ਰੋਂਭੜੇ ਪਾਊ ਸਟੇਜ ਸੈਕਟਰੀ

ਸਿ਼ਵਚਰਨ ਜੱਗੀ ਕੁੱਸਾ
‘ਚਿਰੜ-ਘੱੁਗ’ ਰਸਾਲੇ ਵਾਲਿਆਂ ਨੂੰ ਕੁਝ ਕੁ ‘ਅਸਾਮੀਆਂ’ ਦੀ ਸਖ਼ਤ ਜਰੂਰਤ ਸੀ। ਰਸਾਲਾ ਕੱਢਣ ਦਾ ਪੁੱਠਾ ਪੰਗਾ ਤਾਂ ਲੈ ਬੈਠੇ ਸਨ, ਪਰ ਚੱਲਦਾ ਕਿਵੇਂ…? ਪੈਸੇ ਬਿਨਾਂ ਤਾਂ ਕੋਈ ਪੂਛ ਵਾਲੇ ਬਾਬੇ ਹਨੂੰਮਾਨ ਜੀ ਨੂੰ ਮੱਥਾ ਨਹੀਂ ਟੇਕਦਾ! ਫਿਰ ਰਸਾਲੇ ਦੀ ਆਰਥਿਕ ਮੱਦਦ ਕੌਣ ਕਰਦਾ…? ਕਮੰਡਲੇ ਬੋਕ ਦੇ ਸਿੰਗਾਂ ਨੂੰ ਹੱਥ ਤਾਂ ਲਾ ਲਿਆ ਸੀ, ਪਰ ਕਲਿਆਣ ਕਿਹੜਾ ਮਾਈ ਦਾ ਲਾਲ ਕਰਵਾਉਂਦਾ…? ਜੇਬ ‘ਚੋਂ ਪੈਸੇ ਲਾਉਣ ਵਾਲਾ ਕਾਲਾ ਮੰਤਰ ਕੌਣ ਪੜ੍ਹਦਾ…?

ਰਸਾਲੇ ਦੇ ਮੁੱਖ ਸੰਪਾਦਕ ਜਨਾਬ ਘੇਸਲਮਾਰ ਜੀ, ਸਹਾਇਕ ਸੰਪਾਦਕ ਸ੍ਰੀ ਕੰਡੇ-ਕੱਢ ਜੀ ਅਤੇ ਸਲਾਹਕਾਰ ਸ੍ਰੀ ਟੋਟਣਭੰਨ ਜੀ ਨੇ ਬਥੇਰੇ ਲੋਕਾਂ ਦੇ ਇੰਟਰਵਿਊ ਛਾਪੇ, ਇਸ਼ਤਿਹਾਰ ਲਾਏ, ਪਰ ਪੈਸੇ ਦੇਣ ਵੇਲੇ ਹਰ ਕੋਈ, ਤੋਕੜ ਮੱਝ ਵਾਂਗ ਲੱਤ ਮਾਰ ਕੇ ਹੀ ਬਾਲਟੀ ਭੰਨਦਾ ਰਿਹਾ। ਇੱਕ ਉੱਦਮੀਂ ਪੱਤਰਕਾਰ ਤੇਜ ਪਟੋਲ੍ਹੇ ਵਾਲੇ ਨੇ ਇਕ ਇੰਗਲੈਂਡ ਤੋਂ ਪੈਨਸ਼ਨ ਲੈ ਕੇ ਆਏ ਭੱਦਰ-ਪੁਰਸ਼ ਨੂੰ ਲੱਭਿਆ। ਜਿਸ ਭੱਦਰ-ਪੁਰਸ਼ ਦਾ ਨਾਂ ਬਿੰਡਾ ਰਾਮ ਸੀ। ਉਹ ਬਿੰਡੇ ਵਾਂਗ ਹੀ ਟਿਆਂਕਦਾ ਸੀ।
ਸ੍ਰੀ ਬਿੰਡਾ ਰਾਮ ਜੀ ਨੂੰ ਹਰ ਥਾਂ ਬਦੋਬਦੀ ਰਿੰਡ-ਪ੍ਰਧਾਨ ਬਣਨ ਦੀ ਬੁਰੀ ਬਿਮਾਰੀ ਸੀ।
