ਪੂਰਨਤਾ ਦਾ ਪੰਧ

ਡਾ. ਗੁਰਬਖਸ਼ ਸਿੰਘ ਭੰਡਾਲ ਫਿਜਿਕਸ ਦੇ ਅਧਿਆਪਕ ਹਨ, ਪਰ ਉਨ੍ਹਾਂ ਦੀਆਂ ਲਿਖਤਾਂ ਵਿਚ ਫਿਜਿਕਸ ਜਿਹੀ ਖੁਸ਼ਕੀ ਨਹੀਂ, ਸਗੋਂ ਕਾਵਿਕ ਰਵਾਨਗੀ ਹੁੰਦੀ ਹੈ। ਉਹ ਜ਼ਿੰਦਗੀ ਦੇ ਸੱਚ ਦੀਆਂ ਗੱਲਾਂ ਇੰਨੇ ਸਹਿਜ ਭਾਅ ਕਰੀ ਜਾਂਦੇ ਹਨ, ਜਿਵੇਂ ਕੋਈ ਬੜਾ ਸਿਆਣਾ ਬਜ਼ੁਰਗ ਆਪਣੇ ਤੋਂ ਅਗਲੀ ਪੀੜ੍ਹੀ ਨੂੰ ਜ਼ਿੰਦਗੀ ਦੇ ਸੱਚ ਦੱਸ ਰਿਹਾ ਹੋਵੇ। ਇਸ ਲੇਖ ਲੜੀ ਦੇ ਪਿਛਲੇ ਲੇਖ ਵਿਚ ਨੇ ਦੁੱਖਾਂ-ਦਰਦਾਂ ਉਤੇ ਦਵਾਈ ਦੇ ਨਾਲ ਨਾਲ ਦੁਆ ਦੇ ਮੱਲ੍ਹਮ ਲਾਉਣ ਦਾ ਯਤਨ ਕੀਤਾ ਸੀ। ਉਹ ਕਹਿੰਦੇ ਹਨ, “ਦੁੱਖਾਂ-ਦਰਦਾਂ ਦੇ ਵਹੀ ਖਾਤਿਆਂ ਨੂੰ ਫਰੋਲਿਆਂ ਅਤੇ ਹਿਸਾਬ-ਕਿਤਾਬ ਕੀਤਿਆਂ ਤੁਹਾਨੂੰ ਆਪਣੇ ਤੇ ਪਰਾਏ, ਖੂਨ ਦੇ ਰਿਸ਼ਤੇ ਤੇ ਪ੍ਰੇਮ ਸਬੰਧ ਅਤੇ ਅਸਲੀਅਤ ਤੇ ਮਖੌਟੇ ਵਿਚਲੇ ਫਰਕ ਦਾ ਪਤਾ ਲੱਗਦਾ।…

ਪਰ ਦੁਆ ਬੰਦੇ ਦੀ ਮਾਨਸਿਕਤਾ ਵਿਚਲਾ ਬਦਲਾਅ।…ਦੁਆ ਕਰੋ ਕਿ ਹਰ ਦਿਨ ਜਿ਼ੰਦਗੀ ਦੇ ਰੰਗਾਂ ਨਾਲ ਭਰਿਆ ਹੋਵੇ। ਹਰ ਪਲ ਸ਼ੁਕਰ-ਗੁਜ਼ਾਰੀ ਨਾਲ ਵਰਿਆ ਹੋਵੇ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ‘ਪੂਰਨਤਾ ਦੇ ਪੰਧ’ ਉਤੇ ਕਦਮ-ਕਦਮ ਤੁਰਦਿਆਂ ਜਿ਼ੰਦਗੀ ਨੂੰ ਭਰਪੂਰਤਾ ਨਾਲ ਜਿਊਣ ਲਈ ਪਹਿਲਕਦਮੀ ਕਰਦੇ ਰਹਿਣ ਦਾ ਹੋਕਾ ਦਿੱਤਾ ਹੈ, ਕਿਉਂਕਿ “ਅੱਧੀ-ਅਧੂਰੀ ਜਿ਼ੰਦਗੀ ਨੂੰ ਜਿਊਣਾ, ਜੀਵਨ ਦੀ ਬੇਅਦਬੀ ਤੇ ਬੇਰੁਹਮਤੀ।… ਮਨੁੱਖ ਜੀਵਨ ਦੇ ਹਰ ਪੜਾਅ, ਵਕਤ ਦੇ ਹਰ ਪਹਿਰ ਤੇ ਪਲ-ਪਲ ਕੁਝ ਨਾ ਕੁਝ ਸਿੱਖਦਾ ਅਤੇ ਇਸ ਨੂੰ ਆਪਣੀ ਸੋਚ, ਸਮਝ ਅਤੇ ਜੀਵਨ ਸ਼ੈਲੀ ਦਾ ਹਿੱਸਾ ਬਣਾਉਂਦਾ। ਬੰਦੇ ਦਾ ਅਪੂਰਨ ਤੋਂ ਪੂਰਨਤਾ ਨੂੰ ਜਾਣਾ, ਨਿਰੰਤਰ ਕਾਰਜ।” ਉਹ ਕਹਿੰਦੇ ਹਨ, “ਸੁਪਨਾ ਲਓ ਅਤੇ ਇਸ ਨੂੰ ਪੂਰਾ ਕਰਨ ਲਈ ਪੂਰਨ ਰੂਪ ਵਿਚ ਖੁਦ ਨੂੰ ਸਮਰਪਿਤ ਕਰੋ। ਸੁਪਨੇ ਵਿਚੋਂ ਪੈਦਾ ਹੋਈਆਂ ਸਿਰਨਾਵਿਆਂ ਵਰਗੀਆਂ ਸਫਲਤਾਵਾਂ ਤਹਿਰੀਕ ਦਾ ਸੋਨ-ਵਰਕਾ ਹੁੰਦੀਆਂ।… ਜਿ਼ੰਦਗੀ ਪ੍ਰਤੀ ਸਮਰਪਣ ਵਿਚੋਂ ਹੀ ਸਮਾਜ ਅਤੇ ਪਰਿਵਾਰ ਨੂੰ ਨਵੀਂ ਦਿਸ਼ਾ ਤੇ ਸੇਧ ਮਿਲਦੀ।” ਡਾ. ਭੰਡਾਲ ਦੀ ਇਹ ਟਿੱਪਣੀ ਵੀ ਬੜੀ ਵਜ਼ਨਦਾਰ ਹੈ, “ਖੁਦ ਦੀ ਪੂਰਨਤਾ ਲਈ ਇਹ ਵੀ ਜਰੂਰੀ ਕਿ ਨਾਂਹ ਕਰਨਾ ਵੀ ਸਿੱਖੋ। ਜੇ ਅਸਹਿਮਤ ਹੋ ਤਾਂ ਅਸਹਿਮਤ ਰਹੋ। ਮੂਕ ਸਹਿਮਤੀ, ਅਸਹਿਮਤੀ ਨਾਲੋਂ ਖਤਰਨਾਕ।”

