ਮਹਾਂ ਫਰਾਡ’ ਅਮਰੀਕ ਗਿੱਲ-2

ਮੁੰਬਈ ਵਿਚ ਪੰਜਾਬ ਵਾਲਾ ਧੜਕਦਾ ਦਿਲ ਲੈ ਕੇ ਵੱਸਣ ਵਾਲੇ ਅਮਰੀਕ ਗਿੱਲ ਦਾ ਆਪਣਾ ਵੱਖਰਾ ਮੁਕਾਮ ਹੈ। ਉਹਨੇ ਫਿਲਮਾਂ ਲਈ ਕਹਾਣੀਆਂ, ਪਟਕਥਾ, ਡਾਇਲਾਗ ਲਿਖੇ, ਇਕ ਪੰਜਾਬੀ ਫਿਲਮ ‘ਕਿਰਪਾਨ’ ਨਿਰਦੇਸ਼ਤ ਕੀਤੀ ਅਤੇ ਕਈ ਲੜੀਵਾਰਾਂ ਤੇ ਫਿਲਮਾਂ ਵਿਚ ਅਦਾਕਾਰੀ ਵੀ ਕੀਤੀ। ਉਹ ਪੰਜਾਬ ਦੇ ਨਿੱਕੇ ਜਿਹੇ ਪਿੰਡ ਤੋਂ ਉਠ ਕੇ ਪੰਜਾਬ ਦੀ ਹਾਜ਼ਰੀ ਪਤਾ ਨਹੀਂ ਕਿੱਥੇ-ਕਿੱਥੇ ਲੁਆ ਚੁੱਕਿਆ ਹੈ। ਉਹਦੇ ਮਿੱਤਰ ਅਤੇ ਅਮਰੀਕਾ ਵੱਸਦੇ ਲਿਖਾਰੀ ਤੇ ਵਿਦਵਾਨ ਪ੍ਰੇਮ ਮਾਨ ਨੇ ਉਹਦੇ ਜੀਵਨ ਸਫਰ ਅਤੇ ਕੰਮ-ਕਾਰ ‘ਤੇ ਝਾਤ ਪੁਆਉਂਦਾ ਲੰਮਾ ਲੇਖ ‘ਪੰਜਾਬ ਟਾਈਮਜ਼’ ਲਈ ਭੇਜਿਆ ਹੈ। ਇਸ ਲੇਖ ਵਿਚ ਅਮਰੀਕ ਗਿੱਲ ਦੇ ਜੀਵਨ ਦੇ ਰੰਗ ਹੀ ਨਹੀਂ, ਪੰਜਾਬ ਨਾਲ ਜੁੜੇ ਸਰੋਕਾਰਾਂ ਦੇ ਰੰਗ ਵੀ ਬੜੇ ਉਘੜਵੇਂ ਰੂਪ ਵਿਚ ਪੇਸ਼ ਹੋਏ ਹਨ। ਇਸ ਲੰਮੇ ਲੇਖ ਦੀ ਦੂਜੀ ਕਿਸ਼ਤ ਪਾਠਕਾਂ ਲਈ ਪੇਸ਼ ਹੈ।

ਪ੍ਰੇਮ ਮਾਨ
ਫੋਨ: 860-983-5002

ਅਮਰੀਕ ਅਤੇ ਉਸ ਦੀ ਮਾਤਾ ਨੇ ਅਤਿ ਦੀ ਗਰੀਬੀ ਦੇਖੀ ਸੀ। ਜਦੋਂ ਅਮਰੀਕ ਗੌਰਮਿੰਟ ਕਾਲਜ ਹੁਸ਼ਿਆਰਪੁਰ ਬੀ.ਏ. ਦੀ ਪੜ੍ਹਾਈ ਲਈ ਦਾਖਲ ਹੋਇਆ ਤਾਂ ਉਸ ਕੋਲ ਆਰਥਿਕ ਸਹਾਇਤਾ ਦਾ ਕੋਈ ਸਾਧਨ ਨਹੀਂ ਸੀ। ਉਸ ਦਾ ਪਿਤਾ ਇੰਗਲੈਂਡ ਤੋਂ ਕੋਈ ਮਦਦ ਨਹੀਂ ਸੀ ਕਰਦਾ ਅਤੇ ਉਹ ਕਹਿੰਦਾ ਸੀ ਕਿ ਪੈਸੇ ਬਾਬੇ ਤੋਂ ਲੈ ਜੋ ਸਾਰੀ ਜ਼ਮੀਨ ਸਾਂਭਦਾ ਸੀ। ਬਾਬਾ ਕਹਿੰਦਾ ਸੀ ਕਿ ਪੈਸੇ ਆਪਣੇ ਪਿਤਾ ਕੋਲੋਂ ਲੈ ਜਿਸ ਨੇ ਤੈਨੂੰ ਜਨਮ ਦਿੱਤਾ। ਅਮਰੀਕ ਦੇ ਪਿਤਾ ਨੇ ਹੁਸ਼ਿਆਰਪੁਰ ਵਿਚ ਇੱਕ ਦੁਕਾਨ ਮੁੱਲ ਖਰੀਦੀ ਸੀ ਜਦੋਂ ਉਹ ਹੁਸ਼ਿਆਰਪੁਰ ਨੌਕਰੀ ਕਰਦਾ ਸੀ। ਉਸ ਦੁਕਾਨ ਦੇ ਉੱਪਰ ਰਿਹਾਇਸ਼ ਵਾਲਾ ਇੱਕ ਕਮਰਾ ਸੀ। ਦੁਕਾਨ ਅਮਰੀਕ ਦੇ ਪਿਤਾ ਨੇ ਆਪਣੇ ਕਿਸੇ ਦੋਸਤ ਨੂੰ ਕਿਰਾਏ ‘ਤੇ ਦਿੱਤੀ ਸੀ ਜਿਸ ਨੇ ਉੱਥੇ ਕਿਤਾਬਾਂ ਦੀ ਦੁਕਾਨ ਪਾ ਲਈ ਸੀ। ਇਸ ਦੁਕਾਨ ਤੋਂ ਮਹੀਨੇ ਦਾ 40 ਰੁਪਏ ਕਿਰਾਇਆ ਆਉਂਦਾ ਸੀ। ਅਮਰੀਕ ਨੇ ਦੁਕਾਨ ਵਾਲੇ ਨਾਲ ਗੱਲ ਕੀਤੀ ਅਤੇ ਕਿਰਾਇਆ ਆਪ ਲੈਣ ਲੱਗ ਪਿਆ ਪਰ ਹੁਸ਼ਿਆਰਪੁਰ ਰਹਿਣ ਲਈ 40 ਰੁਪਏ ਮਹੀਨੇ ਨਾਲ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਸੀ। ਉਹ ਆਪਣੀ ਮਾਤਾ ਨੂੰ ਵੀ ਆਪਣੇ ਕੋਲ ਹੁਸ਼ਿਆਰਪੁਰ ਲੈ ਗਿਆ ਸੀ। ਹੁਸ਼ਿਆਰਪੁਰ ਇਕ ਆਦਮੀ ਮਲਾਇਆ ਰਾਮ ਦਸ-ਗਿਆਰਾਂ ਰਿਕਸ਼ਿਆਂ ਦਾ ਮਾਲਕ ਸੀ ਅਤੇ ਉਹ ਲੋਕਾਂ ਨੂੰ ਚਲਾਉਣ ਲਈ ਰਿਕਸ਼ੇ ਕਿਰਾਏ ‘ਤੇ ਦਿੰਦਾ ਸੀ। ਅਮਰੀਕ ਨੇ ਆਪਣਾ ਗੁਜ਼ਾਰਾ ਕਰਨ ਲਈ ਉਸ ਤੋਂ ਕਿਰਾਏ ‘ਤੇ ਲੈ ਕੇ ਡੇਢ ਕੁ ਸਾਲ ਹੁਸ਼ਿਆਰਪੁਰ ਰਿਕਸ਼ਾ ਚਲਾਇਆ। ਇਸ ਤੋਂ ਬਾਅਦ ਮਲਾਇਆ ਰਾਮ ਨੇ ਉਹਨੂੰ ਆਪਣੇ ਰਿਕਸ਼ਿਆਂ ਦਾ ਹਿਸਾਬ ਕਿਤਾਬ ਰੱਖਣ ਦੀ ਨੌਕਰੀ ਦੇ ਦਿੱਤੀ।
ਉਸ ਦੀ ਜ਼ਿੰਦਗੀ ਦੀਆਂ ਇਹੋ ਜਿਹੀਆਂ ਕਹਾਣੀਆਂ ਸੁਣ ਕੇ ਤੁਸੀਂ ਉਸ ਦੀ ਮਿਹਨਤ ਦੀ ਦਾਦ ਹੀ ਦੇ ਸਕਦੇ ਹੋ ਕਿ ਕਿਸ ਤਰ੍ਹਾਂ ਪੜ੍ਹਨ ਦੀ ਇੱਛਾ ਨੂੰ ਪੂਰਾ ਕਰਨ ਲਈ ਉਸ ਨੇ ਰਿਕਸ਼ਾ ਚਲਾਉਣ ਵਿਚ ਵੀ ਕੋਈ ਬੇਇੱਜ਼ਤੀ ਨਹੀਂ ਸੀ ਸਮਝੀ। ਅਮਰੀਕ ਦਾ ਸਿਰੜ ਅਤੇ ਉਸ ਦੀ ਸਖਤ ਮਿਹਨਤ ਹੀ ਉਸ ਨੂੰ ਉਸ ਮੁਕਾਮ ਤੇ ਲੈ ਕੇ ਗਈਆਂ ਹਨ ਜਿੱਥੇ ਉਹ ਅੱਜ ਬੈਠਾ ਹੈ।
ਇਕ ਵਾਰੀ ਗੌਰਮਿੰਟ ਕਾਲਜ ਹੁਸ਼ਿਆਰਪੁਰ ਦੀਆਂ ਗੱਲਾਂ ਹੋਈਆਂ ਤਾਂ ਮੈਂ ਅਮਰੀਕ ਨੂੰ ਪੁੱਛਿਆ ਕਿ ਉਸ ਨੂੰ ਉੱਥੇ ਅਰਥ ਸ਼ਾਸਤਰ ਕਿਹੜੇ ਪ੍ਰੋਫੈਸਰਾਂ ਨੇ ਪੜ੍ਹਾਇਆ ਸੀ। ਉਸ ਨੂੰ ਅਰਥ ਸ਼ਾਸਤਰ ਪ੍ਰੋਫੈਸਰ ਸੁਰੇਸ਼ ਸੇਠ, ਬਲਰਾਜ ਸਿੰਘ ਬੈਂਸ ਅਤੇ ਮੈਡਮ ਮਨੋਰਮਾ ਨੇ ਪੜ੍ਹਾਇਆ ਸੀ। ਸੁਰੇਸ਼ ਸੇਠ ਜਿਹੜਾ ਹਿੰਦੀ ਦਾ ਬਹੁਤ ਵਧੀਆ ਲੇਖਕ ਹੈ, ਮੇਰਾ ਵੀ ਐਮ.ਏ. ਵਿਚ ਪ੍ਰੋਫੈਸਰ ਰਿਹਾ ਸੀ। ਅਸੀਂ ਦੋਵੇਂ ਇਸ ਗੱਲ ‘ਤੇ ਸਹਿਮਤ ਸੀ ਕਿ ਪ੍ਰੋਫੈਸਰ ਸੇਠ ਬਹੁਤ ਵਧੀਆ ਇਨਸਾਨ ਅਤੇ ਵਧੀਆ ਅਧਿਆਪਕ ਸੀ। ਪ੍ਰੋਫੈਸਰ ਬਲਰਾਜ ਸਿੰਘ ਬੈਂਸ ਅਤੇ ਮੈਡਮ ਮਨੋਰਮਾ ਤੋਂ ਮੈਂ ਨਹੀਂ ਸੀ ਪੜ੍ਹਿਆ। ਇਹ ਦੋਵੇਂ ਹੀ ਐਮ.ਏ. ਨੂੰ ਜਿਹੜੇ ਮਜ਼ਮੂਨ ਪੜ੍ਹਾਉਂਦੇ ਸਨ, ਮੈਂ ਉਹ ਨਹੀਂ ਸੀ ਲਏ ਪਰ ਮੈਂ ਉਨ੍ਹਾਂ ਨੂੰ ਜਾਣਦਾ ਸੀ। ਪ੍ਰੋਫੈਸਰ ਬਲਰਾਜ ਸਿੰਘ ਬੈਂਸ ਤਾਂ ਹਫਤੇ ਵਿਚ ਚਾਰ ਕਲਾਸਾਂ ਵਿਚੋਂ ਮਸਾਂ ਇਕ ਕਲਾਸ ਹੀ ਲਾਉਂਦਾ ਸੀ। ਅਸੀਂ ਦੋਵੇਂ ਹੀ ਇਸ ਗੱਲ ‘ਤੇ ਵੀ ਸਹਿਮਤ ਹੋਏ ਕਿ ਪ੍ਰੋਫੈਸਰ ਬਲਰਾਜ ਸਿੰਘ ਬੈਂਸ ਤਾਂ ਪੂਰਾ ਫੁਕਰਾ ਸੀ ਜੋ ਵਿਦਿਆਰਥੀਆਂ ਨਾਲ ਮੋਟਰਸਾਈਕਲ ‘ਤੇ ਬੈਠ ਕੇ ਸ਼ਹਿਰ ਵਿਚ ਘੁੰਮਦਾ ਰਹਿੰਦਾ ਸੀ ਅਤੇ ਪੜ੍ਹਾਉਂਦਾ ਘੱਟ ਹੀ ਸੀ। ਉਸ ਵੇਲੇ ਇਸੇ ਕਾਲਜ ਵਿਚ ਗੁਰਦਿਆਲ ਸਿੰਘ ਡੀ.ਪੀ. ਸੀ ਜੋ ਪ੍ਰੋਫੈਸਰ ਬਲਰਾਜ ਸਿੰਘ ਬੈਂਸ ਦਾ ਬਹੁਤ ਗੂੜ੍ਹਾ ਦੋਸਤ ਸੀ। ਇਹ ਦੋਵੇਂ ਹੀ ਵਿਦਿਆਰਥੀਆਂ ਨਾਲ ਮੋਟਰਸਾਈਕਲਾਂ ਤੇ ਘੁੰਮਦੇ ਰਹਿੰਦੇ ਸੀ।
