ਕਿਸਾਨ ਮੋਰਚਾ ਬਨਾਮ ਭੋਡੀਆਂ ਗਊਆਂ

ਇੰਦਰਜੀਤ ਚੁਗਾਵਾਂ
ਜਰਨੈਲ ਬਹੁਤ ਖੁਸ਼ ਸੀ। ਮੈਨੂੰ ਘੁੱਟ ਘੁੱਟ ਜੱਫੀਆਂ ਪਾ ਰਿਹਾ ਸੀ। ਗੱਲ ਈ ਇਹੋ ਜਿਹੀ ਸੀ। ਖੁਸ਼ੀ ਨਾਲ ਸਾਡੀਆਂ ਅੱਖਾਂ ਸਿੱਲ੍ਹੀਆਂ ਹੋ ਗਈਆਂ ਸਨ। ਉਹ ਪੁੱਛ ਰਿਹਾ ਸੀ, ‘ਭਾਅ ਜੀ ਤੈਨੂੰ ਕਿਵੇਂ ਪਤਾ ਸੀ ਕਿ ਏਨੀ ਵੱਡੀ ਤਬਦੀਲੀ ਵੀ ਹੋ ਸਕਦੀ ਐ?’

ਗੱਲ ਦਰਅਸਲ ਦੋ ਮਹੀਨੇ ਪੁਰਾਣੀ ਐ। ਜਰਨੈਲ ਡਰਾਈਵ ਕਰ ਰਿਹਾ ਸੀ ਤੇ ਮੈਂ ਨਾਲ ਬੈਠਾ ਉਸ ਨਾਲ ਗੱਲੀਂ ਜੁਟਿਆ ਹੋਇਆ ਸੀ। ਫੋਟੋਗਰਾਫੀ ਮੇਰਾ ਜਨੂੰਨ ਹੈ…ਖਾਸ ਕਰ ਕੁਦਰਤੀ ਦ੍ਰਿਸ਼ਾਂ ਨੂੰ ਸੰਭਾਲ ਕੇ ਉਨ੍ਹਾਂ ਦੀ ਆਪਣੇ ਵਡੇਰੇ ਪਰਿਵਾਰ ਨਾਲ ਸਾਂਝ ਪੁਆਉਣ ‘ਚ ਮੈਨੂੰ ਬਹੁਤ ਸਕੂਨ ਮਿਲਦੈ। ਮੇਰੀ ਇਹ ਆਦਤ ਵੀ ਬਣ ਗਈ ਹੈ ਕਿ ਜਦ ਵੀ ਕਦੇ ਆਲੇ-ਦੁਆਲੇ ਮੀਲਾਂ ਤੱਕ ਫੈਲੀਆਂ ਚਰਾਂਦਾਂ ‘ਚ ਗਊਆਂ ਚਰਦੀਆਂ ਦੇਖਦਾ ਹਾਂ ਤਾਂ ਹੱਥ ਆਪ-ਮੁਹਾਰੇ ਫੋਨ ‘ਤੇ ਚਲੇ ਜਾਂਦੇ ਹਨ। ਕੈਮਰਾ ਆਨ ਕਰਕੇ ਤਸਵੀਰਾਂ ਉਤਾਰਨ ਲੱਗ ਜਾਂਦਾ ਹਾਂ। ਪਤਾ ਵੀ ਹੈ ਕਿ ਏਨੀ ਦੂਰੋਂ ਫੋਟੋ ਸਾਫ ਨਹੀਂ ਖਿੱਚੀ ਜਾ ਸਕਦੀ, ਪਰ ਫੇਰ ਵੀ ਕਲਿੱਕ ਕਰਨੋਂ ਰਿਹਾ ਨਹੀਂ ਜਾਂਦਾ। ਸ਼ਾਇਦ ਇਨ੍ਹਾਂ ਗਊਆਂ ਨੂੰ ਦੇਖ ਕੇ ਮੇਰੇ ਮਨ ਅੰਦਰ ਕਿਤੇ ਆਪਣੀ ਗਾਂ ਦਾ ਹੇਰਵਾ ਜਾਗ ਉੱਠਦਾ ਹੈ! ਬਹੁਤ ਪਿਆਰੀ, ਨਿੱਕੇ-ਨਿੱਕੇ ਸਿੰਙਾਂ ਵਾਲੀ ਮੇਰੀ ਉਸ ਗਾਂ ਦੀ ਮੌਤ ਬਹੁਤ ਦਰਦਨਾਕ ਢੰਗ ਨਾਲ ਹੋਈ ਸੀ। ਕਿਸੇ ‘ਭਲੇ ਮਨੁੱਖ’ ਨੇ ਉਸ ਨੂੰ ਸੂਈਆਂ ਖੁਆ ਦਿੱਤੀਆਂ ਸਨ। ਇਹ ਭੇਤ ਉਸ ਦੀ ਮੌਤ ਤੋਂ ਬਾਅਦ ਸਾਹਮਣੇ ਆਇਆ ਸੀ।
