ਪੀੜ ਉਹਦੇ ਦਰਵਾਜ਼ੇ ਦੀ ਪ੍ਰਾਹੁਣੀ ਹੈ

ਦੇਸ ਰਾਜ ਕਾਲੀ
ਧੁੱਪ, ਹਵਾ, ਪਰਿੰਦੇ, ਉਡਾਰੀ, ਇਨਸਾਫ, ਗੈਰਤ, ਜ਼ਖਮ, ਅਸ਼ਕ, ਚੁੱਪ, ਬੁੱਲ੍ਹ-ਇਹ ਸਾਰੇ ਸ਼ਬਦ ਅਜੈ ਤਨਵੀਰ ਦੀ ਗਜ਼ਲ ਦੇ ਸਿਧਾਂਤ ਨੇ। ਇਹ ਸ਼ਬਦ ਨੂੰ ਸਿਧਾਂਤ ਬਣਾ ਦਿੰਦੈ। ਧੁੱਪ ਸਸ਼ਕਤ ਅਲੰਕਾਰ ਹੈ, ਪਰ ਅਜੈ ਕਹਿੰਦੈ ਕਿ ਉਹ ਠਰੀ ਹੋਈ ਹੈ। ਹਵਾ ਜੋ ਹੈ, ਡਰੀ ਹੋਈ ਹੈ। ਉਹ ਸਮਾਜ ਨੂੰ ਇਨ੍ਹਾਂ ਅਲੰਕਾਰਾਂ (ਮੈਟਾਫਰਾਂ) ਰਾਹੀਂ ਫੜਨ/ਸਮਝਣ ਦਾ ਯਤਨ ਕਰ ਰਿਹਾ ਹੈ। ਹੁਣ ਪਰਿੰਦਾ ਤੁਸੀਂ ਕੈਦ ਕਰ ਸਕਦੇ ਹੋ, ਪਰ ਉਸ ਦੀ ਉਡਾਰੀ ਲਈ ਕੋਈ ਜੇਲ੍ਹ ਨਹੀਂ ਹੈ ਤੁਹਾਡੇ ਕੋਲ। ਅਜੈ ਉਡਾਰੀ ਦਾ ਸ਼ਾਇਰ ਹੈ।

ਸੂਖਮ ਦਾ, ਸਥੂਲ ਦਾ ਨਹੀਂ। ਉਹ ਵਿਚਾਰ ਦੇ ਸੇਕ ਦਾ ਸ਼ਾਇਰ ਹੈ। ਇਨਸਾਫ ਨੂੰ ਜਦੋਂ ਉਹ ਗੈਰਤ ਨਾਲ ਜੋੜਦਾ ਹੈ, ਤਾਂ ਬਿਲਕੁਲ ਸਿਆਸੀ ਸ਼ੇਅਰ ਕਹਿ ਰਿਹਾ ਹੁੰਦਾ ਹੈ। ਉਹਦੀ ਗਜ਼ਲ ਦੀ ਸਿਆਸਤ ਹੈ ਕਿ ਉਹ ਸਿਆਸੀ ਸ਼ੇਅਰ ਕਹਿੰਦਾ ਹੈ। ਹੁਣ ਉਹ ਸੰਵੇਦਨਾ ਨਾਲ ਭਰੇ ਮਨ ਦੀ ਦੱਸ ਪਾ ਰਿਹਾ ਹੈ। ਜਿਹਦੀ ਅੱਖ ਨਮ ਹੈ, ਉਸ ਹਿਰਦੇ ਦੀ ਗੱਲ ਕਰ ਰਿਹਾ ਹੈ। ਇਹ ਜਗਦੇ/ਜਾਗਦੇ ਹੋਣ ਦੀ ਨਿਸ਼ਾਨੀ ਹੈ। ਹੁਣ ਖਾਮੋਸ਼ੀ ਦੇ ਬੋਲਣ ਦਾ ਇੰਤਜ਼ਾਰ ਹੈ ਉਸ ਨੂੰ, ਪਰ ਕਾਹਲ ਨਹੀਂ ਹੈ। ਉਹਨੂੰ ਚੁੱਪ ਦੇ ਮਾਅਨੇ ਪਤਾ ਨੇ। ਉਹ ਇਨ੍ਹਾਂ ਮਾਅਨਿਆਂ ਨਾਲ ਉਮੀਦ ਦੀ ਫਸਲ ਬੀਜਦਾ ਹੈ। ਅਜੈ ਇਸੇ ਕਰਕੇ ਕਿਸਾਨ ਹੈ। ਉਹ ਉਮੀਦ ਦੀ ਫਸਲ ਬੀਜਣ ਵਾਲਾ ਸ਼ਾਇਰ ਹੈ। ਲਾਲ ਸਿੰਘ ਦਿਲ ਬਾਬਾ ਸ਼ਾਇਰ ਸੀ, ਅਜੈ ਮਲੰਗ ਸ਼ਾਇਰ ਹੈ।
ਅਜੈ ਦੇ ਮਨ ‘ਚ ਕਿਤੇ ਨਾ ਕਿਤੇ ਉਹ ਸ਼ਬਦ ਗੂੰਜਦੇ ਰਹਿੰਦੇ ਨੇ, ਜਿਹੜੇ ਦਰਸ਼ਨ ਸ਼ਾਸਤਰੀ ਆਭਾ ਵਾਲੇ ਹੋ ਕੇ ਵੀ ਬੰਦੇ ਦੇ ਮਨ ਦਾ ਦਰਸ਼ਨ ਪੜ੍ਹਦੇ ਲੱਭਦੇ ਨੇ। ਜਦੋਂ ਅਜੈ ਦੁਚਿੱਤੀ ‘ਚ ਫਸੀ ਦੁਬਿਧਾ ਬਾਰੇ ਸ਼ੇਅਰ ਕਹਿ ਰਿਹਾ ਹੈ ਤਾਂ ਮੇਰੇ ਮਨ ‘ਚ ਕਬੀਰ ਬੌਰੇ ਮਨ ਦੀ ਸੂਹ ਦੇਣ ਲੱਗਦੇ ਨੇ। ਉਸ ਤੋਂ ਅਗਲੇ ਸ਼ੇਅਰ ‘ਚ ਈ ਸਰਮਦ ਆ ਗੂੰਜਿਆ। ਅਜੈ ਦਾ ਮਨ ਹਾਰਨ ਦੀ ਇੱਛਾ ਵਾਲਾ ਨਹੀਂ ਹੈ, ਇਸੇ ਕਰਕੇ ਉਹਦੇ ਅੰਗੂਠੇ ਦੀ ਥਾਂ ਨਿੱਭ ਉੱਗ ਆਈ ਹੈ। ਨਿੱਭ ਉਸ ਲਈ ਨਸ਼ਤਰ ਹੈ।