ਡਾ. ਗੁਰਬਖਸ਼ ਸਿੰਘ ਭੰਡਾਲ

ਜਿ਼ੰਦਗੀ ਇਕ ਸੁੰਦਰ ਸਫਰ। ਅਪੂਰਨਤਾ ਤੋਂ ਪੂਰਨਤਾ ਵੱਲ ਦੀ ਯਾਤਰਾ। ਅਗਿਆਨਤਾ ਤੋਂ ਗਿਆਨ ਪ੍ਰਾਪਤ ਕਰਨ ਦਾ ਵੱਲ। ਬੇਸਮਝੀ ਤੋਂ ਸਿਆਣੇ ਬਣਨ ਦਾ ਉਮਾਹ। ਸਮਾਜ ਨੂੰ ਸਮਝਣ ਦੀ ਚੇਤਨਾ। ਬੰਦਿਆਂ ਦੇ ਵਿਹਾਰ, ਵਤੀਰੇ ਤੇ ਵਰਤੋਂ ਨੂੰ ਬਾਖੂਬੀ ਨਾਲ ਦੇਖਣ ਦੀ ਤਮੰਨਾ। ਸਭ ਤੋਂ ਅਹਿਮ ਹੈ ਖੁਦ ਨੂੰ ਪਛਾਨਣਾ ਅਤੇ ਖੁਦ ਦੀਆਂ ਖੂਬੀਆਂ, ਖਿਆਲਾਂ, ਖੁਆਬਾਂ ਤੇ ਖਬਤਾਂ ਨੂੰ ਵਿਸਥਾਰਨ ਅਤੇ ਇਨ੍ਹਾਂ ਦੀ ਵਿਲੱਖਣਤਾ ਤੇ ਵਿਭਿੰਨਤਾ ਨੂੰ ਵਿਅਕਤਤਵ ਦਾ ਹਿੱਸਾ ਬਣਾਉਣਾ।
ਮਨੁੱਖ ਕਦੇ ਵੀ ਪੂਰਨ ਨਹੀਂ ਹੁੰਦਾ। ਉਹ ਜੀਵਨ ਦੇ ਹਰ ਪੜਾਅ, ਵਕਤ ਦੇ ਹਰ ਪਹਿਰ ਤੇ ਪਲ-ਪਲ ਕੁਝ ਨਾ ਕੁਝ ਸਿੱਖਦਾ ਅਤੇ ਇਸ ਨੂੰ ਆਪਣੀ ਸੋਚ, ਸਮਝ ਅਤੇ ਜੀਵਨ ਸ਼ੈਲੀ ਦਾ ਹਿੱਸਾ ਬਣਾਉਂਦਾ। ਬੰਦੇ ਦਾ ਅਪੂਰਨ ਤੋਂ ਪੂਰਨਤਾ ਨੂੰ ਜਾਣਾ, ਨਿਰੰਤਰ ਕਾਰਜ। ਹਰ ਵਸਤ, ਵਰਤਾਰੇ, ਵਿਹਾਰ ਅਤੇ ਵਿਲੱਖਣਤਾ ਵਿਚੋਂ ਕੁਝ ਦੇਖਣਾ ਤੇ ਸਮਝਣਾ। ਇਸ ਵਿਚੋਂ ਚੰਗੇਰੇ ਗੁਣਾਂ ਨੂੰ ਗ੍ਰਹਿਣ ਕਰਨਾ ਹੀ ਚੰਗੇ ਮਨੁੱਖ ਦਾ ਸੁਭਾਅ।
ਜਿ਼ੰਦਗੀ ਦੀਆਂ ਬਹੁ-ਪਰਤਾਂ, ਬਹੁ-ਪ੍ਰਤੀਤੀਆਂ ਤੇ ਬਹੁ-ਪਹਿਲੂ ਅਤੇ ਹਰੇਕ ਨੂੰ ਉਸ ਦੇ ਸੰਦਰਭ ਵਿਚ ਹੀ ਸਮਝਣਾ ਜਰੂਰੀ। ਸੰਦਰਭ ਤੋਂ ਬਾਹਰੀ ਜਾ ਕੇ ਮਨੁੱਖ ਆਪ ਵੀ ਗਵਾਚਦਾ ਅਤੇ ਸਫਰ ਨੂੰ ਅੱਧਵਾਟੇ ਛੱਡਦਾ।
ਜਿ਼ੰਦਗੀ ਕਦੇ ਵੀ ਅੱਧੇ-ਅਧੂਰੇਪਣ ਦੀ ਮੁਥਾਜ ਨਹੀਂ ਅਤੇ ਨਾ ਹੀ ਇਸ ਨੂੰ ਅਸੀਂ ਅਸਾਵੇਂਪਣ ਤੇ ਅਰਧ-ਅਰਥਕਾਰੀ ਨਾਲ ਸਮਝ ਤੇ ਸਮਝਾ ਸਕਦੇ। ਬਰਨੀਤੇ, ਬਦਨੀਤੇ ਬਦਹਵਾਸ ਤੇ ਬਦਇੰਤਜ਼ਾਮੀਏ ਲੋਕਾਂ ਲਈ ਜਿ਼ੰਦਗੀ ਬਹੁਤ ਵੱਡੀ ਚੁਣੌਤੀ ਅਤੇ ਉਹ ਕਦੇ ਵੀ ਇਸ ਦੀ ਵੰਗਾਰ ਦਾ ਸਾਹਮਣਾ ਨਹੀਂ ਕਰ ਸਕਦੇ।
ਧਰਮ-ਗ੍ਰੰਥ, ਗੁਰੂਆਂ ਤੇ ਮਹਾਨ ਵਿਅਕਤੀਆਂ ਦੀਆਂ ਸਿਆਣਪਾਂ ਅਤੇ ਬਜੁਰਗਾਂ ਦੀ ਨਸੀਹਤਾਂ ਨਾਲ ਭਰੇ। ਇਹ ਜਿ਼ੰਦਗੀ ਨੂੰ ਪੂਰਨ ਰੂਪ ਵਿਚ ਸਮਝਣ ਅਤੇ ਸੰਪੂਰਨਤਾ ਲਈ ਖੁਦ ਨੂੰ ਅਰਪਿਤ ਕਰਨ ਲਈ ਲਾਹੇਵੰਦ। ਜਿ਼ੰਦਗੀ ਪ੍ਰਤੀ ਸਮਰਪਣ ਵਿਚੋਂ ਹੀ ਸਮਾਜ ਅਤੇ ਪਰਿਵਾਰ ਨੂੰ ਨਵੀਂ ਦਿਸ਼ਾ ਤੇ ਸੇਧ ਮਿਲਦੀ। ਉਹ ਨਵੇਂ ਸਰੋਕਾਰਾਂ, ਸੁਪਨਿਆਂ ਸੰਦੇਸ਼ਾਂ ਤੇ ਸਰਜਮੀਂ ਨੂੰ ਸਿਰਜਣ ਵਿਚ ਪਹਿਲ ਕਰਦੇ।
