ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਭਾਰਤ ਨਾਲ ਲੱਗਦੀ ਸਰਹੱਦ ‘ਤੇ ਚੀਨੀ ਫ਼ੌਜ ਦੀ ਸਰਗਰਮੀ ਲਗਾਤਾਰ ਵਧ ਰਹੀ ਹੈ ਪਰ ਭਾਰਤ ਆਪਣੀ ਠਰ੍ਹੰਮੇ ਵਾਲੀ ਰਣਨੀਤੀ ‘ਤੇ ਕਾਇਮ ਹੈ। ਚੀਨ ਨੇ ਬੇਸ਼ੱਕ ਸਰਹੱਦ ‘ਤੇ ਕੋਈ ਨਾ-ਬਰਦਾਸ਼ਤਯੋਗ ਹਰਕਤ ਤਾਂ ਨਹੀਂ ਕੀਤੀ, ਪਰ ਬਿਨਾਂ ਬੁਲਾਏ ਪ੍ਰਾਹੁਣੇ ਵਾਂਗ ਲਗਾਤਾਰ ਭਾਰਤੀ ਸਰਹੱਦ ਅੰਦਰ ਵੜ ਰਿਹਾ ਹੈ। ਮੀਡੀਆ ਵਿਚ ਇਸ ਮਾਮਲੇ ਦੀ ਚਰਚਾ ਹੋਣ ਤੋਂ ਬਾਅਦ ਭਾਰਤ ਸਰਕਾਰ ਨੇ ਥੋੜ੍ਹੀ ਸਰਗਰਮੀ ਦਿਖਾਈ ਹੈ। ਭਾਰਤ ਨੇ ਹੁਣ ਪੰਜਾਹ ਹਜ਼ਾਰ ਜਵਾਨਾਂ ਵਾਲੀ ‘ਮਾਊੁਂਟੇਨ ਸਟਰਾਈਕ ਕੋਰ’ ਬਣਾਉਣ ਦਾ ਫੈਸਲਾ ਕੀਤਾ ਹੈ।
ਪਤਾ ਲੱਗਾ ਹੈ ਕਿ ਚੀਨ ਵੱਲੋਂ ਸਰਹੱਦ ‘ਤੇ ਕਈ ਵਾਰ ਘੁਸਪੈਠ ਕੀਤੇ ਜਾਣ ਕਾਰਨ ਪੈਦਾ ਹੋ ਰਹੇ ਤਣਾਅ ਤੋਂ ਬਚਣ ਲਈ ਭਾਰਤੀ ਤੇ ਚੀਨੀ ਵਫਦਾਂ ਨੇ ਸਾਂਝੀ ਮੀਟਿੰਗ ਕੀਤੀ ਹੈ। ਮੀਟਿੰਗ ਦੌਰਾਨ ਸਰਹੱਦ ਉਪਰ ਅਮਨ ਯਕੀਨੀ ਬਣਾਉਣ ਲਈ ਕਈ ਮੁੱਦੇ ਵਿਚਾਰੇ ਗਏ ਹਨ। ਮੀਡੀਆ ਰਿਪੋਰਟਾਂ ਅਨੁਸਾਰ 16 ਜੁਲਾਈ ਨੂੰ ਘੋੜਿਆਂ ਅਤੇ ਖੱਚਰਾਂ ‘ਤੇ ਚੜ੍ਹ ਕੇ ਕੋਈ 50 ਦੇ ਕਰੀਬ ਚੀਨੀ ਸੈਨਿਕ ਲੱਦਾਖ ਦੇ ਚੂਮਰ ਇਲਾਕੇ ਰਾਹੀਂ ਭਾਰਤੀ ਸੀਮਾ ਵਿਚ ਦਾਖਲ ਹੋਏ ਤੇ ਇਸ ਖੇਤਰ ‘ਤੇ ਆਪਣਾ ਦਾਅਵਾ ਜਤਾਇਆ ਸੀ। ਇਹ ਸੈਨਿਕ 16 ਜੁਲਾਈ ਦੀ ਸ਼ਾਮ ਤੋਂ ਲੈ ਕੇ 17 ਜੁਲਾਈ ਸਵੇਰ ਤੱਕ ਭਾਰਤ ਦੀ ਹੱਦ ਅੰਦਰ ਰਹੇ। ਚੂਮਰ ਖੇਤਰ ਵਿਚ ਆ ਵੜੇ ਚੀਨ ਦੇ ਸੈਨਿਕਾਂ ਨੇ ਬੈਨਰ ਚੁੱਕੇ ਹੋਏ ਸਨ ਜਿਨ੍ਹਾਂ ‘ਤੇ ਲਿਖਿਆ ਹੋਇਆ ਸੀ ਕਿ ਭਾਰਤ ‘ਕਬਜ਼ੇ ਹੇਠਲੇ ਖੇਤਰ ਖਾਲੀ ਕਰੇ।’