ਅਜੈ ਤਨਵੀਰ ਮੇਰੇ ਕੋਲ ਕਦੇ-ਕਦੇ ਰੋ ਲੈਂਦਾ ਹੈ। ਉਹਨੂੰ ਸਮੇਂ ਨੇ ਬੰਨ੍ਹ ਮਾਰ ਲਈ, ਉਹ ਤਾਂ ਉਡਾਰੂ ਪੰਛੀ ਸੀ। ਫਿਰ ਉਹ ਇਸ ਰੋਣ ਨੂੰ ਚਿੰਤਨ ‘ਚ ਪਾ ਲੈਂਦਾ ਹੈ। ਮੇਰੇ ਮਨ ‘ਚ ਕੁਝ ਤਸਵੀਰਾਂ ਬਣਨ ਲੱਗਦੀਆਂ ਨੇ। ਮੈਂ ਅਜੈ ਨੂੰ ਕਹਿੰਦਾ ਹਾਂ ਕਿ ਸਿ਼ਲਪੀ ਸ਼੍ਰੇਣੀਆਂ ‘ਚ ਸਭ ਤੋਂ ਪਹਿਲਾਂ ਜੇ ਕੋਈ ਰੋਂਦਾ ਹੈ, ਤਾਂ ਉਹ ਕਬੀਰ ਨੇ। ਉਨ੍ਹਾਂ ਦਾ ਰੋਣਾ ਏਨਾ ਗਹਿਰਾ ਹੈ, ਏਨਾ ਦਾਰਸ਼ਨਿਕ ਏ, ਏਨਾ ਸਰੋਕਾਰ ਵਾਲਾ ਕਿ ਤੁਸੀਂ ਉਹਦੇ ਮਾਅਨੇ ਲੱਭਦੇ ਉਮਰ ਬਿਤਾ ਸਕਦੇ ਹੋ। ਫਿਰ ਉਨ੍ਹਾਂ ਦੀ ਪਰੰਪਰਾ ਹੈ। ਗੁਰੂ ਨਾਨਕ ਦਾ ਰੋਣਾ ਹੈ ਫੇਰ ਉਸੇ ਪਰੰਪਰਾ ‘ਚੋਂ, ਜਦੋਂ ਉਹ ਰਾਂਗਲੇ ਸੱਜਣਾ ਨੂੰ ਰੋਂਦੇ ਨੇ। ਰੋਣ ਦਾ ਇਨ੍ਹਾਂ ਲੋਕਾਂ ਨੂੰ ਕੀ ਪਤਾ? ਸਿ਼ਵ ਕੁਮਾਰ ਬਟਾਲਵੀ ਇਸ ਅੱਥਰ ਨੂੰ ਸਲੋਅ ਖੁਦਕੁਸ਼ੀ ਕਹਿੰਦਾ ਹੈ। ਹੌਲੀ-ਹੌਲੀ ਮੌਤ ਵੱਲ ਖਿਸਕਣਾ। ਅਜੈ ਤਨਵੀਰ ਵੀ ਇਸੇ ਚਿੰਤਨ ਦਾ ਸ਼ਾਇਰ ਹੈ।
ਅਜੈ ਤਨਵੀਰ ਦੀ ਗਜ਼ਲ ਦੀ ਥਾਹ ਉਹੀ ਪਾ ਸਕਦਾ ਹੈ, ਜਿਹਨੇ ਤੁਰਗਨੇਵ ਜਾਣਿਆ ਹੋਵੇ। ਮੋਪਾਸਾਂ ਪੜ੍ਹਿਆ/ਸੁਣਿਆ ਹੋਵੇ। ਜਿਹੜਾ ਚਾਰ ਕਦਮ ਸ਼ੋਲੋਖੋਵ ਨਾਲ ਤੁਰਿਆ ਹੋਵੇ। ਜਿਸ ਸ਼ਖਸ ਨੇ ਹਮਿੰਗਵੇ ਦੇ ਬੁੱਢੇ ਨਾਲ ਗੱਲਾਂ ਕੀਤੀਆਂ ਹੋਣ। ਸਾਗਰ ਸਰਹੱਦੀ ਨਾਲ ਖਿਆਮ ਨੂੰ ਮਿਲਣ ਗਿਆ ਹੋਵੇ। ਓਸਤ੍ਰੋਵਸਕੀ ਦੇ ਜੀਵਨ ਨੂੰ ਜਯ ਕਿਹਾ ਹੋਵੇ ਜਿਹਨੇ। ਕਦੇ-ਕਦਾਈਂ ਪਾਵੇਲ ਦੀ ਮਾਂ ਨੂੰ ਮਿਲਣ ਚਲਿਆ ਜਾਂਦਾ ਹੋਵੇ। ਕਰਤਾਰ ਸਿੰਘ ਸਰਾਭੇ ਨਾਲ ਜਿਹਨੇ ਗਦਰ ਗੂੰਜ ਦੇ ਟਾਈਟਲ ਬਣਾਏ ਹੋਣ ਜਾਂ ਫਿਰ ਉਹ ਰੱਸੀ ਵੱਟੀ ਹੋਵੇ, ਜਿਹੜੀ ਸਰਮਦ ਦੇ ਗਲ ਪਈ ਸੀ। ਉਹਦੀ ਗਜ਼ਲ ਦਾ ਰੰਗ ਚਾਨੋਵੰਨਾ ਹੈ, ਤਦੇ ਉਹ ਆਪਣੀ ਗੱਲਬਾਤ ‘ਚ ਹਮੇਸ਼ਾ ਆਪਣੇ ਪੁਰਖੇ ਸਿੱਧ ਚਾਨੋ ਨੂੰ `ਵਾਜਾਂ ਮਾਰਦਾ ਲੱਭ ਜਾਵੇਗਾ। ਜਿਸ ਵੀ ਪਾਠਕ ਨੂੰ ਅਜੈ ਦੀਆਂ ਇਨ੍ਹਾਂ ਰਮਜ਼ਾਂ ਦੀ ਸਮਝ ਹੋਵੇਗੀ, ਉਹੀ ਇਹਦੀ ਗਜ਼ਲ ਨੂੰ ਮਾਣ ਸਕਦਾ ਹੈ। ਤੁਰਗਨੇਵ ਕਹਿੰਦੇ ਨੇ ਕਿ ਜੇ ਅਸੀਂ ਉਸ ਪਲ ਦੀ ਉਡੀਕ ‘ਚ ਹਾਂ, ਜਦੋਂ ਸਭ ਕੁਝ ਤਿਆਰ ਮਿਲੇਗਾ, ਹਾਂ ਸੱਚਮੁੱਚ ਤਿਆਰ ਮਿਲੇਗਾ, ਤਾਂ ਅਸੀਂ ਕਦੇ ਵੀ ਸ਼ੁਰੂਆਤ ਨਹੀਂ ਕਰ ਸਕਦੇ! ਅਜੈ ਨੇ ਇਹ ਗੱਲ ਲੜ ਬੰਨ੍ਹੀ ਹੋਈ ਹੈ। ਇਸ ਅੰਕ ‘ਚ ਅਜੈ ਤਨਵੀਰ ਦੀਆਂ ਕੁਝ ਗਜ਼ਲਾਂ ਦਾ ਤੁਸੀਂ ਅਨੰਦ ਮਾਣ ਸਕਦੇ ਹੋ।
ਅਜੈ ਦੇ ਮਨ ਬਾਰੇ ਸਿਰਫ ਸਤਿਗੁਰ ਕਬੀਰ ਦਾ ਇੱਕ ਇਸ਼ਾਰਾ ਹੀ ਕਾਫੀ ਹੈ,
ਧਰਤੀ ਅਕਾਸ਼ ਗੁਫਾ ਕੇ ਅੰਦਰ
ਪੁਰਸ਼ ਏਕ ਵਹਾਂ ਰਹਿਤਾ ਹੈ, ਰੇ ਭਾਈ!
ਹਾਥ ਨ ਪਾਓਂ ਰੂਪ ਨਹੀਂ ਰੇਖਾ,
ਨੰਗਾ ਹੋਕਰ ਫਿਰਤਾ ਹੈ, ਰੇ ਭਾਈ!