ਸੰਸਾਰ ਵਿਚ ਸਮੁੱਚਾ ਵਿਕਾਸ ਹੀ ਇਸ ਗੱਲ ਦਾ ਸਬੂਤ ਕਿ ਮਨੁੱਖ ਸਦਾ ਹੀ ਕੁਝ ਨਾ ਕੁਝ ਨਵਾਂ ਸਮਝਣ, ਸੋਚਣ ਅਤੇ ਕਰਨ ਦਾ ਜਨੂਨ ਪੈਦਾ ਕਰਦਾ ਤੇ ਅਪੂਰਨਤਾ ਤੋਂ ਪੂਰਨਤਾ ਵੱਲ ਪੁਲਾਂਘ ਪੁੱਟਦਾ। ਅਜੋਕੀ ਤਰੱਕੀ ਇਸ ਗੱਲ ਦੀ ਸ਼ਾਹਦੀ ਹੈ ਕਿ ਨਵੀਆਂ ਖੋਜਾਂ, ਕਾਢਾਂ ਤੇ ਕੀਰਤੀਮਾਨਾਂ ਨੇ ਮਨੁੱਖ ਨੂੰ ਪੂਰਨਤਾ ਵੱਲ ਤੋਰਿਆ ਹੈ।
ਅਪੂਰਨਤਾ ਤੋਂ ਪੂਰਨਤਾ ਦੇ ਸਫਰ ਦੀਆਂ ਬਹੁ-ਦਿਸ਼ਾਵਾਂ ਅਤੇ ਇਨ੍ਹਾਂ ਦੀ ਸਮੁੱਚਤਾ ਵਿਚੋਂ ਸੰਸਾਰ ਨੂੰ ਨਵੀਂ ਦਿੱਖ ਤੇ ਦ੍ਰਿਸ਼ਟੀਕੋਣ ਮਿਲਦਾ। ਸਭ ਤੋਂ ਪਹਿਲਾਂ ਵਿਅਕਤੀ ਨਿੱਜੀ ਲੋੜਾਂ ਤੇ ਥੋੜ੍ਹਾਂ ਨੂੰ ਪੂਰਨ ਕਰਨ ਵੱਲ ਕਦਮ ਪੁੱਟਦਾ। ਇਨ੍ਹਾਂ ਵਿਚ ਮੁੱਖ ਤੌਰ ‘ਤੇ ਰੋਟੀ, ਕੱਪੜਾ ਤੇ ਮਕਾਨ ਹੁੰਦਾ; ਪਰ ਅਜਿਹੀ ਪੂਰਨਤਾ ਕਿਸ ਮਨੁੱਖ ਲਈ, ਕੀ ਅਰਥ ਰੱਖਦੀ ਹੈ, ਹਰੇਕ ਦਾ ਵੱਖੋ-ਵੱਖਰਾ ਨਜ਼ਰੀਆ। ਪੂਰਨਤਾ ਕਦੇ ਵੀ ਮੁਥਾਜੀ ਜਾਂ ਬਹੁਤਾਤ ਨਹੀਂ। ਇਹ ਤਾਂ ਸੀਮਤ ਲੋੜਾਂ ਵਿਚੋਂ ਸਿਰਜੀ ਪੂਰਨਤਾ ਦਾ ਜਲੌਅ, ਜੋ ਮਨੁੱਖ ਨੂੰ ਜਿ਼ੰਦਗੀ ਦੇ ਸੁੱਚਮ ਨਾਲ ਵੀ ਜੋੜਦਾ ਅਤੇ ਉਸ ਦੀ ਸੋਚ ਦੀ ਉਚਾਈ, ਪਕਿਆਈ ਅਤੇ ਉਤਮਤਾ ਨੂੰ ਵੀ ਲੋਚਦਾ। ਅਜਿਹੇ ਲੋਕ ਭੋਖੜੇ ਦੇ ਸਿ਼ਕਾਰ ਨਹੀਂ ਹੁੰਦੇ।
ਦੂਸਰੀ ਲੋੜ ਹੁੰਦੀ ਹੈ ਭਾਵਨਾਤਮਿਕਤਾ ਯਾਨਿ ਮਾਨਸਿਕ ਖਲਾਅ ਨੂੰ ਭਰਨਾ। ਜੀਵਨ ਦੀਆਂ ਵਿਰਲਾਂ ਤੇ ਵਿੱਥਾਂ ਨੂੰ ਮਾਨਸਿਕ ਸਾਂਝਾਂ, ਰਿਸ਼ਤਿਆਂ ਤੇ ਸਬੰਧਾਂ ਨਾਲ ਭਰਨਾ ਅਤੇ ਇਸ ਦੀ ਭਰਪਾਈ ਵਿਚੋਂ ਸੁਖਨ ਤੇ ਸਕੂਨ ਨੂੰ ਜਿ਼ੰਦਗੀ ਦੀ ਵੀਰਾਨਗੀ ਦੇ ਨਾਮ ਕਰਨਾ। ਸ਼ਾਂਤ, ਸਹਿਜ, ਸਾਦਗੀ ਭਰਪੂਰ ਅਤੇ ਸਧਾਰਨ ਜੀਵਨ-ਸ਼ੈਲੀ ਨਾਲ ਸਰਬ-ਸੁਖਨ ਨੂੰ ਮਾਣਨ ਦਾ ਵੱਲ ਹੀ ਮਨੁੱਖ ਦੀ ਸਭ ਤੋਂ ਅਹਿਮ ਪ੍ਰਾਪਤੀ। ਇਹ ਪੂਰਨਤਾ ਭਰੀ ਪ੍ਰਾਪਤੀ ਬਹੁਤ ਹੀ ਵਿਰਲੇ ਲੋਕਾਂ ਦਾ ਨਸੀਬ। ਇਸ ਲਈ ਜਰੂਰੀ ਹੈ ਕਿ ਯਕੀਨ ਅਤੇ ਦੁਆ ਦੇ ਰੰਗ ਵਿਚ ਰੰਗੇ ਰਹੀਏ। ਕੋਹਝ, ਕਪਟ, ਕੂੜ ਤੇ ਕੁਚੱਜ ਤੋਂ ਬਚੇ ਰਹੀਏ। ਕਮੀਨਗੀ, ਕਰੂਰਤਾ, ਕੁਚੱਜਤਾ, ਕੁਕਰਮ ਅਤੇ ਕਲਯੋਗਣੀ ਸੋਚ ਨੂੰ ਨੇੜੇ ਨਾ ਫਟਕਣ ਦੇਈਏ। ਮਨ ਵਿਚ ਪਲਰਦੀਆਂ ਕਲਾ-ਬਿਰਤੀਆਂ ਨੂੰ ਪੁੰਗਰਨ ਅਤੇ ਫੈਲਰਣ ਦਾ ਮੌਕਾ ਦੇਈਏ। ਕੁਦਰਤ ਦੀ ਸੰਗਤਾ ਵਿਚੋਂ ਸਾਹ-ਸਦੀਵਤਾ ਨੂੰ ਮਾਣਨ ਦਾ ਅਹਿਦ ਕਰੀਏ।
