ਘਰ ਦੀ ਵਸੀਹ ਅਰਥਕਾਰੀ: ‘ਘਰ, ਘਰ ਤੇ ਘਰ’

ਡਾ. ਗੁਰਬਖਸ਼ ਸਿੰਘ ਭੰਡਾਲ
ਅਰਤਿੰਦਰ ਸੰਧੂ ਸਥਾਪਤ ਸ਼ਾਇਰਾ, ਸਾਹਿਤਕ ਰਸਾਲਾ ‘ਏਕਮ’ ਦੀ ਮੁੱਖ ਸੰਪਾਦਕ ਅਤੇ ਪੰਜਾਬੀ ਅਦਬ ਨਾਲ ਜੁੜੀ ਸ਼ਖਸੀਅਤ ਹੈ, ਜਿਸ ਦੀਆਂ ਰਗਾਂ ਵਿਚ ਕਵਿਤਾ ਸਮੋਈ ਹੋਈ ਹੈ। ਉਹ ਕਵਿਤਾ ਨੂੰ ਜਿਉਂਦੀ ਤੇ ਉਸ ਦੀ ਕਾਵਿਕ-ਆਗੋਸ਼ ਵਿਚ ਕਵਿਤਾ ਨੂੰ ਨਿਵੇਕਲੀ ਪਰਵਾਜ਼ ਮਿਲਦੀ ਹੈ। ਉਸ ਦੇ 12 ਮੌਲਿਕ ਕਾਵਿ-ਸੰਗ੍ਰਹਿ ਅਤੇ 3 ਅਨੁਵਾਦਤ ਕਾਵਿ-ਸੰਗ੍ਰਹਿ ਛਪ ਚੁਕੇ ਹਨ। ਉਸ ਦਾ ਹਥਲਾ ਕਾਵਿ-ਸੰਗ੍ਰਹਿ “ਘਰ, ਘਰ ਤੇ ਘਰ” ਘਰ ਦੇ ਸੰਕਲਪ, ਸਿਰਜਣਾ, ਵਿਸਥਾਰ, ਵਿਸਰਜਨਾ ਅਤੇ ਮੁੜ ਉਸਰਨਾ ਸਮੇਤ ਘਰ ਦੇ ਵਸੀਹ ਸਰੋਕਾਰਾਂ, ਸਬੰਧਾਂ, ਸੰਵੇਦਨਾਵਾਂ ਅਤੇ ਸੁਹਜਤਮਈ ਵਰਤਾਰਿਆਂ ਨੂੰ ਕਾਵਿਕ ਬੰਦਨਾ ਵਿਚ ਪਰੋਂਦਾ, ਘਰ ਦੇ ਵਸੀਹ ਅਰਥ ਉਜਾਗਰ ਕਰਦਾ ਹੈ।

ਘਰ ਮਨੁੱਖ ਦੀ ਮੂਲ ਲੋੜ ਹੈ, ਪਰ ਇਹ ਕਵਿਤਾ ਅਕਾਸ਼ ਮੰਡਲਾਂ, ਤਾਰਿਆਂ ਤੇ ਸੂਰਜਾਂ ਦੇ ਘਰ ਤੋਂ ਧਰਤੀ `ਤੇ ਉਸਰੇ ਘਰ ਸਮੇਤ ਬੰਦੇ ਦੇ ਅੰਦਰ ਵੱਸਦੇ ਘਰ ਨੂੰ ਵੀ ਮੁਖਾਤਬ ਹੈ। ਘਰ ਉਹ ਹੀ ਨਹੀਂ, ਜਿਸ ਵਿਚ ਅਸੀਂ ਰਹਿੰਦੇ ਹਾਂ। ਸਾਡਾ ਸਰੀਰ ਵੀ ਇਕ ਘਰ ਹੈ, ਰੂਹ ਵੀ ਅਤੇ ਮਸਤਕ ਵਿਚ ਵੀ ਸੋਚਾਂ ਤੇ ਸੁਪਨਿਆਂ ਦਾ ਰੈਣ-ਬਸੇਰਾ ਵੀ। ਤਾਂ ਹੀ ਅਰਤਿੰਦਰ ਸੰਧੂ ਘਰ ਦੀ ਉਤਪਤੀ ਤੋਂ ਸ਼ੁਰੂ ਹੁੰਦੀ ਹੈ,
