੀ ਤਰਕਾਲਾਂ ਵੇਲੇ ਬੈਠਾ ਇਹੋ ਸੋਚਦਾ ਹਾਂ
ਇਨ੍ਹਾਂ ਦਾ ਭਲਾ ਕੀ ਕਰਾਂ?
ਅਤੇ ਇਸ ਦੀ ਜੂਹ ਵਿਚ ਮਹਿਕਾਂ ਦੀਆਂ ਵਾਦੀਆਂ ਨੂੰ
ਅੱਖਰਾਂ ਦੇ ਨਾਮ ਮੈਂ ਕਰਾਂ।
ਤੇ ਆਪਣਿਆਂ ਸ਼ਬਦਾਂ ਨੂੰ ਸਫਿਆਂ ਦੇ ਨਾਮ ਕਰ
ਕਾਪੀਆਂ ਦੇ ਸਫੇ ਮੈਂ ਭਰਾਂ
ਤੇ ਜਿ਼ੰਦਗੀ ‘ਚ ਭਰੇ ਹੋਏ ਰਿਸ਼ਤਿਆਂ ਦੀ ਸੰਗਤੀ ਨਾਲ
ਹਰ ਸਾਕ ‘ਚ ਸੁਖਨ ਭਰਾਂ।
ਰਾਹਾਂ ‘ਚ ਸਿਰਜੇ ਹੋਏ ਰਿਸ਼ਤੇ ਵਰਤਣ ਲਈ ਨਹੀਂ ਹੁੰਦੇ। ਸਗੋਂ ਇਨ੍ਹਾਂ ਦੀ ਮਹਿਕ ਨੂੰ ਸਾਹਾਂ ਦੇ ਨਾਮ ਲਾਉਣਾ ਹੁੰਦਾ ਅਤੇ ਖੁਦ ਨੂੰ ਅੰਦਰੋਂ ਜਗਾਉਣਾ ਹੁੰਦਾ। ਇਹ ਰਿਸ਼ਤੇ ਉਹ ਹੁੰਦੇ, ਜਿਹੜੇ ਮੱਸਿਆ ਨੂੰ ਪੁੰਨਿਆ, ਰਾਤ ਨੂੰ ਦਿਨ, ਸ਼ਾਮ ਨੂੰ ਸਰਘੀ ਅਤੇ ਉਦਾਸ ਮਨ ਨੂੰ ਖੇੜੇ ਬਖਸ਼ਣ ਲਈ ਕਾਰਗਰ। ਇਨ੍ਹਾਂ ਦੀ ਰਹਿਬਰੀ ਵਿਚ ਜਿ਼ੰਦਗੀ ਨੂੰ ਨਿਆਮਤਾਂ ਦੀ ਬਖਸਿ਼ਸ਼। ਇਨ੍ਹਾਂ ਦੀ ਬੇਨਿਆਜ਼ੀ ਵਿਚ ਜਿ਼ੰਦਗੀ ਨੂੰ ਸੱਤੇ-ਬਹਿਸ਼ਤਾਂ ਦੀ ਸਪੁਰਦਗੀ। ਇਨ੍ਹਾਂ ਦੀ ਨੇੜਤਾ ਵਿਚ ਜੀਵਨ-ਤੋਰ ਨੂੰ ਮਟਕਣੀ। ਬੋਲਾਂ ਨੂੰ ਸੰਗੀਤਕਤਾ, ਹੋਠਾਂ ਤੇ ਹਾਸੇ, ਪੈਰਾਂ ਵਿਚ ਸਫਰ ਅਤੇ ਮੱਥੇ `ਤੇ ਕਰਮ-ਰੇਖਾਵਾਂ ਦਾ ਉਜਿਆਰਾ।
ਰਾਹਾਂ ਵਿਚ ਰਿਸ਼ਤੇ ਸਿਰਫ ਕੁਝ ਲੋਕ ਹੀ ਸਿਰਜ ਸਕਦੇ, ਜੋ ਆਤਮਿਕ ਉਚਾਣ ਦੇ ਹਾਣੀ, ਜਿਨ੍ਹਾਂ ਦੇ ਮਨਾਂ ਵਿਚ ਸਾਫਗੋਈ ਦਾ ਵਾਸਾ, ਜਿਨ੍ਹਾਂ ਦੇ ਬੋਲਾਂ ਵਿਚ ਸਪੱਸ਼ਟਤਾ, ਜਿਨ੍ਹਾਂ ਦੀ ਨਿਰਸੁਅਰਥੀ ਤੇ ਅਲੋਕਾਰੀ ਸੋਚ, ਜਿਨ੍ਹਾਂ ਦੇ ਸਾਥ ਵਿਚ ਜੀਵਨ ਦੀ ਸੁੰਦਰਤਾ, ਸਦੀਵਤਾ ਅਤੇ ਸਾਰਥਿਕਤਾ ਨੂੰ ਆਪਣੀ ਮਾਣਮੱਤੀ ਹਸਤੀ ਤੇ ਹੋਂਦ ਤੇ ਹਾਸਲ ਦਾ ਨਾਜ਼ ਅਤੇ ਜਿਨ੍ਹਾਂ ਦੀ ਰੋਅਬਦਾਰੀ ਵਿਚੋਂ ਵੀ ਨਿਰਮਾਣਤਾ, ਨਿਰਮਲਤਾ ਤੇ ਕੋਮਲਤਾ ਦਾ ਫੁਟਾਰਾ। ਇਨ੍ਹਾਂ ਦੇ ਮਨ ਦੀ ਬਗੀਚੀ ਵਿਚ ਕਦੇ ਵੀ ਪੱਤੜੱਝ ਨਹੀਂ, ਸਗੋਂ ਹਮੇਸ਼ਾ ਬਹਾਰਾਂ ਦੀ ਆਮਦ।
ਰਾਹਾਂ `ਤੇ ਰਿਸ਼ਤੇ ਜਰੂਰ ਸਿਰਜੋ। ਇਨ੍ਹਾਂ ਨੂੰ ਮਾਣੋ, ਪਰ ਕਦੇ ਵੀ ਇਨ੍ਹਾਂ ਦੀ ਧਰਾਤਲ ਤੇ ਨਿੱਜ ਦੀ ਉਸਾਰੀ ਨਾ ਕਰੋ। ਇਹ ਰਿਸ਼ਤੇ ਤੁਹਾਡੀ ਖੁਸ਼ਨਸੀਬੀ, ਖੁਸ਼-ਕਰਤਾਰੀ, ਖੁਸ਼ਹਾਲੀ ਅਤੇ ਖਬਤਕਾਰੀ ਦਾ ਬਸੇਰਾ ਬਣੇ ਰਹਿਣਗੇ।