ਹਰ ਮਨੁੱਖ ਖੁਦ ਲਈ ਤਾਂ ਸਭ ਕੁਝ ਕਰਦਾ, ਪਰ ਮਨ ਵਿਚਲੇ ਲੋਕ-ਭਲਾਈ ਦੇ ਊਣੇਪਣ ਨੂੰ ਭਰ, ਅੰਦਰੂਨੀ ਸੱਖਣੇਪਣ ਨੂੰ ਨਵੀਂ ਰਾਹਤ, ਰੂਹ-ਰੰਗਤਾ ਤੇ ਰੂਹ-ਰੇਜ਼ਾ ਨਾਲ ਲਬਰੇਜ਼ ਕਰ ਸਕਦੇ ਹਾਂ। ਸਮਾਜ ਲਈ ਕੁਝ ਅਜਿਹਾ ਕਰੀਏ ਕਿ ਸਾਡੇ ਜਾਣ ਤੋਂ ਬਾਅਦ ਵੀ ਅਸੀਂ ਲੋਕ-ਚੇਤਿਆਂ ਦਾ ਹਿੱਸਾ ਬਣੇ ਰਹੀਏ ਅਤੇ ਲੋਕ-ਕਹਾਣੀਆਂ ਦੇ ਅਲੰਮਬਰਦਾਰ ਅਤੇ ਝੰਡਾਬਰਦਾਰ ਨਾਇਕ ਬਣਨ ਲਈ ਸਰਗਰਮ ਰਹੀਏ।
ਮਨੁੱਖੀ ਸੱਖਣੇਪਣ ਨੂੰ ਭਰਨ ਲਈ ਸਭ ਤੋਂ ਜਰੂਰੀ ਹੈ ਕਿ ਜੇ ਕੁਝ ਬੋਲਣਾ ਹੈ ਤਾਂ ਖੁਲ੍ਹ ਕੇ ਬੋਲੋ। ਸੱਚ ਤੋਂ ਮੁਨਕਰ ਨਾ ਹੋਵੇ। ਆਪਣੀ ਜ਼ੁਬਾਨ ਨੂੰ ਖੌਫ ਦੇ ਸਾਏ ਹੇਠ ਮਰਨ ਲਈ ਮਜਬੂਰ ਨਾ ਕਰੋ। ਨਾ ਹੀ ਆਪਣੇ ਬੋਲਾਂ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰੋ। ਆਪਣੀ ਗੱਲ ਕਹਿਣ ਤੀਕ ਆਪਣੀ ਦਮਦਾਰੀ, ਪੁਰਜੋਸ਼ ਅਤੇ ਬਾ-ਦਲੀਲ ਨੂੰ ਕਾਇਮ ਰੱਖੋ। ਅੱਧ ਵਿਚਾਲੇ ਛੱਡੀ ਹੋਈ ਗੱਲ ਦਾ ਕੋਈ ਤੁਕ ਨਹੀਂ ਅਤੇ ਨਾ ਹੀ ਇਹ ਕਿਸੇ ਅਰਥਾਂ ਨੂੰ ਜਨਮ ਦੇ ਸਕਦੀ। ਅਧੂਰੇ ਬੋਲ ਸਿਰਫ ਮਨ ਦਾ ਮੰਝਧਾਰ ਤੇ ਮਨੁੱਖੀ ਕਮਜ਼ੋਰੀ ਪੈਦਾ ਕਰ, ਮਨੁੱਖੀ ਬੇਵਸੀ ਦਾ ਹੰਝੂ ਬਣਨ ਜੋਗੇ ਹੀ ਰਹਿ ਜਾਂਦੇ।
ਜੇ ਤੁਸੀਂ ਚੁੱਪ ਰਹਿਣਾ ਚਾਹੁੰਦੇ ਹੋ ਤਾਂ ਚੁੱਪ ਰਹਿਣ ਵਿਚ ਹੀ ਭਲਾਈ। ਕਈ ਵਾਰ ਚੁੱਪ ਉਹ ਕੁਝ ਕਹਿ ਜਾਂਦੀ ਜਿਹੜੀ ਬੋਲ ਵੀ ਕਹਿਣ ਤੋਂ ਅਸਮਰਥ ਹੁੰਦੇ। ਕਦੇ ਵੀ ਚੁੱਪ ਨੂੰ ਭੰਗ ਨਾ ਕਰੋ। ਚੁੱਪ ਦੇ ਅਸੀਮ ਅਰਥਾਂ ਨੂੰ ਬੜਬੋਲੇ ਸਮਿਆਂ ਦੀ ਕੁੱਖ ਵਿਚ ਧਰੋ ਤਾਂ ਕਿ ਇਹ ਚੁੱਪ ਵੰਗਾਰ ਬਣ ਕੇ, ਸਮਿਆਂ ਦੇ ਨਕਸ਼ ਨੂੰ ਨਵੀਂ ਨਿਸ਼ਾਨਦੇਹੀ ਕਰਨ ਲਈ ਮਜਬੂਰ ਕਰੇ। ਬਲਦੇ ਸਿਵੇ, ਕਬਰਾਂ ਵਿਚ ਪਏ ਮੁਰਦੇ, ਝੀਲ ਦੇ ਅਸ਼ਾਂਤ ਪਾਣੀ, ਪੌਣ ਵਿਚਲੀ ਹੁੰਮਸ ਕਦੇ ਨਹੀਂ ਬੋਲਦੀ, ਪਰ ਇਨ੍ਹਾਂ ਦੀ ਚੁੱਪ ਨੂੰ ਉਲਥਾਉਣਾ ਆਸਾਨ ਨਹੀਂ। ਸੁੰਨ-ਸਮਾਧੀ ਦੀ ਚੁੱਪ ਨੂੰ ਕਿਹੜੀ ਫਿਜ਼ਾ ਆਪਣੇ ਪਿੰਡੇ `ਤੇ ਉਕਰਾਵੇ! ਅਜਿਹਾ ਚੁੱਪ ਰਹਿਣਾ ਵੀ ਇਕ ਸੂਖਮ ਕਲਾ।