ਅਮਰੀਕ ਦਾ ਇਸ ਕਾਲਜ ਦਾ ਜਮਾਤੀ ਸੁਰਿੰਦਰ ਰੀਹਲ ਕੈਲਗਰੀ ਰਹਿੰਦਾ ਹੈ। ਇਕ ਵਾਰੀ ਉਹ ਵਾਪਸ ਹਿੰਦੁਸਤਾਨ ਆਇਆ ਤਾਂ ਅਮਰੀਕ ਵੀ ਮੁੰਬਈ ਤੋਂ ਉਸ ਨੂੰ ਮਿਲਣ ਆ ਗਿਆ। ਉਨ੍ਹਾਂ ਨੇ ਹੁਸ਼ਿਆਰਪੁਰ ਦੇ ਬੱਸ ਅੱਡੇ ਨੇੜੇ ਹੋਟਲ ਬੁੱਕ ਕਰਾ ਲਿਆ। ਉੱਥੇ ਹੀ ਉਨ੍ਹਾਂ ਨੇ ਪ੍ਰੋਫੈਸਰ ਬਲਰਾਜ ਸਿੰਘ ਬੈਂਸ ਅਤੇ ਗੁਰਦਿਆਲ ਸਿੰਘ ਨੂੰ ਵੀ ਬੁਲਾ ਲਿਆ। ਸੁਰਿੰਦਰ ਰੀਹਲ ਨੇ ਵਧੀਆ ਸ਼ਰਾਬ ਲਿਆਂਦੀ। ਗੁਰਦਿਆਲ ਸਿੰਘ ਅਤੇ ਪ੍ਰੋਫੈਸਰ ਬਲਰਾਜ ਸਿੰਘ ਬੈਂਸ ਕੁਝ ਜ਼ਿਆਦਾ ਹੀ ਪੀ ਕੇ ਇਕ ਦੂਜੇ ਨਾਲ ਲੜਨ ਲੱਗ ਪਏ। ਦੋਹਾਂ ਨੇ ਇਕ ਦੂਜੇ ਨੂੰ ਵਾਲਾਂ ਤੋਂ ਫੜ ਲਿਆ ਅਤੇ ਹੂਰਾ-ਮੁੱਕੀ ਹੋ ਗਏ। ਅਮਰੀਕ ਤੇ ਸੁਰਿੰਦਰ ਨੇ ਦੋਹਾਂ ਨੂੰ ਮਸਾਂ ਛੁਡਾਇਆ ਅਤੇ ਇਕੱਲੇ ਇਕੱਲੇ ਨੂੰ ਉਨ੍ਹਾਂ ਦੇ ਘਰਾਂ ਨੂੰ ਭੇਜ ਦਿੱਤਾ। ਬਾਅਦ ਵਿਚ ਸੁਰਿੰਦਰ ਕਹਿੰਦਾ ਕਿ ਉਸ ਦਾ ਉਸ ਹੋਟਲ ਵਿਚ ਸੌਣ ਨੂੰ ਜੀਅ ਨਹੀਂ ਕਰਦਾ। ਇਸ ਤਰ੍ਹਾਂ ਅੱਧੀ ਰਾਤ ਨੂੰ ਇਹ ਦੋਵੇਂ ਟਾਂਡੇ ਕੋਲ ਸੁਰਿੰਦਰ ਦੇ ਸਹੁਰੇ ਘਰ ਜਾ ਕੇ ਸੁੱਤੇ।
ਅਮਰੀਕ ਅਨੁਸਾਰ ਭਾਵੇਂ ਉਸ ਨੂੰ ਜਨਮ ਦੇਣ ਵਾਲਾ ਪਿਓ ਇੰਗਲੈਂਡ ਜਾ ਵਸਿਆ ਸੀ ਜਿਸ ਨੇ ਉਹਦੀ ਅਤੇ ਉਹਦੀ ਮਾਤਾ ਵੱਲ ਕੋਈ ਧਿਆਨ ਨਹੀਂ ਸੀ ਦਿੱਤਾ ਪਰ ਉਸ ਦਾ ਅਸਲੀ ਪਿਓ ਬਲਵੰਤ ਗਾਰਗੀ ਸੀ ਜਿਸ ਨਾਲ ਉਸ ਨੇ ਕਈ ਸਾਲ ਬਿਤਾਏ ਸਨ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬੀ ਦੀ ਐਮ.ਏ. ਕਰਦਿਆਂ ਅਮਰੀਕ ਦੀ ਗਾਰਗੀ ਨਾਲ ਕਾਫੀ ਜਾਣਕਾਰੀ ਹੋ ਗਈ ਸੀ। ਉਸ ਵੇਲੇ ਗਾਰਗੀ ਪੰਜਾਬ ਯੂਨੀਵਰਸਿਟੀ ਵਿਚ ਥੀਏਟਰ ਦਾ ਪ੍ਰੋਫੈਸਰ ਸੀ। ਗਾਰਗੀ ਰਿਟਾਇਰ ਹੋ ਕੇ ਦਿੱਲੀ ਜਾ ਕੇ ਆਪਣੇ ਘਰ ਵਿਚ ਰਹਿਣ ਲੱਗ ਪਿਆ। ਉਹ ਵੀ ਤਿੰਨ-ਚਾਰ ਸਾਲ ਗਾਰਗੀ ਨਾਲ ਦਿੱਲੀ ਉਸ ਦੇ ਘਰ ਹੀ ਰਿਹਾ, ਉਨ੍ਹੀਂ ਦਿਨੀਂ ਉਹ ਦਿੱਲੀ ਨੈਸ਼ਨਲ ਸਕੂਲ ਆਫ ਡਰਾਮਾ ਵਿਚ ਐਕਟਿੰਗ ਅਤੇ ਡਾਇਰੈਕਸ਼ਨ ਦੀ ਤਿੰਨ ਸਾਲਾਂ ਦੀ ਡਿਗਰੀ ਕਰ ਰਿਹਾ ਸੀ। ਅਮਰੀਕ ਯਾਦ ਕਰਦਾ ਹੈ ਕਿ ਉਹ ਗਾਰਗੀ ਦਾ ਪੀ.ਏ. ਵੀ ਸੀ ਅਤੇ ਨੌਕਰ ਵੀ। ਉਹ ਗਾਰਗੀ ਦਾ ਬੋਲਿਆ ਲਿਖਦਾ, ਗਾਰਗੀ ਗੁਰਮੁਖੀ ਵਿਚ ਬਹੁਤਾ ਤੇਜ਼ ਨਹੀਂ ਸੀ ਲਿਖ ਸਕਦਾ। ਗਾਰਗੀ ਬਹੁਤ ਅਮੀਰ ਸੀ, ਕਮਾਲ ਦਾ ਆਦਮੀ ਸੀ, ਸ਼ਾਨਦਾਰ ਇਨਸਾਨ।
ਗਾਰਗੀ ਨਾਲ ਅਮਰੀਕ ਦਿੱਲੀ ਦੇ ਵਧੀਆ ਲੇਖਕਾਂ ਅਤੇ ਹੋਰ ਲੋਕਾਂ ਨੂੰ ਮਿਲਿਆ ਸੀ। ਉਹ ਗਾਰਗੀ ਦੇ ਪੈਰੀਂ ਹੱਥ ਲਾਉਂਦਾ ਸੀ ਪਰ ਹੋਰ ਕਿਸੇ ਦੇ ਵੀ ਪੈਰੀਂ ਹੱਥ ਨਹੀਂ ਸੀ ਲਾਉਂਦਾ – ਪ੍ਰੋਡਿਊਸਰ ਡਾਇਰੈਕਟਰ ਗੁਲਜ਼ਾਰ ਦੇ ਵੀ ਨਹੀਂ ਜਿਸ ਦੇ ਅਮਰੀਕ ਬਹੁਤ ਨੇੜੇ ਰਿਹਾ ਹੈ। ਖੁਸ਼ਵੰਤ ਸਿੰਘ ਜਦੋਂ ਵੀ ਗਾਰਗੀ ਦੇ ਘਰ ਕਿਸੇ ਵੀ ਪਾਰਟੀ ‘ਤੇ ਆਉਂਦਾ ਸੀ ਤਾਂ ਉਹ ਆਪਣੇ ਲਈ ਸ਼ਰਾਬ ਨਾਲ ਲੈ ਕੇ ਆਉਂਦਾ ਸੀ। ਖੁਸ਼ਵੰਤ ਸਿੰਘ ਦੀ ਪਤਨੀ ਬਹੁਤ ਚੰਗੀ, ਪੜ੍ਹੀ-ਲਿਖੀ ਅਤੇ ਵਧੀਆ ਆਦਤਾਂ ਵਾਲੀ ਔਰਤ ਸੀ ਪਰ ਸਖਤ ਬਹੁਤ ਸੀ। ਖੁਸ਼ਵੰਤ ਸਿੰਘ ਕੋਲ ਚਾਂਦੀ ਦੀ ਬੋਤਲ ਸੀ ਜਿਸ ਵਿਚ ਤਿੰਨ ਪੈੱਗ ਪੈਂਦੇ ਸਨ। ਖੁਸ਼ਵੰਤ ਸਿੰਘ ਦੀ ਪਤਨੀ ਪਾਰਟੀ ‘ਤੇ ਜਾਣ ਵੇਲੇ ਇਸ ਬੋਤਲ ਵਿਚ ਦੋ ਪੈੱਗ ਹੀ ਪਾ ਕੇ ਲਿਆਉਂਦੀ ਸੀ ਅਤੇ ਖੁਸ਼ਵੰਤ ਸਿੰਘ ਨੂੰ ਦੋ ਪੈੱਗ ਤੋਂ ਵੱਧ ਨਹੀਂ ਸੀ ਪੀਣ ਦਿੰਦੀ। ਉਹ ਖੁਸ਼ਵੰਤ ਸਿੰਘ ਨੂੰ ਹਮੇਸ਼ਾ ਸ਼ਾਮ ਦੇ 9:00 ਵਜੇ ਖਾਣਾ ਖਾਣ ਲਈ ਕਹਿੰਦੀ ਸੀ।
