ਬੈਚ ਫੁੱਲ ਸਟਾਰ ਆਫ ਬੈਥਲੇਹੈਮ: ਸਦਮਾ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਸਟਾਰ ਆਫ ਬੈਥਲੇਹੈਮ (ੰਟਅਰ ੋਾ ਭੲਟਹਲੲਹੲਮ) ਬੈਚ ਫੁੱਲ ਦਵਾਈ ਪ੍ਰਣਾਲੀ ਦੀ ਸੱਚੀ ਮੁੱਚੀ “ਸਟਾਰ” ਦਵਾਈ ਹੈ। ਇਹ ਬਹੁਤ ਹੀ ਔਖੀਆਂ ਘੜੀਆਂ ਵਿਚ ਕੰਮ ਆਉਂਦੀ ਹੈ। ਜਿਨ੍ਹਾਂ ਗੱਲਾਂ ਤੋਂ ਮਨੁੱਖ ਡਰਦਾ ਹੈ, ਜਿਨ੍ਹਾਂ ਤੋਂ ਉਹ ਦੂਰ ਭੱਜਦਾ ਹੈ, ਜਿਨ੍ਹਾਂ ਤੋਂ ਵੱਧ ਦੁਖਦਾਈ ਉਸ ਲਈ ਕੁਝ ਹੋਰ ਨਹੀਂ ਹੋ ਸਕਦਾ ਤੇ ਜਿਨ੍ਹਾਂ ਦੇ ਨਾ ਵਾਪਰਨ ਲਈ ਉਹ ਹਮੇਸ਼ਾ ਅਰਦਾਸਾਂ ਕਰਦਾ ਰਹਿੰਦਾ ਹੈ, ਜਦੋਂ ਉਨ੍ਹਾਂ ਦੀ ਹੀ ਮਾਰ ਉਸ ਨੂੰ ਪੈ ਜਾਵੇ ਤੇ ਉਹ ਸਦਮੇ ਦੀ ਚੋਟ ਨਾਲ ਵਿਲ੍ਹਕ ਰਿਹਾ ਹੋਵੇ ਭਾਵ ਕੋਈ ਉਸ ਦੀ ਧੀਰ ਨਾ ਬੰਨ੍ਹਾ ਸਕਦਾ ਹੋਵੇ, ਤਾਂ ਇਹ ਦਵਾਈ ਉਸ ਦੇ ਅਦਿੱਖ ਜਖਮਾਂ ਦੀ ਮੱਲ੍ਹਮ ਬਣਦੀ ਹੈ। ਇਹ ਉਸ ਨੂੰ ਮੁੜ ਖੜ੍ਹਾ ਕਰਕੇ ਜਿੰ਼ਦਗੀ ਦੀ ਤੋਰ ਤੁਰਨ ਦੇ ਸਮਰੱਥ ਕਰਦੀ ਹੈ।

ਜ਼ਿੰਦਗੀ ਵਿਚ ਕਦੇ ਨਾ ਕਦੇ ਸਭ ਨੂੰ ਇਸ ਦੀ ਜਰੂਰਤ ਪੈਂਦੀ ਹੈ। ਇਸ ਲਈ ਇਹ ਹਰ ਇਕ ਦੇ ਫਸਟ-ਏਡ ਡੱਬੇ ਵਿਚ ਸ਼ਾਮਲ ਹੋਣੀ ਚਾਹੀਦੀ ਹੈ। ਡਾ. ਬੈਚ ਨੇ ਇਸ ਨੂੰ ਆਪਣੀ ਆਪਾਤਕਾਲੀਨ ਦਵਾਈ ਰੈਸਕਿਊ ਰੈਮਿਡੀ (੍ਰੲਸਚੁੲ ੍ਰੲਮੲਦੇ) ਦੀਆਂ ਪੰਜ ਦਵਾਈਆਂ ਵਿਚ ਉਚੇਚੇ ਤੌਰ `ਤੇ ਸ਼ਾਮਲ ਕੀਤਾ ਹੋਇਆ ਹੈ। ਇਸ ਲਈ ਲੋੜ ਪੈਣ `ਤੇ ਜੇ ਇਹ ਨਾ ਹੋਵੇ ਤਾਂ ਰੈਸਕਿਊ ਰੈਮਿਡੀ ਤੋਂ ਵੀ ਕੰਮ ਲਿਆ ਜਾ ਸਕਦਾ ਹੈ।
ਇਸ ਦਵਾਈ ਦੇ ਅਸਰ ਦਾ ਘੇਰਾ ਦੱਸਦਿਆਂ ਡਾ. ਬੈਚ ਲਿਖਦੇ ਹਨ, “ਇਹ ਉਨ੍ਹਾਂ ਲਈ ਹੈ, ਜੋ ਅਤਿਅੰਤ ਹੀ ਦੁਖਦਾਇਕ ਹਾਲਾਤਾਂ ਜਿਵੇਂ ਕਿਸੇ ਦੁਖਭਰੀ ਖਬਰ ਦਾ ਗੰਭੀਰ ਸਦਮਾ, ਕਿਸੇ ਨੇੜਲੇ ਦੀ ਮੋਤ ਦਾ ਗਮ, ਕਿਸੇ ਦੁਰਘਟਨਾ ਦੀ ਮਾਨਸਿਕ ਚੋਟ ਜਾਂ ਕੋਈ ਹੋਰ ਅਜਿਹੀ ਮੰਦਭਾਗੀ ਗੱਲ ਰਾਹੀਂ ਨਪੀੜੇ ਜਾ ਰਹੇ ਹੋਣ ਅਤੇ ਜਿਹੜੇ ਇਨ੍ਹਾਂ ਘਟਨਾਵਾਂ ਦੇ ਕਹਿਰ ਤੋਂ ਬਾਅਦ ਵੀ ਵਿਰਣ ਤੋਂ ਇਨਕਾਰ ਕਰ ਦਿੰਦੇ ਹੋਣ। ਇਹ ਉਨ੍ਹਾਂ ਨੂੰ ਨੇੜਲਾ ਤੇ ਦੂਰ-ਵਰਤੀ ਆਰਾਮ ਪਹੁੰਚਾਉਂਦੀ ਹੈ।”
ਜੇ ਡਾ. ਬੈਚ ਦੀ ਦਿੱਤੀ ਜਾਣਕਾਰੀ ਦੇ ਮਹੀਨ ਅਰਥ ਕੱਢੀਏ ਤਾਂ ਉਹ ਇਸ ਦਵਾਈ ਬਾਰੇ ਬਹੁਤ ਕੁਝ ਦੱਸਦੇ ਹਨ। ਪਹਿਲੀ ਗੱਲ, ਇਹ ਫੁੱਲ ਦਵਾਈ ਗਹਿਰੇ ਸਦਮੇ ਜਾਂ ਡੂੰਘੀ ਮਾਨਸਿਕ ਚੋਟ ਦੇ ਜ਼ਖਮ ਭਰਦੀ ਹੈ। ਇਹ ਚੋਟ ਸਰੀਰਕ ਨਾਲੋਂ ਮਾਨਸਿਕ ਵਧੇਰੇ ਹੁੰਦੀ ਹੈ ਤੇ ਇਸ ਦੇ ਸਿੱਟੇ ਸਰੀਰਕ ਸੱਟ ਨਾਲੋਂ ਵਧੇਰੇ ਦੁਖਦਾਇਕ ਤੇ ਚਿਰ-ਸਥਾਈ ਹੁੰਦੇ ਹਨ। ਘਟਨਾਵਾਂ ਦੇ ਅਚਾਨਕ ਵਾਪਰਨ ਦਾ ਝਟਕਾ ਇਕ ਹੋਰ ਫੁੱਲ ਦਵਾਈ ‘ਰਾਕ ਰੋਜ਼’ ਵੀ ਦੂਰ ਕਰਦੀ ਹੈ, ਪਰ ਉਸ ਵਿਚ ਆਮ ਕਰ ਕੇ ਇਹ ਸਾਧਾਰਨ ਤੇ ਪਰਾਏ ਪੱਧਰ `ਤੇ ਹੁੰਦਾ ਹੈ। ਸਟਾਰ ਆਫ ਬੈਥਲੇਹੈਮ ਵਿਚ ਇਹ ਝਟਕਾ ਵਿਅਕਤਿਗਤ ਸਦਮੇ ਦੇ ਰੂਪ ਵਿਚ ਹੁੰਦਾ ਹੈ। ਦੂਜਾ, ਸਦਮਾ ਕਿਸੇ ਨਾ ਸਹਾਰਨ ਵਾਲੀ ਘਾਤਕ ਘਟਨਾ ਕਾਰਨ ਹੁੰਦਾ ਹੈ। ਆਮ ਤੌਰ `ਤੇ ਕਿਸੇ ਵਿਸ਼ੇਸ਼ ਪਿਆਰੇ ਦੀ ਮੌਤ ਜਾਂ ਵਿਛੋੜੇ ਕਾਰਨ ਇਸ ਸਦਮੇ ਦੇ ਹਾਲਾਤ ਬਣਦੇ ਹਨ। ਕਿਸੇ ਬੁਰੀ ਖਬਰ ਦੇ ਅਚਾਨਕ ਆਉਣ ਨਾਲ ਜਾਂ ਅਚਾਨਕ ਘਾਤਕ ਐਕਸੀਡੈਂਟ ਵਾਪਰਨ ਜਾਂ ਉਸ ਨੂੰ ਦੇਖਣ ਨਾਲ ਵੀ ਵਿਅਕਤੀ ਦੇ ਦਿਲ ਦਿਮਾਗ `ਤੇ ਗਹਿਰੀ ਚੋਟ ਲਗਦੀ ਹੈ। ਤੀਜੇ, ਅਜਿਹੇ ਹਾਦਸਿਆਂ ਤੋਂ ਬਾਅਦ ਵਿਅਕਤੀ ਦੀ ਹਾਲਤ ਇੰਨੀ ਗੰਭੀਰ ਤੇ ਤਰਸਯੋਗ ਹੋ ਜਾਂਦੀ ਹੈ ਕਿ ਉਹ ਵਿਰਾਇਆ ਨਹੀਂ ਵਿਰਦਾ ਭਾਵ ਉਸ ਦਾ ਧੀਰਜ ਨਹੀਂ ਬੰਨ੍ਹਾਇਆ ਜਾ ਸਕਦਾ। ਚੌਥੇ, ਘੋਰ ਗਰੀਬੀ, ਬਿਮਾਰੀ ਤੇ ਤੰਗ-ਦਸਤੀ ਦੇ ਲਗਾਤਾਰ ਹਾਲਾਤ ਵੀ ਵਿਅਕਤੀ ਲਈ ਅਜਿਹਾ ਹੀ ਸਦਮਾ ਰਚਣ ਦਾ ਦਮ ਰੱਖਦੇ ਹਨ। ਪੰਜਵੇਂ, ਜੇ ਇਨ੍ਹਾਂ ਸਦਮਿਆਂ ਵਿਚੋਂ ਨਿਕਲਣ ਵਾਲੇ ਵਿਅਕਤੀ ਦਾ ਸਹੀ ਇਲਾਜ ਨਾ ਕੀਤਾ ਜਾਵੇ ਤਾਂ ਉਸ ਦੀਆਂ ਗਹਿਰੀਆਂ ਮਾਨਸਿਕ ਚੋਟਾਂ ਉਸ ਨੂੰ ਹਮੇਸ਼ਾ ਲਈ ਬੀਮਾਰ ਰੱਖਦੀਆਂ ਹਨ। ਲੱਗਿਆ ਸਦਮਾ ਵਿਅਕਤੀ ਦੇ ਦਿਲ `ਤੇ ਬੋਝ ਬਣ ਕੇ ਟਿਕਿਆ ਰਹਿੰਦਾ ਹੈ ਤੇ ਉਸ ਨੂੰ ਸਾਲੋ ਸਾਲ ਖੜ੍ਹਾ ਨਹੀਂ ਹੋਣ ਦਿੰਦਾ।
ਆਮ ਤੌਰ `ਤੇ ਜਦੋਂ ਕਿਸੇ ਮਾਂ ਦਾ ਬੱਚਾ ਕਿਸੇ ਅਚਾਨਕ ਦੁਰਘਟਨਾ ਦੀ ਭੇਟ ਚੜ੍ਹ ਜਾਂਦਾ ਹੈ ਤਾਂ ਇਸ ਦੀ ਖਬਰ ਨਾਲ ਉਸ ਦਾ ਦਿਮਾਗ ਗੁੰਮ ਹੋ ਜਾਂਦਾ ਹੈ। ਉਹ ਦੰਦਣ ਪੈ ਕੇ ਬੇਹੋਸ਼ ਹੋ ਜਾਂਦੀ ਹੈ। ਹੋਸ਼ ਆਉਣ ਪਿਛੋਂ ਵੀ ਉਹ ਕੁਝ ਬੋਲਦੀ ਨਹੀਂ। ਉਹ ਖੁੱਲ੍ਹੀਆਂ ਅੱਖਾਂ ਨਾਲ ਸਭ ਕੁਝ ਦੇਖਦੀ ਰਹਿੰਦੀ ਹੈ, ਪਰ ਕੋਈ ਪ੍ਰਤੀਕ੍ਰਿਆ ਨਹੀਂ ਕਰਦੀ। ਨਾ ਉਹ ਰੋਂਦੀ ਹੈ, ਨਾ ਚੀਕਦੀ ਹੈ ਤੇ ਨਾ ਹੀ ਉਸ ਦੇ ਅੱਥਰੂ ਵਗਦੇ ਹਨ। ਉਸ ਨੂੰ ਭੁੱਖ ਪਿਆਸ ਵੀ ਨਹੀਂ ਲਗਦੇ। ਲੋਕ ਆ ਕੇ ਉਸ ਨੂੰ ਦਿਲਾਸਾ ਦਿੰਦੇ ਹਨ ਤੇ ਉਸ ਦੇ ਸਿਰ `ਤੇ ਹੱਥ ਫੇਰ ਕੇ ਉਸ ਨਾਲ ਦੁੱਖ ਵੰਡਾਉਣ ਦੀ ਕੋਸਿ਼ਸ਼ ਕਰਦੇ ਹਨ, ਪਰ ਉਹ ਕੋਈ ਹੁੰਗਾਰਾ ਨਹੀਂ ਭਰਦੀ। ਉਸ ਦੇ ਕਲੇਜੇ ਵਿਚ ਕੋਈ ਭਾਰੀ ਪੱਥਰ ਫਸਿਆ ਹੁੰਦਾ ਹੈ, ਜੋ ਨਾ ਹੇਠ ਹੁੰਦਾ ਹੈ, ਨਾ ਉੱਪਰ। ਵੇਖਣ-ਸੁਣਨ ਵਾਲਿਆਂ ਲਈ ਵੀ ਇਹ ਇਕ ਅਤਿਅੰਤ ਦੁਖਦਾਇਕ ਗੱਲ ਹੁੰਦੀ ਹੈ। ਅਜਿਹੀ ਹਾਲਤ ਵਿਚ ਜਦੋਂ ਉਸ ਨੂੰ ਸਮਝਾਉਣ ਦੇ ਸਭ ਹੀਲੇ ਨਿਸਫਲ ਹੋ ਜਾਂਦੇ ਹੋਣ ਤਾਂ ਫੁੱਲ ਦਵਾਈ ਸਟਾਰ ਆਫ ਬੈਥਲੇਹੈਮ ਦੀਆਂ ਕੁਝ ਖੁਰਾਕਾਂ ਉਸ ਨੂੰ ਠੀਕ ਕਰ ਦੇਣਗੀਆਂ। ਉਹ ਆਪਣੇ ਪਰਿਵਾਰ ਦੇ ਗਲ ਲੱਗ ਕੇ ਰੋਵੇਗੀ। ਉਸ ਦੀਆਂ ਭੁੱਬਾਂ ਨਿਕਲਣਗੀਆਂ ਤੇ ਅੱਖਾਂ ਵਿਚੋਂ ਨੀਰ ਵਹੇਗਾ। ਉਹ ਆਪਣੇ ਬੱਚੇ ਦੀਆਂ ਗੱਲਾਂ ਕਰੇਗੀ, ਜਿਸ ਨਾਲ ਉਸ ਦੇ ਮਿਹਦੇ ਦਾ ਵਜਨ ਘਟੇਗਾ। ਉਸ ਨੂੰ ਭੁੱਖ ਪਿਆਸ ਲੱਗਣੀ ਸ਼ੁਰੂ ਹੋਵੇਗੀ ਤੇ ਉਹ ਭਾਣਾ ਮੰਨਣ ਦੇ ਰਾਹ ਪੈ ਕੇ ਜ਼ਿੰਦਗੀ ਨੂੰ ਅੱਗੇ ਤੋਰੇਗੀ।