ਸ੍ਰੀ ਬਿੰਡਾ ਰਾਮ ਜੀ ਨੇ ਮੋਟੇ ਸ਼ੀਸਿ਼ਆਂ ਵਾਲੀ ਐਨਕ ਲੁਆਈ ਹੋਈ ਸੀ ਅਤੇ ਸੱੁਖ ਨਾਲ ਕੰਨੋਂ ਵੀ ਰੱਬ ਆਸਰੇ, ਲੰਗੇ ਡੰਗ ਹੀ ਸੁਣਦਾ ਸੀ। ਇੰਡੀਆ ਆ ਕੇ ਸੁਣਨ ਵਾਲੀ ਮਸ਼ੀਨ ਤਾਂ ਜਵਾਬ ਦੇ ਗਈ, ਇੱਥੇ ਆ ਕੇ ਤਾਂ ਵੱਡੇ-ਵੱਡੇ ਜਵਾਬ ਦੇ ਜਾਂਦੇ ਹਨ, ਵਿਚਾਰੀ ਮਸ਼ੀਨ ਕਿਹੜੇ ਬਾਗ ਦੀ ਮੂਲੀ ਸੀ…? ਪਰ ਹੁਣ ਬਿੰਡਾ ਜੀ ਨੇ ਕੱਪੜੇ ਸਿਉਣ ਵਾਲੀ ਮਸ਼ੀਨ ਦੀ, ਤੇਲ ਦੇਣ ਵਾਲੀ ਕੁੱਪੀ ਦੇ ਹੇਠਲੇ ਪਾਸੇ ਮੋਰੀਆਂ ਕਰ ਕੇ, ਮੂੰਹ ਵਾਲੇ ਪਾਸੇ ਪਲਾਸਟਿਕ ਦੀ ਲੰਮੀ ਨਾਲ਼ੀ ਫਿੱਟ ਕੀਤੀ ਹੋਈ ਸੀ। ਨਾਲ਼ੀ ਦਾ ਸਿਰਾ ਉਹ ਪੱਗ ਹੇਠਾਂ ਦੀ ਕੰਨ ਵਿਚ ਤੁੰਨ ਲੈਂਦਾ ਅਤੇ ਕੁੱਪੀ ਦਾ ਹੇਠਲਾ ਪਾਸਾ ਮਾਈਕਰੋਫ਼ੋਨ ਦਾ ਕੰਮ ਦਿੰਦਾ।
ਸ੍ਰੀ ਬਿੰਡਾ ਜੀ ਜੁਆਨੀ ਤੋਂ ਲੈ ਕੇ ਹੁਣ ਤੱਕ ਅੱਖੜ ਸੁਭਾਅ ਦੇ ਹੀ ਰਹੇ। ਇੱਕ ਵਾਰ ਜਦੋਂ ਉਨ੍ਹਾਂ ਦੇ ਗ੍ਰਹਿ ਵਿਖੇ ਪੋਤਰਾ ਸਾਹਿਬ ਜੀ ਨੇ ਜਨਮ ਲਿਆ ਤਾਂ ਸਾਰਾ ਪਰਿਵਾਰ ਇੰਗਲੈਂਡ ਤੋਂ ਪੋਤਰਾ ਜੀ ਦੀ ‘ਛਟੀ’ ਮਨਾਉਣ ਇੰਡੀਆ ਆ ਗਏ। ਆਖੰਡ ਪਾਠ ਪ੍ਰਕਾਸ਼ ਕਰਵਾਇਆ। ਸਾਰੇ ਪਿੰਡ ਨੂੰ ਰੋਟੀ ਵਰਜੀ। ਖੁਸਰਿਆਂ ਨੂੰ ਵੀ ਭਿਣਕ ਪੈ ਗਈ। ਫਿਰ ਉਹ ਕਿਉਂ ਪਿੱਛੇ ਰਹਿੰਦੇ? ਫਿਰ ਵੀ ‘ਬਾਹਰਲੀ ਅਸਾਮੀਂ’ ਸੀ! ਜਿੱਥੇ ਸਾਰੇ ਮਹਿਕਮੇਂ ‘ਬਾਹਰਲਿਆਂ’ ਨੂੰ ‘ਵੱਢਦੇ’ ਹਨ, ਉਥੇ ਖੁਸਰੇ ਵਿਚਾਰੇ ਕਿਉਂ ਪਿੱਛੇ ਰਹਿਣ..? ਉਹ ਵੀ ਰੰਬੀਆਂ ਲੈ ਕੇ ‘ਹਲਾਲ’ ਕਰਨ ਲਈ ਆ ਖੜ੍ਹੇ ਹੋਏ। ਰੱਫੜ ਇਹ ਖੜ੍ਹਾ ਹੋਇਆ ਕਿ ਦੋ ਖੁਸਰਾ-ਦਲ ਆ ਖੜ੍ਹੇ ਹੋਏ! ਇੱਕ ਜਗਰਾਂਵਾਂ ਤੋਂ ਅਤੇ ਇੱਕ ਬੱਧਨੀ ਤੋਂ! ਸ੍ਰੀ ਬਿੰਡਾ ਮੱਲ ਜੀ ਦੋ ਪਾਰਟੀਆਂ ਵਲ, ਵਾੜ ਵਿਚ ਫਸੇ ਬਿੱਲੇ ਵਾਂਗ, ਘੁੱਟਾਂਬਾਟੀ ਝਾਕ ਰਹੇ ਸਨ। ਖੁਸਰਿਆਂ ਦੀ ਆਪਸ ਵਿਚ ਤਕਰਾਰ ਸ਼ੁਰੂ ਹੋ ਗਈ। ਇੱਕ ਪਾਰਟੀ ਇਸ ਪਿੰਡ ਨੂੰ ਆਪਣਾ ਇਲਾਕਾ ਗਰਦਾਨ ਰਹੀ ਸੀ, ਜਦ ਕਿ ਦੂਜੀ ਆਪਣਾ ਇਲਾਕਾ ਹੋਣ ਦਾ ਦਾਅਵਾ ਕਰ ਰਹੀ ਸੀ। ਸ੍ਰੀ ਬਿੰਡਾ ਜੀ ਨੇ ਆ ਦੇਖਿਆ ਨਾ ਤਾਅ, ਰੈਂਗੜਾ ਲੈ ਕੇ ਇੱਕ ਖੁਸਰਾ-ਮੁਖੀ ਜਨਾਬ ਦੇ ਸਿਰ ਵਿਚ ਮਧਾਣੀ-ਚੀਰਾ ਪਾ ਦਿੱਤਾ ਤੇ ਜੇਤੂ ਅੰਦਾਜ ਵਿਚ ਬੋਲੇ, ‘ਸਾਨੂੰ ਮੇਰੇ ਸਾਲੇ ਖੁਸਰਿਆਂ ਨੇ ਈ ਵੰਡ ਲਿਆ…? ਮੰਤਰੀ ਬਾਡੀਗਾਰਡਾਂ ਨਾਲ, ਤੇ ਇਹ ਕੰਜਰ ਤਾੜੀਆਂ ਮਾਰ-ਮਾਰ ਡਰਾਉਂਦੇ ਐ…!’
ਖੁਸਰੇ ਨੱਚਣ ਦੀ ਥਾਂ ਸ੍ਰੀ ਬਿੰਡਾ ਜੀ ਦਾ ਸਿਆਪਾ ਕਰਕੇ ਮੁੜ ਗਏ। ਸਾਰੇ ਖੁਸਰਿਆਂ ਨੇ ਸ੍ਰੀ ਬਿੰਡਾ ਜੀ ਨੂੰ ਆਪਣਾ ਨੰਗੇਜ ਦਿਖਾਇਆ ਸੀ। ਸ੍ਰੀ ਬਿੰਡਾ ਜੀ ਫਿਰ ਪਿੱਟ ਉਠੇ, ‘ਢਕ ਲਓ ਆਬਦੀਆਂ ਮੂੰਗਰੀਆਂ ਜੀਆਂ! ਨਹੀਂ ਤਾਂ ਮੂਤਣ ਵੱਲੋਂ ਵੀ ਜਾਂਵੋਂਗੇ! ਵਗਜੋ ਪਰ੍ਹੇ, ਕੁਛ ਨਾ ਆਖੋ! ਮੈਥੋਂ ਫੇਰ ਇੱਕ ਅੱਧੇ ਦੇ ਪੁੜਪੜੀ ‘ਚ ਵੱਜੂ, ਫੇਰ ਨਾ ਕਿਹੋ ਕਿਸੇ ਦੀ ਜਾਹ ਜਾਂਦੀ ਕਰਤੀ, ਚਿੱਬ ਪੈਜੂ ਮੈਥੋਂ ਕਿਸੇ ਦੇ ਖੋਪੜ ‘ਚ, ਸਾਲੇ ਲੱਗਪੇ ਸੀਂਢ ਸਿੱਟਣ ਐਥੇ…!’ ਬਿੰਡਾ ਜੀ ਨੇ ਕੁੱਤੇ ਵਾਂਗ ਪੈਰਾਂ ਹੇਠੋਂ ਮਿੱਟੀ ਕੱਢੀ, ਖੌਰੂ ਪੱਟਿਆ!