ਜ਼ਿਕਰਯੋਗ ਹੈ ਕਿ ਚੀਨ ਨੇ ਸਾਲ 1962 ਤੋਂ ਬਾਅਦ ਭਾਰਤ ਦੇ 43,180 ਵਰਗ ਕਿਲੋਮੀਟਰ ਖੇਤਰ ‘ਤੇ ਗੈਰ ਕਾਨੂੰਨੀ ਕਬਜ਼ਾ ਜਮਾਇਆ ਹੋਇਆ ਹੈ। ਸਰਹੱਦੀ ਵਿਵਾਦਾਂ ਨਾਲ ਜੁੜੇ ਮੁੱਦਿਆਂ ਦੇ ਹੱਲ ਲਈ 1988 ਵਿਚ ਦੋਵਾਂ ਦੇਸ਼ਾਂ ਵਿਚਾਲੇ ਸੰਯੁਕਤ ਕਾਰਜ ਸਮੂਹ ਕਾਇਮ ਕੀਤਾ ਗਿਆ ਸੀ ਪਰ ਚੀਨ ਵੱਲੋਂ ਵਾਰ-ਵਾਰ ਕੰਟਰੋਲ ਰੇਖਾ ਦੀ ਉਲੰਘਣਾ ਕੀਤੀ ਜਾ ਰਹੀ ਹੈ।
ਵਿਦੇਸ਼ ਮੰਤਰਾਲੇ ਦੇ ਸੂਤਰਾਂ ਮੁਤਾਬਕ 1962 ਤੋਂ ਬਾਅਦ ਚੀਨ ਨੇ ਭਾਰਤ ਦੇ ਜੰਮੂ-ਕਸ਼ਮੀਰ ਖੇਤਰ ਦੇ ਪੱਛਮੀ ਸੈਕਟਰ ਵਿਚ ਤਕਰੀਬਨ 38 ਹਜ਼ਾਰ ਵਰਗ ਕਿਲੋਮੀਟਰ ‘ਤੇ ਕਬਜ਼ਾ ਕਰ ਲਿਆ ਹੈ ਤੇ ਪਾਕਿਸਤਾਨ ਨੇ ਚੀਨ-ਪਾਕਿਸਤਾਨ ਸੀਮਾ ਸਮਝੌਤਾ 1963 ਤਹਿਤ ਚੀਨ ਨੂੰ ਮਕਬੂਜ਼ਾ ਕਸ਼ਮੀਰ ਦਾ 5,180 ਵਰਗ ਕਿਲੋਮੀਟਰ ਖੇਤਰ ਦੇ ਦਿੱਤਾ ਹੈ। ਮੰਤਰਾਲੇ ਮੁਤਾਬਕ 6 ਮਈ 2013 ਨੂੰ ਭਾਰਤ ਤੇ ਚੀਨ ਦੀ ਸਰਕਾਰ ਨੇ ਪੱਛਮੀ ਸੈਕਟਰ ਵਿਚ ਸੀਮਾ ‘ਤੇ 15 ਅਪਰੈਲ 2013 ਤੋਂ ਪਹਿਲਾਂ ਦੀ ਸਥਿਤੀ ਬਣਾਏ ਰੱਖਣ ਦੀ ਸਹਿਮਤੀ ਪ੍ਰਗਟ ਕੀਤੀ ਹੈ।
