ਮੇਰੀ ਪੱਗ, ਮੇਰੀ ਪਛਾਣ

ਡਾ. ਬਲਵੰਤ ਸਿੰਘ ਹੰਸਰਾ
ਮੈਂ ਸ਼ਿਕਾਗੋ (ਇਲੀਨਾਏ) ਵਿਚ 1959 ਵਿਚ ਆਇਆ ਸੀ। ਕੈਂਪਸ ਵਿਚ ਮੈਂ ਇਕੱਲਾ ਦਸਤਾਰਧਾਰੀ ਬੰਦਾ ਸਾਂ। ਇਕ ਵਿਦਿਅਕ ਅਦਾਰੇ ਵਿਚ ਹੋਣ ਦੇ ਨਾਤੇ ਮੈਨੂੰ ਕੋਈ ਮੇਰੀ ਦਸਤਾਰ ਬਾਰੇ ਸਵਾਲ ਨਹੀਂ ਸੀ ਕਰਦਾ, ਇਥੋਂ ਤੱਕ ਕਿ ਮੇਰੇ ਕਮਰੇ ਦਾ ਸਾਥੀ ਵੀ ਨਹੀਂ। ਗਰਮੀਆਂ ਬੜੀ ਤੇਜ਼ੀ ਨਾਲ ਆ ਰਹੀਆਂ ਸਨ ਅਤੇ ਮੇਰੇ ਦੋਸਤ ਨੇ ਸੁਝਾਅ ਦਿੱਤਾ ਕਿ ਮੈਂ ਕੋਈ ਨੌਕਰੀ ਲੱਭਣੀ ਸ਼ੁਰੂ ਕਰਾਂ।

ਇਕ ਦਿਨ ਮੈਂ ਕੈਂਪਸ ਤੋਂ ਸ਼ਿਕਾਗੋ ਸ਼ਹਿਰ ਲਈ ਟ੍ਰੇਨ ਫੜੀ ਅਤੇ ਨੌਕਰੀ ਖਾਤਰ ਇਕੱਲਾ ਇਕੱਲਾ ਦਰਵਾਜ਼ਾ ਖੜਕਾਇਆ। ਕਿਸੇ ਇਕ ਵੀ ਕੰਪਨੀ ਦੇ ਮੈਨੇਜਰ ਨੇ ਮੈਨੂੰ ਅਪਲਾਈ ਕਰਨ ਲਈ ਨਹੀਂ ਪੁੱਛਿਆ। ਮੈਂ ਬੜਾ ਨਿਰਾਸ਼ ਹੋਇਆ, ਸੋਚ ਰਿਹਾ ਸਾਂ ਕਿ ਜਾਂ ਤਾਂ ਕਿਤੇ ਕੋਈ ਖਾਲੀ ਥਾਂ ਨਹੀਂ ਹੋਵੇਗੀ, ਤੇ ਜਾਂ ਫਿਰ ਮੇਰੀ ਅਜਨਬੀ ਜਿਹੀ ਦਿੱਖ ਕਾਰਨ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਹੋਵੇ। ਦੁਪਹਿਰ ਦੇ ਖਾਣੇ ਵਕਤ ਮੈਂ ਮਸ਼ਹੂਰ ਸਟੇਟ ਸਟ੍ਰੀਟ ਦੇ ਨਾਲ-ਨਾਲ ਜਾ ਰਿਹਾ ਸਾਂ ਅਤੇ ਇਕ ਵੱਡੀ ਭੀੜ ਰੈਸਟੋਰੈਂਟ ਦੀ ਭਾਲ ਵਿਚ ਗਲੀਆਂ ਵਿਚ ਇਧਰ-ਉਧਰ ਘੁੰਮ ਰਹੀ ਸੀ। ਮੈਂ ਆਪਣੀ ਦਸਤਾਰ ਬਾਰੇ ਕੁਝ ਜ਼ਿਆਦਾ ਹੀ ਸੁਚੇਤ ਹੋ ਗਿਆ ਅਤੇ ਮਹਿਸੂਸ ਕੀਤਾ, ਜਿਵੇਂ ਸਾਰੇ ਮੇਰੇ ਵੱਲ ਹੀ ਦੇਖ ਰਹੇ ਹੋਣ। ਉਸ ਵਕਤ ਮੈਂ ਲੁਕਣ ਲਈ ਕੋਈ ਖੂੰਜਾ ਭਾਲ ਰਿਹਾ ਸਾਂ। ਉਥੇ ਸਿਰਫ ਮੈਂ ਹੀ ਇਕ ਦਸਤਾਰਧਾਰੀ ਸਾਂ ਅਤੇ ਬੜਾ ਓਪਰਾ ਮਹਿਸੂਸ ਕਰ ਰਿਹਾ ਸਾਂ।