ਖੁਸਰੇ ਤੁਰ ਗਏ। ਸ੍ਰੀ ਬਿੰਡਾ ਜੀ ਵਾੜ ਦਾ ਝਾਫਾ ਬਣੇ ਖੜ੍ਹੇ ਸਨ।
…..ਅੱਜ ਉਨ੍ਹਾਂ ਨੂੰ ਸਰਦਾਰ ਤੇਜ ਪਟੋਲ੍ਹੇ ਵਾਲਾ ਬੜੇ ਆਦਰ-ਸਤਿਕਾਰ ਨਾਲ ਲੈ ਕੇ ਆਇਆ ਸੀ। ਸ੍ਰੀ ਬਿੰਡਾ ਜੀ ਨੂੰ ਸਟੇਜ ਤੇ ਬੋਲਣ ਦਾ ਬੜਾ ਹੀ ਭੈੜਾ ‘ਹਲ਼ਕ’ ਉਠਦਾ ਸੀ। ਗਧੇ ਵਾਂਗ ਹੀਂਗਣਾ ਛੁਟਦਾ ਸੀ। ਸਰਦਾਰ ਪਟੋਲ੍ਹੇ ਵਾਲਾ ਜੀ ਉਨ੍ਹਾਂ ਨੂੰ ਸਟੇਜ ‘ਤੇ ਬੁਲਾਉਣ ਅਰਥਾਤ ‘ਸਟੇਜ-ਸੈਕਟਰੀ’ ਵਜੋਂ ਸੇਵਾ ਨਿਭਾਉਣ ਦੀ ਮਿੱਠੀ ਉਂਗਲ ਚਟਾਈ ਸੀ ਅਤੇ ਸ੍ਰੀ ਬਿੰਡਾ ਜੀ ਨੇ ਰਸਾਲੇ ਲਈ ਵੱਧ ਤੋਂ ਵੱਧ ਆਰਥਿਕ ਮੱਦਦ ਦੇਣ ਦਾ ਵਾਅਦਾ ਕੀਤਾ ਸੀ।
‘ਚਿਰੜ-ਘੁੱਗ’ ਰਸਾਲੇ ਵਾਲਿਆਂ ਨੇ ਸਪੈਸ਼ਲ ਇਕ ਸਮਾਗਮ ਰੱਖਿਆ ਸੀ, ਜਿੱਥੇ ਸ੍ਰੀ ਬਿੰਡਾ ਜੀ ਦਾ ਸਟੇਜੀ ਝੱਸ ਪੂਰਾ ਹੋ ਸਕੇ। ਅਸਲ ਮਕਸਦ ਤਾਂ ਆਰਥਿਕ ਲਾਹਾ ਲੈਣ ਦਾ ਸੀ। ਸ੍ਰੀ ਚਿਮਨੀ ਪ੍ਰਕਾਸ਼ ਜੀ ਨੇ ਇਕ ਭਾਸ਼ਨ ਅਤੇ ਪਹੁੰਚਣ ਵਾਲੇ ਸਾਹਿਤਕਾਰਾਂ ਬਾਰੇ ਲੋੜੀਂਦੀ ਜਾਣਕਾਰੀ ਲਿਖ ਕੇ ਬਿੰਡਾ ਜੀ ਦੇ ਹੱਥ ਥਮ੍ਹਾ ਦਿੱਤੀ। ਸ੍ਰੀ ਬਿੰਡਾ ਜੀ ਨੇ ਰੱਸੇ ਜਿੱਡੀ ਟਾਈ ਲਾ ਲਈ, ਐਨਕ ਦੇ ਮੋਟੇ-ਮੋਟੇ ਸ਼ੀਸ਼ੇ ਸਾਫ ਕੀਤੇ ਅਤੇ ਕੰਨ ਨੂੰ ਲਾਉਣ ਵਾਲੀ ਕੁੱਪੀ ਅਤੇ ਨਾਲੀ ਝੋਲੇ ਵਿਚ ਪਾ ਲਈ।
‘ਅਗਰ ਮੈਥੋਂ ਕੁਛ ਸਾਫ ਨਾ ਪੜ੍ਹਿਆ ਜਾਵੇ ਤਾਂ ਪਰਦੇ ਪਿੱਛੋਂ ਕੁੱਪੀ ਵਿਚ ਦੀ ਬੋਲ ਦੇਇਓ!’ ਸ੍ਰੀ ਬਿੰਡਾ ਜੀ ਨੇ ਝੱਖੜ ਸਿੰਘ ‘ਨ੍ਹੇਰੀ’ ਨੂੰ ਆਖਿਆ। ਸੁਣਨ ਵਾਲੀ ਕੁੱਪੀ ਨਾਲ ਅੱਜ ਤਿੰਨ ਫੁੱਟ ਲੰਮੀ ਨਾਲੀ ਸਪੈਸ਼ਲ ਤੌਰ ‘ਤੇ ਲਾਈ ਗਈ ਸੀ।