ਮਸ਼ਹੂਰ ਢਾਡੀ ਅਮਰ ਸਿੰਘ ਸ਼ੌਂਕੀ ਜਿਸ ਦੇ ਗਾਏ ਗੀਤ ਬਹੁਤ ਮਸ਼ਹੂਰ ਹੋਏ, ਅਮਰੀਕ ਦੀ ਮਾਤਾ ਦੇ ਤਾਏ ਦਾ ਲੜਕਾ ਸੀ। ਉਸ ਦਾ ਨਾਂ ਅਮਰ ਸਿੰਘ ਢਿੱਲੋਂ ਸੀ ਪਰ ਉਸ ਨੇ ਆਪਣਾ ਤਖੱਲਸ ਸ਼ੌਂਕੀ ਰੱਖ ਲਿਆ ਸੀ। ਇਕ ਵਾਰ ਉਹ ਆਪਣੇ ਨਾਨਕੀਂ ਗਿਆ ਤਾਂ ਅਮਰ ਸਿੰਘ ਸ਼ੌਂਕੀ ਨੇ ਪੁੱਛਿਆ ਕਿ ਉਹ ਕੀ ਕਰਦਾ ਸੀ। ਉਸ ਵਕਤ ਉਹ ਪੰਜਾਬੀ ਦੀ ਐਮ.ਏ. ਕਰ ਰਿਹਾ ਸੀ। ਅਮਰ ਸਿੰਘ ਸ਼ੌਂਕੀ ਕਹਿਣ ਲੱਗੇ, “ਐਮ.ਏ. ਕਰ ਕੇ ਆ ਜਾਵੀਂ, ਤੈਨੂੰ ਮਾਹਿਲਪੁਰ ਕਾਲਜ ਵਿਚ ਪੜ੍ਹਾਉਣ ਦੀ ਨੌਕਰੀ ਦੇ ਦੇਵਾਂਗੇ। ਕਮੇਟੀ ਦੇ ਮੈਂਬਰ ਮੇਰੇ ਵਾਕਫ ਹਨ।” ਪਰ ਅਮਰੀਕ ਦੀ ਇੱਛਾ ਪ੍ਰੋਫੈਸਰ ਬਣਨ ਦੀ ਨਹੀਂ, ਫਿਲਮਾਂ ਵਿਚ ਜਾਣ ਦੀ ਸੀ। ਅਮਰ ਸਿੰਘ ਸ਼ੌਂਕੀ ਸ਼ਰਾਬ ਦਾ ਸ਼ੌਕੀਨ ਸੀ। ਇਕ ਵਾਰੀ ਅਮਰੀਕ ਸ਼ੌਂਕੀ ਹੁਰਾਂ ਦੇ ਘਰ ਗਿਆ, ਉਹ ਪੀ ਰਹੇ ਸਨ। ਉਨ੍ਹਾਂ ਅਮਰੀਕ ਨੂੰ ਕਿਹਾ, “ਜਾਹ ਆਪਣੀ ਮਾਮੀ ਤੋਂ ਕੌਲੀ ਲਿਆ।” ਅਮਰੀਕ ਰਸੋਈ ਵਿਚ ਜਾ ਕੇ ਮਾਮੀ ਤੋਂ ਕੌਲੀ ਲੈ ਆਇਆ। ਸ਼ੌਂਕੀ ਹੁਰਾਂ ਕੌਲੀ ਵਿਚ ਥੋੜ੍ਹੀ ਸ਼ਰਾਬ ਪਾਈ ਅਤੇ ਕੁਝ ਪਾਣੀ ਪਾ ਕੇ ਕੌਲੀ ਅਮਰੀਕ ਨੂੰ ਫੜਾ ਦਿੱਤੀ। ਉਹਨੂੰ ਸੁੰਘ ਕੇ ਉਹਨੂੰ ਝੁਣਝੁਣੀ ਲਈ। ਸ਼ੌਂਕੀ ਸਾਹਿਬ ਕਹਿਣ ਲੱਗੇ, “ਬਹੁਤ ਵਧੀਆ ਚੀਜ਼ ਹੈ। ਫੱਟੇ ਚੱਕ ਦੇ।” ਫਿਰ ਅਮਰੀਕ ਨੇ ਸ਼ਰਾਬ ਦੇ ਫੱਟੇ ਚੱੱਕ ਦਿੱਤੇ। ਇਹ ਪਹਿਲੀ ਵਾਰੀ ਸੀ ਜਦੋਂ ਉਹਨੇ ਸ਼ਰਾਬ ਪੀਤੀ ਸੀ।
ਐਮ.ਏ. ਦੌਰਾਨ ਇਕ ਪ੍ਰੋਫੈਸਰ ਨੇ ਵਾਰੀ-ਵਾਰੀ ਸਾਰੇ ਵਿਦਿਆਰਥੀਆਂ ਨੂੰ ਪੁੱਛਿਆ ਕਿ ਉਹ ਜ਼ਿੰਦਗੀ ਵਿਚ ਕੀ ਬਣਨਾ ਚਾਹੁੰਦੇ ਸਨ। ਵਿਦਿਆਰਥੀਆਂ ਨੇ ਆਪੋ-ਆਪਣੇ ਵਿਚਾਰ ਦੱਸੇ। ਅਮਰੀਕ ਦੀ ਵਾਰੀ ਆਈ ਤਾਂ ਉਸ ਨੇ ਕਿਹਾ ਕਿ ਉਹ ਫਿਲਮ ਡਾਇਰੈਕਟਰ ਬਣਨਾ ਚਾਹੁੰਦਾ ਹੈ। ਸਾਰੀ ਕਲਾਸ ਹੱਸ ਪਈ। ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਅਮਰੀਕ ਦੀ ਮਿਹਨਤ, ਸਿਰੜ ਅਤੇ ਸੰਘਰਸ਼ ਇਕ ਦਿਨ ਉਸ ਨੂੰ ਇਸ ਮੰਜ਼ਲ ‘ਤੇ ਪਹੁੰਚਾ ਦੇਣਗੇ। ਇਸੇ ਖਾਹਿਸ਼ ਅਤੇ ਟੀਚੇ ਕਾਰਨ ਅਮਰੀਕ ਨੇ ਪੰਜਾਬੀ ਦੀ ਐਮ.ਏ. ਕਰਨ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਵਿਚ ਇਕ ਸਾਲ ਦਾ ਥੀਏਟਰ ਵਿਚ ਡਿਪਲੋਮਾ ਕਰਨ ਲਈ ਦਾਖਲਾ ਲੈ ਲਿਆ ਸੀ ਭਾਵੇਂ ਡਾ. ਦੀਪਕ ਮਨਮੋਹਨ ਸਿੰਘ ਅਮਰੀਕ ਨੂੰ ਪੰਜਾਬੀ ਵਿਚ ਪੀ.ਐਚ.ਡੀ. ਕਰਨ ਲਈ ਪ੍ਰੇਰਦੇ ਸਨ। ਉਦੋਂ ਬਲਵੰਤ ਗਾਰਗੀ ਥੀਏਟਰ ਵਿਭਾਗ ਦਾ ਮੁਖੀ ਸੀ। ਅਮਰੀਕ ਨੇ ਉਦੋਂ ਗਾਰਗੀ ਦੇ ਡਾਇਰੈਕਟ ਅਤੇ ਪ੍ਰੋਡਿਊਸ ਕੀਤੇ ਨਾਟਕ ‘ਕੇਸਰੋ’ ਵਿਚ ਖਲਨਾਇਕ ਦਾ ਰੋਲ ਕੀਤਾ ਸੀ ਅਤੇ ਕੁਝ ਹੋਰ ਨਾਟਕਾਂ ਵਿਚ ਵੀ ਭਾਗ ਲਿਆ ਸੀ। ਉਸ ਦੇ ਇਸ ਸ਼ੌਕ ਨੇ ਰੂਪ ਨਾਲ ਮੰਗਣੀ ਟੁੱਟਣ ਦਾ ਦੁੱਖ ਘਟਾਉਣ ਵਿਚ ਮਦਦ ਕੀਤੀ। ਜਦੋਂ ਉਹ ਦਿੱਲੀ ਗਿਆ ਤੇ ਗਾਰਗੀ ਕੋਲ ਰਹਿੰਦਾ ਸੀ ਤਾਂ ਗਾਰਗੀ ਦੇ ਦੂਰਦਰਸ਼ਨ ਟੀ.ਵੀ. ਵਾਸਤੇ ਲਿਖੇ, ਡਾਇਰੈਕਟ ਤੇ ਪ੍ਰੋਡਿਊਸ ਕੀਤੇ ਸੀਰੀਅਲ ‘ਸਾਂਝਾ ਚੁੱਲ੍ਹਾ’ ਵਿਚ ਵੀ ਰੋਲ ਕੀਤਾ ਸੀ। ਇਸ ਸੀਰੀਅਲ ਦੇ 15 ਕੁ ਐਪੀਸੋਡ ਸਨ। ਫਿਰ ਉਹਨੇ ਗਾਰਗੀ ਦੇ ਬਣਾਏ ਇਕ ਹੋਰ ਸੀਰੀਅਲ ਵਿਚ ਵੀ ਕੰਮ ਕੀਤਾ। ਉਸ ਸੀਰੀਅਲ ਦਾ ਨਾਂ ਸ਼ਾਇਦ ‘ਫਾਤਿਮਾ ਬੇਗਮ’ ਸੀ। ਬੰਬਈ ਰਹਿੰਦਿਆਂ ਉਹਨੇ ਓਮ ਪੁਰੀ ਦੇ ਗਰੁੱਪ ਦੇ ਇਕ ਪਲੇਅ ਵਿਚ ਵੀ ਰੋਲ ਕੀਤਾ ਜਿਸ ਦੇ ਵੱਖ ਵੱਖ ਥਾਵਾਂ ‘ਤੇ ਕੋਈ 90 ਸ਼ੋਅ ਕੀਤੇ ਗਏ ਸਨ। ਇਸ ਪਲੇਅ ਦਾ ਸ਼ੋਅ ਦੁਬਈ ਵਿਚ ਵੀ ਕੀਤਾ ਗਿਆ ਸੀ। ਜਦੋਂ ਉਹ ਮੁਕੇਰੀਆਂ ਸਕੂਲ ਵਿਚ ਪੜ੍ਹਦਾ ਸੀ ਤਾਂ ਉੱਥੇ ਰਮੇਸ਼ ਸ਼ਰਮਾ ਹਿੰਦੀ ਦਾ ਟੀਚਰ ਸੀ। ਅਮਰੀਕ ਨੇ ਉਸ ਨਾਲ ਵੀ ਕੁਝ ਡਰਾਮਿਆਂ ਵਿਚ ਐਕਟਿੰਗ ਕੀਤੀ ਸੀ।
ਜਿਨ੍ਹੀਂ ਦਿਨੀਂ ਅਮਰੀਕ ਪੰਜਾਬ ਯੂਨੀਵਰਸਿਟੀ ਵਿਚ ਪੰਜਾਬੀ ਦੀ ਐਮ.ਏ. ਕਰ ਰਿਹਾ ਸੀ, ਉਨ੍ਹੀਂ ਦਿਨੀਂ ਜਗਤਾਰ ਅਤੇ ਅਮਿਤੋਜ ਉੱਥੇ ਪੰਜਾਬੀ ਦੀ ਪੀ.ਐਚ.ਡੀ. ਕਰ ਰਹੇ ਸਨ। ਇਹ ਦੋਵੇਂ ਉਹਦੇ ਦੋਸਤ ਸਨ। ਅਮਿਤੋਜ ਤਾਂ ਅਮਰੀਕ ਦਾ ਯਾਰ ਸੀ। ਅਮਰੀਕ ਅਮਿਤੋਜ ਦੀ ਤਾਰੀਫ ਕਰਦਾ ਕਹਿੰਦਾ ਹੈ, “ਅਮਿਤੋਜ ਬਹੁਤ ਵੱਡੇ ਦਿਲ ਵਾਲਾ ਦੋਸਤ ਸੀ। ਘਰੋਂ ਬਹੁਤ ਅਮੀਰ ਸੀ। ਕਈ ਵਾਰੀ ਉਹ ਮੈਨੂੰ ਪਿੰਡ ਜਾਣ ਲਈ ਕਿਰਾਏ ਦੇ ਪੈਸੇ ਦਿੰਦਾ ਹੁੰਦਾ ਸੀ। ਕਈ ਵਾਰੀ ਉਸ ਨੇ ਸ਼ਰਾਬ ਪੀ ਕੇ ਮੇਰੇ ਕਮਰੇ ਵਿਚ ਪਈ ਤੇਰੀ ਗ਼ਜ਼ਲਾਂ ਦੀ ਕਿਤਾਬ ਵਿਚੋਂ ਗ਼ਜ਼ਲਾਂ ਪੜ੍ਹਨੀਆਂ। ਬਹੁਤ ਵਧੀਆ ਇਨਸਾਨ ਸੀ। ਅਮਿਤੋਜ ਕਹਿੰਦਾ ਸੀ ਕਿ ਗ਼ਜ਼ਲ ਪੜ੍ਹਨ ਨਾਲ ਸ਼ਰਾਬ ਜ਼ਰੂਰ ਪੀਣੀ ਚਾਹੀਦੀ ਹੈ। … ਜੇ ਮੈਂ ਜਗਤਾਰ ਨੂੰ ਤੇਰੀਆਂ ਗ਼ਜ਼ਲਾਂ ਸੁਣਾਉਣੀਆਂ ਤਾਂ ਉਸ ਨੇ ਕਹਿਣਾ, ‘ਛੱਡ ਯਾਰ, ਕੋਈ ਹੋਰ ਗੱਲ ਕਰ।’ ਜਗਤਾਰ ਵਿਚ ਅੜਬਾਈ ਬਹੁਤ ਸੀ। ਉਸ ਨੂੰ ਬਹੁਤ ਘੱਟ ਬੰਦੇ ਪਸੰਦ ਸਨ …।”
