ਇਕ ਇਕ ਕਰਕੇ ਚੋਣ ਮੁੱਦੇ ਖਿਸਕਣ ਲੱਗੇ
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਭ੍ਰਿਸ਼ਟਾਚਾਰ ਦੇ ਮੁੱਦੇ ‘ਤੇ ਕੇਂਦਰ ਵਿਚਲੀ ਸਾਂਝੇ ਪ੍ਰਗਤੀਸ਼ੀਲ ਗੱਠਜੋੜ (ਯੂæਪੀæਏæ) ਦੀ ਸਰਕਾਰ ਉਤੇ ਹਮੇਸ਼ਾ ਤਿੱਖੇ ਨਿਸ਼ਾਨੇ ਸੇਧਣ ਵਾਲੀ ਅਕਾਲੀ-ਭਾਜਪਾ ਸਰਕਾਰ ਖ਼ੁਦ ਭ੍ਰਿਸ਼ਟਾਚਾਰ ਦੀ ਤਾਣੀ ਵਿਚ ਉਲਝ ਗਈ ਹੈ। ਇਕ ਸਾਲ ਦੇ ਵਕਫੇ ਦੌਰਾਨ ਤੀਜਾ ਮੰਤਰੀ ਭ੍ਰਿਸ਼ਟਾਟਾਰ ਦੇ ਦੋਸ਼ਾਂ ਵਿਚ ਘਿਰਿਆ ਹੈ ਜਿਸ ਨਾਲ ਸਰਕਾਰ ਦੀ ਸਾਖ ਨੂੰ ਧੱਕਾ ਲੱਗਾ ਹੈ।
ਕਾਬਲੇਗ਼ੌਰ ਹੈ ਕਿ ਸ਼ ਤੋਤਾ ਸਿੰਘ ਅਤੇ ਸ਼ ਗੁਲਜ਼ਾਰ ਸਿੰਘ ਰਣੀਕੇ ਤੋਂ ਬਾਅਦ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ‘ਤੇ ਗੰਭੀਰ ਦੋਸ਼ ਲੱਗੇ ਹਨ ਜਿਸ ਦੀ ਪੁਸ਼ਟੀ ਕੇਂਦਰੀ ਜਾਂਚ ਟੀਮ ਨੇ ਕਰ ਦਿੱਤੀ ਹੈ। ਉਂਜ, ਸਰਕਾਰ ਦੀ ਚੌਥੀ ਮੰਤਰੀ ਜਗੀਰ ਕੌਰ ਨੂੰ ਵੀ ਅਹੁਦਾ ਮਿਲਣ ਤੋਂ ਬਾਅਦ ਅਸਤੀਫਾ ਦੇਣਾ ਪਿਆ ਸੀ। ਉਨ੍ਹਾਂ ‘ਤੇ ਆਪਣੀ ਬੇਟੀ ਦੀ ਹੱਤਿਆ ਕਰਵਾਉਣ ਦੇ ਦੋਸ਼ ਸਨ। ਇਸ ਤੋਂ ਇਲਾਵਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ, ਜੋਗਿੰਦਰਪਾਲ ਜੈਨ, ਸਿਮਰਜੀਤ ਸਿੰਘ ਬੈਂਸ, ਵਿਰਸਾ ਸਿੰਘ ਵਲਟੋਹਾ, ਸੁੱਚਾ ਸਿੰਘ ਲੰਗਾਹ, ਨਿਰਮਲ ਸਿੰਘ ਕਾਹਲੋਂ ਵੀ ਭ੍ਰਿਸ਼ਟਾਚਾਰ ਤੇ ਫੌਜਦਾਰੀ ਕੇਸਾਂ ਵਿਚ ਉਲਝੇ ਹੋਏ ਹਨ।
ਤਾਜ਼ਾ ਮਾਮਲੇ ਵਿਚ ਸ਼ ਮਲੂਕਾ ਸਕੂਲ ਦੀਆਂ ਲਾਇਬਰੇਰੀਆਂ ਲਈ ਕਿਤਾਬਾਂ ਅਤੇ ਸਾਇੰਸ ਕਿੱਟਾਂ ਖ਼ਰੀਦਣ ਵਿਚ ਮਾਲੀ ਬੇਨੇਮੀਆਂ ਦੇ ਦੋਸ਼ਾਂ ਵਿਚ ਘਿਰੇ ਹਨ। ਕੇਂਦਰੀ ਜਾਂਚ ਟੀਮ ਨੇ ਉਨ੍ਹਾਂ ਨੂੰ ਕੇਂਦਰੀ ਫੰਡਾਂ ਵਿਚ ਬੇਨੇਮੀਆਂ ਕਰਨ ਦਾ ਦੋਸ਼ੀ ਕਰਾਰ ਦਿੱਤਾ ਹੈ। ਕਮੇਟੀ ਮੁਤਾਬਕ ਕੁਲ ਮਿਲਾ ਕੇ 41æ68 ਲੱਖ ਰੁਪਏ ਦੇ ਫੰਡਾਂ ਦੀ ਹੇਰਾਫੇਰੀ ਹੋਈ ਹੈ ਤੇ ਪੰਜਾਬ ਸਰਕਾਰ ਤੋਂ ਇਨ੍ਹਾਂ ਫੰਡਾਂ ਦੀ ਰਿਕਵਰੀ ਕੀਤੀ ਜਾਵੇਗੀ। ਕੇਂਦਰੀ ਜਾਂਚ ਟੀਮ ਵੱਲੋਂ ਬੇਨੇਮੀਆਂ ਦੀ ਪੁਸ਼ਟੀ ਤੋਂ ਬਾਅਦ ਕਾਂਗਰਸ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਤੁਰੰਤ ਬਰਖ਼ਾਸਤਗੀ ਮੰਗੀ ਹੈ।
ਹੈਰਾਨੀ ਦੀ ਗੱਲ ਹੈ ਕਿ ਸ਼ ਮਲੂਕਾ ਖ਼ਿਲਾਫ਼ ਕਾਂਗਰਸ ਤੇ ਅਧਿਆਪਕ ਜਥੇਬੰਦੀਆਂ ਵੱਲੋਂ ਪੰਜਾਬ ਭਰ ਵਿਚ ਰੋਸ ਮੁਜ਼ਾਹਰੇ ਕੀਤੇ ਗਏ ਤੇ ਜ਼ਬਰਦਸਤ ਦਬਾਅ ਬਣਨ ਦੇ ਬਾਵਜੂਦ ਸ਼ ਬਾਦਲ ਨੇ ਵਜ਼ਾਰਤ ਵਿਚੋਂ ਉਨ੍ਹਾਂ ਦੀ ਛੁੱਟੀ ਨਹੀਂ ਕੀਤੀ। ਮੰਨਿਆ ਜਾ ਰਿਹਾ ਹੈ ਕਿ ਸ਼ ਮਲੂਕਾ ਬਾਦਲਾਂ ਦੇ ਬੇਹੱਦ ਕਰੀਬੀ ਹਨ। ਇਸ ਤੋਂ ਇਲਾਵਾ ਸ਼ ਤੋਤਾ ਸਿੰਘ ਤੇ ਬੀਬੀ ਜਗੀਰ ਕੌਰ ਤੋਂ ਬਾਅਦ ਇਕ ਹੋਰ ਮੰਤਰੀ ਨੂੰ ਹਟਾਉਣ ਨਾਲ ਸਰਕਾਰ ਨੂੰ ਵੱਡੀ ਨਮੋਸ਼ੀ ਦਾ ਸਾਹਮਣਾ ਕਰਨਾ ਪਵੇਗਾ। ਇਸੇ ਕਾਰਨ ਸਰਕਾਰ ਨੇ ਸ਼ ਗੁਲਜ਼ਾਰ ਸਿੰਘ ਰਣੀਕੇ ਨੂੰ ਆਪਣਾ ਪੂਰਾ ਪ੍ਰਭਾਵ ਵਰਤ ਕੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚੋਂ ਕਲੀਨ ਚਿੱਟ ਦਵਾਈ ਸੀ ਜਦੋਂਕਿ ਉਨ੍ਹਾਂ ਖ਼ਿਲਾਫ਼ ਸਬੂਤ ਵੀ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਪਿਛਲੇ ਵਰ੍ਹੇ ਅਕਾਲੀ-ਭਾਜਪਾ ਦੀ ਲਗਾਤਾਰ ਦੂਜੀ ਵਾਰ ਸਰਕਾਰ ਬਣਦਿਆਂ ਹੀ ਬਾਦਲ ਵਜ਼ਾਰਤ ਦੇ ਦੋ ਮੰਤਰੀ ਸ਼ ਤੋਤਾ ਸਿੰਘ ਨੂੰ ਭ੍ਰਿਸ਼ਟਾਚਾਰ ਤੇ ਬੀਬੀ ਜਗੀਰ ਕੌਰ ਨੂੰ ਬੇਟੀ ਦੀ ਹੱਤਿਆ ਕਰਾਉਣ ਦੇ ਦੋਸ਼ਾਂ ਵਿਚ ਸਜ਼ਾ ਹੋ ਗਈ ਸੀ। ਸ਼ ਬਾਦਲ ਨੇ ਵਿਰੋਧੀਆਂ ਦੇ ਰੌਲੇ-ਰੱਪੇ ਤੋਂ ਪਹਿਲਾਂ ਹੀ ਦੋਵਾਂ ਮੰਤਰੀਆਂ ਦੀ ਛੁੱਟੀ ਕਰ ਦਿੱਤੀ। ਸ਼ ਬਾਦਲ ਨੇ ਇਹ ਪ੍ਰਭਾਵ ਦੇਣ ਦਾ ਯਤਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਵਿਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਘਿਰੇ ਆਗੂਆਂ ਦਾ ਕੋਈ ਕੰਮ ਨਹੀਂ।
ਇਸ ਤੋਂ ਛੇਤੀ ਬਾਅਦ ਹੀ ਇਕ ਹੋਰ ਮੰਤਰੀ ਸ਼ ਗੁਲਜ਼ਾਰ ਸਿੰਘ ਰਣੀਕੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਘਿਰ ਗਏ। ਇਕ ਸਾਲ ਵਿਚ ਲਗਾਤਾਰ ਤਿੰਨ ਮੰਤਰੀਆਂ ਦੇ ਵਿਵਾਦਾਂ ਵਿਚ ਘਿਰਨ ਦੀ ਮੀਡੀਆ ਵਿਚ ਖ਼ੂਬ ਚਰਚਾ ਹੋਈ। ਹੁਣ ਬਾਦਲ ਲਈ ਧਰਮ ਸੰਕਟ ਬਣ ਗਿਆ ਕਿਉਂਕਿ ਲਗਾਤਾਰ ਤੀਜੇ ਮੰਤਰੀ ਦੀ ਛੁੱਟੀ ਕਰਨਾ ਸਰਕਾਰ ਦੀ ਸਾਖ ਨੂੰ ਹੋਰ ਧੱਕਾ ਲਾ ਸਕਦੀ ਸੀ। ਸ਼ ਮਲੂਕਾ ਦਾ ਮਾਮਲਾ ਸਾਹਮਣੇ ਆਉਣ ਨਾਲ ਤਾਂ ਅਕਾਲੀ-ਭਾਜਪਾ ਸਰਕਾਰ ਦੀ ਹਾਲਤ ‘ਸੱਪ ਦੇ ਮੂੰਹ ਵਿਚ ਕਿਰਲੀ’ ਵਾਲੀ ਬਣ ਗਈ ਹੈ।
ਸ਼ ਬਾਦਲ ਬੇਸ਼ੱਕ ਇਸ ਮਾਮਲੇ ਨੂੰ ਰਫਾ-ਦਫਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਅਕਾਲੀ-ਭਾਜਪਾ ਸਰਕਾਰ ਕੋਲੋਂ ਕੇਂਦਰ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਮੁੱਦਾ ਖੁੱਸ ਗਿਆ ਹੈ। ਹੁਣ ਅਕਾਲੀ-ਭਾਜਪਾ ਆਗੂ ਆਪਣੀਆਂ ਤਕਰੀਰਾਂ ਵਿਚ ਭ੍ਰਿਸ਼ਟਾਚਾਰ ਦੇ ਮੁੱਦੇ ‘ਤੇ ਆਪਣੀ ਸੁਰ ਮੱਠੀ ਰੱਖਣ ਲੱਗੇ ਹਨ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਅਗਲੇ ਵਰ੍ਹੇ ਹੋ ਰਹੀਆਂ ਲੋਕ ਸਭਾ ਚੋਣਾਂ ਵਿਚ ਅਕਾਲੀ-ਭਾਜਪਾ ਆਗੂਆਂ ਨੂੰ ਕਾਂਗਰਸ ਖ਼ਿਲਾਫ਼ ਲੋਕ ਕਚਹਿਰੀ ਵਿਚ ਜਾਣ ਵੇਲੇ ਔਖ ਆਵੇਗੀ। ਉਹ ਨਾ ਤਾਂ ਭ੍ਰਿਸ਼ਟਾਚਾਰ ਦੇ ਮੁੱਦੇ ‘ਤੇ ਵਿਰੋਧੀਆਂ ਨੂੰ ਘੇਰ ਸਕਣਗੇ ਤੇ ਨਾ ਹੀ ਆਰਥਿਕ ਮੁੱਦਿਆ ‘ਤੇ ਕੇਂਦਰ ਸਰਕਾਰ ਦੀ ਆਲੋਚਨਾ ਕਰ ਸਕਣਗੇ, ਕਿਉਂਕਿ ਪੰਜਾਬ ਵਿਚ ਸੁਖਬੀਰ ਸਿੰਘ ਬਾਦਲ ਦਾ ਆਰਥਿਕ ਮਾਡਲ ਬੁਰੀ ਤਰ੍ਹਾਂ ਫੇਲ੍ਹ ਹੋ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ ਇਸ ਵਾਰ ਕਾਂਗਰਸ ਖ਼ਿਲਾਫ਼ ਘੱਟ ਗਿਣਤੀਆਂ ਨਾਲ ਧੱਕੇਸ਼ਾਹੀ ਦਾ ਮੁੱਦਾ ਵੀ ਖੁੱਲ੍ਹ ਕੇ ਨਹੀਂ ਉਭਾਰ ਸਕੇਗਾ ਕਿਉਂਕਿ ਉਸ ਦੀ ਭਾਈਵਾਲ ਪਾਰਟੀ ਭਾਜਪਾ ਵਿਚ ਕੱਟੜਪੰਥੀ ਨਰੇਂਦਰ ਮੋਦੀ ਦੇ ਉਭਾਰ ਨਾਲ ਇਹ ਮੁੱਦਾ ਕਾਂਗਰਸ ਕੋਲ ਚਲਾ ਗਿਆ ਹੈ। ਸ਼੍ਰੋਮਣੀ ਅਕਾਲੀ ਨੇ ਇਸ ਮੁੱਦੇ ‘ਤੇ ਕਾਂਗਰਸ ਨੂੰ ਹਮੇਸ਼ਾ ਹੀ ਪਛਾੜਿਆ ਹੈ ਤੇ ਸਿੱਖਾਂ ਦੇ ਜਜ਼ਬਾਤ ਨੂੰ ਸੱਤਾ ਹਾਸਲ ਕਰਨ ਲਈ ਵਰਤਿਆ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਜੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਅਕਸ ਨੂੰ ਸੁਧਾਰਨ ਲਈ ਸਖ਼ਤ ਕਦਮ ਨਾ ਚੁੱਕੇ ਤਾਂ ਲੋਕ ਉਨ੍ਹਾਂ ਨੂੰ ਨਕਾਰ ਦੇਣਗੇ।
Leave a Reply