ਅਜੈ ਤਨਵੀਰ ਦੀਆਂ ਕੁਝ ਗਜ਼ਲਾਂ

(1)
ਹੋਣ ਨਾ ਦਿੰਦੇ ਜੁਦਾ ਐਸੇ ਵੀ ਹੁੰਦੇ ਫਾਸਲੇ।
ਉਮਰ ਭਰ ਨਾ ਸਾਥ ਛੱਡਣ ਇਸ ਤਰ੍ਹਾਂ ਦੇ ਹਾਦਸੇ।

ਵੇਖਦੇ ਹਾਂ ਅੰਬਰਾਂ ਵਿਚ ਉੱਡਦੇ ਕਿੰਨਾ ਕੁ ਚਿਰ
ਪਰ ਉਧਾਰੇ ਲੈ ਗਏ ਜੋ ਕੁਝ ਦਿਨਾਂ ਦੇ ਵਾਸਤੇ।

ਦਿਸ ਰਿਹਾ ਸੀ ਤੂੰ ਖੜ੍ਹਾ ਹਰ ਮੀਲ ਪੱਥਰ ਵਿਚ ਹੀ
ਖ਼ੂਬਸੂਰਤ ਬਣ ਗਏ ਫਿਰ ਮੰਜਿ਼ਲਾਂ ਦੇ ਰਾਸਤੇ।

ਮੈਂ ਸੁਆਰਥ ਵਾਸਤੇ ਚੱਪੂ ਕਦੇ ਬਣਿਆ ਨਹੀਂ
ਇਸ ਲਈ ਤਾਂ ਰਾਜ ਭਵਨਾਂ ਵਿਚ ਮਿਲੇ ਨਾ ਦਾਖਲੇ।

ਰਾਤ ਦਿਨ ਹੀ ਸੁਲਘਦੇ ਨੇ ਜੋ ਬਿਨਾ ਹੀ ਚਿਣਗ ਤੋਂ
ਦੱਸ ਕਿੱਦਾਂ ਲਾਟ ਬਣਦੇ ਭੀੜ ਦੇ ਉਹ ਕਾਫਲੇ।

ਕਿੰਜ ਬਿਜੜਾ ਘਰ ਬਣਾਵੇ ਵੇਖ ਕੇ ਕੁਝ ਸਿੱਖ ਤੂੰ
ਠੰਡ ਵਿਚ ਕਿੰਨਾ ਕੁ ਠਰਨਾ ਤੂੰ ਕਿਸੇ ਦੀ ਆਸ `ਤੇ।

(2)
ਕਦੇ ਇਹ ਵਾ-ਵਰੋਲੇ ਤੇ ਕਦੇ ਝੱਖੜ ਨਾ ਰਲ ਜਾਵੇ।
ਪਰਿੰਦੇ ਨੂੰ ਕਹੋ ਇਸ ਰੁੱਖ `ਤੇ ਨਾ ਆਲ੍ਹਣਾ ਪਾਵੇ।

ਕਿਵੇਂ ਉੱਤਰ ਦਿਆਂ ਉਸ ਨੂੰ ਜਦੋਂ ਉਹ ਪੁੱਛਦਾ ਮੈਨੂੰ
ਨਗਰ ਇਹ ਜੁਗਨੂੰਆ ਜੇ ਤਾਂ ਨ੍ਹੇਰਾ ਕਿਉਂ ਦਿਸੀ ਜਾਵੇ।

ਕਿਸੇ ਨੂੰ ਵੀ ਜਦੋਂ ਕੀਤੀ ਮੁਹੱਬਤ ਰੱਜ ਕੇ ਕੀਤੀ
ਮਿਲੇ ਉਪਹਾਰ ਵਿਚ ਮੈਨੂੰ ਕਦੇ ਹੌਕੇ, ਕਦੇ ਹਾਵੇ।

ਉਹ ਦਿੰਦਾ ਬਦਦੁਆ ਮੈਨੂੰ ਲਿਖੇਗਾਂ ਹੋਰ ਹਲਕਾ ਤੂੰ
ਚਲੋ ਏਸੇ ਬਹਾਨੇ ਹੀ ਮੇਰੇ ਸ਼ੇਅਰ ਪੜ੍ਹੀ ਜਾਵੇ।

ਤੇਰੀ ਤਕਰੀਰ ਤੇ ਇਤਰਾਜ਼ ਇਸ ਲਈ ਤਾਜਦਾਰਾਂ ਨੂੰ
ਕਿ ਤੂੰ ਬੋਲਣ ਲਗਾ ਦਿੱਤੇ ਬਣੇ ਮਿੱਟੀ ਦੇ ਸਭ ਬਾਵੇ।

ਲਹੂ ‘ਲੰਕੇਸ਼’ ਦਾ ਰਗ ਰਗ ‘ਚ ਇਸ ਦੇ ਖੌਲਦਾ ਰਹਿੰਦਾ
ਤਦੇ ਤਾਂ ਕਾਲ ਪਾਵੇ ਨਾਲ ਬੰਨਣ ਦੇ ਕਰੇ ਦਾਅਵੇ।