ਕਾਫੀ ਦੇਰ ਬਾਅਦ ਜਰਨੈਲ ਸਿੰਘ ਨਾਲ ਟੀਮ-ਲੋਡ ਲੈ ਕੇ ਜਾਣ ਦਾ ਸਬੱਬ ਬਣਿਆ ਸੀ। ਰਸਤੇ ‘ਚ ਜਦ ਗਊਆਂ ਚਰਦੀਆਂ ਦੇਖੀਆਂ ਤਾਂ ਹੱਥ ਆਪਣਾ ਕੰਮ ਕਰਨ ਲੱਗ ਪਏ। ਜਰਨੈਲ ਇਹ ਦੇਖ ਕੇ ਹੱਸਿਆ, ‘ਗਊਆਂ ਦੇਖ ਕੇ ਮੈਂ ਸੋਚ ਰਿਹਾ ਸੀ ਕਿ ਦੇਖੋ ਭਾਅ ਜੀ ਫੋਟੋ ਖਿੱਚਦੇ ਆ ਜਾਂ ਨਹੀਂ, ਪਰ ਤੁਹਾਨੂੰ ਚੇਤਾ ਨਹੀਂ ਭੁੱਲਿਆ।…ਤੁਹਾਡੇ ਫੋਨ ਵਿਚਲੀਆਂ ਫੋਟੋਆਂ ‘ਚ ਕਾਫੀ ਹਿੱਸਾ ਤਾਂ ਗਊਆਂ ਦਾ ਈ ਹੋਣੈ!’
ਮੈਂ ਹੱਸ ਪਿਆ, ਪਰ ਉਸ ਦੀ ਗੱਲ ਦਾ ਜੁਆਬ ਨਹੀਂ ਦਿੱਤਾ। ਉਹ ਪਤਾ ਨਹੀਂ ਕਿਹੜੇ ਰੌਂਅ ‘ਚ ਸੀ ਕਿ ਗਊਆਂ ਦੀ ਗੱਲ ਦਾ ਖਹਿੜਾ ਈ ਨਹੀਂ ਸੀ ਛੱਡ ਰਿਹਾ। ਮੈਂ ਰੋਕਿਆ ਵੀ, ਪਰ ਕਿੱਥੇ! ਪੁੱਛਣ ਲੱਗਾ, ‘ਭਾਅ ਜੀ, ਵਲੈਤੀ ਗਊਆਂ ਦੇ ਸਿੰਙ ਕਿਉਂ ਦਾਗ ਦਿੱਤੇ ਜਾਂਦੇ ਐ?’
ਗੱਲ ਖਤਮ ਕਰਨ ਲਈ ਮੈਂ ਕਿਹਾ, ‘ਚੱਲ ਛੱਡ ਵੀ ਹੁਣ! ਦੇਸੀ ਗਊਆਂ ਦੇ ਸਿੰਙ ਤੁਸੀਂ ਨਾ ਦਾਗਿਆ ਕਰੋ।’
ਉਹ ਬੋਲਿਆ, ‘ਦੇਸੀ ਗਊਆਂ ਰਹੀਆਂ ਈ ਕਿੱਥੇ!’
ਥੋੜ੍ਹੀ ਦੇਰ ਅਟਕ ਕੇ ਡੂੰਘਾ ਸਾਹ ਲੈ ਕੇ ਉਸ ਨੇ ਕਿਹਾ, ‘ਗਊ ਤਾਂ ਗਊ ਈ ਐ, ਦੇਸੀ ਜਾਂ ਵਲੈਤੀ…! ਸੇਵਾ ਓਨੀ ਦੇਰ ਜਿੰਨੀ ਦੇਰ ਦੁੱਧ ਦਿੰਦੀ ਰਹੇ, ਦੋ ਵਾਰ ਗੱਭਣ ਨਾ ਹੋਵੇ ਤਾਂ ਚੱਲ ਬੁੱਚੜਾਂ ਹਵਾਲੇ!…ਮੇਰਾ ਵੱਸ ਚੱਲੇ ਤਾਂ ਸਾਰੀਆਂ ਗਊਆਂ ਦੇ ਸਿੰਙ ਤਿੱਖੇ ਕਰ ਦਿਆਂ!’
