ਈਜਵਾ ਤੂੰ ਦੌੜੀ ਚੱਲ

ਕਹਾਣੀਕਾਰ ਗੁਰਮੀਤ ਕੜਿਆਲਵੀ ਨੇ ਇਹ ਕਹਾਣੀ ਢਾਈ ਦਹਾਕੇ ਪਹਿਲਾਂ ਲਿਖੀ ਸੀ। ਮਸ਼ਹੂਰ ਦੌੜਾਕ ਪੀ.ਟੀ. ਊਸ਼ਾ ਨੇ 1986 ਦੀਆਂ ਸਿਓਲ ਏਸ਼ਿਆਈ ਖੇਡਾਂ ਵਿਚ ਸੋਨੇ ਦੇ ਚਾਰ ਤਗਮਿਆਂ ਸਮੇਤ ਕੁੱਲ ਪੰਜ ਤਗਮੇ ਜਿੱਤੇ ਸਨ। ਅਗਲੀਆਂ ਏਸ਼ਿਆਈ ਖੇਡਾਂ 1990 ‘ਚ ਉਹ ਚਾਂਦੀ ਦੇ ਦੋ ਤਮਗੇ ਹੀ ਜਿੱਤ ਸਕੀ। ਜਦੋਂ ਉਹ ਵਾਪਸ ਏਅਰਪੋਰਟ ‘ਤੇ ਉਤਰੀ ਸੀ ਤਾਂ ਬਹੁਤ ਠੰਡਾ ਸਵਾਗਤ ਹੋਇਆ ਸੀ। ਉਦੋਂ ਜਾਤੀਵਾਦੀ ਤੇ ਰੂੜੀਵਾਦੀ ਮਾਨਸਿਕਤਾ ਕਈ ਲੋਕਾਂ ਦੇ ਸਿਰ ਚੜ੍ਹ ਕੇ ਬੋਲੀ ਸੀ। ਹਾਲ ਹੀ ਵਿਚ ਓਲੰਪਿਕ ਖੇਡਾਂ ਤੋਂ ਬਾਅਦ ਹਾਕੀ ਖਿਡਾਰੀ ਵੰਦਨਾ ਕਟਾਰੀਆ ਦੇ ਘਰ ਅੱਗੇ ਜਾਤੀਵਾਦੀ ਲੋਕਾਂ ਨੇ ਉਹੀ ਵਿਹਾਰ ਕੀਤਾ। ਜ਼ਾਹਿਰ ਹੈ ਕਿ ਦਹਾਕਿਆਂ ਬਾਅਦ ਵੀ ਕੁਝ ਬਦਲਿਆ ਨਹੀਂ।

ਗੁਰਮੀਤ ਕੜਿਆਲਵੀ
ਫੋਨ: +91-98726-40994

ਆਪਣੇ ਬਾਰੇ ਲਿਖੇ ਪੈਰੇ ਨੂੰ ਪੜ੍ਹ ਕੇ ਫਿਲਪ ਈਜਵਾ ਦੇ ਦਿਮਾਗ ਨੂੰ ਗਹਿਰੀ ਸੱਟ ਲੱਗੀ।
ਇੱਕ ਚੀਸ ਜਿਹੀ ਪੈਰਾਂ ਦੀਆਂ ਤਲੀਆਂ ‘ਚੋਂ ਲੈ ਕੇ ਸਿਰ ਤੱਕ ਪਹੁੰਚੀ। ਅੱਖਾਂ ਵਿਚੋਂ ਤ੍ਰਿਪ-ਤ੍ਰਿਪ ਹੰਝੂ ਚੋਣ ਲੱਗੇ। ਆਪਣੇ ਡਰਾਇੰਗ ਰੂਮ ਵਿਚ ਚਾਰ-ਚੁਫੇਰੇ ਨਜ਼ਰ ਮਾਰੀ। ਜਗ੍ਹਾ-ਜਗ੍ਹਾ ‘ਤੇ ਸਜਾਈਆਂ ਟਰਾਫੀਆਂ ਤੇ ਮੈਡਲ ਉਸ ਨੂੰ ਆਪਣਾ ਮੂੰਹ ਚਿੜਾਉਂਦੇ ਜਾਪੇ।
ਉਸ ਦਾ ਮਨ ਚਾਹਿਆ ਇਹ ਸਾਰੇ ਤਗਮੇ ਅਤੇ ਟਰਾਫੀਆਂ ਅਜਿਹੇ ਵਿਚਾਰਾਂ ਵਾਲੇ ਲੋਕਾਂ ਦੇ ਮੂੰਹ ‘ਤੇ ਚਲਾ ਮਾਰੇ।
ਵਿਦੇਸ਼ਾਂ ਦੀ ਧਰਤੀ ਉਪਰ, ਜੇਤੂ ਮੰਚ ‘ਤੇ ਮੈਡਲ ਗਲ਼ ਵਿਚ ਪਵਾਉਂਦਿਆਂ ਦੀਆਂ ਤਸਵੀਰਾਂ ਉਤੇ ਨਜ਼ਰ ਜਾਂਦਿਆਂ ਉਸ ਦੇ ਚਿਹਰੇ ‘ਤੇ ਉਦਾਸ ਜਿਹੀ ਮੁਸਕਾਨ ਫੈਲ ਆਈ। ਏਸ਼ੀਆ ਦੇ ਸਭ ਤੋਂ ਵੱਡੇ ਖੇਡ ਮੇਲੇ ‘ਚ ਸਭ ਤੋਂ ਤੇਜ਼ ਦੌੜਾਕ ਬਣਨ ‘ਤੇ ਜਿਵੇਂ ਸਾਰਾ ਸਟੇਡੀਅਮ ਝੂਮ ਉਠਿਆ ਸੀ। ਸਟੇਡੀਅਮ ਤਿਰੰਗਿਆਂ ਨਾਲ ਲਹਿਰਾਉਣ ਲੱਗਾ ਸੀ। ਮੁਕਾਬਲੇ ਬਾਅਦ ਬੇਹੱਦ ਥੱਕੀ ਹੋਣ ਦੇ ਬਾਵਜੂਦ ਉਸ ਨੇ ਜੇਤੂ ਅੰਦਾਜ਼ ਵਿਚ ਸਟੇਡੀਅਮ ਦੇ ਕਈ ਚੱਕਰ ਲਾਏ ਸਨ। ਹਜ਼ਾਰਾਂ ਲੋਕਾਂ ਨੇ ਹੱਥ ਹਿਲਾ-ਹਿਲਾ ਅਤੇ ਕਿਲਕਾਰੀਆਂ ਮਾਰ-ਮਾਰ ਉਸ ਦੀ ਇਸ ਜਿੱਤ ਦਾ ਜਸ਼ਨ ਮਨਾਇਆ ਸੀ। ਹੱਥ ਵਿਚ ਤਿਰੰਗਾ ਫੜੀ ਜੇਤੂ ਅੰਦਾਜ਼ ਵਿਚ ਚੱਕਰ ਲਾਉਂਦਿਆਂ ਦੀ ਫੋਟੋ ਸਾਹਮਣੇ ਲਟਕ ਰਹੀ ਸੀ। ਈਜਵਾ ਮਲਕੜੇ ਜਿਹੀ ਉਠੀ ਤੇ ਅੱਖਾਂ ਵਿਚ ਫੋਟੋ ਅੱਗੇ ਆ ਖੜ੍ਹੀ ਹੋਈ। ਉਸ ਦਾ ਜੀਅ ਕੀਤਾ ਹੁਣੇ ਦੌੜ ਕੇ ਜਾਵੇ ਅਤੇ ਸਖਤ ਬੋਰਡ ‘ਤੇ ਜੜੀ ਇਹ ਫੋਟੋ ਆਪਣੇ ਖਿਲਾਫ ਭੱਦੀ ਸ਼ਬਦਾਵਲੀ ਲਿਖਣ ਵਾਲਿਆਂ ਦੇ ਸਿਰ ਵਿਚ ਮਾਰ ਕੇ ਤੋੜ ਦੇਵੇ।
ਫਿਲਪ ਈਜਵਾ ਨੂੰ ਇੱਕ ਪਲ ਲੱਗਾ ਜਿਵੇਂ ਉਹ ਭੁਲੇਖੇ ਵਿਚ ਹੈ। ਉਸ ਨੇ ਅਖਬਾਰ ਚੁੱਕਿਆ ਤੇ ਦੁਬਾਰਾ ਪੜ੍ਹਨਾ ਸ਼ੁਰੂ ਕਰ ਦਿੱਤਾ। ਉਂਝ ਉਹ ਪਹਿਲਾਂ ਹੀ ਇਸੇ ਆਰਟੀਕਲ ਨੂੰ ਘੱਟੋ-ਘੱਟ ਪੰਜ ਵਾਰ ਪੜ੍ਹ ਚੁੱਕੀ ਸੀ।
“ਦੇਸ਼ ਦੀ ਇੱਜ਼ਤ ਮਿੱਟੀ ਵਿਚ ਰੋਲਣ ਲਈ ਫਲਾਪ ਈਜਵਾ ਵਾਰ-ਵਾਰ ਦੌੜ ਰਹੀ ਹੈ। ਅਜੇ ਪਤਾ ਨਹੀਂ ਕਿੰਨਾ ਚਿਰ ਦੇਸ਼ ਦੀ ਇੱਜ਼ਤ ਨਾਲ ਖਿਲਵਾੜ ਕਰੇਗੀ?” ਦੇਸ਼ ਦੇ ਇੱਕ ਵੱਡੇ ਅਖਬਾਰ ਨੇ ਆਪਣੇ ਐਡੀਟੋਰੀਅਲ ਲੇਖ ਵਿਚ ਦੇਸ਼ ਭਗਤੀ ਦਿਖਾਈ ਸੀ। ਉਸ ਦੇ ਨਾਂ ‘ਫਿਲਪ ਈਜਵਾ’ ਨੂੰ ਵਿਗਾੜ ਕੇ ਫਲਾਪ ਈਜਵਾ ਕਰ ਦਿੱਤਾ ਸੀ।
“ਰੱਬ ਦਾ ਵਾਸਤਾ ਦੇਸ਼ ਦੇ ਭਲੇ ਵਾਸਤੇ ਦੌੜਨਾ ਬੰਦ ਕਰ ਦੇ।” ਇੱਕ ਹੋਰ ਨੇ ਲਿਖਿਆ ਸੀ।
ਪੜ੍ਹ ਕੇ ਉਹ ਹੈਰਾਨ ਹੋ ਰਹੀ ਸੀ। ਭਲਾ ਉਸ ਦੇ ਦੌੜਨ ਨਾਲ ਦੇਸ਼ ਦਾ ਨੁਕਸਾਨ ਹੁੰਦਾ ਹੈ? ਜੇਕਰ ਉਹ ਦੌੜਨਾ ਬੰਦ ਕਰ ਦੇਵੇ ਤਾਂ ਦੇਸ਼ ਦਾ ਭਲਾ ਕਿੰਝ ਹੋ ਜਾਵੇਗਾ? ਕੀ ਇਨ੍ਹਾਂ ਅਖਬਾਰਾਂ ਵਾਲਿਆਂ ਨੂੰ ਨਹੀਂ ਪਤਾ ਕਿ ਕਿਉਂ ਦੌੜੀ ਜਾ ਰਹੀ ਹੈ? ਇਹ ਉਮਰ ਤਾਂ ਆਪਣੀ ਬੁੱਢੀ ਵਿਧਵਾ ਮਾਂ ਦੇ ਬੁਢਾਪੇ ਦੀ ਦੇਖ-ਭਾਲ ਕਰਨ, ਬੱਚੇ ਦਾ ਖਿਆਲ ਰੱਖਣ ਅਤੇ ਆਪਣੇ ਪਤੀ ਨਾਲ ਮੌਜਾਂ ਮਾਨਣ ਦੀ ਹੈ। ਕਿਸੇ ਚੰਗੀ ਫਰਮ ਵਿਚ ਉਚੇ ਅਹੁਦੇ ‘ਤੇ ਕੰਮ ਕਰਨ ਦੀ ਅਤੇ ਵਿਹਲੇ ਰਹਿ ਕੇ ਖਿਡਾਰਨਾਂ ਨੂੰ ਸਿਖਿਅਤ ਕਰਨ ਦੀ। ਫੇਰ ਵੀ ਉਹ ਦੌੜ ਰਹੀ ਹੈ ਤਾਂ ਉਸ ਦੇ ਪਿੱਛੇ ਕੋਈ ਕਾਰਨ ਤਾਂ ਹੋਊ, ਇਹ ਕੋਈ ਅਖਬਾਰ ਵਾਲਾ ਕਿਉਂ ਨਹੀਂ ਜਾਨਣਾ ਚਾਹੁੰਦਾ? ਉਸ ਦੇ ਅੰਦਰ ਝਾਕਣ ਦਾ ਤਾਂ ਕਦੇ ਕਿਸੇ ਪੱਤਰਕਾਰ ਨੇ ਯਤਨ ਹੀ ਨਹੀਂ ਕੀਤਾ।
ਈਜਵਾ ਸੋਚਦੀ ਹੈ ਕਿ ਉਸ ਨੇ ਪਿਉ ਦੀ ਮੌਤ ਦੇ ਬਾਵਜੂਦ ਦਿਲ ਨਹੀਂ ਢਾਹਿਆ। ਪਰਿਵਾਰ ਦੀ ਸਭ ਤੋਂ ਵੱਡੀ ਮੈਂਬਰ ਹੋਣ ‘ਤੇ ਵੀ ਪਰਿਵਾਰ ਦੀ ਫਿਕਰ ਨਹੀਂ ਕੀਤੀ; ਜੇਕਰ ਫਿਕਰ ਕੀਤੀ ਹੈ ਤਾਂ ਦੇਸ਼ ਦੀ। ਦੇਸ਼ ਦੇ ਸੌ ਕਰੋੜ ਲੋਕਾਂ ਦੀ ਇੱਜ਼ਤ ਲਈ ਲਗਾਤਾਰ ਪੰਦਰਾਂ ਸਾਲ ਤੋਂ ਦੌੜਦੀ ਆ ਰਹੀ ਹੈ। ਦੇਸ਼ ਦੇ ਲੋਕਾਂ ਦੀ ਝੋਲੀ ‘ਚ ਸੈਂਕੜਿਆਂ ਦੀ ਗਿਣਤੀ ਵਿਚ ਤਗਮੇ ਜਿੱਤ ਕੇ ਪਾਏ ਨੇ। ਇਸ ਵਾਰ ਫਾਈਨਲ ਹੀਟ ਦੌੜਨ ਲਈ ਜਦੋਂ ਆਪਣੀ ਲੇਨ ਵਿਚ ਆਈ ਸੀ ਤਾਂ ਦਿਲ ਕਿੰਨਾ ਭਰਿਆ ਹੋਇਆ ਸੀ।
“ਪਿਆਰੀ ਮਿਤਰ ਈਜ਼ਾ, ਤੂੰ ਲੰਮੇ ਚਿਰ ਥੱਕ ਕਿਉਂ ਦੌੜਦੀ ਚਲੀ ਆ ਰਹੀ ਏਂ? ਹੁਣ ਤਾਂ ਆਪਣੇ ਦੇਸ਼ ਦੀ ਕਿਸੇ ਖੇਡ ਸੰਸਥਾ ਦੀ ਅਗਵਾਈ ਕਰ। ਕਿਸੇ ਉਚੇ ਅਹੁਦੇ ‘ਤੇ ਬੈਠ।” ਬਿਲਕੁਲ ਨਾਲ ਵਾਲੀ ਲੇਨ ਵਿਚ ਦੌੜਨ ਲਈ ਤਿਆਰ ਮਲੇਸ਼ਿਆਈ ਦੌੜਾਕ ਤਾਤਰੀਆ ਹੂਨ ਨੇ ਆਖਿਆ ਸੀ। ਹੂਨ ਪਿਛਲੀ ਵਾਰ ਉਸ ਤੋਂ ਹਾਰ ਕੇ ਰਨਰ-ਅੱਪ ਰਹੀ ਸੀ।
ਮਲੇਸ਼ਿਆਈ ਦੌੜਾਕ ਦੀ ਗੱਲ ਸੁਣ ਕੇ ਈਜਵਾ ਨੂੰ ਆਪਣੇ ਆਪ ‘ਤੇ ਤਰਸ ਆਇਆ ਸੀ। ਉਸ ਨੇ ਸਾਰੇ ਸਟੇਡੀਅਮ ਵਿਚ ਦੂਰ ਤੱਕ ਝਾਤੀ ਮਾਰੀ। ਵੱਖ-ਵੱਖ ਦੇਸ਼ਾਂ ਦੇ ਕੌਮੀ ਝੰਡੇ ਝੂਲ ਰਹੇ ਸਨ। ਤਿਰੰਗੇ ਝੰਡੇ ‘ਤੇ ਨਿਗਾਹ ਗਈ ਤਾਂ ਅੱਖਾਂ ਆਪ ਮੁਹਾਰੇ ਛਲਕ ਪਈਆਂ ਸਨ।
“ਆਪਣੇ ਤਿਰੰਗੇ ਦੀ ਸ਼ਾਨ ਲਈ!”
