ਸੰਸਦ ਮੈਂਬਰਾਂ ਨੇ ਕਿਸਾਨਾਂ ਦੇ ‘ਪੀਪਲਜ਼ ਵ੍ਹਿਪ` ਉਤੇ ਠੋਕ ਕੇ ਪਹਿਰਾ ਦਿੱਤਾ

ਚੰਡੀਗੜ੍ਹ: ਸੰਯੁਕਤ ਕਿਸਾਨ ਮੋਰਚਾ ਵੱਲੋਂ ਜਾਰੀ ‘ਪੀਪਲਜ਼ ਵ੍ਹਿਪ` ਉਤੇ ਪੰਜਾਬ ਦੇ ਸੰਸਦ ਮੈਂਬਰਾਂ ਨੇ ਪਹਿਰਾ ਦਿੱਤਾ ਹੈ, ਜਦਕਿ ਦੋ ਸੰਸਦ ਮੈਂਬਰ ਪੂਰੀ ਤਰ੍ਹਾਂ ਨਹੀਂ ਨਿਭ ਸਕੇ ਹਨ। ਸੰਯੁਕਤ ਕਿਸਾਨ ਮੋਰਚੇ ਨੇ ਸੰਸਦ ਦੇ ਸੈਸ਼ਨ ਤੋਂ ਪਹਿਲਾਂ ‘ਪੀਪਲਜ਼ ਵ੍ਹਿਪ` ਜਾਰੀ ਕੀਤਾ ਸੀ ਕਿ ਸਾਰੇ ਸੰਸਦ ਮੈਂਬਰ ਸੈਸ਼ਨ ਦੌਰਾਨ ਹਾਜ਼ਰ ਰਹਿਣ, ਸੈਸ਼ਨ ਦੌਰਾਨ ਵਾਕਆਊਟ ਨਾ ਕੀਤਾ ਜਾਵੇ ਅਤੇ ਖੇਤੀ ਕਾਨੂੰਨਾਂ ਸਬੰਧੀ ਪਾਰਲੀਮੈਂਟ ਚੱਲਣ ਨਾ ਦਿੱਤੀ ਜਾਵੇ। ਸੰਸਦ ਦਾ ਮਾਨਸੂਨ ਸੈਸ਼ਨ ਨਿਸ਼ਚਿਤ ਸਮੇਂ ਤੋਂ ਦੋ ਦਿਨ ਪਹਿਲਾਂ ਹੀ ਖਤਮ ਹੋ ਗਿਆ ਹੈ।

ਜਾਣਕਾਰੀ ਅਨੁਸਾਰ ਪੰਜਾਬ ਵਿਚੋਂ ਲੋਕ ਸਭਾ ਦੇ ਕੁੱਲ 13 ਸੰਸਦ ਮੈਂਬਰ ਹਨ, ਜਿਨ੍ਹਾਂ ‘ਚੋਂ ਇਕ ਕੇਂਦਰੀ ਵਜ਼ੀਰ ਹੈ। ਪੰਜਾਬ ਦੇ ਦਰਜਨ ਸੰਸਦ ਮੈਂਬਰਾਂ ‘ਚੋਂ ਭਾਜਪਾ ਦੇ ਸੰਸਦ ਮੈਂਬਰ ਸਨੀ ਦਿਓਲ ਨੇ ‘ਪੀਪਲਜ਼ ਵ੍ਹਿਪ‘ ਦੀ ਪਰਵਾਹ ਨਹੀਂ ਕੀਤੀ ਹੈ। ਉਨ੍ਹਾਂ ਸੈਸ਼ਨ ਦੌਰਾਨ ਸਿਰਫ ਤਿੰਨ ਦਿਨ ਹੀ ਹਾਜਰੀ ਭਰੀ ਜਦਕਿ 12 ਦਿਨ ਗੈਰਹਾਜ਼ਰ ਰਹੇ। ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਘੋਲ ਸ਼ੁਰੂ ਹੋਣ ਤੋਂ ਸੰਸਦ ਮੈਂਬਰ ਸਨੀ ਦਿਓਲ ਪੰਜਾਬ ‘ਚੋਂ ਵੀ ਗ਼ੈਰਹਾਜ਼ਰ ਹਨ, ਹਾਲਾਂਕਿ ਬਹੁਤੇ ਸੰਸਦ ਮੈਂਬਰਾਂ ਨੇ ‘ਪੀਪਲਜ਼ ਵ੍ਹਿਪ‘ ਦੀ ਪਾਲਣਾ ਕੀਤੀ ਹੈ।
ਦੂਜੇ ਨੰਬਰ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸੁਖਬੀਰ ਬਾਦਲ ਦਾ ਨਾਂ ਆਉਂਦਾ ਹੈ, ਜਿਨ੍ਹਾਂ ਦੀ ਸੰਸਦ ਦੇ ਰਜਿਸਟਰ ‘ਤੇ ਹਾਜਰੀ 9 ਦਿਨ ਰਹੀ ਹੈ। ਇੰਜ ਉਹ ਸੈਸ਼ਨ ‘ਚੋਂ ਛੇ ਦਿਨ ਗੈਰਹਾਜ਼ਰ ਰਹੇ ਹਨ। ਹਾਲਾਂਕਿ ਸੰਸਦ ਮੈਂਬਰ ਹਰਸਿਮਰਤ ਬਾਦਲ ਦੀ ਸੈਸ਼ਨ ਵਿਚ ਹਾਜਰੀ ਸੌ ਫੀਸਦੀ ਰਹੀ ਹੈ। ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਉਸ ਦਿਨ ਸੁਖਬੀਰ ਦੀ ਗ਼ੈਰਹਾਜ਼ਰੀ ਦਾ ਮਿਹਣਾ ਵੀ ਮਾਰਿਆ ਸੀ, ਜਿਸ ਦਿਨ ਉਨ੍ਹਾਂ ਦੀ ਹਰਸਿਮਰਤ ਬਾਦਲ ਨਾਲ ਸੰਸਦ ਤੋਂ ਬਾਹਰ ਬਹਿਸ ਹੋਈ ਸੀ।
ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਨੇ ਕਿਹਾ ਕਿ ਸੈਸ਼ਨ ਦੌਰਾਨ ਜਾਰੀ ‘ਪੀਪਲਜ਼ ਵ੍ਹਿਪ` ਦਾ ਮਕਸਦ ਪੂਰਾ ਹੋ ਗਿਆ ਹੈ, ਜਿਸ ਕਰਕੇ ਸੈਸ਼ਨ ਦੋ ਦਿਨ ਪਹਿਲਾਂ ਹੀ ਖਤਮ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਗ਼ੈਰਹਾਜ਼ਰ ਰਹੇ ਮੈਂਬਰਾਂ ਦਾ ਨੋਟਿਸ ਲਿਆ ਜਾਵੇਗਾ। ਬੀ.ਕੇ.ਯੂ. (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕਿਸਾਨਾਂ ਦੀ ਲੋੜ ਵੇਲੇ ਜੋ ਸੰਸਦ ਮੈਂਬਰ ਗੈਰਹਾਜ਼ਰ ਰਹੇ ਹਨ, ਉਨ੍ਹਾਂ ਨੂੰ ਮੌਕਾ ਆਉਣ `ਤੇ ਪੁੱਛਿਆ ਜਾਵੇਗਾ।
ਵੇਰਵਿਆਂ ਅਨੁਸਾਰ ‘ਆਪ` ਦੇ ਸੰਸਦ ਮੈਂਬਰ ਭਗਵੰਤ ਮਾਨ ਦੀ 14 ਦਿਨ ਹਾਜਰੀ ਰਹੀ ਹੈ ਅਤੇ ਇਸੇ ਤਰ੍ਹਾਂ ਸੰਸਦ ਮੈਂਬਰ ਮੁਨੀਸ਼ ਤਿਵਾੜੀ, ਅਮਰ ਸਿੰਘ, ਮੁਹੰਮਦ ਸਦੀਕ ਅਤੇ ਰਵਨੀਤ ਬਿੱਟੂ ਦੀ ਹਾਜਰੀ ਵੀ ਸੈਸ਼ਨ ਦੌਰਾਨ 14-14 ਦਿਨ ਰਹੀ ਹੈ। ਸੰਸਦ ਮੈਂਬਰ ਗੁਰਜੀਤ ਔਜਲਾ ਅਤੇ ਪਰਨੀਤ ਕੌਰ ਦੀ ਹਾਜਰੀ 13-13 ਦਿਨ ਰਹੀ ਹੈ ਜਦੋਂਕਿ ਹਰਸਿਮਰਤ ਕੌਰ ਬਾਦਲ ਅਤੇ ਜਸਬੀਰ ਡਿੰਪਾ ਦੀ ਹਾਜਰੀ ਦੇ ਮਾਮਲੇ ਵਿਚ ਝੰਡੀ ਲੈ ਗਏ ਹਨ, ਜੋ ਪੂਰੇ ਦਿਨ ਹਾਜਰ ਰਹੇ ਹਨ।
ਪੰਜਾਬ ਤੋਂ ਰਾਜ ਸਭਾ ‘ਚ ਸੱਤ ਸੰਸਦ ਮੈਂਬਰ ਹਨ, ਜਿਨ੍ਹਾਂ ‘ਚੋਂ ਭਾਜਪਾ ਦੇ ਸ਼ਵੇਤ ਮਲਿਕ ਅਤੇ ਨਰੇਸ਼ ਗੁਜਰਾਲ ਦੀ ਹਾਜਰੀ ਸੌ ਫੀਸਦੀ ਰਹੀ ਹੈ ਜਦਕਿ ਸੁਖਦੇਵ ਸਿੰਘ ਢੀਂਡਸਾ ਤਿੰਨ ਦਿਨ ਗੈਰਹਾਜ਼ਰ ਰਹੇ ਹਨ। ਕਾਂਗਰਸੀ ਸੰਸਦ ਮੈਂਬਰ ਅੰਬਿਕਾ ਸੋਨੀ ਅਤੇ ਪ੍ਰਤਾਪ ਸਿੰਘ ਬਾਜਵਾ ਸਿਰਫ ਇਕ-ਇਕ ਦਿਨ ਗ਼ੈਰਹਾਜ਼ਰ ਰਹੇ ਹਨ ਜਦਕਿ ਸ਼ਮਸ਼ੇਰ ਸਿੰਘ ਦੂਲੋ ਦੋ ਦਿਨ ਗੈਰਹਾਜ਼ਰ ਰਹੇ।