ਇਹੀ ਹਾਲਤ ਉਨ੍ਹਾਂ ਨਵ-ਵਿਆਹੀਆਂ ਔਰਤਾਂ ਦੀ ਹੁੰਦੀ ਹੈ, ਜਿਨ੍ਹਾਂ ਦੇ ਨੌਜਵਾਨ ਪਤੀ ਫੌਜ ਵਿਚ ਹੁੰਦੇ ਹਨ ਜਾਂ ਵਿਦੇਸ਼ ਗਏ ਹੁੰਦੇ ਹਨ। ਇਕ ਦਿਨ ਅਚਾਨਕ ਉੱਥੋਂ ਉਨ੍ਹਾਂ ਦੇ ਗੁਜ਼ਰਨ ਦੀ ਖਬਰ ਆਉਂਦੀ ਹੈ। ਉਹ ਖੜ੍ਹੀਆਂ ਖੜ੍ਹਾਈਆਂ ਸੁੰਨ ਹੋ ਜਾਂਦੀਆਂ ਹਨ। ਉਨ੍ਹਾਂ ਦੀਆਂ ਅੱਖਾਂ ਅੱਗੇ ਹਨੇਰਾ ਆ ਜਾਂਦਾ ਹੈ। ਕੁਝ ਬੋਲਣ ਤੋਂ ਪਹਿਲਾਂ ਹੀ ਬੇਹੋਸ਼ ਹੋ ਕੇ ਉਹ ਡਿਗ ਪੈਂਦੀਆਂ ਹਨ। ਕੋਈ ਪਾਣੀ ਦੇ ਛਿੱਟੇ ਮਾਰਦਾ ਹੈ ਤਾਂ ਸੋਝੀ ਵਿਚ ਆਉਂਦੀਆਂ ਹਨ। ਕੁਝ ਕਹੇ ਬਗੈਰ ਡੂੰਘਾ ਹਉਕਾ ਲੈ ਕੇ ਬਿਤਰ ਬਿਤਰ ਝਾਕਦੀਆਂ ਰਹਿੰਦੀਆਂ ਹਨ ਜਿਵੇਂ ਉਨ੍ਹਾਂ ਨੂੰ ਕੁਝ ਪਤਾ ਹੀ ਨਾ ਹੋਵੇ ਕਿ ਕੀ ਹੋਇਆ ਹੈ। ਉਨ੍ਹਾਂ ਦੇ ਵਲਵਲੇ ਪੁੱਠੇ ਹੋ ਕੇ ਅੰਦਰ ਦੀਆਂ ਕਸਰਾਂ ਬਣਨ ਲਗਦੇ ਹਨ। ਕਿਸੇ ਨੂੰ ਉਨ੍ਹਾਂ ਦੇ ਰੋਗ ਦੀ ਸਮਝ ਨਹੀਂ ਆਉਂਦੀ। ਲੋਕ ਕਹਿੰਦੇ ਹਨ ਕਿ ਮਰਨ ਵਾਲੇ ਦੀ ਰੂਹ ਨੇ ਉਨ੍ਹਾਂ ਨੂੰ ਦਬੋਚ ਰੱਖਿਆ ਹੈ। ਕਈ ਕਹਿੰਦੇ ਹਨ, ਉਹ ਝੱਲੀਆਂ ਬੌਲੀਆਂ ਹੋ ਗਈਆਂ ਹਨ। ਪਰਿਵਾਰ ਵਾਲੇ ਉਸ ਨੂੰ ਬਾਬਾ ਵਡਭਾਗ ਸਿੰਘ ਦੇ ਡੇਰੇ ਜਾਂ ਪਿਹੋਵੇ ਦੇ ਘਾਟ ਲੈ ਕੇ ਜਾਂਦੇ ਹਨ। ਕਈ ਉਨ੍ਹਾਂ ਨੂੰ ਤੀਰਥ ਅਸ਼ਨਾਨ ਜਾਂ ਗੁਰਧਾਮਾਂ ਦੇ ਦਰਸ਼ਨ ਕਰਵਾਉਂਦੇ ਹਨ, ਪਰ ਕਿਸੇ ਤਰ੍ਹਾਂ ਵੀ ਉਨ੍ਹਾਂ ਦੇ ਦੁਖ ਦਾ ਗੁਬਾਰ ਨਹੀਂ ਨਿਕਲਦਾ। ਅਜਿਹੇ ਵੇਲੇ ਫੁੱਲ ਦਵਾਈ ਸਟਾਰ ਆਫ ਬੈਥਲੇਹੈਮ ਕੰਮ ਆਉਂਦੀ ਹੈ। ਅਵਲ ਤਾਂ ਬੇਹੋਸ਼ੀ ਦੌਰਾਨ ਹੀ ਇਸ ਦੀਆਂ ਦੋ ਗੋਲੀਆਂ ਰੋਗੀ ਦਾ ਬੁਲ੍ਹ ਖਿੱਚ ਕੇ ਇਸ ਦੇ ਅੰਦਰਵਾਰ ਝਾੜ ਦੇਣੀਆਂ ਚਾਹੀਦੀਆਂ ਹਨ, ਪਰ ਜੇ ਸਮਾਂ ਵੇਹਾ ਗਿਆ ਹੋਵੇ ਤਾਂ ਤਿੰਨ ਖੁਰਾਕਾਂ ਕੁਝ ਦਿਨਾਂ ਲਈ ਹਰ ਰੋਜ਼ ਦੇ ਦੇਣ ਨਾਲ ਉਸ ਦਾ ਭਲਾ ਹੋ ਜਾਵੇਗਾ। ਇਸ ਨਾਲ ਰੋਗੀ ਮ੍ਰਿਤਕ ਦਾ ਖੁੱਲ੍ਹ ਕੇ ਅਫਸੋਸ ਕਰ ਲਵੇਗੀ ਤੇ ਅਰੋਗ ਹੋ ਜਾਵੇਗੀ। ਜੇ ਕੋਈ ਅਜਿਹੇ ਦੁੱਖ-ਭਰੇ ਸੋਗੀ ਮਰੀਜ਼ ਨੂੰ ਇਹ ਦਵਾਈ ਉਪਲਭਦ ਕਰਵਾ ਦਿੰਦਾ ਹੈ ਜਾਂ ਇਸ ਦੀ ਦੱਸ ਪਾ ਦਿੰਦਾ ਹੈ ਤਾਂ ਇਹ ਸਭ ਤੋਂ ਵੱਡੀ ਸਮਾਜ ਸੇਵਾ ਹੈ।
ਇੰਡੀਆ ਵਿਚ ਬੜੇ ਸਾਲ ਪਹਿਲਾਂ ਮੈਂ ਇਕ ਸਰਪੰਚ ਦੀ ਨੂੰਹ ਦਾ ਇਲਾਜ ਕੀਤਾ ਸੀ। ਉਦੋਂ ਦਾ ਉਸ ਨੂੰ ਹੋਮਿਓਪੈਥੀ `ਤੇ ਬੜਾ ਭਰੋਸਾ ਸੀ। ਸਾਲ 2018 ਦੇ ਸ਼ੁਰੂ ਵਿਚ ਉਸ ਨੇ ਕਿਸੇ ਕੋਲੋਂ ਮੇਰਾ ਫੋਨ ਲੈ ਕੇ ਕਾਲ ਕੀਤੀ ਤੇ ਪੁੱਛਿਆ ਕਿ ਮੈਂ ਪਟਿਆਲੇ ਕਦੋਂ ਆਉਣਾ ਹੈ। ਕੰਮ ਪੁੱਛਣ `ਤੇ ਉਸ ਨੇ ਦੱਸਿਆ ਕਿ ਉਸ ਨੇ ਆਪਣੀ ਰਿਸ਼ਤੇਦਾਰੀ ਵਿਚ ਇਕ ਮਰੀਜ਼ ਦਿਖਾਉਣਾ ਹੈ। ਮੈਂ ਉਸ ਸਾਲ ਮਈ ਵਿਚ ਉੱਥੇ ਗਿਆ ਤੇ ਉਸ ਨੂੰ ਆਪਣੇ ਆਉਣ ਦੀ ਇਤਲਾਹ ਦਿੱਤੀ। ਉਸ ਨੇ ਕਿਹਾ ਕਿ ਮਰੀਜ਼ ਨੂੰ ਪਟਿਆਲੇ ਲਿਆਉਣਾ ਮੁਸ਼ਕਿਲ ਹੈ, ਇਸ ਲਈ ਉਸ ਦੇ ਪਿੰਡ ਜਾਣਾ ਪੈਣਾ ਹੈ। ਉੱਥੇ ਜਾ ਕੇ ਮੈਂ ਮਰੀਜ਼ ਨੂੰ ਕੋਲ ਬੁਲਵਾਇਆ। ਉਸ ਨੂੰ ਦੋ ਤਿੰਨ ਔਰਤਾਂ ਪਕੜ ਕੇ ਲਿਆਈਆਂ। ਉਹ ਪੱਚੀ-ਛੱਬੀ ਸਾਲ ਦੀ ਕੁੜੀ ਸੀ, ਜੋ ਸਾਲ ਕੁ ਪਹਿਲਾਂ ਵਿਧਵਾ ਹੋ ਕੇ ਬਿਮਾਰ ਹੋ ਗਈ ਸੀ। ਉਸ ਦੇ ਸਹੁਰੇ ਪਰਿਵਾਰ ਨੇ ਉਸ ਨੂੰ ਇਲਾਜ ਲਈ ਪੇਕੇ ਭੇਜ ਦਿੱਤਾ ਸੀ ਤੇ ਉਸ ਦੇ ਪੰਜ ਸਾਲ ਦੇ ਲੜਕੇ ਨੂੰ ਆਪਣੇ ਕੋਲ ਰੱਖ ਲਿਆ ਸੀ। ਇਸ ਲਈ ਉਸ ਨੂੰ ਦੋ ਤਿੰਨ ਸਦਮੇ ਇੱਕਠੇ ਲੱਗੇ ਹੋਏ ਸਨ। ਲੜਕੀ ਦੀ ਹਾਲਤ ਦਾ ਮੈਂ ਹਾਲੇ ਜਾਇਜ਼ਾ ਲੈ ਹੀ ਰਿਹਾ ਸਾਂ ਕਿ ਉਸ ਦੀਆਂ ਅੱਖਾਂ ਉਤਾਹਾਂ ਵਲ ਘੁੰਮ ਗਈਆਂ। ਉਸ ਨੇ ਇਕ ਦਰਦ ਭਰੀ ਚੀਖ ਮਾਰੀ ਤੇ ਉਸ ਦੀ ਗਰਦਨ ਪਿਛਾਂਹ ਵਲ ਨੂੰ ਡਿਗ ਪਈ। ਦੇਖਦੇ ਹੀ ਦੇਖਦੇ ਉਸ ਦੀਆਂ ਲੱਤਾਂ ਬਾਹਵਾਂ ਲੱਕੜ ਵਾਂਗ ਆਕੜ ਗਈਆਂ। ਔਰਤਾਂ ਨੇ ਉਸ ਨੂੰ ਉਵੇਂ ਹੀ ਚੁੱਕ ਕੇ ਮੰਜੇ `ਤੇ ਲਿਟਾ ਦਿੱਤਾ ਅਤੇ ਮੂੰਹ `ਤੇ ਪਾਣੀ ਦੇ ਛਿੱਟੇ ਮਾਰੇ। ਕੁਝ ਮਿੰਟਾਂ ਬਾਅਦ ਉਹ ਹੋਸ਼ ਵਿਚ ਆ ਗਈ। ਉਸ ਦੀ ਮਾਂ ਨੇ ਦੱਸਿਆ, “ਜੀ ਇਸ ਨੂੰ ਹਰ ਰੋਜ਼ ਇਹੀ ਕੁਝ ਹੁੰਦਾ ਹੈ। ਚੰਗਾ ਹੋਇਆ, ਤੁਸੀਂ ਅੱਖੀਂ ਦੇਖ ਲਿਆ।”
ਸਦਮੇ ਦਾ ਸਾਧਾਰਨ ਕੇਸ ਸਮਝ ਕੇ ਮੈਂ ਉਸ ਲਈ ਹੋਮਿਓਪੈਥੀ ਦਵਾਈ ਇਗਨੇਸ਼ੀਆ (ੀਗਨਅਟਅਿ) ਦੀਆਂ ਦੋ ਖੁਰਾਕਾਂ ਬਣਾ ਦਿੱਤੀਆਂ ਤੇ ਦੋ ਦਿਨ ਸਵੇਰੇ ਖਾਣ ਲਈ ਕਿਹਾ। ਅੱਠਾਂ ਦਿਨਾਂ ਬਾਅਦ ਖਬਰ ਆਈ ਕਿ ਮਰੀਜ਼ ਨੂੰ ਥੋੜ੍ਹਾ-ਬਹੁਤ ਹੀ ਫਰਕ ਪਿਆ ਹੈ, ਦੌਰੇ ਉਸੇ ਤਰ੍ਹਾਂ ਹਨ। ਮੈਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਈ ਕਿ ਇਸ ਪ੍ਰਸਿੱਧ ਮੰਨੀ ਜਾਂਦੀ ਦਵਾਈ ਨੇ ਇਸ ਮਰੀਜ਼ `ਤੇ ਕੋਈ ਅਸਰ ਨਹੀਂ ਕੀਤਾ। ਅਜੇ ਕੁਝ ਸਾਲ ਪਹਿਲਾਂ ਹੀ ਮੈਂ ਇਸ ਨਾਲ ਇਕ ਅਜਿਹਾ ਮਰੀਜ਼ ਠੀਕ ਕੀਤਾ ਸੀ, ਜਿਸ ਦੀ ਆਪਣੇ ਅਤਿ ਪਿਆਰੇ ਮਾਮੇ ਦੀ ਮੌਤ ਤੋਂ ਬਾਅਦ ਆਵਾਜ਼ ਚਲੀ ਗਈ ਸੀ ਤੇ ਉਹ ਗੁੰਮ ਸੁੰਮ ਰਹਿਣ ਲੱਗਿਆ ਸੀ; ਪਰ ਹੋਮਿਓਪੈਥੀ ਥੋਕ ਦੇ ਭਾਅ ਅਸਰ ਨਹੀਂ ਕਰਦੀ। ਇਸ ਵਿਚ ਬੜੀ ਬਾਰੀਕੀ ਨਾਲ ਹਰੇਕ ਬਿਮਾਰ ਦੀਆਂ ਅਲਾਮਤਾਂ ਨੂੰ ਦਵਾਈਆਂ ਦੀਆਂ ਅਲਾਮਤਾਂ ਨਾਲ ਮਿਲਾਉਣਾ ਪੈਂਦਾ ਹੈ। ਇਸ ਲਈ ਮੈਂ ਉਨ੍ਹਾਂ ਨੂੰ ਪਟਿਆਲਿਓਂ ਸੰਤ ਤੋਂ ਸਟਾਰ ਆਫ ਬੈਥਲੇਹੈਮ ਲਿਆ ਕੇ ਮਰੀਜ਼ ਨੂੰ ਦੋ-ਦੋ ਤੁਪਕੇ ਦਿਨ ਵਿਚ ਤਿੰਨ ਵਾਰ ਦੇਣ ਦੇਣ ਲਈ ਕਿਹਾ। ਇਸ ਕੰਮ `ਤੇ ਉਨ੍ਹਾਂ ਨੇ ਉਸੇ ਵੇਲੇ ਅਮਲ ਸ਼ੁਰੂ ਕਰ ਦਿੱਤਾ। ਮੈਂ ਦੋ ਹਫਤਿਆਂ ਬਾਅਦ ਹਾਲਤ ਦੱਸਣ ਲਈ ਕਿਹਾ ਸੀ, ਪਰ ਉਨ੍ਹਾਂ ਨੇ ਛੇਵੇਂ ਦਿਨ ਹੀ ਫੋਨ ਕਰ ਕੇ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਬੇਹੋਸ਼ੀ ਦਾ ਕੋਈ ਦੌਰਾ ਨਹੀਂ ਪਿਆ, ਪਰ ਕਦੇ ਕਦੇ ਟੰਗਾਂ ਬਾਹਵਾਂ ਆਕੜ ਜਾਂਦੀਆਂ ਸਨ। ਮੈਂ ਉਨ੍ਹਾਂ ਨੂੰ ਇਹੀ ਦਵਾਈ ਜਾਰੀ ਰੱਖਣ ਦੀ ਸਿਫਾਰਿਸ਼ ਕੀਤੀ। ਇਕ ਮਹੀਨੇ ਬਾਅਦ ਜਦੋਂ ਮੈਂ ਵਾਪਸ ਆਉਣਾ ਸੀ, ਉਸ ਵੇਲੇ ਤੀਕ ਉਸ ਦੇ ਸਭ ਦੌਰੇ ਖਤਮ ਹੋ ਗਏ ਸਨ ਤੇ ਉਹ ਆਪਣੇ ਲੜਕੇ ਕੋਲ ਜਾਣ ਲਈ ਕਾਹਲੀ ਪੈ ਰਹੀ ਸੀ। ਮੈਂ ਉਨ੍ਹਾਂ ਨੂੰ ਇਹੀ ਦਵਾਈ ਦੋ ਮਹੀਨੇ ਹੋਰ ਦਿੰਦੇ ਰਹਿਣ ਲਈ ਕਹਿ ਕੇ ਆ ਗਿਆ। ਬਾਅਦ ਵਿਚ ਖਬਰ ਮਿਲੀ ਕਿ ਉਹ ਮੁਕੰਮਲ ਤੌਰ `ਤੇ ਠੀਕ ਸੀ ਤੇ ਆਪਣੇ ਸਹੁਰੇ ਪਿੰਡ ਚਲੀ ਗਈ ਸੀ।
