ਟੋਕੀਓ ਓਲੰਪਿਕਸ ਖੇਡਾਂ ਦਾ ਖੁਲਾਸਾ

ਪ੍ਰਿੰ. ਸਰਵਣ ਸਿੰਘ
ਟੋਕੀਓ ਦੁਨੀਆ ਦਾ ਸਭ ਤੋਂ ਵੱਡਾ ਸ਼ਹਿਰ ਹੈ। ਉਥੇ 32ਵੀਆਂ ਓਲੰਪਿਕ ਖੇਡਾਂ ਸਫਲਤਾ ਨਾਲ ਸੰਪੂਰਨ ਹੋਈਆਂ। 23 ਜੁਲਾਈ ਤੋਂ 8 ਅਗਸਤ ਤਕ ਕਰੋੜਾਂ-ਅਰਬਾਂ ਨਜ਼ਰਾਂ ਉਧਰ ਲੱਗੀਆਂ ਰਹੀਆਂ। ਹਰ ਰੋਜ਼ ਖੇਡਾਂ ਵਿਚ ਹਾਰਾਂ-ਜਿੱਤਾਂ ਦੀ ਚਰਚਾ ਹੁੰਦੀ ਰਹੀ। ਹੁਣ ਖੁਲਾਸਾ ਕਰਨ ਦਾ ਸਮਾਂ ਹੈ। ਟੋਕੀਓ ਵਿਚ ਇਹ ਖੇਡਾਂ ਪਹਿਲੀ ਵਾਰ ਨਹੀਂ ਹੋਈਆਂ। 1940 ਦੀਆਂ ਬਾਰ੍ਹਵੀਆਂ ਓਲੰਪਿਕ ਖੇਡਾਂ ਵੀ ਟੋਕੀਓ ਨੂੰ ਸੌਂਪੀਆਂ ਗਈਆਂ ਸਨ, ਜੋ 21 ਸਤੰਬਰ ਤੋਂ 6 ਅਕਤੂਬਰ ਤੱਕ ਹੋਣੀਆਂ ਸਨ, ਪਰ 1938 ਵਿਚ ਜੰਗ ਦੇ ਆਸਾਰ ਵੇਖਦਿਆਂ ਜਾਪਾਨ ਨੇ ਅਸਮਰੱਥਾ ਪਰਗਟ ਕਰ ਦਿੱਤੀ ਸੀ।

ਫਿਰ ਕੌਮਾਂਤਰੀ ਓਲੰਪਿਕ ਕਮੇਟੀ ਨੇ ਇਹ ਖੇਡਾਂ ਹੈਲਸਿੰਕੀ ਨੂੰ ਦੇ ਦਿੱਤੀਆਂ ਸਨ, ਜੋ 20 ਜੁਲਾਈ ਤੋਂ 4 ਅਗਸਤ ਤੱਕ ਹੋਣੀਆਂ ਸਨ, ਪਰ 1939 ਵਿਚ ਦੂਜੀ ਵਿਸ਼ਵ ਜੰਗ ਲੱਗ ਜਾਣ ਕਾਰਨ ਬਾਰ੍ਹਵੀਆਂ ਖੇਡਾਂ ਹੋ ਹੀ ਨਾ ਸਕੀਆਂ। 1944 ਦੀਆਂ ਤੇਰ੍ਹਵੀਆਂ ਖੇਡਾਂ ਲੰਡਨ ਨੂੰ ਦਿੱਤੀਆਂ ਗਈਆਂ, ਜੋ ਜੰਗ ਜਾਰੀ ਰਹਿਣ ਕਾਰਨ ਹੋ ਨਾ ਸਕੀਆਂ। 1948 ਦੀਆਂ 14ਵੀਆਂ ਖੇਡਾਂ ਲੰਡਨ ਵਿਖੇ ਹੋਈਆਂ। ਉਥੇ ਜਰਮਨੀ ਤੇ ਜਾਪਾਨ ਨੂੰ ਖੇਡਾਂ ਤੋਂ ਲਾਂਭੇ ਰੱਖਿਆ ਗਿਆ। ਲੱਖਾਂ ਜੁਆਨ ਜੰਗ ਦੀ ਭੇਟਾ ਚੜ੍ਹ ਜਾਣ ਕਾਰਨ ਉਥੇ ਸਿਰਫ ਚਾਰ ਨਵੇਂ ਵਿਸ਼ਵ ਰਿਕਾਰਡ ਕਾਇਮ ਹੋ ਸਕੇ।
1964 ਦੀਆਂ 18ਵੀਆਂ ਓਲੰਪਿਕ ਖੇਡਾਂ ਲਈ ਚਾਰ ਸ਼ਹਿਰ ਟੋਕੀਓ, ਡਿਟਰਾਇਟ, ਵਿਆਨਾ ਤੇ ਬਰੱਸਲਜ਼ ਉਮੀਦਵਾਰ ਸਨ, ਜਿਨ੍ਹਾਂ ਨੂੰ ਕ੍ਰਮਵਾਰ 34, 10, 9, 5, ਵੋਟਾਂ ਪਈਆਂ। ਇਓਂ ਏਸ਼ੀਆ ਵਿਚ ਪਹਿਲੀ ਵਾਰ ਟੋਕੀਓ ਵਿਖੇ ਇਹ ਖੇਡਾਂ 10 ਅਕਤੂਬਰ ਤੋਂ 24 ਅਕਤੂਬਰ ਤੱਕ ਹੋਈਆਂ। ਉਦੋਂ 19 ਸਪੋਰਟਸ ਦੇ 163 ਈਵੈਂਟ ਸਨ, ਜਿਨ੍ਹਾਂ ਵਿਚ 93 ਦੇਸ਼ਾਂ ਦੇ 5140 ਖਿਡਾਰੀਆਂ ਨੇ ਹਿੱਸਾ ਲਿਆ। ਭਾਰਤ ਵਲੋਂ 53 ਖਿਡਾਰੀ ਟੋਕੀਓ ਗਏ, ਜਿਨ੍ਹਾਂ ਵਿਚ ਅੱਧੋਂ ਵੱਧ ਪੰਜਾਬੀ ਸਨ। ਬਾਰਾਂ ਪੰਜਾਬੀ ਤਾਂ ਹਾਕੀ ਟੀਮ ਦੇ ਹੀ ਮੈਂਬਰ ਸਨ। 