‘ਮਹਾਂ ਫਰਾਡ’ ਅਮਰੀਕ ਗਿੱਲ

ਮੁੰਬਈ ਵਿਚ ਪੰਜਾਬ ਵਾਲਾ ਧੜਕਦਾ ਦਿਲ ਲੈ ਕੇ ਵੱਸਣ ਵਾਲੇ ਅਮਰੀਕ ਗਿੱਲ ਦਾ ਆਪਣਾ ਵੱਖਰਾ ਮੁਕਾਮ ਹੈ। ਉਹਨੇ ਫਿਲਮਾਂ ਲਈ ਕਹਾਣੀਆਂ, ਪਟਕਥਾ, ਡਾਇਲਾਗ ਲਿਖੇ, ਇਕ ਪੰਜਾਬੀ ਫਿਲਮ ‘ਕਿਰਪਾਨ’ ਨਿਰਦੇਸ਼ਤ ਕੀਤੀ ਅਤੇ ਕਈ ਲੜੀਵਾਰਾਂ ਤੇ ਫਿਲਮਾਂ ਵਿਚ ਅਦਾਕਾਰੀ ਵੀ ਕੀਤੀ। ਉਹ ਪੰਜਾਬ ਦੇ ਨਿੱਕੇ ਜਿਹੇ ਪਿੰਡ ਤੋਂ ਉਠ ਕੇ ਪੰਜਾਬ ਦੀ ਹਾਜ਼ਰੀ ਪਤਾ ਨਹੀਂ ਕਿੱਥੇ-ਕਿੱਥੇ ਲੁਆ ਚੁਕਾ ਹੈ। ਉਹਦੇ ਮਿੱਤਰ ਅਤੇ ਅਮਰੀਕਾ ਵੱਸਦੇ ਲਿਖਾਰੀ ਤੇ ਵਿਦਵਾਨ ਪ੍ਰੇਮ ਮਾਨ ਨੇ ਉਹਦੇ ਜੀਵਨ ਸਫਰ ਅਤੇ ਕੰਮ-ਕਾਰ ‘ਤੇ ਝਾਤ ਪੁਆਉਂਦਾ ਲੰਮਾ ਲੇਖ ‘ਪੰਜਾਬ ਟਾਈਮਜ਼’ ਲਈ ਭੇਜਿਆ ਹੈ। ਇਸ ਲੇਖ ਵਿਚ ਅਮਰੀਕ ਗਿੱਲ ਦੇ ਜੀਵਨ ਦੇ ਰੰਗ ਹੀ ਨਹੀਂ, ਪੰਜਾਬ ਨਾਲ ਜੁੜੇ ਸਰੋਕਾਰਾਂ ਦੇ ਰੰਗ ਵੀ ਬੜੇ ਉਘੜਵੇਂ ਰੂਪ ਵਿਚ ਪੇਸ਼ ਹੋਏ ਹਨ। ਪੇਸ਼ ਹੈ, ਇਸ ਲੰਮੇ ਲੇਖ ਦੀ ਪਹਿਲੀ ਕਿਸ਼ਤ।

ਪ੍ਰੇਮ ਮਾਨ
ਫੋਨ: 860-983-5002

“ਮੈਂ ਐਵੇਂ ਤੇਰੇ ਨਾਲ ਚਾਰ-ਪੰਜ ਮਿੰਟ ਬਹੁਤ ਇੰਪੌਰਟੈਂਟ ਗੱਲ ਕਰਨੀ ਐ। ਬੱਸ ਸਿਰਫ ਚਾਰ-ਪੰਜ ਮਿੰਟ।” ਇਕ ਦਿਨ ਅਮਰੀਕ ਗਿੱਲ ਦਾ ਮੁੰਬਈ ਤੋਂ ਫੋਨ ਆਇਆ। ਸਾਡੇ ਨਿਊ ਯਾਰਕ ਵਿਚ ਸ਼ਾਮ ਦਾ ਇਕ ਵੱਜਿਆ ਹੋਣਾ ਅਤੇ ਹਿੰਦੋਸਤਾਨ ਵਿਚ ਰਾਤ ਦੇ ਸਾਢੇ ਦਸ।
“ਅਮਰੀਕ ਜਿੰਨੀ ਦੇਰ ਮਰਜ਼ੀ ਗੱਲ ਕਰ। ਮੈਂ ਘਰ ਹੀ ਹਾਂ। ਤੇਰੇ ਨਾਲ ਗੱਲ ਕਰ ਕੇ ਹਮੇਸ਼ਾ ਖੁਸ਼ੀ ਹੁੰਦੀ ਐ।” ਮੈਂ ਕਿਹਾ।
“ਤੈਨੂੰ ਸਰਸਵਤੀ ਇਨਾਮ ਦਾ ਪਤਾ?”
“ਮੈਂ ਸੁਣਿਆ ਹੋਇਆ ਪਰ ਡੀਟੇਲ ਵਿਚ ਇਸ ਬਾਰੇ ਨਹੀਂ ਪਤਾ।”
“ਇਹ ਬਿਰਲਾ ਕੰਪਨੀ ਵਲੋਂ ਹਰ ਸਾਲ ਕਈ ਭਾਸ਼ਾਵਾਂ ‘ਚੋਂ ਵਧੀਆ ਕਿਤਾਬ ਨੂੰ ਦਿੱਤਾ ਜਾਂਦਾ। ਪੰਦਰਾਂ ਲੱਖ ਰੁਪਏ ਦੇ ਕਰੀਬ ਹੈ। ਡਾ. ਹਰਿਭਜਨ ਸਿੰਘ, ਗੁਰਦਿਆਲ ਸਿੰਘ ਅਤੇ ਸੁਰਜੀਤ ਪਾਤਰ ਨੂੰ ਮਿਲ ਚੁੱਕਾ। ਬਿਰਲਾ ਦਾ ਹੀ ਇਕ ਹੋਰ ਇਨਾਮ ਐ ਰਿਆਸ। ਇਹ ਚਾਰ ਲੱਖ ਰੁਪਏ ਦੇ ਕਰੀਬ ਹੈ।”
“ਐਤਕੀਂ ਇਨ੍ਹਾਂ ‘ਚੋਂ ਕੋਈ ਤੈਨੂੰ ਮਿਲ ਰਿਹਾ?” ਮੈਂ ਹੱਸਦਿਆਂ ਪੁੱਛਿਆ।
“ਨਹੀਂ, ਮੈਨੂੰ ਨਹੀਂ ਮਿਲ ਰਿਹਾ। ਮੈਂ ਤਾਂ ਇਸ ਦੀ ਜਿਊਰੀ ਵਿਚ ਹਾਂ। 100 ਤੋਂ ਵੱਧ ਮੈਂਬਰ ਹਨ ਇਸ ਦੀ ਜਿਊਰੀ ਵਿਚ। ਕਈ ਭਾਸ਼ਾਵਾਂ ਦੀਆਂ ਕਿਤਾਬਾਂ ਵਿਚਾਰੀਆਂ ਜਾਂਦੀਆਂ ਹਨ। ਮੈਨੂੰ ਕੱਲ੍ਹ ਹੀ ਉਨ੍ਹਾਂ ਦੀ ਚਿੱਠੀ ਆਈ ਸੀ। ਮੈਂ ਕਿਸੇ ਕਿਤਾਬ ਅਤੇ ਲੇਖਕ ਨੂੰ ਵੀ ਇਨ੍ਹਾਂ ਇਨਾਮਾਂ ਲਈ ਨਾਮਜ਼ਦ ਕਰ ਸਕਦਾਂ।”
“ਵਾਹ! ਕਮਾਲ ਐ। ਸਾਡਾ ਯਾਰ ਇਸ ਵੇਲੇ ਸਿਖਰਾਂ ‘ਤੇ ਹੈ।”
“ਅਸਲ ਵਿਚ ਮੈਂ ਤੇਰੀ ਕਿਤਾਬ ‘ਅੰਦਰੇਟੇ ਦਾ ਜੋਗੀ’ ਪੜ੍ਹੀ ਐ। ਮੈਂ ਤੈਨੂੰ ਪਹਿਲਾਂ ਵੀ ਦੱਸਿਆ ਸੀ ਕਿ ਬਹੁਤ ਵਧੀਆ ਕਿਤਾਬ ਐ। ਮੈਨੂੰ ਬਹੁਤ ਪਸੰਦ ਆਈ ਐ। ਮੈਂ ਇਹ ਕਿਤਾਬ ਇਨ੍ਹਾਂ ਇਨਾਮਾਂ ਲਈ ਨਾਮੀਨੇਟ ਕਰਨੀ ਐ।” ਅਮਰੀਕ ਨੇ ਮੇਰੀ ਕਿਤਾਬ ਪੜ੍ਹੀ ਸੀ ਜੋ ਮੈਂ ਉਸ ਨੂੰ ਭੇਜੀ ਸੀ ਅਤੇ ਉਹ ਉਸ ਬਾਰੇ ਆਪਣਾ ਪ੍ਰਤੀਕਰਮ ਵੀ ਮੈਨੂੰ ਪਹਿਲਾਂ ਦੱਸ ਚੁੱਕਾ ਸੀ।
“ਅਮਰੀਕ, ਮੈਂ ਤਾਂ ਬਹੁਤ ਛੋਟਾ ਜਿਹਾ ਲੇਖਕ ਹਾਂ। ਮੇਰੀ ਕਿਤਾਬ ਨੂੰ ਇਨਾਮ ਕਿਸ ਨੇ ਦੇਣਾ। ਉੱਥੇ ਤਾਂ ਵੱਖ-ਵੱਖ ਭਾਸ਼ਾਵਾਂ ਤੋਂ ਵੱਡੇ-ਵੱਡੇ ਲਿਖਾਰੀਆਂ ਦੀਆਂ ਕਿਤਾਬਾਂ ਆਉਣੀਆਂ। ਨਾਲੇ ਆਪਣੀ ਕਿਹੜੀ ਕੋਈ ਸਿਫਾਰਸ਼ ਹੈ। ਹਿੰਦੋਸਤਾਨ ਵਿਚ ਤਾਂ ਸਭ ਕੁਝ ਸਿਫਾਰਸ਼ ਨਾਲ ਹੀ ਹੁੰਦਾ। ਆਪਾਂ ਕਿਹੜੇ ਜੁਗਾੜੀਏ ਆਂ। ਜੁਗਾੜ ਕਰਨਾ ਤਾਂ ਮੈਂ ਜ਼ਿੰਦਗੀ ਵਿਚ ਸਿੱਖਿਆ ਹੀ ਨਹੀਂ।”