ਕਦੇ ਵੀ ਆਪਣੀ ਖੁਨਾਮੀ, ਕੁਤਾਹੀ, ਕਮੀ, ਅਸਫਲਤਾ, ਅਗਿਆਨਤਾ ਤੇ ਅਣਗਹਿਲੀ ਨੂੰ ਨਾ ਲਕੋਵੇ। ਇਸ ਨੂੰ ਕਬੂਲ ਕਰੋ ਤਾਂ ਹੀ ਤੁਸੀਂ ਅੱਗੇ ਵੱਧ ਸਕਦੇ ਹੋ। ਆਪਣੇ ਸੁਪਨਿਆਂ, ਸਫਲਤਾਵਾਂ, ਸੋਚਾਂ ਅਤੇ ਵਿਚਾਰਾਂ ਨੂੰ ਆਪਣਿਆਂ ਨਾਲ ਸਾਂਝਾ ਕਰੋ। ਦੁੱਖ ਸਾਂਝੇ ਕੀਤਿਆਂ ਘੱਟਦੇ ਅਤੇ ਲਕੋਇਆਂ ਵੱਧਦੇ। ਇਕੱਲਾ ਬੰਦਾ ਬੋਲਦਾ ਹੈ, ਜਦੋਂ ਕਿ ਦੋ ਜਣੇ ਗੱਲਾਂ ਕਰਦੇ ਨੇ। ਇਕ ਵਿਅਕਤੀ ਮੁਸਕਰਾ ਸਕਦਾ, ਪਰ ਦੋ ਵਿਅਕਤੀ ਖਿੜਖਿੜਾ ਕੇ ਹੱਸਦੇ ਨੇ। ਇਕ ਜਣਾ ਮਾਂ ਜਾਂ ਪਿਉ ਹੋ ਸਕਦਾ ਤੇ ਦੋਵੇਂ ਮਿਲ ਕੇ ਮਾਪੇ ਬਣਦੇ। ਇਕ ਸਿਰਫ ਹਾਕ ਮਾਰ ਸਕਦਾ, ਹੁੰਗਾਰਾ ਤਾਂ ਦੂਸਰੇ ਨੇ ਹੀ ਭਰਨਾ ਹੁੰਦਾ।
ਆਪਣੇ ਆਪ ਨੂੰ ਮਖੌਟੇ ਵਿਚ ‘ਚ ਨਾ ਲਕੋਵੋ। ਮਖੌਟੇ ਪਾਇਆਂ ਚਿਹਰੇ ਬੇਪਛਾਣ ਹੋ ਜਾਂਦੇ ਅਤੇ ਬੇਪਛਾਣ ਚਿਹਰੇ ਨੂੰ ਕਿਵੇਂ ਯਾਦ ਰੱਖੋਗੇ? ਬੰਦ ਕਮਰਿਆਂ ਦੀ ਹਵਾ ਵੀ ਬਦਬੂਦਾਰ ਹੋ ਜਾਂਦੀ। ਜਰੂਰੀ ਹੁੰਦਾ ਹੈ ਰੌਸ਼ਨਦਾਨ ਅਤੇ ਖਿੜਕੀਆਂ ਦਾ ਖੁੱਲ੍ਹੇ ਰੱਖਣਾ। ਹਵਾ ਆਉਣੀ ਜਾਣੀ ਚਾਹੀਦੀ ਹੈ।
ਖੁਦ ਦੀ ਪੂਰਨਤਾ ਲਈ ਇਹ ਵੀ ਜਰੂਰੀ ਕਿ ਨਾਂਹ ਕਰਨਾ ਵੀ ਸਿੱਖੋ। ਜੇ ਅਸਹਿਮਤ ਹੋ ਤਾਂ ਅਸਹਿਮਤ ਰਹੋ। ਮੂਕ ਸਹਿਮਤੀ, ਅਸਹਿਮਤੀ ਨਾਲੋਂ ਖਤਰਨਾਕ। ਸੱਚ ਦਾ ਸਾਥ ਦੇਣ ਅਤੇ ਝੂਠ ਤੋਂ ਦੂਰੀ ਬਣਾਉਣ ਲਈ ਜਰੂਰੀ ਹੈ ਮਾਨਸਿਕ ਤਕੜਾਈ। ਆਪਣੀ ਗੱਲ ਨੂੰ ਕਹਿਣ ਅਤੇ ਬਾ-ਦਲੀਲ ਸਮਝਾਉਣ ਦੀ ਜ਼ੁਅਰਤ। ਕਦੇ ਵੀ ਦਿਨ ਨੂੰ ਰਾਤ ਜਾਂ ਰਾਤ ਨੂੰ ਦਿਨ ਨਹੀਂ ਕਿਹਾ ਸਕਦਾ। ਵਗਦੇ ਦਰਿਆਵਾਂ ਦਾ ਵਹਿਣ ਪਹਾੜਾਂ ਵੱਲ ਨਹੀਂ ਹੁੰਦਾ। ਸਹਿਮਤੀ ਅਤੇ ਅਸਹਿਮਤੀ ਵਿਚਲੇ ਅੰਤਰ ਦੀ ਸਪੱਸ਼ਟਤਾ ਤੇ ਸੰਵੇਦਨਾ ਬਹੁਤ ਜਰੂਰੀ ਹੈ, ਪੂਰਨਤਾ ਵੱਲ ਅਗਲੇਰਾ ਕਦਮ ਵਧਾਉਣ ਲਈ।
ਮਨੁੱਖ ਦੇ ਪੂਰਨ ਵਿਕਾਸ ਲਈ ਇਹ ਸਮਝਣਾ ਵੀ ਜਰੂਰੀ ਕਿ ਕਿਸੇ ਵੀ ਸਮੱਸਿਆ, ਗੁੰਝਲ, ਮੁਸ਼ਕਿਲ ਜਾਂ ਰੁਕਾਵਟ ਦਾ ਹੱਲ ਅਧੂਰਾ ਨਹੀਂ ਹੁੰਦਾ। ਕਦੇ ਵੀ ਅਧੂਰੇ ਹੱਲ ਨੂੰ ਪੂਰਾ ਨਾ ਸਮਝੋ। ਸਮੱਸਿਆ ਦਾ ਹੱਲ, ਇਸ ਦੇ ਪੂਰਨ ਹੱਲ ਵਿਚ ਹੀ ਹੁੰਦਾ। ਕਿਸੇ ਸਮੱਸਿਆ ਦਾ ਅਧੂਰਾ ਹੱਲ ਸਮਝ ਕੇ ਅਸੀਂ ਸਮੱਸਿਆਵਾਂ ਦੀ ਘੁੰਮਣਘੇਰੀ ਵਿਚ ਖੁਦ ਨੂੰ ਪਾ ਲੈਂਦੇ ਹਾਂ, ਜਿਸ ਨਾਲ ਕਦੇ ਵੀ ਮੰਜਿ਼ਲ ਨਸੀਬ ਨਹੀਂ ਹੁੰਦੀ। ਸਮੱਸਿਆ ਦੇ ਹੱਲ ਤੀਕ ਸਿਰੜ, ਸਾਧਨਾ, ਸਖਤ ਮਿਹਨਤ, ਲਗਨ, ਤਨਦੇਹੀ ਅਤੇ ਪੂਰਨ ਅਰਪਣ ਨਾਲ ਸੰਘਰਸ਼ ਕਰਦੇ ਰਹੋ। ਇਸ ਨੂੰ ਹੱਲ ਕਰੋ ਤੇ ਜੀਵਨ ਸਫਰ ਦੀ ਨਿਰੰਤਰਤਾ ਬਰਕਰਾਰ ਰੱਖੋ। ਅੱਧੇ-ਅਧੂਰੇ ਲੋਕ ਸਿਰਫ ਊਣੀ ਜਿ਼ੰਦਗੀ ਹੀ ਜਿਊਣ ਜੋਗੇ ਹੁੰਦੇ।