‘ਤੁਸੀਂ ਫਿਕਰ ਨਾ ਕਰੋ ਬਿੰਡਾ ਜੀ! ਮੈਂ ਨਾਲ ਦੀ ਨਾਲ ਕੁਰੈਕਸ਼ਨ ਕਰ-ਕਰ ਦੱਸੀ ਜਾਵਾਂਗਾ, ਪਰ ਆਪਣਾ ਕੰਨ ਮੇਰੇ ‘ਚ ਹੀ ਰੱਖਿਓ, ਹੋਰ ਨਾ ਕੋਹਲੂ ਗੇੜੇ ਪਏ ਰਿਹੋ!’ ‘ਨ੍ਹੇਰੀ ਜੀ ਨੇ ਪੂਰੀ ਹਿੱਕ ਥਾਪੜ ਦਿੱਤੀ।
‘ਥੋਡੀ ਅਸੀਂ ਐਸੀ ਠੁੱਕ ਬੰਨ੍ਹਾਂਗੇ ਕਿ ਸਰੋਤੇ ‘ਅੱਛ-ਅੱਛ’ ਕਰ ਉਠਣਗੇ!’ ਜਰਦੇ ਵਾਲੇ ਤੇਲੂ ਰਾਮ ਨੇ ਵੀ ਚੁੱਲ੍ਹੇ ਦੀ ਅੱਗ ਅਗਾਂਹ ਕਰ ਦਿੱਤੀ। ਉਸ ਨੇ ਸਰੋਤਿਆਂ ਨੂੰ ਕਮਲੇ ਜਿਹੇ ਕਰਨ ਖਾਤਰ ‘ਰੂੜੀ-ਮਾਰਕਾ’ ਦੇ ਦੋ-ਦੋ ਪੈੱਗ ਲੁਆ ਦਿੱਤੇ ਸਨ। ਜਿਹੋ ਜਿਹੀ ਨੰਦੋ ਬਾਹਮਣੀ, ਓਹੋ ਜਿਹਾ ਘੁੱਦੂ ਜੇਠ!
ਸ੍ਰੀ ਬਿੰਡਾ ਜੀ ਸਟੇਜ ‘ਤੇ ਆਏ। ਨਾਲੀ ਵਾਲਾ ਸਿਰਾ ਉਨ੍ਹਾਂ ਨੇ ਪੱਗ ਹੇਠੋਂ ਦੀ ਕੰਨ ਵਿਚ ਫਸਾਇਆ ਹੋਇਆ ਸੀ ਅਤੇ ਦੂਜੇ ਸਿਰੇ, ਪਰਦੇ ਪਿੱਛੇ, ਹੱਥ ਵਿਚ ਮਾਈਕਰੋਫੋਨ ਨੁਮਾਂ ਕੁੱਪੀ ਫੜੀ ‘ਨ੍ਹੇਰੀ’ ਪੂਰੀ ਤਿਆਰੀ ਨਾਲ ਮੋਰਚਾ ਮੱਲੀ ਬੈਠਾ ਸੀ।
‘ਪਿਆਰੇ ਭੈਣੋਂ ਅਤੇ ਮਾਈਓ, ਭਾਈਓ ਤੇ ਭਰਜਾਈਓ…!’ ਸ੍ਰੀ ਬਿੰਡਾ ਜੀ ਨੇ ਲੰਮੀ ਸਾਰੀ ਲਿਸਟ ਪੜ੍ਹ ਕੇ ਬੋਲਣਾ ਸ਼ੁਰੂ ਕੀਤਾ।
‘ਭਰਜਾਈਓ’ ਦੇ ਨਾਂ ‘ਤੇ ਪ੍ਰਬੰਧਕਾਂ ਨੇ ਕਸੀਸ ਵੱਟ ਲਈ। ਪਰ ਚੁੱਪ ਕਰ ਗਏ।
‘ਥੋਨੂੰ ਪਤਾ ਈ ਐ ਕਿ ਕੰਨ ਤਾਂ ਮੇਰੇ ਪਹਿਲਾਂ ਹੀ ਜਵਾਬ ਦੇਈ ਬੈਠੇ ਐ, ਤੇ ਹੁਣ ਅੱਖਾਂ ਸਹੁਰੀਆਂ ਵੀ ਪੈਨਸ਼ਨ ਲੈਣ ਲਈ ਅੜੀਆਂ ਬੈਠੀਐਂ!’