ਉਨ੍ਹਾਂ ਅਕਾਸ਼ ਪਿੰਡਾਂ
ਉਨ੍ਹਾਂ ਤਾਰਿਆਂ ਅੰਦਰ ਕਿਤੇ
ਸੰਕਲਪ, ਆਪਣੇ ਦੀ ਹੋਂਦ ਦਾ
…ਘਰ ਤੇ ਪਰਿਵਾਰ…।
ਅਤੇ ਖੁਦ ਤੋਂ ਖੁਦ ਲਈ ਤੇ ਦੂਸਰਿਆਂ ਵਾਸਤੇ ਜੀਣ ਦਾ ਅਤੇ ਉਨ੍ਹਾਂ ਨਾਲ ਜੁੜੇ ਰਹਿਣ ਦੇ ਅਹਿਸਾਸ ਕਾਰਨ ਹੀ, ਉਨ੍ਹਾਂ ਵਿਚ ਘਰ ਦੀ ਧਾਰਨਾ ਜਰੂਰ ਪੈਦਾ ਹੋਵੇਗੀ ਤਾਂ ਹੀ ਸ਼ਾਇਰਾ ਦੇ ਮਨ ਵਿਚ ਕਾਵਿਕਤਾ ਪੰਘਰਦੀ ਹੈ,
ਖੁਦ ਨਾਲ ਜੀਂਦਿਆਂ
ਖੁਦ ਲਈ ਵੀ ਜੀਂਦਿਆਂ
ਕੁਨਬੇ ਨਾਲ ਜੁੜੇ ਰਹਿਣਾ
ਬਣ ਗਿਆ ਹੋਵੇਗਾ
ਧਰਤੀ ਉਤੇ ਘਰ ਵਿਚ
ਜੀਣ ਦਾ ਮੂਲ ਮੰਤਰ।
ਪਰ ਘਰ ਦਾ ਵਿਚਾਰ ਅਤੇ ਵਿਸਥਾਰ ਇਕ ਆਵੇਸ਼ ਨਹੀਂ, ਸਗੋਂ ਇਹ ਮੁੱਦਤਾਂ ਅਤੇ ਕਰੋੜਾਂ ਸਾਲਾਂ ਤੋਂ ਬਾਅਦ ਧਰਤੀ `ਤੇ ਵੱਸਦੇ ਆਦਿ ਮਨੁੱਖ ਦੀ ਸੋਚ ਵਿਚ ਆਇਆ ਹੋਵੇਗਾ-ਘਰ ਬਣਾਉਣ, ਵਸਾਉਣ ਅਤੇ ਘਰ ਨੂੰ ਘਰ ਦੇ ਅਰਥਾਂ ਨਾਲ ਸਜਾਉਣ ਦਾ ਸੂਖਮ ਅਹਿਸਾਸ; ਕਿਉਂਕਿ,
ਇਕ ਛਿੱਣ ਦਾ ਆਵੇਸ਼ ਨਹੀਂ ਸੀ
ਧਰਤੀ ਦਾ ਘਰ ਬਣ ਜਾਣਾ
ਜਾਂ
ਘਰ ਦਾ ਬਿਹਮੰਡ ਤੋਂ
ਧਰਤੀ `ਤੇ ਉਤਰ ਆਉਣਾ
ਤੇ ਸਾਰੇ ਜੀਵਾਂ-ਪਰਜੀਵਾਂ ਅੰਦਰ
ਠਹਿਰ ਜਾਣਾ।
ਦਰਅਸਲ ਘਰ ਤਾਂ ਹਰ ਸਾਹ ਦਾ, ਕਣ ਦਾ, ਸੋਚ ਦਾ, ਸੁਪਨੇ ਦਾ ਅਤੇ ਸਮੂਹ ਪਸਾਰੇ ਦੇ ਮਨਾਂ ਵਿਚ ਅਚੇਤ ਤੇ ਸੁਚੇਤ ਰੂਪ ਵਿਚ ਵੱਸਦਾ। ਸਮੂਹ ਧਰਤੀ ਹੀ ਹਰ ਕਿਸਮ ਦੇ ਜੀਵਾਂ ਦੇ ਘਰਾਂ ਨਾਲ ਸ਼ੁਸ਼ੋਭਿਤ ਹੈ।