ਮੇਰੇ ਕੰਨ ਖੜ੍ਹੇ ਹੋ ਗਏ। ਉਸ ਦਾ ਅਕਸ ਮੇਰੇ ਮਨ ‘ਚ ਇੱਕ ਅਗਾਂਹਵਧੂ ਸਿੱਖ ਵਾਲਾ ਸੀ, ਜੋ ਬਾਣੀ ਦੀ ਵਿਆਖਿਆ ਵੀ ਵਿਗਿਆਨਕ ਨਜ਼ਰੀਏ ਤੋਂ ਕਰਦਾ ਹੈ; ਪਰ ਇਹ ਤਾਂ ਅਗਾਂਹਵਧੂ ਸਿੱਖ ਵਾਲੀ ਸੋਚਣੀ ਨਹੀਂ ਹੈ! ਟੋਹਣ ਲਈ ਆਰ ਲਾਉਂਦਿਆਂ ਮੈਂ ਕਿਹਾ, ‘ਭਗਵਾਂ ਰੰਗ ਕਿਹੜੇ ਲਲਾਰੀ ਤੋਂ ਚੜ੍ਹਾਇਐ ਸਿੰਘ ਸਾਹਿਬ ਜੀ?’
‘ਕੋਈ ਰੰਗ ਨਹੀਂ ਚੜ੍ਹਿਆ! ਮੈਂ ਦੂਸਰੀਆਂ ਗਊਆਂ ਦੀ ਗੱਲ ਕਰ ਰਿਹਾਂ…ਦੋ ਲੱਤਾਂ ਵਾਲੀਆਂ ਭੋਡੀਆਂ ਗਊਆਂ ਦੀ…!’ ਉਹ ਸੋਚਾਂ ‘ਚ ਡੁੱਬਾ ਕਿਤੇ ਦੂਰ ਪਹੁੰਚਿਆ ਹੋਇਆ ਸੀ! ਮੈਂ ਉਸ ਨੂੰ ਹੋਰ ਕੁਰੇਦਣਾ ਚਾਹੁੰਦਾ ਸੀ, ਪਰ ਮੌਕਾ ਢੁਕਵਾਂ ਨਹੀਂ ਸੀ। ਥੋੜ੍ਹੀ ਦੇਰ ਬਾਅਦ ਟੀ. ਏ. ਟਰੱਕ ਸਟਾਪ ਸੀ, ਜਿੱਥੇ ਅਸੀਂ ਰੁਕਣਾ ਸੀ ਫਿਊਲਿੰਗ ਲਈ ਤੇ ਇਸ਼ਨਾਨ-ਪਾਣੀ ਲਈ। ਸੋ ਇੰਤਜ਼ਾਰ ਕਰਨਾ ਬਿਹਤਰ ਸਮਝਿਆ।
ਮੈਂ ਕਿਸਾਨ ਮੋਰਚੇ ਬਾਰੇ ਵੀਡੀਓ ਦੇਖ ਕੇ ਹਟਿਆ ਸੀ ਤੇ ਉਸ ਬਾਰੇ ਜਰਨੈਲ ਨਾਲ ਗੱਲ ਕਰਨੀ ਚਾਹੁੰਦਾ ਸੀ, ਪਰ ਉਸ ਨੇ ਮੌਕਾ ਨਹੀਂ ਦਿੱਤਾ। ਟਰੱਕ ਸਟਾਪ ਤੋਂ ਤੁਰਦੇ ਸਾਰ ਉਹ ਬੋਲਿਆ, ‘ਸੌਣਾਂ ਤਾਂ ਨਹੀਂ ਭਾਅ ਜੀ?’ ‘ਅਜੇ ਕਿੱਥੇ ਜਰਨੈਲ…ਥੋੜ੍ਹਾ ਅਟਕ ਕੇ ਫੇਰ ਦੇਖੂੰ ਜੇ ਨੀਂਦ ਆ ਜਾਵੇ ਤਾਂ’, ਮੇਰਾ ਜੁਆਬ ਸੀ। ਪਤਾ ਲੱਗ ਗਿਆ ਸੀ ਮੈਨੂੰ ਕਿ ਹੁਣ ਜਨਾਬ ਖੁਦ-ਬ-ਖੁਦ ਦੱਸਣਗੇ! ਕਹਿਣ ਲੱਗਾ, ‘ਆ ਜਾਓ, ਨਾਲ ਬੈਠੋ ਫੇਰ। ਗੱਲਾਂ-ਬਾਤਾਂ ਕਰਦੇ ਆਂ।’…ਤੇ ਫੇਰ ਉਹ ਮਨ ਦਾ ਬੋਝ ਲਾਹੁਣ ਹੋ ਤੁਰਿਆ।
‘ਲੱਖਾ ਯਾਦ ਐ, ਇੱਕ ਵਾਰ ਰਸਤੇ ‘ਚ ਮਿਲਾਇਆ ਸੀ ਤੁਹਾਨੂੰ! ਉਹੀ ਜਿਸ ਦਾ ਆਪਣੇ ਚਾਚੇ ਨਾਲ ਝਗੜਾ ਚੱਲ ਰਿਹਾ ਸੀ, ਜਿਸ ਦੀ ਇੱਕ ਵੀਡੀਓ ਬਣਾ ਕੇ ਉਸ ਦੀ ਬਦਨਾਮੀ ਕੀਤੀ ਸੀ ਉਸ ਨੇ! ਉਸ ਦਾ ਕੇਸ ਦੋ ਸਾਲ ਅੱਗੇ ਜਾ ਪਿਐ।’ ਉਹ ਰੁਕਿਆ। ਡੂੰਘਾ ਸਾਹ ਲੈ ਕੇ ਫੇਰ ਬੋਲਣ ਲੱਗਾ, ‘ਹੁਣ ਉਸ ਨੇ ਆਪਣੀ ਨਿੱਕੀ ਭੈਣ ਦਾ ਰਿਸ਼ਤਾ ਏਥੇ ਬਲਬੀਰ ਨਾਲ ਕਰ ਦਿੱਤੈ। ਭੈਣ ਉਸ ਦੀ ਬੀ.ਐੱਸਸੀ. ਕਰ ਰਹੀ ਐ। …ਤੇ ਬਲਬੀਰ ਦਾ ਹਿਸਾਬ ਤੁਸੀਂ ਖੁਦ ਲਾ ਲਓ ਕਿ ਉਸ ਦੀ ਧੀ ਲੱਖੇ ਦੀ ਭੈਣ ਨਾਲੋਂ ਵੱਡੀ ਐ ਉਸ ਨੇ ਆਪਣੀ ਪਹਿਲੀ ਘਰਵਾਲੀ ਨੂੰ ਕਾਗਜ਼ੀ ਤਲਾਕ ਦਿੱਤਾ ਹੋਇਐ।…ਲੱਖਾ ਸੋਚਦੈ ਕਿ ਜੇ ਕੇਸ ਵੱਲ ਦੇਖਦਾ ਰਿਹਾ ਤਾਂ ਉਹ ਆਪਣਾ ਪਰਿਵਾਰ ਛੇਤੀ ਨਹੀਂ ਮੰਗਵਾ ਸਕੇਗਾ। ਇਸ ਲਈ ਉਸ ਨੇ ਇਹ ਰਾਹ ਕੱਢਿਐ ਕਿ ਕੁੜੀ ਦਾ ਵਿਆਹ ਬਲਬੀਰ ਨਾਲ ਕਰ ਦਿੰਦੇ ਆਂ। ਬਲਬੀਰ ਨੂੰ ਹੁਣੇ ਸਿਟੀਜ਼ਨਸਿ਼ਪ ਮਿਲੀ ਐ, ਕੁੜੀ ਜਲਦੀ ਪੱਕੀ ਹੋ ਜਾਊ ਤੇ ਫੇਰ ਬਾਕੀ ਪਰਿਵਾਰ ਲਈ ਆਪਣੇ ਆਪ ਰਾਹ ਖੁਲ੍ਹ ਜਾਊ। ਬਾਅਦ ‘ਚ ਤਲਾਕ ਦੇ ਕੇ ‘ਪੱਕਾ ਵਿਆਹ’ ਕਰ ਦਿਆਂਗੇ। ਮਾਂ-ਬਾਪ, ਛੋਟਾ ਭਰਾ ਸਭ ਨੂੰ ਕੁੜੀ ਏਧਰ ਬੁਲਾ ਲਏਗੀ ਤੇ ਘਰਵਾਲੀ ਦਾ ਵੀ ਕੋਈ ਇਹੋ ਜਿਹਾ ਜੁਗਾੜ ਹੋ ਜਾਊ…!’
