ਹਾਕੀ ਦਾ ਸੁਲਤਾਨ ਲੇਖਕ ਇਕਬਾਲ ਸਿੰਘ ਸਰੋਆ

ਪ੍ਰਿੰ. ਸਰਵਣ ਸਿੰਘ
ਇਕਬਾਲ ਸਿੰਘ ਸਰੋਆ ਹਾਕੀ ਦੇ ‘ਗੋਲਡਨ ਪੀਰੀਅਡ’ ਦਾ ਖੇਡ ਲੇਖਕ ਹੈ। ਉਸ ਦਾ ਜਨਮ 10 ਨਵੰਬਰ 1943 ਨੂੰ ਚੱਕ 3 ਟੀ. ਕੇ. ਸ੍ਰੀ ਗੰਗਾਨਗਰ ਵਿਚ ਸ. ਅਤਰ ਸਿੰਘ ਦੇ ਘਰ ਮਾਤਾ ਤੇਜ ਕੌਰ ਦੀ ਕੁੱਖੋਂ ਹੋਇਆ ਸੀ। ਉਹ ਸਕੂਲ ਤੇ ਕਾਲਜ ਵਿਚ ਹਾਕੀ ਖੇਡਿਆ ਅਤੇ ਅਜੇ ਵੀ ਹਾਕੀ ਨਾਲ ਪੂਰਾ ਪ੍ਰੇਮ ਪਾਲ ਰਿਹੈ। ਟੋਕੀਓ ਓਲੰਪਿਕਸ-2021 ਵਿਚ ਭਾਰਤੀ ਹਾਕੀ ਖਿਡਾਰੀਆਂ ਦੀ ਵਿਖਾਈ ਖੇਡ ਨਾਲ ਉਹਦਾ ਵੀ ਬੱਢੇਵਾਰੇ ਸੇਰ ਲਹੂ ਵਧਿਆ। 2012 ਵਿਚ ਉਸ ਨੇ ਭਾਰਤ ਦੇ ਪੁਰਾਣੇ ਹਾਕੀ ਖਿਡਾਰੀਆਂ ਬਾਰੇ ਪੁਸਤਕ ਲਿਖੀ ਸੀ, ‘ਹਾਕੀ ਦੇ ਸੁਲਤਾਨ।’ ਉਸ ਵਿਚ ਚੋਟੀ ਦੇ ਵੀਹ ਓਲੰਪੀਅਨਾਂ ਦੇ ਸ਼ਬਦ ਚਿੱਤਰ ਹਨ, ਜਿਨ੍ਹਾਂ ਨੂੰ ਉਹ ਹਾਕੀ ਦੇ ਸੁਲਤਾਨ ਆਖਦਾ ਹੈ। ਉਨ੍ਹਾਂ ਸੁਲਤਾਨਾਂ ਨੇ 1928 ਤੋਂ 1956 ਤਕ ਲਗਾਤਾਰ ਹਾਕੀ ਦੇ ਛੇ ਓਲੰਪਿਕ ਗੋਲਡ ਮੈਡਲ ਜਿੱਤੇ ਸਨ। ਇਹ ਅਜਿਹਾ ਰਿਕਾਰਡ ਹੈ, ਜੋ ਸ਼ਾਇਦ ਹੀ ਕਦੇ ਟੁੱਟੇ। ਸਰੋਆ ਦੀ ਦੂਜੀ ਕਿਤਾਬ ਦਾ ਨਾਂ ‘ਹਾਕਸ ਦੀਆਂ ਉੱਚੀਆਂ ਉਡਾਰੀਆਂ’ ਹੈ, ਜੋ ਹਾਕਸ ਕਲੱਬ ਰੋਪੜ ਦੀਆਂ ਪੰਜਾਹ ਸਾਲਾ ਪ੍ਰਾਪਤੀਆਂ ਦਾ ਇਤਿਹਾਸ ਹੈ।

ਉਸ ਨੇ ਵਿੱਦਿਆ ਭਵਨ ਅਤੇ ਐਮ. ਬੀ. ਕਾਲਜ ਉਦੈਪੁਰ ਵਿਚ ਪੜ੍ਹਦਿਆਂ ਕਾਲਜ ਪੱਧਰ ਦੀ ਹਾਕੀ ਖੇਡੀ ਸੀ। 1966 ਵਿਚ ਜਦੋਂ ਭਾਰਤੀ ਹਾਕੀ ਟੀਮ ਨੇ ਏਸਿ਼ਆਈ ਖੇਡਾਂ ਦਾ ਪਹਿਲਾ ਗੋਲਡ ਮੈਡਲ ਜਿੱਤਿਆ ਤਾਂ ਉਸ ਨੂੰ ਹਾਕੀ ਦੇ ਖਿਡਾਰੀਆਂ ਬਾਰੇ ਲਿਖਣ ਦਾ ਸ਼ੌਕ ਜਾਗ ਪਿਆ। ਉਸ ਦੇ ਕਰੀਬ ਤਿੰਨ ਸੌ ਲੇਖ ਵੱਖ ਵੱਖ ਅਖਬਾਰਾਂ ਤੇ ਰਸਾਲਿਆਂ ਵਿਚ ਛਪੇ ਹਨ। ਕੁਝ ਅੰਗਰੇਜ਼ੀ ਵਿਚ ਤੇ ਬਹੁਤੇ ਪੰਜਾਬੀ ਵਿਚ। ਉਦੈਪੁਰ ਯੂਨੀਵਰਸਿਟੀ ਤੋਂ ਪੋਸਟ ਗਰੈਜੂਏਸ਼ਨ ਕਰਨ ਪਿੱਛੋਂ ਉਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਬਲਿਕ ਰਿਲੇਸ਼ਨਜ਼, ਪਬਲਿਸਿਟੀ ਅਤੇ ਐਡਵਰਟਾਈਜਿ਼ੰਗ ਵਿਚ ਡਿਪਲੋਮਾ ਕੀਤਾ। ਫਿਰ ਉਹ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ, ਪਟਿਆਲਾ ਵਿਖੇ ਐਸ. ਟੀ. ਓ., ਯੋਜਨਾ ਮੈਨੇਜਰ, ਸਪੋਰਟਸ ਮੈਨੇਜਰ, ਸਟੋਰ ਮੈਨੇਜਰ, ਪੀ. ਆਰ. ਓ., ਡੀਪੋ ਮੈਨੇਜਰ ਅਤੇ ਜਨਰਲ ਮੈਨੇਜਰ ਦੀਆਂ ਸੇਵਾਵਾਂ ਨਿਭਾਅ ਕੇ 2001 ਵਿਚ ਸੇਵਾ ਮੁਕਤ ਹੋਇਆ। ਅੱਜ ਕੱਲ੍ਹ ਉਸ ਦੀ ਰਿਹਾਇਸ਼ ਕੋਠੀ ਨੰਬਰ 2001, ਫੇਜ਼-7, ਮੁਹਾਲੀ ਵਿਚ ਹੈ।
ਇਕਬਾਲ ਸਿੰਘ ਸਰੋਆ ਨੇ ‘ਹਾਕੀ ਦੇ ਸੁਲਤਾਨ’ ਪੁਸਤਕ ਦੀ ਰਚਨਾ ਨਾਲ ਭਾਰਤੀ ਹਾਕੀ ਦੇ ‘ਸੁਨਹਿਰੀ ਯੁਗ’ ਦੇ ਉਨ੍ਹਾਂ ਮਹਾਨ ਹਾਕੀ ਖਿਡਾਰੀਆਂ ਨੂੰ ਸਜਦਾ ਕੀਤਾ ਹੈ, ਜਿਨ੍ਹਾਂ ਨੇ ਏਕਤਾ, ਇਕਸੁਰਤਾ, ਧਰਮ ਨਿਰਪੱਖਤਾ, ਦੇਸ਼ ਪ੍ਰੇਮ ਤੇ ਸੱਚੀ ਖੇਡ ਭਾਵਨਾ ਨਾਲ ਭਾਰਤੀ ਹਾਕੀ ਨੂੰ ਸੁਨਹਿਰੀ ਰੰਗ ਵਿਚ ਰੰਗਿਆ। ਉਸ ਦਾ ਵਿਸ਼ਵਾਸ ਹੈ, ਜੇ ਅਜੋਕੇ ਹਾਕੀ ਖਿਡਾਰੀ ਉਨ੍ਹਾਂ ਹਾਕੀ ਸੁਲਤਾਨਾਂ ਦੇ ਗੁਣ ਗ੍ਰਹਿਣ ਕਰ ਕੇ, ਹਾਕੀ ਦੇ ਆਧੁਨਿਕ ਢੰਗ-ਤਰੀਕਿਆਂ ਨੂੰ ਗੰਭੀਰਤਾ ਨਾਲ ਅਪਨਾ ਕੇ ਖੇਡਣ ਤਾਂ ਉਨ੍ਹਾਂ ਨੂੰ ਮੁੜ ਜੱਗ ਜਿੱਤਣੋਂ ਕੋਈ ਨਹੀਂ ਰੋਕ ਸਕਦਾ। ਇਹ ਪੁਸਤਕ ਲੇਖਕ ਨੇ ਭਾਰਤੀ ਹਾਕੀ ਦੇ ਮਹਾਨ ਹਾਕੀ ਸੁਲਤਾਨਾਂ ਨੂੰ ਹੀ ਸਮਰਪਿਤ ਕੀਤੀ ਹੈ।