ਡਾ. ਕੋਰਨੇਲੀਆ ਰਿਚਰਡਸਨ-ਬੋਇਡਲਰ ਲਿਖਦੇ ਹਨ ਕਿ ਭਾਵੇਂ ਅਚਾਨਕ ਸਦਮੇ ਫੌਰੀ ਮਾਰ ਕਰਦੇ ਹਨ, ਪਰ ਬਹੁਤ ਵਾਰੀ ਇਨ੍ਹਾਂ ਦਾ ਮਾਨਸਿਕ ਅਸਰ ਪਛੜ ਕੇ ਆਉਂਦਾ ਹੈ। ਉਸ ਅਨੁਸਾਰ ਰੋਗੀ ਨੂੰ ਮਾਨਸਿਕ ਸਦਮਿਆਂ ਤੋਂ ਬਚਾਉਣ ਲਈ ਕੁਦਰਤ ਵਲੋਂ ਕਈ ਰੋਕਾਂ ਲਾਈਆਂ ਹੁੰਦੀਆਂ ਹਨ। ਪਹਿਲਾਂ ਤਾਂ ਦਿਮਾਗ ਇਹ ਮੰਨਣ ਵਿਚ ਆਨਾ-ਕਾਨੀ ਕਰਦਾ ਰਹਿੰਦਾ ਹੈ ਕਿ ਉਹ ਖਬਰ ਸੱਚੀ ਹੈ। ਉਸ ਨੂੰ ਆਸ ਰਹਿੰਦੀ ਹੈ ਕਿ ਹੁਣੇ ਚੰਗੀ ਖਬਰ ਆ ਜਾਵੇਗੀ। ਜੇ ਉਸ ਨੂੰ ਸੱਚ ਦੀ ਪੁਸ਼ਟੀ ਹੋ ਵੀ ਜਾਵੇ ਤਾਂ ਉਹ ਰੋਗੀ ਨੂੰ ਮਾਨਸਿਕ ਤੌਰ `ਤੇ ਗੁੰਮ ਕਰ ਦਿੰਦਾ ਹੈ। ਉਹ ਮਰੀਜ਼ ਦੇ ਦਿਮਾਗ ਨੂੰ ਸੁੰਨ ਕਰ ਕੇ ਉਸ ਨੂੰ ਇਸ ਬਾਰੇ ਗੱਲ ਕਰਨ ਤੋਂ ਰੋਕ ਦੇਵੇਗਾ। ਇਸ ਲਈ ਸਦਮੇ ਦੀਆਂ ਅਲਾਮਤਾਂ ਨੂੰ ਪ੍ਰਗਟ ਹੋਣ ਵਿਚ ਸਮਾਂ ਲਗਦਾ ਹੈ, ਪਰ ਜਦੋਂ ਇਹ ਪ੍ਰਗਟ ਹੋ ਜਾਣ ਤਾਂ ਕਿਸੇ ਦਵਾਈ ਪ੍ਰਣਾਲੀ ਵਿਚ ਅਜਿਹਾ ਕੋਈ ਚਾਰਾ ਨਹੀਂ ਕਿ ਉਹ ਇਨ੍ਹਾਂ ਨੂੰ ਖਤਮ ਕਰ ਦੇਵੇ। ਜਦੋਂ ਤੀਕ ਇਹ ਅਲਾਮਤਾਂ ਚਲਦੀਆਂ ਰਹਿੰਦੀਆਂ ਹਨ, ਇਨ੍ਹਾਂ ਤੋਂ ਪੈਦਾ ਹੋਣ ਵਾਲੀਆਂ ਤਕਲੀਫਾਂ ਵੀ ਹਟ ਨਹੀਂ ਸਕਦੀਆਂ। ਇਸ ਹਾਲਤ ਵਿਚ ਸਿਰਫ ਫੁੱਲ ਦਵਾਈ ‘ਸਟਾਰ ਆਫ ਬੈਥਲੇਹੈਮ’ ਹੀ ਰੋਗੀ ਨੂੰ ਮਾਨਸਿਕ ਤੇ ਸਰੀਰਕ ਅਰੋਗ ਕਰ ਸਕਦੀ ਹੈ।
ਮੈਂ ਆਪਣੀ ਬੈਚ ਫੁੱਲ ਪੱਧਤੀ ਦੀ ਪ੍ਰੈਕਟਿਸ ਦਾ ਸਿਹਰਾ ਪਟਿਆਲਾ ਦੇ ਡਾਕਟਰ ਬਾਤਿਸ਼ ਨੂੰ ਦਿੰਦਾ ਹਾਂ, ਪਰ ਜਦੋਂ ਉਸ ਨੇ ਮੈਨੂੰ ਹੋਮਿਓਪੈਥਿਕ ਦਵਾਈਆਂ ਦੇ ਨਾਲ ਨਾਲ ਬੈਚ ਦਵਾਈਆਂ ਨੂੰ ਵਰਤਣ ਦੀ ਸਿਫਾਰਿਸ਼ ਕੀਤੀ ਤਾਂ ਮੈਂ ਸੱਚੀ ਮੁੱਚੀ ਤ੍ਰਭਕ ਗਿਆ ਸਾਂ। ਮੈਂ ਉਸ ਨੂੰ ਕੋਰੀ ਤਰ੍ਹਾਂ ਕਿਹਾ ਕਿ ਮੈਂ ਕਲਾਸੀਕਲ ਹੋਮਿਓਪੈਥ ਹਾਂ, ਇਸ ਲਈ ਅਜਿਹਾ ਕੁਝ ਨਹੀਂ ਕਰ ਸਕਦਾ, ਜੋ ਡਾ. ਹੈਨੀਮੈਨ ਦੇ ਸਿਧਾਂਤਾਂ ਦੇ ਉਲਟ ਹੋਵੇ। ਉਹ ਬਰਾਬਰ ਦਾ ਕੋਰਾ ਹੋ ਕੇ ਬੋਲਿਆ, “ਮੈਂ ਵੀ ਕਲਾਸੀਕਲ ਹੋਮਿਓਪੈਥ ਹਾਂ ਤੇ ਡਾ. ਹੈਨੀਮੈਨ ਦੇ ਪੂਰਨਿਆਂ `ਤੇ ਚਲਦਾ ਹਾਂ, ਪਰ ਡਾ. ਹੈਨੀਮੈਨ ਇਹ ਕਿਤੇ ਨਹੀਂ ਕਹਿੰਦਾ ਕਿ ਤੱਥਾਂ ਨੂੰ ਅਜਮਾਉਣਾ ਛੱਡ ਦਿਓ।” ਮੈਂ ਉਸ ਦੇ ਤਰਕ ਦਾ ਕਾਇਲ ਹੁੰਦਿਆਂ ਪੁੱਛਿਆ, “ਪਰ ਇਹ ਹਨ ਕੀ ਤੇ ਕਿਥੋਂ ਮਿਲਦੀਆਂ ਹਨ?” ਉਹ ਬੋਲਿਆ, “ਉਥੋਂ ਹੀ, ਜਿੱਥੋਂ ਹੋਮਿਓਪੈਥਿਕ ਦਵਾਈਆਂ ਮਿਲਦੀਆਂ ਹਨ।” ਇੰਨਾ ਕਹਿੰਦਿਆਂ ਉਸ ਨੇ ਮੈਨੂੰ ਆਪਣੇ ਮੇਜ਼ ਦੇ ਖਾਨੇ ਵਿਚੋਂ ਪੰਜਾਬੀ ਵਿਚ ਛਪਿਆ ਇਕ ਚਾਰ ਸਫਿਆਂ ਦਾ ਪੈਂਫਲਿਟ ਕੱਢ ਕੇ ਦਿੱਤਾ। ਇਸ ਵਿਚ ਸਭ ਬੈਚ ਦਵਾਈਆਂ ਦਾ ਸੰਖੇਪ ਮੈਟੀਰੀਆ ਮੈਡੀਕਾ ਦਿੱਤਾ ਹੋਇਆ ਸੀ। ਮੇਰੇ ਹੱਥ ਪੈਂਫਲਿਟ ਥਮਾਉਂਦਾ ਉਹ ਬੋਲਿਆ, “ਜੇ ਕੋਈ ਸਿੰਪਟਮ (ਲੱਛਣ) ਹੋਮਿਓਪੈਥੀ ਵਿਚ ਨਾ ਮਿਲੇ ਤਾਂ ਇਨ੍ਹਾਂ ਦਵਾਈਆਂ ਨੂੰ ਵਰਤ ਕੇ ਦੇਖਣਾ।” ਪੈਂਫਲਿਟ ਉੱਤੇ ਲੇਖਕ ਦੇ ਤੌਰ `ਤੇ ਉਸ ਦਾ ਆਪਣਾ ਨਾਂ ‘ਡਾ. ਕੇ. ਸੀ. ਬਾਤਿਸ਼’ ਲਿਖਿਆ ਹੋਇਆ ਦੇਖ ਕੇ ਮੈਨੂੰ ਲੱਗਿਆ ਕਿ ਉਹ ਇਸ ਪ੍ਰਣਾਲੀ ਦਾ ਪ੍ਰਸ਼ੰਸਕ ਹੀ ਨਹੀਂ, ਸਗੋਂ ਪ੍ਰਚਾਰਕ ਵੀ ਹੈ।