‘ਇਹਦੇ ਵਿਚ ਤੇਰੀ ਪ੍ਰੇਸ਼ਾਨੀ ਕੀ ਐ? ਤੂੰ ਕੁਝ ਵੀ ਨਹੀਂ ਕਰ ਸਕਦਾ, ਐਵੇਂ ਟੈਨਸ਼ਨ ਨਾ ਲਿਆ ਕਰ। ਉਹ ਕੁੜੀ ਵੀ ਤਾਂ ਪੜ੍ਹੀ ਲਿਖੀ ਐ…ਉਹਦੇ ਮੂੰਹ ‘ਚ ਜ਼ੁਬਾਨ ਤਾਂ ਹੋਵੇਗੀ।’ ਮੈਂ ਉਸ ਨੂੰ ਸ਼ਾਂਤ ਕਰਨ ਲਈ ਆਖਦਾਂ।
ਉਹ ਫੇਰ ਸ਼ੁਰੂ ਹੋ ਗਿਆ, ‘ਕੁੜੀ ਬਾਰੇ ਪਤਾ ਲੱਗਿਐ ਕਿ ਉਹ ਬਹੁਤ ਰੋਈ ਕੁਰਲਾਈ ਸੀ, ਪਰ ਉਹਦੀ ਸੁਣੀ ਕਿਸੇ ਨੇ ਨਹੀਂ। ਬਲਬੀਰ ਨਾਲ ਦਸ ਹਜ਼ਾਰ ਡਾਲਰ ‘ਚ ਸੌਦਾ ਹੋਇਐ ਲੱਖੇ ਦਾ। ਸ਼ਰਤ ਇਹ ਐ ਕਿ ਕੁੜੀ ਸਿਟੀਜ਼ਨਸਿ਼ਪ ਮਿਲਣ ਤੱਕ ਉਹਦੇ ਨਾਲ ਈ ਰਹੇਗੀ। ਮੇਰੀ ਪ੍ਰੇਸ਼ਾਨੀ ਇਹ ਐ ਕਿ ਬਾਣੇ ਪੱਖੋਂ ਲੱਖਾ ਤੇ ਬਲਬੀਰ ਪੂਰੇ ਗੁਰਸਿੱਖ ਹਨ, ਗੁਰਦੁਆਰਾ ਕਮੇਟੀਆਂ ‘ਚ ਪੂਰਾ ਰਸੂਖ ਐ, ਪਰ ਕਰਤੂਤਾਂ ਕੀ ਕਰ ਰਹੇ ਐ!…ਆਪਣੇ ਧਰਮ ‘ਚ ਗੱਲੀਂ-ਬਾਤੀਂ ਤਾਂ ਔਰਤ ਨੂੰ ਪੂਰਾ ਸਤਿਕਾਰ ਦਿੱਤਾ ਗਿਐ, ਪਰ ਹਕੀਕਤ ਕੀ ਐ? ਦੱਸਣ ਦੀ ਲੋੜ ਐ ਭਲਾ! ਕੁੜੀਆਂ ਬੇਚਾਰੀਆਂ ਤਾਂ ਭੋਡੀਆਂ ਗਊਆਂ ਹਨ ਇਨ੍ਹਾਂ ਲਈ, ਇੱਕ ਕਿਲੇ ਤੋਂ ਦੂਸਰੇ ਕਿਲੇ ਜਦ ਚਾਹੋ ਬੰਨ੍ਹ ਦਿਓ…ਜਦ ਚਾਹੋ ਰੱਸਾ ਕਿਸੇ ਦੇ ਵੀ ਹੱਥ ਫੜਾ ਦਿਓ! ਇਹ ਤਾਂ ਗੁਰਬਤ ਦਾ ਸਾਗਰ ਪਾਰ ਕਰਨ ਵਾਲਾ ਜਹਾਜ਼ ਬਣਾ ਰੱਖੀਆਂ ਇਨ੍ਹਾਂ ਕੰਜਰਾਂ ਨੇ! ਗਾਉਂਦੇ ਹੁੰਦੇ ਆ ਨਾ…ਸਤਿਗੁਰਾਂ ਨੇ ਜਹਾਜ਼ ਬਣਾਇਆ, ਆ ਜੋ ਜੀਹਨੇ ਪਾਰ ਲੰਘਣਾ!’ ਉਹ ਚੁੱਪ ਹੋ ਗਿਆ ਸੀ, ਪਰ ਸ਼ਾਂਤ ਨਹੀਂ। ਸਟੇਅਰਿੰਗ ‘ਤੇ ਉਂਗਲਾਂ ਨਾਲ ਵੱਜ ਰਿਹਾ ਤਬਲਾ ਉਸ ਅੰਦਰ ਉੱਠ ਰਹੀਆਂ ਤੇਜ਼ ਛੱਲਾਂ ਦੀ ਗਵਾਹੀ ਭਰ ਰਿਹਾ ਸੀ। ਉਹ ਜਦ ਵੀ ਪ੍ਰੇਸ਼ਾਨ ਹੁੰਦੈ, ਤਬਲਾ ਵਜਾਉਣ ਲੱਗ ਪੈਂਦੈ। ਤਬਲਾਵਾਦਨ ਉਸ ਨੂੰ ਸਕੂਨ ਦਿੰਦੈ, ਇਹ ਗੱਲ ਮੈਨੂੰ ਪਤੈ।