ਪਰਗਟ ਸਿੰਘ ਦਾ ਕਥਨ
ਓਲੰਪਿਕ ਖੇਡਾਂ ਵਿਚ ਭਾਰਤੀ ਹਾਕੀ ਟੀਮਾਂ ਦੇ ਦੋ ਵਾਰ ਕਪਤਾਨ ਰਹੇ ਪਦਮਸ਼੍ਰੀ ਪਰਗਟ ਸਿੰਘ ਨੇ ਇਸ ਪੁਸਤਕ ਬਾਰੇ ਲਿਖਿਆ: ਖੇਡ ਲੇਖਕ ਇਕਬਾਲ ਸਿੰਘ ਸਰੋਆ ਨੇ ‘ਹਾਕੀ ਦੇ ਸੁਲਤਾਨ’ ਪੁਸਤਕ ਲਿਖ ਕੇ ਸ਼ਲਾਘਾਯੋਗ ਉੱਦਮ ਕੀਤਾ ਹੈ। ਇਸ ਪੁਸਤਕ ਵਿਚ ਹਾਕੀ ਦੇ ‘ਸੁਨਹਿਰੀ ਯੁੱਗ’ ਦੇ ਉਨ੍ਹਾਂ ਵੀਹ ਮਹਾਨ ਖਿਡਾਰੀਆਂ ਦੀਆਂ ਜੀਵਨ ਭਰ ਦੀਆਂ ਪ੍ਰਾਪਤੀਆਂ ਦਾ ਅਤਿ ਖੁਬਸੂਰਤ ਚਿਤਰਣ ਹੈ, ਜਿਨ੍ਹਾਂ ਨੇ ਆਪਣੀ ਹਮਲਾਵਰ, ਕਲਾਤਮਕ ਅਤੇ ਰੱਖਿਆਤਮਕ ਖੇਡ ਰਾਹੀਂ ਭਾਰਤੀ ਹਾਕੀ ਦੇ ਮਾਣਮੱਤੇ ਵਿਰਸੇ ਦੀ ਸੰਭਾਲ ਕੀਤੀ। ਸਮੁੱਚੇ ਸੰਸਾਰ ਵਿਚ ਭਾਰਤ ਦਾ ਨਾਂ ਰੌਸ਼ਨ ਕੀਤਾ, ਮੌਜੂਦਾ ਖਿਡਾਰੀਆਂ ਨੂੰ ਲੋੜੀਂਦੀ ਸੇਧ ਦਿੱਤੀ ਅਤੇ ਭਵਿੱਖ ਵਿਚ ਆਉਣ ਵਾਲੀਆਂ ਅਨੇਕਾਂ ਪੀੜ੍ਹੀਆਂ ਲਈ ਚਾਨਣ ਮੁਨਾਰੇ ਦਾ ਕੰਮ ਕੀਤਾ। ਮੈਂ ਆਸ ਕਰਦਾ ਹਾਂ ਕਿ ਇਹ ਪੁਸਤਕ ਡਾਵਾਂਡੋਲ ਹੋਈ ਭਾਰਤੀ ਹਾਕੀ ਦਾ ਮਿਆਰ ਉਪਰ ਚੁੱਕਣ ਵਿਚ ਮਦਦਗਾਰ ਸਾਬਤ ਹੋਵੇਗੀ।
ਹਰਚਰਨ ਸਿੰਘ ਵੱਲੋਂ ਮੁਖਬੰਦ
ਓਲੰਪੀਅਨ ਹਾਕੀ ਖਿਡਾਰੀ ਤੇ ਵਿਸ਼ਵ ਕੱਪ ਜੇਤੂ ਬ੍ਰਿਗੇਡੀਅਰ ਹਰਚਰਨ ਸਿੰਘ ਨੇ ਲਿਖਿਆ: ਖੇਡਾਂ ਕੇਵਲ ਸਰੀਰਕ ਕਸਰਤ ਕਰਨ ਲਈ ਹੀ ਨਹੀਂ, ਸਗੋਂ ਲੋਕਾਈ ਦੇ ਸਿਹਤਮੰਦ ਮਨੋਰੰਜਨ ਦਾ ਵੀ ਵਧੀਆ ਸਾਧਨ ਹਨ। ਖੇਡਾਂ ਜਿਥੇ ਸਰੀਰਕ ਬਲ ਬਖਸ਼ਦੀਆਂ ਹਨ, ਉਥੇ ਰੂਹ ਨੂੰ ਖੁਸ਼ੀ ਤੇ ਖੇੜਾ ਵੀ ਪ੍ਰਦਾਨ ਕਰਦੀਆਂ ਹਨ, ਜਿਸ ਨਾਲ ਆਤਮਾ ਬਲਵਾਨ ਹੁੰਦੀ ਹੈ ਅਤੇ ਜੀਵਨ ਵਿਚ ਵਿਸ਼ਵਾਸ ਪੱਕਾ ਹੁੰਦਾ ਹੈ। ਜਿ਼ੰਦਗੀ ਵਿਚ ਕਾਮਯਾਬੀ ਹਾਸਲ ਕਰਨ ਲਈ ਆਤਮ ਵਿਸ਼ਵਾਸ ਸਭ ਤੋਂ ਜਿ਼ਆਦਾ ਅਹਿਮੀਅਤ ਰੱਖਦਾ ਹੈ। ਖੇਡਾਂ ਤੋਂ ਬਹੁਤ ਕੁਝ ਸਿੱਖ ਕੇ, ਇਨਸਾਨ ਜਿ਼ੰਦਗੀ ਵਿਚ ਹਰ ਪ੍ਰਕਾਰ ਦੀ ਸਥਿਤੀ ਦਾ ਮੁਕਾਬਲਾ ਕਰਨ ਲਈ ਖੇਡ ਭਾਵਨਾ ਪ੍ਰਫੁੱਲਤ ਕਰਦਾ ਹੈ। ਇਹ ਖੇਡ ਭਾਵਨਾ ਮਨੁੱਖ ਨੂੰ ਹਰ ਪ੍ਰਕਾਰ ਦੇ ਮੁਕਾਬਲੇ ਵਾਸਤੇ ਜੂਝਣ ਲਈ ਤਿਆਰ ਹੀ ਨਹੀਂ ਕਰਦੀ, ਸਗੋਂ ਹਾਰਨ ਦੀ ਸੂਰਤ ਵਿਚ ਉਸ ਹਾਰ ਨੂੰ ਖਿੜੇ ਮੱਥੇ ਸਹਿਣ ਦੀ ਸ਼ਕਤੀ ਵੀ ਪ੍ਰਦਾਨ ਕਰਦੀ ਹੈ। ਇਸੇ ਕਰਕੇ ਖੇਡਾਂ, ਖਿਡਾਰੀ ਦੇ ਸਰੀਰ ਨੂੰ ਰਿਸ਼ਟ-ਪੁਸ਼ਟ, ਚੁਸਤ, ਫੁਰਤੀਲਾ ਅਤੇ ਸ਼ਕਤੀਸ਼ਾਲੀ ਬਣਾਉਂਦੀਆਂ ਹਨ। ਖੇਡਾਂ ਇਨਸਾਨ ਨੂੰ ਮਾਨਸਿਕ ਤੌਰ `ਤੇ ਮਜ਼ਬੂਤ ਕਰਦੀਆਂ ਹਨ ਅਤੇ ਉਸ ਨੂੰ ਸਮਾਜ ਵਿਚ ਅਨੁਸ਼ਾਸਨ ਨਾਲ ਰਹਿਣਾ ਸਿਖਾਉਂਦੀਆਂ ਹਨ। ਖੇਡਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਤਾਂ ਹੁੰਦਾ ਹੀ ਹੈ, ਨਾਲ ਦੀ ਨਾਲ ਜਿਹੜੇ ਖਿਡਾਰੀ ਖੇਡਾਂ ਵਿਚ ਚਮਕ ਜਾਂਦੇ ਹਨ, ਉਨ੍ਹਾਂ ਦੀਆਂ ਸਮਝੋ ਪੰਜੇ ਉਂਗਲਾਂ ਘਿਉ ਵਿਚ ਹੁੰਦੀਆਂ ਹਨ। ਇੱਜ਼ਤ, ਮਾਣ, ਸ਼ੁਹਰਤ, ਪੈਸਾ, ਚੰਗੀ ਨੌਕਰੀ ਆਦਿ ਸਭ ਕੁਝ ਮਿਲ ਜਾਂਦਾ ਹੈ; ਪਰ ਮਿਹਨਤ, ਸਖਤ ਮਿਹਨਤ ਅਤੇ ਹੋਰ ਮਿਹਨਤ, ਰੋਜ਼ਾਨਾ, ਬਾਰਾਂ ਮਹੀਨੇ ਅਤੇ ਕਈ ਸਾਲ ਤਪ-ਤਿਆਗ ਤੇ ਕੁਝ ਨਿਵੇਕਲਾ ਕਰ ਵਿਖਾਉਣ ਦੀ ਭਾਵਨਾ ਤੋਂ ਬਿਨਾ ਕੁਝ ਹਾਸਲ ਨਹੀਂ ਹੁੰਦਾ।
