ਮਹਾਰਾਜਾ ਰਣਜੀਤ ਸਿੰਘ ਦੇ ਵਾਰਿਸਾਂ ਦੀ ਨਜ਼ਰ ਵਿਚ ਉਨ੍ਹਾਂ ਦਾ ਵਡੇਰਾ

ਗੁਲਜ਼ਾਰ ਸਿੰਘ ਸੰਧੂ
ਪਾਕਿਸਤਾਨ ਦੇ ਲਾਹੌਰ ਕਿਲਾ ਸਥਿਤ ਮਹਾਰਾਜਾ ਰਣਜੀਤ ਸਿੰਘ ਦੇ ਨੌ ਫੁੱਟ ਉੱਚੇ ਬੁੱਤ ਦੀ ਰਿਜ਼ਵਾਨ ਨਾਂ ਦੇ ਵਿਅਕਤੀ ਵਲੋਂ ਤੋੜ-ਭੰਨ ਦਾ ਅਮਲ ਅੰਤਰਰਾਸ਼ਟਰੀ ਪ੍ਰਤੀਕਰਮ ਦਾ ਮੁੱਦਾ ਬਣਿਆ ਹੋਇਆ ਹੈ। ਇੰਗਲੈਂਡ ਵਿਚ ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਤੋਂ ਲੈ ਕੇ ਭਾਰਤ ਦੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਬੁੱਤ ਤੋੜਨ ਵਾਲੇ ਤਹਿਰੀਕ-ਏ-ਲਭਾਇਕ ਪਾਕਿਸਤਾਨ ਦੇ ਕਾਰਕੁਨ ਰਿਜ਼ਵਾਨ ਦੇ ਅਮਲ ਦੀ ਨਿਖੇਧੀ ਕੀਤੀ ਹੈ। ਮਹਾਰਾਜਾ ਦੇ ਸਿੱਧੇ ਵਾਰਿਸ ਸੰਦੀਪ ਸਿੰਘ ਸੁਕਰਚਕੀਆ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਲਿਖੇ ਆਪਣੇ ਖਤ ਵਿਚ ਖਦਸ਼ਾ ਪ੍ਰਗਟ ਕੀਤਾ ਹੈ ਕਿ ਇਹ ਕਾਰਵਾਈ ਲਾਹੌਰ ਫੋਰਟ ਦੇ ਰਖਵਾਲਿਆਂ ਦੀ ਸ਼ਹਿ ਤੋਂ ਬਿਨਾ ਨਹੀਂ ਹੋਈ ਜਾਪਦੀ।

ਸੰਦੀਪ ਸਿੰਘ ਦੀ ਧਾਰਨਾ ਸਿਰ ਮੱਥੇ, ਪਰ ਅਸਲੀ ਮੁੱਦਾ ਅਜਿਹੇ ਮਹਾਰਾਜੇ ਦੀ ਦੇਣ ਨੂੰ ਨਕਾਰਨਾ ਹੈ, ਜਿਸ ਨੇ ਆਪਣੇ ਰਾਜ-ਕਾਲ ਵਿਚ ਹਿੰਦੂ, ਮੁਸਲਿਮ, ਸਿੱਖ, ਈਸਾਈਆਂ ਨੂੰ ਉਚੀਆਂ ਪਦਵੀਆਂ ਦੇ ਰੱਖੀਆਂ ਸਨ। ਰਿਜ਼ਵਾਨ ਵਰਗੇ ਗਰਮਖਿਆਲੀ ਕਾਰਕੁਨ ਦੀ ਸੋਚ ਨੂੰ ਮੋੜ ਦੇਣ ਦਾ ਹੱਲ ਮਹਾਰਾਜੇ ਦੇ ਬੁੱਤ ਨੂੰ ਲਾਹੌਰ ਦੇ ਕਿਲੇ ਵਿਚੋਂ ਕੱਢ ਕੇ ਪਾਕਿਸਤਾਨ ਦੇ ਪੋਠੋਹਾਰ ਇਲਾਕੇ ਵਿਚ ਲਿਜਾ ਕੇ ਸਥਾਪਨਾ ਕਰਨਾ ਨਹੀਂ, ਜਿਵੇਂ ਕੁਝ ਪੋਠੋਹਾਰੀਆਂ ਨੇ ਨਵੀਂ ਪੇਸ਼ਕਸ਼ ਕੀਤੀ ਹੈ। ਗਰਮਖਿਆਲੀ ਅਨਸਰਾਂ ਨੂੰ ਇਸ ਗੱਲ ਦਾ ਇਲਮ ਕਰਾਉਣਾ ਲਾਜ਼ਮੀ ਹੈ ਕਿ ਮਹਾਰਾਜਾ ਦੀ ਸੋਚ ਕਿਸੇ ਇੱਕ ਧਰਮ ਨੂੰ ਪ੍ਰਨਾਈ ਹੋਈ ਨਹੀਂ ਸੀ। ਉਸ ਦੇ ਰਾਜ ਵਿਚ ਤਾਂ ਸਰਕਾਰੀ ਜ਼ੁਬਾਨ ਵੀ ਪੰਜਾਬੀ, ਹਿੰਦੀ, ਉਰਦੂ ਜਾਂ ਅੰਗਰੇਜ਼ੀ ਦੀ ਥਾਂ ਫਾਰਸੀ ਸੀ। ਅਣਵੰਡੇ ਪੰਜਾਬ ਦੀਆਂ ਹੱਦਾਂ ਤੋਂ ਪਾਰ ਦੀ ਜ਼ੁਬਾਨ।
ਉਸ ਦੇ ਬੁੱਤ ਦੀ ਰਖਵਾਲੀ ਕਰਨਾ ਉਸ ਦੀ ਧਰਮ-ਨਿਰਪੱਖ ਧਾਰਨਾ ਉੱਤੇ ਪਹਿਰਾ ਦੇਣਾ ਹੈ। ਤਹਿਰੀਕ-ਏ-ਲਭਾਇਕ ਪਾਕਿਸਤਾਨ ਦੇ ਕਰਤੇ-ਧਰਤਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਕੁਰਾਹੇ ਪਏ ਅਨਸਰਾਂ ਨੂੰ ਨੱਥ ਪਾਉਣ ਤੇ ਵਡਮੁੱਲੇ ਇਤਿਹਾਸ ਉੱਤੇ ਪੋਚਾ ਨਾ ਫੇਰਨ। ਮਹਾਰਾਜੇ ਦੇ ਵਾਰਿਸਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਵਡੇਰੇ ਦੀ ਧਾਰਨਾ ਨੂੰ ਕੇਵਲ ਕਾਨੂੰਨ ਤੱਕ ਸੀਮਤ ਨਾ ਕਰਨ।
ਨਾਂ ਵਿਚ ਕਿੰਨਾ ਕੁਝ ਪਿਆ ਹੈ!: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਚੋਣਾਂ ਇੱਕ ਵਾਰੀ ਫੇਰ ਰੱਦ ਕਰ ਦਿੱਤੀਆਂ ਗਈਆਂ ਹਨ। 18 ਅਗਸਤ ਨੂੰ ਹੋਣ ਵਾਲੀਆਂ ਇਨ੍ਹਾਂ ਚੋਣਾਂ ਨੂੰ ਰੱਦ ਕਰਨ ਦਾ ਬਹਾਨਾ ਕਰੋਨਾ ਮਹਾਮਾਰੀ ਬਣਾਇਆ ਗਿਆ ਹੈ। ਇਹ ਚੋਣਾਂ 11 ਮਹੀਨੇ ਪਹਿਲਾਂ ਸਤੰਬਰ 2020 ਨੂੰ ਹੋਣੀਆਂ ਸਨ। ਫੇਰ 16 ਮਈ 2021 ਦਾ ਦਿਨ ਨਿਸ਼ਚਿਤ ਹੋਇਆ ਅਤੇ ਫੇਰ 18 ਅਗਸਤ 2021 ਦਾ। ਯੂਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਵਾਈਸ ਚਾਂਸਲਰ ਦੇ ਕੰਮ-ਕਾਜ ਉੱਤੇ ਨਿਗਾਹ ਰੱਖਦੀ ਹੈ, ਪਰ ਅਜੋਕੇ ਵਾਈਸ ਚਾਂਸਲਰ ਨੂੰ ਕੇਂਦਰ ਦੀ ਸਰਕਾਰ ਦਾ ਥਾਪੜਾ ਪ੍ਰਾਪਤ ਹੈ। ਸੈਨੇਟ ਤੇ ਸਿੰਡੀਕੇਟ ਦੀ ਅਣਹੋਂਦ ਵਿਚ ਉਸ ਦੀਆਂ ਮਨ ਮਰਜ਼ੀਆਂ ਨੂੰ ਰੋਕਣ ਦਾ ਸਵਾਲ ਹੀ ਨਹੀਂ। ਸਪਸ਼ਟ ਹੈ ਕਿ ਇਥੇ ਵੀ ਕੇਂਦਰ ਦੀ ਵਰਤਮਾਨ ਸਰਕਾਰ ਸੈਨੇਟ ਵਰਗੀ ਲੋਕਤੰਤਰੀ ਸੰਸਥਾ ਦਾ ਭੋਗ ਪਾਉਣਾ ਚਾਹੰੁਦੀ ਹੈ। ਸੈਨੇਟ ਦੀ ਅਣਹੋਂਦ ਵਿਚ ਅਧਿਆਪਕਾਂ ਤੇ ਹੋਰ ਅਮਲੇ ਦੀਆਂ ਨਿਯੁਕਤੀਆਂ, ਵਿਦਿਆਰਥੀਆਂ ਦੀਆਂ ਫੀਸਾਂ ਵਧਾਉਣਾ, ਪਾਠਕ੍ਰਮ/ਸਿਲੇਬਸ ਵਿਚ ਮਨਮਰਜ਼ੀ ਦਾ ਵਾਧਾ-ਘਾਟਾ ਕਰਨਾ ਤੇ ਯੂਨੀਵਰਸਿਟੀ ਵਿਚ ਕਾਰਪੋਰੇਟ ਘਰਾਣਿਆਂ ਦੀ ਆਮਦ ਨੂੰ ਰੋਕਣ-ਟੋਕਣ ਵਾਲਾ ਕੋਈ ਨਹੀਂ ਰਹਿ ਜਾਂਦਾ।
ਹੁਣ ਇੱਕ ਨਿੱਜੀ ਗੱਲ! ਮੈਂ ਪੰਜਾਬ ਯੂਨੀਵਰਸਿਟੀ ਦਾ ਗਰੈਜੂਏਟ ਹਾਂ। 18 ਅਗਸਤ ਨੂੰ ਹੋਣ ਵਾਲੀਆਂ ਚੋਣਾਂ ਲਈ ਮੈਂ ਵੀ ਵੋਟਰ ਸੀ। ਮੇਰੇ ਜਾਣੂਆਂ ਨੂੰ ਵੋਟਰ ਲਿਸਟ ਵਿਚ ਮੇਰਾ ਨਾਂ ਨਹੀਂ ਸੀ ਲੱਭ ਰਿਹਾ। ਉਹ ਇਸ ਮੁੱਦੇ ਨੂੰ ਉਛਾਲਣ ਦੀਆਂ ਸੋਚਾਂ ਸੋਚ ਰਹੇ ਸਨ ਕਿ ਮੈਂ ਉਨ੍ਹਾਂ ਨੂੰ ਇਸ ਰਾਹ ਤੁਰਨ ਤੋਂ ਵਰਜਿਆ। ਉਹ ਕੀ ਜਾਣਨ ਕਿ ਮੇਰੇ ਮਾਸਟਰਜ਼ ਡਿਗਰੀ ਤੱਕ ਦੇ ਸਰਟੀਫਿਕੇਟਾਂ ਉੱਤੇ ਮੇਰਾ ਨਾਂ ਗੁਲਜਾਰਾ ਸਿੰਘ ਹੈ। ਸਰਦਾਰਾ ਸਿੰਘ, ਪਹਾੜਾ ਸਿੰਘ ਤੇ ਲੱਖਾ/ਕਰੋੜਾ ਸਿੰਘ ਵਰਗਾ। ਮੈਂ ਨੌਕਰੀ ਕਰਨ ਸਮੇਂ ਆਪਣਾ ਨਾਂ ਗੁਲਜ਼ਾਰ ਸਿੰਘ ਸੰਧੂ ਲਿਖਣਾ ਸ਼ੁਰੂ ਕਰ ਦਿੱਤਾ, ਜਿਹੜਾ ਪੈਨਸ਼ਨ ਦੇ ਯੋਗ ਹੋਣ ਤੋਂ ਪਿਛੋਂ ਤੱਕ ਚਲ ਰਿਹਾ ਹੈ। ਇਹ ਗੱਲ ਵੱਖਰੀ ਹੈ ਕਿ ਖਾਲਸਾ ਕਾਲਜ ਮਾਹਿਲਪੁਰ (ਹੁਸ਼ਿਆਰਪੁਰ) ਦੇ ਰਿਕਾਰਡ ਵਿਚ, ਜਿੱਥੇ ਮੈਂ ਬੀ. ਏ. ਤੱਕ ਪੜ੍ਹਿਆ, ਮੇਰਾ ਨਾਂ ਗੁਲਜ਼ਾਰਾ ਸਿੰਘ ਹੀ ਹੈ। ਇਹ ਪਤਾ ਲੱਗਣ ਉੱਤੇ ਉਹ ਵੋਟਰ ਲਿਸਟ ਵਿਚ ਮੇਰਾ ਨਾਂ ਵੇਖ ਕੇ ਖੁਸ਼ ਹੋ ਗਏ। ਉਹ ਕੀ ਜਾਣਨ ਕਿ ਲੋਕਤੰਤਰ ਦੀਆਂ ਧੱਜੀਆਂ ਉਡਾਉਣ ਵਾਲਿਆਂ ਦੇ ਸਿਰ ਉੱਤੇ ਬਹੁਗਿਣਤੀ ਸਰਕਾਰ ਬੈਠੀ ਹੈ, ਜਿਹੜੀ ਚੋਣਾਂ ਦੇ ਅਮਲ ਉੱਤੇ ਹੀ ਪੋਚਾ ਫੇਰ ਸਕਦੀ ਹੈ। ਇਕ ਵਾਰੀ ਨਹੀਂ, ਕਈ ਵਾਰੀ।
ਫੇਰ ਵੀ ਨਾਂ ਦੇ ਮਹੱਤਵ ਦੀ ਗੱਲ ਨੂੰ ਅੱਗੇ ਤੋਰਦਾ ਹਾਂ। ਮੇਰਾ ਜਨਮ ਖੰਨਾ ਮੰਡੀ ਦੇ ਨੇੜਲੇ ਪਿੰਡ ਕੋਟਲਾ ਬਡਲਾ ਵਿਚ ਹੋਇਆ ਸੀ। ਮੇਰੇ ਨਾਨਕਿਆਂ ਨੇ ਮੇਰਾ ਨਾਂ ਬਲਬੀਰ ਸਿੰਘ ਰੱਖ ਦਿੱਤਾ ਤੇ ਮੈਂ ਉਸ ਪਿੰਡ ਵਾਲਿਆਂ ਲਈ ਬਲਬੀਰ ਸਿੰਘ ਉਰਫ ਬੱਲਾ ਹੋ ਗਿਆ। ਫੇਰ ਮੇਰੀ ਦਾਦੀ ਨੇ ਗੁਰੂ ਗ੍ਰੰਥ ਸਾਹਿਬ ਤੋਂ ਵਾਕ ਲੈਣ ਸਮੇਂ ਪਹਿਲਾ ਅੱਖਰ ਗੱਗਾ ਨਿਕਲਣ ਉੱਤੇ ਮੇਰਾ ਨਾਂ ਗੁਲਜ਼ਾਰਾ ਸਿੰਘ ਰੱਖ ਦਿੱਤਾ, ਜਿਹੜਾ ਸਕੂਲਾਂ/ਕਾਲਜਾਂ ਦੇ ਰਿਕਾਰਡ ਵਿਚ ਵੀ ਹੈ ਤੇ ਵੋਟਰ ਲਿਸਟ ਵਿਚ ਵੀ, ਪਰ ਇਹਦੇ ਨਾਲ ਮੇਰੇ ਨਾਨਕੇ ਪਿੰਡ ਮੇਰਾ ਬਚਪਨ ਵਾਲਾ ਨਾਂ ‘ਬੱਲਾ’ ਰੱਦ ਨਹੀਂ ਹੋਇਆ। ਮੇਰੇ ਨਾਨਕੀਂ ਮੇਰਾ ਨਾਂ ਬੱਲਾ ਹੀ ਹੈ। ਦੋ ਸਾਲ ਪਹਿਲਾਂ ਦੂਰਦਰਸ਼ਨ ਵਾਲੇ ਮੇਰੇ ਜੀਵਨ ਬਾਰੇ ਡਾਕੂਮੈਂਟਰੀ ਬਣਾਉਣ ਲੱਗੇ ਤਾਂ ਉਹ ਮੇਰੇ ਨਾਨਕੇ ਪਿੰਡ ਕੋਟਲਾ ਬਡਲਾ ਵੀ ਗਏ। ਉੱਥੋਂ ਦੀ ਨਵੀਂ ਪਨੀਰੀ ਮੈਨੂੰ ਉਸ ਪਿੰਡ ਦੇ ਦੋਹਤਰੇ ਵਜੋਂ ਨਹੀਂ, ਸਗੋਂ ਪੰਜਾਬੀ ਲੇਖਕ ਤੇ ਪੱਤਰਕਾਰ ਗੁਲਜ਼ਾਰ ਸਿੰਘ ਸੰਧੂ ਵਜੋਂ ਜਾਣਦੀ ਹੈ। ਦੂਰਦਰਸ਼ਨ ਵਾਲੇ ਉਸ ਪਿੰਡ ਦੀ ਬਜ਼ੁਰਗ ਮਹਿਲਾ ਨਾਲ ਮੇਰੇ ਬਚਪਨ ਦੀਆਂ ਗੱਲਾਂ ਕਰਨਾ ਚਾਹੰੁਦੇ ਸਨ। ਮੈਂ ਉਨ੍ਹਾਂ ਨੂੰ ਆਪਣੀ ਮਾਂ ਨਾਲੋਂ ਵੱਡੀ ਉਮਰ ਦੀ ਔਰਤ ਕੋਲ ਲੈ ਗਿਆ। ਉਹ ਮੰਜੀ ਉੱਤੇ ਲੇਟੀ ਹੋਈ ਸੀ। ਮੈਂ ਆਪਣੇ ਬਾਰੇ ਦੱਸਿਆ ਕਿ ਮੈਂ ਬੀਬੀ ਚਰਨੋ (ਜਿਸ ਦਾ ਪੂਰਾ ਨਾਂ ਗੁਰਚਰਨ ਕੌਰ ਸੀ) ਦਾ ਪੁੱਤ ਹਾਂ। ਉਹ ਔਰਤ ਮੰਜੀ ਉੱਤੇ ਬੈਠ ਐਨਕ ਲਾ ਕੇ ਬੋਲੀ, ‘ਤਾਂ, ਤੰੂ ਬੱਲਾ ਏਂ?’ ਮੈਂ ਉਸ ਨੂੰ ਝੁਕ ਕੇ ਮੱਥਾ ਟੇਕਿਆ ਤਾਂ ਉਸ ਨੇ ਪਿਆਰ ਨਾਲ ਮੇਰਾ ਸਿਰ ਪਲੋਸਿਆ।
ਹੁਣ ਜਦੋਂ ਮੇਰੀ ਮਾਂ ਵੀ ਇਸ ਜਹਾਨ ਵਿਚ ਨਹੀਂ, ਸੈਨੇਟ ਦੀਆਂ ਵੋਟਾਂ ਦੀ ਤਰੀਕ ਵੀ ਰੱਦ ਹੋ ਚੁਕੀ ਹੈ, ਮੈਂ ਗੁਲਜ਼ਾਰ ਸਿੰਘ ਸੰਧੂ ਨਹੀਂ ਤੇ ਨਾ ਹੀ ਗੁਲਜਾਰਾ ਸਿੰਘ ਹਾਂ। ਸਿਰਫ ਤੇ ਸਿਰਫ ਬੱਲਾ ਹਾਂ। ਆਪਣੀ ਜਨਮ ਭੋਂ ਵਾਲਾ ਬਲਬੀਰ ਉਰਫ ਬੱਲਾ। ਕੌਣ ਕਹਿੰਦਾ ਹੈ ਕਿ ਨਾਂ ਵਿਚ ਕੁਝ ਨਹੀਂ ਪਿਆ?
ਅੰਤਿਕਾ: (ਮੱਖੀਆਂ ਦੀ ਰੁੱਤ ’ਤੇ ਲੋਕ-ਵਿਅੰਗ)
ਸਿੰਘ ਸੂਰਮੇ ਚੜ੍ਹੇ ਸ਼ਿਕਾਰ
ਮੱਖੀ ਘੇਰੀ ਵਿਚ ਬਜ਼ਾਰ,
ਮਰੀ ਤਾਂ ਨ੍ਹੀਂ, ਪਰ ਲੰਗੜੀ ਕੀ
ਇਹ ਵੀ ਫਤਿਹ ਗੁਰਾਂ ਨੇ ਕੀ।