ਖਾਨਾਜੰਗੀ ਦੀ ਸਿਆਸਤ

ਅਫਗਾਨਿਸਤਾਨ ਦਹਾਕਿਆਂ ਤੋਂ ਖਾਨਾਜੰਗੀ ਦੀ ਮਾਰ ਝੱਲ ਰਿਹਾ ਹੈ। ਹੁਣ ਤਾਲਿਬਾਨ ਵਲੋਂ ਮੁਲਕ ਦੀ ਰਾਜਧਾਨੀ ਕਾਬੁਲ ਅਤੇ ਮੁਲਕ ਦੇ ਵਡੇਰੇ ਹਿੱਸੇ ਉਤੇ ਕਬਜ਼ੇ ਦੀਆਂ ਖਬਰਾਂ ਨਾਲ ਇਸ ਖਾਨਾਜੰਗੀ ਵਿਚ ਇਕ ਹੋਰ ਅਧਿਆਇ ਜੁੜ ਗਿਆ ਹੈ। ਤਾਲਿਬਾਨ ਪੂਰੇ ਦੋ ਦਹਾਕਿਆਂ ਬਾਅਦ ਮੁਲਕ ਉਤੇ ਮੁੜ ਕਾਬਜ਼ ਹੋਏ ਹਨ। ਪਹਿਲਾਂ 1996 ਵਿਚ ਉਨ੍ਹਾਂ ਨੇ ਅਫਗਾਨ ਸਰਕਾਰ ਦਾ ਤਖਤਾ ਪਲਟਿਆ ਸੀ। ਤਾਲਿਬਾਨ ਦੀ ਇਹ ਸਰਕਾਰ 2001 ਤੱਕ ਜਾਰੀ ਰਹੀ। ਅਮਰੀਕਾ ਵਿਚ ਸਤੰਬਰ 2001 ਨੂੰ ਹੋਏ ਹਮਲਿਆਂ ਤੋਂ ਬਾਅਦ ਅਮਰੀਕਾ ਨੇ ਤਾਲਿਬਾਨ ਨੂੰ ਬੁਰੀ ਤਰ੍ਹਾਂ ਖਦੇੜ ਦਿੱਤਾ ਅਤੇ ਹਾਮਿਦ ਕਰਜ਼ਈ ਨੂੰ ਰਾਸ਼ਟਰਪਤੀ ਬਣਾਇਆ ਜੋ ਇਸ ਅਹੁਦੇ ਉਤੇ 2014 ਤੱਕ ਰਹੇ।

ਉਹ ਅਫਗਾਨਿਸਤਾਨ ਉਤੇ ਸੋਵੀਅਤ ਯੂਨੀਅਨ ਦੇ ਕਬਜ਼ੇ (1979-1989) ਖਿਲਾਫ ਮੁਜਾਹਿਦੀਨ ਲਈ ਵਾਹਵਾ ਸਰਗਰਮੀ ਕਰਦੇ ਰਹੇ ਹਨ। ਫਿਰ ਅਮਰੀਕਾ ਨੇ ਅਫਗਾਨਿਸਤਾਨ ਤੋਂ ਆਪਣੀ ਫੌਜਾਂ ਵਾਪਸ ਬੁਲਾਉਣ ਦਾ ਫੈਸਲਾ ਕਰ ਲਿਆ। ਇਸੇ ਦੌਰਾਨ ਸੱਤਾ ਦੀ ਵੰਡ ਬਾਰੇ ਤਾਲਿਬਾਨ ਨਾਲ ਗੱਲਬਾਤ ਵੀ ਚੱਲਦੀ ਰਹੀ। ਪਿਛਲੇ ਵੀਹ ਸਾਲਾਂ ਦੌਰਾਨ ਤਾਲਿਬਾਨ ਮੁਲਕ ਦੇ ਆਪਣੇ ਪ੍ਰਭਾਵ ਵਾਲੇ ਇਲਾਕਿਆਂ ਵਿਚ ਸਰਗਰਮ ਰਹੇ ਅਤੇ ਸਰਕਾਰ ਖਿਲਾਫ ਜੰਗ ਜਾਰੀ ਰੱਖੀ। ਪਿਛਲੇ ਕੁਝ ਸਮੇਂ ਦੌਰਾਨ ਇਨ੍ਹਾਂ ਨੇ ਵੱਖ-ਵੱਖ ਇਲਾਕਿਆਂ ਉਤੇ ਕਬਜ਼ਾ ਕਰਨ ਦੀ ਮੁਹਿੰਮ ਛੇੜ ਦਿੱਤੀ ਅਤੇ ਆਖਕਰਕਾਰ ਕਾਬੁਲ ਉਤੇ ਕਬਜ਼ਾ ਕਰਕੇ ਜੰਗ ਖਤਮ ਹੋਣ ਦਾ ਐਲਾਨ ਕਰ ਦਿੱਤਾ।
ਸਮੁੱਚਾ ਸੰਸਾਰ ਅਫਗਾਨਿਸਤਾਨ ਵਿਚ ਹੋਈਆਂ ਇਨ੍ਹਾਂ ਘਟਨਾਵਾਂ ਨੂੰ ਬਹੁਤ ਉਤਸੁਕਤਾ ਨਾਲ ਦੇਖ ਰਿਹਾ ਹੈ। ਮੀਡੀਆ ਵਿਚ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਨਸ਼ਰ ਹੋ ਰਹੀਆਂ ਹਨ ਜਿਸ ਵਿਚ ਬਾਕਾਇਦਾ ਕਿਹਾ ਜਾ ਰਿਹਾ ਹੈ ਕਿ ਹੁਣ ਵਾਲੇ ਤਾਲਿਬਾਨ 1996 ਵਾਲੇ ਤਾਲਿਬਾਨ ਤੋਂ ਬਿਲਕੁਲ ਵੱਖਰੇ ਹਨ। ਉਸ ਵਕਤ ਤਾਂ ਤਾਲਿਬਾਨ ਨੇ ਆਪਣਾ ਬਹੁਤ ਖੂੰਖਾਰ ਰੰਗ-ਢੰਗ ਦਿਖਾਇਆ ਸੀ। ਇਸ ਤੋਂ ਪਹਿਲਾਂ ਸੋਵੀਅਤ ਯੂਨੀਅਨ ਖਿਲਾਫ ਲੜ ਰਹੇ ਮੁਜਾਹਿਦੀਨ ਨੇ ਨਜੀਬੁੱਲਾ ਦਾ ਤਖਤਾ ਪਲਟਾਇਆ ਸੀ। ਇਨ੍ਹਾਂ ਮੁਜਾਹਿਦੀਨ ਨੂੰ ਅਮਰੀਕਾ ਦੀ ਵੀ ਪੂਰੀ ਹਮਾਇਤ ਸੀ। ਮੁਜਾਹਿਦੀਨ ਖਾਨਾਜੰਗੀ ਵਿਚੋਂ 1994 ਵਿਚ ਤਾਲਿਬਾਨ ਹੋਂਦ ਵਿਚ ਆਏ। ਇਹ ਕੱਟੜ ਪਖਤੂਨਾਂ ਦਾ ਟੋਲਾ ਸੀ ਜੋ ਇਸਲਾਮੀ ਸ਼ਰੀਅਤ ਨੂੰ ਬਹੁਤ ਸਖਤੀ ਨਾਲ ਲਾਗੂ ਕਰਨ ਦੀ ਪੈਰਵੀ ਕਰਦਾ ਸੀ। ਇਨ੍ਹਾਂ ਦੇ ਉਭਾਰ ਲਈ ਪਾਕਿਸਤਾਨ ਅਤੇ ਇਸ ਦੀ ਖੁਫੀਆ ਏਜੰਸੀ ਆਈ.ਐਸ.ਆਈ. ਨੂੰ ਜਿ਼ੰਮੇਵਾਰ ਮੰਨਿਆ ਜਾਂਦਾ ਹੈ। ਇਹ ਪਖਤੂਨ ਪਾਕਿਸਤਾਨ ਵਿਚ ਸਥਿਤ ਮਦਰੱਸਿਆਂ ਵਿਚ ਪੜ੍ਹੇ। ਤਾਲਿਬ ਦਾ ਅਰਥ ਵਿਦਿਆਰਥੀ ਹੈ ਤਾਲਿਬਾਨ ਤਾਲਿਬ, ਭਾਵ ਵਿਦਿਰਆਥੀ ਦਾ ਬਹੁ ਵਚਨ ਹੈ। ਇਉਂ ਪਾਕਿਸਤਾਨ ਦੇ ਸਿ਼ਸਕੇਰੇ ਤਾਲਿਬਾਨ ਨੇ 1996 ਵਿਚ ਕਾਬੁਲ ‘ਤੇ ਕਬਜ਼ਾ ਕਰ ਲਿਆ। ਉਸ ਵਕਤ ਵਿਰੋਧੀਆਂ ਨੂੰ ਚੁਣ-ਚੁਣ ਕੇ ਮਾਰਿਆ ਗਿਆ। ਸਾਬਕਾ ਰਾਸ਼ਟਰਪਤੀ ਨਜੀਬੱਲ੍ਹਾ ਜਿਸ ਨੇ 1992 ਤੋਂ ਸੰਯੁਕਤ ਰਾਸ਼ਟਰ ਦੇ ਹੈਡਕੁਆਰਟਰ ਵਿਚ ਸ਼ਰਨ ਲਈ ਹੋਈ ਸੀ, ਨੂੰ ਚੌਰਾਹੇ ਵਿਚ ਫਾਂਸੀ ਲਾ ਦਿੱਤੀ ਗਈ। ਔਰਤਾਂ ਉਤੇ ਸ਼ਰੀਅਤ ਬਹੁਤ ਸਖਤੀ ਨਾਲ ਲਾਗੂ ਕੀਤੀ। ਨਿੱਤ ਦਿਨ ਤਾਲਿਬਾਨ ਦੀਆਂ ਜਿ਼ਆਦਤੀਆਂ ਦੀਆਂ ਖਬਰਾਂ ਆਉਣ ਲੱਗੀਆਂ। ਕਤਲੋ-ਗਾਰਤ ਇਕ ਦਿਨ ਵੀ ਬੰਦ ਨਾ ਹੋਈ। ਛੇਤੀ ਹੀ ਇਹ ਉਸਾਮਾ ਬਿਨ-ਲਾਦਿਨ ਦਾ ਅੱਡਾ ਬਣ ਗਿਆ। ਅਮਰੀਕਾ ਵਿਚ ਸਤੰਬਰੀ ਹਮਲਿਆਂ ਤੋਂ ਬਾਅਦ ਤਾਲਿਬਾਨ ਅਮਰੀਕੀ ਹਮਲਾ ਝੱਲ ਨਾ ਸਕੇ ਅਤੇ 2001 ਵਿਚ ਇਨ੍ਹਾਂ ਦੀ ਸਰਕਾਰ ਦਾ ਅੰਤ ਹੋ ਗਿਆ।
ਵੀਹ ਸਾਲ ਪਹਿਲਾਂ ਤਾਲਿਬਾਨ ਦੀ ਸਰਕਾਰ ਦਾ ਅੰਤ ਭਾਵੇਂ ਹੋ ਗਿਆ ਸੀ ਪਰ ਜਥੇਬੰਦੀ ਦੇ ਆਮਦਨ ਅਤੇ ਹਥਿਆਰਾਂ ਦੇ ਸਰੋਤ ਕਾਇਮ ਰਹਿਣ ਕਾਰਨ ਇਹ ਲਗਾਤਾਰ ਸਰਗਰਮ ਰਹੇ। ਤਾਲਿਬਾਨ ਸੰਸਾਰ ਦੀਆਂ ਸਭ ਤੋਂ ਅਮੀਰ ਅਤਿਵਾਦੀ ਤਨਜ਼ੀਮਾਂ ਵਿਚ ਗਿਣੀ ਜਾਂਦੀ ਰਹੀ ਹੈ। ਇਸ ਦੀ ਇਸੇ ਤਾਕਤ ਕਰਕੇ ਅਮਰੀਕਾ ਨੂੰ ਇਸ ਨਾਲ ਗੱਲਬਾਤ ਲਈ ਮਜਬੂਰ ਹੋਣਾ ਪਿਆ। ਉਂਝ, ਇਸ ਗੱਲਬਾਤ ਦਾ ਚੰਗਾ ਨਤੀਜਾ ਇਹ ਨਿੱਕਲਿਆ ਕਿ ਕੱਟੜ ਤਾਲਿਬਾਨ ਹੁਣ ਕੁਝ ਨਰਮ ਪਏ ਹਨ। ਉਹ ਆਪਣੀ ਨਵੀਂ ਸਰਕਾਰ ਦੀ ਕਾਇਮੀ ਲਈ ਗੈਰ-ਤਾਲਿਬਾਨ ਧਿਰਾਂ ਅਤੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਤੇ ਅਹਿਮ ਆਗੂ ਅਬਦੁੱਲਾ-ਅਬਦੁੱਲਾ ਨਾਲ ਗੱਲਬਾਤ ਕਰ ਰਹੇ ਹਨ। ਰਿਪੋਰਟਾਂ ਹਨ ਕਿ ਉਹ ਆਪਣੀ ਸਰਕਾਰ ਵਿਚ ਔਰਤਾਂ ਨੂੰ ਨੁਮਾਇੰਦਗੀ ਦੇਣ ਬਾਰੇ ਵੀ ਵਿਚਾਰਾਂ ਕਰ ਰਹੇ ਹਨ। ਔਰਤਾਂ ਦੇ ਹੱਕਾਂ ਬਾਰੇ ਵੀ ਗੱਲਾਂ ਕਹੀਆਂ ਜਾ ਰਹੀਆਂ ਹਨ ਪਰ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਔਰਤਾਂ ਦੇ ਹੱਕ ਸ਼ਰੀਅਤ ਦੇ ਘੇਰੇ ਅੰਦਰ ਹੀ ਦਿੱਤੇ ਜਾਣਗੇ। ਆਪਣੇ ਵਿਰੋਧੀਆਂ ਨੂੰ ਮੁਆਫ ਕਰਨ ਦਾ ਐਲਾਨ ਕੀਤਾ ਗਿਆ ਹੈ। ਤਾਲਿਬਾਨ ਆਪਣੇ ਮੁਲਕ ਵਾਸੀਆਂ ਨੂੰ ਕਿਹੋ ਜਿਹਾ ਨਿਜ਼ਾਮ ਦਿੰਦੇ ਹਨ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਫਿਲਹਾਲ ਉਨ੍ਹਾਂ ਬਾਰੇ ਖਦਸ਼ੇ ਹੀ ਜ਼ਾਹਿਰ ਕੀਤੇ ਜਾ ਰਹੇ ਹਨ।
ਉਂਜ, ਇਹ ਤਾਂ ਤੈਅ ਹੀ ਹੈ ਕਿ ਅਫਗਾਨਿਸਤਾਨ ਵਿਚ ਤਾਲਿਬਾਨ ਦੇ ਕਬਜ਼ੇ ਦਾ ਅਸਰ ਇਸ ਖਿੱਤੇ ਉਤੇ ਜ਼ਰੂਰ ਪੈਣਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਤਾਲਿਬਾਨ ਦੀ ਆਮਦ ਦਾ ਸਵਾਗਤ ਕੀਤਾ ਹੈ ਅਤੇ ਜੱਗ ਜਾਣਦਾ ਹੈ ਕਿ ਪਾਕਿਸਤਾਨ ਅੱਜਕੱਲ੍ਹ ਚੀਨ ਦਾ ਮਿੱਤਰ ਹੈ ਜਿਸ ਦਾ ਅਮਰੀਕਾ ਨਾਲ ਕਈ ਮਾਮਲਿਆਂ ਵਿਚ ਪੇਚਾ ਪਿਆ ਹੋਇਆ ਹੈ। ਇਸ ਕੋਣ ਤੋਂ ਅਫਗਾਨਿਸਤਾਨ ਵਿਚ ਹੋਣ ਵਾਲੀ ਸਿਆਸਤ ਬਹੁਤ ਅਹਿਮੀਅਤ ਰੱਖਦੀ ਹੈ। ਦੂਜੇ, ਭਾਰਤ ਉਤੇ ਇਸ ਤਖਤਾ ਪਲਟ ਦੇ ਪੈਣ ਵਾਲੇ ਅਸਰਾਂ ਬਾਰੇ ਵੀ ਸਿਆਸੀ ਵਿਸ਼ਲੇਸ਼ਕ ਵਿਚਾਰ ਕਰ ਰਹੇ ਹਨ। ਅਫਗਾਨਿਸਤਾਨ ਦੀਆਂ ਸਿੱਖ ਅਤੇ ਹਿੰਦੂ ਘੱਟ ਗਿਣਤੀਆਂ ਦੀ ਇਮਦਾਦ ਕਰਨ ਬਾਰੇ ਮੋਦੀ ਸਰਕਾਰ ਪਹਿਲਾਂ ਹੀ ਕਹਿ ਚੁੱਕੀ ਹੈ। ਅਫਗਾਨਿਸਤਾਨ ਦੀ ਪਿਛਲੀ ਸਰਕਾਰ ਦੌਰਾਨ ਭਾਰਤ ਨੇ ਉਥੇ ਅਰਬਾਂ-ਕਰੋੜਾਂ ਦੇ ਪ੍ਰੋਜੈਕਟ ਆਰੰਭ ਕੀਤੇ ਹਨ। ਚੰਗੀ ਗੱਲ ਇਹ ਹੋਈ ਹੈ ਕਿ ਤਾਲਿਬਾਨ ਦੇ ਬੁਲਾਰਿਆਂ ਨੇ ਇਨ੍ਹਾਂ ਪ੍ਰੋਜੈਕਟਾਂ ਦੀ ਸ਼ਲਾਘਾ ਕੀਤੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਤਾਲਿਬਾਨ ਦੀ ਦੂਜੀ ਪਾਰੀ ਪਹਿਲੀ ਪਾਰੀ ਜਿੰਨੀ ਘਾਤਕ ਨਹੀਂ ਹੋਵੇਗੀ ਅਤੇ ਉਹ ਗੁਆਂਢੀ ਮੁਲਕਾਂ ਨਾਲ ਰਾਬਤਾ ਬਣਾ ਕੇ ਰੱਖਣਗੇ। ਇਸ ਲਈ ਆਉਣ ਵਾਲਾ ਸਮਾਂ ਇਸ ਖਿੱਤੇ ਲਈ ਬੜਾ ਅਹਿਮ ਮੰਨਿਆ ਜਾ ਰਿਹਾ ਹੈ। ਇਨ੍ਹਾਂ ਹਾਲਾਤ ਉਤੇ ਹੀ ਵੱਖ-ਵੱਖ ਮੁਲਕਾਂ ਦੀ ਆਰਥਿਕਤਾ ਉਤੇ ਅਸਰ ਪੈਣਾ ਹੈ। ਹੁਣ ਮਸਲਾ ਵੱਖ-ਵੱਖ ਮੁਲਕਾਂ ਦੀ ਲੀਡਰਸਿ਼ਪ ਦਾ ਵੀ ਹੈ ਜਿਨ੍ਹਾਂ ਦੀ ਸਿਆਣਪ ਦੀ ਅਜ਼ਮਾਇਸ਼ ਹੁਣ ਹੋਣੀ ਹੈ।