ਕਣ…ਕਣ ਸਾਹ…ਸਾਹ ਘਰ ਵਿਚ
ਕਈ ਘਰ
ਕਈ ਤਰ੍ਹਾਂ ਦੇ ਘਰਾਂ
ਤੇ ਘਰਾਂ ਦੇ ਸਮੂਹਾਂ ਵਿਚ ਇਵੇਂ
ਕਿ ਘਰ ਹੋ ਗਈ ਧਰਤੀ ਸਾਰੀ।
ਘਰ ਸਮਾਜਿਕ ਜਾਂ ਪਰਿਵਾਰਕ ਲੋੜ ਹੀ ਨਹੀਂ, ਸਗੋਂ ਇਹ ਚਾਹਨਾ, ਭਾਵਨਾਵਾਂ ਅਤੇ ਸਰੀਰਕ ਤੇ ਮਾਨਸਿਕ ਲੋੜਾਂ ਵਿਚੋਂ ਵੀ ਪੈਦਾ ਹੁੰਦੀ। ਹੋਂਦ ਤੇ ਮਨ ਦੀ ਅਪੂਰਤੀ ਨੂੰ ਪੂਰਨ ਕਰਨ ਦਾ ਸਬੱਬ ਵੀ। ਆਪਣੇ ਮਨੋਭਾਵਾਂ ਨੂੰ ਨਵੀਂ ਪਰਵਾਜ਼ ਦੇਣ ਦਾ ਹੁਲਾਸ ਤੇ ਅਹਿਸਾਸ ਵੀ। ਇਸ ਬੇਬਾਕੀ ਵਿਚੋਂ ਹੀ ਘਰ ਆਪਣਾ ਰੂਪ, ਆਧਾਰ ਅਤੇ ਆਕਾਰ ਗ੍ਰਹਿਣ ਕਰਦਾ,
ਮਨ ਦੀ ਚਾਹਤ, ਸਰੀਰ ਦੀ ਲੋੜ
ਹੋਂਦ ਦਾ ਪਸਾਰਾ ਬਣ ਕੇ…
ਬੇਬਾਕ ਚਾਹਤ ਹੋਇਆ ਘਰ।
ਘਰ ਸਿਰਫ ਕੰਧਾਂ, ਕੌਲਿਆਂ, ਕਮਰਿਆਂ ਦਾ ਨਾਮ ਨਹੀਂ। ਘਰ, ਘਰਾਂ ਵਾਲਿਆਂ ਕਰਕੇ ਹੁੰਦਾ, ਜਿਸ ਵਿਚ ਇਕ ਦਾ ਦਰਦ ਦੂਸਰੇ ਦੀ ਚੀਸ, ਇਕ ਦੀ ਹਾਕ ਦੂਸਰੇ ਦਾ ਹੁੰਗਾਰਾ ਅਤੇ ਇਕ ਦੀ ਚਾਹਤ ਦੂਸਰੀ ਲਈ ਪੂਰਤੀ ਦੀ ਪਹਿਲ ਹੁੰਦੀ। ਘਰ, ਪਾਕੀਜ਼ਗੀ, ਪਾਹੁਲ, ਪ੍ਰੇਰਨਾ, ਪ੍ਰਤੀਬੱਧਤਾ ਅਤੇ ਪੁਖਤਗੀ ਦਾ ਪ੍ਰਮਾਣ। ਘਰ ਵਿਚ ਰਹਿਣ ਵਾਲੇ ਮੋਹ- ਮੁਹੱਬਤ ਦਾ ਅਫਸਾਨਾ। ਤਾਂ ਹੀ ਅਰਤਿੰਦਰ ਸੰਧੂ ਦੇ ਹਰਫ ਕੂਕਦੇ,
ਇਕ ਦੇ ਸਾਹਾਂ ਦੀ ਹਵਾ ਨੇ