4+400 ਮੀਟਰ ਰਿਲੇਅ ਦੌੜਨ ਵਾਲੇ ਵੀ ਚਾਰੇ ਸਿੰਘ ਸਨ। ਉਦੋਂ ਤੱਕ ਟੋਕੀਓ ਦੀਆਂ ਓਲੰਪਿਕ ਖੇਡਾਂ ਦੀਆਂ ਸਭ ਤੋਂ ਮਹਿੰਗੀਆਂ ਖੇਡਾਂ ਸਨ, ਜਿਨ੍ਹਾਂ ਉਤੇ 190 ਕਰੋੜ ਡਾਲਰ ਖਰਚ ਆਏ। ਉਹ ਖੇਡਾਂ ਸੈਟੇਲਾਈਟ ਰਾਹੀਂ ਸਾਰੀ ਦੁਨੀਆ ਨੂੰ ਵਿਖਾਈਆਂ ਗਈਆਂ। ਖੇਡਾਂ ਦੀ ਜੋਤ ਯੋਸ਼ੀਨੋਰੀ ਸਕਾਈ ਨੇ ਜਗਾਈ ਸੀ, ਜਿਹੜਾ ਹੀਰੋਸ਼ੀਮਾ ਉਤੇ ਐਟਮ ਬੰਬ ਸੁੱਟਣ ਵਾਲੇ ਦਿਨ 6 ਅਗਸਤ 1945 ਨੂੰ ਹੀਰੋਸ਼ੀਮਾ ਵਿਚ ਹੀ ਜੰਮਿਆ ਸੀ। ਓਲੰਪਿਕ ਮਸ਼ਾਲ ਦਾ ਸਫਰ ਓਲਿੰਪੀਆ ਤੋਂ ਸ਼ੁਰੂ ਹੋ ਕੇ ਇਸਤੰਬੋਲ, ਅੰਕਾਰਾ, ਬੈਰੂਤ, ਦਮੱਸਕਸ, ਬਗਦਾਦ, ਤਹਿਰਾਨ, ਕਾਬਲ, ਲਾਹੌਰ, ਨਵੀਂ ਦਿੱਲੀ, ਕਠਮੰਡੂ, ਕਲਕੱਤਾ, ਢਾਕਾ, ਰੰਗੂਨ, ਬੈਂਕਾਕ, ਕੁਆਲਾਲੰਪੁਰ, ਸਿੰਘਾਪੁਰ, ਜਕਾਰਤਾ, ਮਨੀਲਾ, ਤੈਪਈ, ਹਾਂਗਕਾਂਗ, ਸਿਓਲ ਤੇ ਜਾਪਾਨ ਦੇ ਸ਼ਹਿਰਾਂ ਵਿਚ ਦੀ ਟੋਕੀਓ ਪਹੁੰਚ ਕੇ ਪੂਰਾ ਹੋਇਆ ਸੀ। ਉਥੇ ਪਹਿਲੀ ਵਾਰ ਔਰਤਾਂ ਦੀਆਂ ਟੀਮਾਂ ਦੇ ਮੁਕਾਬਲੇ ਵੀ ਸ਼ੁਰੂ ਹੋਏ ਸਨ ਤੇ ਵਾਲੀਬਾਲ ਦਾ ਸੋਨ ਤਗਮਾ ਜਪਾਨ ਦੀ ਟੀਮ ਨੇ ਜਿੱਤਿਆ ਸੀ। ਉਥੇ 77 ਓਲੰਪਿਕ ਤੇ 35 ਵਰਲਡ ਰਿਕਾਰਡ ਟੁੱਟੇ ਸਨ।
ਚਰਨਜੀਤ ਸਿੰਘ ਦੀ ਕਪਤਾਨੀ ਵਿਚ ਭਾਰਤੀ ਹਾਕੀ ਟੀਮ ਨੇ ਬੈਲਜੀਅਮ ਨੂੰ 2-0, ਹਾਂਗਕਾਂਗ ਨੂੰ 6-0, ਕੈਨੇਡਾ ਨੂੰ 3-0 ਤੇ ਹਾਲੈਂਡ ਨੂੰ 2-1 ਗੋਲਾਂ ‘ਤੇ ਹਰਾਇਆ ਸੀ। ਜਰਮਨੀ ਤੇ ਸਪੇਨ ਵਿਰੁੱਧ ਮੈਚ 1-1 ਗੋਲਾਂ ਨਾਲ ਬਰਾਬਰ ਰਹੇ ਸਨ। ਭਾਰਤ ਨੇ ਸੈਮੀ ਫਾਈਨਲ ਵਿਚ ਆਸਟ੍ਰੇਲੀਆ ਨੂੰ 3-1 ਤੇ ਫਾਈਨਲ ਵਿਚ ਪਾਕਿਸਤਾਨ ਨੂੰ 1-0 ਗੋਲ ਨਾਲ ਹਰਾ ਕੇ ਸੱਤਵੀਂ ਵਾਰ ਗੋਲਡ ਮੈਡਲ ਜਿੱਤਿਆ ਸੀ। ਪ੍ਰਿਥੀਪਾਲ ਸਿੰਘ ਨੇ 11 ਗੋਲ ਕੀਤੇ ਸਨ, ਜਿਸ ਕਰਕੇ ਉਸ ਨੂੰ ਪੈਨਲਟੀ ਕਾਰਨਰ ਦਾ ਬਾਦਸ਼ਾਹ ਕਿਹਾ ਗਿਆ ਸੀ। ਅਮਰੀਕਾ 36, 25, 28, ਸੋਵੀਅਤ ਰੂਸ 30, 31, 35 ਤੇ ਜਾਪਾਨ 16, 5, 8, ਤਗ਼ਮਿਆਂ ਨਾਲ ਸਭ ਤੋਂ ਉਪਰ ਰਹੇ ਅਤੇ ਭਾਰਤ ਤਗਮਾ ਸੂਚੀ ਵਿਚ 24ਵੇਂ ਥਾਂ ਆਇਆ ਸੀ।
ਓਲੰਪਿਕ ਖੇਡਾਂ ਦੁਨੀਆਂ ਦਾ ਸਭ ਤੋਂ ਸੋਹਣਾ, ਸਿਹਤਮੰਦ ਤੇ ਨਰੋਆ ਜੋੜ ਮੇਲਾ ਹੁੰਦੀਆਂ ਹਨ। ਇਸ ਮੇਲੇ ਵਿਚ ਦੁਨੀਆਂ ਭਰ ਦੀ ਜੁਆਨੀ, ਜ਼ੋਰ, ਜੁਗਤ ਤੇ ਜਿਗਰੇ ਦੇ ਦਰਸ਼ਨ ਦੀਦਾਰੇ ਹੁੰਦੇ ਹਨ; ਪਰ 2020 ਦੀਆਂ 32ਵੀਆਂ ਓਲੰਪਿਕ ਖੇਡਾਂ ਕਰਾਉਣੀਆਂ ਕੋਵਿਡ-19 ਕਰਕੇ ਖਤਰੇ ਵਿਚ ਪੈ ਗਈਆਂ ਸਨ। ਇਸ ਲਈ 2020 ਦੀਆਂ ਖੇਡਾਂ 2021 ‘ਚ ਪਾ ਦਿੱਤੀਆਂ ਗਈਆਂ। ਟੀਸੀ ਦੀ ਫਾਰਮ ਉਤੇ ਪੁੱਜੇ ਖਿਡਾਰੀਆਂ ਲਈ ਇਹ ਖਾਸਾ ਵੱਡਾ ਝਟਕਾ ਸੀ। ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰ ਚੁਕੇ ਤੇ ਕਰਨ ਵਾਲਿਆਂ ਦੀ ਤਿਆਰੀ ਦਾ ਪ੍ਰੋਗਰਾਮ ਉਲਟ-ਪੁਲਟ ਹੋ ਗਿਆ ਸੀ। ਸਾਲ ਭਰ ਦੁਚਿੱਤੀ ਬਣੀ ਰਹੀ ਸੀ ਕਿ ਓਲੰਪਿਕ ਖੇਡਾਂ ਦੁਬਾਰਾ ਮਿਥੇ ਪ੍ਰੋਗਰਾਮ ਅਨੁਸਾਰ ਹੋਣਗੀਆਂ ਵੀ ਜਾਂ ਨਹੀਂ? ਇਹ ਦੁਚਿੱਤੀ ਖੇਡਾਂ ਸ਼ੁਰੂ ਹੋਣ ਤੋਂ ਕੁਝ ਹਫਤੇ ਪਹਿਲਾਂ ਤਕ ਵੀ ਬਣੀ ਰਹੀ। ਜਾਪਾਨ ਵਿਚ ਮੁਜਾਹਰੇ ਵੀ ਹੋਏ ਕਿ ਖੇਡਾਂ ਨਾ ਕਰਾਈਆਂ ਜਾਣ। ਅੱਸੀ ਹਜ਼ਾਰ ਵਾਲੰਟੀਅਰਾਂ ਵਿਚੋਂ ਦਸ ਹਜ਼ਾਰ ਵਲੰਟੀਅਰਾਂ ਨੇ ਆਪਣੇ ਨਾਂ ਕਟਵਾ ਲਏ ਕਿ ਅਸੀਂ ਖੇਡਾਂ ਦੌਰਾਨ ਹਾਜ਼ਰ ਨਹੀਂ ਹੋ ਸਕਾਂਗੇ।
ਓਲੰਪਿਕ ਖੇਡਾਂ ਕਰਾਉਣ ਲਈ ਖੇਡ ਭਵਨ ਬਣਾਉਣ, ਸਟੇਡੀਅਮ ਨਵਿਆਉਣ ਤੇ ਹੋਰ ਅਨੇਕਾਂ ਪ੍ਰਬੰਧ ਕਰਨ ‘ਤੇ ਅਰਬਾਂ-ਖਰਬਾਂ ਦਾ ਖਰਚਾ ਹੋ ਚੁਕਾ ਸੀ। ਖਰਚੇ ਦੀ ਪੂਰਤੀ ਕਰਨ ਲਈ ਖੇਡਾਂ ਦੀ ਵੱਡੀ ਕਮਾਈ ਟਿਕਟਾਂ ‘ਤੇ ਵੀ ਕਾਟਾ ਵੱਜ ਚੁਕਾ ਸੀ। ਦਰਸ਼ਕਾਂ ਨੂੰ ਵੇਚਣ ਲਈ ਕਰੋੜਾਂ ਡਾਲਰਾਂ ਦੀਆਂ ਲੱਖਾਂ ਟਿਕਟਾਂ ਰੱਦੀ ਹੋ ਗਈਆਂ ਸਨ। ਜਿਹੜੀਆਂ ਅਗਾਊਂ ਵੇਚੀਆਂ, ਉਨ੍ਹਾਂ ਦੇ ਪੈਸੇ ਮੋੜਨੇ ਪੈਣੇ ਸਨ। ਆਕਸਫੋਰਡ ਯੂਨੀਵਰਸਿਟੀ ਦੇ ਲੇਖਾਕਾਰਾਂ ਨੇ 15.4 ਅਰਬ ਡਾਲਰ ਦੇ ਖਰਚੇ ਦਾ ਅਨੁਮਾਨ ਲਾਇਆ ਹੈ, ਪਰ ਅਸ਼ਕੇ ਜਾਈਏ ਜਾਪਾਨੀਆਂ ਦੇ, ਜਿਨ੍ਹਾਂ ਨੇ ਅਚਾਨਕ ਆਏ ਸੰਕਟ ਦੇ ਬਾਵਜੂਦ ਓਲੰਪਿਕ ਖੇਡਾਂ ਨਾ ਸਿਰਫ ਕਰਵਾਈਆਂ, ਸਗੋਂ ਪਹਿਲੀਆਂ ਖੇਡਾਂ ਤੋਂ ਬਿਹਤਰ ਕਰਵਾਈਆਂ। ਦਰਸ਼ਕਾਂ ਦੀ ਹਾਜ਼ਰੀ ਤੇ ਹੱਲਾਸ਼ੇਰੀ ਤੋਂ ਬਿਨਾ ਵੀ ਸੁੰਨੇ ਤੇ ਸੱਖਣੇ ਸਟੇਡੀਅਮਾਂ ਵਿਚ ਸਿਰੇ ਦੇ ਕਾਂਟੇਦਾਰ ਮੁਕਾਬਲੇ ਕਰਵਾਏ। ਓਲੰਪਿਕ ਖੇਡਾਂ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਕਿ ਦਰਸ਼ਕਾਂ ਦੀ ਗੈਰ-ਹਾਜ਼ਰੀ ਤੇ ਮਾਸਕਾਂ ਦੀਆਂ ਮੁਸ਼ਕਾਂ ਵਿਚ ਖੇਡਾਂ ਨੇਪਰੇ ਚਾੜ੍ਹੀਆਂ ਗਈਆਂ। ਇਥੋਂ ਤਕ ਕਿ ਜੇਤੂਆਂ ਨੇ ਆਪਣੇ ਮੈਡਲ ਵੀ ਆਪਣੇ ਹੱਥੀਂ ਟ੍ਰੇਆਂ ‘ਚੋਂ ਚੁੱਕ ਕੇ ਆਪਣੇ ਗਲੀਂ ਪਾਏ!