ਕੁਝ ਦਿਨਾਂ ਬਾਅਦ ਮੈਂ ਇਕ ਅਖਬਾਰ ਦੇ ‘ਮਦਦ ਚਾਹੀਦੀ ਹੈ’ ਕਾਲਮ ਵਿਚ ਇਸ਼ਤਿਹਾਰ ਪੜ੍ਹਿਆ ਕਿ ਕੋਈ ਵਰਸ਼ਾਸਕੀ ਆਟੋ ਪਾਰਟਸ ਕੰਪਨੀ ਖੁੱਲ੍ਹ ਰਹੀ ਹੈ। ਮੈਂ ਸਬੰਧਤ ਇੰਚਾਰਜ ਨਾਲ ਮੁਲਾਕਾਤ ਖਾਤਰ ਇਸ਼ਤਿਹਾਰ ਵਿਚ ਦਿੱਤਾ ਫੋਨ ਘੁਮਾਇਆ। ਮੀਟਿੰਗ ਦਾ ਵਕਤ ਤੈਅ ਹੋ ਗਿਆ ਅਤੇ ਮੇਰੇ ਉਥੇ ਪੁੱਜਣ ‘ਤੇ ਇਕ ਭੱਦਰ ਪੁਰਸ਼ ਨੇ ਮੇਰਾ ਸਵਾਗਤ ਕੀਤਾ, ਤੇ ਮੈਨੂੰ ਉਥੇ ਬੈਠਣ ਲਈ ਕਿਹਾ। ਇੰਟਰਵਿਊ ਤੋਂ ਬਾਅਦ ਉਸ ਨੇ ਕੋਟ ਤੇ ਹੈਟ ਹੈਂਗਰ ਵੱਲ ਇਸ਼ਾਰਾ ਕੀਤਾ ਅਤੇ ਉਥੇ ਦਸਤਾਰ ਟੰਗਣ ਲਈ ਕਹਿਣ ਕਰਕੇ ਮੈਨੂੰ ਅਚੰਭੇ ਵਿਚ ਪਾ ਦਿੱਤਾ। ਮੈਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਦਸਤਾਰ ਕੋਈ ਹੈਟ ਨਹੀਂ ਹੈ ਅਤੇ ਇਉਂ ਕਿੱਲੀ ਉਤੇ ਨਹੀਂ ਟੰਗੀ ਜਾ ਸਕਦੀ। ਉਹਨੂੰ ਇਸ ਬਾਰੇ ਉਕਾ ਹੀ ਕੋਈ ਜਾਣਕਾਰੀ ਨਹੀਂ ਸੀ ਅਤੇ ਉਸ ਨੇ ਇਹ ਗੱਲ ਸਮਝਣ ਦਾ ਯਤਨ ਵੀ ਨਹੀਂ ਕੀਤਾ। ਉਸ ਨੇ ਜ਼ੋਰ ਪਾਇਆ ਕਿ ਜੇ ਮੈਨੂੰ ਨੌਕਰੀ ਚਾਹੀਦੀ ਹੈ ਤਾਂ ਮੈਨੂੰ ਦਸਤਾਰ ਉਥੇ ਟੰਗਣੀ ਪਵੇਗੀ। ਮੈਂ ਨੌਕਰੀ ਦੀ ਇਹ ਪੇਸ਼ਕਸ਼ ਛੱਡ ਕੇ ਉਸ ਦੇ ਦਫਤਰ ਵਿਚੋਂ ਬਾਹਰ ਨਿੱਕਲ ਆਇਆ। ਕੁਝ ਦਿਨਾਂ ਬਾਅਦ ਮੈਂ ਉਸ ਨੂੰ ਦੁਬਾਰਾ ਫੋਨ ਕੀਤਾ, ਪਰ ਉਸ ਦਾ ਜਵਾਬ ਉਹੀ ਸੀ। ਮੈਂ ਆਪਣੀ ਦਸਤਾਰ ਲਾਹੁਣ ਲਈ ਤਿਆਰ ਹੀ ਨਹੀਂ ਸੀ ਅਤੇ ਉਸ ਨੇ ਮੈਨੂੰ ਨੌਕਰੀ ਨਾ ਦਿੱਤੀ। ਨੌਕਰੀ ਹਾਸਲ ਕਰਨ ਦੇ ਮਾਮਲੇ ਵਿਚ ਇਹ ਮੇਰੀ ਦੂਜੀ ਅਸਫਲਤਾ ਸੀ। ਫਿਰ ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਮੈਨੂੰ ਸ਼ਿਕਾਗੋ ਯੂਨੀਵਰਸਿਟੀ ਦੇ ਫਿਜ਼ਿਕਸ ਵਿਭਾਗ ਵਿਚ ਖੋਜ ਐਸੋਸੀਏਟਾਂ ਨਾਲ ਕੰਮ ਮਿਲ ਗਿਆ। ਉਥੇ ਮੈਂ ਡਾ. ਰੌਬਰਟ ਮੁਲਿਕੇਨ ਦੇ ਮਾਤਹਿਤ ਕੰਮ ਕੀਤਾ, ਜਿਨ੍ਹਾਂ ਨੂੰ ਮਗਰੋਂ ਨੋਬੇਲ ਇਨਾਮ ਮਿਲਿਆ। ਉਹ ਮੈਨੂੰ ਸਦਾ ‘ਮੈਨ ਵਿਦ ਟਰਬਨ’ (ਦਸਤਾਰ ਵਾਲਾ) ਦੇ ਨਾਂ ਨਾਲ ਬੁਲਾਉਂਦੇ।