ਰਚਣਾ ਹੁੰਦਾ ਹੈ ਦੂਜੇ ਦੇ
ਸਾਹਾਂ ਨੂੰ ਜਾਂਦੀ ਪੌਣ ਵਿਚ।
ਘਰ ਦੇ ਸਭ ਤੋਂ ਸੁੰਦਰ, ਸਟੀਕ, ਸੰਪੂਰਨ ਅਤੇ ਸਮਰੱਥ ਅਰਥਾਂ ਨੂੰ ਆਪਣੇ ਵਿਚ ਸਮੇਟਦੀਆਂ ਨਿਮਨ ਕਾਵਿ-ਸਤਰਾਂ ਸਮੁੱਚੇ ਕਾਵਿ-ਸੰਗ੍ਰਹਿ ਦਾ ਸੁਗਮ ਸੁਨੇਹਾ ਬਣ ਕੇ ਕਾਵਿਕ ਖੂਬਸੂਰਤੀ ਨੂੰ ਚਾਰ ਚੰਨ ਲਾਉਂਦੀਆਂ ਹਨ,
ਘਰ ਜਿ਼ੰਦਗੀ ਦੇ ਸਬਕ ਦਿੰਦੀ ਸਿੱਖਣਗਾਹ
ਇਕ ਸ਼ਰਨਗਾਹ, ਇਕ ਪਾਠਸ਼ਾਲਾ
ਇਕ ਗੁਰੂਕੁਲ ਹੁੰਦਾ।
ਘਰ, ਬੂਹੇ, ਬਾਰੀਆਂ, ਕਮਰੇ, ਕੰਧਾਂ, ਵਿਹੜਾ, ਬੱਚੇ ਤੇ ਮਾਪੇ ਰੂਹੀ-ਸੰਵਾਦ ਰਚਾਉਂਦੇ ਨੇ ਮਨੁੱਖ ਨਾਲ। ਇਸ ਸੰਵਾਦ ਵਿਚੋਂ ਮਨੁੱਖ ਨੂੰ ਆਪਣੇ ਅੰਤਰੀਵ ਵਿਚ ਝਾਤੀ ਮਾਰਨ ਤੇ ਖੁਦ ਦੇ ਰੂਬਰੂ ਹੋਣ ਦਾ ਮੌਕਾ ਮਿਲਦਾ। ਘਰ ਨੂੰ ਸੁੱਚੇ ਅਰਥ ਦੇਣ ਲਈ ਪਾਹੁਲ ਤੇ ਪ੍ਰੇਰਨਾ ਵੀ ਮਿਲਦੀ। ਮੇਰੀ ਪੁਸਤਕ ‘ਘਰ ਅਰਦਾਸ ਕਰੇ’ ਵਿਚ ਮਨੁੱਖ ਦਾ ਘਰ, ਕੰਧਾਂ, ਕਮਰੇ, ਬੂਹੇ, ਬਾਰੀਆਂ, ਵਿਹੜੇ ਆਦਿ ਨਾਲ ਰਚਾਇਆ ਸੰਵਾਦ ਹੈ, ਜਿਸ ਨਾਲ ਘਰ ਦੀ ਉਸਾਰੀ ਹੁੰਦੀ। ਇਸੇ ਰੰਗ ਵਿਚ ਹੀ ਸ਼ਾਇਰਾ ਦਾ ਕੇਹਾ ਕਮਾਲ ਹੈ,
ਅਸਲ ਵਿਚ ਇਕ ਭਾਸ਼ਾ ਉਸਰ ਆਈ ਹੁੰਦੀ
ਘਰ ਤੇ ਮਨੁੱਖ ਵਿਚਕਾਰ
ਬੇਸ਼ਬਦ, ਬੇਆਵਾਜ਼ ਪਰ ਸੰਗੀਤਕ।
