ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਸ਼ੂਗਰ ਦੇ ਇਲਾਜ ਵਲੋਂ ਸਮਝ ਲਉ ਜਾਂ ਫਿਰ ਕੈਲੀਫੋਰਨੀਆਂ ਦੇ ਕਾਇਦੇ-ਕਾਨੂੰਨ ਸਦਕਾ ‘ਪੈਨਸ਼ਨੀਆ’ ਬਣ ਜਾਣ ਕਾਰਨ ਖੁੱਲ੍ਹੇ ਸਮੇਂ ਦੀ ਸੁਵਰਤੋਂ ਕਹਿ ਲਉ, ਮੈਂ ਸੁਬ੍ਹਾ ਸਵੇਰੇ ਬਿਲਾਨਾਗਾ ਲੰਬੀ ਸੈਰ ਲਈ ਜਾਂਦਾ ਹਾਂ। ਦੋ ਕੁ ਇਕਾਂਤ ਵਾਲੀਆਂ ਸੈਰਗਾਹਾਂ ਵੀ ਮੈਂ ਚੁਣੀਆਂ ਹੋਈਆਂ ਹਨ। ਜਿੱਧਰ ਨੂੰ ਦਿਲ ਕਰੇ, ਓਧਰ ਨੂੰ ਪੈਦਲ ਨਿਕਲ ਤੁਰਦਾ ਹਾਂ। ਫੋਨ-ਟੂਟੀ ਕੰਨਾਂ ਵਿਚ ਲਾ ਕੇ ਕਦੇ ਸ਼ਬਦ ਕੀਰਤਨ ਸੁਣ ਲੈਂਦਾ ਹਾਂ ਤੇ ਕਦੇ ਪੰਜਾਬ ਰਹਿੰਦੇ ਰਿਸ਼ਤੇਦਾਰਾਂ ਜਾਂ ਮਿੱਤਰਾਂ-ਦੋਸਤਾਂ ਨਾਲ ਖੁੱਲ੍ਹੀਆਂ ਗੱਲਾਂ ਮਾਰ ਲਈਦੀਆਂ।
ਮੇਰੇ ਰਾਹ ਵਿਚ ਇਕ ਲਾਈਟ ਰੇਲ ਸਟੇਸ਼ਨ ਪੈਂਦਾ ਹੈ, ਜਿਸ ਦੇ ਨਾਲ ਹੀ ਲੋਕਲ ਬੱਸ ਸਟੈਂਡ ਵੀ ਹੈ। ਲੰਬੇ ਅਰਸੇ ਤੋਂ ਰੋਜ ਹੀ ਇੱਧਰ ਘੁੰਮਣ ਫਿਰਨ ਕਾਰਨ ਕਈ ਬੱਸ ਡਰਾਈਵਰਾਂ ਨਾਲ ਥੋੜ੍ਹੀ ਬਹੁਤ ਜਾਣ-ਪਛਾਣ ਵੀ ਹੋ ਗਈ ਹੈ। ਇਕ ਸਵੇਰ ਮੈਂ ਹੈੱਡ-ਫੋਨ ਟੂਟੀ ਕੰਨਾਂ ’ਚ ਫਸਾ ਕੇ ਪੰਜਾਬ ਰਹਿੰਦੇ ਇਕ ਦੋਸਤ ਨਾਲ ਗੱਲਾਂ ਕਰਦਾ ਤੁਰਿਆ ਜਾ ਰਿਹਾ ਸਾਂ ਕਿ ਅੱਗਿਉਂ ਮੈਨੂੰ ਇਕ ਗੋਰਾ ਡਰਾਈਵਰ ਮਿਲ ਪਿਆ, ਜੋ ਮੇਰੇ ਵਾਂਗ ਹੀ ਸੈਰ ਕਰਦਾ ਤੁਰਿਆ ਆ ਰਿਹਾ ਸੀ। ਫੋਨ ’ਤੇ ਪੰਜਾਬ ਵਾਲੇ ਮਿੱਤਰ ਨੂੰ ‘ਇਕ ਮਿੰਟ ਠਹਿਰੀਂ’ ਕਹਿ ਕੇ ਮੈਂ ਗੋਰੇ ਡਰਾਈਵਰ ਨੂੰ ‘ਹਾਏ ਹੈਲੋ’ ਕਰਕੇ ਹਾਲ-ਚਾਲ ਪੁੱਛਿਆ।
ਉਸ ਨੇ ਬੜੀ ਮਸਤੀ ਨਾਲ ਹੁੱਬ ਕੇ ਮੈਨੂੰ ਦੱਸਿਆ ਕਿ ਮਿਸਟਰ ਸਿੰਘ ਅੱਜ ਮੇਰੀ ਡਿਊਟੀ ‘ਸਟੈਂਡ ਬਾਈ’ ਬੱਸ ’ਤੇ ਲੱਗੀ ਹੋਈ ਹੈ, ਅੱਜ ਮੇਰੇ ਮਜ਼ੇ ਨੇ। ਮੈਂ ਵੀ ਉਸ ਨੂੰ ‘ਥਮਜ਼ ਅੱਪ’ ਵਾਂਗ ਅੰਗੂਠਾ ਖੜ੍ਹਾ ਕਰਦਿਆਂ ‘ਗੁੱਡ ਗੁੱਡ’ ਆਖਿਆ!