ਇਕ ਲੜਕੀ ਅਮਰੀਕ ਨਾਲ ਐਮ.ਏ. ਕਰ ਰਹੀ ਸੀ ਜਿਸ ਨੂੰ ਮੈਂ ਸੁਜੀਤ ਦਾ ਨਾਂ ਦਿਆਂਗਾ ਭਾਵੇਂ ਉਸ ਦਾ ਨਾਂ ਥੋੜ੍ਹਾ ਵੱਡਾ ਸੀ। ਅਮਰੀਕ ਉਸ ਲੜਕੀ ਦੀ ਬਹੁਤ ਤਾਰੀਫ ਕਰਦਾ ਹੈ ਕਿ ਉਹ ਸੁਭਾਅ ਦੀ ਬੇਹੱਦ ਚੰਗੀ ਸੀ ਅਤੇ ਸੋਹਣੀ ਵੀ ਬਹੁਤ ਸੀ। ਉਹ ਯੂਨੀਵਰਸਿਟੀ ਦੀ ਗਿੱਧਾ ਟੀਮ ਵਿਚ ਸੀ। ਅਮਰੀਕ ਅਤੇ ਸੁਜੀਤ ਬਹੁਤ ਚੰਗੇ ਦੋਸਤ ਸਨ ਅਤੇ ਕਈ ਵਾਰੀ ਉਹ ਕੌਫੀ ਜਾਂ ਲੰਚ ਲਈ ਵੀ ਇਕੱਠੇ ਚਲੇ ਜਾਂਦੇ ਸਨ। ਸੁਜੀਤ ਨੇ ਦਾਰਾ ਸਿੰਘ ਦੀ ਫਿਲਮ ‘ਸਵਾ ਲਾਖ ਸੇ ਏਕ ਲੜਾਊਂ’ ਵਿਚ ਰੋਲ ਵੀ ਕੀਤਾ ਸੀ। ਜਦੋਂ ਰੂਪ ਨਾਲ ਮੰਗਣੀ ਟੁੱਟਣ ਵੇਲੇ ਅਮਰੀਕ ਬਹੁਤ ਉਦਾਸ ਸੀ ਤਾਂ ਸੁਜੀਤ ਦੀ ਦੋਸਤੀ ਨੇ ਅਮਰੀਕ ਨੂੰ ਬਹੁਤ ਹੌਸਲਾ ਅਤੇ ਸਕੂਨ ਦਿੱਤਾ। ਅਮਰੀਕ ਅਤੇ ਸੁਜੀਤ ਦੋਵੇਂ ਸਿਰਫ ਦੋਸਤ ਹੀ ਸਨ ਭਾਵੇਂ ਅਮਰੀਕ ਸੁਜੀਤ ਨੂੰ ਪਸੰਦ ਕਰਦਾ ਸੀ ਪਰ ਕਹਿ ਨਹੀਂ ਸੀ ਸਕਿਆ। ਅਮਰੀਕ ਨੂੰ ਲਗਦਾ ਕਿ ਸੁਜੀਤ ਵੀ ਉਸ ਨੂੰ ਪਸੰਦ ਕਰਦੀ ਸੀ ਪਰ ਉਹ ਕਹਿ ਨਹੀਂ ਸੀ ਸਕੀ। ਦੋਵੇਂ ਐਮ.ਏ. ਦੇ ਦੂਜੇ ਸਾਲ ਵਿਚ ਇਕੱਠੇ ਪੜ੍ਹੇ ਸਨ। ਐਮ.ਏ. ਕਰਨ ਤੋਂ ਛੇਤੀ ਬਾਅਦ ਸੁਜੀਤ ਵਿਆਹ ਕਰਾ ਕੇ ਕੈਨੇਡਾ ਚਲੇ ਗਈ। ਕੁਝ ਸਾਲ ਅਮਰੀਕ ਨੂੰ ਸੁਜੀਤ ਦੇ ਖਤ ਆਉਂਦੇ ਰਹੇ ਪਰ ਕਈ ਸਾਲਾਂ ਤੋਂ ਇਨ੍ਹਾਂ ਦਾ ਸੰਪਰਕ ਟੁੱਟ ਗਿਆ ਹੈ। ਅਮਰੀਕ ਚਾਹੁੰਦਾ ਹੈ ਕਿ ਕਿੰਨਾ ਚੰਗਾ ਹੋਵੇ, ਜੇ ਉਹ ਸੁਜੀਤ ਨੂੰ ਲੱਭ ਕੇ ਪਤਾ ਕਰ ਸਕੇ ਕਿ ਉਸ ਦੀ ਜ਼ਿੰਦਗੀ ਖੁਸ਼ੀਆਂ ਭਰੀ ਹੈ। ਸੁਜੀਤ ਫਿਲਮਾਂ ਵਿਚ ਜਾਣਾ ਚਾਹੁੰਦੀ ਸੀ ਪਰ ਉਸ ਦੇ ਮਾਤਾ-ਪਿਤਾ ਨਹੀਂ ਸੀ ਮੰਨੇ।
ਅਮਰੀਕ ਅਨੁਸਾਰ, ਚੰਡੀਗੜ੍ਹ ਰਹਿੰਦਿਆਂ ਗਾਰਗੀ ਨੂੰ ਆਪਣੀ ਇਕ ਵਿਦਿਆਰਥਣ ਅਤੇ ਨਾਟਕਾਂ ਦੀ ਨਾਇਕਾ ਰਾਣੀ ਨਾਲ ਇਸ਼ਕ ਹੋ ਗਿਆ ਸੀ। ਰਾਣੀ ਸੋਚਦੀ ਸੀ ਕਿ ਗਾਰਗੀ ਉਸ ਨੂੰ ਫਿਲਮਾਂ ਵਿਚ ਕੰਮ ਲੈ ਦੇਵੇਗਾ ਕਿਉਂਕਿ ਯਸ਼ ਚੋਪੜਾ ਅਤੇ ਦੇਵ ਆਨੰਦ ਵਰਗੇ ਫਿਲਮ ਇੰਡਸਟਰੀ ਦੇ ਕਈ ਵੱਡੇ ਵੱਡੇ ਡਾਇਰੈਕਟਰ, ਪ੍ਰੋਡਿਊਸਰ, ਅਤੇ ਐਕਟਰ ਚੰਡੀਗੜ੍ਹ ਆ ਕੇ ਗਾਰਗੀ ਕੋਲ ਠਹਿਰਦੇ ਸਨ। ਗਾਰਗੀ ਰਾਣੀ ਨਾਲ ਵਿਚਰਦਾ ਰਿਹਾ ਪਰ ਫਿਲਮਾਂ ਵਿਚ ਕੰਮ ਨਾ ਦੁਆ ਸਕਿਆ। ਸਾਲ ਕੁ ਬਾਅਦ ਰਾਣੀ ਗਾਰਗੀ ਨੂੰ ਛੱਡ ਗਈ। ਜਦੋਂ ਗਾਰਗੀ ਦੀ ਅਮਰੀਕਨ ਪਤਨੀ ਜੀਨੀ ਨੂੰ ਗਾਰਗੀ ਅਤੇ ਰਾਣੀ ਦੀ ਨੇੜਤਾ ਦਾ ਪਤਾ ਲੱਗਾ ਤਾਂ ਉਸ ਨੇ ਚੰਡੀਗੜ੍ਹ ਦੇ ਇਕ ਅਮੀਰ ਆਦਮੀ ਚੌਹਾਨ ਕੋਲ ਸੈਕਟਰੀ ਦੀ ਨੌਕਰੀ ਲੈ ਲਈ ਅਤੇ ਫਿਰ ਉਸ ਨਾਲ ਹੀ ਰਹਿਣ ਲੱਗ ਪਈ। ਫਿਰ ਜੀਨੀ ਨੇ ਚੌਹਾਨ ਨਾਲ ਹੀ ਵਿਆਹ ਕਰਾ ਲਿਆ ਅਤੇ ਦੋਵੇਂ ਜੀਨੀ ਦੀ ਬੇਟੀ ਜੰਨਤ ਗਾਰਗੀ ਨੂੰ ਲੈ ਕੇ ਅਮਰੀਕਾ ਚਲੇ ਗਏ। ਗਾਰਗੀ ਹਰ ਸਾਲ ਅਮਰੀਕਾ ਜਾ ਕੇ ਜੀਨੀ ਅਤੇ ਆਪਣੀ ਬੇਟੀ ਜੰਨਤ ਗਾਰਗੀ ਨੂੰ ਮਿਲਦਾ ਰਿਹਾ। ਗਾਰਗੀ ਅਤੇ ਜੀਨੀ ਦਾ ਬੇਟਾ ਮਨੂੰ ਗਾਰਗੀ ਮੁੰਬਈ ਫਿਲਮਾਂ ਵਿਚ ਕੰਮ ਕਰਦਾ ਸੀ। ਗਾਰਗੀ ਆਪਣੇ ਆਖਰੀ ਦਿਨਾਂ ਵਿਚ ਉਸ ਕੋਲ ਹੀ ਰਿਹਾ ਸੀ। ਗਾਰਗੀ ਦੀ ਮੌਤ ਤੋਂ ਬਾਅਦ ਮਨੂੰ ਵੀ ਅਮਰੀਕਾ ਚਲੇ ਗਿਆ ਅਤੇ ਉਹ ਹਾਲੀਵੁੱਡ ਵਿਚ ਫਿਲਮਾਂ ਪ੍ਰੋਡਿਊਸ ਤੇ ਡਾਇਰੈਕਟ ਕਰਦਾ ਹੈ। ਜਦੋਂ ਗਾਰਗੀ ਦੀ ਮੁੰਬਈ ਵਿਚ ਮੌਤ ਹੋਈ ਤਾਂ ਉਸ ਦੀ ਦੇਹ ਨੂੰ ਅਮਰੀਕ, ਮਨੂੰ, ਅਤੇ ਜੰਨਤ ਜਹਾਜ਼ ਵਿਚ ਦਿੱਲੀ ਲੈ ਕੇ ਗਏ; ਗਾਰਗੀ ਦੀ ਇੱਛਾ ਸੀ ਕਿ ਉਸ ਦਾ ਅੰਤਿਮ ਸੰਸਕਾਰ ਦਿੱਲੀ ਕੀਤਾ ਜਾਵੇ।
ਅਮਰੀਕ ਦੱਸਦਾ ਕਿ ਬਲਵੰਤ ਗਾਰਗੀ ਨੂੰ ਕੀਰਤਨ ਸੁਣਨ ਦਾ ਬਹੁਤ ਸ਼ੌਕ ਸੀ। ਉਹ ਭਾਈ ਸਮੁੰਦ ਸਿੰਘ ਦੇ ਕੀਰਤਨ ਦਾ ਵੱਡਾ ਪ੍ਰਸ਼ੰਸਕ ਸੀ। ਘਰ ਵਿਚ ਵੀ ਗਾਰਗੀ ਭਾਈ ਸਮੁੰਦ ਸਿੰਘ ਦੀਆਂ ਕੈਸਟਾਂ ਲਾ ਕੇ ਸੁਣਦਾ ਹੁੰਦਾ ਸੀ। ਬੰਗਲਾ ਸਾਹਿਬ ਗੁਰਦੁਆਰਾ ਗਾਰਗੀ ਦੇ ਘਰ ਤੋਂ ਨੇੜੇ ਹੀ ਸੀ ਅਤੇ ਉਹ ਕਈ ਵਾਰੀ ਪੈਦਲ ਤੁਰ ਕੇ ਹੀ ਇਸ ਗੁਰਦੁਆਰੇ ਕੀਰਤਨ ਸੁਣਨ ਜਾਂਦਾ ਸੀ। ਕਈ ਵਾਰੀ ਗਾਰਗੀ ਗੁਰਦੁਆਰੇ ਜਾ ਕੇ ਬਾਹਰ ਵਿਹੜੇ ਵਿਚ ਹੀ ਬੈਠ ਜਾਂਦਾ ਸੀ ਅਤੇ ਮੱਥਾ ਟੇਕਣ ਅੰਦਰ ਨਹੀਂ ਸੀ ਜਾਂਦਾ। ਕਈ ਵਾਰੀ ਉਹ ਅੰਦਰ ਜਾ ਕੇ ਮੱਥਾ ਟੇਕ ਆਉਂਦਾ ਸੀ। ਜਦੋਂ ਵੀ ਬਲਵੰਤ ਗਾਰਗੀ ਨੇ ਗੁਰਦੁਆਰੇ ਕੀਰਤਨ ਸੁਣਨ ਜਾਣਾ ਹੋਵੇ ਤਾਂ ਉਹ ਅਮਰੀਕ ਨੂੰ ਕਹਿੰਦਾ ਸੀ, “ਛਅਨ ੱੲ ਗੋ ਟੋ ਲਸਿਟੲਨ ਸੋਮੲ ਮੁਸਚਿ?” ਉਹ ਇਹ ਨਹੀਂ ਸੀ ਕਹਿੰਦਾ ਕਿ ਚੱਲ ਆਪਾਂ ਕੀਰਤਨ ਸੁਣਨ ਚੱਲੀਏ। ਬਲਵੰਤ ਗਾਰਗੀ ਦਾ ਰੱਬ ਵਿਚ ਵਿਸ਼ਵਾਸ ਨਹੀਂ ਸੀ ਪਰ ਉਹ ਬਾਣੀ ਦੀ ਕਦਰ ਕਰਦਾ ਸੀ ਅਤੇ ਕਈ ਵਾਰੀ ਚਾਰ-ਪੰਜ ਘੰਟੇ ਗੁਰਦੁਆਰੇ ਬੈਠਾ ਕੀਰਤਨ ਸੁਣਦਾ ਰਹਿੰਦਾ ਸੀ। ਗਾਰਗੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਲੋਕਾਂ ਦਾ ਪ੍ਰਸ਼ੰਸਕ ਸੀ। ਉਸ ਨੂੰ ਭਗਤ ਰਵਿਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਦੇ ਸ਼ਬਦ ਵੀ ਬਹੁਤ ਪਸੰਦ ਸਨ। ਉਹ ਇਹ ਵੀ ਕਹਿੰਦਾ ਸੀ ਕਿ ਨਾਨਕ ਤੋਂ ਵੱਡਾ ਕਵੀ ਕੋਈ ਨਹੀਂ। ਗਾਰਗੀ ਆਪ ਮਿੱਠਾ ਘੱਟ ਖਾਂਦਾ ਸੀ। ਕਈ ਵਾਰੀ ਗੁਰਦੁਆਰੇ ਤੋਂ ਲਿਆ ਪ੍ਰਸ਼ਾਦ ਉਹ ਬਾਹਰ ਬੱਚਿਆਂ ਨੂੰ ਦੇ ਦਿੰਦਾ ਸੀ।