“ਤੂੰ ਪਹਿਲਾਂ ਵੀ ਦੋ ਕਿਤਾਬਾਂ ਛਪਵਾਈਆਂ। ਤੇਰੀਆਂ ਅੰਗਰੇਜ਼ੀ ਵਿਚ ਵੀ ਕਿਤਾਬਾਂ ਹਨ। ਇਨਾਮ ਨਾ ਮਿਲੂ ਨਾ ਸਹੀ। ਤੇਰਾ ਅਤੇ ਤੇਰੀ ਕਿਤਾਬ ਦਾ ਨਾਂ ਅਖਬਾਰਾਂ ਵਿਚ ਆ ਜਾਊ। ਤੇਰੀ ਫੋਟੋ ਅਖਬਾਰਾਂ ਵਿਚ ਛਪ ਜਾਊ। ਚਰਚਾ ਹੋ ਜਾਊ।”
“ਅਮਰੀਕ, ਆਪਾਂ ਇਨ੍ਹਾਂ ਗੱਲਾਂ ਤੋਂ ਕੀ ਲੈਣਾ। ਸਾਧਾਂ ਨੂੰ ਕੀ ਸੁਆਦਾਂ ਨਾਲ।”
“ਤੂੰ ਮੈਨੂੰ ਆਪਣੇ ਸਾਰੇ ਵੇਰਵੇ ਭੇਜ ਦੇ। ਆਪਣਾ ਬਾਇਓ ਡੇਟਾ, ਈਮੇਲ ਐਡਰੈੱਸ, ਜਨਮ ਤਾਰੀਖ, ਘਰ ਦਾ ਐਡਰੈੱਸ। ਮੈਂ ਨਾਮਜ਼ਦਗੀ ਫਾਰਮ ਭਰ ਦਿਆਂਗਾ।”
“ਅਮਰੀਕ, ਰਹਿਣ ਦੇ ਯਾਰ। ਐਵੇਂ ਮੈਨੂੰ ਇਨਾਮਾਂ ਪਿੱਛੇ ਨੱਠਣ ਦਾ ਭੁਸ ਨਾ ਪਾ। ਇਨਾਮਾਂ ਦਾ ਲੱਗਿਆ ਨਸ਼ਾ ਫਿਰ ਛੁੱਟਣਾ ਨਹੀਂ। ਫਿਰ ਮੈਂ ਤੈਨੂੰ ਕਹਿਣਾ ਕਿ ਹੁਣ ਤੂੰ ਮੈਨੂੰ ਭਾਸ਼ਾ ਵਿਭਾਗ ਦੇ ਇਨਾਮ ਲਈ ਵੀ ਨਾਮਜ਼ਦ ਕਰ। ਫਿਰ ਗਿਆਨ ਪੀਠ ਇਨਾਮ ਲਈ ਵੀ। ਫਿਰ ਪਦਮ ਵਿਭੂਸ਼ਨ ਇਨਾਮ ਲਈ ਵੀ। ਫਿਰ ਮੈਂ ਕਹਿਣਾ, ਅਮਰੀਕ ਹੁਣ ਸਿਫਾਰਸ਼ ਵੀ ਲੱਭ। ਇਹ ਇਨਾਮ ਸਿਫਾਰਸ਼ ਤੋਂ ਬਗੈਰ ਤਾਂ ਮਿਲਣੇ ਨਹੀਂ। ਸਾਹਿਤ ਅਕੈਡਮੀ ਇਨਾਮ ਵੈਸੇ ਹੀ ਮੈਨੂੰ ਨਹੀਂ ਮਿਲ ਸਕਦਾ ਹਿੰਦੁਸਤਾਨ ਤੋਂ ਬਾਹਰ ਰਹਿੰਦਾ ਹੋਣ ਕਰ ਕੇ।” ਮੈਂ ਅਮਰੀਕ ਨਾਲ ਮਜ਼ਾਕ ਕੀਤਾ।
“ਤੂੰ ਭਾਸ਼ਾ ਵਿਭਾਗ ਦੇ ਇਨਾਮ ਲਈ ਜ਼ਰੂਰ ਅਪਲਾਈ ਕਰ ਦੇਵੀਂ। ਮੈਨੂੰ ਆਪਣੇ ਵੇਰਵੇ ਛੇਤੀ ਭੇਜ ਦੇਵੀਂ। ਮੈਂ ਸਰਸਵਤੀ ਅਤੇ ਰਿਆਸ ਇਨਾਮਾਂ ਲਈ ਫਾਰਮ ਭਰ ਦਿਆਂਗਾ।” ਅਮਰੀਕ ਨੇ ਫਿਰ ਮੈਨੂੰ ਮਜਬੂਰ ਕੀਤਾ।
ਉਸ ਦਿਨ ਚਾਰ-ਪੰਜ ਮਿੰਟ ਦੀ ਥਾਂ ਅਸੀਂ ਦੋ ਘੰਟਿਆਂ ਤੋਂ ਵੱਧ ਫੋਨ ਤੇ ਗੱਲਾਂ ਕੀਤੀਆਂ।