ਓਲੰਪਿਕ ਖੇਡਾਂ ਵਿਚ ਨਾ ਰੰਗ ਦਾ ਵਿਤਕਰਾ ਸੀ, ਨਾ ਨਸਲ ਦਾ, ਨਾ ਦੇਸ਼ ਦਾ ਤੇ ਨਾ ਹੀ ਕੌਮ ਜਾਂ ਜਾਤ ਦਾ। ਟੋਕੀਓ ਦੀਆਂ ਓਲੰਪਿਕ ਖੇਡਾਂ ਵਿਚ 206 ਮੁਲਕਾਂ ਦੇ 11326 ਖਿਡਾਰੀਆਂ ਨੂੰ ਅਤੇ ਉਨ੍ਹਾਂ ਦੇ ਕੌਮੀ ਪਰਚਮਾਂ ਤੇ ਕੌਮੀ ਤਰਾਨਿਆਂ ਨੂੰ ਇਕੋ ਜਿਹਾ ਮਾਣ ਸਤਿਕਾਰ ਮਿਲਿਆ। ਜਿਹੜਾ ਵੀ ਖਿਡਾਰੀ ਜਿੱਤਿਆ ਉਹਦੇ ਦੇਸ ਦਾ ਕੌਮੀ ਤਰਾਨਾ ਗੂੰਜਿਆ, ਜਿਸ ਦਾ ਵਿਸ਼ਵ ਭਰ ਦੇ ਦਰਸ਼ਕਾਂ ਨੇ ਸਤਿਕਾਰ ਕੀਤਾ। ਸਾਂਵਲੇ, ਕਣਕਵੰਨੇ ਤੇ ਗੋਰੇ-ਪੀਲੇ ਰੰਗਾਂ ਦੇ ਖਿਡਾਰੀ ਇਕੋ ਮੇਜ਼ ‘ਤੇ ਖਾਣਾ ਖਾਂਦੇ ਤੇ ਓਲੰਪਿਕ ਪਿੰਡ ਵਿਚ ਇਕੱਠੇ ਰਹਿੰਦੇ ਰਹੇ। ਓਲੰਪਿਕ ਖੇਡਾਂ ਨੇ ਦੂਰ-ਦੁਰਾਡੀਆਂ ਥਾਂਵਾਂ ਦੇ ਜੰਮਿਆਂ-ਪਲਿਆਂ ਨੂੰ ਕੁਝ ਦਿਨਾਂ ਲਈ ਇਕ ਦੂਜੇ ਦੇ ਨੇੜੇ ਕਰ ਦਿੱਤਾ ਸੀ। ਉਹ ਭਾਵੇਂ ਇਕ ਦੂਜੇ ਦੀ ਬੋਲੀ ਨਹੀਂ ਸਨ ਸਮਝਦੇ, ਪਰ ਉਨ੍ਹਾਂ ਦੀਆਂ ਤੱਕਣੀਆਂ ਆਪਮੁਹਾਰੇ ਸਦਭਾਵਨਾ ਦੇ ਸੁਨੇਹੇ ਦੇ ਰਹੀਆਂ ਸਨ। ਖੇਡਾਂ ਵਿਚ ਖੁਸ਼ੀ ਵੀ ਵੇਖੀ ਤੇ ਗਮੀ ਵੀ। ਜਿਹੜੇ ਜਿੱਤ ਜਾਂਦੇ, ਉਨ੍ਹਾਂ ਦੀਆਂ ਕਿਆ ਰੀਸਾਂ ਸਨ! ਉਹ ਹਵਾ ਵਿਚ ਉਡੇ ਫਿਰਦੇ। ਤੇ ਜਿਹੜੇ ਹਾਰਦੇ ਕਿੰਨਾ ਚਿਰ ਹੀ ਡਿੱਗੇ ਢਹੇ ਹੰਝੂ ਵਹਾਈ ਜਾਂਦੇ। ਜੇਤੂਆਂ ਨੂੰ ਕੋਈ ਥਕੇਵਾਂ ਨਹੀਂ ਸੀ ਹੁੰਦਾ ਤੇ ਹਾਰ ਗਿਆਂ ਤੋਂ ਉੱਠਿਆ ਨਹੀਂ ਸੀ ਜਾਂਦਾ। ਹੰਝੂ ਹਾਰ ਵਿਚ ਵੀ ਵਹਿੰਦੇ ਵੇਖੇ ਤੇ ਜਿੱਤ ਵਿਚ ਵੀ, ਪਰ ਜਿੱਤ-ਹਾਰ ਦੇ ਹੰਝੂਆਂ ਵਿਚ ਬੜਾ ਫਰਕ ਸੀ। ਕਿਥੇ ਹਾਕੀ ਦੇ ਸੈਮੀ ਫਾਈਨਲ ਜਿੱਤਣ ਪਿੱਛੋਂ ਜੇਤੂ ਟੀਮਾਂ ਦੇ ਹਾਸਿਆਂ ਨਾਲ ਹੱਸਦੇ ਹੰਝੂ ਤੇ ਕਿਥੇ ਹਾਰ ਦੀ ਨਮੋਸ਼ੀ ਵਿਚ ਚੁੱਪ-ਗੜੁੱਪ ਭਾਰਤੀ ਹਾਕੀ ਖਿਡਾਰੀਆਂ ਤੇ ਖਿਡਾਰਨਾਂ ਦੇ ਅੱਥਰੂ!