ਪੂਰਨਤਾ ਦੀ ਪ੍ਰਾਪਤੀ ਲਈ, ਸੱਚ ਦੇ ਰਾਹ `ਤੇ ਚੱਲਣ ਨੂੰ ਸਿਆਣੇ ਪਲੇਠੀ ਪਹਿਲਕਦਮੀ ਸਮਝਦੇ। ਇਸ ਨੂੰ ਅਪਨਾ ਕੇ ਆਪਣੀ ਜਿ਼ੰਦਗੀ ਦੀ ਸਵੇਰ ਨੂੰ ਖੁਸ਼ਆਮਦੀਦ ਕਹਿੰਦੇ। ਸੱਚ ਹਮੇਸ਼ਾ ਸੱਚ ਹੁੰਦਾ ਤੇ ਝੂਠ ਨੇ ਝੂਠ ਹੀ ਰਹਿਣਾ। ਕਦੇ ਵੀ ਸੱਚ ਨੂੰ ਝੂਠ ਨਾ ਸਮਝੋ ਅਤੇ ਝੂਠ ਨੂੰ ਸੱਚ ਸਮਝਣ ਦੀ ਖੁਨਾਮੀ ਨਾ ਕਰੋ। ਜਦ ਅਸੀਂ ਸੱਚ ਨੂੰ ਝੂਠ ਸਮਝ ਕੇ ਫੈਸਲੇ ਕਰਦੇ ਜਾਂ ਝੂਠ ਨੂੰ ਸੱਚ ਸਮਝ ਕੇ ਆਪਣੀਆਂ ਤਰਜ਼ੀਹਾਂ ਤੇ ਤਦਬੀਰਾਂ ਘੜਦੇ ਹਾਂ ਤਾਂ ਸਾਡੀਆਂ ਰਾਹਾਂ ਵਿਚ ਖੱਡੇ, ਖਾਈਆਂ ਤੇ ਖਤਾਨਾਂ ਨੇ ਉਗਣਾ ਹੁੰਦਾ। ਬਹੁਤ ਕਠਿਨ ਹੋ ਜਾਂਦਾ ਏ ਜੀਵਨ ਦੀ ਤੰਗਦਸਤੀਆਂ ਨਾਲ ਰੌਸ਼ਨ-ਰਾਹ ਬਣਾਉਣੇ, ਪੈਰ ਧਰਨਾ ਅਤੇ ਸਫਰ ਕਰਨ ਦੀ ਤਾਂਘ ਪੈਦਾ ਕਰਨਾ। ਪੂਰਾ ਕਰਨਾ ਤਾਂ ਅਸਲੋਂ ਹੀ ਅਸੰਭਵ। ਹਮੇਸ਼ਾ ਸੱਚ ਨੂੰ ਸੱਚ ਕਹਿਣ ਦਾ ਜੇਰਾ ਰੱਖੋ ਤੇ ਝੂਠ ਨੂੰ ਝੂਠ ਕਹਿਣ ਦੀ ਦਲੇਰੀ ਹੋਵੇ। ਇਸ ਦੀ ਲਿਸ਼ਕੋਰ ਵਿਚ ਜੀਵਨ-ਮੁਹਾਂਦਰਾ, ਤੁਹਾਡੀਆਂ ਕਰਮਰੇਖਾਵਾਂ ਨੂੰ ਜਗਮਗਾ ਦੇਵੇਗਾ।
ਜਿ਼ੰਦਗੀ, ਸੁਪਨੇ ਲੈਣ ਅਤੇ ਇਨ੍ਹਾਂ ਨੂੰ ਪੂਰਾ ਕਰਨ ਦਾ ਧਰਮ-ਕਰਮ। ਸੁਪਨਹੀਣ ਲੋਕ, ਲਾਵਾਰਸ ਜਿੰ਼ਦਗੀ ਦੇ ਪੁੱਤ ਅਤੇ ਉਹ ਸਾਹਾਂ ਦਾ ਭਾਰ ਢੋਂਦੇ। ਸੁਪਨਹੀਣ ਨੈਣ ਜਦ ਸੁਪਨਾ ਲੋਚਦੇ ਤਾਂ ਸੁਪਨਾ ਕਦੇ ਵੀ ਅਧੂਰਾ ਨਾ ਲਓ। ਇਕ ਪੂਰਾ ਸੁਪਨਾ ਜਿੰ਼ਦਗੀ ਨੂੰ ਸੰਪੂਰਨਤਾ ਵੱਲ ਤੋਰੇਗਾ। ਜਿ਼ੰਦਗੀ ਨੂੰ ਨਰੋਈਆਂ ਪੈੜਾਂ ਸਿਰਜਣ ਦਾ ਹੁਨਰ ਅਤੇ ਹਾਸਲ ਪ੍ਰਾਪਤ ਹੋਵੇਗਾ। ਸੁਪਨਾ ਲਓ ਅਤੇ ਇਸ ਨੂੰ ਪੂਰਾ ਕਰਨ ਲਈ ਪੂਰਨ ਰੂਪ ਵਿਚ ਖੁਦ ਨੂੰ ਸਮਰਪਿਤ ਕਰੋ। ਸੁਪਨੇ ਵਿਚੋਂ ਪੈਦੇ ਹੋਈਆਂ ਸਿਰਨਾਵਿਆਂ ਵਰਗੀਆਂ ਸਫਲਤਾਵਾਂ ਤਹਿਰੀਕ ਦਾ ਸੋਨ-ਵਰਕਾ ਹੁੰਦੀਆਂ।
ਬੰਦੇ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇੱਛਾ-ਸ਼ਕਤੀ ਦੀ ਬਰਕਰਾਰੀ, ਅੱਧੀ ਜਿ਼ੰਦਗੀ ਹੁੰਦੀ ਅਤੇ ਇੱਛਾ ਪ੍ਰਤੀ ਬੇਰੁਖੀ ਅੱਧੀ ਮੌਤ। ਕੀ ਬੰਦਾ ਅੱਧੀ ਜਿੰ਼ਦਗੀ ਨਾਲ ਜਿਉਂਦਾ ਰਹਿ ਸਕਦਾ ਜਾਂ ਅੱਧੀ ਮੌਤ ਨਾਲ ਮਰ ਸਕਦਾ ਹੈ?