ਕੁਝ ਦਿਨਾਂ ਬਾਦ ਅਮਰੀਕ ਦਾ ਫਿਰ ਫੋਨ ਆਇਆ। ਕਹਿੰਦਾ, “ਸਰਸਵਤੀ ਇਨਾਮ ਲਈ ਨਾਮਜ਼ਦਗੀ ਵਾਲੀ ਤਾਰੀਖ ਲੰਘ ਗਈ ਹੈ। ਅਗਲੇ ਸਾਲ ਨਾਮਜ਼ਦ ਕਰ ਦਿਆਂਗਾ। ਇਸੇ ਕਿਤਾਬ ’ਤੇ ਤੈਨੂੰ 10 ਸਾਲ ਨਾਮਜ਼ਦ ਕੀਤਾ ਜਾ ਸਕਦਾ।” ਅਸਲ ਵਿਚ ਕੋਵਿਡ-19 ਦਾ ਮੁੰਬਈ ਵਿਚ ਬਹੁਤ ਬੁਰਾ ਹਾਲ ਹੋਣ ਕਰ ਕੇ ਅਮਰੀਕ ਕੋਲ ਨਾਮਜ਼ਦਗੀ ਵਾਲੀ ਡਾਕ ਬਹੁਤ ਦੇਰ ਨਾਲ ਪਹੁੰਚੀ ਸੀ। ਮੈਂ ਸੋਚਿਆ, ਵਧੀਆ ਹੋਇਆ, ਬਚਾਅ ਹੋ ਗਿਆ। ਐਵੇਂ ਇਨਾਮਾਂ ਪਿੱਛੇ ਨੱਠ ਕੇ ਜ਼ਲੀਲ ਹੋਣ ਵਾਲੀ ਗੱਲ ਹੈ।

ਅਮਰੀਕ ਬਹੁਤ ਸੱਚਾ-ਸੁੱਚਾ ਇਨਸਾਨ ਹੈ। ਜ਼ਿੰਦਗੀ ਵਿਚ ਅੱਜ ਵਾਲੇ ਮੁਕਾਮ ‘ਤੇ ਪਹੁੰਚ ਕੇ ਵੀ ਉਹ ਬਹੁਤ ਸਾਧਾਰਨ ਜ਼ਿੰਦਗੀ ਬਤੀਤ ਕਰਦਾ ਹੈ ਅਤੇ ਨਿਮਰਤਾ ਨਾਲ ਰਹਿੰਦਾ ਹੈ। ਜਿਨ੍ਹਾਂ ਦੋਸਤਾਂ ਜਾਂ ਇਕ-ਦੋ ਰਿਸ਼ਤੇਦਾਰਾਂ ਨੇ ਲੋੜ ਵੇਲੇ ਉਸ ਦਾ ਸਾਥ ਦਿੱਤਾ, ਉਹ ਉਨ੍ਹਾਂ ਨੂੰ ਨਹੀਂ ਭੁੱਲਦਾ। ਉਸ ਦੇ ਪੁਰਾਣੇ ਦੋਸਤ ਹਾਲੇ ਵੀ ਦੋਸਤ ਹਨ। ਅਮਰੀਕ ਕਹਿੰਦਾ ਹੈ ਕਿ ਮੁਕੇਰੀਆਂ ਦਾ ਕੁਲਦੀਪ ਮੋਚੀ ਹਾਲੇ ਵੀ ਉਸ ਦਾ ਦੋਸਤ ਹੈ ਅਤੇ ਉਹ ਹੁਣ ਵੀ ਕੁਲਦੀਪ ਦੇ ਘਰ ਜਾ ਕੇ ਖਾਣਾ ਖਾ ਆਉਂਦਾ ਹੈ। ਮੁਕੇਰੀਆਂ ਵਿਚ ਅਮਰੀਕ ਦਾ ਇਕ ਹੋਰ ਦੋਸਤ ਅਰੁਨੇਸ਼ ਸ਼ਾਕਿਰ ਹੈ ਜੋ ਐਮ.ਐਲ.ਏ. ਅਤੇ ਮੰਤਰੀ ਰਿਹਾ ਹੈ। ਅਮਰੀਕ ਥੋੜ੍ਹੇ ਕੀਤੇ ਦੋਸਤੀਆਂ ਤੋੜਦਾ ਨਹੀਂ। ਅਮਰੀਕ ਕਹਿੰਦਾ ਹੈ ਕਿ ਜੇ ਉਸ ਦੇ ਰਿਸ਼ਤੇਦਾਰ ਕਹਿਣ ਕਿ ਉਹ ਹੁਣ ਵੱਡਾ ਬੰਦਾ ਬਣ ਗਿਆ ਹੈ ਅਤੇ ਉਨ੍ਹਾਂ ਦੇ ਨਿਆਣਿਆਂ ਨੂੰ ਹੀਰੋ ਬਣਾ ਦੇਵੇਗਾ, ਇਹ ਨਹੀਂ ਹੋ ਸਕਦਾ।
ਅਮਰੀਕ ਜਦੋਂ ਗੱਲਾਂ ਕਰਦਾ ਹੈ ਤਾਂ ਇੰਜ ਲਗਦਾ ਜਿਵੇਂ ਉਹ ਕਿਸੇ ਡਰਾਮੇ ਜਾਂ ਫਿਲਮ ਵਿਚ ਕਿਸੇ ਪਾਤਰ ਦਾ ਰੋਲ ਨਿਭਾ ਰਿਹਾ ਹੋਵੇ। ਕਈ ਵਾਰੀ ਉਹ ਗੱਲਾਂ ਕਰਦਾ ਕਿਸੇ ਕਹਾਣੀ ਜਾਂ ਵਾਕਿਆ ਦਾ ਜ਼ਿਕਰ ਕਰੇ ਤਾਂ ਉਸ ਵਿਚ ਮਸਾਲਾ ਅਤੇ ਗਾਲਾਂ ਭਰ ਕੇ ਉਸ ਨੂੰ ਕਿਸੇ ਫਿਲਮ ਵਾਂਗ ਖੂਬਸੂਰਤ ਬਣਾ ਦਿੰਦਾ ਹੈ। ਉਹ ਮਜ਼ਾਕੀਆ ਵੀ ਬਹੁਤ ਹੈ। ਮਜ਼ਾਕ ਕਰ ਕੇ ਖੂਬ ਹੱਸਦਾ ਹੈ। ਆਪਣੇ ਆਪ ਨੂੰ ਮਹਾਂ ਫਰਾਡ, ਨਾਲਾਇਕ ਆਦਿ ਆਖਣ ਦਾ ਮਜ਼ਾਕ ਆਮ ਹੀ ਕਰਦਾ ਹੈ। ਇਸ ਦੀਆਂ ਹੇਠ ਲਿਖੀਆਂ ਕੁਝ ਉਦਾਹਰਨਾਂ ਹਨ:
*ਅਮਰੀਕ ਜਦੋਂ ਆਪਣੀ ਅਤੇ ਉਨ੍ਹਾਂ ਸਭ ਇਨਾਮਾਂ ਦੀ ਗੱਲ ਕਰਦਾ ਹੈ ਜੋ ਉਸ ਨੂੰ ਮਿਲੇ ਹਨ ਤਾਂ ਕਹਿੰਦਾ ਹੈ, “ਇਹ ਸਭ ਇਨਾਮ ਫਰਾਡ ਹਨ। ਮੈਂ ਆਪ ਬਹੁਤ ਵੱਡਾ ਫਰਾਡ ਹਾਂ …।” ਫਿਰ ਉਹ ਉੱਚੀ-ਉੱਚੀ ਹੱਸਦਾ ਹੈ।
*“ਸਾਡੇ (ਮਨਸੂਰਪੁਰ ਵਿਚ) ਘਰੋਂ ਗੁਰਦੁਆਰੇ ਦਾ ਨਿਸ਼ਾਨ ਸਾਹਿਬ ਦਿਸਦਾ ਸੀ। ਜਦੋਂ ਮੇਰੀ (ਪਹਿਲੀ) ਮੰਗਣੀ ਟੁੱਟੀ ਤਾਂ ਮੇਰੀ ਮਾਂ ਘਰ ਵਿਚ ਖੜ੍ਹ ਕੇ ਨਿਸ਼ਾਨ ਸਾਹਿਬ ਵੱਲ ਮੂੰਹ ਕਰ ਕੇ ਅਤੇ ਹੱਥ ਜੋੜ ਕੇ ਕਹਿੰਦੀ ਹੁੰਦੀ ਸੀ- ਰੱਬਾ, ਤੂੰ ਮੈਨੂੰ ਇਕੋ ਪੁੱਤ ਦਿੱਤਾ, ਉਹ ਵੀ ਖੋਤਾ, ਗਧਾ, ਬੇਵਕੂਫ, ਤੇ ਨਾਲਾਇਕ ਦਿੱਤਾ।”
*“ਜਦੋਂ ਮੈਂ ਹੁਸ਼ਿਆਰਪੁਰ ਪੜ੍ਹਾਉਂਦਾ ਸੀ ਤਾਂ ਮੈਂ (ਆਪਣੀ ਮੰਗੇਤਰ) ਰੂਪ ਨੂੰ ਤਿੰਨ ਵਾਰੀ ਚੰਡੀਗੜ੍ਹ ਮਿਲਣ ਗਿਆ ਸੀ। ਮੈਂ ਉਸ ਨੂੰ ਮਿਲ ਕੇ ਮਿੰਨਤਾਂ ਕੀਤੀਆਂ, ਊਂਅ ਊਂਅ ਊਂਅ ਕਰ ਕੇ ਰੋਇਆ ਵੀ ਕਿ ਮੈਥੋਂ ਤੇਰੇ ਬਗੈਰ ਰਹਿ ਨਹੀਂ ਹੋਣਾ। ਉਹ ਕਹਿੰਦੀ ਤੂੰ ਮੈਨੂੰ ਹੁਣ ਬਿਲਕੁਲ ਨਾ ਮਿਲਿਆ ਕਰ। ਉਹ ਸੋਚਦੀ ਸੀ ਕਿ ਇਹ ਖੋਤਾ, ਨਾਲਾਇਕ, ਬੇਵਕੂਫ ਮੇਰਾ ਪਿੱਛਾ ਹੀ ਨਹੀਂ ਛੱਡਦਾ। ਫਿਰ ਜਦੋਂ ਵੀ ਉਸ ਨੇ ਮੈਨੂੰ ਦੇਖਣਾ, ਉਸ ਦੇ ਚਿਹਰੇ ਦਾ ਰੰਗ ਬਿਲਕੁਲ ਪੀਲਾ ਪੈ ਜਾਣਾ।”
*“ਮੇਰਾ ਪਿਉ ਇੰਗਲੈਂਡ ਤੋਂ ਵਾਪਸ ਆਇਆ। ਉਦੋਂ ਮੇਰੀ ਮੰਗਣੀ ਹੋ ਚੁੱਕੀ ਸੀ। ਮੇਰਾ ਪਿਉ ਅਤੇ ਬਾਬਾ ਮੇਰੀ ਮੰਗੇਤਰ ਦੇ ਘਰ ਗਏ ਅਤੇ ਉਸ ਦੇ ਪਿਉ ਨੂੰ ਕਹਿੰਦੇ- ਸਾਡਾ ਮੁੰਡਾ ਤਾਂ ਨਿਰਾ ਗਧਾ ਹੈ, ਨਿਰਾ ਖੋਤਾ, ਭੈਣ … ਬੇਵਕੂਫ, ਨਾਲਾਇਕ, ਫਰਾਡ। ਤੁਸੀਂ ਆਪਣੀ ਕੁੜੀ ਉਹਦੇ ਨਾਲ ਕਿੱਦਾਂ ਮੰਗ ਦਿੱਤੀ? ਅਸੀਂ ਨਹੀਂ ਉਸ ਦੇ ਜ਼ਿੰਮੇਵਾਰ। ਹਾਲੇ ਵੀ ਸੋਚ ਲਵੋ। ਇਹ ਮੰਗਣੀ ਠੀਕ ਨਹੀਂ। ਉਹ ਭੈਣ … ਤੁਹਾਡੀ ਕੁੜੀ ਦੇ ਮੁਕਾਬਲੇ ਬਿਲਕੁਲ ਨਾਲਾਇਕ ਹੈ। ਅਸੀਂ ਉਸ ਨੂੰ ਇੰਗਲੈਂਡ ਵੀ ਨਹੀਂ ਲਿਜਾਣਾ ਅਤੇ ਜ਼ਮੀਨ ਵੀ ਨਹੀਂ ਦੇਣੀ …।” ਫਿਰ ਅਮਰੀਕ ਕਹਿੰਦਾ ਹੈ, “ਮੈਂ ਅਜੇ ਵੀ ਬੇਵਕੂਫ ਹਾਂ। ਅਜੇ ਵੀ ਬਹੁਤ ਗਲਤੀਆਂ ਕਰਦਾਂ।” ਫਿਰ ਉਹ ਹੱਸਦਾ ਹੈ।
*ਅਮਰੀਕ ਹੱਸਦਾ ਮਜ਼ਾਕ ਕਰਦਾ ਹੈ, “ਮੈਂ ਦੋਸਤਾਂ ਨੂੰ ਕਹਿੰਦਾ ਹਾਂ, ਸਾਡਾ ਸਾਰਾ ਪਰਿਵਾਰ ਹੀ ਫਰਾਡ ਹੈ। ਮੇਰੇ ‘ਤੇ ਇਤਬਾਰ ਨਾ ਕਰਿਓ। ਤੁਹਾਡੇ ਘਰੋਂ ਜੇ ਹੋਰ ਕੁਝ ਨਾ ਲੱਭਾ ਤਾਂ ਮੈਂ ਪਲੇਟਾਂ ਹੀ ਚੁੱਕ ਕੇ ਲੈ ਜਾਣੀਆਂ।”
*ਅਮਰੀਕ ਹੱਸਦਾ ਮਜ਼ਾਕ ਕਰਦਾ ਕਹਿੰਦਾ ਹੈ, “ਮੇਰਾ ਬਾਬਾ ਮੈਨੂੰ ਕਹਿੰਦਾ ਸੀ, ਤੂੰ ਗਧਾ ਏਂ, ਤੂੰ ਬੇਵਕੂਫ ਏਂ। ਤੂੰ ਮੱਝਾਂ ਚਾਰਨ ਲੈ ਕੇ ਜਾਂਦਾਂ ਪਰ ਉਨ੍ਹਾਂ ਵੱਲ ਧਿਆਨ ਨਹੀਂ ਰੱਖਦਾ। ਮੱਝਾਂ ਖੇਤਾਂ ਵਿਚ ਜਾ ਵੜਦੀਆਂ ਪਰ ਤੂੰ ਉਨ੍ਹਾਂ ਨੂੰ ਮੋੜਦਾ ਹੀ ਨਹੀਂ। ਤੂੰ ਸੋਚਾਂ ਵਿਚ ਹੀ ਪਿਆ ਰਹਿੰਦਾਂ।”
*ਅਮਰੀਕ ਦੀ ਇਕ ਭੂਆ ਜਿਸ ਦਾ ਨਾਂ ਦੀਸ਼ੋ ਸੀ, ਵੀ ਉਨ੍ਹਾਂ ਨਾਲ ਹੀ ਮਨਸੂਰਪੁਰ ਰਹਿੰਦੀ ਸੀ। ਅਮਰੀਕ ਹੱਸਦਾ ਹੈ, “ਮੇਰੀ ਭੂਆ ਲਲਿਤਾ ਪਵਾਰ (ਐਕਟ੍ਰੈੱਸ) ਵਰਗੀ ਸੀ। ਇਕ ਅੱਖੋਂ ਕਾਣੀ। ਟੇਢੀ ਜਿਹੀ। ਉਹ ਪੁਆੜੇ ਪਾਉਣੀ ਸੀ। ਉਸ ਨੇ ਮੇਰੀ ਮਾਤਾ ਨੂੰ ਬਹੁਤ ਪਰੇਸ਼ਾਨ ਕੀਤਾ ਸੀ।”
*ਅਮਰੀਕ ਦੇ ਮੁੰਬਈ ਜਾਣ ਤੋਂ ਬਾਅਦ ਜਦੋਂ ਅਮਰੀਕ ਦੀ ਮਾਤਾ ਪਹਿਲੀ ਵਾਰੀ ਅਮਰੀਕ ਨਾਲ ਜਹਾਜ਼ ਵਿਚ ਪੰਜਾਬ ਤੋਂ ਮੁੰਬਈ ਗਈ ਤਾਂ ਉਹ ਤਾਕੀ ਕੋਲ ਬੈਠੀ ਸੀ। ਜਦੋਂ ਜਹਾਜ਼ ਉੱਪਰ ਚਲੇ ਗਿਆ ਤਾਂ ਮਾਤਾ ਅਮਰੀਕ ਨੂੰ ਪੁੱਛਣ ਲੱਗੀ, “ਅਮਰੀਕ, ਇਹ ਜਹਾਜ਼ ਸਵਰਗ ਵਿਚੋਂ ਹੋ ਕੇ ਜਾਂਦਾ? … ਮੈਂ ਸੋਚਦੀ ਆਂ, ਜੇ ਇਹ ਸਵਰਗ ‘ਚੋਂ ਹੋ ਕੇ ਜਾਂਦਾ ਤਾਂ ਤੇਰੇ ਭਾਪੇ ਦੇ ਦਰਸ਼ਨ ਹੀ ਕਰ ਲਵਾਂ।” ਅਮਰੀਕ ਨੇ ਜਵਾਬ ਦਿੱਤਾ, “ਇਹ ਜਹਾਜ਼ ਸਵਰਗ ‘ਚੋਂ ਹੋ ਕੇ ਨਹੀਂ ਜਾਂਦਾ। ਸਵਰਗ ਤਾਂ ਬਹੁਤ ਉੱਪਰ ਹੈ। ਨਾਲੇ ਭਾਪਾ ਤਾਂ ਜਿਹੋ ਜਿਹਾ ਬੰਦਾ ਸੀ, ਉਹ ਤਾਂ ਨਰਕ ਵਿਚ ਹੋਣਾ। ਭੁੱਲ ਜਾ ਉਸ ਨੂੰ। ਉਸ ਨੇ ਤੈਨੂੰ ਇੰਨੇ ਦੁੱਖ ਦਿੱਤੇ ਸੀ।”
*ਇਕ ਦਿਨ ਅਮਰੀਕ ਨੇ ਮੈਨੂੰ ਵ੍ਹੱਟਸਐਪ ‘ਤੇ ਫੋਨ ਕੀਤਾ ਅਤੇ ਜਦੋਂ ਅਸੀਂ ਗੱਲਾਂ ਕਰ ਰਹੇ ਸੀ ਤਾਂ ਅਚਾਨਕ ਫੋਨ ਦਾ ਕੁਨੈਕਸ਼ਨ ਟੁੱਟ ਗਿਆ। ਮੈਂ ਉਸ ਨੂੰ ਮੋੜਵਾਂ ਫੋਨ ਵ੍ਹੱਟਸਐਪ ‘ਤੇ ਦੋ ਵਾਰੀ ਕੀਤਾ ਪਰ ਉਸ ਨੇ ਜਵਾਬ ਨਾ ਦਿੱਤਾ। ਫਿਰ ਦੋ ਕੁ ਮਿੰਟਾਂ ਬਾਅਦ ਉਸ ਦਾ ਫੋਨ ਆ ਗਿਆ। ਮੈਂ ਕਿਹਾ- ਮੈਂ ਤੈਨੂੰ ਫੋਨ ਕੀਤਾ ਸੀ ਪਰ ਤੂੰ ਜਵਾਬ ਹੀ ਨਹੀਂ ਦਿੱਤਾ। ਅੱਗਿਓਂ ਕਹਿੰਦਾ, “ਤੂੰ ਮੈਨੂੰ ਫੋਨ ਨਾ ਕਰਿਆ ਕਰ। ਜਦੋਂ ਮੇਰਾ ਫੋਨ ਚਿੜੀ ਚਿੜੀ ਕਰਦਾ ਤਾਂ ਮੈਨੂੰ ਨਹੀਂ ਪਤਾ ਲਗਦਾ ਕਿ ਕਿਹੜਾ ਬਟਨ ਦੱਬਣਾ। ਮੈਂ ਪੰਜਾਬੀ ਦੀ ਐਮ.ਏ. ਆਂ। ਮੈਨੂੰ ਇਹ ਗੱਲਾਂ ਨਹੀਂ ਆਉਂਦੀਆਂ।” ਤੇ ਅਸੀਂ ਦੋਵੇਂ ਹੱਸਦੇ ਰਹੇ।

1968-1970 ਵਿਚ ਜਦੋਂ ਮੈਂ ਗੌਰਮਿੰਟ ਕਾਲਜ ਹੁਸ਼ਿਆਰਪੁਰ ਅਰਥ ਸ਼ਾਸਤਰ ਦੀ ਐਮ.ਏ. ਕਰਦਾ ਸੀ ਤਾਂ ਅਮਰੀਕ ਇਸੇ ਕਾਲਜ ਵਿਚ ਬੀ.ਏ. ਵਿਚ ਪੜ੍ਹਦਾ ਸੀ। ਅਮਰੀਕ ਉਨ੍ਹੀਂ ਦਿਨੀਂ ਮਿਲਿਆ ਸੀ ਪਰ ਸਾਡੀ ਬਹੁਤੀ ਦੋਸਤੀ ਨਹੀਂ ਸੀ ਹੋਈ। ਫਿਰ ਜਦੋਂ ਮੈਂ 1971 ਵਿਚ ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ੍ਹ ਪੜ੍ਹਾਉਣ ਦੀ ਨੌਕਰੀ ਲੈ ਲਈ ਤਾਂ ਦੋ ਸਾਲਾਂ ਬਾਅਦ ਅਮਰੀਕ ਵੀ ਪੰਜਾਬ ਯੂਨੀਵਰਸਿਟੀ ਵਿਚ ਪੰਜਾਬੀ ਦੀ ਐਮ.