ਬੀਜਿੰਗ ਓਲੰਪਿਕ-2008 ਦੀ ਤਗਮਾ ਸੂਚੀ ਵਿਚ ਭਾਰਤ ਦਾ 50ਵਾਂ ਨੰਬਰ ਸੀ। ਲੰਡਨ-2012 ਵਿਚ 55ਵੇਂ ਥਾਂ ਰਿਹਾ ਸੀ। ਰੀਓ-2016 ਦੀ ਮੈਡਲ ਸੂਚੀ ਵਿਚ 67ਵੇਂ ਥਾਂ ਜਾ ਪਿਆ ਸੀ! ਬੀਜਿੰਗ ਵਿਚ ਚੀਨ ਨੇ 51 ਸੋਨੇ, 21 ਚਾਂਦੀ ਤੇ 28 ਤਾਂਬੇ ਦੇ ਤਗਮੇ ਜਿੱਤੇ ਸਨ। ਅਮਰੀਕਾ 36, 38, 36 ਤਗਮਿਆਂ ਨਾਲ ਦੂਜੇ ਥਾਂ ਸੀ। ਕ੍ਰਮਵਾਰ ਚੀਨ, ਅਮਰੀਕਾ, ਰੂਸ, ਬਰਤਾਨੀਆ, ਜਰਮਨੀ, ਆਸਟੇ੍ਰਲੀਆ, ਦੱਖਣੀ ਕੋਰੀਆ, ਜਾਪਾਨ, ਇਟਲੀ ਤੇ ਫਰਾਂਸ ਉਪਰਲੇ ਦਸਾਂ ਦੇਸ਼ਾਂ ਵਿਚ ਸਨ। ਭਾਰਤ ਨੇ 1 ਸੋਨੇ ਤੇ 2 ਤਾਂਬੇ ਦੇ ਤਗਮੇ ਜਿੱਤੇ ਸਨ। ਉਥੇ 86 ਮੁਲਕ ਇਕ ਜਾਂ ਵੱਧ ਮੈਡਲ ਜਿੱਤ ਸਕੇ, ਜਦ ਕਿ 118 ਮੁਲਕ ਕੋਈ ਵੀ ਮੈਡਲ ਨਹੀਂ ਸੀ ਜਿੱਤ ਸਕੇ।
ਲੰਡਨ-2012 ਵਿਚ ਅਮਰੀਕਾ ਨੇ 46 ਸੋਨੇ, 29 ਚਾਂਦੀ, 29 ਤਾਂਬੇ; ਚੀਨ ਨੇ 38, 27, 24; ਬਰਤਾਨੀਆ ਨੇ 29, 17, 19; ਰੂਸ ਨੇ 24, 27, 32, ਦੱਖਣੀ ਕੋਰੀਆ ਨੇ 13, 8, 7; ਜਰਮਨੀ ਨੇ 11, 19, 14; ਫਰਾਂਸ ਨੇ 11, 11, 12; ਇਟਲੀ ਨੇ 8, 9, 11; ਹੰਗਰੀ ਨੇ 8, 4, 5 ਤੇ ਆਸਟ੍ਰੇਲੀਆ ਨੇ 7, 6, 12 ਤਗ਼ਮੇ ਜਿੱਤੇ ਸਨ। ਲੰਡਨ ਵਿਚ ਭਾਰਤ ਨੇ 2 ਚਾਂਦੀ ਤੇ 4 ਤਾਂਬੇ ਦੇ ਤਗ਼ਮੇ ਜਿੱਤੇ। ਉਥੇ 54 ਮੁਲਕ ਸੋਨੇ ਤੇ 85 ਮੁਲਕ ਚਾਂਦੀ ਜਾਂ ਤਾਂਬੇ ਦੇ ਤਗਮੇ ਹਾਸਲ ਕਰ ਸਕੇ। 119 ਮੁਲਕ ਖਾਲੀ ਹੱਥ ਰਹੇ।
2016 ਵਿਚ ਰੀਓ ਦੀ ਅੰਤਿਮ ਤਗਮਾ ਸੂਚੀ ਅਨੁਸਾਰ ਅਮਰੀਕਾ ਨੇ 46 ਸੋਨੇ, 37 ਚਾਂਦੀ, 38 ਤਾਂਬੇ, ਬਰਤਾਨੀਆ ਨੇ 27, 13, 17; ਚੀਨ ਨੇ 26, 18, 26; ਰੂਸ 19, 18, 19; ਜਰਮਨੀ 17, 19, 15; ਜਾਪਾਨ 12, 8, 21; ਫਰਾਂਸ 10, 18, 14; ਦੱਖਣੀ ਕੋਰੀਆ 9, 3, 9; ਇਟਲੀ 8, 12, 8 ਤੇ ਆਸਟ੍ਰੇਲੀਆ ਨੇ 8, 11, 8 ਤਗਮੇ ਜਿੱਤੇ ਸਨ। ਭਾਰਤ ਨੇ 1 ਚਾਂਦੀ ਤੇ 1 ਤਾਂਬੇ ਦਾ ਤਗਮਾ ਹੀ ਜਿੱਤਿਆ ਸੀ। 59 ਦੇਸ਼ ਐਸੇ ਸਨ, ਜਿਨ੍ਹਾਂ ਨੇ 1 ਜਾਂ ਵੱਧ ਗੋਲਡ ਮੈਡਲ ਹਾਸਲ ਕੀਤੇ। 73 ਮੁਲਕਾਂ ਨੇ ਚਾਂਦੀ ਤੇ 87 ਮੁਲਕਾਂ ਦੇ ਖਿਡਾਰੀਆਂ ਨੇ ਕਾਸੀ ਦੇ ਮੈਡਲ ਜਿੱਤੇ। ਇਓਂ 87 ਮੁਲਕਾਂ ਦੇ ਖਿਡਾਰੀ ਜਿੱਤ-ਮੰਚ ‘ਤੇ ਚੜ੍ਹੇ। ਦੁਨੀਆਂ ਦੇ 206 ਮੁਲਕਾਂ ਤੇ 1 ਰੀਫਿਊਜ਼ੀ ਦਲ ‘ਚੋਂ 120 ਦੇਸ਼ ਖਾਲੀ ਹੱਥ ਰਹੇ। ਉਥੇ 48% ਮੈਡਲ ਯੂਰਪ, 22% ਅਮਰੀਕਾ, 21% ਏਸ਼ੀਆ, 5% ਅਫਰੀਕਾ ਤੇ 5% ਓਸ਼ਨੀਆ ਮਹਾਂਦੀਪ ਦੇ ਖਿਡਾਰੀਆਂ ਨੇ ਜਿੱਤੇ।
ਟੋਕੀਓ ਵਿਚ ਅਮਰੀਕਾ ਤੇ ਚੀਨ ਵਿਚਕਾਰ ਵਧੇਰੇ ਮੈਡਲ ਜਿੱਤਣ ਦਾ ਮੁਕਾਬਲਾ ਅਖੀਰਲੇ ਦਿਨ ਤਕ ਚਲਦਾ ਰਿਹਾ। ਆਖਰੀ ਦਿਨ ਅਮਰੀਕਾ ਬਾਜ਼ੀ ਮਾਰ ਗਿਆ। ਅਮਰੀਕਾ ਦੇ ਖਿਡਾਰੀਆਂ ਨੇ 39 ਸੋਨੇ, 41 ਚਾਂਦੀ, 33 ਤਾਂਬੇ, ਚੀਨ 38, 32, 18; ਜਾਪਾਨ 27, 14, 17; ਬਰਤਾਨੀਆ 22, 21, 22; ਰੂਸ 20, 28, 23; ਆਸਟ੍ਰੇਲੀਆ 17, 07, 22; ਨੀਦਰਲੈਂਡਜ਼ 10, 12, 14; ਫਰਾਂਸ 10, 12, 11; ਜਰਮਨੀ 10, 11, 16; ਇਟਲੀ 10, 10, 20 ਤੇ ਕੈਨੇਡਾ 7, 6, 11 ਜਦ ਕਿ ਭਾਰਤ ਨੇ 1 ਸੋਨੇ, 2 ਚਾਂਦੀ ਤੇ 4 ਤਾਂਬੇ ਦੇ ਤਗਮੇ ਜਿੱਤੇ। ਨੀਰਜ ਚੋਪੜਾ ਨੇ ਗੋਲਡ ਮੈਡਲ, ਮੀਰਬਾਈ ਚੰਨੂੰ ਤੇ ਰਵੀ ਦਾਹੀਆ ਨੇ ਸਿਲਵਰ, ਪੀਵੀ ਸਿੰਧੂ, ਲਵਲੀਨਾ, ਬਜਰੰਗ ਪੂਨੀਆ ਤੇ ਮਰਦਾਂ ਦੀ ਹਾਕੀ ਟੀਮ ਨੇ ਬਰਾਂਜ਼ ਮੈਡਲ ਜਿੱਤੇ। ਇੰਜ ਇਸ ਵਾਰ ਭਾਰਤ ਪਹਿਲਾਂ ਨਾਲੋਂ ਵਧੇਰੇ ਤਗਮੇ ਜਿੱਤ ਸਕਿਆ ਤੇ ਖੁਸ਼ੀ ਵੀ ਵਧੇਰੇ ਮਨਾ ਰਿਹੈ। ਖਾਸ ਖੁਸ਼ੀ ਅਥਲੈਟਿਕਸ ਦਾ ਗੋਲਡ ਮੈਡਲ ਅਤੇ ਹਾਕੀ ਦਾ ਬਰਾਂਜ਼ ਮੈਡਲ ਜਿੱਤਣ ਦੀ ਵੀ ਹੈ।
ਏਸ਼ੀਆ ਵਿਚ ਕੇਵਲ 4 ਵਾਰ ਓਲੰਪਿਕ ਖੇਡਾਂ ਹੋਈਆਂ ਹਨ। ਪਹਿਲੀ ਵਾਰ ਟੋਕੀਓ, ਦੂਜੀ ਵਾਰ ਸਿਓਲ, ਤੀਜੀ ਵਾਰ ਬੀਜਿੰਗ ਤੇ ਚੌਥੀ ਵਾਰ ਫਿਰ ਟੋਕੀਓ। 2016 ਦੀਆਂ ਓਲੰਪਿਕ ਖੇਡਾਂ ਪਹਿਲੀ ਵਾਰ ਦੱਖਣੀ ਅਮਰੀਕਾ ਵਿਚ ਹੋਈਆਂ ਸਨ। 2024 ਦੀਆਂ ਓਲੰਪਿਕ ਖੇਡਾਂ ਪੈਰਿਸ, 2028 ਦੀਆਂ ਲਾਸ ਏਂਜਲਸ ਤੇ 2032 ਦੀਆਂ ਆਸਟ੍ਰੇਲੀਆ ਦੇ ਸ਼ਹਿਰ ਬ੍ਰਿਜਬੇਨ ‘ਚ ਹੋਣਗੀਆਂ। ਭਾਰਤ ਨੇ ਓਲੰਪਿਕ ਖੇਡਾਂ ਕਰਾਉਣ ਦੀ ਕਦੇ ਪੇਸ਼ਕਸ਼ ਹੀ ਨਹੀਂ ਕੀਤੀ, ਹਾਲਾਂਕਿ ਆਬਾਦੀ ਪੱਖੋਂ ਵਿਸ਼ਵ ਦਾ ਦੂਜਾ ਵੱਡਾ ਦੇਸ਼ ਹੈ। ਅਫਰੀਕਾ ਮਹਾਂਦੀਪ ਵਿਚ ਓਲੰਪਿਕ ਖੇਡਾਂ ਕਦੇ ਵੀ ਨਹੀਂ ਹੋਈਆਂ। ਉਂਜ ਓਲੰਪਿਕ ਖੇਡਾਂ ਦੇ ਆਪਸ ਵਿਚ ਪਰੋਏ ਪੰਜ ਚੱਕਰ ਪੰਜਾਂ ਮਹਾਂਦੀਪਾਂ ਦੀ ਨੁਮਾਇੰਦਗੀ ਕਰਦੇ ਹਨ। ਬੀਜਿੰਗ ਦੀਆਂ ਓਲੰਪਿਕ ਖੇਡਾਂ ਵਿਚ 43 ਵਿਸ਼ਵ ਰਿਕਾਰਡ ਟੁੱਟੇ ਸਨ, ਲੰਡਨ ਵਿਚ 30, ਰੀਓ ਵਿਚ 19 ਜਦ ਕਿ ਟੋਕੀਓ ਵਿਚ 17 ਵਰਲਡ ਰਿਕਾਰਡ ਟੁੱਟੇ ਹਨ।
ਟੋਕੀਓ ਵਿਚ ਮਰਦਾਂ ਦੀਆਂ ਟੀਮ ਖੇਡਾਂ ਵਿਚੋਂ ਹਾਕੀ ਦਾ ਓਲੰਪਿਕ ਚੈਂਪੀਅਨ ਬੈਲਜੀਅਮ, ਫੁੱਟਬਾਲ ਦਾ ਬ੍ਰਾਜ਼ੀਲ, ਵਾਲੀਬਾਲ ਦਾ ਫਰਾਂਸ, ਬਾਸਕਟਬਾਲ ਦਾ ਅਮਰੀਕਾ, ਹੈਂਡਬਾਲ ਦਾ ਫਰਾਂਸ ਤੇ ਵਾਟਰ ਪੋਲੋ ਦਾ ਸਰਬੀਆ ਬਣਿਆ। ਔਰਤਾਂ ਦੀਆਂ ਟੀਮ ਖੇਡਾਂ ਵਿਚ ਬਾਸਕਟਬਾਲ ਦੀ ਚੈਂਪੀਅਨ ਟੀਮ ਅਮਰੀਕਾ, ਵਾਲੀਬਾਲ ਦੀ ਅਮਰੀਕਾ, ਤੇ ਵਾਟਰ ਪੋਲੋ ਦੀ ਵੀ ਅਮਰੀਕਾ ਹੈ। ਹਾਕੀ ਦੀ ਨੀਦਰਲੈਂਡਜ਼, ਫੁੱਟਬਾਲ ਦੀ ਕੈਨੇਡਾ ਤੇ ਹੈਂਡਬਾਲ ਦੀ ਫਰਾਂਸ। 1896 ਤੋਂ 2021 ਤਕ ਹੋਈਆਂ 29 ਓਲੰਪਿਕ ਖੇਡਾਂ ਵਿਚੋਂ ਅਮਰੀਕਾ ਨੇ 27 ਖੇਡਾਂ ਵਿਚ ਭਾਗ ਲੈਂਦਿਆਂ 1051 ਸੋਨੇ, 830 ਚਾਂਦੀ, 733 ਤਾਂਬੇ ਯਾਨਿ ਕੁਲ 2614 ਤਗਮੇ ਜਿੱਤ ਕੇ ਵਿਸ਼ਵ ‘ਤੇ ਝੰਡੀ ਕੀਤੀ ਹੋਈ ਹੈ। ਸੋਵੀਅਤ ਰੂਸ ਨੇ 10 ਓਲੰਪਿਕ ਖੇਡਾਂ ਵਿਚ ਭਾਗ ਲੈ ਕੇ ਕੁਲ 1010 ਤਗਮੇ, ਬਰਤਾਨੀਆ ਨੇ 28 ਖੇਡਾਂ ਵਿਚੋਂ 851 ਅਤੇ ਚੀਨ ਨੇ 10 ਖੇਡਾਂ ਵਿਚੋਂ 546 ਤਗਮੇ ਜਿੱਤੇ ਹਨ। ਫਰਾਂਸ ਦੇ 28 ਖੇਡਾਂ ਵਿਚੋਂ 716, ਇਟਲੀ ਨੇ 27 ਖੇਡਾਂ ‘ਚੋਂ 577, ਜਰਮਨੀ ਨੇ 16 ਖੇਡਾਂ ਚੋਂ 615, ਹੰਗਰੀ ਨੇ 26 ਖੇਡਾਂ ‘ਚੋਂ 491, ਪੂਰਬੀ ਜਰਮਨੀ ਨੇ 5 ਖੇਡਾਂ ‘ਚੋਂ 409, ਆਸਟ੍ਰੇਲੀਆ ਨੇ 28 ਖੇਡਾਂ ‘ਚੋਂ 554, ਰੂਸ ਨੇ 6 ਖੇਡਾਂ ‘ਚੋਂ 426, ਜਾਪਾਨ ਨੇ 22 ਖੇਡਾਂ ‘ਚੋਂ 439, ਦੱਖਣੀ ਕੋਰੀਆ ਨੇ 17 ਖੇਡਾਂ ‘ਚੋਂ 267, ਕੈਨੇਡਾ ਨੇ 26 ਖੇਡਾਂ ‘ਚੋਂ 302 ਅਤੇ ਗੁਲਾਮ ਇੰਡੀਆ ਤੇ ਆਜ਼ਾਦ ਭਾਰਤ ਨੇ 25 ਖੇਡਾਂ ‘ਚੋਂ 35 ਤਗਮੇ ਜਿੱਤੇ ਹਨ। ਉਨ੍ਹਾਂ ਵਿਚੋਂ ਦੋ ਤਗਮੇ ਬਰਤਾਨਵੀ ਅਥਲੀਟ ਨਾਰਮਨ ਪ੍ਰਿਚਰਡ ਦੇ ਹਨ, ਜੋ ਇੰਡੀਆ ਦੇ ਬਣਦੇ ਤਾਂ ਨਹੀਂ, ਪਰ ਰਿਕਾਰਡ ਵਿਚ ਗਿਣੇ ਜਾਂਦੇ ਹਨ।