ਮੈਂ ਪੈਂਫਲਿਟ ਚੁੱਕ ਕੇ ਘਰ ਲੈ ਗਿਆ ਤੇ ਉਸ ਨੂੰ ਇਕ ਵਾਰ ਪੜ੍ਹਿਆ। ਉਸ ਵਿਚ ਲਿਖੀ ਕੋਈ ਵੀ ਦਵਾਈ ਮੈਨੂੰ ਜਾਣੀ-ਪਛਾਣੀ ਨਾ ਲੱਗੀ ਤੇ ਨਾ ਹੀ ਕਿਸੇ ਦਾ ਨਾਂ ਮੇਰੀ ਜ਼ਬਾਨ `ਤੇ ਚੜ੍ਹਿਆ। ਇਸ ਲਈ ਉਹ ਕਿਤਾਬਚਾ ਕਈ ਸਾਲ ਮੇਰੀ ਮੇਜ਼ `ਤੇ ਅਣਗੌਲੇ ਕਾਗਜ਼ਾਂ ਦਾ ਹਿੱਸਾ ਬਣਿਆ ਪਿਆ ਰਿਹਾ। ਉਸ ਉੱਤੇ ਅਮਲ ਉਦੋਂ ਹੋਇਆ, ਜਦੋਂ ਮੇਰੇ ਕੋਲ ਨੇੜਲੇ ਪਿੰਡ ਤੋਂ ਇਕ ਕੇਸ ਆਇਆ। ਇਹ ਇਕ ਸੋਲ੍ਹਾਂ ਸਾਲ ਦੀ ਲੜਕੀ ਸੀ, ਜਿਸ ਨੂੰ ਉਸ ਦੀ ਮਾਂ ਲੈ ਕੇ ਆਈ ਸੀ। ਬਿਮਾਰੀ ਬਿਆਨ ਕਰਦਿਆਂ ਉਸ ਨੇ ਦੱਸਿਆ ਕਿ ਲੜਕੀ ਦੀ ਉਮਰ ਹੋ ਗਈ ਹੈ, ਪਰ ਇਸ ਨੂੰ ਮਹਾਵਾਰੀ ਆਉਣੀ ਸ਼ੁਰੂ ਨਹੀਂ ਹੋਈ। ਮੈਂ ਇਸ ਨੂੰ ਸਾਧਾਰਨ ਸੁਪ੍ਰੈਸ਼ਨ ਦਾ ਕੇਸ ਸਮਝ ਕੇ ਬਣਦੀ ਹੋਮਿਓਪੈਥਿਕ ਦਵਾਈ ਦਿੱਤੀ, ਪਰ ਕੋਈ ਅਸਰ ਨਾ ਹੋਇਆ। ਤਿੰਨ ਮਹੀਨਿਆਂ ਪਿਛੋਂ ਮੈਂ ਉਸ ਦਾ ਕੇਸ ਮੁੜ ਤੋਂ ਲਿਆ ਤੇ ਉਸ ਦੀ ਮਾਂ ਤੋਂ ਉਸ ਦੇ ਜਨਮ ਸਮੇਂ ਤੋਂ ਲੈ ਕੇ ਸਾਰੀ ਹਿਸਟਰੀ ਪੁੱਛੀ। ਇਸ ਵਿਚ ਹੋਰ ਤਾਂ ਕੁਝ ਵਿਚਾਰਨਯੋਗ ਨਾ ਮਿਲਿਆ, ਪਰ ਇਕ ਘਟਨਾ ਨੇ ਮੇਰਾ ਧਿਆਨ ਖਿਚਿਆ। ਜਦੋਂ ਲੜਕੀ ਸੱਤਵੀਂ ਜਮਾਤ ਵਿਚ ਸੀ ਤਾਂ ਉਸ ਦੇ ਆਟੋ-ਰਿਕਸ਼ਾ ਦਾ ਟੱਰਕ ਨਾਲ ਐਕਸੀਡੈਂਟ ਹੋਇਆ ਸੀ, ਜਿਸ ਵਿਚ ਉਸ ਦੀ ਇਕ ਪੱਕੀ ਸਹੇਲੀ ਦਮ ਤੋੜ ਗਈ ਸੀ। ਲੜਕੀ ਨੂੰ ਚੋਟਾਂ ਤਾਂ ਸਾਧਾਰਨ ਆਈਆਂ ਸਨ, ਪਰ ਇਸ ਘਟਨਾ ਨੇ ਉਸ ਨੂੰ ਅੰਦਰੋਂ ਹਿਲਾ ਕੇ ਰੱਖ ਦਿੱਤਾ ਸੀ। ਇਸ ਦਾ ਜਿ਼ਕਰ ਸੁਣਦਿਆਂ ਉਹ ਸਾਹਮਣੇ ਬੈਠੀ ਰੋਣ ਲੱਗੀ।
ਮੈਨੂੰ ਡਾ. ਬਾਤਿਸ਼ ਦੇ ਕਿਤਾਬਚੇ ਦਾ ਖਿਆਲ ਆਇਆ, ਜਿਸ ਦੀ ਕਿਸੇ ਦਵਾਈ ਵਿਚ ਮੈਂ ਐਕਸੀਡੈਂਟ ਰਾਹੀਂ ਮਾਨਸਿਕ ਸਦਮੇ ਦਾ ਜਿ਼ਕਰ ਪੜ੍ਹਿਆ ਸੀ। ਘੋਖਣ ਪਿਛੋਂ ਪਤਾ ਚੱਲਿਆ ਕਿ ਇਹ ਦਵਾਈ ਸਟਾਰ ਆਫ ਬੈਥਲੇਹੈਮ ਸੀ। ਮੈਂ ਉਨ੍ਹਾਂ ਨੂੰ ਸੰਤ ਤੋਂ ਇਹ ਦਵਾਈ ਲੈ ਕੇ ਮਰੀਜ਼ ਨੂੰ ਦਿਨ ਵਿਚ ਤਿੰਨ ਤਿੰਨ ਵਾਰ ਦੇਣ ਲਈ ਕਿਹਾ। ਮੈਨੂੰ ਹੈਰਾਨੀ ਹੋਈ ਕਿ ਦਵਾਈ ਸ਼ੁਰੂ ਕਰਨ ਤੋਂ ਤਿੰਨ ਮਹੀਨੇ ਵਿਚ ਲੜਕੀ ਆਪਣੀ ਤਕਲੀਫ ਤੋਂ ਮੁਕਤ ਹੋ ਗਈ। ਹੋਮਿਓਪੈਥੀ ਦਾ ਇਕ ਹੋਰ ਕ੍ਰਾਂਤੀਕਾਰੀ ਰੂਪ ਜਾਣ ਕੇ ਮੇਰੀ ਖੁਸ਼ੀ ਦੀ ਹੱਦ ਨਾ ਰਹੀ। ਉਸ ਤੋਂ ਬਾਅਦ ਮੈਂ ਇਸ ਪੱਧਤੀ ਦਾ ਵਿਸਥਾਰਪੂਰਵਕ ਅਧਿਐਨ ਕੀਤਾ, ਇਸ ਦੀਆਂ ਦਵਾਈਆਂ ਨੂੰ ਪਹਿਲਾਂ ਆਪਣੇ ਉੱਤੇ ਅਜ਼ਮਾਉਣਾ ਸ਼ੁਰੂ ਕੀਤਾ ਤੇ ਫਿਰ ਇਨ੍ਹਾਂ ਨੂੰ ਆਪਣੀ ਪ੍ਰੈਕਟਿਸ ਵਿਚ ਸ਼ਾਮਲ ਕੀਤਾ।
ਸਟਾਰ ਆਫ ਬੈਥਲੇਹੈਮ ਬਾਰੇ ਡੇਵਿਡ ਵੈਨਲਸ ਲਿਖਦੇ ਹਨ, “ਇਹ ਦਵਾਈ ਉਨ੍ਹਾਂ ਲੋਕਾਂ ਨੂੰ ਠੀਕ ਕਰਨ ਵਿਚ ਲਾਜਵਾਬ ਹੈ, ਜਿਨ੍ਹਾਂ ਨੂੰ ਕਿਸੇ ਕਿਸਮ ਦਾ ਸਦਮਾ ਲੱਗਿਆ ਹੋਇਆ ਹੋਵੇ। ਇਹ ਭਾਵੇਂ ਤਾਜ਼ਾ ਹੋਵੇ, ਭਾਵੇਂ ਕਈ ਸਾਲ ਪਹਿਲਾਂ ਦਾ ਪੁਰਾਣਾ ਹੋਵੇ। ਇਹ ਮਾਨਸਿਕ ਝਟਕਾ ਕਿਸੇ ਗੰਭੀਰ ਹਾਦਸੇ ਦਾ ਹੋ ਸਕਦਾ ਹੈ, ਕਿਸੇ ਪਰਮ-ਪਿਆਰੇ ਦੀ ਮੌਤ ਦਾ ਹੋ ਸਕਦਾ ਹੈ, ਕਿਸੇ ਚੋਰੀ-ਡਕੈਤੀ ਜਿਹੇ ਜੁਰਮੀ ਕਾਰੇ ਦਾ ਹੋ ਸਕਦਾ ਹੈ, ਭੈੜੀ ਖਬਰ ਦਾ ਹੋ ਸਕਦਾ ਹੈ ਜਾਂ ਕਿਸੇ ਦਿਲ ਦਹਿਲਾਉਣ ਵਾਲੇ ਖੌਫਨਾਕ ਦ੍ਰਿਸ਼ ਦਾ ਹੋ ਸਕਦਾ ਹੈ। ਕਈ ਵਾਰ ਇਹ ਸਦਮਾ ਕਿਸੇ ਤਾਜ਼ੀ ਵਾਪਰੀ ਵਿਸ਼ੇਸ਼ ਘਟਨਾ ਦਾ ਨਾ ਹੋ ਕੇ ਲੰਮੇ ਸਮੇਂ ਤੋਂ ਚਲਦੇ ਸੰਘਰਸ਼ਮਈ ਹਾਲਾਤ ਦਾ ਵੀ ਹੋ ਸਕਦਾ ਹੈ। ਲੰਮੇ ਸਮੇਂ ਤੋਂ ਚਲਦੀ ਆਰਥਿਕ ਮੰਦਹਾਲੀ ਤੇ ਪੁਰਾਣੀ ਬਿਮਾਰੀ, ਜਿਸ ਨੂੰ ਸੋਚ ਕੇ ਮਨੁੱਖ ਕੰਬ ਜਾਵੇ ਤੇ ਸੋਚੇ ਕਿ ਉਹ ਕੈਸੇ ਕੈਸੇ ਹਾਲਾਤ ਵਿਚੋਂ ਦੀ ਬਦਹਾਲ ਹੋ ਕੇ ਲੰਘਿਆ ਹੈ, ਵੀ ਇਸ ਵਿਚ ਸ਼ਾਮਲ ਹਨ। ਇਸ ਤੋਂ ਇਲਾਵਾ ਇਹ ਦਵਾਈ ਉਨ੍ਹਾਂ ਨੂੰ ਵੀ ਬਹੁਤ ਵੱਡਾ ਲਾਭ ਪਹੁੰਚਾ ਸਕਦੀ ਹੈ, ਜਿਹੜੇ ਲੰਮੇ ਸਮੇਂ ਤੋਂ ਦੁਖਾਂ ਨਾਲ ਜੂਝ ਰਹੇ ਹੋਣ। ਇਹ ਉਨ੍ਹਾਂ ਦੇ ਹਿਰਦੇ ਵਿਚ ਬੰਦ ਦੁੱਖਾਂ ਦਾ ਢੱਕਣ ਖੋਲ੍ਹ ਦੇਵੇਗੀ ਤੇ ਪਲ ਭਰ ਵਿਚ ਉਨ੍ਹਾਂ ਨੂੰ ਦੋਸ਼ ਮੁਕਤ ਕਰ ਦੇਵੇਗੀ। ਹਾਂ ਜੇ ਮਰੀਜ਼ ਨੂੰ ਇਹ ਦਵਾਈ ਨਾ ਮਿਲੇ, ਤਾਂ ਉਸ ਦੇ ਬੰਦ ਜਜ਼ਬੇ ਹਮੇਸ਼ਾ ਉਸ ਦੇ ਅੰਦਰ ਹੀ ਘੁਟੇ ਪਏ ਰਹਿਣਗੇ।”
ਇਸ ਫੁੱਲ ਦਵਾਈ ਦਾ ਮਰੀਜ਼ ਆਪਣੇ ਅਤੀਤ ਦੇ ਦੁੱਖਾਂ ਵੱਲ ਦੇਖ ਕੇ ਹੱਕਾ ਬੱਕਾ ਰਹਿ ਜਾਂਦਾ ਹੈ। ਉਹ ਸੋਚਦਾ ਹੈ ਕਿ ਉਸ ਨਾਲ ਕੀ ਦਾ ਕੀ ਹੋ ਗਿਆ ਹੈ। ਵੱਡੀ ਗੱਲ ਇਹ ਕਿ ਉਸ ਨੂੰ ਪਤਾ ਹੀ ਨਹੀਂ ਲਗਦਾ ਕਿ ਇਹ ਸਭ ਕੁਝ ਕਦੋਂ ਤੇ ਕਿਵੇਂ ਹੋ ਗਿਆ। ਬੁਰੇ ਹਾਲਾਤ ਦੀ ਹਨੇਰੀ ਵਿਚ ਉਡਦਿਆਂ ਉਸ ਨੂੰ ਸਮਝ ਨਹੀਂ ਪੈਂਦੀ ਕਿ ਉਹ ਆਪਣੇ ਮੌਜੂਦਾ ਮੁਕਾਮ `ਤੇ ਕਿਵੇਂ ਪਹੁੰਚ ਗਿਆ। ਉਸ ਨੂੰ ਲਗਦਾ ਹੈ ਕਿ ਗੜਵੇ ਵਿਚ ਪਾ ਕੇ ਹਿਲਾਏ ਰੋੜਿਆਂ ਵਾਂਗ ਉਸ ਦਾ ਆਪਣੀ ਚਾਲ `ਤੇ ਕੋਈ ਕੰਟਰੋਲ ਨਹੀਂ ਸੀ ਭਾਵ ਉਹ ਉਵੇਂ ਹੀ ਬੇਵਸ ਸੀ, ਜਿਵੇਂ ਦੁਰਘਟਨਾ ਵੇਲੇ ਕੋਈ ਬੇਵਸ ਹੁੰਦਾ ਹੈ। ਬੱਸ ਜੇ ਕੋਈ ਕਹੇ, “ਉੱਫ ਮੈਂ ਮੰਨ ਨਹੀਂ ਸਕਦਾ ਮੇਰੇ ਨਾਲ ਇਹ ਕੁਝ ਹੋਣਾ ਸੀ” ਤਾਂ ਸਮਝੋ ਉਸ ਦੀ ਦਾਸਤਾਂ ਉਸ ਦੇ ਜੀਵਨ ਦੇ ਲੰਮੇ ਰਗੜਿਆਂ ਨੂੰ ਦਰਸਾਉਣ ਵਾਲੀ ਹੈ। ਉਸ ਨੂੰ ਅੱਖਾਂ ਬੰਦ ਕਰਕੇ ਉਹ ਸਟਾਰ ਆਫ ਬੈਥਲੇਹੈਮ ਦਿਓ, ਉਹ ਅਵੱਸ਼ ਠੀਕ ਹੋਵੇਗਾ।
ਇਸ ਤੋਂ ਇਹ ਸਪਸ਼ਟ ਹੋਇਆ ਕਿ ਇਹ ਫੁੱਲ ਦਵਾਈ ਤਾਜ਼ੀਆਂ ਦੁਰਘਟਨਾਵਾਂ ਦੇ ਮਾਰੂ ਪ੍ਰਭਾਵ ਤੋਂ ਪੈਦਾ ਹੋਏ ਹਾਲਾਤ ਨਾਲ ਤਾਂ ਨਜਿੱਠਣ ਦੇ ਨਾਲ ਨਾਲ ਬਹੁਤ ਸਾਰੀਆਂ ਪੁਰਾਣੀਆਂ ਨਾਖੁਸ਼ਗਵਾਰ ਘਟਨਾਵਾਂ ਦੇ ਪ੍ਰਭਾਵਾਂ ਨੂੰ ਵੀ ਨਕਾਰਦੀ ਹੈ। ਜੀਵਨ ਵਿਚ ਅਜਿਹੀਆਂ ਬਹੁਤ ਸਾਰੀਆਂ ਪ੍ਰਸਥਿਤੀਆਂ ਆਉਂਦੀਆਂ ਹਨ, ਜਿਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਬਚਪਨ ਵਿਚ ਮਾਤਾ, ਪਿਤਾ, ਭੈਣ-ਭਰਾਵਾਂ ਤੇ ਖੇਡ ਸਾਥੀਆਂ ਹੱਥੋਂ ਹੋਇਆ ਅਤਿਆਚਾਰ, ਜੋ ਭੁਲਾਇਆ ਨਾ ਜਾ ਸਕੇ, ਇਸ ਦੇ ਦਾਇਰੇ ਵਿਚ ਆਉਂਦਾ ਹੈ। ਮੇਰੇ ਕੋਲ ਕਿੰਨੇ ਕੇਸ ਆਏ ਹਨ, ਜੋ ਬਚਪਨ ਵਿਚ ਅਜਿਹੇ ਤਸ਼ੱਦਦ ਦਾ ਸ਼ਿਕਾਰ ਹੋਏ ਸਨ। ਇਸ ਦਵਾਈ ਦੀ ਸੇਵਾ ਤੋਂ ਬਿਨਾ ਉਹ ਠੀਕ ਨਹੀਂ ਸਨ ਹੋ ਸਕਣੇ। ਬਹੁਤ ਸਾਰੀਆਂ ਔਰਤਾਂ ਸਹੁਰੇ ਘਰਾਂ ਵਿਚ ਇਸੇ ਤਰ੍ਹਾਂ ਦੇ ਨਪੀੜਨ ਵਿਚੋਂ ਲੰਘਦੀਆਂ ਹਨ। ਖਾੜੀ ਦੇ ਦੇਸ਼ਾਂ ਵਿਚ ਜਾ ਕੇ ਸਾਰੇ ਮਰਦ ਤੀਵੀਆਂ ਡਰ ਦੇ ਸਾਏ ਹੇਠ ਰਹਿੰਦੇ ਹਨ ਤੇ ਬਹੁਤੇ ਭੈਅ ਦਾ ਨੰਗਾ ਤਾਂਡਵ ਦੇਖਦੇ ਹਨ। ਨੌਜਵਾਨ ਲੜਕੀਆਂ ਤੇ ਔਰਤਾਂ ਨਾਲ ਨਿੱਤ ਨਵੇਂ ਸ਼ਰਮਨਾਕ ਕਾਂਡ ਵਰਤਦੇ ਹਨ, ਜਿਨ੍ਹਾਂ ਤੋਂ ਉਹ ਸਾਰੀ ਉਮਰ ਨਹੀਂ ਉੱਭਰ ਸਕਦੀਆਂ। ਉਨ੍ਹਾਂ ਦੇ ਦੋਸ਼ੀਆਂ ਦਾ ਵੀ ਜੇ ਪਕੜੇ ਜਾਣ ਤਾਂ ਉਹ ਹਾਲ ਕੀਤਾ ਜਾਂਦਾ ਹੈ ਕਿ ਉਮਰ ਭਰ ਕਿਸੇ ਨੂੰ ਮੂੰਹ ਦਿਖਾਉਣ ਦੇ ਕਾਬਲ ਨਹੀਂ ਰਹਿੰਦੇ। ਕਈਆਂ ਦੀ ਜੇਲ੍ਹਾਂ ਠਾਣਿਆਂ ਵਿਚ ਖਿੱਚ ਪਾੜ ਹੁੰਦੀ ਹੈ ਤੇ ਕਈ ਰੋਟੀ ਰੋਜ਼ੀ ਦੇ ਮਸਲੇ ਵਿਚ ਭੁੱਖਮਰੀ ਦੇ ਅੰਗ-ਸੰਗ ਰਹਿੰਦੇ ਹਨ। ਬੰਧਕ ਬਣਾਏ ਮਜ਼ਦੂਰ, ਘਰੋਂ ਕੱਢੀਆਂ ਔਰਤਾਂ, ਬੇਇੱਜ਼ਤ ਹੋਏ ਬਜ਼ੁਰਗ ਤੇ ਕਰਜਈ ਹੋਏ ਕਿਸਾਨ ਜਦੋਂ ਆਪਣੀ ਵਿਗੜੀ ਤਕਦੀਰ ਬਾਰੇ ਸੋਚਦੇ ਹਨ ਤਾਂ ਉਨ੍ਹਾਂ ਨੂੰ ਇਹ ਜੱਗ ਸਵਾਦੀ ਨਹੀਂ ਲਗਦਾ। ਇਨ੍ਹਾਂ ਸਭ ਦਾ ਇਲਾਜ ਤੇ ਸਕੂਨ ਸਟਾਰ ਆਫ ਬੈਥਲੇਹੈਮ ਦਾ ਸੇਵਨ ਕਰਨ ਵਿਚ ਹੈ।
ਸੱਚ ਤਾਂ ਇਹ ਹੈ ਕਿ ਇਹ ਸਥਿਤੀਆਂ ਬੱਚੇ ਦੇ ਪੈਦਾ ਹੋਣ ਤੋਂ ਪਹਿਲਾਂ ਮਾਂ ਦੇ ਗਰਭ ਵਿਚ ਪਲਣ ਵੇਲੇ ਤੋਂ ਹੀ ਸ਼ੁਰੂ ਹੋ ਜਾਂਦੀਆਂ ਹਨ। ਪਟਿਆਲੇ ਰਹਿੰਦੇ ਮੇਰੇ ਕੋਲ ਸਮਾਣੇ ਸ਼ਹਿਰ ਨੇੜਿਓਂ ਇਕ ਬੀਬੀ ਆਪਣਾ ਦੋ ਸਾਲ ਦਾ ਬੱਚਾ ਲੈ ਕੇ ਆਈ। ਉਸ ਨੇ ਕਿਹਾ, “ਡਾਕਟਰ ਜੀ ਇਹ ਬੋਲਦਾ ਨਹੀਂ, ਜਦੋਂ ਕਿ ਇਸ ਦੇ ਨਾਲ ਦੇ ਕਾਫੀ ਕੁਝ ਕਹਿਣਾ ਸਿੱਖ ਗਏ ਹਨ। ਦਰਿਆਫਤ ਕਰਨ `ਤੇ ਪਤਾ ਚੱਲਿਆ ਕਿ ਉਸ ਨੂੰ ਸੁਣਦਾ ਵੀ ਨਹੀਂ ਸੀ। ਇਹ ਜਾਣ ਕੇ ਬੀਬੀ ਬਹੁਤ ਘਬਰਾਈ। ਉਸ ਤੋਂ ਬੱਚੇ ਦੀ ਪੂਰੀ ਹਿਸਟਰੀ ਜਾਣੀ ਗਈ। ਕੁਝ ਵੀ ਪਤਾ ਨਾ ਲੱਗਣ `ਤੇ ਮੈਂ ਉਸ ਨੂੰ ਉਸ ਦੇ ਗਰਭ ਵੇਲੇ ਦਾ ਆਪਣਾ ਇਤਿਹਾਸ ਦੱਸਣ ਲਈ ਕਿਹਾ। ਬੀਬੀ ਨੇ ਯਾਦ ਕਰ ਕੇ ਕਿਹਾ ਕਿ ਹਾਂ ਜਦੋਂ ਇਹ ਪੈਦਾ ਹੋਣ ਵਾਲਾ ਸੀ ਤਾਂ ਅਚਾਨਕ ਉਸ ਅੱਗੇ ਚੌੜੇ ਫਣੇ ਵਾਲਾ ਸੱਪ ਆ ਗਿਆ ਸੀ ਤੇ ਉਸ ਦੇਖ ਕੇ ਉਹ ਬੇਹੋਸ਼ ਹੋ ਗਈ ਸੀ। ਉਸ ਦੇ ਦੱਸੇ ਇਸ ਦਹਿਸ਼ਤੀ ਤੱਥ ਨੂੰ ਆਧਾਰ ਬਣਾ ਕੇ ਮੈਂ ਉਸ ਬੱਚੇ ਨੂੰ ਓਪੀਅਮ-200 (ੌਪੁਿਮ-200) ਦਿੱਤੀ ਸੀ। ਇਸ ਨਾਲ ਉਸ ਦੇ ਕੰਨਾਂ ਵਿਚੋਂ ਲੁੱਕ ਜਿਹਾ ਕਾਲਾ ਤੇ ਗਾਹੜਾ ਪਦਾਰਥ ਵੱਗਿਆ ਸੀ। ਮੈਨੂੰ ਲਗਦਾ ਹੈ, ਉਹ ਬੱਚਾ ਬੋਲਣ ਲੱਗ ਗਿਆ ਹੋਵੇਗਾ, ਕਿਉਂਕਿ ਉਸ ਨੂੰ ਸੁਣਨ ਤਾਂ ਉਦੋਂ ਹੀ ਲੱਗ ਗਿਆ ਸੀ। ਮੈਨੂੰ ਇਹ ਵੀ ਯਕੀਨ ਹੈ ਕਿ ਇਹ ਸਟਾਰ ਆਫ ਬੈਥਲੇਹੈਮ ਦਾ ਕੇਸ ਸੀ। ਜੇ ਉਸ ਨੂੰ ਉਹ ਦਵਾਈ ਨਾ ਦਿੱਤੀ ਗਈ ਹੁੰਦੀ ਤਾਂ ਉਸ ਨੇ ਇਸ ਨਾਲ ਵੀ ਜਰੂਰ ਠੀਕ ਹੋ ਜਾਣਾ ਸੀ।
ਸਟਾਰ ਆਫ ਬੈਥਲੇਹੈਮ ਦੇ ਮਰੀਜ਼ਾਂ ਨੂੰ ਮਾਨਸਿਕ ਸਦਮੇ ਤੋਂ ਇਲਾਵਾ ਕਈ ਹੋਰ ਤਕਲੀਫਾਂ ਵੀ ਘੇਰ ਲੈਂਦੀਆਂ ਹਨ। ਕੰਮ ਵਿਚ ਦਿਲ ਨਾ ਲੱਗਣਾ, ਦੁਨੀਆਂ ਤੋਂ ਉਪਰਾਮ ਰਹਿਣਾ, ਭੁੱਖ ਨਾ ਲੱਗਣਾ, ਮਿਹਦੇ ਦੀ ਖਰਾਬੀ, ਪੇਟ (ਡਾਇਆਫਰਾਮ) ਦਾ ਕਸਿਆ ਜਾਣਾ, ਸਾਹ ਦਾ ਔਖਾ ਆਉਣਾ, ਹਉਕੇ ਲੈਣਾ, ਖੂਨ ਵਾਲੀ ਪੇਚਿਸ, ਬੋਲਦੇ ਬੋਲਦੇ ਗਲੇਡੂ ਭਰ ਜਾਣਾ, ਆਪ ਮੁਹਾਰੇ ਅਥਰੂਆਂ ਦਾ ਵਗਣ ਲੱਗ ਜਾਣਾ, ਕੰਨਾਂ ਵਿਚੋਂ ਆਵਾਜ਼ਾਂ ਆਉਣੀਆਂ ਤੇ ਅੱਖਾਂ ਅੱਗੇ ਹਨੇਰਾ ਆਉਣਾ-ਇਨ੍ਹਾਂ ਵਿਚੋਂ ਮੁੱਖ ਹਨ। ਜਿੱਥੇ ਇਨ੍ਹਾਂ ਵਿਚੋਂ ਕੋਈ ਅਲਾਮਤ ਦਿਖਾਈ ਦੇਵੇ, ਉੱਥੇ ਵੀ ਇਸ ਦਵਾਈ ਬਾਰੇ ਸੋਚਣਾ ਜਰੂਰ ਬਣਦਾ ਹੈ।