ਇਕ ਜਾਂ ਦੋ ਮਹੀਨੇ ਬਾਅਦ ਮੈਨੂੰ ਵਾਈ. ਐਮ. ਸੀ. ਏ. ਦੇ ਸਾਲਾਨਾ ਰਾਤਰੀ ਭੋਜ ‘ਤੇ ਮਹਿਮਾਨ ਬੁਲਾਇਆ ਗਿਆ। ਇਸ ਵਿਚ 600 ਤੋਂ ਵੱਧ ਲੋਕ ਸ਼ਾਮਿਲ ਹੋਏ। ਮੀਟਿੰਗ ਹਾਲ ਅੰਦਰ ਵੜਦੇ ਸਾਰ, ਇੰਨੇ ਲੋਕਾਂ ਦੇ ਵੱਡੇ ਇਕੱਠ ਵਿਚ ਮੈਂ ਇਕੱਲਾ ਦਸਤਾਰਧਾਰੀ ਸਾਂ, ਮੈਂ ਤਾਂ ਜਿਵੇਂ ਖੁਦ ਨੂੰ ਮਹਾਰਾਜਾ ਮਹਿਸੂਸ ਕਰ ਰਿਹਾ ਸਾਂ।
ਮੇਰੀ ਪਹਿਲੀ ਫੁੱਲ ਟਾਈਮ ਨੌਕਰੀ ਸ਼ਿਕਾਗੋ ਵਿਚ ਵਾਈ. ਐਮ. ਸੀ. ਏ. ਦੇ ਹਾਈ ਸਕੂਲ ਵਿਚ ਸੀ। ਉਥੇ ਮੈਂ ਗਣਿਤ ਪੜ੍ਹਾਇਆ। ਬਾਅਦ ਵਿਚ ਪ੍ਰਿੰਸੀਪਲ ਨੇ ਮੈਨੂੰ ਦੱਸਿਆ ਕਿ ਮੈਨੂੰ ਨੌਕਰੀ ਦੇਣ ਦਾ ਕਾਰਨ ਮੇਰਾ ਦਸਤਾਰਧਾਰੀ ਹੋਣਾ ਸੀ। ਉਨ੍ਹਾਂ ਦਾ ਆਖਣਾ ਸੀ ਕਿ ਇਉਂ ਅਧਿਆਪਕਾਂ ਵਿਚ ਵੰਨ-ਸਵੰਨਤਾ ਬਣ ਗਈ ਸੀ। ਉਥੇ ਮੈਨੂੰ ਕਦੀ ਜਾਦੂਗਰ ਤੇ ਕਦੀ ਜਿੰਨ, ਕਦੀ ਸਪੇਰਾ, ਕਦੀ ਅਤਿਵਾਦੀ ਅਤੇ ਹੋਰ ਕਈ ਕੁਝ ਕਿਹਾ ਗਿਆ। ਦਸਤਾਰ ਨੇ ਮੈਨੂੰ ਸਿੱਖੀ ਨੂੰ ਸਮਰਪਿਤ ਜਿਊੜਾ ਬਣਾਉਣ ਵਿਚ ਮੇਰੀ ਬਹੁਤ ਮਦਦ ਕੀਤੀ। ਆਪਣੀ ਦਸਤਾਰ ਕਰਕੇ ਮੈਂ ਬਿਹਤਰ ਇਨਸਾਨ ਬਣਿਆ।
ਜ਼ਿੰਦਗੀ ਵਿਚ ਅਜਿਹੇ ਬਹੁਤ ਸਾਰੇ ਲੋਕ ਮਿਲੇ ਜਿਹੜੇ ਮੈਨੂੰ ਪਸੰਦ ਕਰਦੇ ਸਨ ਅਤੇ ਕਈ ਅਜਿਹੇ ਵੀ ਮਿਲੇ, ਜਿਹੜੇ ਨਹੀਂ ਸਨ ਚਾਹੁੰਦੇ ਕਿ ਮੈਂ ਉਨ੍ਹਾਂ ਦੇ ਨੇੜੇ ਵੀ ਜਾਵਾਂ। ਬੱਸ ਇਹੀ ਸਾਰੀ ਕਹਾਣੀ ਹੈ। ਸਦਾ ਖੁਸ਼ ਰਹੋ ਅਤੇ ਜੋ ਕੁਝ ਤੁਸੀਂ ਹੋ, ਉਸ ‘ਤੇ ਮਾਣ ਕਰੋ। ਜੇ ਅਸੀਂ ਆਪਣੇ ਵਿਸ਼ਵਾਸਾਂ ਉਤੇ ਆਪ ਹੀ ਪਹਿਰਾ ਨਹੀਂ ਦੇਵਾਂਗੇ ਤਾਂ ਹੋਰ ਭਲਾ ਕੌਣ ਦੇਵੇਗਾ!