ਚੁੱਪ ਤੋੜਨ ਲਈ ਮੈਂ ਕਿਹਾ, ‘ਮੇਰੇ ਜ਼ਾਕਿਰ ਹੁਸੈਨ…,ਇਹ ਤਾਂ ਹੋ ਗਿਆ ਆਪਣਾ ਰੋਣ-ਧੋਣ! ਤੂੰ ਆਪਣਾ ਗੁੱਭ-ਗਲ੍ਹਾਟ ਕੱਢ ਲਿਐ, ਚੰਗੀ ਗੱਲ ਐ। ਮਸਲੇ ਦਾ ਹੱਲ ਕੀ ਐ ਤੇਰੇ ਕੋਲ?’ ਮੈਂ ਜਰਨੈਲ ਵੱਲ ਗਹੁ ਨਾਲ ਦੇਖਦਿਆਂ ਕਿਹਾ।
‘ਜੇ ਹੱਲ ਹੁੰਦਾ ਤਾਂ ਤੈਨੂੰ ਰਮਾਇਣ ਕਿਉਂ ਸੁਣਾਉਂਦਾ, ਇਸੇ ਲਈ ਤਾਂ ਰੋਣਾ ਰੋਇਆ ਤੇਰੇ ਕੋਲ’, ਉਸ ਦਾ ਜੁਆਬ ਸੀ।
ਕਾਫੀ ਦੇਰ ਚੁੱਪ ਪੱਸਰੀ ਰਹੀ। ਮੇਰੇ ਜਿ਼ਹਨ ‘ਚ ਕੇਸਕੀ ਸਜਾਈ ਉਹ ਕੁੜੀ ਬੇਚਾਰੀ ਜਿਹੀ ਬਣ ਕੇ ਖੜ੍ਹ ਗਈ, ਜਿਵੇਂ ਮੇਰੇ ਵੱਲ ਮਦਦ ਲਈ ਹੱਥ ਵਧਾ ਕੇ ਹਾੜ੍ਹੇ ਕੱਢ ਰਹੀ ਹੋਵੇ। ਅਚਾਨਕ ਇੱਕ ਖਿਆਲ ਮਨ ‘ਚ ਆਇਆ। ਮੈਂ ਜਰਨੈਲ ਨੂੰ ਕਿਹਾ ਕਿ ਉਹ ਕਿਸੇ ਤਰ੍ਹਾਂ ਉਸ ਕੁੜੀ ਨੂੰ ਦਿੱਲੀ ‘ਚ ਚੱਲ ਰਹੇ ਕਿਸਾਨ ਮੋਰਚੇ ‘ਚ ਭੇਜੇ। ਆਸ-ਪਾਸ ਤੋਂ ਕੋਈ ਜਥਾ ਜਾ ਰਿਹਾ ਹੋਵੇ ਤਾਂ ਉਸ ਨਾਲ ਉਹ ਜਾ ਸਕਦੀ ਐ।
‘ਇਹਦੇ ਨਾਲ ਕੀ ਫਰਕ ਪਊ,’ ਉਸ ਦਾ ਜੁਆਬ ਸੀ।
‘ਦੇਖਦੇ ਆਂ, ਸ਼ਾਇਦ ਕੋਈ ਫਰਕ ਪੈ ਈ ਜਾਵੇ,’ ਮੈਂ ਕਿਹਾ। ਮੈਨੂੰ ਇਹ ਤਾਂ ਉਮੀਦ ਸੀ ਕਿ ਫਰਕ ਤਾਂ ਪਵੇਗਾ, ਪਰ ਕਿੰਨਾ ਪਵੇਗਾ, ਇਸ ਬਾਰੇ ਕੁਝ ਵੀ ਕਹਿ ਨਹੀਂ ਸੀ ਸਕਦਾ। ਨੀਂਦ ਆ ਰਹੀ ਸੀ ਤੇ ਜਰਨੈਲ ਤੋਂ ਇਜਾਜ਼ਤ ਲੈ ਕੇ ਮੈਂ ਲੇਟ ਗਿਆ। ਪੂਰੇ ਟਰਿੱਪ ਦੌਰਾਨ ਮੁੜ ਕੇ ਇਹ ਮੁੱਦਾ ਉਸ ਨੇ ਨਹੀਂ ਛੇੜਿਆ।
ਦੋ ਮਹੀਨੇ ਬਾਅਦ ਜਰਨੈਲ ਨਾਲ ਅਚਾਨਕ ਇੱਕ ਮਾਰਕਿਟ ਪਲਾਜ਼ੇ ‘ਚ ਟਾਕਰੇ ਹੋ ਗਏ। ‘ਭਾਅ ਜੀ ਕਮਾਲ ਈ ਹੋ ਗਈ! ਲੱਖੇ ਦੀ ਭੈਣ ਨੇ ਉਹ ਰਿਸ਼ਤਾ ਠੁਕਰਾ ਦਿੱਤੈ… ਸਾਰਾ ਪਰਿਵਾਰ ਬਥੇਰਾ ਕਲਪਿਆ, ਪਰ ਉਹ ਨਹੀਂ ਮੰਨੀ’, ਉਹ ਦੱਸ ਰਿਹਾ ਸੀ ਤੇ ਪੁੱਛ ਰਿਹਾ ਸੀ ਕਿ ਮੈਨੂੰ ਕਿਵੇਂ ਪਤਾ ਸੀ ਕਿ ਏਨੀ ਵੱਡੀ ਤਬਦੀਲੀ ਵੀ ਹੋ ਸਕਦੀ ਐ।
‘ਜਰਨੈਲ, ਹਰ ਸ਼ੈਅ, ਹਰ ਜੀਵ ‘ਚ ਅੱਗ ਹੁੰਦੀ ਐ, ਪਰ ਉਹ ਸਾਨੂੰ ਉਸ ਵੇਲੇ ਈ ਨਜ਼ਰ ਆਉਂਦੀ ਐ, ਜਦ ਲਾਟ ਬਣ ਕੇ ਸਾਹਮਣੇ ਆਵੇ। ਲੋੜ ਬੱਸ ਉਸ ਅੱਗ ਵਿਚਲੀ ਚੰਗਿਆੜੀ ਨੂੰ ਹਵਾ ਦੇਣ ਦੀ ਹੁੰਦੀ ਐ। ਨਤੀਜਾ ਇਸ ਗੱਲ ‘ਤੇ ਨਿਰਭਰ ਕਰਦੈ ਕਿ ਚੰਗਿਆੜੀ ਨੂੰ ਹਵਾ ਦੇਣ ਵਾਲਾ ਕੌਣ ਐ! ਸਾਫ ਨੀਅਤ ਵਾਲਾ ਹੋਵੇ ਤਾਂ ਚੰਗਿਆੜੀ ਤੋਂ ਬਣਨ ਵਾਲੀ ਲਾਟ ਹੋਰਨਾਂ ਦਾ ਵੀ ਰਾਹ ਰੁਸ਼ਨਾਏਗੀ, ਮਾੜੀ ਨੀਅਤ ਵਾਲਾ ਹੋਇਆ ਤਾਂ ਚੰਗਿਆੜੀ ਭਾਂਬੜ ਬਣ ਕੇ ਆਸ-ਪਾਸ ਤਬਾਹੀ ਮਚਾ ਦੇਵੇਗੀ। ਦਿੱਲੀ ਦੀਆਂ ਬਰੂਹਾਂ ‘ਤੇ ਲੱਗਾ ਹੋਇਆ ਕਿਸਾਨ ਮੋਰਚਾ ਸਮਾਜ ਦੇ ਹਰ ਹਿੱਸੇ ‘ਚ ਤਬਦੀਲੀ ਦਾ ਸਰੋਤ ਬਣਿਆ ਹੋਇਐ। ਇਸ ਮੋਰਚੇ ਨੇ ਵੱਡੀ ਸਿਰਜਣ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਐ। ਮੈਨੂੰ ਪੂਰਾ ਯਕੀਨ ਸੀ ਕਿ ਸਿੰਘੂ ਬਾਰਡਰ ਜਾ ਕੇ ਇਹ ਕੁੜੀ ਜਦ ਉਥੇ ਔਰਤਾਂ ਨੂੰ ਮੋਹਰੇ ਹੋ ਕੇ ਕੰਮ ਕਰਦਿਆਂ, ਸਟੇਜ ਤੋਂ ਬੋਲਦਿਆਂ, ਕਵਿਤਾਵਾਂ ਸੁਣਾਉਂਦਿਆਂ, ਰੂੜ੍ਹੀਵਾਦੀ ਸੰਸਕਾਰਾਂ ਨੂੰ ਵੰਗਾਰਦਿਆਂ ਦੇਖੇਗੀ ਤਾਂ ਉਸ ਅੰਦਰਲਾ ਰੋਹ ਜ਼ਰੂਰ ਜਾਗੇਗਾ।’ ਮੇਰੀ ਇਹ ਗੱਲ ਸੁਣ ਕੇ ਜਰਨੈਲ ਨੇ ਇੱਕ ਵਾਰ ਫੇਰ ਘੁੱਟ ਕੇ ਮੈਨੂੰ ਕਲਾਵੇ ‘ਚ ਲੈ ਲਿਆ।