ਇਸ ਡਰਾਈਵਰ ਨਾਲ ਗੱਲ ਮੁੱਕਦਿਆਂ ਹੀ ਜਦ ਮੈਂ ਫੋਨ ’ਤੇ ਪੰਜਾਬ ਵਾਲੇ ਮਿੱਤਰ ਨਾਲ ਟੁੱਟੀ ਲੜੀ ਮੁੜ ਜੋੜਨ ਲਈ ‘ਹਾਂ ਬਈ’ ਕਿਹਾ ਤਾਂ ਉਸ ਨੇ ਮੈਨੂੰ ਪੁੱਛਿਆ ਕਿ ਇਹ ਕੌਣ ਸੀ? ਗੋਰੇ ਡਰਾਈਵਰ ਦੀ ਸਟੈਂਡ ਬਾਈ ਬੱਸ ਵਾਲੀ ਡਿਊਟੀ ਬਾਰੇ ਸਮਝਾਉਣ ਲਈ ਮੈਂ ਸੋਚਿਆ ਕਿ ਇਸ ਨੂੰ ਇਹਦੇ ਇਲਾਕੇ ਦੀ ਹੀ ਮਿਸਾਲ ਦੇ ਕੇ ਸਮਝਾਉਂਦਾ ਹਾਂ। ਮੈਂ ਕਿਹਾ ਕਿ ਏਦਾਂ ਸਮਝ ਲੈ ਕਿ ਨਵੇਂ ਸ਼ਹਿਰੋਂ ਤੁਹਾਡੇ ਜਾਂ ਹੋਰ ਲਾਗੇ ਚਾਗੇ ਦੇ ਪਿੰਡਾਂ ਵੱਲ ਨੂੰ ਆਉਣ-ਜਾਣ ਵਾਲੀਆਂ ਬੱਸਾਂ ਤਾਂ ਰੁਟੀਨ ਮੁਤਾਬਿਕ ਆਈ-ਜਾਈ ਜਾਣ, ਪਰ ਰੋਡਵੇਜ਼ ਵਾਲੇ ਇਕ ਫਾਲਤੂ ਬੱਸ ਤੁਹਾਡੇ ਇਲਾਕੇ ਦੇ ਫਲਾਣੇ ਪਿੰਡ ਕੋਲ ਭੇਜ ਦੇਣ ਤੇ ਡਰਾਈਵਰ ਨੂੰ ਤਾਕੀਦ ਹੋਵੇ ਕਿ ਭਾਈ ਜੇ ਤੈਨੂੰ ਐਧਰੋਂ ਓਧਰੋਂ ਕਿਸੇ ਬੱਸ ਦੇ ਖਰਾਬ ਹੋ ਜਾਣ ਦੀ ਸੂਚਨਾ ਮਿਲੇ ਤਾਂ ਤੂੰ ਫੌਰਨ ਬੱਸ ਲੈ ਕੇ ਉਥੇ ਪਹੁੰਚ ਜਾਣਾ ਹੈ ਤਾਂ ਕਿ ਸਵਾਰੀਆਂ ਖੱਜਲ-ਖੁਆਰ ਨਾ ਹੁੰਦੀਆਂ ਫਿਰਨ। ਇੰਜ ਮਹਿਕਮੇ ਵਲੋਂ ਭੇਜੀ ਹੋਈ ਅਜਿਹੀ ਬੱਸ ਨੂੰ ‘ਸਟੈਂਡ ਬਾਈ ਡਿਊਟੀ’ ਵਾਲੀ ਬੱਸ ਕਹਿੰਦੇ ਹਨ। ਅਜਿਹੀ ਬੱਸ ਨੂੰ ਕਦੇ ਕਦਾਈਂ ਹੀ ਕਿਤੇ ਜਾਣਾ ਪੈਂਦਾ ਹੈ, ਨਹੀਂ ਤਾਂ ਸੱਤ-ਅੱਠ ਘੰਟੇ ਵਿਹਲੇ ਰਹਿ ਕੇ ਡਰਾਈਵਰ ਸ਼ਾਮ ਨੂੰ ਯਾਰਡ ਵਿਚ ਜਾ ਵੜਦੇ ਨੇ। ਇੰਜ ਇਸ ਬੱਸ ਦੇ ਡਰਾਈਵਰ ਅਕਸਰ ਲਾਗੇ-ਚਾਗੇ ਸੈਰ ਕਰਕੇ ਜਾਂ ਫੋਨ ’ਤੇ ਟਾਈਮ ਪਾਸ ਕਰਕੇ ਆਪਣੀ ਡਿਊਟੀ ਪੂਰੀ ਕਰ ਜਾਂਦੇ ਹਨ।