ਭਾਰਤੀ ਹਾਕੀ ਟੀਮ ਨੇ ਪਹਿਲੀ ਵਾਰ 1928 ਦੀਆਂ ਐਮਸਟਰਡਮ ਓਲੰਪਿਕ ਖੇਡਾਂ ਵਿਚ ਹਿੱਸਾ ਲਿਆ ਤੇ ਉਥੋਂ ਸੋਨੇ ਦਾ ਤਗਮਾ ਜਿੱਤਣ ਨਾਲ ਭਾਰਤੀ ਹਾਕੀ ਦਾ ਸੁਨਹਿਰੀ ਯੁਗ ਸ਼ੁਰੂ ਹੋਇਆ। ਓਲੰਪਿਕ ਹਾਕੀ ਵਿਚ ਇਹ ਪਲੇਠੀ ਸੁਨਹਿਰੀ ਜਿੱਤ ਭਵਿੱਖ ਦੀਆਂ ਭਾਰਤੀ ਹਾਕੀ ਟੀਮਾਂ ਲਈ ਵੱਡਾ ਪ੍ਰੇਰਨਾ ਸ੍ਰੋਤ ਬਣ ਗਈ। ਸਿੱਟੇ ਵਜੋਂ ਉਤਸ਼ਾਹਿਤ ਹੋਈਆਂ ਭਾਰਤੀ ਹਾਕੀ ਟੀਮਾਂ ਨੇ 1956 ਦੀਆਂ ਮੈਲਬੌਰਨ ਓਲੰਪਿਕ ਖੇਡਾਂ ਤਕ ਲਗਾਤਾਰ ਛੇ ਗੋਲਡ ਮੈਡਲ ਜਿੱਤਣ ਦਾ ਅਨੋਖਾ, ਅਲੌਕਿਕ ਤੇ ਨਿਰਾਲਾ ਇਤਿਹਾਸ ਰਚਿਆ ਅਤੇ ਉਹ ਮਾਣ ਹਾਸਲ ਕੀਤਾ, ਜੋ ਕਿਸੇ ਵੀ ਖੇਡ ਵਿਚ ਹੋਰ ਕਿਸੇ ਦੇਸ਼ ਨੂੰ ਹਾਸਲ ਨਹੀਂ। ਜ਼ਰਾ ਸੋਚੋ, ਜੇ ਦੂਜੀ ਆਲਮੀ ਜੰਗ ਨਾ ਲੱਗਦੀ ਅਤੇ 1940 ਤੇ 44 ਵਾਲੀਆਂ ਓਲੰਪਿਕ ਖੇਡਾਂ ਹੋ ਜਾਂਦੀਆਂ ਤਾਂ ਭਾਰਤੀ ਹਾਕੀ ਦੇ ਸੁਨਹਿਰੀ ਇਤਿਹਾਸ ਵਿਚ ਦੋ ਹੋਰ ਗੋਲਡ ਮੈਡਲ ਸ਼ਾਮਲ ਹੋ ਜਾਣੇ ਸਨ। ਲਗਾਤਾਰ ਅੱਠ ਗੋਲਡ ਮੈਡਲ!
ਸ. ਇਕਬਾਲ ਸਿੰਘ ਸਰੋਆ ਨੇ ਡੂੰਘੀ ਖੋਜ ਕਰ ਕੇ ‘ਹਾਕੀ ਦੇ ਸੁਲਤਾਨ’ ਨਾਂ ਦੀ ਪੁਸਤਕ ਵਿਚ ਉਨ੍ਹਾਂ ਵੀਹ ਖਿਡਾਰੀਆਂ ਦੀਆਂ ਜੀਵਨੀਆਂ ਅਤੇ ਕਾਮਯਾਬੀਆਂ ਬਾਰੇ ਲਿਖਿਆ ਹੈ, ਜੋ ਦੁਨੀਆ ਦੇ ਹਾਕੀ ਸਿਤਾਰਿਆਂ ਦੇ ਸਿਤਾਰੇ ਅਤੇ ਹਾਕੀ ਸੁਲਤਾਨਾਂ ਦੇ ਸੁਲਤਾਨ ਕਹੇ ਜਾ ਸਕਦੇ ਹਨ। ਪੰਜਾਬੀ ਭਾਸ਼ਾ ਵਿਚ ਲਿਖੀ ਇਹ ਪੁਸਤਕ ਸਹੀ ਸਮੇਂ `ਤੇ ਚੁੱਕਿਆ ਸਹੀ ਕਦਮ ਹੈ। ਸ. ਸਰੋਆ ਨੇ 1928 ਦੀ ਓਲੰਪਿਕਸ ਵਿਚ ਭਾਰਤੀ ਹਾਕੀ ਟੀਮ ਦੇ ਕਪਤਾਨ ਸ਼੍ਰੀ ਜੈਪਾਲ ਸਿੰਘ ਤੋਂ ਲੈ ਕੇ ਫਿਰੋਜ਼ ਖਾਨ, ਲਾਲ ਸ਼ਾਹ ਬੁਖਾਰੀ, ਗੁਰਮੀਤ ਸਿੰਘ ਕੁਲਾਰ, ਮੇਜਰ ਧਿਆਨ ਚੰਦ, ਕੈਪਟਨ ਰੂਪ ਸਿੰਘ, ਜੋਸੇਫ ਗਾਲੀਬਾਰਡੀ, ਦਾਦਾ ਕਿਸ਼ਨ ਲਾਲ, ਤਰਲੋਚਨ ਸਿੰਘ ਬਾਵਾ, ਗ੍ਰਹਿਨੰਦਨ ਸਿੰਘ ਨੰਦੀ, ਕੇ. ਡੀ. ਸਿੰਘ ਬਾਬੂ, ਧਰਮ ਸਿੰਘ ਸੀਨੀਅਰ, ਬਲਬੀਰ ਸਿੰਘ ਸੀਨੀਅਰ, ਰਣਧੀਰ ਸਿੰਘ ਜੈਂਟਲ, ਊਧਮ ਸਿੰਘ, ਕਲਾਓਡੀਅਸ, ਸ਼ੰਕਰ ਲਕਸ਼ਮਣ, ਹਰੀਪਾਲ ਕੌਸਿ਼ਕ, ਹਰਦਿਆਲ ਸਿੰਘ ਤੇ ਬਾਲਕ੍ਰਿਸ਼ਨ ਸਿੰਘ ਦੀਆਂ ਜੀਵਨੀਆਂ ਨੂੰ ਸੁਨਹਿਰੀ ਪੰਗਤੀਆਂ ਵਿਚ ਜੋੜਨ ਦੀ ਨਿਸ਼ਕਾਮ ਸੇਵਾ ਕੀਤੀ ਹੈ। ਇਹ ਉਨ੍ਹਾਂ ਰਾਹੀਂ ਚੁਣੇ ਹੋਏ ਉਹ ਵੀਹ ਫਰਿਸ਼ਤੇ ਸਨ, ਜਿਨ੍ਹਾਂ ਨੇ ਆਪਣੇ ਸਮੇਂ ਦੇ ਹਾਣੀ ਹੋ ਕੇ ਆਪਣੇ ਦੇਸ਼ ਲਈ ਮੱਲਾਂ ਹੀ ਨਹੀਂ ਮਾਰੀਆਂ, ਸਗੋਂ ਆਉਣ ਵਾਲੇ ਸਮੇਂ ਦੇ ਖਿਡਾਰੀਆਂ ਲਈ ਪ੍ਰੇਰਨਾ ਸ੍ਰੋਤ ਬਣੇ ਅਤੇ ਹਜ਼ਾਰਾਂ ਹੋਣਹਾਰ ਖਿਡਾਰੀਆਂ ਨੂੰ ਹਾਕੀ ਖੇਡਣ ਲਈ ਉਤਸ਼ਾਹਿਤ ਕੀਤਾ।