ਅਸੀਂ ਦੋਵੇਂ ਖੁਸ਼ ਹਾਂ ਕਿ ਅਸੀਂ ਇੱਕ ਪੜ੍ਹੀ-ਲਿਖੀ ਕੁੜੀ ਅੰਦਰਲੀ ਅੱਗ ਨੂੰ ਲਾਟ ‘ਚ ਬਦਲਣ ਵਿਚ ਸਫਲ ਰਹੇ ਹਾਂ। ਜਰਨੈਲ ਅਨੁਸਾਰ ਹੁਣ ਉਹ ਕੁੜੀ ‘ਭੋਡੀ ਗਊ’ ਨਹੀਂ ਰਹੀ, ਨਾ ਹੀ ਗੁਰਬਤ ਪਾਰ ਕਰਵਾਉਣ ਵਾਲਾ ਜਹਾਜ਼। ਪਹਿਲਾਂ ਸਿਰਫ ਵੇਸ ਸਿੰਘਣੀ ਵਾਲਾ ਸੀ, ਪਰ ਹੁਣ ਉਹ ਅਸਲ ਸਿੰਘਣੀ ਬਣੀ ਹੈ।
ਮੈਂ ਉਸ ਵੇਲੇ ਦਿੱਲੀ ਨਾਲ ਮੋਰਚਾ ਲਾਈ ਬੈਠੇ ਕਿਸਾਨਾਂ-ਮਜ਼ਦੂਰਾਂ ਨੂੰ ਮਨ ਹੀ ਮਨ ਸਿਜਦਾ ਕੀਤਾ, ਜੋ ਦੇਸ਼ ਦੇ ਦੱਬੇ ਕੁਚਲੇ ਲੋਕਾਂ ਨੂੰ ਆਪਣਾ ਦਰਦ ਬਿਆਨ ਕਰਨ ਲਈ ਹੌਸਲਾ ਤੇ ਜ਼ੁਬਾਨ ਦੇ ਰਹੇ ਹਨ।
ਸਮਾਂ ਬਹੁਤ ਬਦਲ ਗਿਐ। ਅਸੀਂ ਅਜੇ ਵੀ ‘ਪਰਿਵਾਰ ਦੀ ਇੱਜ਼ਤ’ ਦੇ ਨਾਂ ‘ਤੇ ਆਪਣੀਆਂ ਧੀਆਂ-ਭੈਣਾਂ ਨਾਲ ਜ਼ੁਲਮ ਕਮਾ ਰਹੇ ਆਂ। ਧੀਆਂ-ਭੈਣਾਂ ਵੀ ਮਾਨਵੀ ਜੀਵ ਹਨ। ਉਨ੍ਹਾਂ ਕੋਲ ਵੀ ਆਪਣਾ ਦਿਮਾਗ ਹੈ, ਆਪਣਾ ਵਿਵੇਕ ਹੈ! ਉਹ ਭੋਡੀਆਂ ਗਊਆਂ ਨਹੀਂ ਤੇ ਨਾ ਹੀ ਪਰਿਵਾਰ ਦੀ ਗਰੀਬੀ ਕੱਢਣ ਵਾਲਾ ਜਹਾਜ਼!
ਉਨ੍ਹਾਂ ਅੰਦਰ ਵੀ ਦਿਲ ਧੜਕਦਾ ਹੈ!
ਉਨ੍ਹਾਂ ‘ਚ ਵੀ ਸੰਵੇਦਨਾ ਹੈ!
ਉਨ੍ਹਾਂ ਕੋਲ ਵੀ ਵਿਵੇਕ ਹੈ!
ਉਨ੍ਹਾਂ ਨੂੰ ਵੀ ਚੰਗੇ-ਮਾੜੇ ਦੀ ਪਛਾਣ ਹੈ!
ਉਨ੍ਹਾਂ ਨਾਲ ਮਨੁੱਖਾਂ ਵਾਂਗ ਵਿਹਾਰ ਕਰੋ! ਉਨ੍ਹਾਂ ‘ਤੇ ਫੈਸਲੇ ਠੋਸੋ ਨਾ, ਖੁਦ ਕਰਨ ਦਿਓ ਉਨ੍ਹਾਂ ਨੂੰ ਆਪਣੇ ਫੈਸਲੇ!
ਉਹ ਵੀ ਮਨੁੱਖ ਹਨ, ਆਦਮ ਤੇ ਹਵਾ ਦੀਆਂ ਜਾਈਆਂ!!