ਮਿਸ਼ਨ 2022: ਪੰਜਾਬ ਵਿਚ ਤੀਜੇ ਫਰੰਟ ਲਈ ਬੱਝਣ ਲੱਗਾ ਪਿੜ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤੀਜੇ ਮੋਰਚੇ ਲਈ ਪਿੜ ਬੱਝਣ ਲੱਗਾ ਹੈ। ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਵਿਧਾਨ ਸਭਾ ਚੋਣਾਂ ‘ਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਕਈ ਅਹਿਮ ਪਾਰਟੀਆਂ ਨਾਲ ਗਠਜੋੜ ਦਾ ਐਲਾਨ ਕੀਤਾ ਗਿਆ ਹੈ।

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਪੰਜਾਬ ਨੂੰ ਬਚਾਉਣ ਲਈ ਬਾਦਲਾਂ ਅਤੇ ਕਾਂਗਰਸ ਦਾ ਸਫਾਇਆ ਜ਼ਰੂਰੀ ਹੈ। ਉਨ੍ਹਾਂ ਇਥੇ ਤੀਜੇ ਗੱਠਜੋੜ ਦੇ ਗਠਨ ਦਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਹਿਤੈਸ਼ੀ ਲੋਕ ਸੂਬੇ ਵਿਚ ਤੀਸਰਾ ਬਦਲ ਚਾਹੁੰਦੇ ਹਨ ਤੇ ਪੰਜਾਬ ਦੀ ਬਰਬਾਦੀ ਲਈ ਬਾਦਲ ਪਰਿਵਾਰ ਤੇ ਕਾਂਗਰਸ ਜ਼ਿੰਮੇਵਾਰ ਹਨ। ਸ੍ਰੀ ਢੀਂਡਸਾ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ (ਸੰਯੁਕਤ), ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ), ਭੀਮ ਆਰਮੀ, ਸ਼੍ਰੋਮਣੀ ਅਕਾਲੀ ਦਲ (ਕਿਰਤੀ), ਜਨਤਾ ਦਲ (ਸੈਕੁਲਰ) ਦੇਵਗੌੜਾ, ਜਨਤਾ ਦਲ ਯੂਨਾਈਟਿਡ, ਇੰਡੀਅਨ ਯੂਨੀਅਨ ਮੁਸਲਿਮ ਲੀਗ ਇਕ ਮੰਚ ‘ਤੇ ਇਕੱਠੇ ਹੋ ਗਏ ਹਨ। ਭੀਮ ਆਰਮੀ ਦੇ ਮੁਖੀ ਚੰਦਰ ਸ਼ੇਖਰ ਆਜ਼ਾਦ ਵੀਡੀਓ ਕਾਲ ਰਾਹੀਂ ਪੱਤਰਕਾਰਾਂ ਨਾਲ ਰੂਬਰੂ ਹੋਏ। ਇਸ ਮੌਕੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਸਿੱਖ ਧਰਮ ਦਾ ਬੇਹੱਦ ਨੁਕਸਾਨ ਕੀਤਾ ਹੈ। ਹੁਣ ਸਮਾਂ ਆ ਗਿਆ ਹੈ ਕਿ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖਤ ਸਾਹਿਬ ਤੋਂ ਬਾਦਲ ਪਰਿਵਾਰ ਦਾ ਗਲਬਾ ਹਟਾਇਆ ਜਾਵੇ। ਸ੍ਰੀ ਢੀਂਡਸਾ ਨੇ ਕਿਹਾ ਕਿ ਅਕਾਲੀ ਦਲ (ਸੰਯੁਕਤ) ਵੱਲੋਂ ਸਾਰੀਆਂ ਪੰਥਕ ਧਿਰਾਂ ਅਤੇ ਪੰਜਾਬ ਹਿਤੈਸ਼ੀਆਂ ਨਾਲ ਰਾਬਤਾ ਕਾਇਮ ਕਰ ਕੇ ਸਦੀ ਪੁਰਾਣੀ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੋਂ ਬਾਦਲ ਪਰਿਵਾਰ ਦਾ ਗਲਬਾ ਖਤਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਵੀ ਉਹੀ ਉਮੀਦਵਾਰ ਐਲਾਨੇ ਜਾਣਗੇ ਜੋ ਸਿਆਸੀ ਅਹੁਦਿਆਂ ਦੇ ਇੱਛੁਕ ਨਾ ਹੋਣ ਅਤੇ ਸਿੱਖੀ ਸਿਧਾਂਤਾਂ ‘ਤੇ ਪਹਿਰਾ ਦੇਣ ਵਾਲੇ ਹੋਣ। ਸ੍ਰੀ ਢੀਂਡਸਾ ਨੇ ਕਿਹਾ ਕਿ ਤੀਸਰਾ ਮਜ਼ਬੂਤ ਫਰੰਟ ਬਣਾਉਣ ਦੀ ਦਿਸ਼ਾ ਵਿਚ ਇਹ ਗੱਠਜੋੜ ਉਨ੍ਹਾਂ ਦਾ ਪਹਿਲਾ ਕਦਮ ਹੈ।
ਇਸ ਮੌਕੇ ਆਜ਼ਾਦ ਸਮਾਜ ਪਾਰਟੀ ਦੇ ਕੌਮੀ ਜਨਰਲ ਸਕੱਤਰ ਐਮ.ਐਲ. ਤੋਮਰ, ਪੰਜਾਬ ਪ੍ਰਧਾਨ ਰਾਜੀਵ ਕੁਮਾਰ ਲਵਲੀ, ਆਜ਼ਾਦ ਸਮਾਜ ਪਾਰਟੀ (ਕਾਂਸ਼ੀਰਾਮ) ਦੇ ਸਰਪ੍ਰਸਤ ਕਾਂਸੀ ਰਾਮ ਦੀ ਭੈਣ ਬੀਬੀ ਸਵਰਨ ਕੌਰ, ਭੀਮ ਆਰਮੀ ਦੇ ਕੌਮੀ ਪ੍ਰਧਾਨ ਚੰਦਰ ਸ਼ੇਖਰ ਆਜ਼ਾਦ, ਸ਼੍ਰੋਮਣੀ ਅਕਾਲੀ ਦਲ (ਕਿਰਤੀ) ਦੇ ਪ੍ਰਧਾਨ ਬੂਟਾ ਸਿੰਘ ਰਣਸੀਂਹਕੇ, ਜਨਤਾ ਦਲ (ਸੈਕੁਲਰ) ਦੇਵਗੌੜਾ ਦੇ ਸੂਬਾ ਪ੍ਰਧਾਨ ਮਾਸਟਰ ਅਵਤਾਰ ਸਿੰਘ, ਜਨਤਾ ਦਲ ਯੂਨਾਈਟਿਡ ਦੇ ਸੂਬਾ ਪ੍ਰਧਾਨ ਮਨਵਿੰਦਰਪਾਲ ਸਿੰਘ ਬੈਨੀਪਾਲ ਆਦਿ ਮੌਜੂਦ ਸਨ।
_____________________________________
ਬਸਪਾ ਨੇ ਫਿਲੌਰ ਦੇ ਤਿੰਨ ਆਗੂ ਪਾਰਟੀ ‘ਚੋਂ ਕੱਢੇ
ਜਲੰਧਰ: ਬਹੁਜਨ ਸਮਾਜ ਪਾਰਟੀ ਨੇ ਫਿਲੌਰ ਵਿਧਾਨ ਸਭਾ ਹਲਕੇ ਦੇ ਤਿੰਨ ਆਗੂਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਪਾਰਟੀ ਦੇ ਸੂਬਾਈ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦਿਆਂ ਅੰਮ੍ਰਿਤਪਾਲ ਭੌਂਸਲੇ, ਰਾਮ ਸਰੂਪ ਸਰੋਆ ਅਤੇ ਸਰਪੰਚ ਖੁਸ਼ੀ ਰਾਮ ਨੂੰ ਪਾਰਟੀ ‘ਚੋਂ ਕੱਢਿਆ ਗਿਆ ਹੈ। ਉਧਰ, ਬਸਪਾ ‘ਚੋਂ ਕੱਢੇ ਗਏ ਇਨ੍ਹਾਂ ਆਗੂਆਂ ਨੇ ਹੰਗਾਮੀ ਮੀਟਿੰਗ ਸੱਦ ਕੇ ਐਲਾਨ ਕੀਤਾ ਕਿ ਉਹ 2 ਸਤੰਬਰ ਨੂੰ ਮੀਟਿੰਗ ਕਰਕੇ ਫੈਸਲਾ ਕਰਨਗੇ ਕਿ ਦੋਆਬੇ ਵਿਚ ਪਰਦਾਫਾਸ਼ ਰੈਲੀ ਕਦੋਂ ਤੇ ਕਿਥੇ ਕਰਨੀ ਹੈ। ਅੰਮ੍ਰਿਤਪਾਲ ਭੌਂਸਲੇ ਨੇ ਕਿਹਾ ਕਿ ਗੁਰਾਇਆ ਵਿਚ ਕੀਤੇ ਵਰਕਰ ਸੰਮੇਲਨ ਨੇ ਸਪੱਸ਼ਟ ਰਾਹ ਦਿਖਾ ਦਿੱਤਾ ਹੈ ਕਿ ਸਮੁੱਚੇ ਫਿਲੌਰ ਵਿਧਾਨ ਸਭਾ ਹਲਕੇ ਦੇ ਬਸਪਾ ਵਰਕਰ ਇਕਜੁੱਟ ਹਨ ਤੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਸਬਕ ਸਿਖਾਉਣਗੇ ਜਿਹੜੇ ਪਾਰਟੀ ਦੇ ਬਾਨੀ ਬਾਬੂ ਕਾਂਸ਼ੀ ਰਾਮ ਅਤੇ ਪਾਰਟੀ ਦੀ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਵਿਰੁੱਧ ਅਪਸ਼ਬਦ ਬੋਲਦੇ ਰਹੇ ਸਨ।