ਮਲੇਸ਼ਿਆਈ ਦੌੜਾਕ ਦੇ ਜੁਆਬ ‘ਚ ਉਹ ਬੱਸ ਇੰਨਾ ਬੋਲ ਸਕੀ ਸੀ। ਉਦੋਂ ਈਜਵਾ ਦਾ ਜੀਅ ਕੀਤਾ ਸੀ ਆਪਣੀ ਇਸ ਸਾਥਣ ਦੌੜਾਕ ਨੂੰ ਦੱਸੇ ਕਿ ਜਿਸ ਤਿਰੰਗੇ ਦੀ ਸ਼ਾਨ ਲਈ ਉਹ ਟਰੈਕ ‘ਤੇ ਖੂਨ ਪਸੀਨਾ ਵਹਾਉਂਦੀ ਹੈ, ਦੇਸ਼ ਦੇ ਅਧਿਕਾਰੀਆਂ ਨੂੰ ਉਸ ਤਿਰੰਗੇ ਦੀ ਕੋਈ ਫਿਕਰ ਨਹੀਂ। ਖੇਡ ਫੈਡਰੇਸ਼ਨਾਂ ਦੇ ਕਰਤੇ-ਧਰਤੇ ਤਾਂ ਕੇਵਲ ਪੈਸੇ ਪਿੱਛੇ ਦੌੜਦੇ ਨੇ। ਮਾਇਆ ਇਕੱਠੀ ਕਰਨ ਲਈ ਆਪਸ ਵਿਚ ਕੁੱਕੜਖੋਹ ਕਰਦੇ ਰਹਿੰਦੇ ਨੇ। ਖੇਡਾਂ ਦੇ ਨਾਂ ‘ਤੇ ਵਿਦੇਸ਼ਾਂ ਦੇ ਦੌਰੇ ਕਰਦੇ ਨੇ। ਵਿਦੇਸ਼ਾਂ ‘ਚੋਂ ਬੈਗ ਭਰ-ਭਰ ਮਹਿੰਗੀਆਂ ਚੀਜ਼ਾਂ ਲਿਜਾ-ਲਿਜਾ ਸਮਗਲਿੰਗ ਕਰਦੇ ਨੇ। ਟੂਰ ਪਾਉਂਦੇ ਨੇ ਤੇ ਬੱਸ। ਨਵੀਆਂ ਪ੍ਰਤਿਭਾਵਾਂ ਦੀ ਤਲਾਸ਼ ਕਰਨ ਵੱਲ ਉਨ੍ਹਾਂ ਦਾ ਕੋਈ ਧਿਆਨ ਨਹੀਂ। ਉਹ ਆਪਣੇ ਦੇਸ਼ ਦੀ ਲਾਜ ਰੱਖਣ ਲਈ ਦੌੜਦੀ ਜਾ ਰਹੀ ਹੈ। ਜਨ-ਗਨ-ਮਨ ਦੀ ਧੁਨ ਸਟੇਡੀਅਮ ਵਿਚ ਗੁੰਜਾਉਣ ਲਈ।
ਈਜਵਾ ਸੋਚਦੀ ਹੈ-ਉਹ ਤਾਂ ਜਿੱਤਣ ਲਈ ਹੀ ਦੌੜੀ ਸੀ, ਜੇ ਮੈਡਲ ਨਹੀਂ ਜਿੱਤ ਸਕੀ ਤਾਂ ਉਸ ਬਾਰੇ ਬੁਰੇ-ਭਲੇ ਆਰਟੀਕਲ ਲਿਖੇ ਜਾ ਰਹੇ ਹਨ। ਇੱਕ ਖਾਸ ਕਿਸਮ ਦੀ ਪ੍ਰੈੱਸ ਵੱਲੋਂ ਤਾਂ ਉਸ ਨੂੰ ਬੁਰੀ ਤਰ੍ਹਾਂ ਨਿਸ਼ਾਨਾ ਬਣਾਇਆ ਗਿਆ। ਉਸ ਨੂੰ ਫਿਲਪ ਈਜਵਾ ਦੀ ਥਾਂ ਫਲਾਪ ਈਜਵਾ ਲਿਖ-ਲਿਖ ਚਿੜਾਇਆ ਗਿਆ। ਉਸ ਨੇ ਤਾਂ ਕਦੇ ਆਪਣੇ ਧਰਮ ਬਾਰੇ ਸੋਚਿਆ ਹੀ ਨਹੀਂ ਸੀ, ਉਹ ਤਾਂ ਖੇਡ ਨੂੰ ਹੀ ਧਰਮ ਸਮਝਦੀ ਆਈ ਸੀ ਪ੍ਰੰਤੂ ਹੁਣ ਉਸ ਦੀ ਜਾਤ ਅਤੇ ਧਰਮ ਤੱਕ ਨੂੰ ਵੀ ਨਹੀਂ ਬਖਸ਼ਿਆ ਗਿਆ। ਇਹ ਕੋਈ ਛੋਟਾ-ਮੋਟਾ ਮੁਕਾਬਲਾ ਤਾਂ ਨਹੀਂ ਸੀ, ਅੰਤਰਰਾਸ਼ਟਰੀ ਮੁਕਾਬਲਾ ਸੀ ਜਿਸ ‘ਚ ਉਹ ਚੌਥੇ ਨੰਬਰ ‘ਤੇ ਆਈ ਹੈ। ਕਿੰਨੇ ਦੇਸ਼ਾਂ ਦੀਆਂ ਖਿਡਾਰਨਾਂ ਨੂੰ ਪਛਾੜ ਕੇ ਉਹ ਫਾਈਨਲ ਹੀਟ ਵਿਚ ਪੁੱਜੀ ਅਤੇ ਫੇਰ ਚੌਥਾ ਸਥਾਨ ਹਾਸਲ ਕੀਤਾ; ਇਹ ਸੰਘਰਸ਼ ਕਿਸੇ ਨੂੰ ਕਿਉਂ ਦਿਖਾਈ ਨਹੀਂ ਦਿੰਦਾ? ਉਸ ਨੇ ਤਾਂ ਟਰੈਕ ‘ਤੇ ਖੂਨ ਪਸੀਨਾ ਵਹਾਉਂਦਿਆਂ ਸੋਚਿਆ ਸੀ ਕਿ ਉਸ ਬਾਰੇ ਵੱਡੇ-ਵੱਡੇ ਲੇਖ ਲਿਖੇ ਜਾਣਗੇ। ਬਿਲਕੁਲ ਉਸੇ ਤਰ੍ਹਾਂ ਜਿਵੇਂ ਚਾਰ ਸਾਲ ਪਹਿਲਾਂ ਉਸ ਦੇ ਜਿੱਤ ਕੇ ਆਉਣ ‘ਤੇ ਲਿਖੇ ਗਏ ਸਨ। ਉਦੋਂ ਕਿਸੇ ਨੇ ਉਡਣ ਪਰੀ, ਕਿਸੇ ਨੇ ਹਵਾ ਦੀ ਰਾਣੀ, ਕਿਸੇ ਨੇ ਫਲਾਈਂਗ ਮੇਲ ਅਤੇ ਕਿਸੇ ਨੇ ਸ਼ਤਾਬਦੀ ਐਕਸਪ੍ਰੈੱਸ ਲਿਖਿਆ ਸੀ।
ਫਿਲਪ ਈਜਵਾ ਨੂੰ ਉਮੀਦ ਸੀ, ਉਸ ਬਾਰੇ ਅੱਗੇ ਵਾਂਗ ਵੱਡੇ-ਵੱਡੇ ਲੇਖ ਲਿਖੇ ਜਾਣਗੇ ਜਿਨ੍ਹਾਂ ਵਿਚ ਦੇਸ਼ ਦੇ ਨੌਜੁਆਨ ਖਿਡਾਰੀਆਂ-ਖਿਡਾਰਨਾਂ ਨੂੰ ਉਸ ਤੋਂ ਪ੍ਰੇਰਨਾ ਲੈਣ ਲਈ ਕਿਹਾ ਜਾਵੇਗਾ। ਉਸ ਦੀਆਂ ਦੇਸ਼ ਮੋਹ ਦੀਆਂ ਅਸੀਮ ਭਾਵਨਾਵਾਂ ਬਾਰੇ ਵਿਖਿਆਨ ਹੋਣਗੇ। ਦੇਸ਼ ਦੀ ਪ੍ਰੈਸ ਲਿਖੇਗੀ ਕਿ ਐਨੀ ਉਮਰ ਦੇ ਹੋਣ ਦੇ ਬਾਵਜੂਦ ‘ਮਹਾਨ ਔਰਤ ਫਿਲਪ ਈਜਵਾ’ ਦੇਸ਼ ਦੀ ਆਨ-ਸ਼ਾਨ ਖਾਤਰ ਟਰੈਕ ‘ਤੇ ਖੂਨ ਡੋਲ੍ਹ ਰਹੀ ਹੈ। ਉਸ ਦੇ ਚੌਥੇ ਨੰਬਰ ‘ਤੇ ਆਉਣ ਨੂੰ ਵੀ ਮਹਾਨ ਉਪਲਬਧੀ ਕਰਾਰ ਦਿੱਤਾ ਜਾਵੇਗਾ। ਉਸ ਦੀ ਖੇਡ ਭਾਵਨਾ ਦੇ ਗੁਣਗਾਨ ਹੋਣਗੇ ਅਤੇ ਲਗਾਤਾਰ ਦੌੜਦੀ ਰਹਿਣ ਦੀਆਂ ਭਾਵੁਕ ਅਪੀਲਾਂ ਹੋਣਗੀਆਂ।
ਫਿਲਪ ਈਜਵਾ ਨੂੰ ਉਮੀਦ ਨਹੀਂ ਸੀ ਕਿ ਖੇਡ ਮੁਕਾਬਲੇ ਤੋਂ ਪਰਤਦਿਆਂ ਹਵਾਈ ਅੱਡੇ ‘ਤੇ ਉਸ ਨਾਲ ਅਜਿਹਾ ਵਿਹਾਰ ਕੀਤਾ ਜਾਵੇਗਾ। ਚਾਰ ਸਾਲ ਪਹਿਲਾਂ ਉਸ ਨੂੰ ਹੀਰੋ ਵਾਂਗ ਸਨਮਾਨ ਦਿੱਤਾ ਗਿਆ ਸੀ। ਉਸ ਦੀ ਜਿੱਤ ਦੇ ਕੁਝ ਘੰਟਿਆਂ ਦੇ ਵਿਚ ਹੀ ਦੇਸ਼ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਤੇ ਖੇਡ ਮੰਤਰੀ ਉਸ ਨੂੰ ਹਵਾਈ ਅੱਡੇ ਤੋਂ ਲੈਣ ਲਈ ਪਹੁੰਚੇ ਸਨ। ਖੇਡ ਅਧਿਕਾਰੀਆਂ, ਲੀਡਰਾਂ ਅਤੇ ਅਜਿਹੇ ਹੋਰ ਕਰਤਿਆਂ-ਧਰਤਿਆਂ ਵਲੋਂ ਉਸ ਨੂੰ ਹਾਰਾਂ ਨਾਲ ਲੱਦ ਦਿੱਤਾ ਗਿਆ ਸੀ। ਪੱਤਰਕਾਰਾਂ, ਟੈਲੀਵਿਜ਼ਨ ਵਾਲਿਆਂ ਅਤੇ ਮੀਡੀਆ ਨਾਲ ਸਬੰਧਿਤ ਲੋਕਾਂ ਨੇ ਉਸ ਦੀ ਇੰਟਰਵਿਊ ਕਰਨ ਲਈ ਘੇਰਾ ਪਾਈ ਰੱਖਿਆ ਸੀ। ਜਦੋਂ ਉਸ ਨੂੰ ਪੁੱਛਿਆ ਸੀ ਕਿ ਉਹ ਆਪਣੀ ਇਸ ਮਹਾਨ ਜਿੱਤ ਲਈ ਸਿਹਰਾ ਕਿਸ ਨੂੰ ਦਿੰਦੀ ਹੈ ਤਾਂ ਉਸ ਨੇ ਨਿਉਂ ਕੇ ਧਰਤੀ ਤੋਂ ਮਿੱਟੀ ਚੁੱਕ ਮੱਥੇ ਨਾਲ ਲਾਉਂਦਿਆਂ, “ਆਪਣੀ ਇਸ ਮਾਂ ਭੂਮੀ ਨੂੰ!” ਆਖਿਆ ਸੀ। ਅੱਖਾਂ ‘ਚੋਂ ਛਲਕਦੇ ਖੁਸ਼ੀ ਦੇ ਅੱਥਰੂ ਕੈਮਰਿਆਂ ‘ਚ ਕੈਦ ਹੋ ਗਏ ਸਨ। ਪ੍ਰਸੰਸਕਾਂ ਦੀ ਭਾਰੀ ਭੀੜ ਉਸ ਦੇ ਨਾਂ ਦੇ ਨਾਅਰੇ ਲਾ ਰਹੀ ਸੀ। ਲੋਕਾਂ ਦੇ ਸਨੇਹ ਦਾ ਹੱਥ ਹਿਲਾ-ਹਿਲਾ ਜੁਆਬ ਦਿੰਦਿਆਂ ਉਸ ਦੀਆਂ ਬਾਹਾਂ ਥੱਕ ਗਈਆਂ ਸਨ। ਬੜੀ ਮੁਸ਼ਕਿਲ ਨਾਲ ਸੁਰੱਖਿਆ ਅਧਿਕਾਰੀਆਂ ਨੇ ਉਸ ਨੂੰ ਭਾਰੀ ਭੀੜ ‘ਚੋਂ ਕੱਢਿਆ ਸੀ।
ਪਰ ਇਸ ਵਾਰ? ਇਸ ਵਾਰ ਤਾਂ ਉਸ ਦੇ ਦਿਲ ਅਤੇ ਦਿਮਾਗ ਨੂੰ ਗਹਿਰਾ ਸਦਮਾ ਲੱਗਾ ਸੀ। ਕਿਸੇ ਖੇਡ ਅਧਿਕਾਰੀ ਜਾਂ ਚੌਧਰੀ ਨੇ ਉਸ ਵੱਲ ਧਿਆਨ ਹੀ ਨਹੀਂ ਸੀ ਦਿੱਤਾ। ਖਿਡਾਰੀਆਂ ਨੂੰ ਏਅਰਪੋਰਟ ‘ਤੇ ਲੈਣ ਪੁੱਜੇ ਅਧਿਕਾਰੀਆਂ ਜਿਨ੍ਹਾਂ ‘ਚੋਂ ਵਧੇਰੇ ਚਾਰ ਸਾਲ ਪਹਿਲਾਂ ਵਾਲੇ ਹੀ ਸਨ, ਵਾਸਤੇ ਉਹ ਕੋਈ ਸਾਧਾਰਨ ਔਰਤ ਸੀ। ਸਿਰਫ ਇੱਕ ਅਧਿਕਾਰੀ ਨੇ ਰੁਟੀਨ ਮੁਤਾਬਕ ਹਲਕਾ ਜਿਹਾ ਮੁਸਕਰਾ ਕੇ ਉਸ ਦੇ ਗਲ ਵਿਚ ਹਾਰ ਪਾ ਦਿੱਤਾ ਸੀ, ਜਿਵੇਂ ਏਅਰਪੋਰਟ ‘ਤੇ ਪੁੱਜੇ ਬਾਕੀ ਖਿਡਾਰੀਆਂ ਦੇ ਪਾਇਆ ਸੀ। ਪੱਤਰਕਾਰ ਜਾਂ ਮੀਡੀਆ ਦੇ ਕਿਸੇ ਬੰਦੇ ਨੇ ਉਸ ਨਾਲ ਗੱਲ ਕਰਨੀ ਯੋਗ ਨਹੀ ਸੀ ਸਮਝੀ। ਸਾਰੇ ਖੇਡ ਅਧਿਕਾਰੀ 800 ਮੀਟਰ ਵਿਚੋਂ ਸੋਨ ਤਮਗਾ ਜਿੱਤਣ ਵਾਲੀ ਨੌਜੁਆਨ ਖਿਡਾਰਨ ‘ਰਮਨ ਸਰਕਾਰ’ ਵੱਲ ਉਲਰ ਗਏ ਸਨ। ਰਮਨ ਦਾ ਉਸ ਤਰ੍ਹਾਂ ਦਾ ਸਵਾਗਤ ਤਾਂ ਭਾਵੇਂ ਨਹੀਂ ਸੀ ਕੀਤਾ ਗਿਆ ਜਿਹੋ ਜਿਹਾ ਚਾਰ ਸਾਲ ਪਹਿਲਾਂ ਉਸ ਦਾ ਹੋਇਆ ਸੀ, ਫੇਰ ਵੀ ਸੰਤੁਸ਼ਟੀਜਨਕ ਸੀ। ਬਾਕੀ ਅਥਲੀਟ ਜਿਵੇਂ ਬੌਣੇ ਹੋ ਕੇ ਰਹਿ ਗਏ ਸਨ। ਰਮਨ ਸਰਕਾਰ ਹੱਥ ਹਿਲਾ-ਹਿਲਾ ਆਪਣੇ ਸਨੇਹੀਆਂ ਦਾ ਜੁਆਬ ਦੇ ਰਹੀ ਸੀ।
ਆਪਣੇ ਸਾਥੀ ਅਥਲੀਟ ਦੀ ਅਜਿਹੀ ਪ੍ਰਾਪਤੀ ‘ਤੇ ਈਜਵਾ ਨੂੰ ਅੰਦਰੇ-ਅੰਦਰ ਖੁਸ਼ੀ ਤਾਂ ਮਹਿਸੂਸ ਹੋਈ ਪਰ ਇਹ ਖੁਸ਼ੀ ਉਸ ਦੇ ਚਿਹਰੇ ਤੱਕ ਨਾ ਪੁੱਜ ਸਕੀ। ਉਹ ਤਾਂ ਅਗਲੇ ਚਾਰ ਸਾਲਾਂ ਬਾਰੇ ਸੋਚਣ ਲੱਗੀ ਸੀ ਕਿ ਜੇਕਰ ਰਮਨ ਅਗਲੀ ਵਾਰ ਮੇਰੇ ਵਾਂਗ ਖਾਲੀ ਹੱਥ ਪਰਤ ਆਈ, ਉਸ ਨੂੰ ਤਾਂ ਕੋਈ ਪਛਾਣੇਗਾ ਵੀ ਨਹੀਂ। ਉਸ ਵਕਤ ਰਮਨ ਸਰਕਾਰ ਦਾ ਦਿਲ ਕਿੰਨਾ ਦੁਖੀ ਹੋਵੇਗਾ!
ਫਿਲਪ ਈਜਵਾ ਨੇ ਦੀਵਾਰ ‘ਤੇ ਲਟਕਦੀਆਂ ਆਪਣੀਆਂ ਸਨਮਾਨ ਵਾਲੀਆਂ ਤਸਵੀਰਾਂ ਵੱਲ ਵੇਖਿਆ। ਅੱਜ ਤੋਂ ਚਾਰ ਸਾਲ ਪਹਿਲਾਂ ਜਦੋਂ ਉਹ ਤਗਮਿਆਂ ਦਾ ਰੁੱਗ ਭਰ ਕੇ ਲਿਆਈ ਸੀ, ਪੂਰੇ ਦੇਸ਼ ਅੰਦਰ ਉਸ ਨੂੰ ਵੱਖ-ਵੱਖ ਸੰਸਥਾਵਾਂ ਨੇ ਸਨਮਾਨਿਤ ਕੀਤਾ ਸੀ। ਸਨਮਾਨ ਸਮਾਰੋਹਾਂ ਦਾ ਤਾਂ ਜਿਵੇਂ ਹੜ੍ਹ ਹੀ ਆ ਗਿਆ ਸੀ। ਉਸ ਨੇ ਕਿਸੇ ਵੀ ਸੰਸਥਾ ਦਾ ਦਿਲ ਨਹੀਂ ਸੀ ਤੋੜਿਆ। ਨਿੱਕਾ-ਵੱਡਾ ਹਰ ਤਰ੍ਹਾਂ ਦਾ ਸਨਮਾਨ ਪ੍ਰਾਪਤ ਕਰਨ ਵਿਚ ਅਥਾਹ ਖੁਸ਼ੀ ਮਹਿਸੂਸ ਕੀਤੀ ਸੀ। ਪੂਰੇ ਦੇਸ਼ ਅੰਦਰ ਉਸ ਵਕਤ ਜਿਵੇਂ ਈਜਵਾ ਲਹਿਰ ਚੱਲੀ ਹੋਵੇ। ਕਿਸੇ ਸੂਬੇ ਦੀ ਖੇਡ ਸੰਸਥਾ ਨੇ ਉਸ ਨੂੰ ‘ਹਿੰਦੁਸਤਾਨ ਦੀ ਧੀ’, ਕਿਸੇ ਨੇ ‘ਪੂਰਬ ਦੀ ਧੀ’, ਕਿਸੇ ਨੇ ‘ਭਾਰਤ ਕੀ ਬੇਟੀ’, ਤੇ ਕਿਸੇ ਸੰਸਥਾ ਨੇ ‘ਝਾਂਸੀ ਦੀ ਰਾਣੀ’ ਸਨਮਾਨ ਦੇ ਕੇ ਉਸ ਨੂੰ ਨਿਵਾਜਿਆ ਸੀ। ਉਸ ਦੇ ਪਹੁੰਚਣ ‘ਤੇ ‘ਈਜਵਾ ਤੂੰ ਮਹਾਨ ਹੈਂ, ਭਾਰਤ ਦੇਸ਼ ਦੀ ਸ਼ਾਨ ਹੈਂ’ ਵਰਗੇ ਨਾਅਰੇ ਲਾਏ ਜਾਂਦੇ ਸਨ। ਢੇਰਾਂ ਦੇ ਢੇਰ ਮਮੈਂਟੋ ਉਸ ਕੋਲ ਇਕੱਠੇ ਹੋ ਗਏ ਸਨ। ਬੜਾ ਰੁਝੇਵਾਂ ਹੋ ਗਿਆ ਸੀ ਜਿਸ ਕਰਕੇ ਅਭਿਆਸ ਲਈ ਵੀ ਮੁਸ਼ਕਿਲ ਨਾਲ ਸਮਾਂ ਕੱਢਣਾ ਪੈਂਦਾ ਸੀ। ਕਿੱਥੇ ਗਏ ਉਹ ਦਿਨ? ਕੋਈ ਜ਼ਿਆਦਾ ਸਮਾਂ ਤਾਂ ਬੀਤਿਆ ਵੀ ਨਹੀਂ। ਕਿੰਨਾ ਹੌਲਾ ਚੇਤਾ ਹੈ ਲੋਕਾਂ ਦਾ। ਉਸ ਦੀਆਂ ਪ੍ਰਾਪਤੀਆਂ ਨੂੰ ਇੰਨੀ ਜਲਦੀ ਭੁਲਾ ਦਿੱਤਾ ਗਿਆ?
ਈਜਵਾ ਦੇ ਚਿਹਰੇ ‘ਤੇ ਵਿਅੰਗਮਈ ਮੁਸਕਾਨ ਆ ਗਈ। ਭਾਰਤ ਦੇ ਲੋਕ ਖਿਡਾਰੀਆਂ, ਲਿਖਾਰੀਆਂ, ਕਲਾਕਾਰਾਂ ਨਾਲ ਵੀ ਸਿਆਸਤਦਾਨਾਂ ਵਾਂਗ ਹੀ ਵਰਤਾਓ ਕਰਦੇ ਨੇ। ਜੇ ਕਿਸੇ ਚੋਣ ਵਿਚ ਕਿਸੇ ਨੇਤਾ ਨੂੰ ਭਾਰੀ ਜਿੱਤ ਦੇ ਦਿੰਦੇ ਨੇ ਤਾਂ ਫੇਰ ਉਸੇ ਨੂੰ ਅਗਲੀ ਚੋਣ ‘ਚ ਅਜਿਹੀ ਧੂੜ ਵੀ ਚਟਾ ਦਿੰਦੇ ਨੇ ਕਿ ਉਸ ਦਾ ਕਿਧਰੇ ਨਾਂ ਵੀ ਸੁਣਾਈ ਨਹੀਂ ਦਿੰਦਾ। ਬੱਸ ਇਤਿਹਾਸ ਬਣ ਕੇ ਰਹਿ ਜਾਂਦਾ ਹੈ ਉਹ ਨੇਤਾ। ਈਜਵਾ ਦੁਖੀ ਹੈ ਕਿ ਉਸ ਨੂੰ ਨੇਤਾਵਾਂ ਵਾਂਗ ਚਾਰ ਸਾਲਾਂ ਬਾਅਦ ਲੋਕਾਂ ਵਲੋਂ ਕਿਉਂ ਦਰਕਿਨਾਰ ਕਰ ਦਿੱਤਾ ਗਿਆ। ਖਿਡਾਰੀ ਤੇ ਨੇਤਾ ਵਿਚ ਕੀ ਸਮਾਨਤਾ? ਇੱਕ ਦੇਸ਼ ਨੂੰ ਚੂੰਡ-ਚੂੰਡ ਖਾਂਦਾ ਹੈ, ਦੂਜਾ ਦੇਸ਼ ਦੀ ਸ਼ਾਨ ਲਈ ਤੁਪਕਾ-ਤੁਪਕਾ ਕਰ ਕੇ ਆਪਣਾ ਖੂਨ ਵਹਾ ਦਿੰਦਾ ਹੈ। ਲੋਕ ਖਿਡਾਰੀਆਂ ਨਾਲ ਵੀ ਅਜਿਹਾ ਵਰਤਾਓ ਕਿਉਂ ਕਰਦੇ ਨੇ? ਫਿਲਪ ਈਜਵਾ ਦਿਮਾਗ ‘ਤੇ ਜ਼ੋਰ ਪਾਉਂਦੀ ਰਹੀ ਪ੍ਰੰਤੂ ਇਸ ਸੁਆਲ ਦਾ ਜੁਆਬ ਉਸ ਨੂੰ ਨਾ ਮਿਲਿਆ।
ਬਚਪਨ ਤੋਂ ਲੈ ਕੇ ਹੁਣ ਤੱਕ ਭੋਗੇ ਦੁੱਖ ਤੇ ਜ਼ਲਾਲਤਾਂ ਈਜਵਾ ਦੀਆਂ ਅੱਖਾਂ ਅੱਗੋਂ ਲੰਘ ਗਏ। ਉਸ ਦੀਆਂ ਅੱਖਾਂ ਅੱਗੇ ਉਹ ਦ੍ਰਿਸ਼ ਸਾਕਾਰ ਹੋ ਗਿਆ ਜਦੋਂ ਉਹ ਹਾਲੇ ਸੱਤ ਕੁ ਵਰ੍ਹਿਆਂ ਦੀ ਬਾਲੜੀ ਸੀ। ਉਸ ਦੇ ਪਿਤਾ ਪੁਸ਼ਪ੍ਰਯਾਂਤ ਨੂੰ ਪਿੰਡ ਦੇ ਮੁਖੀਏ ਵਲੋਂ ਬੇਤਹਾਸ਼ਾ ਮਾਰਿਆ ਗਿਆ ਸੀ। ਉਸ ਦਾ ਕਸੂਰ ਬੱਸ ਇੰਨਾ ਕੁ ਸੀ ਕਿ ਉਸ ਨੇ ਪਿੰਡ ਦੇ ਸਾਂਝੇ ਤਲਾਬ ਵਿਚੋਂ ਪੀਣ ਵਾਲਾ ਪਾਣੀ ਭਰ ਲਿਆ ਸੀ। ਮੁਖੀਆ ਭਰੇ ਇਕੱਠ ‘ਚ ਪਿਤਾ ਨੂੰ ਸੋਟੀਆਂ, ਕੋੜਿਆਂ ਅਤੇ ਜੁੱਤੀਆਂ ਨਾਲ ਕੁੱਟਦਾ ਰਿਹਾ ਪਰ ਕਿਸੇ ਨੇ ਉਸ ਨੂੰ ਬਚਾਉਣ ਲਈ ਆਵਾਜ਼ ਤੱਕ ਨਹੀਂ ਸੀ ਲਗਾਈ। ਮੁਖੀਆ ਉਸ ਦੇ ਬਾਪ ਨੂੰ ਉਨਾ ਚਿਰ ਤੱਕ ਕੁੱਟਣੋਂ ਨਹੀਂ ਸੀ ਹਟਿਆ ਜਿੰਨਾ ਚਿਰ ਤਕ ਉਹ ਬੇਹੋਸ਼ ਨਹੀਂ ਸੀ ਹੋ ਗਿਆ। ਆਪਣੇ ਪਤੀ ਨੂੰ ਬਚਾਉਣ ਲਈ ਵਾਰ-ਵਾਰ ਉਸ ਉਪਰ ਡਿੱਗ ਪੈਂਦੀ ਮਾਂ ਈਜਵਾ ਨੂੰ ਦਿਖਾਈ ਦਿੰਦੀ ਹੈ।