ਇਕ ਵਾਰੀ ਗਾਰਗੀ ਅਮਰੀਕ ਨੂੰ ਕਹਿਣ ਲੱਗਾ, “ਤੂੰ ਤਾਂ ਫਕੀਰ ਬੰਦਾਂ। ਦਰਵੇਸ਼ ਏਂ। ਤੂੰ ਗਲਤੀਆਂ ਨਹੀਂ ਕਰਦਾ। ਮੈਂ 70-72 ਸਾਲਾਂ ਦਾ ਹੋ ਗਿਆਂ। ਮੈਂ ਲਗਾਤਾਰ ਗਲਤੀਆਂ ਕਰਦਾਂ। ਮੈਂ ਆਪਣੇ ਆਪ ਨੂੰ ਹਰ ਗਲਤੀ ਤੋਂ ਬਾਅਦ ਕਹਿੰਦਾਂ ਕਿ ਇਹ ਮੇਰੀ ਆਖਰੀ ਗਲਤੀ ਹੈ। ਪਰ ਪੰਜਾਂ ਮਿੰਟਾਂ ਬਾਅਦ ਮੈਂ ਫਿਰ ਗਲਤੀ ਕਰਦਾਂ। …

ਜਦੋਂ ਅਮਰੀਕ ਨੂੰ ਨੈਸ਼ਨਲ ਸਕੂਲ ਆਫ ਡਰਾਮਾ ਵਿਚ ਦਾਖਲਾ ਮਿਲ ਗਿਆ ਅਤੇ ਉਹ ਦਿੱਲੀ ਚਲੇ ਗਿਆ ਤਾਂ ਸਾਰੇ ਪਿੰਡ ਵਿਚ ਇਸ ਦੀ ਖਬਰ ਫੈਲ ਗਈ। ਪਿੰਡ ਦੀ ਕੋਈ ਔਰਤ ਅਮਰੀਕ ਦੀ ਮਾਤਾ ਨੂੰ ਮਿਲਣ ਆਈ ਅਤੇ ਕਹਿੰਦੀ: “ਮੈਂ ਆ ਕੀ ਸੁਣਿਆਂ? ਜੱਟਾਂ ਦਾ ਮੁੰਡਾ ਹੋ ਕੇ ਅਮਰੀਕ ਨੱਚਿਆ ਕਰੂ? ਪੈਰਾਂ ’ਚ ਘੁੰਗਰੂ ਪਾ ਕੇ?” ਇਹ ਸੁਣ ਕੇ ਅਮਰੀਕ ਦੀ ਮਾਤਾ ਨਿਰਾਸ਼ ਹੋ ਗਈ। ਉਸ ਨੇ ਅਮਰੀਕ ਨੂੰ ਇਸ ਬਾਰੇ ਪੁੱਛਿਆ। ਅਮਰੀਕ ਨੇ ਮਾਤਾ ਨੂੰ ਨੈਸ਼ਨਲ ਸਕੂਲ ਆਫ ਡਰਾਮਾ ਦੀ ਡਿਗਰੀ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਸ ਦੇ ਪੈਸੇ ਮਿਲਿਆ ਕਰਨਗੇ।
“ਅੱਛਾ, ਫਿਰ ਤਾਂ ਮੈਂ ਗੁਰਦੁਆਰੇ ਪ੍ਰਸ਼ਾਦ ਕਰਾਊਂ।” ਮਾਤਾ ਕਹਿਣ ਲੱਗੀ।

ਨੈਸ਼ਨਲ ਸਕੂਲ ਆਫ ਡਰਾਮਾ ਤੋਂ ਡਿਗਰੀ ਪੂਰੀ ਕਰ ਕੇ ਅਮਰੀਕ ਮੁੰਬਈ ਚਲੇ ਗਿਆ। ਉਦੋਂ ਉਸ ਦੀ ਜੇਬ ਵਿਚ ਸਿਰਫ 40 ਰੁਪਏ ਸਨ। ਉਹਨੇ ਮੁੰਬਈ ਵਿਚ ਕੰਮ ਲੈਣ ਅਤੇ ਸਫਲ ਹੋਣ ਲਈ ਗਾਰਗੀ ਤੋਂ ਕੋਈ ਸਹਾਇਤਾ ਨਹੀਂ ਸੀ ਲਈ। ਜਦੋਂ ਉਹ ਰੇਲ ਰਾਹੀਂ ਮੁੰਬਈ ਪਹੁੰਚਿਆ ਤਾਂ ਉਸ ਨੂੰ ਫਿਲਮਾਂ ਵਿਚ ਫੋਟੋਗਰਾਫੀ ਕਰਦਾ ਮਨਮੋਹਨ ਸਿੰਘ ਸਟੇਸ਼ਨ ਤੋਂ ਲੈਣ ਆਇਆ ਅਤੇ ਉਸ ਨੇ ਉਹਨੂੰ ਕੁਝ ਮਹੀਨੇ ਆਪਣੇ ਘਰ ਰੱਖਿਆ। ਅੱਜ ਵੀ ਉਹ ਮਨਮੋਹਨ ਸਿੰਘ ਦੀਆਂ ਸਿਫਤਾਂ ਕਰਦਾ ਹੈ। ਹੌਲੀ-ਹੌਲੀ ਉਹਨੂੰ ਫਿਲਮਾਂ ਵਿਚ ਸਹਾਇਕ ਡਾਇਰੈਕਟਰ ਦੀ ਨੌਕਰੀ ਮਿਲ ਗਈ। ਉਹਨੇ ਮੁੰਬਈ ਵਿਚ ਸਫਲ ਹੋਣ ਲਈ ਬਹੁਤ ਔਖੇ ਦਿਨ ਦੇਖੇ ਅਤੇ ਬੇਹੱਦ ਮਿਹਨਤ ਕੀਤੀ। ਉਸ ਨੇ ਗੁਲਜ਼ਾਰ ਨਾਲ ‘ਲਿਬਾਸ’ ਫਿਲਮ ਵਿਚ ਸਹਾਇਕ ਡਾਇਰੈਕਟਰ ਦਾ ਕੰਮ ਕੀਤਾ ਅਤੇ ਗੁਲਜ਼ਾਰ ਦੀ ਫਿਲਮ ‘ਮਾਚਸ’ ਵਿਚ ਛੋਟਾ ਜਿਹਾ ਰੋਲ ਵੀ ਕੀਤਾ ਸੀ। ਉਹਨੇ ਕਈ ਹੋਰ ਡਾਇਰੈਕਟਰਾਂ ਨਾਲ ਵੀ ਸਹਾਇਕ ਡਾਇਰੈਕਟਰ ਦਾ ਕੰਮ ਕੀਤਾ, ਸਾਗਰ ਸਰਹੱਦੀ ਨਾਲ ਮੁੱਖ ਸਹਾਇਕ ਡਾਇਰੈਕਟਰ ਦੇ ਤੌਰ ‘ਤੇ ਕੰਮ ਕੀਤਾ। ਉਸ ਨੇ ਗੋਬਿੰਦ ਨਿਹਲਾਨੀ ਨਾਲ ਵੀ ਦੋ ਫਿਲਮਾਂ ਵਿਚ ਸਹਾਇਕ ਡਾਇਰੈਕਟਰ ਦੇ ਤੌਰ ‘ਤੇ ਕੰਮ ਕੀਤਾ ਪਰ ਅਮਰੀਕ ਜ਼ਿਆਦਾ ਮਸ਼ਹੂਰ ਫਿਲਮਾਂ ਦੇ ਡਾਇਲਾਗ ਲਿਖਣ ਲਈ ਹੋਇਆ ਹੈ। ਸਭ ਤੋਂ ਪਹਿਲਾਂ ਉਹਨੇ ਪੰਜਾਬੀ ਫਿਲਮ ‘ਉੱਚਾ ਦਰ ਬਾਬੇ ਨਾਨਕ ਦਾ’ ਦੇ ਡਾਇਲਾਗ ਲਿਖੇ। ਹੁਣ ਤੱਕ ਉਹਨੇ 44 ਦੇ ਕਰੀਬ ਪੰਜਾਬੀ ਅਤੇ ਹਿੰਦੀ ਫਿਲਮਾਂ ਦੇ ਡਾਇਲਾਗ ਲਿਖੇ ਹਨ। ਇਨ੍ਹਾਂ ਵਿਚੋਂ ਕਈ ਫਿਲਮਾਂ ਦੇ ਉਸ ਨੇ ਸਕਰੀਨ ਪਲੇਅ ਅਤੇ ਕਹਾਣੀਆਂ ਵੀ ਲਿਖੀਆਂ ਹਨ। ਉਸ ਨੇ ‘ਹਮ ਦਿਲ ਦੇ ਚੁਕੇ ਸਨਮ,’ ‘ਜੀਤ,’ ਅਤੇ ‘ਨਿਸ਼ਬਦ’ ਵਰਗੀਆਂ ਮਸ਼ਹੂਰ ਫਿਲਮਾਂ ਦੇ ਡਾਇਲਾਗ ਲਿਖੇ ਹਨ। ਉਸ ਦੀਆਂ ਤਿੰਨ ਫਿਲਮਾਂ ਨੂੰ ਨੈਸ਼ਨਲ ਅਵਾਰਡ ਮਿਲ ਚੁੱਕੇ ਹਨ। ਉਹਨੂੰ ‘ਜੀਤ’ ਅਤੇ ‘ਹਮ ਦਿਲ ਦੇ ਚੁਕੇ ਸਨਮ’ ਫਿਲਮਾਂ ਲਈ ਡਾਇਲਾਗ ਲਿਖਣ ਲਈ ਫਿਲਮ-ਫੇਅਰ ਇਨਾਮ ਮਿਲੇ ਸਨ। ਹੋਰ ਵੀ ਕਈ ਇਨਾਮ ਮਿਲੇ ਹਨ। ਵੱਖ ਵੱਖ ਸਾਲਾਂ ਵਿਚ ਉਹ ਤਿੰਨ ਵਾਰੀ ਨੈਸ਼ਨਲ ਫਿਲਮ ਜਿਊਰੀ ਦਾ ਮੈਂਬਰ ਰਿਹਾ ਹੈ ਜਿਸ ਵਿਚ ਵੱਖ-ਵੱਖ ਭਾਸ਼ਾਵਾਂ ਦੀਆਂ ਫਿਲਮਾਂ ਨੂੰ ਇਨਾਮਾਂ ਲਈ ਵਿਚਾਰਿਆ ਜਾਂਦਾ ਅਤੇ ਇਨਾਮ ਦਿੱਤੇ ਜਾਂਦੇ ਹਨ।
ਫਿਲਮ ‘ਉੱਚਾ ਦਰ ਬਾਬੇ ਨਾਨਕ ਦਾ’ ਦੇ ਡਾਇਲਾਗ ਲਿਖਣ ਲਈ ਅਮਰੀਕ ਨੂੰ ਸਿਰਫ ਪੰਜ ਹਜ਼ਾਰ ਰੁਪਏ ਮਿਲੇ ਸਨ ਪਰ ਹੁਣ ਪੰਜਾਬੀ ਦੀਆਂ ਫਿਲਮਾਂ ਦੇ ਡਾਇਲਾਗ ਲਿਖਣ ਲਈ ਅਮਰੀਕ ਨੂੰ ਸਭ ਤੋਂ ਵੱਧ ਪੈਸੇ ਮਿਲਦੇ ਹਨ। ਜੇ ਹਿੰਦੀ ਫਿਲਮਾਂ ਦੀ ਗੱਲ ਕਰੀਏ ਤਾਂ ਜਿੰਨੇ ਪੈਸੇ ਇਕ ਫਿਲਮ ਦੇ ਡਾਇਲਾਗ ਲਿਖਣ ਲਈ ਅਮਰੀਕ ਨੂੰ ਮਿਲਦੇ ਹਨ, ਉਨ੍ਹਾਂ ਨੂੰ ਜੇ ਨਕਦੀ ਰੂਪ ਵਿਚ ਘਰ ਲੈ ਕੇ ਆਉਣਾ ਹੋਵੇ ਤਾਂ ਕਈ ਬੋਰੀਆਂ ਭਰ ਕੇ ਗੱਡੇ ‘ਤੇ ਲੱਦ ਕੇ ਲਿਆਉਣੇ ਪੈਣਗੇ।
ਅਮਰੀਕ ਦਾ ਕਹਿਣਾ ਹੈ ਕਿ ਇਕ ਸਮੇਂ ਉਹ ਤਿੰਨ ਫਿਲਮਾਂ ਦੇ ਡਾਇਲਾਗ ਲਿਖ ਰਿਹਾ ਸੀ। ਇਹ ਇਸ ਤਰ੍ਹਾਂ ਸੀ ਜਿਵੇਂ ਉਹ ਤਿੰਨ ਨਾਵਲਾਂ ‘ਤੇ ਇਕੋ ਵਾਰੀ ਕੰਮ ਕਰ ਰਿਹਾ ਹੋਵੇ ਪਰ ਨਾਵਲ ਦੇ ਲੇਖਕ ਨੇ ਨਾਵਲ ਆਪਣੇ ਢੰਗ ਨਾਲ ਲਿਖਣਾ ਹੁੰਦਾ, ਜੋ ਜੀਅ ਕਰੇ ਲਿਖ ਲਵੇ। ਫਿਲਮ ਦੇ ਡਾਇਲਾਗ ਲਿਖਣੇ ਔਖੇ ਹਨ। ਇਹ ਵਪਾਰਕ ਪੱਖ ਤੋਂ ਲਿਖੇ ਜਾਂਦੇ ਹਨ। ਪ੍ਰੋਡਿਊਸਰ ਅਤੇ ਡਾਇਰੈਕਟਰ ਦਾ ਮਕਸਦ ਹੈ ਪੈਸਾ ਕਮਾਉਣਾ ਅਤੇ ਫਿਲਮ ਤੋਂ ਉਨ੍ਹਾਂ ਨੂੰ ਪੈਸਾ ਬਣਨਾ ਚਾਹੀਦਾ ਹੈ। ਡਾਇਲਾਗ ਇਸੇ ਮਕਸਦ ਨੂੰ ਧਿਆਨ ਵਿਚ ਰੱਖ ਕੇ ਲਿਖੇ ਜਾਂਦੇ ਹਨ। ਜੇ ਫਿਲਮ ਫੇਲ੍ਹ ਹੋ ਜਾਵੇ ਤਾਂ ਲੇਖਕ ਦਾ ਕੰਮ ਠੱਪ ਹੋ ਜਾਂਦਾ ਹੈ।
ਅਮਰੀਕ ਨੇ ਅਮਿਤਾਭ ਬਚਨ ਦੀ ਫਿਲਮ ‘ਨਿਸ਼ਬਦ’ ਲਈ ਡਾਇਲਾਗ ਲਿਖੇ। ਇਹ ਫਿਲਮ ਦਾ ਧੁਰਾ ਮਨੋਵਿਗਿਆਨ ਸੀ। ਡਾਇਲਾਗ ਵੀ ਮਨੋਵਿਗਿਆਨ ਵਾਲੇ ਪੱਖ ਤੋਂ ਸਨ। ਅਮਿਤਾਭ ਬਚਨ ਉਹਦੇ ਲਿਖੇ ਡਾਇਲਾਗ ਤੋਂ ਬਹੁਤ ਖੁਸ਼ ਹੋਇਆ ਸੀ। ਅਮਿਤਾਭ ਉਹਦੇ ਨਾਲ ਹਮੇਸ਼ਾ ਪੰਜਾਬੀ ਵਿਚ ਗੱਲ ਕਰਦਾ ਹੈ। ਇਕ ਵਾਰੀ ਉਹ ਅਤੇ ਅਮਿਤਾਭ ਬਚਨ ਕੇਰਲ ਵਿਚ ਫਿਲਮ ਦੀ ਸ਼ੂਟਿੰਗ ਲਈ ਦੋ ਮਹੀਨੇ ਰਹੇ। ਪ੍ਰੋਡਿਊਸਰ ਕਹਿੰਦਾ ਸੀ, ਅੰਗਰੇਜ਼ੀ ਬੋਲੋ ਪਰ ਦੋਵੇਂ ਪੰਜਾਬੀ ਵਿਚ ਹੀ ਗੱਲਾਂ ਕਰਦੇ ਰਹੇ। ਅਮਿਤਾਭ ਬਚਨ ਡਾਇਰੈਕਟਰ ਰਾਮ ਗੋਪਾਲ ਵਰਮਾ ਨੂੰ ਕਹਿੰਦਾ ਸੀ, “ਮੈਂ ਅੱਧਾ ਸਰਦਾਰ ਹਾਂ। ਅਮਰੀਕ ਪੂਰਾ ਸਰਦਾਰ ਹੈ। ਮਸਾਂ ਤਾਂ ਪੰਜਾਬੀ ਬੋਲਣ ਦਾ ਮੌਕਾ ਮਿਲਦਾ।” ਅਮਿਤਾਭ ਬਚਨ ਦਾ ਨਾਨਾ ਪੂਰਾ ਸਿੱਖ ਸੀ।
ਅਮਰੀਕ ਜਦੋਂ ਫਿਲਮਾਂ ਜਾਂ ਫਿਲਮ ਹਸਤੀਆਂ ਦੀਆਂ ਗੱਲਾਂ ਸੁਣਾਉਂਦਾ ਹੈ ਤਾਂ ਮਿਰਚ-ਮਸਾਲੇ ਦਾ ਵਧੀਆ ਤੜਕਾ ਲਾ ਕੇ ਇਨ੍ਹਾਂ ਗੱਲਾਂ ਨੂੰ ਮਜ਼ੇਦਾਰ ਬਣਾ ਦਿੰਦਾ ਹੈ। ਉਹ ਰਾਜ ਕਪੂਰ, ਸਾਹਿਰ ਲੁਧਿਆਣਵੀ, ਸਾਗਰ ਸਰਹੱਦੀ, ਗੋਵਿੰਦ ਨਿਹਲਾਨੀ, ਸੰਜੇ ਲੀਲਾ ਭੰਸਾਲੀ, ਕਿਦਾਰ ਸ਼ਰਮਾ, ਸ਼ਲਿੰਦਰ, ਅਮਿਤਾਭ ਬਚਨ, ਆਨੰਦ ਬਖਸ਼ੀ ਅਤੇ ਹੋਰ ਬਹੁਤ ਸਾਰੀਆਂ ਹਸਤੀਆਂ ਬਾਰੇ ਬਹੁਤ ਜਾਣਕਾਰੀ ਵਾਲੀਆਂ ਅਤੇ ਮਜ਼ੇਦਾਰ ਗੱਲਾਂ ਘੰਟਿਆਂ ਬੱਧੀ ਸੁਣਾਉਂਦਾ ਰਹੇਗਾ। ਇਕ ਦਿਨ ਉਹ ਦੱਸ ਰਿਹਾ ਸੀ ਕਿ ਆਨੰਦ ਬਖਸ਼ੀ ਜਿਸ ਨੇ ਬਹੁਤ ਸਾਰੀਆਂ ਫਿਲਮਾਂ ਲਈ ਖੂਬਸੂਰਤ ਗੀਤ ਲਿਖੇ ਸਨ, ਗੁਰੂ ਨਾਨਕ ਨੂੰ ਬਹੁਤ ਵੱਡਾ ਕਵੀ ਮੰਨਦਾ ਸੀ। ਉਹ ਜਪੁਜੀ ਸਾਹਿਬ ਦਾ ਪਾਠ ਕਰਦਾ ਹੁੰਦਾ ਸੀ। ਉਹ ਮੰਜੇ ‘ਤੇ ਬੈਠ ਕੇ ਗੀਤ ਲਿਖਦਾ ਹੁੰਦਾ ਸੀ। ਅਮਰੀਕ ਨੇ ਉਸ ਦੇ ਘਰ ਉਸ ਨਾਲ ਸ਼ਰਾਬ ਵੀ ਪੀਤੀ ਸੀ। ਆਨੰਦ ਬਖਸ਼ੀ ਫੌਜ (ਨੇਵੀ) ਵਿਚੋਂ ਹੌਲਦਾਰ ਰਿਟਾਇਰ ਹੋਇਆ ਸੀ ਅਤੇ ਫਿਲਮਾਂ ਵਿਚ ਸਫਲ ਹੋਣ ਲਈ ਉਸ ਨੂੰ ਬਹੁਤ ਸੰਘਰਸ਼ ਕਰਨਾ ਪਿਆ ਸੀ। ਰਾਜ ਕਪੂਰ ਬਾਰੇ ਗੱਲ ਕਰਦਿਆਂ ਉਹ ਕਹਿੰਦਾ ਹੈ ਕਿ ਰਾਜ ਕਪੂਰ ਦੀਆਂ ਅੱਖਾਂ ਬਹੁਤ ਤਿੱਖੀਆਂ (ਸ਼ਾਰਪ) ਸਨ ਅਤੇ ਜਦੋਂ ਉਹ ਤੁਹਾਡੇ ਵੱਲ ਦੇਖਦਾ ਸੀ ਤਾਂ ਤੁਹਾਡੇ ਅੰਦਰ ਧਸ ਜਾਂਦਾ ਸੀ। ਫਿਰ ਉਹ ਹੱਸ ਕੇ ਕਹਿੰਦਾ ਹੈ, “ਮੈਨੂੰ ਇਹ ਕਹਾਣੀਆਂ ਸੁਣਾ ਕੇ ਸੁਆਦ ਆਉਂਦਾ ਹੈ।”
ਅਮਰੀਕ ਕਹਿੰਦਾ ਹੈ, “ਫਿਲਮ ਦੇ ਖੇਤਰ ਵਿਚ ਕੋਈ ਕਿਸੇ ਦਾ ਦੋਸਤ ਨਹੀਂ। ਸਿਰਫ ਜਾਣਕਾਰ ਹਨ। ਮੇਰਾ ਵੀ ਫਿਲਮਾਂ ਵਿਚ ਕੋਈ ਦੋਸਤ ਨਹੀਂ। ਵਾਕਫ ਬਹੁਤ ਸਾਰੇ ਹਨ।” ਜਾਵੇਦ ਅਖਤਰ ਦੀ ਗੱਲ ਕਰਦਿਆਂ ਉਹ ਦੱਸਦਾ ਹੈ ਕਿ ਇਹ ਸਭ ਨੂੰ ਪਤਾ ਕਿ ਜਾਵੇਦ ਅਖਤਰ ਖੱਬੇ ਪੱਖੀ ਹੈ। ਉਸ ਦਾ ਰੱਬ ਵਿਚ ਕੋਈ ਯਕੀਨ ਨਹੀਂ ਪਰ ਤੁਸੀਂ ਹਮੇਸ਼ਾ ਉਸ ਦੇ ਹੱਥ ਵਿਚ ਕੜਾ ਪਾਇਆ ਦੇਖੋਗੇ। ਅਮਰੀਕ ਅਨੁਸਾਰ ਜਾਵੇਦ ਅਖਤਰ ਸਟੇਜ ‘ਤੇ ਆਪਣਾ ਕਲਾਮ ਪੇਸ਼ ਕਰਨ ਵਿਚ ਸਭ ਤੋਂ ਵਧੀਆ ਹੈ। ਗੁਲਜ਼ਾਰ ਆਮ ਤੌਰ ‘ਤੇ ਕਵੀ ਦਰਬਾਰਾਂ ਵਿਚ ਨਹੀਂ ਜਾਂਦਾ, ਭਾਵੇਂ ਉਸ ਨੂੰ ਸੱਦੇ ਬਹੁਤ ਆਉਂਦੇ ਹਨ। ਕਦੇ ਕਦੇ ਉਹ ਚੋਣਵੇਂ ਕਵੀ ਦਰਬਾਰਾਂ ਵਿਚ ਜਾਂਦਾ ਹੈ ਅਤੇ ਉਸ ਦੇ ਪੈਸੇ ਠੋਕ ਕੇ ਲੈਂਦਾ ਹੈ।