ਸਰੋਤੇ ਡੱਡੂਆਂ ਵਾਂਗ ‘ਗੜੈਂ-ਗੜੈਂ’ ਕਰਕੇ ਹੱਸੇ।
‘ਖ਼ੈਰ…! ਸਾਰਿਆਂ ਤੋਂ ਪਹਿਲਾਂ ਮੈਂ ਸ੍ਰੀ ਰਾਸ਼ਟਰੀ-ਫੰਡਰ ਜੀ ਨੂੰ ਬੇਨਤੀ ਕਰਾਂਗਾ-।’
‘ਰਾਸ਼ਟਰੀ-ਫੰਡਰ ਨਹੀਂ ਜੀ-!’ ‘ਨ੍ਹੇਰੀ ਨੇ ਤੁਰੰਤ ਐਕਸ਼ਨ ਲਿਆ, ‘ਸ਼ਾਸਤਰੀ ਚੰਦਰ ਜੀ ਕਹੋ, ਸ਼ਾਸਤਰੀ ਚੰਦਰ..!!’
ਪਿੱਛੋਂ ਸੁਚੇਤ ਹੋਏ ਬੈਠੇ ‘ਨੇ੍ਹਰੀ ਨੇ ਫੌਰਨ ਗਲਤੀ ਸੁਧਾਰਨ ਲਈ ਬੇਨਤੀ ਕੀਤੀ। ਪਹਿਲੀ ਘੋਸ਼ਣਾ ਨੇ ਹੀ ‘ਨ੍ਹੇਰੀ ਦਾ ਬਲੱਡ ਘਟਾ ਦਿੱਤਾ ਸੀ। ਉਸ ਦੇ ਗੋਡੇ ‘ਝਰਨ-ਝਰਨ’ ਕਰਨ ਲੱਗ ਪਏ।
‘ਮਾਫ਼ ਕਰਨਾ! ਸ਼ਾਸਤਰੀ ਚੰਦਰ ਸਾਹਿਬ ਜੀ ਨੂੰ ਬੇਨਤੀ ਕਰਾਂਗਾ, ਕਿ ਉਹ ਪ੍ਰਧਾਨਗੀ ਮੰਚ ‘ਤੇ ਤਸ਼ਰੀਫ਼ ਲਿਆਉਣ!’
ਸ਼ਾਸਤਰੀ ਚੰਦਰ ਜੀ ਮੰਚ ‘ਤੇ ਆ ਕੇ ਬੈਠ ਗਏ ਅਤੇ ਬਿੰਡਾ ਜੀ ਨੇ ਤੁਆਰਫ਼ ਕਰਵਾਉਣਾ ਸੁਰੂ ਕੀਤਾ, ‘ਸ਼ਾਸਤਰੀ ਜੀ ਕਾਮ-ਰੂਪ ਵਿਚ ਸਮੀਖਿਆ ਕਰਨ ਵਿਚ ਬੜੇ ਨਿਪੁੰਸਕ ਹਨ!’
‘ਨੇ੍ਹਰੀ ਨੇ ਫਿਰ ਸੁਧਾਰ ਕੀਤਾ, ‘ਮਹਾਰਾਜ! ਸ਼ਾਸਤਰੀ ਜੀ ਕਾਵਿ-ਰੂਪ ਵਿਚ ਸਮੀਖਿਆ ਕਰਨ ਵਿਚ ਬੜੇ ਨਿਪੁੰਨ ਹਨ!’
‘ਸ਼ਾਸਤਰੀ ਜੀ-ਕਾਵਿ ਰੂਪ ਵਿਚ ਸਮੀਖਿਆ ਕਰਨ ਵਿਚ ਬੜੇ ਹੀ ਨਿਪੁੰਨ ਹਨ!’ ਬਿੰਡਾ ਜੀ ਫੁਰਤੀ ਨਾਲ ਸੰਭਲ ਗਏ। ਗਲਤੀ ਸੁਧਾਰ ਲਈ।
ਉਹ ਤੁਰੰਤ ‘ਨ੍ਹੇਰੀ ਦੇ ਮਗਰੇ ਹੀ ਬੋਲੇ ਸਨ।
‘ਮਾਫ ਕਰਨਾ ਮੈਂ ਪਹਿਲਾਂ ਹੀ ਬੇਨਤੀ ਕੀਤੀ ਸੀ ਕਿ ਮੇਰੀਆਂ ਅੱਖਾਂ ਤੇ ਕੰਨਾਂ ਦੇ ਨਾਲ-ਨਾਲ ਮੇਰੀ ਜੁਬਾਨ ਦਾ ਵੀ ਘੋਰੜੂ ਵੱਜਣ ਲੱਗ ਪਿਐ!’
ਦਾਰੂ ਨਾਲ ਕਮਲੇ ਹੋਏ ਸਰੋਤੇ ਕੁਝ ਕੁ ਹੱਸੇ।
‘ਹੁਣ ਮੈਂ ਬੀਬੀ ਭੂਤ-ਮਧਾਣੀ ਜੀ ਨੂੰ ਗੁਜਾਰਿਸ਼ ਕਰਾਂਗਾ ਕਿ ਉਹ ਇੱਥੇ ਆਉਣ।’
‘ਬੀਬੀ ਭੂਤ-ਮਧਾਣੀ ਨਹੀਂ ਬਿੰਡਾ ਜੀ! ਬੀਬੀ ਰੂਪਮ-ਰਾਣੀ!!’
‘ਹਾਂ ਸੱਚ! ਬੀਬੀ ਰੂਪਮ-ਰਾਣੀ ਜੀ।’
ਅੜਬ ਕੁੱਕੜ ਵਾਂਗ ਉਚੇ ਸੈਂਡਲਾਂ ਨਾਲ ‘ਟੱਪ-ਟੱਪ’ ਕਰਦੀ ਬੀਬੀ ਰੂਪਮ ਰਾਣੀ ਵੀ ਸਟੇਜ ‘ਤੇ ਪੁੱਜ ਗਈ।
ਬਿੰਡਾ ਜੀ ਬੋਲੀ ਜਾ ਰਹੇ ਸਨ। ਨ੍ਹੇਰੀ ਪਿੱਛੋਂ ‘ਕੱਲੀ-‘ਕੱਲੀ ਗਲਤੀ ਦੀ ‘ਸੁਧਾਈ’ ਕਰੀ ਜਾ ਰਿਹਾ ਸੀ।
‘ਮਰਜਾਂ ਕੁਛ ਖਾ ਕੇ..! ਕਿਮੇਂ ਨਿੱਖਰੀ ਤਿੱਖਰੀ ਫਿਰਦੀ ਐ, ਨਿਰੀ ‘ਹੇਲਾਂ-ਬਾਹਮਣੀ’ ਲੱਗਦੀ ਐ।’
‘ਹੇਲਾਂ ਬਾਹਮਣੀ ਨਹੀਂ ਜੀ, ਹੇਮਾਂ ਮਾਲਿਨੀ!’
‘ਸੱਚ! ਹੇਮਾਂ ਮਾਲਣੀ! ਪਿਛਲੇ ਸਾਲ ਇਨ੍ਹਾਂ ਨੂੰ ਸਿਆਪਾ ਪੁਰਸਕਾਰ ਮਿਲਿਐ।’
‘ਸਿਆਪਾ ਪੁਰਸਕਾਰ ਨਹੀ ਜੀ, ਇਆਪਾ ਪੁਰਸਕਾਰ!’
‘ਸੱਚ, ਇਆਪਾ ਪੁਰਸਕਾਰ!! ਪੁਰਸਕਾਰਾਂ ਦੇ ਕਿਹੜਾ ਨਾਂ ਆਉਂਦੇ ਐ? ਅੱਗੇ ਨਹਿਰੂ, ਗਾਂਧੀ ਆਦਿ ਪੁਰਸਕਾਰ ਹੁੰਦੇ ਸੀ, ਅੱਜ ਕੱਲ੍ਹ ਤਾਂ ਇਆਪਾ-ਸਿਆਪਾ-ਰੰਡੇਪਾ ਸਭ ਇੱਕੋ ਜਿਹੇ ਹੋਏ ਪਏ ਐ!’
ਸਰੋਤੇ ਪੀ ਰਹੇ ਸਨ, ਸੁਣ ਰਹੇ ਸਨ। ਬਿੰਡਾ ਜੀ ਬੋਲੀ ਜਾ ਰਹੇ ਸਨ ਅਤੇ ‘ਨ੍ਹੇਰੀ ਗਲਤੀਆਂ ਕੱਢੀ ਜਾ ਰਿਹਾ ਸੀ।
‘ਸੋ…ਹੁਣ ਵਾਰੀ ਹੈ ਭਾਈ ਗੰਨਾਂ ਜੀ ਦੀ-।’
‘ਭਾਈ ਗੰਨਾਂ ਨਹੀਂ ਜੀ! ਭਾਈ ਮੰਨਾਂ ਜੀ ਦੀ!!’
‘ਸੱਚ ਭਾਈ ਮੰਨਾਂ ਜੀ ਦੀ! ਪਰ ਇਹੇ ਮੰਨਣ ਚਾਹੇ ਨਾਂ ਮੰਨਣ, ਪਰ ਐਤਕੀਂ ਇਨ੍ਹਾਂ ਨੂੰ ਸਰਕਾਰ ਵੱਲੋਂ ‘ਪੱਦ-ਮਿਸਰੀ’ ਅਵਾਰਡ ਦਿੱਤਾ ਜਾ ਰਿਹੈ!’