‘ਹਾਕੀ ਦੇ ਸੁਲਤਾਨ’ ਪੁਸਤਕ ਪੜ੍ਹ ਕੇ ਉਨ੍ਹਾਂ ਮਹਾਨ ਖਿਡਾਰੀਆਂ ਦੀਆਂ ਜੀਵਨੀਆਂ, ਉਨ੍ਹਾਂ ਦੇ ਗੁਣਾਂ, ਉਨ੍ਹਾਂ ਦੀ ਹਾਕੀ ਖੇਡਣ ਦੀ ਮੁਹਾਰਤ, ਚਤੁਰਾਈ, ਹੁਨਰ ਅਤੇ ਗੋਲ ਕਰਨ ਦੀ ਸਮਰੱਥਾ ਨੂੰ ਜਾਣ ਕੇ ਇੰਜ ਮਹਿਸੂਸ ਹੁੰਦਾ ਹੈ ਕਿ 1975 ਤੋਂ ਬਾਅਦ ਦੇ ਖਿਡਾਰੀ ਉਨ੍ਹਾਂ ਹਾਕੀ ਸੁਲਤਾਨਾਂ ਦੇ ਮੁਕਾਬਲੇ ਪੂਰੇ ਨਹੀਂ ਉਤਰੇ। ਮੈਨੂੰ ਭਾਵੇਂ ਭਾਰਤੀ ਹਾਕੀ ਟੀਮ ਦੀ ਨੁਮਾਇੰਦਗੀ ਕਰਨ ਦਾ ਮਾਣ ਹਾਸਲ ਹੈ, ਪਰ ਸੱਚ ਤਾਂ ਇਹ ਹੈ ਕਿ ਅਸੀਂ ਵਿਅਕਤੀਗਤ ਅਤੇ ਸਮੂਹਕ ਤੌਰ `ਤੇ ਸੁਨਹਿਰੀ ਯੁਗ ਦੇ ਖਿਡਾਰੀਆਂ ਦੀ ਤੁਲਨਾ ਵਿਚ ਬਹੁਤ ਪਿੱਛੇ ਰਹੇ ਹਾਂ। ‘ਹਾਕੀ ਦੇ ਸੁਲਤਾਨ’ ਕਿਤਾਬ ਲਿਖ ਕੇ ਇਕਬਾਲ ਸਿੰਘ ਸਰੋਆ ਨੇ ਜਿਥੇ ਪੰਜਾਬੀ ਅਤੇ ਭਾਰਤੀ ਨੌਜੁਆਨਾਂ ਨੂੰ ਮੁੜ ਹਾਕੀ ਦੀ ਸ਼ਾਨ ਬਾਰੇ ਜਾਗਰੂਕ ਕਰਵਾਉਣ ਅਤੇ ਹਾਕੀ ਖੇਡਣ ਤੋਂ ਟਾਲਾ ਵੱਟ ਰਹੇ ਗੱਭਰੂਆਂ ਨੂੰ ਚੰਗਾ ਹਲੂਣਾ ਦੇਣ ਦਾ ਯਤਨ ਕੀਤਾ ਹੈ, ਉਥੇ ਇਹ ਪੁਸਤਕ ਨੌਜਵਾਨ ਖਿਡਾਰੀਆਂ ਦਾ ਮਾਰਗ ਦਰਸ਼ਨ ਵੀ ਕਰੇਗੀ।
ਲੇਖਕ ਵੱਲੋਂ ਕੁਝ ਸ਼ਬਦ
ਲੇਖਕ ਨੇ ‘ਕੁਝ ਸ਼ਬਦ’ ਸਿਰਲੇਖ ਹੇਠ ਲਿਖਿਆ: ‘ਹਾਕੀ ਦੇ ਸੁਲਤਾਨ’ ਮੇਰੀ ਪਹਿਲੀ ਪੁਸਤਕ ਹੈ। ਇਸ ਪੁਸਤਕ ਦਾ ਟਾਈਟਲ ‘ਹਾਕੀ ਦੇ ਸੁਲਤਾਨ’ ਇਸ ਲਈ ਰੱਖਿਆ ਹੈ ਕਿ ਇਸ ਵਿਚ ਜਿਹੜੇ 20 ਵਿਸ਼ਵ ਪ੍ਰਸਿੱਧ ਹਾਕੀ ਖਿਡਾਰੀ ਸ਼ਾਮਲ ਕੀਤੇ ਹਨ, ਉਨ੍ਹਾਂ ਨੇ 1928 ਤੋਂ 1956 ਦੌਰਾਨ ਵੱਖ-ਵੱਖ ਓਲੰਪਿਕ ਖੇਡਾਂ ਦੇ ਹਾਕੀ ਮੁਕਾਬਲਿਆਂ ਵਿਚ ਲਗਾਤਾਰ ਜਿੱਤਾਂ ਪ੍ਰਾਪਤ ਕਰ ਕੇ ਪੂਰੇ ਵਿਸ਼ਵ `ਤੇ ਹਕੂਮਤ ਕੀਤੀ। ਇਸ ਲਈ ਉਹ ਨਾ ਕੇਵਲ ਭਾਰਤ ਦੇ ਸਗੋਂ ਸਮੁੱਚੇ ਸੰਸਾਰ ਦੇ ਹਾਕੀ ਸੁਲਤਾਨ ਸਨ। ਉਨ੍ਹਾਂ ਹਾਕੀ ਸੁਲਤਾਨਾਂ ਦੇ ਇਰਾਦੇ ਨੇਕ ਸਨ। ਖੇਡ ਪ੍ਰਤੀ ਇਮਾਨਦਾਰੀ ਅਤੇ ਦੇਸ਼ ਤੇ ਕੌਮ ਪ੍ਰਤੀ ਵਫਾਦਾਰੀ ਉਨ੍ਹਾਂ ਦੇ ਚਰਿੱਤਰ ਦਾ ਅਨਿਖੜਵਾਂ ਅੰਗ ਸੀ। ਉਨ੍ਹਾਂ ਦੀ ਕ੍ਰਿਸ਼ਮਈ ਖੇਡ ਦਾ ਨਜ਼ਾਰਾ ਦੇਖਿਆਂ ਹੀ ਬਣਦਾ ਸੀ। ਉਹ ਹਾਕੀ ਦੇ ਬਾਦਸ਼ਾਹ ਸਨ। ਉਨ੍ਹਾਂ ਨੂੰ ਧਿਆਨ, ਬਲਬੀਰ ਤੇ ਰੂਪ ਕਹਿ ਕੇ ਹੀ ਨਹੀਂ, ਸਗੋਂ ਰੱਬ ਦਾ ਰੂਪ ਕਹਿ ਲਿਆ ਜਾਵੇ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ। ਉਨ੍ਹਾਂ ਵਿਸ਼ਵ ਜੇਤੂਆਂ ਦੀ ਕਲਾਤਮਕ, ਜਾਦੂਮਈ ਅਤੇ ਵਿਸਮਾਦੀ ਖੇਡ ਨੇ ਨਾ ਕੇਵਲ ਭਾਰਤ, ਸਗੋਂ ਸਾਰੇ ਸੰਸਾਰ ਵਿਚ ਤਹਿਲਕਾ ਮਚਾ ਦਿੱਤਾ ਸੀ। ਉਨ੍ਹਾਂ ਹਾਕੀ ਦੇ ਸੁਲਤਾਨਾਂ ਦਾ ਖੇਡ ਜੀਵਨ ‘ਨਿਸਚੈ ਕਰ ਅਪਨੀ ਜੀਤ ਕਰੋਂ’ ਦੀ ਪਵਿੱਤਰਤਾ ਅਤੇ ਸ਼ਕਤੀ, ਓਲੰਪਿਕ ਚਾਰਟਰ ਦੇ ਨਿਯਮਾਂ ਅਤੇ ਸਿਧਾਂਤਾਂ, ਸਖਤ ਅਨੁਸ਼ਾਸਨਿਕ ਕਾਰਜਸ਼ੈਲੀ, ਹਾਕੀ ਦੀ ਖੇਡ ਪ੍ਰਤੀ ਮੁਕੰਮਲ ਸਮਰਪਣ ਅਤੇ ਵਿਸ਼ਵ ਜੇਤੂ ਬਣਨ ਦੀ ਪ੍ਰਬਲ ਇੱਛਾ ਤੇ ਦ੍ਰਿੜਤਾ ਉਤੇ ਆਧਾਰਿਤ ਸੀ।
ਸੁਆਲ ਪੈਦਾ ਹੁੰਦਾ ਹੈ ਕਿ ਅਜੋਕੇ ਖਿਡਾਰੀਆਂ ਵਿਚ ਅਜਿਹੇ ਕਿਹੜੇ ਔਗੁਣ ਹਨ, ਜੋ ਉਨ੍ਹਾਂ ਦੀਆਂ ਦਹਾਕਿਆਂ ਬੱਧੀ ਹਾਰਾਂ ਦਾ ਕਾਰਨ ਬਣੇ। 2008 ਦੀਆਂ ਬੀਜਿੰਗ ਓਲੰਪਿਕ ਖੇਡਾਂ ਲਈ ਤਾਂ ਭਾਰਤੀ ਹਾਕੀ ਟੀਮ ਕੁਆਲੀਫਾਈ ਹੀ ਨਹੀਂ ਸੀ ਕਰ ਸਕੀ। ਇਸ ਅਣਸੁਖਾਵੀਂ ਅਤੇ ਤਰਸਯੋਗ ਹਾਲਤ ਦੇ ਹੇਠ ਲਿਖੇ ਕਾਰਨ ਸਨ:
1. ਪ੍ਰਸ਼ਾਸਕਾਂ, ਸੰਚਾਲਕਾਂ ਅਤੇ ਖਿਡਾਰੀਆਂ ਵਿਚ ਕੌਮੀਅਤ ਅਤੇ ਰਾਸ਼ਟਰੀਅਤਾ ਦੀ ਭਾਵਨਾ ਦਾ ਘਟਣਾ ਤੇ ਨਿੱਜਵਾਦ, ਸੁਆਰਥ ਅਤੇ ਅਹੰਕਾਰ ਦਾ ਵਧਣਾ।
2. ਖਿਡਾਰੀਆਂ ਵਿਚ ਆਈ ਅਨੁਸ਼ਾਸਨ ਹੀਣਤਾ।
3. ਵਰਤਮਾਨ ਖਿਡਾਰੀਆਂ ਦੁਆਰਾ ਦੇਸ਼ ਲਈ ਨਹੀਂ, ਸਗੋਂ ਆਪਣੇ ਲਈ ਖੇਡਣਾ।
4. ਖਿਡਾਰੀਆਂ ਦੇ ਸਰੀਰਕ ਫਿਟਨੈਸ ਲੈਵਲ ਵਿਚ ਅਣਚਾਹੀ ਗਿਰਾਵਟ ਦਾ ਆਉਣਾ।
5. ਫਿਟਨੈਸ ਲੈਵਲ ਨੀਵਾਂ ਹੋਣ ਕਾਰਨ ਖਿਡਾਰੀਆਂ ਦੀ ਸਪੀਡ, ਸਕਿੱਲ, ਸਟ੍ਰੈਂਥ, ਸਟੈਮਿਨਾ ਅਤੇ ਸਕੋਰਿੰਗ ਪਾਵਰ ਦਾ ਘਟਣਾ।
6. ਖਿਡਾਰੀਆਂ ਵਿਚ ਅਟੱਲ ਸਵੈ-ਵਿਸ਼ਵਾਸ ਅਤੇ ਹਿੰਮਤ ਦੀ ਕਮੀ।
7. ਖਿਡਾਰੀਆਂ ਵਿਚ ‘ਨਿਸਚੈ ਕਰ ਆਪਨੀ ਜੀਤ ਕਰੋਂ’ ਸ਼ਬਦ ਨੂੰ ਆਪਣੇ ਮਨ ਵਿਚ ਨਾ ਵਸਾਉਣਾ।
8. ਟੀਮਾਂ ਦੇ ਕੋਚ ਸਾਹਿਬਾਨ ਦਾ ਘੜੀ-ਮੁੜੀ ਬਦਲਿਆ ਜਾਣਾ।
9. ਖਿਡਾਰੀਆਂ ਦੀ ਪੌਸ਼ਟਿਕ ਖੁਰਾਕ ਵੱਲ ਵਿਸ਼ੇਸ਼ ਧਿਆਨ ਨਾ ਦਿੱਤਾ ਜਾਣਾ।
10. ਕੇਂਦਰੀ ਸਰਕਾਰ, ਰਾਜ ਸਰਕਾਰਾਂ ਅਤੇ ਹਾਕੀ ਕਰਤਿਆਂ ਧਰਤਿਆਂ ਵੱਲੋਂ ਦੇਸ਼ ਵਿਚ ਹਾਕੀ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਅਤੇ ਖਿਡਾਰੀਆਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ, ਕੋਈ ਠੋਸ ਕਦਮ ਨਾ ਚੁੱਕੇ ਜਾਣਾ।
‘ਹਾਕੀ ਦੇ ਸੁਲਤਾਨ’ ਪੁਸਤਕ ਵਿਚ 20 ਅਧਿਆਏ ਹਨ। ਪਹਿਲੇ ਤੋਂ ਵੀਹਵੇਂ ਸੁਲਤਾਨ ਤਕ ਤਰਤੀਬ ਓਲੰਪਿਕ ਖੇਡਾਂ ਦੇ ਕ੍ਰਮਵਾਰ ਆਯੋਜਨ ਅਨੁਸਾਰ ਹੀ ਦਿੱਤੀ ਗਈ ਹੈ। ਹਰ ਅਧਿਆਏ ਵਿਚ ਹਾਕੀ ਦੇ ਇਕ ਸੁਲਤਾਨ ਦੀਆਂ ਜੀਵਨ ਭਰ ਦੀਆਂ ਪ੍ਰਾਪਤੀਆਂ ਦਾ ਵਿਸਥਾਰ ਪੂਰਵਕ ਵਰਣਨ ਹੈ। ਹਰ ਸੁਲਤਾਨ ਦੀ ਖੇਡ ਕਾਰਜਸ਼ੈਲੀ, ਗੁਰਾਂ, ਗੁਣਾਂ, ਨਿੱਜੀ ਦਾਅ-ਪੇਚਾਂ, ਖੇਡ ਤਕਨੀਕ ਅਤੇ ਹਾਕੀ ਹੁਨਰ ਬਾਰੇ ਖੁੱਲ੍ਹ ਕੇ ਜਿ਼ਕਰ ਕੀਤਾ ਗਿਆ ਹੈ। ਇਹ ਵੀ ਦਰਸਾਇਆ ਗਿਆ ਹੈ ਕਿ ਕਿਸ ਤਰ੍ਹਾਂ ਇਕ ਸੁਲਤਾਨ ਆਪਣਾ ਕਿਰਦਾਰ ਨਿਭਾਉਂਦਾ ਹੋਇਆ ਆਪਣੀ ਹਾਕੀ ਸਲਤਨਤ ਨੂੰ ਸੁਰੱਖਿਅਤ ਰੱਖਣ ਵਿਚ ਸੌ ਫੀਸਦੀ ਸਫਲ ਹੁੰਦਾ ਹੈ।
ਇਹ ਜਿ਼ਕਰਯੋਗ ਹੈ ਕਿ ਭਾਰਤੀ ਹਾਕੀ ਦੇ ਸੁਨਹਿਰੀ ਯੁਗ ‘ਚ ਭਾਰਤ ਦੀਆਂ ਛੇ ਹਾਕੀ ਟੀਮਾਂ ਵਿਚ 106 ਹਾਕੀ ਖਿਡਾਰੀਆਂ ਨੇ ਭਾਗ ਲਿਆ ਸੀ। ਇਨ੍ਹਾਂ ਵਿਚ ਵੱਧ ਤੋਂ ਵੱਧ ਖਿਡਾਰੀਆਂ ਦੀ ਲੋੜੀਂਦੀ ਜਾਣਕਾਰੀ ਪ੍ਰਾਪਤ ਕਰਨ ਲਈ ਪੂਰੀ ਵਾਹ ਲਾਈ ਗਈ, ਪਰ ਜਿ਼ਆਦਾਤਰ ਖਿਡਾਰੀ ਜਿ਼ੰਦਾ ਨਾ ਹੋਣ ਕਾਰਨ ਅਤੇ ਉਨ੍ਹਾਂ ਦੇ ਵਾਰਸਾਂ ਤੋਂ ਨਿਸ਼ਚਿਤ ਉੱਤਰ ਨਾ ਮਿਲਣ ਕਾਰਨ ਸਿਰਫ 20 ਖਿਡਾਰੀਆਂ ਬਾਰੇ ਜ਼ਰੂਰੀ ਸਮੱਗਰੀ ਪ੍ਰਾਪਤ ਹੋ ਸਕੀ। ਇਸ ਸਮੱਗਰੀ ਦਾ ਲੋੜੀਂਦਾ ਵਿਸ਼ਲੇਸ਼ਣ ਕਰਨ ਉਪਰੰਤ ਹੀ ਪੁਸਤਕ ਵਿਚ ਇਸਤੇਮਾਲ ਕੀਤਾ ਗਿਆ ਹੈ। 1928 ਤੋਂ 1956 ਤਕ ਦੀਆਂ ਓਲੰਪਿਕ ਖੇਡਾਂ ਵਿਚ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਦੇ ਨਾਮ, ਉਨ੍ਹਾਂ ਦੁਆਰਾ ਸਕੋਰ ਕੀਤੇ ਗੋਲਾਂ ਦਾ ਵੇਰਵਾ ਅਤੇ ਲੋੜੀਂਦੀ ਜਾਣਕਾਰੀ ਪ੍ਰਾਪਤ ਕਰਨ ਦੇ ਸ੍ਰੋਤਾਂ ਦੀ ਸੂਚੀ, ਪੁਸਤਕ ਦੇ ਪੰਨਾ ਨੰ: 170 ਤੋਂ 179 ਅਨੁਲਗ 1, 2, 3 ‘ਤੇ ਦਰਸਾਈ ਗਈ ਹੈ।
‘ਹਾਕੀ ਦੇ ਸੁਲਤਾਨ’ ਪੁਸਤਕ ਲਿਖਣ ਸਮੇਂ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ ਕਿ ਇਸ ਵਿਚ ਕਿਸੇ ਤਰ੍ਹਾਂ ਦੀ ਗਲਤੀ ਨਾ ਰਹਿ ਜਾਵੇ, ਪਰ ਮਨੁੱਖ ਗਲਤੀਆਂ ਦਾ ਪੁਤਲਾ ਹੈ, ਇਸ ਲਈ ਜੇ ਇਸ ਵਿਚ ਕੋਈ ਗਲਤੀ ਜਾਂ ਖਾਮੀ ਰਹਿ ਗਈ ਹੋਵੇ ਤਾਂ ਉਸ ਲਈ ਮੈਂ ਖਿਮਾ ਦਾ ਜਾਚਕ ਹਾਂ। ਮੈਨੂੰ ਤੁਹਾਡੇ ਕੀਮਤੀ ਸੁਝਾਵਾਂ ਅਤੇ ਵਿਚਾਰਾਂ ਦੀ ਉਡੀਕ ਰਹੇਗੀ। ਤੁਹਾਡੇ ਵਿਚਾਰਾਂ ਅਤੇ ਸੁਝਾਵਾਂ ਨੂੰ ਧਿਆਨ ਵਿਚ ਰੱਖ ਕੇ ਇਸ ਪੁਸਤਕ ਦਾ ਹਿੰਦੀ ਅਤੇ ਅੰਗਰੇਜ਼ੀ ਵਿਚ ਅਨੁਵਾਦ ਕੀਤਾ ਜਾਵੇਗਾ।
ਪੇਸ਼ ਹੈ, ਇਕ ਅਧਿਆਏ ਦਾ ਸੰਖੇਪਸਾਰ:
ਮੇਜਰ ਧਿਆਨ ਚੰਦ
ਉਹ ਹਾਕੀ ਦਾ ਸੀ ਦੇਵਤਾ,
ਉਹਦੀ ਪੂਜਾ ਕਰੇ ਜਹਾਨ।
ਉਹ ਜਾਇਆ ਭਾਰਤ ਮਾਂ ਦਾ,
ਉਹਦਾ ਧਿਆਨ ਚੰਦ ਸੀ ਨਾਮ।
ਉਹ ਹਰ ਵੇਲੇ ਸੀ ਰੱਖਦਾ,
ਬੱਸ ਹਾਕੀ ਵਿਚ ਧਿਆਨ।
ਉਹ ਗੋਲਾਂ ਦਾ ਸੀ ਬਾਦਸ਼ਾਹ,
ਕੁੱਲ ਦੁਨੀਆਂ ਸੀ ਹੈਰਾਨ।
ਉਹ ਹਾਕੀ ਦਾ ਹੈ ਕਰ ਗਿਆ,
ਉੱਚੇ ਤੋਂ ਉੱਚਾ ਨਾਮ।
ਸੀ ਉਸ ਨੂੰ ਲੱਭਦੇ ਫਿਰ ਰਹੇ,
ਖੁਦ ਉੱਚੇ ਨਾਮ-ਸ਼ਨਾਮ।
ਉਸ ਤਿੰਨ ਓਲੰਪਿਕ ਜਿੱਤ ਕੇ,
ਸੀ ਕੀਤੀ ਕਾਇਮ ਮਿਸਾਲ।
ਹਿਟਲਰ ਵੀ ਹੋਇਆ ਮੋਹਿਤ ਸੀ,
ਉਹਦੀ ਖੇਡਣ ਸ਼ੈਲੀ ਨਾਲ।
ਉਸ ਹੁਨਰ ਨਹੀਂ ਸੀ ਵੇਚਿਆ,
ਨਾ ਵੇਚਿਆ ਮਾਨ-ਸਮਾਨ
ਉਸ ਰੁੱਖੀ ਮਿੱਸੀ ਖਾ ਕੇ,
ਸੀ ਰੱਖੀ ਭਾਰਤ ਦੀ ਸ਼ਾਨ।
ਉਹ ਰਾਂਝਾ ਹੀਰ ਪੰਜਾਬ ਦਾ,
ਭਾਰਤ ਰਾਧਾ ਦਾ ਸ਼ਾਮ।
ਅੱਜ ਕੌਮੀ ਖੇਡ ਦਿਵਸ ਹੈ,
ਉਹਦੇ ਜਨਮ ਦਿਨ ਦੇ ਨਾਮ।
ਹਾਕੀ ਤੇ ਧਿਆਨ ਚੰਦ ਇਕੋ ਸਿੱਕੇ ਦੇ ਦੋ ਪਾਸੇ ਸਨ। ਹਾਕੀ ਤੇ ਧਿਆਨ ਚੰਦ ਦਾ ਆਪਸ ਵਿਚ ਨਹੁੰ ਤੇ ਮਾਸ ਦਾ ਰਿਸ਼ਤਾ ਸੀ। ਜੇ 1926 ਤੋਂ 1936 ਦੇ ਦਹਾਕੇ ਦੀ ਗੱਲ ਕਰੀਏ ਤਾਂ ਉਸ ਸਮੇਂ ਖੇਡਾਂ ਦੇ ਖੇਤਰ ਵਿਚ ਖਾਸ ਤੌਰ ‘ਤੇ ਇਹ ਸਮਝਿਆ ਜਾਂਦਾ ਸੀ ਕਿ ਹਾਕੀ ਹੀ ਧਿਆਨ ਚੰਦ ਹੈ ਅਤੇ ਧਿਆਨ ਚੰਦ ਹੀ ਹਾਕੀ ਹੈ। ਇਹ ਦੋਵੇਂ ਸ਼ਬਦ ‘ਹਾਕੀ’ ਅਤੇ ‘ਧਿਆਨ ਚੰਦ’ ਆਪਸ ਵਿਚ ਇਸ ਤਰ੍ਹਾਂ ਘੁਲ-ਮਿਲ ਗਏ ਸਨ ਕਿ ਇਕ ਦੀ ਹੋਂਦ ਦੂਜੇ ਬਿਨਾ ਸੰਭਵ ਨਾ ਹੋਵੇ।
ਆਧੁਨਿਕ ਹਾਕੀ ਦੀ ਖੇਡ 1885 ਦੇ ਇਰਦ-ਗਿਰਦ ਭਾਵੇਂ ਅੰਗਰੇਜ਼ਾਂ ਨੇ ਇੰਡੀਆ ਵਿਚ ਲਿਆਂਦੀ ਤੇ ਪ੍ਰਚੱਲਤ ਕੀਤੀ, ਪਰ ਉਸ ਸਮੇਂ ਇਹ ਖੇਡ ਅੱਲ੍ਹੜ, ਬੇਹੁਨਰ, ਅਪੂਰਣ ਅਤੇ ਅਣਤਰਾਸ਼ੀ ਹਾਲਤ ਵਿਚ ਸੀ। ਉਸ ਵੇਲੇ ਇਹੋ ਜਿਹੀ ਹੀ ਇਕ ਪੇਂਡੂ ਖੇਡ, ਜਿਸ ਨੂੰ ‘ਖਿੱਦੋ-ਖੂੰਡੀ’ ਕਿਹਾ ਜਾਂਦਾ ਸੀ, ਸਮੁੱਚੇ ਹਿੰਦੋਸਤਾਨ ਵਿਚ ਪਹਿਲਾਂ ਹੀ ਖੇਡੀ ਜਾਂਦੀ ਸੀ। ਭਾਰਤੀ ਹਾਕੀ ਦੇ ‘ਸੁਨਹਿਰੀ ਯੁੱਗ’ ਦੇ ਬਹੁਤੇ ਖਿਡਾਰੀਆਂ ਨੇ ਪਿੰਡਾਂ, ਨਗਰਾਂ ਤੇ ਕਸਬਿਆਂ ਵਿਚ ਰਹਿੰਦਿਆਂ ਪਹਿਲਾਂ ਖਿੱਦੋ-ਖੂੰਡੀ ਖੇਡ ਕੇ ਆਪਣਾ ਮਨਪਰਚਾਵਾ ਕੀਤਾ ਅਤੇ ਬਾਅਦ ਵਿਚ ਵੱਡੇ ਸ਼ਹਿਰਾਂ `ਚ ਜਾ ਕੇ ਆਧੁਨਿਕ ਹਾਕੀ ਖੇਡ ਵਿਚ ਨਿਯਮਿਤ ਰੂਪ ਵਿਚ ਹਿੱਸਾ ਲਿਆ ਤੇ ਮੁਹਾਰਤ ਹਾਸਲ ਕੀਤੀ। ਉਨ੍ਹਾਂ ਵਿਚੋਂ ਹੀ ਸੀ ਧਿਆਨ ਚੰਦ। ਉਸ ਨੂੰ ਹਾਕੀ ਜਗਤ ਵਿਚ ਸਤਿਕਾਰ ਵਜੋਂ ਹਾਕੀ ਦਾ ਸਮਰਾਟ, ਹਾਕੀ ਦਾ ਬੇਤਾਜ ਬਾਦਸ਼ਾਹ, ਹਾਕੀ ਦਾ ਫਰਿਸ਼ਤਾ, ਹਾਕੀ ਦਾ ਮਸੀਹਾ, ਹਾਕੀ ਦਾ ਪਿਤਾਮਾ ਅਤੇ ‘ਹਾਕੀ ਦਾ ਜਾਦੂਗਰ’ ਕਿਹਾ ਜਾਂਦਾ ਸੀ।
ਇੰਡੀਅਨ ਓਲੰਪਿਕ ਐਸੋਸੀਏਸ਼ਨ ਅਤੇ ਕੇਕੇ ਬਿਰਲਾ ਫਾਊਂਡੇਸ਼ਨ ਨੇ ਹਾਕੀ ਦੀ ਖੇਡ ਦੇ ਮਹਾਰਥੀ ਧਿਆਨ ਚੰਦ ਨੂੰ ‘ਵੀਹਵੀਂ ਸਦੀ ਦਾ ਮਹਾਨ ਖਿਡਾਰੀ’ ਕਹਿ ਕੇ ਸਨਮਾਨਿਆ। ਦੋਹਾਂ ਸੰਸਥਾਵਾਂ ਨੇ 1999 ਤੇ 2001 ਵਿਚ ਆਪਣੇ ਵੱਲੋਂ ਪ੍ਰਦਾਨ ਕੀਤੇ ਸਨਮਾਨ ਪੱਤਰਾਂ ਵਿਚ ਧਿਆਨ ਚੰਦ ਨੂੰ ‘ਭਾਰਤ ਦਾ ਮਾਣ’ ਐਲਾਨਣ ਦੇ ਨਾਲ ਉਸ ਨੂੰ ਉੱਚ ਪੱਧਰ ਤੇ ਗੁਣਾਂ ਦਾ ਖਜ਼ਾਨਾ ਦੱਸਿਆ ਸੀ। ਸਨਮਾਨ ਪੱਤਰਾਂ ਵਿਚ ਅੰਕਿਤ ਕੀਤਾ ਗਿਆ ਸੀ ਕਿ ਧਿਆਨ ਚੰਦ ਨੇ 1928 ਵਿਚ ਐਮਸਟਰਡਮ ਵਿਖੇ, 1932 ਵਿਚ ਲਾਸ ਏਂਜਲਸ ਵਿਖੇ ਅਤੇ 1936 ਵਿਚ ਬਰਲਿਨ ਵਿਖੇ ਹੋਈਆਂ ਓਲੰਪਿਕ ਖੇਡਾਂ `ਚੋਂ ਭਾਰਤ ਲਈ ਤਿੰਨ ਗੋਲਡ ਮੈਡਲ ਜਿੱਤੇ ਸਨ। 1936 ਦੀਆਂ ਓਲੰਪਿਕ ਸਮੇਂ ਧਿਆਨ ਚੰਦ ਭਾਰਤੀ ਹਾਕੀ ਟੀਮ ਦਾ ਕਪਤਾਨ ਸੀ। ਉਥੇ ਭਾਰਤੀ ਟੀਮ ਦੇ ਕੁਲ 38 ਗੋਲਾਂ ਵਿਚੋਂ 11 ਗੋਲ ਧਿਆਨ ਚੰਦ ਦੀ ਹਾਕੀ ਨਾਲ ਹੋਏ ਸਨ।
ਵਿਸ਼ਵ ਹਾਕੀ ਵਿਚ ਸੁਨਹਿਰੀ ਉਚਾਈਆਂ ਛੂਹਣ ਵਾਲੇ ਧਿਆਨ ਚੰਦ ਦਾ ਜਨਮ 29 ਅਗਸਤ 1905 ਨੂੰ ਅਲਾਹਾਬਾਦ ਵਿਖੇ ਇਕ ਗਰੀਬ ਰਾਜਪੂਤ ਪਰਿਵਾਰ ਵਿਚ ਹੋਇਆ ਸੀ। ਉਸ ਦੇ ਪਿਤਾ ਸ਼੍ਰੀ ਸੁਮੇਸ਼ਵਰ ਦੱਤ ਸਿੰਘ ਅੰਗਰੇਜ਼-ਹਿੰਦ ਫੌਜ ਵਿਚ ਸਿਪਾਹੀ ਸਨ, ਜੋ ਬਾਅਦ ਵਿਚ ਸੂਬੇਦਾਰ ਬਣ ਕੇ ਰਿਟਾਇਰ ਹੋਏ। ਘੜੀ-ਮੁੜੀ ਬਦਲੀ ਹੋਣ ਦੀ ਚੱਕ-ਥੱਲ ਤੋਂ ਬਚਦਿਆਂ ਉਨ੍ਹਾਂ ਦਾ ਪਰਿਵਾਰ ਅਲਾਹਾਬਾਦ ਛੱਡ ਕੇ ਝਾਂਸੀ ਵਿਚ ਆ ਵਸਿਆ। ਧਿਆਨ ਚੰਦ ਦਾ ਮੁਢਲਾ ਤੇ ਅੰਤਲਾ ਸਮਾਂ ਜਿ਼ਆਦਾਤਰ ਝਾਂਸੀ ਵਿਚ ਹੀ ਬੀਤਿਆ।
1922 ਵਿਚ ਧਿਆਨ ਚੰਦ 17 ਸਾਲਾਂ ਦਾ ਹੋਇਆ ਤਾਂ ਉਹ ਬਤੌਰ ਸਿਪਾਹੀ ਪਹਿਲੀ ਬ੍ਰਾਹਮਣ ਰੈਜਮੈਂਟ ਵਿਚ ਭਰਤੀ ਹੋ ਗਿਆ। ਜਦੋਂ ਫੌਜ ਵਿਚ ਹਾਕੀ ਖੇਡਣੀ ਸ਼ੁਰੂ ਕੀਤੀ ਤਾਂ ਉਸ ਬਾਰੇ ਆਪਣੀ ਸਵੈ-ਜੀਵਨੀ ‘ਗੋਲ’ ਵਿਚ ਉਸ ਨੇ ਲਿਖਿਆ: ਜਦੋਂ ਮੈਂ ਪਹਿਲੀ ਬ੍ਰਾਹਮਣ ਰੈਜਮੈਂਟ ਵਿਚ ਪ੍ਰਵੇਸ਼ ਕੀਤਾ, ਉਥੇ ਸ਼੍ਰੀ ਬਾਲੇ ਤਿਵਾੜੀ ਨਾਂ ਦੇ ਇਕ ਸੂਬੇਦਾਰ ਮੇਜਰ ਸਨ, ਜੋ ਹਾਕੀ ਦੇ ਬਹੁਤ ਚੰਗੇ ਖਿਡਾਰੀ ਸਨ। ਉਨ੍ਹਾਂ ਮੇਰੇ ਵੱਲ ਉਚੇਚਾ ਧਿਆਨ ਦਿੱਤਾ ਅਤੇ ਮੇਰੀ ਡ੍ਰਿਬਲਿੰਗ ਸਕਿੱਲ ਨੂੰ ਪਛਾਣਿਆ ਤੇ ਤਰਾਸਿ਼ਆ। ਇਸ ਨਾਲ ਮੇਰੀ ਖੇਡ ਵਿਚ ਹੋਰ ਵੀ ਨਿਖਾਰ ਆਇਆ। ਉਨ੍ਹੀਂ ਦਿਨੀਂ ਹਾਕੀ ਹਿੰਦੋਸਤਾਨੀ ਫੌਜ ਦੀ ਹਰਮਨ ਪਿਆਰੀ ਖੇਡ ਬਣ ਚੁਕੀ ਸੀ। ਫੌਜ ਦੀਆਂ ਛਾਉਣੀਆਂ ਵਿਚ ਹਿੰਦੋਸਤਾਨੀ ਸਿਪਾਹੀ ਬੜੇ ਸ਼ੌਕ ਤੇ ਚਾਅ ਨਾਲ ਹਾਕੀ ਖੇਡਦੇ ਸਨ। ਸਾਡੀ ਰੈਜਮੈਂਟ ਹਾਕੀ ਖੇਡਣ ਵਿਚ ਬਹੁਤ ਤਕੜੀ ਤੇ ਮਸ਼ਹੂਰ ਸੀ। ਹਾਕੀ ਖੇਡਣ ਲਈ ਸਾਡਾ ਕੋਈ ਪੱਕਾ ਸਮਾਂ ਨਿਰਧਾਰਤ ਨਹੀ ਸੀ ਹੁੰਦਾ। ਅਸੀਂ ਤਾਂ ਸਾਰਾ-ਸਾਰਾ ਦਿਨ ਹਾਕੀ ਖੇਡਦਿਆਂ ਗੁਜ਼ਾਰ ਦਿਆ ਕਰਦੇ ਸੀ। ਮੈਂ ਰਾਤ ਨੂੰ ਚੰਦ ਦੀ ਚਾਨਣੀ `ਚ ਇਕਾਂਤ ਵਿਚ ਜਾ ਕੇ ਇਕੱਲਾ ਹੀ ਹਾਕੀ ਖੇਡਣ ਦਾ ਅਭਿਆਸ ਕਰਨ ਲੱਗ ਜਾਂਦਾ ਸੀ। ਮੈਂ ‘ਡੀ’ ਵਿਚ ਪ੍ਰਵੇਸ਼ ਕਰਨ ਅਤੇ ਗੋਲ ਦਾਗਣ ਦਾ ਤਜਰਬਾ ਹਾਸਲ ਕਰਨ ਲਈ ਕਈ-ਕਈ ਘੰਟੇ ਲਗਾਤਾਰ ਮਿਹਨਤ ਕਰਦਾ ਰਹਿੰਦਾ ਸੀ। ਇਕ ਰਾਤ ਪੂਰੇ ਚੰਦ ਦੀ ਚਾਨਣੀ ਵਿਚ ਮੇਰੀ ਰੈਜਮੈਂਟ ਦੇ ਅਫਸਰਾਂ ਨੇ ਮੈਨੂੰ ਇੰਜ ਖੇਡਦਿਆਂ ਦੇਖ ਲਿਆ। ਉਸੇ ਦਿਨ ਤੋਂ ਹੀ ਉਨ੍ਹਾਂ ਨੇ ਮੈਨੂੰ ਧਿਆਨ ਸਿੰਘ ਦੀ ਬਜਾਏ ‘ਧਿਆਨ ਚੰਦ’ ਦੇ ਨਾਂ ਨਾਲ ਪੁਕਾਰਨਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਮੇਰਾ ਨਾਂ ਪੱਕੇ ਤੌਰ `ਤੇ ਧਿਆਨ ਸਿੰਘ ਤੋਂ ਧਿਆਨ ਚੰਦ ਹੋ ਗਿਆ।
1948 ਵਿਚ ਆਜ਼ਾਦ ਭਾਰਤ ਸਰਕਾਰ ਨੇ ਧਿਆਨ ਚੰਦ ਨੂੰ ਭਾਰਤੀ ਫੌਜ ਵਿਚ ਕਪਤਾਨ ਬਣਾ ਕੇ ਆਜ਼ਾਦੀ ਦਾ ਤੋਹਫਾ ਦਿੱਤਾ। 1 ਜੂਨ 1950 ਨੂੰ ਉਨ੍ਹਾਂ ਨੂੰ ਇਕ ਹੋਰ ਤੋਹਫਾ ਮਿਲਿਆ, ਜੋ ਇਕ ਖੂਬਸੂਰਤ ਬੱਚੇ ਦੇ ਰੂਪ ਵਿਚ ਸੀ। ਇਹ ਬੱਚਾ ਵੱਡਾ ਹੋ ਕੇ ਓਲੰਪੀਅਨ ਅਸ਼ੋਕ ਕੁਮਾਰ ਬਣਿਆ, ਜਿਸ ਨੇ 1975 ਦੇ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਦੇ ਫਾਈਨਲ ਵਿਚ ਪਾਕਿਸਤਾਨ ਵਿਰੁੱਧ ਭਾਰਤ ਵੱਲੋ ਗੋਲ ਕਰ ਕੇ ਵਿਸ਼ਵ ਕੱਪ ਜਿੱਤਿਆ।
ਭਾਵੇਂ ਉਨ੍ਹਾਂ ਨੇ ਅਪਰੈਲ 1949 ਵਿਚ ਸਰਗਰਮ ਹਾਕੀ ਖੇਡਣ ਤੋਂ ਸੰਨਿਆਸ ਲੈ ਲਿਆ ਸੀ, ਫੇਰ ਵੀ ਉਨ੍ਹਾਂ ਦਾ ਹਾਕੀ ਨਾਲ ਮੋਹ ਬਣਿਆ ਰਿਹਾ। 1952 ਵਿਚ ਪ੍ਰਕਾਸਿ਼ਤ ਹੋਈ ਧਿਆਨ ਚੰਦ ਦੀ ਪੁਸਤਕ ‘ਗੋਲ’ ਉਨ੍ਹਾਂ ਦੇ ਹਾਕੀ ਜੀਵਨ ਦਾ ਇਕ ਪ੍ਰਮਾਣਿਕ ਦਸਤਾਵੇਜ਼ ਹੈ। 1956 ਵਿਚ ਮੇਜਰ ਦੇ ਪਦ ਦੀ ਤਰੱਕੀ ਹੋਣ ਉਪਰੰਤ ਉਹ ਭਾਰਤੀ ਫੌਜ ਤੋਂ ਸੇਵਾ ਮੁਕਤ ਹੋਏ। ਭਾਰਤ ਸਰਕਾਰ ਨੇ 1956 ਵਿਚ ਹੀ ਧਿਆਨ ਚੰਦ ਨੂੰ ‘ਪਦਮ ਭੂਸ਼ਨ’ ਦੀ ਉਪਾਧੀ ਨਾਲ ਸਨਮਾਨਿਤ ਕੀਤਾ। ਇਸ ਉਪਰੰਤ ਧਿਆਨ ਚੰਦ ਨੇ 1961 ਤੋਂ 1966 ਤਕ ਕੌਮੀ ਖੇਡ ਸੰਸਥਾਨ ਪਟਿਆਲਾ ਵਿਖੇ ਮੁਖ ਕੋਚ ਦੇ ਪਦ `ਤੇ ਸ਼ਲਾਘਾਯੋਗ ਕਾਰਜ ਕੀਤਾ। 1968 ਵਿਚ ਮੈਕਸੀਕੋ ਦੀਆਂ ਓਲੰਪਿਕ ਖੇਡਾਂ ਸਮੇਂ ਉਨ੍ਹਾਂ ਨੂੰ ਵਿਸ਼ੇਸ਼ ਮਹਿਮਾਨ ਵਜੋਂ ਬੁਲਾ ਕੇ ਸਨਮਾਨਿਤ ਕੀਤਾ ਗਿਆ।
1978 ਵਿਚ ਮੇਜਰ ਧਿਆਨ ਚੰਦ ਨੂੰ ਲਿਵਰ ਦਾ ਕੈਂਸਰ ਹੋ ਗਿਆ ਸੀ ਤੇ 3 ਦਸੰਬਰ 1979 ਨੂੰ ਉਹ ਦਿੱਲੀ ਵਿਖੇ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦਾ ਦਾਹ ਸਸਕਾਰ ਝਾਂਸੀ ਹੀਰੋਜ਼ ਗਰਾਊਂਡ, ਝਾਂਸੀ ਵਿਖੇ ਕੀਤਾ ਗਿਆ, ਜਿਥੇ ਉਹ ਭਰ ਜੁਆਨੀ ਵਿਚ ਆਪਣੇ ਭਰਾ ਰੂਪ ਸਿੰਘ ਨਾਲ ਖੇਡਿਆ ਕਰਦੇ ਸਨ। ਇਸ ਤਰ੍ਹਾਂ ਧਿਆਨ ਚੰਦ ਭਾਰਤੀ ਹਾਕੀ ਇਤਿਹਾਸ ਦੇ ਸੁਨਹਿਰੀ ਪੰਨਿਆਂ ‘ਤੇ ਛਾ ਗਏ ਤੇ ਸਮੁੱਚੇ ਖੇਡ ਜਗਤ ਵਿਚ ਅਮਰ ਹੋ ਗਏ।