ਮੰਤਰਾਲੇ ਮੁਤਾਬਕ ਤਤਕਾਲੀਨ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਦਸੰਬਰ 1988 ਵਿਚ ਚੀਨ ਯਾਤਰਾ ਦੌਰਾਨ ਦੋਵਾਂ ਪੱਖਾਂ ਨੇ ਅਮਨਮਈ ਗੱਲਬਾਤ ਰਾਹੀਂ ਸਰਹੱਦੀ ਮੁੱਦਿਆਂ ਨੂੰ ਸੁਲਝਾਉਣ ‘ਤੇ ਸਹਿਮਤੀ ਪ੍ਰਗਟਾਈ ਸੀ ਤੇ ਇਸੇ ਕਾਰਨ ਹੀ ਭਾਰਤ-ਚੀਨ ਸੰਯੁਕਤ ਕਾਰਜ ਸਮੂਹ ਬਣਾਇਆ ਸੀ। ਹੁਣ ਤੱਕ 16 ਦੌਰ ਦੀ ਬੈਠਕ ਹੋਈ ਹੈ ਜਿਸ ਵਿਚ ਅਖੀਰਲੀ ਬੈਠਕ ਚੀਨ ਵਿਚ 28 ਤੇ 29 ਜੂਨ, 2013 ਨੂੰ ਹੋਈ ਸੀ। ਸੁਰੱਖਿਆ ਮਾਮਲਿਆਂ ਦੇ ਜਾਂਚ ਅਧਿਕਾਰੀ ਭਰਤ ਵਰਮਾ ਮੁਤਾਬਕ ਪਿਛਲੇ 25 ਸਾਲ ਤੋਂ ਸਰਹੱਦੀ ਮੁੱਦਿਆਂ ‘ਤੇ ਚਰਚਾ ਚੱਲ ਰਹੀ ਹੈ ਪਰ ਇਸ ਦਾ ਕੋਈ ਨਤੀਜਾ ਨਹੀਂ ਨਿਕਲ ਰਿਹਾ ਤੇ ਇਕ ਵੱਡਾ ਖੇਤਰ ਅਜੇ ਵੀ ਚੀਨ ਦੇ ਕਬਜ਼ੇ ਵਿਚ ਹੈ ਤੇ ਕੰਟਰੋਲ ਰੇਖਾ ‘ਤੇ ਘੁਸਪੈਠ ਜਾਰੀ ਹੈ।
ਸਿਆਸੀ ਆਗੂ ਬੇਸ਼ੱਕ ਸ਼ਾਂਤੀ ਦਾ ਰਾਗ ਅਲਾਪ ਰਹੇ ਹਨ ਪਰ ਸਰਹੱਦ ‘ਤੇ ਚੀਨੀ ਸੈਨਾ ਦੀਆਂ ਵਧੀਕੀਆਂ ਜਾਰੀ ਹਨ। ਚੀਨ ਦੀ ਸੈਨਾ ਨੇ ਪਿਛਲੇ ਮਹੀਨੇ ਲੱਦਾਖ ਦੇ ਚੂਮਰ ਸੈਕਟਰ ਵਿਚ ਘੁਸਪੈਠ ਕਰਕੇ ਭਾਰਤੀ ਸੈਨਾ ਦੇ ਕੁਝ ਬੰਕਰਾਂ ਨੂੰ ਤਬਾਹ ਕਰ ਦਿੱਤਾ ਤੇ ਉਥੇ ਲੱਗੇ ਕੈਮਰਿਆਂ ਦੀਆਂ ਤਾਰਾਂ ਵੱਢ ਦਿੱਤੀਆਂ। ਇਹ ਘੁਸਪੈਠ 17 ਜੂਨ ਨੂੰ ਹੋਈ ਸੀ। ਇਸੇ ਸਾਲ 15 ਅਪਰੈਲ ਨੂੰ ਲੱਦਾਖ ਦੇ ਦੌਲਤ ਬੇਗ ਓਲਡੀ ਸੈਕਟਰ ਵਿਚ ਚੀਨੀ ਘੁਸਪੈਠ ਕਾਰਨ ਦੋਵਾਂ ਦੇਸ਼ਾਂ ਵਿਚਕਾਰ ਕੂਟਨੀਤਕ ਅੜਿੱਕੇ ਦੀ ਸਥਿਤੀ ਪੈਦਾ ਹੋ ਗਈ ਸੀ ਤੇ 21 ਦਿਨਾਂ ਤੱਕ ਰਹੇ ਇਸ ਅੜਿੱਕੇ ਨੂੰ ਪੰਜ ਮਈ ਨੂੰ ਹੋਏ ਸਮਝੌਤੇ ਤੋਂ ਬਾਅਦ ਖਤਮ ਕਰ ਦਿੱਤਾ ਗਿਆ।
Leave a Reply