ਅਫਗਾਨਿਸਤਾਨ ਵਿਚ ਤਾਲਿਬਾਨ ਅਤੇ ਸੰਸਾਰ ਸਿਆਸਤ

ਰੌਬਰਟ
ਤਾਲਿਬਾਨ ਨੱਬੇਵਿਆਂ ਦੇ ਆਰੰਭ ਵਿਚ ਉਸ ਵਕਤ ਉੱਭਰੇ, ਜਦੋਂ ਸੋਵੀਅਤ ਯੂਨੀਅਨ ਅਫਗਾਨਿਸਤਾਨ ਤੋਂ ਆਪਣੀਆਂ ਫੌਜਾਂ ਵਾਪਸ ਬੁਲਾ ਰਿਹਾ ਸੀ। ਇਹ ਮੰਨਿਆ ਜਾਂਦਾ ਹੈ ਕਿ ਇਹ ਪਸ਼ਤੋ ਅੰਦੋਲਨ ਪਹਿਲਾਂ ਧਾਰਮਿਕ ਮਦਰੱਸਿਆਂ ਵਿਚ ਉੱਭਰਿਆ ਸੀ ਅਤੇ ਅਤੇ ਇਸ ਨੂੰ ਸਾਊਦੀ ਅਰਬ ਵੱਲੋਂ ਫੰਡ ਦਿੱਤਾ ਗਿਆ ਸੀ। ਇਸ ਅੰਦੋਲਨ ਵਿਚ ਸੁੰਨੀ ਇਸਲਾਮ ਦੇ ਕੱਟੜਵਾਦੀ ਵਿਸ਼ਵਾਸਾਂ ਦਾ ਪ੍ਰਚਾਰ ਕੀਤਾ ਗਿਆ ਸੀ। ਤਾਲਿਬਾਨ ਜਿਨ੍ਹਾਂ ਨੇ ਦਹਾਕਿਆਂ ਤੋਂ ਅਫਗਾਨਿਸਤਾਨ ਦੀ ਧਰਤੀ ਨੂੰ ਲੜਾਈ ਦਾ ਮੈਦਾਨ ਬਣਾ ਕੇ ਰੱਖਿਆ ਹੋਇਆ ਹੈ, ਕੋਲ ਅਥਾਹ ਸ਼ਕਤੀ ਹੈ।

1990 ਦੇ ਦਹਾਕੇ ਵਿਚ ਉੱਤਰੀ ਪਾਕਿਸਤਾਨ ਵਿਚ ਤਾਲਿਬਾਨ ਦੀ ਹੋਂਦ
ਉੱਤਰੀ ਪਾਕਿਸਤਾਨ ਵਿਚ 1990 ਦੇ ਦਹਾਕੇ ਵਿਚ ਤਾਲਿਬਾਨ ਦੀ ਹੋਂਦ ਸੀ। ਇਹ ਉਹ ਸਮਾਂ ਸੀ ਜਦੋਂ ਤਤਕਾਲੀ ਸੋਵੀਅਤ ਯੂਨੀਅਨ ਦੀ ਫੌਜ ਅਫਗਾਨਿਸਤਾਨ ਵਾਪਸ ਜਾ ਰਹੀ ਸੀ। ਸੋਵੀਅਤ ਫੌਜਾਂ ਦੀ ਵਾਪਸੀ ਤੋਂ ਬਾਅਦ ਅਫਗਾਨਿਸਤਾਨ ਵਿਚ ਤਾਲਿਬਾਨ ਦਾ ਦਬਦਬਾ ਵਧ ਗਿਆ। ਤਾਲਿਬਾਨ ਨੇ ਕੰਧਾਰ ਸ਼ਹਿਰ ਵਿਚ ਆਪਣਾ ਪਹਿਲਾ ਕੇਂਦਰ ਬਣਾਇਆ। ਅਫਗਾਨਿਸਤਾਨ ਦੀ ਜ਼ਮੀਨ ਕਿਸੇ ਸਮੇਂ ਸੋਵੀਅਤ ਯੂਨੀਅਨ ਦੇ ਹੱਥਾਂ ਵਿਚ ਸੀ ਅਤੇ 1989 ਵਿਚ ਮੁਜਾਹਿਦੀਨ ਨੇ ਇਸ ਨੂੰ ਬਾਹਰ ਦਾ ਰਸਤਾ ਵਿਖਾਇਆ। ਪਖਤੂਨ ਕਬਾਇਲੀ ਭਾਈਚਾਰੇ ਦਾ ਮੈਂਬਰ ਮੁੱਲਾ ਮੁਹੰਮਦ ਉਮਰ ਇਸ ਮੁਜਾਹਿਦੀਨ ਦਾ ਕਮਾਂਡਰ ਬਣ ਗਿਆ। ਉਮਰ ਨੇ ਬਾਅਦ ਵਿਚ ਤਾਲਿਬਾਨ ਦੀ ਸਥਾਪਨਾ ਕੀਤੀ। ਤਾਲਿਬਾਨ ਨੇ ਅਫਗਾਨਿਸਤਾਨ ਦੇ ਤਤਕਾਲੀ ਰਾਸ਼ਟਰਪਤੀ ਬੁਰਹਾਨੁਦੀਨ ਰਬਾਨੀ ਨੂੰ ਹਟਾ ਦਿੱਤਾ ਸੀ। ਰਬਾਨੀ ਸੋਵੀਅਤ ਫੌਜਾਂ ਦੇ ਹਮਲੇ ਦਾ ਵਿਰੋਧ ਕਰਨ ਵਾਲੇ ਅਫਗਾਨ ਮੁਜਾਹਿਦੀਨ ਦੇ ਸੰਸਥਾਪਕ ਮੈਂਬਰਾਂ ਵਿਚੋਂ ਇੱਕ ਸਨ।
ਸਾਲ 1998 ਤਕ, ਤਾਲਿਬਾਨ ਨੇ ਲਗਭਗ 90% ਅਫਗਾਨਿਸਤਾਨ ਉੱਤੇ ਕਬਜ਼ਾ ਕਰ ਲਿਆ ਸੀ। ਸੋਵੀਅਤ ਫੌਜਾਂ ਦੇ ਜਾਣ ਤੋਂ ਬਾਅਦ, ਅਫਗਾਨਿਸਤਾਨ ਦੇ ਆਮ ਲੋਕ ਮੁਜਾਹਿਦੀਨ ਦੀਆਂ ਵਧੀਕੀਆਂ ਅਤੇ ਸੰਘਰਸ਼ਾਂ ਤੋਂ ਤੰਗ ਆ ਗਏ ਸਨ। ਇਹੀ ਕਾਰਨ ਹੈ ਕਿ ਤਾਲਿਬਾਨ ਦਾ ਸਭ ਤੋਂ ਪਹਿਲਾਂ ਸਵਾਗਤ ਕੀਤਾ ਗਿਆ ਸੀ। ਭ੍ਰਿਸ਼ਟਾਚਾਰ ‘ਤੇ ਰੋਕ ਲਗਾਉਣਾ, ਅਰਾਜਕਤਾ ਵਿਚ ਸੁਧਾਰ ਕਰਨਾ, ਸੜਕਾਂ ਦਾ ਨਿਰਮਾਣ ਕਰਨਾ ਅਤੇ ਕੰਟਰੋਲ ਅਧੀਨ ਖੇਤਰ ਵਿਚ ਵਪਾਰਕ ਬੁਨਿਆਦੀ ਢਾਂਚਾ ਅਤੇ ਸਹੂਲਤਾਂ ਦੇਣਾ – ਇਹਨਾਂ ਕੰਮਾਂ ਨੇ ਤਾਲਿਬਾਨ ਨੂੰ ਵੀ ਸ਼ੁਰੂ ਵਿਚ ਮਸ਼ਹੂਰ ਕੀਤਾ।
ਤਾਲਿਬਾਨ ਅਮਰੀਕਾ ਨਾਲ ਉਲਝਿਆ
ਅਮਰੀਕਾ ਦੇ ਵਰਲਡ ਟ੍ਰੇਡ ਸੈਂਟਰ ‘ਤੇ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਤਾਲਿਬਾਨ ਦੁਨੀਆ ਦੀਆਂ ਨਜ਼ਰਾਂ’ ਚ ਆ ਗਿਆ। ਕਿਹਾ ਜਾਂਦਾ ਹੈ ਕਿ ਅਲ-ਕਾਇਦਾ ਦੇ ਨੇਤਾ ਉਸਾਮਾ ਬਿਨ-ਲਾਦਿਨ ਨੇ 11 ਸਤੰਬਰ 2001 ਨੂੰ ਅਮਰੀਕਾ ‘ਤੇ ਅਤਿਵਾਦੀ ਹਮਲੇ ਦੀ ਯੋਜਨਾ ਬਣਾਈ ਸੀ, ਨੂੰ ਤਾਲਿਬਾਨ ਨੇ ਪਨਾਹ ਦਿੱਤੀ ਸੀ। ਅਮਰੀਕਾ ਨੇ ਤਾਲਿਬਾਨ ਨੂੰ ਇਸ ਹਮਲੇ ਲਈ ਬਿਨ-ਲਾਦਿਨ ਨੂੰ ਸੌਂਪਣ ਲਈ ਕਿਹਾ ਸੀ ਪਰ ਤਾਲਿਬਾਨ ਨੇ ਸਪਸ਼ਟ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਅਮਰੀਕਾ ਅਫਗਾਨਿਸਤਾਨ ਵਿਚ ਦਾਖਲ ਹੋਇਆ ਅਤੇ ਮੁੱਲਾ ਉਮਰ ਦੀ ਸਰਕਾਰ ਨੂੰ ਹੇਠਾਂ ਲਿਆਂਦਾ। ਉਮਰ ਅਤੇ ਹੋਰ ਤਾਲਿਬਾਨ ਆਗੂ ਪਾਕਿਸਤਾਨ ਭੱਜ ਗਏ। ਇੱਥੇ ਉਸ ਨੇ ਦੁਬਾਰਾ ਅਫਗਾਨਿਸਤਾਨ ਪਰਤਣ ਦੀ ਤਿਆਰੀ ਸ਼ੁਰੂ ਕਰ ਦਿੱਤੀ।
85 ਹਜ਼ਾਰ ਲੜਾਕ ਸੰਗਠਨ ਵਿਚ ਸ਼ਾਮਲ
ਇਹ ਦਾਅਵਾ ਕੀਤਾ ਗਿਆ ਹੈ ਕਿ ਤਾਲਿਬਾਨ ਪਹਿਲਾਂ ਦੇ ਮੁਕਾਬਲੇ ਜਿ਼ਆਦਾ ਮਜ਼ਬੂਤ ਹੋਇਆ ਹੈ। ਇਸ ਸੰਗਠਨ ਵਿਚ 85 ਹਜ਼ਾਰ ਲੜਾਕੂ ਸ਼ਾਮਲ ਹਨ। ਅਫਗਾਨਿਸਤਾਨ ਦਾ ਕਿੰਨਾ ਹਿੱਸਾ ਪੂਰੀ ਤਰ੍ਹਾਂ ਉਨ੍ਹਾਂ ਦੇ ਹੱਥਾਂ ਵਿਚ ਹੈ, ਇਹ ਸਮਝਣਾ ਮੁਸ਼ਕਿਲ ਹੈ ਪਰ ਹੁਣ ਮੁਲਕ ਉਤੇ ਇਨ੍ਹਾਂ ਦਾ ਕਬਜ਼ਾ ਹੋ ਗਿਆ ਹੈ। ਤਕਰੀਬਨ 20 ਸਾਲਾਂ ਦੀ ਲੜਾਈ ਤੋਂ ਬਾਅਦ ਅਮਰੀਕਾ ਵਰਗੀ ਮਹਾਂਸ਼ਕਤੀ ਨੇ ਵੀ ਇੱਥੋਂ ਆਪਣੇ ਹੱਥ ਪਿੱਛੇ ਖਿੱਚ ਲਏ ਹਨ। ਸੰਭਵ ਹੈ ਕਿ ਤਾਲਿਬਾਨ ਇਸ ਨੂੰ ਆਪਣੀ ਜਿੱਤ ਵਜੋਂ ਲੈ ਰਹੇ ਹੋਣ।
ਤਾਲਿਬਾਨ ਸਰਕਾਰ ਨੂੰ ਮਾਨਤਾ
ਪਾਕਿਸਤਾਨ ਦੁਨੀਆ ਦੇ ਉਨ੍ਹਾਂ ਤਿੰਨ ਦੇਸ਼ਾਂ ਵਿਚੋਂ ਇੱਕ ਸੀ ਜਿਨ੍ਹਾਂ ਨੇ ਤਾਲਿਬਾਨ ਸਰਕਾਰ ਨੂੰ ਮਾਨਤਾ ਦਿੱਤੀ ਸੀ। ਪਾਕਿਸਤਾਨ ਤੋਂ ਇਲਾਵਾ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਨੇ ਵੀ ਤਾਲਿਬਾਨ ਸਰਕਾਰ ਨੂੰ ਮਾਨਤਾ ਦਿੱਤੀ ਹੈ।