ਈਜਵਾ ਨੂੰ ਆਪਣੀ ਮਾਂ ਨਾਲ ਹੋਈ ਧੱਕੇਸ਼ਾਹੀ ਵੀ ਯਾਦ ਆਈ। ਪਿੰਡ ਦੇ ਕੁਝ ਜਗੀਰਦਾਰ ਮੁੰਡਿਆਂ ਨੇ ਖੇਤਾਂ ਵਿਚੋਂ ਧਾਨ ਦੀ ਚੋਰੀ ਦਾ ਬਹਾਨਾ ਬਣਾ ਕੇ ਉਸ ਨਾਲ ਖਿੱਚ-ਧੂਹ ਕੀਤੀ ਸੀ। ਈਜਵਾ ਅਸਲ ਗੱਲ ਜਾਣਦੀ ਸੀ ਕਿ ਮਾਂ ਨੇ ਆਪਣਾ ਆਪ ਉਨ੍ਹਾਂ ਨੂੰ ਨਹੀਂ ਸੀ ਸੌਂਪਿਆ।
ਅੱਜ ਤਾਂ ਈਜਵਾ ਦਾ ਜਿਵੇਂ ਅੰਦਰ ਹੀ ਕੁਰੇਦਿਆ ਗਿਆ। ਉਸ ਦੀਆਂ ਅੱਖਾਂ ਅੱਗੇ ਪ੍ਰਾਇਮਰੀ ਸਕੂਲ ਦੇ ਦਿਨ ਆ ਖਲੋਤੇ। ਪੰਜਵੀਂ ਜਮਾਤ ਵਿਚ ਪੜ੍ਹਦਿਆਂ ਉਸ ਨੇ ਸਕੂਲਾਂ ਦੀਆਂ ਸਾਲਾਨਾ ਖੇਡਾਂ ਸਮੇਂ ਜਿ਼ਲ੍ਹੇ ‘ਚੋਂ ਪਹਿਲਾ ਸਥਾਨ ਹਾਸਲ ਕਰ ਲਿਆ ਸੀ। ਚਾਅ ਵਿਚ ਕਈ ਦਿਨ ਉਸ ਦੇ ਪੈਰ ਧਰਤੀ ‘ਤੇ ਨਹੀਂ ਸਨ ਲੱਗੇ। ਸਕੂਲ ਦੇ ਸਲਾਨਾ ਫੰਕਸ਼ਨ ਵਾਲੇ ਦਿਨ ਖੇਡਾਂ ਦੇ ਜੇਤੂਆਂ ਨੂੰ ਇਨਾਮ ਅਤੇ ਸਰਟੀਫਿਕੇਟ ਵੰਡਣ ਲਈ ਜਿ਼ਲ੍ਹਾ ਸਿੱਖਿਆ ਅਫਸਰ ਨੂੰ ਬੁਲਾਇਆ ਗਿਆ ਸੀ। ਉਹ ਆਪਣੇ ਘਸੇ ਪੁਰਾਣੇ ਕੱਪੜਿਆਂ ਨੂੰ ਧੋ ਸੰਵਾਰ ਕੇ ਸਕੂਲ ਪਾ ਕੇ ਆਈ ਸੀ। ਉਸ ਨੂੰ ਉਮੀਦ ਸੀ ਕਿ ਸਭ ਤੋਂ ਪਹਿਲਾਂ ਉਸੇ ਦਾ ਨਾਂ ਇਨਾਮ ਲੈਣ ਲਈ ਬੋਲਿਆ ਜਾਵੇਗਾ। ਜਿ਼ਲ੍ਹਾ ਸਿੱਖਿਆ ਅਫਸਰ ਉਸ ਦੀ ਪਿੱਠ ਥਾਪੜਦਿਆਂ ਇਨਾਮ ਅਤੇ ਸਰਟੀਫਿਕੇਟ ਦੇਣਗੇ। ਸਕੂਲ ਦੇ ਸਾਰੇ ਬੱਚੇ ਅਤੇ ਅਧਿਆਪਕ ਕਿੰਨਾ ਚਿਰ ਤਾੜੀਆਂ ਮਾਰਦੇ ਰਹਿਣਗੇ। ਈਜਵਾ ਹੈਰਾਨ ਰਹਿ ਗਈ ਸੀ। ਉਸ ਦਾ ਅਖੀਰ ਤਕ ਕਿਸੇ ਨੇ ਨਾਂ ਨਹੀਂ ਸੀ ਲਿਆ। ਉਸ ਦਾ ਬਣਦਾ ਇਨਾਮ ਸਕੂਲ ਵਿਚ ਪੜ੍ਹਾਉਂਦੇ ਮਾਸਟਰ ਦੀ ਉਸ ਕੁੜੀ ਨੂੰ ਦੇ ਦਿੱਤਾ ਸੀ ਜੋ ਕਦੇ ਖੇਡ ਗਰਾਊਂਡ ਦੇ ਨੇੜਿਓਂ ਵੀ ਨਹੀਂ ਸੀ ਲੰਘੀ। ਉਸ ਦੇ ਬਾਲ ਮਨ ਨੂੰ ਕਿੰਨੀ ਠੇਸ ਲੱਗੀ ਸੀ, ਸ਼ਾਇਦ ਕੋਈ ਨਹੀਂ ਜਾਣ ਸਕਦਾ। ਘਰ ਆ ਕੇ ਕਿੰਨਾ ਚਿਰ ਰੋਂਦੀ ਰਹੀ ਸੀ। ਮਾਂ ਅਤੇ ਪਿੰਜਰ ਜਿਹਾ ਬਾਪ ਉਸ ਨਾਲ ਲਾਡ-ਦੁਲਾਰ ਕਰਦਿਆਂ ਚੁੱਪ ਕਰਾਉਂਦੇ ਆਪਣੇ ਛੋਟੀ ਜਾਤ ਵਿਚ ਜਨਮ ਲੈਣ ਕਾਰਨ ਕਰਮਾਂ ਨੂੰ ਕੋਸਦੇ ਰਹੇ ਸਨ।
ਫਿਲਪ ਈਜਵਾ ਨੂੰ ਹਾਈ ਸਕੂਲ ਦੀ ਪੜ੍ਹਾਈ ਦੇ ਦਿਨ ਵੀ ਚੇਤੇ ਆਏ। ਉਹ ਖੇਡਾਂ ਲਈ ਰਾਖਵੇਂ ਪੀਰੀਅਡ ਤੋਂ ਇਲਾਵਾ, ਜਦੋਂ ਵੀ ਕਦੇ ਵਕਤ ਮਿਲਦਾ, ਸਕੂਲ ਦੇ ਰੋੜਾਂ ਤੇ ਕੰਡਿਆਂ ਨਾਲ ਭਰੇ ਉਗੜ-ਦੁਗੜੇ ਟਰੈਕ ਦੇ ਗੇੜੇ ਲਾਉਣ ਲੱਗ ਜਾਂਦੀ ਸੀ। ਛੁੱਟੀ ਤੋਂ ਬਾਅਦ ਵੀ ਕਿੰਨਾ-ਕਿੰਨਾ ਚਿਰ ਖੇਡ ਮੈਦਾਨ ‘ਚ ਪ੍ਰੈਕਟਿਸ ਕਰਦੀ। ਸਕੂਲ ਦੀ ਗਰਾਊਂਡ ਵਿਚ ਦੌੜਦੀ ਨੂੰ ਟਿਚਕਰਾਂ ਸੁਣਨੀਆਂ ਪੈਂਦੀਆਂ ਸਨ। ਕੱਸਵੇਂ ਫਿਕਰਿਆਂ ਦਾ ਸ਼ਿਕਾਰ ਹੋਣਾ ਪੈਂਦਾ। ਅਜਿਹੇ ਕੱਸਵੇਂ ਫਿਕਰੇ ਆਪਣੇ ‘ਸ਼ੁੱਧ ਖੂਨ’ ਹੋਣ ਦਾ ਘੁਮੰਡ ਕਰਦੇ ਸਕੂਲ ਦੇ ਅਮੀਰਜ਼ਾਦਿਆਂ ਵਲੋਂ ਹੀ ਨਹੀਂ, ਕਈ ਅਧਿਆਪਕਾਂ ਵਲੋਂ ਵੀ ਕੱਸੇ ਜਾਂਦੇ ਸਨ। ਇੱਕ ਮਾਸਟਰ ਤਾਂ ਉਸ ਦੀ ਪਿੱਠ ਪਿੱਛੇ ਆਖਦਾ, ‘ਸਹੁਰੀ ਦੀ ਕਮਜਾਤ ਹਿਰਨ ਵਾਂਗੂੰ ਚੁੰਗੀਆਂ ਭਰਦੀ ਏ…ਦੇਖੋ ਕਿਵੇਂ ਗਰਾਊਂਡ ‘ਚ ਟੱਪਦੀ ਫਿਰਦੀ…ਐਵੇਂ ਲੱਤਾਂ ਚੌੜੀਆਂ ਕਰਦੀ ਏ, ਇਸ ਤੋਂ ਚੰਗਾ ਨਹੀਂ ਕਿ ਕਿਸੇ ਸਾਡੇ ਵਰਗੇ ਨਾਲ ਮੌਜਾਂ ਮਾਣੇਂ।’