‘ਪੱਦ-ਮਿਸਰੀ ਅਵਾਰਡ ਨਹੀ ਜੀ! ਪਦਮ-ਸ੍ਰੀ!! ਪਦਮ-ਸ੍ਰੀ!!!’
‘ਸੱਚ, ਪਦਮ-ਸ੍ਰੀ! ਪਦਮ-ਸ੍ਰੀ!! ਦੇਖੋ ਜੀ ‘ਸਿਰੀ’ ਨਾਲ ਜਰੂਰ ਲੱਗਣੀ ਚਾਹੀਦੀ ਐ, ਚਾਹੇ ਸੱਪ ਦੀ ਈ ਕਿਉਂ ਨਾਂ ਹੋਵੇ!’
‘ਖ਼ੈਰ..! ਹੁਣ ਵਾਰੀ ਐ ਸੁਰਗਵਾਸੀ-।’
‘ਸੁਰਗਵਾਸੀ ਨਹੀਂ ਮਹਾਰਜ! ਸਰਵ-ਸ੍ਰੀ!’
‘ਸੱਚ, ਸਰਵ ਸ਼੍ਰੀ ਰੋਣੂ ਪ੍ਰਸਾਦ ਜੀ-।’
‘ਰੋਣੂ ਪ੍ਰਸਾਦ ਨਹੀ ਬਿੰਡਾ ਜੀ! ਰੈਣੂ ਪ੍ਰਸਾਦ!!’
‘ਰੈਣੂ ਪ੍ਰਸਾਦ ਜੀ, ਸੱਚ!’
‘ਰੈਣੂ ਪ੍ਰਸਾਦ ਜੀ ਦੇ ਚਿਹਰੇ ‘ਤੇ ਵੀ ਰਾਤ ਈ ਪਈ ਲੱਗਦੀ ਐ, ਲੱਗਦੇ ਵੀ ਕਾਰਤੂਸ ਦੇ ਰੈਣੇਂ ਅਰਗੇ ਈ ਐ, ਇੱਕ ਇਨ੍ਹਾਂ ਦਾ ਇਲਾਕਾ ਐਹੋ ਜਿਐ, ਉਥੇ ਕਮੇਟੀ ਨੇ ਮੈਨੂੰ ਸੱਦਿਆ, ਜਦੋਂ ਮੈਂ ਜਾ ਕੇ ਫਤਹਿ ਬੁਲਾਈ ਤਾਂ ਮੈਨੂੰ ਕਮੇਟੀ ਆਲੇ ਕਹਿੰਦੇ, ਅਖੇ: ਆਜੋ ਬਿੰਡਾ ਜੀ! ਅਸੀਂ ਤਾਂ ਕਦੋਂ ਦਾ ਥੋਡਾ ‘ਸਸਕਾਰ’ ਕਰਨ ਲਈ ਖੜ੍ਹੇ ਆਂ..! ‘ਸਤਿਕਾਰ’ ਨੂੰ ਪਤੰਦਰ ‘ਸਸਕਾਰ’ ਈ ਦੱਸਦੇ ਐ, ਮੈਂ ਕਿਹਾ ਮੇਰਾ ਸਸਕਾਰ ਤਾਂ ਅੱਜ ਐਥੇ ਈ ਕਰ ਦੇਣਗੇ!’
ਸਾਰੇ ਹੱਸ ਪਏ।
‘ਸੋ ਮੈਂ ਤੁਹਾਡਾ ਬਹੁਤਾ ਸਮਾਂ ਨਹੀਂ ਬਰਬਾਦ ਕਰਦਾ! ਸਾਰੇ ਸੱਜਣ ਮੰਚ ‘ਤੇ ਪਹੁੰਚ ਗਏ ਹਨ, ਮੇਰੀ ਐਨੀ ਕੁ ਹੀ ਹਾਜਰੀ ਪ੍ਰਵਾਨ ਕਰਨੀ, ਧੰਨਵਾਦ!’ ਬਿੰਡਾ ਜੀ ਬੈਠ ਗਏ। ਪ੍ਰਬੰਧਕਾਂ ਨੇ ਸ਼ੁਕਰ ਕੀਤਾ। ‘ਨ੍ਹੇਰੀ ਨੇ ਮੁੜ੍ਹਕਾ ਪੂੰਝਿਆ ਅਤੇ ਕਾਰਵਾਈ ਅੱਗੇ ਸ਼ੁਰੂ ਹੋ ਗਈ।