ਤਾਲਿਬਾਨ ਦੇ ਫਰਮਾਨ
ਅਫਗਾਨਿਸਤਾਨ ਵਿਚ ਤਾਲਿਬਾਨ ਦਾ ਸ਼ੁਰੂ ਵਿਚ ਸਵਾਗਤ ਅਤੇ ਸਮਰਥਨ ਕੀਤਾ ਗਿਆ ਸੀ। ਇਹ ਮੰਨਿਆ ਜਾ ਰਿਹਾ ਸੀ ਕਿ ਤਾਲਿਬਾਨ ਦੇਸ਼ ਵਿਚ ਫੈਲੇ ਭ੍ਰਿਸ਼ਟਾਚਾਰ ਅਤੇ ਲੀਹੋਂ ਲੱਥੀ ਅਰਥ ਵਿਵਸਥਾ ਨੂੰ ਠੀਕ ਕਰੇਗਾ। ਤਾਲਿਬਾਨ ਨੇ ਹੌਲੀ-ਹੌਲੀ ਸਖਤ ਇਸਲਾਮਿਕ ਨਿਯਮ ਲਾਗੂ ਕਰ ਦਿੱਤੇ। ਚੋਰੀ ਤੋਂ ਕਤਲ ਤੱਕ, ਦੋਸ਼ੀਆਂ ਨੂੰ ਜਨਤਕ ਤੌਰ ‘ਤੇ ਮੌਤ ਦੀ ਸਜ਼ਾ ਦਿੱਤੀ ਗਈ ਸੀ। ਕੱਟੜਪੰਥੀ ਨਿਯਮ ਲਾਗੂ ਕੀਤੇ ਜਾਣੇ ਸ਼ੁਰੂ ਹੋ ਗਏ। ਟੀ.ਵੀ. ਅਤੇ ਸੰਗੀਤ ‘ਤੇ ਪਾਬੰਦੀ ਸੀ, ਲੜਕੀਆਂ ਨੂੰ ਸਕੂਲ ਜਾਣ ਦੀ ਮਨਾਹੀ ਸੀ, ਔਰਤਾਂ ‘ਤੇ ਬੁਰਕਾ ਪਾਉਣ ਦਾ ਦਬਾਅ ਸੀ। ਲੋਕ ਤਾਲਿਬਾਨ ਦੇ ਇਸਲਾਮੀ ਤਰੀਕਿਆਂ ਤੋਂ ਥੱਕ ਗਏ ਸਨ। ਇਸ ਸਮੇਂ ਦੌਰਾਨ ਤਾਲਿਬਾਨ ਨੇ ਸਜ਼ਾ ਦੇ ਇਸਲਾਮੀ ਢੰਗ ਲਾਗੂ ਕੀਤੇ। ਇਨ੍ਹਾਂ ਵਿਚ ਸਜ਼ਾਵਾਂ ਸ਼ਾਮਲ ਹਨ ਜਿਵੇਂ ਕਤਲ ਅਤੇ ਵਿਭਚਾਰ ਦੇ ਦੋਸ਼ੀਆਂ ਨੂੰ ਜਨਤਕ ਤੌਰ ‘ਤੇ ਫਾਂਸੀ ਅਤੇ ਚੋਰੀ ਦੇ ਦੋਸ਼ੀਆਂ ਦੇ ਅੰਗਾਂ ਨੂੰ ਕੱਟਣਾ। ਅਫਗਾਨਿਸਤਾਨ ਵਿਚ ਮਰਦਾਂ ਲਈ ਦਾੜ੍ਹੀ ਅਤੇ ਔਰਤਾਂ ਲਈ ਪੂਰੇ ਸਰੀਰ ਵਾਲਾ ਬੁਰਕਾ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਸੀ। ਤਾਲਿਬਾਨ ਨੇ ਟੈਲੀਵਿਜ਼ਨ, ਸੰਗੀਤ ਅਤੇ ਸਿਨੇਮਾ ‘ਤੇ ਪਾਬੰਦੀ ਲਗਾ ਦਿੱਤੀ ਅਤੇ 10 ਸਾਲ ਜਾਂ ਇਸ ਤੋਂ ਵੱਧ ਉਮਰ ਦੀਆਂ ਲੜਕੀਆਂ ਨੂੰ ਸਕੂਲ ਜਾਣ ਤੋਂ ਰੋਕ ਦਿੱਤਾ।