‘ਹੈਂ…ਅ…ਅ, ਅੱ…ਛਾ, ਹਲਾ?’ ਦੇ ਹੁੰਘਾਰੇ ਭਰ ਕੇ ਬੜੀ ਦਿਲਚਸਪੀ ਨਾਲ ਮੇਰੀ ਇਹ ਗੱਲ ਸੁਣ ਰਹੇ ਪੰਜਾਬ ਵਾਲੇ ਮਿੱਤਰ ਤੋਂ ਮੈਂ ਤਵੱਕੋ ਕਰ ਰਿਹਾ ਸਾਂ ਕਿ ਉਹ ਸਾਰੀ ਜਾਣਕਾਰੀ ਲੈ ਕੇ ਬਾਹਰਲੇ ਮੁਲਕਾਂ ਦੀ ਸਿਫਤ ਕਰਦਿਆਂ ਇੱਥੋਂ ਦੇ ਲੋਕ-ਸੇਵਕ ਸਿਸਟਮ ਦੀ ਭਰਪੂਰ ਵਡਿਆਈ ਕਰੇਗਾ ਅਤੇ ਮੈਨੂੰ ਕਹੇਗਾ ਕਿ ਯਾਰ ਤੁਸੀਂ ਕਿਸਮਤ ਵਾਲੇ ਹੋ! ਪਰ ਮੇਰੀ ਆਸ ਦੇ ਉਲਟ ਉਹ ਮੇਰੀ ਗੱਲ ਮੁੱਕਦਿਆਂ ਹੀ ਬੋਲਿਆ, “ਏਦਾਂ ਫਿਰ ਬੱਲੇ-ਰੱਤੇ ਬੱਸ ਲੈ ਕੇ ਵਿਹਲਾ ਖੜ੍ਹਾ ਡਰਾਈਵਰ, ਬੱਸ ਦਾ ਤੇਲ ਵੇਚ ਕੇ ਡਬਲ ਕਮਾਈ ਕਰ ਲੈਂਦਾ ਹੋਣਾ ਐ ਯਾਰਾ?”
ਕੈਲੀਫੋਰਨੀਆ ਸਟੇਟ ਦੇ ਇਕ ਸ਼ਹਿਰ ਵਿਚ ਘੁੰਮਦਿਆਂ ਦੇਸੀ ਮਿੱਤਰ ਦਾ ਇਹ ਅਨੋਖਾ ਸਵਾਲ ਸੁਣ ਕੇ ਮੈਨੂੰ ਯਾਦ ਆਇਆ ਕਿ ਕਈ ਸਾਲ ਪਹਿਲਾਂ ਪੰਜਾਬ ਵਿਚ ਕੁਝ ਜਥੇਬੰਦੀਆਂ ਨੇ ਖੇਤਾਂ ਵਿਚ ਬਣੀਆਂ ਹੋਈਆਂ ਮੜ੍ਹੀਆਂ-ਮਸਾਣਾਂ ਜਬਰਦਸਤੀ ਢਾਹੁਣ ਦਾ ਮਿਸ਼ਨ ਅਰੰਭਿਆ ਸੀ। ਤਦ ਇਕ ਦਾਨਿਸ਼ਵਰ ਪੰਜਾਬੀ ਨੇ ਸਲਾਹ ਦਿੱਤੀ ਸੀ ਕਿ ਜਦ ਤੱਕ ਸਾਡੇ ਮਨਾਂ ਵਿਚ ਬਣੀਆਂ ਹੋਈਆਂ ਮੜ੍ਹੀਆਂ ਨੇਸਤੋਨਬੂਦ ਨਹੀਂ ਹੁੰਦੀਆਂ, ਉਦੋਂ ਤੱਕ ਬਾਹਰਲੀਆਂ ਮੜ੍ਹੀਆਂ ਢਾਹੁਣ ਦਾ ਕੋਈ ਫਾਇਦਾ ਨਹੀਂ ਹੋਣਾ!