ਘਰ ਤੋਂ ਦੂਰ ਜਾ ਕੇ ਵੀ ਬੰਦਾ ਘਰ ਨੂੰ ਪਰਤਣ ਲਈ ਅਹੁਲਦਾ ਹੈ, ਕਿਉਂਕਿ ਘਰ, ਬੰਦੇ ਦੀ ਅਜਿਹੀ ਠਾਹਰ, ਜੋ ਉਸ ਨੂੰ ਸਕੂਨ, ਸ਼ਾਂਤੀ ਅਤੇ ਸੰਤੁਸ਼ਟੀ ਦਾ ਅਹਿਸਾਸ ਕਰਵਾਉਂਦੀ। ਘਰ ਉਸ ਨੂੰ ਆਪਣੇ ਆਗੋਸ਼ ਵਿਚ ਲੈ ਕੇ ਪਲੋਸਦਾ, ਉਸ ਦਾ ਅਕੇਵਾਂ ਤੇ ਥਕੇਵਾਂ ਲਾਹੁੰਦਾ ਅਤੇ ਅਗਲੀ ਸਵੇਰ ਨੂੰ ਨਵੇਂ ਸਫਰ `ਤੇ ਜਾਣ ਲਈ ਤਿਆਰ ਕਰਦਾ,
ਸਫਰਾਂ, ਅਵਾਰਗੀਆਂ ਅਤੇ ਭਟਕਣਾ ਪਿੱਛੋਂ
ਕਿ ਘਰ… ਹੁੰਦਾ ਏ ਵਾਪਸ ਮੁੜਨ ਲਈ
ਅਤੇ
ਘਰ ਹੌਲੀ ਹੌਲੀ ਹੋ ਜਾਂਦਾ
ਇਸ ਵਿਚ ਰਹਿੰਦੇ ਜੀਆਂ ਵਰਗਾ।
ਤੇ ਘਰ ਦੇ ਜੀਅ ਜਦ ਘਰ ਅਤੇ ਘਰ, ਘਰ ਦੇ ਜੀਆਂ ਵਰਗਾ ਹੋ ਜਾਵੇ ਤੇ ਇਸ ਅਭੇਦਤਾ ਵਿਚੋਂ ਘਰ ਨੂੰ ਸੁੱਚੇ ਅਰਥਾਂ ਅਤੇ ਮਾਣਮੱਤੀ ਹੋਂਦ `ਤੇ ਨਾਜ਼ ਹੁੰਦਾ ਹੈ,
…ਘਰ ਦਾ ਇਕ
ਜੀਂਦਾ ਜਾਗਦਾ ਅਹਿਸਾਸ ਹੈ…

ਜਿਥੇ ਘਰ…ਤੇ ਮੈਂ
ਮੈਂ ਤੇ ਘਰ।
ਪਰ ਘਰ ਸਦਾ ਅਪੂਰਨ ਅਤੇ ਅਸੀਂ ਸਾਰੀ ਉਮਰ ਇਸ ਦੀ ਪੂਰਨਤਾ ਲਈ ਜੱਦੋ-ਜਹਿਦ ਕਰਦੇ, ਇਸ ਦੀਆਂ ਲੋੜਾਂ ਤੇ ਥੋੜ੍ਹਾਂ ਨੂੰ ਪੂਰਾ ਕਰਦੇ, ਘਰ ਦੀ ਮਨਮੋਹਕਤਾ ਨੂੰ ਆਪਣੇ ਮਸਤਕ ਦੇ ਨਾਮ ਲਾਉਣ ਲਈ ਤਰਜ਼ੀਹਾਂ ਸਿਰਜਦੇ,
ਨਾ ਸੰਪੰਨ ਹੁੰਦਾ ਘਰ ਕਦੇ
ਨਾ ਸਫਰ ਇਸ ਦਾ…।
ਕਈ ਵਾਰ ਘਰ ਦੀਆਂ ਛੱਤਾਂ ਨੀਵੀਆਂ ਹੋ ਜਾਂਦੀਆਂ, ਵਿਹੜਾ ਮੋਕਲਾ ਨਹੀਂ ਹੁੰਦਾ ਜਾਂ ਇਸ ਦੀ ਵਿਸ਼ਾਲਤਾ, ਮਨੁੱਖੀ ਉਡਾਣ ਦੇ ਮੇਚ ਨਹੀਂ ਆਉਂਦੀ। ਫਿਰ ਮਨੁੱਖ ਆਪਣੇ ਹਾਣ ਦੇ ਅੰਬਰ ਦੀ ਭਾਲ ਵਿਚ, ਘਰ ਤੋਂ ਬਾਹਰ ਨਿਕਲਦਾ ਅਤੇ ਆਪਣੇ ਸੁਪਨਿਆਂ ਨੂੰ ਨਵੀਂ ਪਰਵਾਜ਼ ਤੇ ਅੰਦਾਜ਼ ਪ੍ਰਦਾਨ ਕਰਦਾ,