‘ਕੁਜਾਤ ਕੁਝ ਵਧੇਰੇ ਮੱਛਰ ਗਈ ਏ…ਪ੍ਰਯਾਂਤੀ ਦੇ ਝੌਂਪੜ ਨੂੰ ਸੋਨੇ ਦੇ ਮੈਡਲਾਂ ਨਾਲ ਭਰਨ ਦੇ ਸੁਪਨੇ ਲੈਣ ਲੱਗੀ ਏ।’ ਕੋਈ ਹੋਰ ਉਸ ਨੂੰ ਸੁਣਾ ਕੇ ਆਖਦਾ, ‘ਦੌੜ ਰਹੀ ਏ? ਅੱਛੀ ਗੱਲ ਏ। ਹੱਡ ਮਜ਼ਬੂਤ ਹੋ ਰਹੇ ਨੇ…ਇਹ ਤਸੱਲੀ ਵਾਲੀ ਗੱਲ ਏ-ਫਿਲਪੀ ਦੌੜੀ ਚੱਲ। ਲੱਤਾਂ ਤੇ ਹਿੱਕ ਮਜ਼ਬੂਤ ਕਰ…ਅਸਾਨੂੰ ਇਸ ਦਾ ਇੰਤਜ਼ਾਰ ਏ।’
ਉਦੋਂ ਉਸ ਦਾ ਜੀਅ ਕਰਦਾ ਅਜਿਹੇ ਹੋਛੇ ਨਵਾਬਜ਼ਾਦਿਆਂ ਦੇ ਮੂੰਹ ਨੋਚ ਲਏ ਪਰ ਉਹ ਅਜਿਹੇ ਫਿਕਰੇ ਸੁਣ ਕੇ ਵੀ ਅਣਸੁਣੇ ਕਰ ਦਿੰਦੀ।
ਈਜਵਾ ਸੋਚ ਰਹੀ ਕਿ ਉਨ੍ਹਾਂ ਦਿਨਾਂ ਨੂੰ ਭਲਾ ਕਿਵੇਂ ਭੁੱਲਾ ਸਕਦੀ ਹੈ? ਉਸ ਦੇ ਭਰਾਵਾਂ ਨੂੰ ਵੀ ਭੱਦੇ, ਹੋਛੇ ਤੇ ਦਿਲ ਸਾੜ ਸੁੱਟਣ ਵਾਲੇ ਫਿਕਰਿਆਂ ਦਾ ਸਾਹਮਣਾ ਕਰਨਾ ਪੈਂਦਾ। ਉਹ ਗੁੱਸੇ ਨਾਲ ਭਰੇ ਪੀਤੇ ਘਰ ਆਉਂਦੇ ਤੇ ਉਸ ਨੂੰ ਸਕੂਲੋਂ ਹਟਾ ਲੈਣ ਤੇ ਪ੍ਰੈਕਟਿਸ ਕਰਨ ਲਈ ਖੇਡ ਗਰਾਊਂਡ ‘ਚ ਜਾਣ ਤੋਂ ਰੋਕਣ ਲਈ ਜ਼ੋਰ ਪਾਉਂਦੇ। ਕਈ ਵਾਰ ਤਾਂ ਮਾਂ-ਬਾਪ ਉਨ੍ਹਾਂ ਦੀ ਗੱਲ ਮੰਨ ਕੇ ਕਈ ਦਿਨ ਸਕੂਲ ਹੀ ਨਾ ਭੇਜਦੇ। ਜਦੋਂ ਕਈ ਦਿਨ ਸਕੂਲ ਨਾ ਜਾਂਦੀ ਤਾਂ ਸਕੂਲ ਦਾ ‘ਮੂਰਛਤ’ ਨਾਂ ਦਾ ਅਧਿਆਪਕ ਲੈਣ ਆ ਪੁੱਜਦਾ। ਮਾਂ-ਪਿਓ ਕੁਝ ਨਾਂਹ-ਨੁੱਕਰ ਕਰਦੇ ਪਰ ‘ਮੂਰਛਤ’ ਦੀਆਂ ਦਲੀਲਾਂ ਅੱਗੇ ਨਿਰਉਤਰ ਹੋ ਜਾਂਦੇ। ਅਧਿਆਪਕ ਆਪਣੇ ਨਾਲ ਹੋਣ ਵਾਲੇ ਵਿਤਕਰਿਆਂ ਦੀਆਂ ਉਦਾਹਰਨਾਂ ਦੇ ਦੇ ਕੇ ਮਾਂ-ਪਿਓ ਨੂੰ ਰਾਜ਼ੀ ਕਰ ਲੈਂਦਾ। ਉਹ ਅਕਸਰ ਆਖਦਾ, ‘ਤੁਸੀਂ ਦੇਖਿਓ, ਫਿਲਪੀ ਦੁਨੀਆ ਦੀ ਮਹਾਨ ਦੌੜਾਕ ਬਣੇਗੀ। ਪੂਰੀ ਦੁਨੀਆ ਵਿਚ ਇਸ ਦਾ ਨਾਂ ਹੋਊ। ਇਸ ਨੇ ਤੁਹਾਨੂੰ ਕਿਸੇ ਕਿਸਮ ਦੀ ਘਾਟ ਨਹੀਂ ਰਹਿਣ ਦੇਣੀ। ਫਿਲਪੀ ਕਰ ਕੇ ਆਪਾਂ ਸਾਰੇ ਆਮ ਤੋਂ ਖਾਸ ਬਣ ਜਾਵਾਂਗੇ। ਫਿਰ ਐਹੋ ਜਿਹੇ ਗੰਦੇ ਲੋਕ ਮੂੰਹ ਵਿਚ ਉਂਗਲਾਂ ਦੇ ਲੈਣਗੇ। ਨੁਕਤਾਚੀਨੀ ਕਰਨ ਵਾਲੇ ਲੋਕ ਤੁਹਾਡੇ ਘਰ ਵਧਾਈਆਂ ਦੇਣ ਆਇਆ ਕਰਨਗੇ।’
ਸੱਚਮੁੱਚ ਉਹ ਆਪਣੇ ਅਧਿਆਪਕ ‘ਮੂਰਛਤ’ ਦੇ ਦਿੱਤੇ ਹੌਸਲੇ ਨਾਲ ਮਹਾਨ ਬਣਨ ਦੇ ਸੁਪਨੇ ਲੈਣ ਲੱਗੀ ਸੀ। ਈਜਵਾ ‘ਮਹਾਨ’ ਬਣਨ ਲਈ ਟਰੈਕ ‘ਤੇ ਵਹਾਏ ਪਸੀਨੇ ਬਾਰੇ ਸੋਚਦੀ ਹੈ। ਉਹ ਯਾਦ ਕਰਦੀ ਹੈ ਕਿ ਮਹਾਨ ਦੌੜਾਕ ਬਣਨ ਦੀ ਸਿੱਕ ਉਸ ਨੂੰ ਦਿਨ-ਰਾਤ ਕਿਵੇਂ ਸਤਾਉਂਦੀ ਸੀ। ਉਹ ਬੇਹਤਾਸ਼ਾ ਮਿਹਨਤ ਕਰਨ ਲੱਗੀ ਸੀ। ਆਪਣੀ ਮਿਹਨਤ ਦੇ ਸਿਰ ‘ਤੇ ਨੈਸ਼ਨਲ ਸਕੂਲ ਗੇਮਜ਼ ਵਿਚ ਥਾਂ ਬਣਾਇਆ ਸੀ। ਨੈਸ਼ਨਲ ਸਕੂਲ ਗੇਮਜ਼ ‘ਤੇ ਭੇਜਣ ਸਮੇਂ ਵੀ ਉਸ ਨਾਲ ਕਿੰਨਾ ਭਾਰੀ ਵਿਤਕਰਾ ਹੋਇਆ ਸੀ। ਉਸ ਦੀ ਜਗ੍ਹਾ ਰਾਜ ਦੇ ਖੇਡ ਮੰਤਰੀ ਦੀ ਰਿਸ਼ਤੇਦਾਰ ਦਾ ਨਾਂ ਲਿਸਟ ਵਿਚ ਸ਼ਾਮਲ ਕਰ ਲਿਆ ਗਿਆ ਸੀ। ਇਹ ਤਾਂ ਉਸ ਦੇ ਅਧਿਆਪਕ ‘ਮੂਰਛਤ’ ਦੀ ਨੱਠ ਭੱਜ ਦਾ ਨਤੀਜਾ ਸੀ ਜਿਸ ਕਾਰਨ ਅੰਤਲੇ ਸਮੇਂ ਉਸ ਦਾ ਨਾਂ ਵੀ ਖਿਡਾਰੀਆਂ ਦੇ ਪੈਨਲ ਵਿਚ ਸ਼ਾਮਲ ਕਰ ਲਿਆ ਗਿਆ ਸੀ। ਹੈਦਰਾਬਾਦ ਵਿਚ ਹੋਈਆਂ ਨੈਸ਼ਨਲ ਸਕੂਲ ਖੇਡਾਂ ਵਿਚ, ਟਰੈਕ ਉਸ ਦੇ ਤੇਜ਼ ਕਦਮਾਂ ਦੀ ਥਾਪ ਨਾਲ ਗੂੰਜਣ ਲੱਗਾ ਸੀ। ਉਹ ਨੈਸ਼ਨਲ ਜੇਤੂ ਬਣ ਗਈ ਸੀ। ਜੇਤੂ ਹੋ ਕੇ ਆਉਣ ‘ਤੇ ਜਿਵੇਂ ਇੱਕ ਦਿਨ ‘ਚ ਹੀ ਮਹਾਨ ਬਣ ਗਈ ਹੋਵੇ। ਉਹ ਤੇ ਉਸ ਦਾ ਪਰਿਵਾਰ ਆਮ ਤੋਂ ਖਾਸ ਬਣ ਗਏ ਸਨ। ਪਿੰਡ ਵਾਲਿਆਂ ਵਲੋਂ ਸਮਾਗਮ ਕਰ ਕੇ ਸਨਮਾਨਤ ਕੀਤਾ ਗਿਆ ਸੀ। ਉਸ ਦੇ ਰਾਹ ਵਿਚ ਕਿਸੇ ਨਾ ਕਿਸੇ ਢੰਗ ਨਾਲ ਰੋੜੇ ਅਟਕਾਉਣ ਵਾਲੇ ਅਧਿਆਪਕਾਂ ਨੇ ਵੀ ਉਸ ਦੇ ‘ਕੋਚ’ ਜਾਂ ‘ਪਥ ਪ੍ਰਦਰਸ਼ਕ’ ਵਜੋਂ ਸਨਮਾਨ ਲੈਣ ਵਿਚ ਮਾਣ ਮਹਿਸੂਸ ਕੀਤਾ ਸੀ।
ਈਜਵਾ ਨੇ ਨੈਸ਼ਨਲ ਗੇਮਜ਼ ਦੇ ਜੇਤੂ ਰਹਿਣ ਸਮੇਂ ਮਿਲੇ ਵਿਸ਼ਾਲ ਮੋਮੈਂਟੋਂ ਵੱਲ ਗਹੁ ਨਾਲ ਦੇਖਿਆ। ਭਾਰਤ ਦੇ ਨਕਸ਼ੇ ਦੇ ਰੂਪ ਵਿਚ ਬਣਿਆ ਮੋਮੈਂਟੋ ਉਸ ਨੂੰ ਖੇਡ ਨੀਤੀ ਦਾ ਮੂੰਹ ਚਿੜਾਉਂਦਾ ਜਾਪਿਆ। ਉਸ ਨੂੰ ਲੱਗਿਆ ਜਿਵੇਂ ਬਹੁ ਕਰੋੜੀ ਭਾਰਤ ਸਿਰ ਸੁੱਟੀ ਬੈਠਾ ਹੋਵੇ। ਕੀ ਕਿਸੇ ਦੇਸ਼ ਵਾਸੀ ਕੋਲ ਉਸ ਦੀਆਂ ਪ੍ਰਾਪਤੀਆਂ ‘ਤੇ ਤਾੜੀਆਂ ਮਾਰ ਕੇ ਫੋਕਾ ਹੌਸਲਾ ਵਧਾਉਣ ਦੀ ਵੀ ਫੁਰਸਤ ਨਹੀਂ?
‘ਜਦੋਂ ਸਾਰਾ ਹੀ ਦੇਸ਼ ਕੋਈ ਪਰਵਾਹ ਨਹੀਂ ਕਰ ਰਿਹਾ, ਮੈਂ ਕਿਉਂ ਕਰੋੜਾਂ ਲੋਕਾਂ ਦੀ ਇੱਜ਼ਤ ਦਾ ਖਿਆਲ ਰੱਖੀਂ ਬੈਠੀ ਹਾਂ? ਕਿਉਂ ਮੈਂ ਟਰੈਕ ‘ਤੇ ਵਾਰ-ਵਾਰ ਆਪਣਾ ਖੂਨ-ਪਸੀਨਾ ਵਹਾਉਂਦੀ ਹਾਂ?’ ਈਜਵਾ ਨੇ ਆਪਣੇ ਆਪ ਨੂੰ ਸੁਆਲ ਕੀਤਾ।
‘ਖੇਡ ਅਧਿਕਾਰੀਆਂ ਨੂੰ ਪੁੱਛਣਾ ਚਾਹੀਦਾ ਹੈ, ਸ਼ਾਇਦ ਕੁਝ ਜਵਾਬ ਦੇ ਸਕਣ? ਪਰ ਉਨ੍ਹਾਂ ਨੂੰ ਕੀ ਪਤਾ? ਉਨ੍ਹਾਂ ਨੂੰ ਤਾਂ ਸਿਰਫ ਤਨਖਾਹਾਂ ਤੇ ਭੱਤੇ ਲੈਣ, ਖੇਡਾਂ ਦੇ ਬਹਾਨੇ ਬਾਹਰਲੇ ਦੇਸ਼ਾਂ ਦੀਆਂ ਸੈਰਾਂ ਕਰਨ ਤੇ ਵਿਦੇਸ਼ੀ ਮਾਲ ਘਰੇ ਲਿਆਉਣ ਦਾ ਹੀ ਪਤਾ ਹੈ।’ ਈਜਵਾ ਨੇ ਆਪਣੇ ਅੰਦਰੋਂ ਉਠੇ ਸੁਆਲ ਦਾ ਆਪ ਹੀ ਜੁਆਬ ਦਿੱਤਾ।
‘ਇਸ ਬਾਰੇ ਬੁੱਢੀ ਵਿਧਵਾ ਮਾਂ ਤੇ ਅਨਪੜ੍ਹ ਭਰਾਵਾਂ ਨੂੰ ਤਾਂ ਜ਼ਰੂਰ ਪੁੱਛਾਂ ਜਿਨ੍ਹਾਂ ਨੂੰ ਇਸ ‘ਮਹਾਨ ਦੇਸ਼’ ‘ਚ ਗਰੀਬ ਅਤੇ ਛੋਟੀ ਜਾਤੀ ਦੇ ਹੋਣ ਕਰ ਕੇ ਜ਼ਲੀਲ ਹੋਣਾ ਪੈਂਦਾ।’ ਉਨ੍ਹਾਂ ਨੂੰ ਪੁੱਛਾਂਗੀ, ‘ਕੀ ਮੈਨੂੰ ਇਸ ਦੇਸ਼ ਲਈ ਦੌੜਨਾ ਜਾਰੀ ਰੱਖਣਾ ਚਾਹੀਦੈ?’ ਸ਼ਾਇਦ ਜਵਾਬ ਮਿਲ ਜਾਵੇ? ਫਿਲਪ ਈਜਵਾ ਦੇ ਅੰਦਰੋਂ ਇੱਕ ਹੋਰ ਸੁਆਲ ਉਠਿਆ ਸੀ।
ਬੁੱਢੀ ਵਿਧਵਾ ਮਾਂ ਤੇ ਅਨਪੜ੍ਹ ਗਰੀਬ ਭਰਾ ਬਾਰੇ ਸੋਚਦਿਆਂ ਈਜਵਾ ਦਾ ਦਿਲ ਖੁਸ਼ੀ ਨਾਲ ਭਰ ਗਿਆ। ਉਹ ਜਾਣਦੀ ਹੈ ਕਿ ਉਹ ਕਹਿਣਗੇ-‘ਈਜੀ ਤੂੰ ਦੌੜੀ ਚੱਲ, ਦੌੜੀ ਚੱਲ। ਹੱਥ ਵਿਚ ਤਿਰੰਗਾ ਫੜ ਕੇ। ਗਰਾਊਂਡ ਦਾ ਜੇਤੂ ਚੱਕਰ ਲਾਉਂਦਿਆਂ ਦੀ ਤੇਰੀ ਫੋਟੋ ਅਸੀਂ ਅਖਬਾਰ ਵਿਚ ਵੇਖਦੇ ਰਹਿਣਾ ਚਾਹੁੰਦੇ ਹਾਂ। ਨਾਲੇ ਇਸ ਵਿਚ ਆਪਣੇ ਦੇਸ਼ ਦੀ ਇੱਜ਼ਤ-ਮਾਣ ਦਾ ਸੁਆਲ ਹੈ।’
ਫਿਲਪ ਈਜਵਾ ਦੇ ਚਿਹਰੇ ‘ਤੇ ਹਲਕੀ ਜਿਹੀ ਮੁਸਕਰਾਹਟ ਦੌੜ ਗਈ। ਉਹ ਕੁਰਸੀ ਤੋਂ ਉਠੀ, ਟਰੈਕ ਸੂਟ ਪਾਏ ਅਤੇ ਅਭਿਆਸ ਕਰਨ ਲਈ ਸਟੇਡੀਅਮ ਵੱਲ ਚੱਲ ਪਈ।