ਅੱਧਾ ਪਿਆਰ, ਪਿਆਰ ਨਹੀ ਹੁੰਦਾ ਅਤੇ ਨਾ ਹੀ ਅੱਧਾ ਇਕਰਾਰ, ਇਕਰਾਰ ਹੁੰਦਾ। ਨਹੀਂ ਹੁੰਦਾ, ਅੱਧਾ ਯਾਰ ਤੇ ਅੱਧਾ ਦਿਲਦਾਰ ਅਤੇ ਅੱਧਾ ਪਰਿਵਾਰ ਤੇ ਅੱਧਾ ਵਿਸਥਾਰ। ਸਿਰਫ ਪੂਰਨ ਰੂਪ ਵਿਚ ਹੀ ਇਸ ਨੂੰ ਸਮਝਿਆ, ਸਮਝਾਇਆ ਅਤੇ ਅਪਨਾਇਆ ਜਾ ਸਕਦਾ।
ਮਨੁੱਖ ਦੀ ਕੇਹੀ ਹੋਣੀ ਹੈ ਕਿ ਉਹ ਆਪਣੀ ਜਿ਼ੰਦਗੀ ਦਾ ਅੱਧਾ ਹਿੱਸਾ ਬੱਚੇ ਤੋਂ ਸਿਆਣਾ ਬਣਨ ਵਿਚ ਗੁਜਾਰ ਦਿੰਦਾ ਤੇ ਰਹਿੰਦੀ ਅੱਧੀ ਉਮਰ ਸਿਆਣੇ ਤੋਂ ਬੱਚਾ ਬਣਨ ਵਿਚ ਬਤੀਤ ਕਰਦਾ। ਪੂਰਨ ਰੂਪ ਵਿਚ ਜਿਊਣ ਲਈ ਤਾਂ ਵਕਤ ਹੀ ਨਹੀਂ ਮਿਲਦਾ ਅਤੇ ਫਿਰ ਜਾਣ ਦਾ ਸੱਦਾ ਆ ਜਾਂਦਾ।
ਰਿਸ਼ਤੇ, ਸਾਕ, ਸਬੰਧ ਅਤੇ ਸਾਂਝਾਂ ਵੀ ਹੁਣ ਹੋ ਗਈਆਂ ਨੇ ਅੱਧੀਆਂ-ਅਧੂਰੀਆਂ। ਇਹ ਸਾਰੇ ਹੀ ਖਾਮੋਸ਼ ਪਹਾੜ ਵਰਗੇ ਹੋ ਗਏ ਨੇ, ਜੋ ਸਿਰਫ ਉਸ ਸਮੇਂ ਹੀ ਆਵਾਜ਼ ਦਿੰਦੇ, ਜਦ ਅਸੀਂ ਜ਼ੋਰ ਦੀ ਚੀਖਦੇ ਹਾਂ।
ਬੰਦਾ, ਆਸਾਂ ਆਸਰੇ ਜਿਉਂਦਾ। ਬੇ-ਆਸ ਮਨੁੱਖ ਨੂੰ ਅਰਥੀ ਬਣਾਉਂਦੀ ਅਤੇ ਕਬਰ ਦੇ ਹਵਾਲੇ ਕਰਦੀ। ਆਸਾਂ ਨੂੰ ਜਿਉਂਦਿਆਂ ਰੱਖਣ ਅਤੇ ਜੀਵਨ-ਲਾਟ ਦੀ ਬਰਕਰਾਰੀ ਲਈ ਆਸ ਦਾ ਤੇਲ ਪਾਉਣਾ ਅਤੇ ਹੌਸਲੇ ਤੇ ਹੱਠ ਦੀ ਬੱਤੀ ਪਾਉਣਾ ਜਰੂਰੀ। ਅਧੂਰੀ ਆਸ ਵਿਚੋਂ ਇਸ ਦੀ ਪੂਰਨਤਾ ਨੂੰ ਕਿਵੇਂ ਕਿਆਸ ਕਰੋਗੇ? ਜਦ ਆਸ ਹੀ ਅਧੂਰੀ ਹੋਵੇ ਤਾਂ ਬੰਦਾ ਅੱਧੀ ਹਾਰ ਤਾਂ ਪਹਿਲਾਂ ਹੀ ਕਬੂਲ ਲੈਂਦਾ। ਇਸ ਲਈ ਜਰੂਰੀ ਹੈ ਕਿ ਅਧੂਰੀਆਂ ਆਸਾਂ ਨੂੰ ਮਨ-ਵਿਹੜੇ ਵਿਚ ਕਦੇ ਨਾ ਵੜਨ ਦਿਓ। ਪੂਰਨ ਆਸ ਰੱਖਣ ਵਾਲਾ ਵਿਅਕਤੀ ਕਦੇ ਵੀ ਨਿਰਾਸ਼ ਨਹੀਂ ਹੁੰਦਾ। ਉਹ ਖੁਦ ਦਾ ਧਰਵਾਸਾ। ਉਸ ਦੀ ਵਿਸ਼ਵਾਸੀ ਵਿਚੋਂ ਹੀ ਆਸ ਦੇ ਦੀਵੇ ਜਗਣ ਲੱਗਦੇ ਅਤੇ ਅੰਤਰੀਵੀ ਅੰਧਿਆਰਿਆਂ ਨੂੰ ਦੂਰ ਕਰਦੇ। ਆਸ ਜਿਉਂਦੀ ਹੈ ਤਾਂ ਬੰਦਾ ਜਿਉਂਦਾ। ਇਸ ਲਈ ਜਿਊਣ ਲਈ ਜਰੂਰੀ ਹੈ ਕਿ ਆਸਾਂ ਵਿਚ ਵੀ ਜਿਉਂਦੀਆਂ ਰਹਿਣ।
ਪੂਰਨ ਲੋਕ ਬਹੁਤ ਹੀ ਭਰੇ-ਭਰੀਤੇ, ਮੋਹ ਦੇ ਭਰ ਵੱਗਦੇ ਦਰਿਆ, ਦਯਾ ਦਾ ਅਥਾਹ ਸਮੁੰਦਰ, ਅਪਣੱਤ ਦਾ ਅੰਬਰ ਅਤੇ ਚਾਨਣ ਦਾ ਆਭਾ-ਮੰਡਲ। ਇਨ੍ਹਾਂ ਦਾ ਚਿੱਤ ਕੁਦਰਤ ਵਰਗਾ ਵਿਸ਼ਾਲ ਅਤੇ ਜੀਵਨਦਾਨੀ। ਇਨ੍ਹਾਂ ਦੇ ਦਿਲਾਂ ਵਿਚ ਸਮਾ ਜਾਂਦੇ, ਮਾਨਵੀ ਦੁੱਖ-ਦਰਦ। ਇਨ੍ਹਾਂ ਦੇ ਮਨਾਂ ਵਿਚ ਵੱਸਦਾ ਏ ਲੋਕ-ਚਿੰਤਾਵਾਂ, ਫਿਕਰਾਂ ਅਤੇ ਫੱਕਰਤਾ ਦਾ ਆਲਮ। ਇਨ੍ਹਾਂ ਦੀ ਸੋਚ ਵਿਚ ਵੱਗਦੀ ਹੈ ਚਾਹਤ, ਚਿੰਤਨ, ਚੇਤਨਾ ਅਤੇ ਚੰਗਿਆਈ ਦੀ ਆਬਸ਼ਾਰ। ਇਨ੍ਹਾਂ ਦੇ ਹੋਠਾਂ `ਤੇ ਨੂਰ ਦਾ ਨਗਮਾ ਅਤੇ ਬੋਲਾਂ ਵਿਚ ਬੰਦਗੀ ਤੇ ਬੰਦਿਆਈ ਦੀਆਂ ਰਮਜ਼ਾਂ। ਮੁਖਾਰਬਿੰਦ ਨੂੰ ਆਵੇਸ਼, ਅਲਹਾਮ ਅਤੇ ਅਰਦਾਸਾਂ ਦਾ ਵਰਦਾਨ। ਇਨ੍ਹਾਂ ਦੀ ਛੱਤਰ-ਛਾਇਆ ਹੇਠ ਇਨਸਾਨ, ਇਨਸਾਨੀਅਤ ਅਤੇ ਮਾਨਵੀਅਤ ਮੌਲਦੀ। ਇਨ੍ਹਾਂ ਦੀ ਜੀਵਨ-ਜਾਚ ਵਿਚ ਮਖੌਟਾ, ਭਰਮ, ਭੁਲੇਖਾ ਜਾਂ ਬਨਾਉਟੀਪਣ ਲਈ ਨਹੀਂ ਕੋਈ ਥਾਂ। ਇਹ ਤਾਂ ਸਮੁੱਚ ਵਿਚ ਹਾਜਰ-ਨਾਜ਼ਰ। ਇਨ੍ਹਾਂ ਦੀ ਹਾਜਰੀ ਵਿਚ ਦ੍ਰਿਸ਼ਟਮਾਨ ਹੋ ਜਾਂਦੀਆਂ ਨੇ ਧੁਆਂਖੀਆਂ ਪੈੜਾਂ, ਧੁੰਦਲੀਆਂ ਮੰਜਿ਼ਲਾਂ ਅਤੇ ਮਿੱਟ ਰਹੇ ਸਿਰਨਾਵਿਆਂ ਦੇ ਸਿ਼ਲਾਲੇਖ।
ਇਤਿਹਾਸ ਦੇ ਪੰਨਿਆਂ ਦਾ ਸਿੰ਼ਗਾਰ ਸਿਰਫ ਉਹ ਹੀ ਮਨੁੱਖ ਬਣਦੇ, ਜਿਨ੍ਹਾਂ ਨੇ ਜਿ਼ੰਦਗੀ ਨੂੰ ਪੂਰਨ ਤੇ ਅਰਥਮਈ ਰੂਪ ਵਿਚ ਜੀਵਿਆ। ਜਦ ਮੌਤ ਨੇ ਹਾਕ ਮਾਰੀ ਤਾਂ ਉਹ ਪੂਰਨ ਸ਼ਾਨੋ-ਸ਼ੌਕਤ ਅਤੇ ਅਦਬ ਨਾਲ ਮੌਤ ਦੀ ਗਲਵੱਕੜੀ ਦਾ ਨਿੱਘ ਮਾਣਨ ਲਈ ਉਤਾਵਲੇ ਹੋ ਗਏ।
ਜਿ਼ੰਦਗੀ ਸਮੁੱਚ ਵਿਚ ਮਿਲੀ ਹੈ ਅਤੇ ਇਸ ਨੂੰ ਸਮੁੱਚ ਵਿਚ ਜਿਊਣਾ ਹੀ ਜਿੰਦਾਦਿਲੀ ਅਤੇ ਜਜ਼ਬਾ। ਸਮੂਹਕਤਾ ਵਿਚੋਂ ਹੀ ਇਸ ਦੀਆਂ ਸਿਰਜਣਹਾਰੀਆਂ ਤੇ ਕਰਤਾਰੀ ਸ਼ਕਤੀਆਂ ਨੂੰ ਸੁਚੱਜਤਾ ਨਾਲ ਵਰਤੋ। ਇਸ ਵਿਚੋਂ ਸੁਹਜਕਾਰੀ ਤੇ ਸਹਿਜਮਈ ਸੰਸਾਰ ਨੂੰ ਸਿਰਜਣ ਲਈ ਪਹਿਲ-ਕਦਮੀ ਕਰੋ। ਹਮੇਸ਼ਾ ਜਿ਼ੰਦਗੀ ਨੂੰ ਭਰਪੂਰਤਾ ਨਾਲ ਜੀਓ। ਅੱਧੀ-ਅਧੂਰੀ ਜਿ਼ੰਦਗੀ ਨੂੰ ਜਿਊਣਾ, ਜੀਵਨ ਦੀ ਬੇਅਦਬੀ ਤੇ ਬੇਰੁਹਮਤੀ। ਅੱਧੇ-ਅਧੂਰੇ ਰਹਿ ਕੇ ਅਸੀਂ ਕੁਝ ਵੀ ਪ੍ਰਾਪਤ ਨਹੀਂ ਕਰ ਸਕਦੇ। ਪੂਰਨ ਰੂਪ ਵਿਚ ਜਿ਼ੰਦਗੀ ਦੇ ਹਰ ਪਲ ਨੂੰ ਮਾਣੋ। ਜਦ ਮਰਨ ਦੀ ਵਾਰੀ ਆਵੇ ਤਾਂ ਪੂਰਨ ਰੂਪ ਵਿਚ ਮੌਤ ਨੂੰ ਗਲੇ ਲਾਓ। ਬਹੁਤ ਹੀ ਦਰਦੀਲੀ ਹੁੰਦੀ ਹੈ ਅੱਧੀ-ਅਧੂਰੀ ਮੌਤ। ਜਿ਼ਆਦਾਤਰ ਲੋਕ ਅੱਧੀ-ਅਧੂਰੀ ਮੌਤੇ ਮਰਦੇ। ਜਿਊਣ ਵਿਚੋਂ ਹੀ ਮੌਤ ਨੂੰ ਭਾਲਦੇ। ਤਿਲ ਤਿਲ ਕਰਕੇ ਜਿਊਣ ਜਾਂ ਪਲ ਪਲ ਕਰਕੇ ਮੌਤ ਵਿਹਾਜਣ ਨਾਲੋਂ ਜਰੂਰੀ ਹੁੰਦਾ ਕਿ ਸ਼ਾਨ ਤੇ ਮਾਣ ਨਾਲ ਮੌਤ ਨੂੰ ਖੁਸ਼ਆਮਦੀਦ ਕਹਿੰਦੇ, ਫਖਰਮਈ ਰੂਪ ਵਿਚ ਜਿ਼ੰਦਗੀ ਨੂੰ ਅਲਵਿਦਾ ਕਹੋ।