ਕਈ ਵਾਰ ਘਰਾਂ ਵਿਚ ਹੀ
ਸੁਪਨਿਆਂ ਨੂੰ ਅੰਬਰ ਨਹੀਂ ਮਿਲਦਾ
ਸੋਚ ਨੂੰ ਜ਼ਮੀਨ ਨਹੀਂ ਮਿਲਦੀ।
ਘਰਦਿਆਂ ਦੀ ਇਸ ਪਰਵਾਜ਼ ਕਾਰਨ ਬਹੁਤ ਉਦਾਸ ਹੋ ਜਾਂਦੇ ਨੇ ਘਰ। ਕੰਧਾਂ `ਤੇ ਲਟਕਦੇ ਰਹਿ ਜਾਂਦੇ ਨੇ ਉਡੀਕਾਂ ਦੇ ਕੈਲੰਡਰ। ਇਕ ਲੰਮੀ ਇਕੱਲ ਵਿਚੋਂ ਪੈਦਾ ਹੋਈ ਉਦਾਸੀ ਘਰ ਦੇ ਕਮਰਿਆਂ ਵਿਚ ਦੁਬਕ, ਸਿਸਕੀ ਬਣ ਕੇ ਦਰਾਂ `ਤੇ ਚਿਪਕ ਜਾਂਦੀ। ਚੁੱਲ੍ਹਾ ਹੋ ਜਾਂਦਾ ਏ ਠੰਢਾ ਤੇ ਵਿਹੜਾ ਹੋ ਜਾਂਦਾ ਏ ਬੇ-ਰੌਣਕਾ। ਇਸ ਦੇ ਪਿੰਡੇ `ਤੇ ਨਿਰਾਸ਼ਾ ਦੀ ਪਿਲੱਤਣ ਉਕਰਦੀ ਹੈ ਹਤਾਸ਼ ਫਿਜ਼ਾ,
ਲਿਖ ਗਈ ਉਹੀ ਹਵਾ
ਘਰ ਦੇ ਮਨ ‘ਤੇ
ਇਕੱਲ ਦੀ ਉਦਾਸ ਇਬਾਰਤ
ਜਾਂ
ਉਦਾਸ ਹੋ ਜਾਂਦੇ ਘਰ
ਬਿਨ ਰਹਿਣ ਵਾਲਿਆਂ ਦੇ
ਜਾਂ
ਚੁੱਪ ਚੁਪੀਤਾ ਘਰ
ਹੁਣ ਉਦਾਸ ਹੈ…ਬਹੁਤ।
ਕਦੇ ਕਦਾਈਂ ਘਰਾਂ ਵਾਲੇ ਘਰਾਂ ਨੂੰ ਪਰਤਦੇ ਤਾਂ ਘਰ ਜਿਊਣ ਜੋਗਾ ਹੋ ਜਾਂਦਾ। ਘਰ ਨੂੰ ਚੰਗਾ ਲੱਗਦਾ ਹੈ ਆਪਣਿਆਂ ਨਾਲ ਦੁੱਖ-ਸੁੱਖ ਸਾਂਝਾ ਕਰਨਾ, ਪਰ ਥੋੜ੍ਹਚਿਰੀ ਮਿਲਣੀ ਤੋਂ ਬਾਅਦ ਜਦ ਉਹ ਪਰਦੇਸ ਜਾਣ ਲਈ ਘਰ ਤੋਂ ਬਾਹਰ ਪੈਰ ਧਰਦੇ ਤਾਂ ਘਰ ਮੌਨ ਤੇ ਉਦਾਸ ਹੋ ਜਾਂਦਾ। ਇਹ ਉਦਾਸੀ ਅਰਤਿੰਦਰ ਸੰਧੂ ਦੀ ਕਵਿਤਾ ਵਿਚ ਉਤਰ ਕੇ ਚੁੱਪ ਦੀ ਕਬਰ ਵਿਚ ਸਮਾਉਣ ਲਈ ਕਾਹਲੀ ਹੋ ਜਾਂਦੀ,