(3)
ਪੱਥਰ ਤਰਾਸ਼ ਕੇ ਉਹ, ਜਦ ਮੂਰਤੀ ਬਣਾਵੇ।
ਮੰਦਰ `ਚ ਉਹ ਹੀ ਪੱਥਰ ਫਿਰ ਦੇਵਤਾ ਕਹਾਵੇ।

ਇਸ ਮੋਮ ਦੇ ਨਗਰ ਵਿਚ ਹਰ ਆਦਮੀ ਹੈ ਧੁਖਦਾ,
ਐਸਾ ਅਜੀਬ ਮੰਜ਼ਰ, ਖਾਬਾਂ ‘ਚ ਰੋਜ਼ ਆਵੇ।

ਬਾਂਸਾਂ ਨੂੰ ਤਾਲ ਕੇ ਸੀ, ਜੋ ਬੰਸਰੀ ਬਣਾਉਂਦਾ,
ਅੱਜ ਕੱਲ੍ਹ ਪਤਾ ਨਹੀਂ ਉਹ ਕਿਉਂ ਤੀਰ ਹੀ ਬਣਾਵੇ।

ਖੇਤਾਂ ‘ਚ ਬੰਬ ਉੱਗਣ ਐਨੀ ਕਰੀ ਤਰੱਕੀ,
ਹਰ ਸ਼ਹਿਰ, ਹਰ ਨਗਰ ਨੂੰ ਹੁਣ ਰੱਬ ਹੀ ਬਚਾਵੇ।

ਕਾਗਜ਼ ਤੂੰ ਹੋਰ ਕਾਲੇ ਕਿੰਨਾ ਕੁ ਚਿਰ ਕਰੇਂਗਾ,
ਕੁਝ ਸਿਰਜ ਇਸ ਤਰ੍ਹਾਂ ਦਾ ਜੋ ਬਣ ਮਿਸਾਲ ਜਾਵੇ।

ਸੁਲਤਾਨ ਕੋਲ ਉਸ ਨੇ ਗਿਰਵੀ ਜ਼ਮੀਰ ਰੱਖੀ,
ਦਰਬਾਰ ਦਾ ਚਹੇਤਾ ਸ਼ਾਇਰ ਉਹ ਤਾਂ ਕਹਾਵੇ।

ਸਭ ਕੁਝ ਗੁਆ ਲਿਆ ਹੈ ਵਿਕਸਿਤ ਦੀ ਦੌੜ ਅੰਦਰ,
ਤਨਵੀਰ ਦੱਸ ਕਾਹਦੇ ਕਰਦਾਂ ਅਜੇ ਵੀ ਦਾਅਵੇ।

(4)
ਹੈ ਤਾਂ ਬੜਾ ਹੀ ਮੁਸ਼ਕਿਲ ਮੇਰੇ ਵਲੋਂ ਇਹ ਕਹਿਣਾ।
ਹੁਣ ਹੋਰ ਨਾ ਮੁਨਾਸਿਬ ਤੇਰੇ ਨਗਰ ‘ਚ ਰਹਿਣਾ।

ਪੱਕਾ ਯਕੀਨ ਸਾਨੂੰ ਇਸ ਆਫਰੀ ਨਦੀ ਨੇ,
ਇਕ ਦਿਨ ਜਰੂਰ ਸਾਡੇ ਤਪਦੇ ਥਲਾਂ `ਤੇ ਵਹਿਣਾ।

ਤੇਰੇ ਜੋ ਨਾਲ ਬੀਤੇ ਪਲ ਸਨ ਬੜੇ ਸੁਨਹਿਰੀ,
ਯਾਦਾਂ ਅਭੁੱਲ ਬਣੀਆਂ ਇਸ ਜਿ਼ੰਦਗੀ ਦਾ ਗਹਿਣਾ।

ਕਿਉਂ ਵਾਰ ਵਾਰ ਪੁੱਛੇ ‘ਕਨਿਆਨ’ ਦੀ ਕਹਾਣੀ,
ਐਨਾ ਨਹੀਂ ਹੈ ਸੌਖਾ ਇਹ ਸਿਤਮ ਦਿਲ `ਤੇ ਸਹਿਣਾ।

ਰਿਸ਼ਤੇ ਦਾ ਰੰਗ ਦੇਖੀਂ ਹੋਣਾ ਹੈ ਹੋਰ ਗੂੜ੍ਹਾ,
ਵਿਛੜਨ ਸਮੇਂ ਤੂੰ ਮੈਨੂੰ ਜਦ ਅਲਵਿਦਾ ਹੈ ਕਹਿਣਾ।

ਚੰਗਾ ਮੈਂ ਦੱਸ ਦੇਵਾਂ ‘ਤਨਵੀਰ’ ਦੀ ਕਹਾਣੀ,
ਫੁੱਲਾਂ ਦੀ ਜੂਨ ਜੀਣਾ ਸੂਲਾਂ ਦਾ ਦਰਦ ਸਹਿਣਾ।

ਝਾਂਜਰ ਦੇ ਵਾਂਗ ਛਣਕੇ ਪੈਰੀਂ ਪਈ ਜੋ ਬੇੜੀ,
ਤਨਵੀਰ ਕਤਲਗਾਹ ਵਿਚ ਇਸ ਛਣਕਦੀ ਹੈ ਰਹਿਣਾ।

(5)
ਕੋਸਿ਼ਸ਼ ਬੜੀ ਕੀਤੀ ਪਰਿੰਦਾ ਨਾ ਉਡਾਰੀ ਭਰ ਸਕੇ।
ਚੂਰੀ ਅਤੇ ਇਹ ਪਿੰਜਰਾ ਨਾ ਕੈਦ ਉਸ ਨੂੰ ਕਰ ਸਕੇ।

ਤੂੰ ਬਸਤੀਆਂ ਦੇ ਵਾਸੀਆਂ ਨੂੰ ਨਾ ਸਮਝ ਕਮਜ਼ੋਰ ਦਿਲ,
ਹਰ ਘਰ ਸਰਾਭਾ ਪਲ ਰਿਹਾ ਜੋ ਸਿਰ ਤਲੀ `ਤੇ ਧਰ ਸਕੇ।

ਉਸ ਨੂੰ ਬੜਾ ਹੀ ਸ਼ੋਕ ਹੈ ਸਾਗਰ ਦੇ ਉੱਤੇ ਵਰਨ ਦਾ,
ਉਹ ਕਾਸ਼ ਜੇ ਬਦਲੀ ਕਿਤੇ ਝੁਲਸੇ ਗਰਾਂ ਤੇ ਵਰ ਸਕੇ।

ਮੌਸਮ ਸਲੀਬਾਂ ਦੇ ‘ਚ ਵੀ ਜੋ ਹਰ ਸਮੇ ਨਿਰਭੈ ਰਿਹਾ,
ਤੇਰੇ ਲਿਖੇ ਫਰਮਾਨ ਤੋਂ ਕਿੱਦਾਂ ਭਲਾ ਉਹ ਡਰ ਸਕੇ।

ਜੁਗਨੂੰ ਜਦੋਂ ਵੀ ਚਮਕਦਾ ਰਾਹਾਂ ‘ਚ ਕਰਦਾ ਰੋਸ਼ਨੀ,
ਉਹ ਸਿਰਜਦਾ ਤਾਰੀਖ ਜੋ ਨ੍ਹੇਰਾ ਕਦੇ ਨਾ ਜਰ ਸਕੇ।

ਨੀਰੋ ਅਜੇ ਤਾਂ ਬੰਸਰੀ ਵਿਚ ਮਸਤ ਹੈ ਫਿਰ ਕਿਸ ਤਰ੍ਹਾਂ,
ਉਹ ਮੁਲਕ ਸੜਦਾ ਦੇਖ ਕੇ ਅੱਖਾਂ ‘ਚ ਹੰਝੂ ਭਰ ਸਕੇ।

(6)
ਕਦੇ ਪੁੱਛੇ ਤਾਂ ਮੈਂ ਦੱਸਾਂ ਭਲਾਂ ਕੀ ਹਾਲ ਹੈ ਮੇਰਾ।
ਜੁਦਾ ਹੋਇਆ ਮੈਂ ਖੁਦ ਨਾਲੋਂ ਜਦੋਂ ਦਾ ਹੋ ਗਿਆ ਤੇਰਾ।

ਕਿਵੇਂ ਮਿਲਦੀ ਹਵਾ ਰੁੱਖਾਂ ਨੂੰ ਹੁਣ ਮੈਂ ਵੇਖ ਲੈਂਦਾ ਹਾਂ,
ਅਸਰ ਤੇਰੀ ਮੁਹੱਬਤ ਦਾ ਕੋਈ ਵੀ ਦੋਸ਼ ਨਾ ਮੇਰਾ।

ਅਲਖ ਤੇਰੇ ਦਰਾਂ ਉੱਤੇ ਜਗਾ ਕੇ ਆ ਗਿਆ ਵਾਪਿਸ,
ਪਤਾ ਨਈਂ ਜੋਗੀਆਂ ਵਾਲਾ ਕਦੋਂ ਮੁੜ ਕੇ ਪਵੇ ਫੇਰਾ।

ਭਰੇ ਹੌਕਾ ਉਹ ਤੇਰੀ ਯਾਦ ਵਿਚ ਇਹ ਹੋ ਨਹੀਂ ਸਕਦਾ,
ਬੜਾ ਸੀਮਤ ਅਜੇ ‘ਤਨਵੀਰ’ ਉਸ ਦੀ ਸੋਚ ਦਾ ਘੇਰਾ।