1951 ਵਿਚ ਨਵੀਂ ਦਿੱਲੀ ਦੀਆਂ ਪਹਿਲੀਆਂ ਏਸਿ਼ਆਈ ਖੇਡਾਂ ‘ਚ ਚੀਨ ਤੇ ਕੋਰੀਆ ਭਾਰਤ ਤੋਂ ਪਿੱਛੇ ਸਨ, ਹੁਣ ਕਿਤੇ ਮੂਹਰੇ ਹਨ। ਜਾਪਾਨ ਬਰਾਬਰੀ ‘ਤੇ ਸੀ, ਜੋ ਕਿਤੇ ਅੱਗੇ ਨਿਕਲ ਗਿਐ। ਇਹ ਮਹਾਨ ਭਾਰਤ ਹੀ ਹੈ, ਜੋ ਅੱਗੇ ਵਧਦਾ ਪਿੱਛੇ ਮੁੜਿਆ। ਭਾਰਤ ਨੇ ਬੀਜਿੰਗ ਤੋਂ 3 ਮੈਡਲ ਜਿੱਤੇ ਸਨ, ਲੰਡਨ ਤੋਂ 6 ਪਰ ਰੀਓ ਤੋਂ 2 ਮੈਡਲ ਹੀ ਜਿੱਤ ਸਕਿਆ ਸੀ। ਬ੍ਰਿਟਿਸ਼ ਇੰਡੀਆ ਤੇ ਆਜ਼ਾਦ ਭਾਰਤ ਨੇ ਓਲੰਪਿਕ ਖੇਡਾਂ ‘ਚੋਂ ਹੁਣ ਤਕ 10 ਗੋਲਡ, 9 ਸਿਲਵਰ ਤੇ 16 ਬਰਾਂਜ਼ ਮੈਡਲ ਜਿੱਤੇ ਹਨ। ਗੋਲਡ ਮੈਡਲਾਂ ਵਿਚ 8 ਹਾਕੀ ਦੇ ਹਨ, 1 ਸ਼ੂਟਿੰਗ ਤੇ 1 ਅਥਲੈਟਿਕਸ ਦਾ। ਸਿਲਵਰ ਤੇ ਬਰਾਂਜ ਮੈਡਲ ਹਾਕੀ, ਸ਼ੂਟਿੰਗ, ਕੁਸ਼ਤੀ, ਮੁੱਕੇਬਾਜ਼ੀ, ਟੈਨਿਸ, ਵੇਟ ਲਿਫਟਿੰਗ ਤੇ ਬੈਡਮਿੰਟਨ ਦੇ ਹਨ।
ਆਸਟ੍ਰੇਲੀਆ ਦੀ ਆਬਾਦੀ ਇਕ ਕਰੋੜ ਦੇ ਆਸ-ਪਾਸ ਹੈ, ਪਰ ਉਹ 497 ਮੈਡਲ ਜਿੱਤ ਚੁੱਕੈ। ਸਾਢੇ ਤਿੰਨ ਕਰੋੜ ਲੋਕਾਂ ਦਾ ਮੁਲਕ ਕੈਨੇਡਾ 302 ਮੈਡਲਾਂ ‘ਤੇ ਪਹੁੰਚ ਗਿਐ। ਹੁਣ ਤਕੜੇ ਮਾੜੇ ਦਾ ਨਿਰਣਾ ਜੰਗੇ ਮੈਦਾਨ ਦੀ ਥਾਂ ਖੇਡ ਮੈਦਾਨ ਵਿਚ ਹੁੰਦਾ ਹੈ। 29 ਵਾਰ ਹੋਈਆਂ ਓਲੰਪਿਕ ਖੇਡਾਂ ਰਾਹੀਂ ਅਮਰੀਕਾ ਨੇ 18 ਵਾਰ ਵਿਸ਼ਵ ‘ਤੇ ਝੰਡੀ ਕੀਤੀ ਹੈ। 7 ਵਾਰ ਸੋਵੀਅਤ ਦੇਸ਼ ਨੇ ਜੇਤੂ ਪਰਚਮ ਲਹਿਰਾਇਆ ਹੈ। ਇਕ ਵਾਰ ਫਰਾਂਸ, ਇਕ ਵਾਰ ਬਰਤਾਨੀਆ, ਇਕ ਵਾਰ ਜਰਮਨੀ ਤੇ ਇਕ ਵਾਰ ਚੀਨ ਨੇ ਝੰਡੇ ਗੱਡੇ ਹਨ। ਖੇਡਾਂ ਦੇ ਰਿਕਾਰਡ ਹਰੇਕ ਓਲੰਪਿਕ ਵਿਚ ਟੁੱਟਦੇ ਰਹੇ ਹਨ। 1896 ਦੀਆਂ ਪਹਿਲੀਆਂ ਓਲੰਪਿਕ ਖੇਡਾਂ ਵਿਚ ਇਕ ਕੁਇੰਟਲ ਵਜ਼ਨ ਦਾ ਬਾਲਾ ਕੱਢਣ ਨਾਲ ਹੀ ਗੋਲਡ ਮੈਡਲ ਮਿਲ ਗਿਆ ਸੀ, ਜੋ ਹੁਣ ਢਾਈ ਕੁਇੰਟਲ ਵਜ਼ਨ ਦਾ ਬਾਲਾ ਕੱਢਣ ਨਾਲ ਵੀ ਨਹੀਂ ਮਿਲਦਾ! ਟੋਕੀਓ ਵਿਚ ਜਾਰਜੀਆ ਦੇ ਲਾਸ਼ਾ ਤਲਖਾਡਜ਼ ਨੇ 265 ਕਿਲੋਗਰਾਮ ਦਾ ਬਾਲਾ ਕੱਢ ਕੇ ਗੋਲਡ ਮੈਡਲ ਜਿੱਤਿਆ ਹੈ। ਮਨੁੱਖ ਦਿਨੋ ਦਿਨ ਹੋਰ ਜ਼ੋਰਾਵਰ ਤੇ ਹੋਰ ਜੁਗਤੀ ਹੋ ਰਿਹੈ, ਜਿਸ ਕਰਕੇ ਕੋਈ ਵੀ ਰਿਕਾਰਡ ਸਦੀਵੀ ਨਹੀਂ ਰਹਿੰਦਾ। ਓਲੰਪਿਕ ਖੇਡਾਂ ਦਾ ਤਾਂ ਮਾਟੋ ਹੀ ਹੈ: ਹੋਰ ਤੇਜ਼, ਹੋਰ ਉੱਚਾ, ਹੋਰ ਅੱਗੇ!