ਵਾਪਸ ਤੋਰ ਕੇ ਸਭ ਨੂੰ
ਫਿਰ ਤੋਂ ਸੁੰਘੜ ਕੇ
ਸਰਕਣ ਲੱਗਦਾ ਹੈ ਘਰ
ਆਪਣੀ ਸੁੰਨ ਦੇ ਘੋਗੇ ਅੰਦਰ
ਪਰ ਸਭ ਤੋਂ ਅਹਿਮ ਹੈ ਕਿ ਘਰ ਤੋਂ ਦੂਰ ਜਾ ਕੇ ਵੀ ਬੰਦਾ ਆਪਣੇ ਅੰਦਰ ਵੱਸਦੇ ਉਸ ਘਰ ਨੂੰ ਆਪਣੇ ਵਿਚੋਂ ਨਹੀਂ ਕੱਢ ਸਕਦਾ, ਜਿਥੇ ਉਸ ਦਾ ਬਚਪਨ ਬੀਤਿਆ ਹੋਵੇ, ਜਿਸ ਵਿਚ ਸੁਪਨੇ ਉਗੇ ਹੋਣ ਅਤੇ ਜਿਥੇ ਸਕੀਰੀਆਂ ਤੇ ਸਬੰਧਾਂ ਨੇ ਨਵੀਂ ਪਛਾਣ ਦਿੱਤੀ ਹੋਵੇ। ਕੋਮਲ ਸ਼ਾਇਰਾ ਤਾਂ ਹੀ ਆਪਣੇ ਸ਼ਬਦਾਂ ਵਿਚ ਤਰਲ ਹੋ ਜਾਂਦੀ ਹੈ,
ਬੰਦਾ ਘਰ ਨੂੰ ਛੱਡ ਵੀ ਦੇਵੇ
ਘਰ ਬੰਦੇ ਨੂੰ ਕਦੇ ਨਹੀਂ ਛੱਡਦਾ।
ਘਰ ਤੋਂ ਅੰਤਰੀਵੀ ਘਰ ਦੀ ਯਾਤਰਾ ਦਾ ਕਾਵਿਕ-ਵਿਸਥਾਰ ਅਤੇ ਇਸ ਵਿਚ ਵਸੀਹ ਅਰਥਾਂ ਦਾ ਚਿਰਾਗ ਜਗਾਉਣ ਵਾਲੇ ਇਸ ਨਾਯਾਬ ਕਾਵਿ-ਸੰਗ੍ਰਹਿ ਦਾ ਨਿੱਘਾ ਸੁਆਗਤ। ਲੋੜ ਹੈ ਕਿ ਪੰਜਾਬੀ ਪਾਠਕ ਅਜਿਹੀ ਸੰਵੇਦਨਸ਼ੀਲ ਕਾਵਿ-ਪੁਸਤਕ ਨੂੰ ਪੜ੍ਹ ਕੇ, ਆਪਣੇ ਚਿੰਤਨ ਤੇ ਚੇਤਿਆਂ ਵਿਚ ਆਪਣੇ ਘਰ ਨੂੰ ਕਦੇ ਵੀ ਵਿਸਰਨ ਨਾ ਦੇਣ। ਕਦੇ ਕਦਾਈਂ ਉਸ ਉਦਾਸ, ਬੁੱਢੇ ਅਤੇ ਉਖੜੇ ਦਰਾਂ ਵਾਲੇ ਘਰ ਦੀ ਦਸਤਕ ਜਰੂਰ ਬਣਨ।
ਅਰਤਿੰਦਰ ਸੰਧੂ ਨੂੰ ਇਸ ਕਾਵਿ-ਸੰਗ੍ਰਹਿ ਲਈ ਢੇਰ ਸਾਰੀਆਂ ਮੁਬਾਰਕਾਂ।