ਉਦੋਂ ਕੁਝ ਬੋਲ ਨਾ ਹੋਵੇ ਜਦੋਂ ਧੀ ਪੁੱਛਦੀ ਮੈਨੂੰ,
ਇਹ ਵਿਛੜੀ ਡਾਰ ਨਾਲੋਂ ਕੂੰਜ ਦਾ ਹੈ ਕਿਸ ਗਰਾਂ ਡੇਰਾ।

ਬੜੇ ਹੀ ਅਹਿਮ ਭਾਵੇਂ ਹੋਣ ਸਾਰੇ, ਆਪਣੀ ਥਾਂ `ਤੇ,
ਕਿਸੇ ਰਿਸ਼ਤੇ ਦਾ ਹੋ ਸਕਦਾ ਨਹੀਂ ਪਰ ਮਾਂ ਜਿਹਾ ਜੇਰਾ।

ਜਿਨ੍ਹਾਂ ਖਾਤਰ ਰਿਹਾ ਬਣਦਾ ਕਦੇ ਪੌੜੀ, ਕਦੇ ਕਿਸ਼ਤੀ,
ਪਤਾ ਨਈਂ ਕਿਉਂ ਖਫਾ ਰਹਿੰਦੇ ਉਹ ਦੱਸਦੇ ਦੋਸ਼ ਨਾ ਮੇਰਾ।

(7)
ਕੌਣ ਹਨ ਇਹ ਲੋਕ ਜੋ ਨਵੀਂਆਂ ਹੀ ਪਿਰਤਾਂ ਪਾ ਰਹੇ।
ਮੋਢਿਆਂ `ਤੇ ਧਰ ਸਲੀਬਾਂ ਮਕਤਲਾਂ ਵੱਲ ਜਾ ਰਹੇ।

ਹੇ ਖੁਦਾ ਦਿਸਦਾ ਰਹੇ ਮੰਜ਼ਰ ਇਹ ਮੈਨੂੰ ਉਮਰ ਭਰ,
ਬਿਰਖ ਪੱਤਝੜ ਵਿਚ ਵੀ ਨਗਮੇ ਖੁਸ਼ੀ ਦੇ ਗਾ ਰਹੇ।

ਡੋਰ ਮੇਰੇ ਦੇਸ਼ ਦੀ ਹੈ ਹੱਥ ਵਿਚ ਉਨ੍ਹਾਂ ਦੇ ਜੋ,
ਰੱਤ ਸਾਡੀ ਚੂਸ ਕੇ ਥਾਂ ਥਾਂ ਛਬੀਲਾਂ ਲਾ ਰਹੇ।

ਹੈ ਉਨ੍ਹਾਂ ਦੇ ਨਾਲ ਮੇਰੀ ਸਾਂਝ ਤਾਂ ਕੋਈ ਜ਼ਰੂਰ,
ਇਸ ਤਰ੍ਹਾਂ ਦੇ ਦੌਰ ਵਿਚ ਮੈਨੂੰ ਮਿਲਣ ਜੋ ਆ ਰਹੇ।

ਦੇਸ਼ ਮੇਰਾ ਵੇਖ ਲੈ ਕਿੰਨੀ ਤਰੱਕੀ ਕਰ ਗਿਆ,
ਲੋਕ ਬੂਟਾਂ ਦੀ ਜਗਾ ਚੱਪਲਾਂ ‘ਚ ਤਸਮੇ ਪਾ ਰਹੇ।

ਉਹ ਕਿਵੇਂ ਕਵਿਤਾ ‘ਚ ਕਰਦੇ ਗੱਲ ਰਿਸ਼ੀ ਸ਼ੰਭੂਕ ਦੀ,
ਜੋ ਦੁਸ਼ਾਲੇ ਲੈਣ ਲਈ ਹਾਕਮ ਦੇ ਸੋਹਿਲੇ ਗਾ ਰਹੇ।