ਅਮਰੀਕ ਭਾਵੇਂ ਸਾਹਿਰ ਲੁਧਿਆਣਵੀ ਨੂੰ ਕਦੇ ਮਿਲਿਆ ਨਹੀਂ ਕਿਉਂਕਿ ਸਾਹਿਰ ਦੀ ਮੌਤ ਅਮਰੀਕ ਦੇ ਮੁੰਬਈ ਜਾਣ ਤੋਂ ਕੁਝ ਦੇਰ ਪਹਿਲਾਂ ਹੋ ਗਈ ਸੀ ਪਰ ਅਮਰੀਕ ਨੂੰ ਸਾਹਿਰ ਦੀਆਂ ਬਹੁਤ ਸਾਰੀਆਂ ਕਹਾਣੀਆਂ ਦੀ ਜਾਣਕਾਰੀ ਹੈ ਜੋ ਉਸ ਨੇ ਕੁਝ ਫਿਲਮੀ ਹਸਤੀਆਂ ਤੋਂ ਸੁਣੀਆਂ ਹੋਈਆਂ ਹਨ। ਜਦੋਂ ਯਸ਼ ਚੋਪੜਾ ਨੇ ਫਿਲਮ ‘ਕਭੀ ਕਭੀ’ ਬਣਾਉਣੀ ਸੀ ਤਾਂ ਉਸ ਨੇ ਸਾਹਿਰ ਨੂੰ ਗੀਤ ਲਿਖਣ ਲਈ ਕਿਹਾ। ਮਿਊਜ਼ਿਕ ਡਾਇਰੈਕਟਰ ਲਈ ਲਕਸ਼ਮੀ ਕਾਂਤ-ਪਿਆਰੇ ਲਾਲ ਨੂੰ ਲੈਣਾ ਸੀ। ਯਸ਼ ਚੋਪੜਾ ਅਤੇ ਸਾਹਿਰ ਲਕਸ਼ਮੀ ਕਾਂਤ-ਪਿਆਰੇ ਲਾਲ ਨੂੰ ਮਿਲਣ ਗਏ। ਸਾਹਿਰ ਨੇ ਆਪਣਾ ਪੁਰਾਣਾ ਗੀਤ ‘ਕਭੀ ਕਭੀ ਦਿਲ ਮੇਂ ਖਿਆਲ ਆਤਾ ਹੈ’ ਲਕਸ਼ਮੀ ਕਾਂਤ-ਪਿਆਰੇ ਲਾਲ ਨੂੰ ਦਿੱਤਾ ਅਤੇ ਉਸ ਦੀ ਤਰਜ਼ ਬਣਾਉਣ ਨੂੰ ਕਿਹਾ। ਲਕਸ਼ਮੀ ਕਾਂਤ-ਪਿਆਰੇ ਲਾਲ ਨੇ ਕਿਹਾ ਕਿ ਇਹ ਤਾਂ ਖੁੱਲ੍ਹੀ ਕਵਿਤਾ ਹੈ ਅਤੇ ਇਸ ਦੀ ਤਰਜ਼ ਨਹੀਂ ਬਣ ਸਕਦੀ। ਕੋਈ ਹੋਰ ਗੀਤ ਲੈਅ ਵਿਚ ਲਿਖ ਕੇ ਲਿਆਓ। ਸਾਹਿਰ ਗੁੱਸੇ ਵਿਚ ਆ ਕੇ ਬਾਹਰ ਨਿਕਲ ਗਿਆ। ਯਸ਼ ਚੋਪੜਾ ਵੀ ਮਗਰ ਹੀ ਬਾਹਰ ਆ ਗਿਆ ਅਤੇ ਸਾਹਿਰ ਨੂੰ ਖੜ੍ਹਾ ਕਰ ਕੇ ਪੁੱਛਿਆ ਕਿ ਫਿਰ ਕਿਸ ਨੂੰ ਮਿਊਜ਼ਿਕ ਡਾਇਰੈਕਟਰ ਲਿਆ ਜਾਵੇ? ਸਾਹਿਰ ਨੇ (ਮੁਹੰਮਦ ਜ਼ਹੂਰ) ਖ਼ਿਆਮ ਦਾ ਨਾਂ ਪੇਸ਼ ਕੀਤਾ ਜੋ ਪਿੱਛਿਓਂ ਨਵਾਂ ਸ਼ਹਿਰ ਕੋਲ ਦੇ ਪਿੰਡ ਰਾਹੋਂ ਦਾ ਜੰਮ-ਪਲ ਸੀ ਪਰ ਅਜੇ ਇੰਨਾ ਮਸ਼ਹੂਰ ਨਹੀਂ ਸੀ। ਖ਼ਿਆਮ ਦੀ ਪਤਨੀ ਦਾ ਨਾਂ ਜਗਜੀਤ ਕੌਰ ਸੀ। ਯਸ਼ ਚੋਪੜਾ ਅਤੇ ਸਾਹਿਰ ਉਸੇ ਵੇਲੇ ਖ਼ਿਆਮ ਦੇ ਦਫਤਰ ਚਲੇ ਗਏ ਅਤੇ ਉਸ ਨੂੰ ਉਹੀ ‘ਕਭੀ ਕਭੀ’ ਵਾਲੀ ਕਵਿਤਾ ਦੇ ਕੇ ਤਰਜ਼ ਬਣਾਉਣ ਲਈ ਕਿਹਾ। ਖ਼ਿਆਮ ਨੇ ਉਸ ਕਵਿਤਾ ਦੀ ਖੂਬ ਤਾਰੀਫ ਕੀਤੀ ਅਤੇ ਥੋੜ੍ਹੇ ਮਿੰਟਾਂ ਵਿਚ ਹੀ ਉਸ ਦੀ ਖੂਬਸੂਰਤ ਤਰਜ਼ ਬਣਾ ਦਿੱਤੀ। ਇਸ ਤਰ੍ਹਾਂ ਇਸ ਫਿਲਮ ਵਿਚ ਲਕਸ਼ਮੀ ਕਾਂਤ-ਪਿਆਰੇ ਲਾਲ ਦੀ ਥਾਂ ਖ਼ਿਆਮ ਨੂੰ ਮਿਊਜ਼ਿਕ ਡਾਇਰੈਕਟਰ ਲਿਆ ਗਿਆ ਸੀ।
ਗੋਵਿੰਦ ਨਿਹਲਾਨੀ ਨੇ ਭੀਸ਼ਮ ਸਾਹਨੀ ਦੇ ਨਾਵਲ ‘ਤਮਸ’ ‘ਤੇ ਟੀ.ਵੀ. ਫਿਲਮ ਬਣਾਉਣੀ ਚਾਹੀ ਸੀ। ਉਸ ਫਿਲਮ ਦਾ ਸਕਰੀਨ ਪਲੇਅ ਗੋਵਿੰਦ ਨਿਹਲਾਨੀ ਨੇ ਆਪ ਲਿਖਿਆ ਅਤੇ ਡਾਇਲਾਗ ਲਈ ਭੀਸ਼ਮ ਸਾਹਨੀ ਨੂੰ ਆਖਿਆ ਸੀ ਪਰ ਉਨ੍ਹਾਂ ਦਿਨਾਂ ਵਿਚ ਭੀਸ਼ਮ ਸਾਹਨੀ ਦਿੱਲੀ ਹਸਪਤਾਲ ਵਿਚ ਬਿਮਾਰ ਪਿਆ ਸੀ। ਉਸ ਨੇ ਕਿਹਾ ਕਿ ਡਾਇਲਾਗ ਕਿਸੇ ਹੋਰ ਤੋਂ ਲਿਖਾ ਲਓ। ਗੋਵਿੰਦ ਨਿਹਲਾਨੀ ਨੇ ਅਮਰੀਕ ਨੂੰ ਇਸ ਫਿਲਮ ਦੇ ਡਾਇਲਾਗ ਲਿਖਣ ਲਈ ਕਿਹਾ। ਅਮਰੀਕ ਦੇ ਲਿਖੇ ਡਾਇਲਾਗ ਭੀਸ਼ਮ ਸਾਹਨੀ ਨੂੰ ਭੇਜੇ ਗਏ ਉਸ ਦੀ ਮਨਜ਼ੂਰੀ ਲੈਣ ਲਈ। ਭੀਸ਼ਮ ਸਾਹਨੀ ਨੇ ਅਮਰੀਕ ਦੇ ਲਿਖੇ ਡਾਇਲਾਗ ਦੀ ਬਹੁਤ ਤਾਰੀਫ ਕੀਤੀ ਅਤੇ ਕਿਹਾ ਕਿ ਉਹ ਫਿਲਮ ਬਣਾ ਸਕਦੇ ਹਨ। ਜਿਵੇਂ ਆਮ ਕੀਤਾ ਜਾਂਦਾ ਹੈ, ਫਿਲਮ ਵਾਸਤੇ ਇਸ ਨਾਵਲ ਨੂੰ ਕਾਫੀ ਤਬਦੀਲ ਕੀਤਾ ਗਿਆ ਸੀ।
ਅਮਰੀਕ ਨੇ ਸੰਜੇ ਲੀਲਾ ਭੰਸਾਲੀ ਦੀ ਬਹੁਤ ਸਫਲ ਹੋਈ ਫਿਲਮ ‘ਹਮ ਦਿਲ ਦੇ ਚੁਕੇ ਸਨਮ’ ਲਈ ਡਾਇਲਾਗ ਲਿਖੇ ਸਨ (ਲੀਲਾ, ਸੰਜੇ ਦੀ ਮਾਤਾ ਦਾ ਨਾਂ ਸੀ ਜੋ ਸੰਜੇ ਨੇ ਆਪਣੇ ਨਾਂ ਨਾਲ ਲਾ ਲਿਆ ਸੀ)। ਅਮਰੀਕ ਅਨੁਸਾਰ, ਸੰਜੇ ਲੀਲਾ ਭੰਸਾਲੀ ਦੇ ਪਿਤਾ ਦੀ ਬੰਬਈ ਵਿਚ ਕੱਪੜੇ ਦੀ ਛੋਟੀ ਜਿਹੀ ਦੁਕਾਨ ਸੀ। ਉਸ ਦੀ ਦੁਕਾਨ ਦੇ ਨੇੜੇ ਹੀ ਨਾਜ਼ ਬਿਲਡਿੰਗ ਸੀ ਜਿੱਥੇ ਫਿਲਮ ਡਿਸਟਰੀਬਿਊਟਰਾਂ ਦੇ ਦਫਤਰ ਸਨ। ਸੰਜੇ ਲੀਲਾ ਦਾ ਪਿਤਾ ਇਨ੍ਹਾਂ ਡਿਸਟਰੀਬਿਊਟਰਾਂ ਨਾਲ ਬਹਿੰਦਾ-ਉੱਠਦਾ ਸੀ, ਉਨ੍ਹਾਂ ਨਾਲ ਸ਼ਰਾਬ ਪੀਂਦਾ ਸੀ ਅਤੇ ਉਨ੍ਹਾਂ ਨਾਲ ਉਸ ਦੀ ਦੋਸਤੀ ਵੀ ਸੀ। ਸੰਜੇ ਲੀਲਾ ਦਾ ਪਿਤਾ ਗੁਜਰਾਤੀ ਫਿਲਮਾਂ ਵਾਸਤੇ ਪੈਸੇ ਵੀ ਦਿੰਦਾ ਸੀ। ਉਸ ਨੇ ਦੋ-ਤਿੰਨ ਫਿਲਮਾਂ ਆਪ ਵੀ ਪ੍ਰੋਡਿਊਸ ਕੀਤੀਆਂ ਸਨ ਜੋ ਫੇਲ੍ਹ ਹੋ ਗਈਆਂ ਸਨ। ਇਸ ਤੋਂ ਬਾਅਦ ਉਹ ਕਰਜ਼ੇ ਥੱਲੇ ਆ ਗਿਆ ਅਤੇ ਉਸ ਦੀ ਦੁਕਾਨ ਤੇ ਘਰ ਵਿਕ ਗਏ। ਘਰ ਦੀ ਹਾਲਤ ਖਰਾਬ ਹੋ ਗਈ। ਸੰਜੇ ਲੀਲਾ ਅਜੇ ਛੋਟਾ ਹੀ ਸੀ ਜਦੋਂ ਉਸ ਦੇ ਪਿਤਾ ਦੀ ਮੌਤ ਹੋ ਗਈ। ਸੰਜੇ ਲੀਲਾ ਅਤੇ ਉਸ ਦੀ ਭੈਣ ਨੂੰ ਉਨ੍ਹਾਂ ਦੀ ਮਾਤਾ ਨੇ ਹੀ ਪਾਲਿਆ ਸੀ। ਸੰਜੇ ਲੀਲਾ ਦੀ ਭੈਣ ਨੇ ਵੱਡੇ ਹੋ ਕੇ ਫਿਲਮ ਐਡਿਟਿੰਗ ਦਾ ਕੋਰਸ ਕਰ ਲਿਆ ਅਤੇ ਫਿਲਮਾਂ ਵਿਚ ਕੰਮ ਕਰਨ ਲੱਗ ਪਈ। ਫਿਰ ਸੰਜੇ ਲੀਲਾ ਨੇ ਵੀ ਫਿਲਮ ਐਡਿਟਿੰਗ ਦਾ ਕੋਰਸ ਕਰ ਲਿਆ ਅਤੇ ਫਿਲਮਾਂ ਵਿਚ ਕੰਮ ਕਰਨ ਲੱਗ ਪਿਆ। ‘ਖਾਮੋਸ਼ੀ- ਦਿ ਮਿਊਜ਼ੀਕਲ’ ਸੰਜੇ ਲੀਲਾ ਦੀ ਪਹਿਲੀ ਫਿਲਮ ਸੀ। ਸੰਜੇ ਲੀਲਾ ਭੰਸਾਲੀ ਖੁਸ਼ਵੰਤ ਸਿੰਘ ਦੇ ਨਾਵਲ ‘ਟਰੇਨ ਟੂ ਪਾਕਿਸਤਾਨ’ ‘ਤੇ ਫਿਲਮ ਬਣਾਉਣੀ ਚਾਹੁੰਦਾ ਸੀ। ਅਮਰੀਕ ਨੇ ‘ਜੀਤ’ ਫਿਲਮ ਦੇ ਡਾਇਲਾਗ ਲਿਖੇ ਸਨ ਅਤੇ ਉਹ ਫਿਲਮ ਬਹੁਤ ਸਫਲ ਰਹੀ ਸੀ। ਉਸ ਵੇਲੇ ਤੱਕ ਅਮਰੀਕ 12-13 ਫਿਲਮਾਂ ਦੇ ਡਾਇਲਾਗ ਲਿਖ ਚੁੱਕਾ ਸੀ ਅਤੇ ਉਸ ਨੂੰ ਕਈ ਫਿਲਮਾਂ ਲਈ ਇਨਾਮ ਵੀ ਮਿਲੇ ਸਨ। ਸੰਜੇ ਲੀਲਾ ਨੂੰ ਅਮਰੀਕ ਦਾ ਡਾਇਲਾਗ ਲਿਖਣ ਦਾ ਕੰਮ ਬਹੁਤ ਪਸੰਦ ਸੀ ਕਿਉਂਕਿ ਸੰਜੇ ਲੀਲਾ ਕਹਿੰਦਾ ਸੀ ਕਿ ਅਮਰੀਕ ਦੀ ਲਿਖਤ ਵਿਚ ਡਰਾਮਾ ਅਤੇ ਲਿਰੀਸਿਜ਼ਮ ਬਹੁਤ ਹੈ। ਉਸ ਨੇ ਅਮਰੀਕ ਨਾਲ ਗੱਲ ਕੀਤੀ। ਸੰਜੇ ਲੀਲਾ ਨੂੰ ‘ਟਰੇਨ ਟੂ ਪਾਕਿਸਤਾਨ’ ਲਈ ਪ੍ਰੋਡਿਊਸਰ ਦੀ ਲੋੜ ਸੀ। ਅਮਰੀਕ ਅਤੇ ਸੰਜੇ ਲੀਲਾ ਦੋਵੇਂ ਧਰਮਿੰਦਰ ਕੋਲ ਗਏ ਅਤੇ ਧਰਮਿੰਦਰ ਇਸ ਫਿਲਮ ਨੂੰ ਪ੍ਰੋਡਿਊਸ ਕਰਨ ਲਈ ਮੰਨ ਗਿਆ। ਧਰਮਿੰਦਰ ਨੇ ਇਸ ਤੋਂ ਪਹਿਲਾਂ ਕੁਝ ਫਿਲਮਾਂ ਪ੍ਰੋਡਿਊਸ ਕੀਤੀਆਂ ਸਨ। ਇਸ ਫਿਲਮ ਲਈ ਖੁਸ਼ਵੰਤ ਸਿੰਘ ਤੋਂ ਮਨਜ਼ੂਰੀ ਲੈਣ ਲਈ ਸੰਜੇ ਲੀਲਾ, ਅਮਰੀਕ, ਧਰਮਿੰਦਰ ਅਤੇ ਧਰਮਿੰਦਰ ਦਾ ਪੁੱਤਰ ਬਾਬੀ ਦਿਉਲ ਦਿੱਲੀ ਖੁਸ਼ਵੰਤ ਸਿੰਘ ਨੂੰ ਮਿਲਣ ਗਏ ਪਰ ਖੁਸ਼ਵੰਤ ਸਿੰਘ ਨੇ ਦੱਸਿਆ ਕਿ ਉਸ ਨੇ ‘ਟਰੇਨ ਟੂ ਪਾਕਿਸਤਾਨ’ ਨਾਵਲ ‘ਤੇ ਫਿਲਮ ਬਣਾਉਣ ਦੇ ਅਧਿਕਾਰ ਕਿਸੇ ਹੋਰ ਨੂੰ ਪਹਿਲਾਂ ਹੀ ਦੇ ਦਿੱਤੇ ਸਨ। ਇਸ ਤਰ੍ਹਾਂ ਇਸ ਫਿਲਮ ਨੂੰ ਬਣਾਉਣ ਵਾਲੀ ਗੱਲ ਰਹਿ ਗਈ। ਫਿਰ ਸੰਜੇ ਲੀਲਾ ਨੇ ‘ਹਮ ਦਿਲ ਦੇ ਚੁਕੇ ਸਨਮ’ ਫਿਲਮ ਡਾਇਰੈਕਟ ਕੀਤੀ ਅਤੇ ਉਸ ਫਿਲਮ ਦੇ ਡਾਇਲਾਗ ਲਿਖਣ ਲਈ ਅਮਰੀਕ ਨੂੰ ਚੁਣਿਆ। ਇਸ ਤੋਂ ਬਾਅਦ ਜੋ ਹੋਇਆ ਅਤੇ ਸੰਜੇ ਲੀਲਾ ਭੰਸਾਲੀ ਤੇ ਅਮਰੀਕ ਦੀ ਜ਼ਿੰਦਗੀ ਵਿਚ ਜੋ ਪਰਿਵਰਤਨ ਆਇਆ, ਉਹ ਫਿਲਮ ਇੰਡਸਟਰੀ ਦੇ ਪੰਨਿਆਂ ‘ਤੇ ਸੁਨਹਿਰੀ ਅੱਖਰਾਂ ਵਿਚ ਲਿਖਿਆ ਪਿਆ ਹੈ। ਇਹ ਫਿਲਮ ਬੇਹੱਦ ਸਫਲ ਰਹੀ ਅਤੇ ਇਸ ਫਿਲਮ ਨੇ ਬਹੁਤ ਸਾਰੇ ਇਨਾਮ ਜਿੱਤੇ। ਅਮਰੀਕ ਨੂੰ ਵੀ ਇਸ ਫਿਲਮ ਦੇ ਡਾਇਲਾਗ ਲਿਖਣ ਲਈ ਇਨਾਮ ਮਿਲੇ।
ਪੰਜਾਬੀ ਫਿਲਮ ‘ਕਿਰਪਾਨ’ ਦੀ ਕਹਾਣੀ, ਸਕਰੀਨ ਪਲੇਅ ਅਤੇ ਡਾਇਲਾਗ ਅਮਰੀਕ ਨੇ ਲਿਖੇ ਸਨ। ਇਹ ਫਿਲਮ ਡਾਇਰੈਕਟ ਵੀ ਅਮਰੀਕ ਨੇ ਹੀ ਕੀਤੀ ਸੀ। ਅਮਰੀਕ ਨੂੰ ਉਮੀਦ ਸੀ ਕਿ ਲੋਕ ਇਸ ਫਿਲਮ ਨੂੰ ਪਸੰਦ ਕਰਨਗੇ ਪਰ ਇਹ ਫਿਲਮ ਉਤਨੀ ਸਫਲ ਨਹੀਂ ਸੀ ਰਹੀ ਜਿੰਨੀ ਅਮਰੀਕ ਨੂੰ ਆਸ ਸੀ। ਅਮਰੀਕ ਹੱਸ ਕੇ ਕਹਿੰਦਾ ਹੈ ਕਿ ਜਦੋਂ ਕੋਈ ਫਿਲਮ ਫੇਲ੍ਹ ਹੋ ਜਾਵੇ ਤਾਂ ਪ੍ਰੋਡਿਊਸਰ ਤੁਹਾਡੇ ਕੰਮ ‘ਤੇ ਖੁਸ਼ ਨਹੀਂ ਹੁੰਦਾ ਅਤੇ ਤੁਹਾਡੀ ਸਾਰੀ ਕਲਾ ਜਾਂਦੀ ਰਹਿੰਦੀ ਹੈ।
ਅਮਰੀਕ ਦੱਸ ਰਿਹਾ ਸੀ ਕਿ ਹਰ ਫਿਲਮ ਦੇ ਤਿੰਨ ਮਹੱਤਵਪੂਰਨ ਅੰਸ਼ ਹੁੰਦੇ ਹਨ: ਕਹਾਣੀ, ਸਕਰੀਨ ਪਲੇਅ ਅਤੇ ਡਾਇਲਾਗ। ਫਿਲਮ ਦੀ ਸਫਲਤਾ ਇਨ੍ਹਾਂ ਤਿੰਨਾਂ ਚੀਜ਼ਾਂ ‘ਤੇ ਨਿਰਭਰ ਕਰਦੀ ਹੈ। ਫਿਲਮ ਦੀ ਕਹਾਣੀ ਵਧੀਆ ਹੋਣੀ ਚਾਹੀਦੀ ਹੈ ਜੋ ਦਰਸ਼ਕਾਂ ਦਾ ਧਿਆਨ ਖਿੱਚ ਸਕੇ। ਇਹ ਬਹੁਤ ਜ਼ਰੂਰੀ ਹੈ। ਸਕਰੀਨ ਪਲੇਅ ਫਿਲਮ ਦੇ ਹਰ ਸੀਨ ਨੂੰ ਦਰਸਾਉਂਦਾ ਹੈ। ਪੁਰਾਣੀਆਂ ਫਿਲਮਾਂ ਵਿਚ ਆਮ ਤੌਰ ਤੇ 35 ਤੋਂ 40 ਸੀਨ ਹੁੰਦੇ ਸਨ ਪਰ ਅੱਜ ਕੱਲ੍ਹ ਨਵੀਆਂ ਫਿਲਮਾਂ ਵਿਚ ਲਗਭਗ 70 ਤੋਂ 100 ਸੀਨ ਹੁੰਦੇ ਹਨ। ਜੇ ਫਿਲਮ ਵਿਚ ਥੋੜ੍ਹੇ ਸੀਨ ਹੋਣ ਤਾਂ ਫਿਲਮ ਦੀ ਰਫਤਾਰ ਹੌਲੀ ਹੋ ਜਾਂਦੀ ਹੈ। ਜੇ ਫਿਲਮ ਵਿਚ ਜ਼ਿਆਦਾ ਸੀਨ ਹੋਣ ਤਾਂ ਫਿਲਮ ਦੀ ਰਫਤਾਰ ਤੇਜ਼ ਹੋ ਜਾਂਦੀ ਹੈ। ਇਕ ਸੀਨ ਦੀ ਲੰਬਾਈ ਛੋਟੀ ਵੀ ਹੋ ਸਕਦੀ ਹੈ ਅਤੇ ਲੰਮੀ ਵੀ। ਇਕ ਸੀਨ ਸਿਰਫ ਇਕ ਲਾਈਨ ਦਾ ਵੀ ਹੋ ਸਕਦਾ ਹੈ ਅਤੇ ਬਹੁਤ ਲੰਮਾ ਵੀ। ਡਾਇਲਾਗ ਵੀ ਫਿਲਮ ਦੀ ਸਫਲਤਾ ਲਈ ਬਹੁਤ ਮਹੱਤਵਪੂਰਨ ਹਨ। ਚੰਗੇ ਡਾਇਲਾਗ ਫਿਲਮ ਦੀ ਜਾਨ ਹੁੰਦੇ ਹਨ। ਕਿਸੇ ਵੀ ਫਿਲਮ ਦੀ ਸਫਲਤਾ ਇਨ੍ਹਾਂ ਤਿੰਨਾਂ ਗੱਲਾਂ ‘ਤੇ ਹੀ ਨਿਰਭਰ ਕਰਦੀ ਹੈ। ਡਾਇਲਾਗ ਲਿਖਣ ਦੇ ਸਭ ਤੋਂ ਵੱਧ ਪੈਸੇ ਮਿਲਦੇ ਹਨ। ਉਸ ਤੋਂ ਘੱਟ ਪੈਸੇ ਸਕਰੀਨ ਪਲੇਅ ਲਿਖਣ ਦੇ ਮਿਲਦੇ ਹਨ। ਸਭ ਤੋਂ ਘੱਟ ਪੈਸੇ ਕਹਾਣੀ ਦੇ ਮਿਲਦੇ ਹਨ।
ਇਕ ਵਾਰੀ ਅਮਰੀਕ ਨਾਲ ਸਾਹਿਤ ਬਾਰੇ ਗੱਲ ਹੋਈ ਤਾਂ ਉਹ ਕਹਿੰਦਾ, “ਗੁਰੂ ਨਾਨਕ ਨੇ ਪੰਜਾਬੀ ਵਿਚ ਲਿਖਿਆ। ਆਮ ਲੋਕਾਂ ਦੀ ਭਾਸ਼ਾ ਵਰਤੀ। ਸੰਸਕ੍ਰਿਤ ਵਿਚ ਨਹੀਂ ਲਿਖਿਆ। … ਰਾਜ ਕਪੂਰ ਵੀ ਕਹਿੰਦਾ ਸੀ ਕਿ ਆਮ ਲੋਕਾਂ ਦੀ ਭਾਸ਼ਾ ਵਰਤੋ। … ਜੇ ਕਿਸੇ ਫਿਲਮ ਵਿਚ ਹੀਰੋਇਨ ਹੀਰੋ ਨੂੰ ਕਹੇ- ‘ਮੈਂ ਤੁਝੇ ਅਤਿਅੰਤ ਪਿਆਰ ਕਰਤੀ ਹੂੰ’ ਤਾਂ ਬਹੁਤ ਸਾਰੇ ਦਰਸ਼ਕਾਂ ਨੂੰ ਸ਼ਾਇਦ ਇਹ ਸਮਝ ਹੀ ਨਾ ਆਵੇ। ਜੇ ਇਹ ਹੀਰੋਇਨ ਕਹੇ- ‘ਮੈਂ ਤੁਝੇ ਬਹੁਤ ਪਿਆਰ ਕਰਤੀ ਹੂੰ’ ਤਾਂ ਸਾਰੇ ਦਰਸ਼ਕਾਂ ਨੂੰ ਸਮਝ ਆ ਜਾਵੇਗਾ। … ਜਿੰਨੀ ਸੌਖੀ ਭਾਸ਼ਾ ਵਿਚ ਡਾਇਲਾਗ ਲਿਖੇ ਜਾਣ ਵਧੀਆ ਹੈ …।”
(ਚਲਦਾ)