ਏ. ਕਰਨ ਆ ਲੱਗਿਆ। ਉਥੇ ਸਾਡੀ ਦੋਸਤੀ ਬਹੁਤ ਵਧ ਗਈ। ਅਮਰੀਕ ਮੇਰੀ ਉਮਰ ਦਾ ਹੀ ਹੈ ਪਰ ਉਹ ਪੜ੍ਹਾਈ ਵਿਚ ਕੁਝ ਸਾਲ ਇਸ ਲਈ ਪਿੱਛੇ ਸੀ ਕਿਉਂਕਿ ਉਸ ਨੇ ਕੁਝ ਸਾਲ ਸਕੂਲ ਦੀ ਪੜ੍ਹਾਈ ਛੱਡ ਦਿੱਤੀ ਸੀ। ਉਹ ਮੈਨੂੰ ਸਾਈਕਲ ‘ਤੇ ਮਿਲਣ ਆਉਂਦਾ। ਬਹੁਤੀ ਵਾਰੀ ਉਦਾਸ ਹੀ ਹੁੰਦਾ। ਮੈਂ ਸੋਚਦਾ, ਸ਼ਾਇਦ ਘਰੇਲੂ ਮੁਸ਼ਕਿਲਾਂ ਕਾਰਨ ਉਦਾਸ ਰਹਿੰਦਾ ਹੋਵੇਗਾ। ਉਹ ਆਪਣੀ ਮਾਤਾ ਅਤੇ ਘਰ ਦੀ ਗਰੀਬੀ ਬਾਰੇ ਆਮ ਹੀ ਗੱਲਾਂ ਕਰਦਾ ਹੁੰਦਾ ਸੀ। ਬਾਅਦ ਵਿਚ ਇਸ ਉਦਾਸੀ ਦਾ ਹੋਰ ਕਾਰਨ ਵੀ ਪਤਾ ਲੱਗਾ।
ਤਿੰਨ ਸਾਲ ਗੌਰਮਿੰਟ ਕਾਲਜ ਹੁਸ਼ਿਆਰਪੁਰ ਵਿਚ ਪੜ੍ਹਨ ਤੋਂ ਬਾਅਦ ਅਮਰੀਕ ਆਪਣੇ ਪਿੰਡ ਦੇ ਨੇੜੇ ਮੁਕੇਰੀਆਂ ਕਾਲਜ ਵਿਚ ਪੜ੍ਹਨ ਜਾ ਲੱਗਾ ਜੋ ਉਸ ਵੇਲੇ ਨਵਾਂ-ਨਵਾਂ ਖੁੱਲ੍ਹਿਆ ਸੀ। ਉਸੇ ਕਾਲਜ ਵਿਚ ਮੁਕੇਰੀਆਂ ਦੇ ਇਕ ਅਫਸਰ ਦੀ ਲੜਕੀ ਰੂਪ ਵੀ ਅਮਰੀਕ ਨਾਲ ਪੜ੍ਹਦੀ ਸੀ। ਦੋਵੇਂ ਹਾਈ ਸਕੂਲ ਵਿਚ ਵੀ ਇਕੱਠੇ ਪੜ੍ਹੇ ਸਨ। ਰੂਪ ਦੇ ਮਾਤਾ-ਪਿਤਾ ਨੇ ਅਮਰੀਕ ਦੀ ਮਾਤਾ ਨੂੰ ਮਿਲ ਕੇ ਰੂਪ ਦੀ ਮੰਗਣੀ ਅਮਰੀਕ ਨਾਲ ਕਰ ਦਿੱਤੀ। ਮੁਕੇਰੀਆਂ ਕਾਲਜ ਤੋਂ ਬੀ.ਏ. ਕਰਨ ਪਿੱਛੋਂ ਰੂਪ ਪੰਜਾਬ ਯੂਨੀਵਰਸਿਟੀ ਵਿਚ ਅੰਗਰੇਜ਼ੀ ਦੀ ਐਮ.ਏ. ਕਰਨ ਲੱਗ ਪਈ। ਅਮਰੀਕ ਨੇ ਅਰਥ ਸ਼ਾਸਤਰ ਦੀ ਐਮ.ਏ. ਕਰਨੀ ਚਾਹੀ ਪਰ ਉਸ ਨੂੰ ਪੰਜਾਬ ਯੂਨੀਵਰਸਿਟੀ ਵਿਚ ਦਾਖਲਾ ਨਾ ਮਿਲਿਆ। ਬਹੁਤ ਨਿਰਾਸ਼ ਹੋਇਆ। ਉਹ ਵਾਪਸ ਹੁਸ਼ਿਆਰਪੁਰ ਚਲੇ ਗਿਆ ਜਿੱਥੇ ਉਸ ਨੇ ਆਪਣੇ ਦੋਸਤ ਮੋਹਣ ਚੌਧਰੀ ਦੀ ਮਦਦ ਨਾਲ ਇਕ ਸਕੂਲ ਵਿਚ ਪੜ੍ਹਾਉਣ ਦੀ ਨੌਕਰੀ ਲੈ ਲਈ। ਕੁਝ ਦੋਸਤਾਂ ਨੇ ਅਮਰੀਕ ਨੂੰ ਪੰਜਾਬੀ ਦੀ ਐਮ.ਏ. ਕਰਨ ਦਾ ਸੁਝਾਅ ਦਿੱਤਾ। ਅਮਰੀਕ ਨੂੰ ਇਸ ਵਾਸਤੇ ਬੀ.ਏ. ਦੇ ਪੰਜਾਬੀ ਦੇ ਦੋ ਪੇਪਰ ਦੇਣੇ ਪੈਣੇ ਸਨ, ਉਸ ਨੇ ਬੀ.ਏ. ਵਿਚ ਪੰਜਾਬੀ ਦਾ ਮਜ਼ਮੂਨ ਨਹੀਂ ਸੀ ਰੱਖਿਆ। ਸਕੂਲ ਵਿਚ ਪੜ੍ਹਾਉਂਦਿਆਂ ਉਹਨੇ ਪੰਜਾਬੀ ਦੇ ਇਮਤਿਹਾਨ ਦੇ ਦਿੱਤੇ ਅਤੇ ਅਗਲੇ ਸਾਲ ਪੰਜਾਬ ਯੂਨੀਵਰਸਿਟੀ ਵਿਚ ਐਮ.ਏ. ਪੰਜਾਬੀ ਵਿਚ ਦਾਖਲਾ ਲੈ ਲਿਆ। ਪੰਜਾਬ ਯੂਨੀਵਰਸਿਟੀ ਨੇ ਉਸ ਨੂੰ ਥੋੜ੍ਹੀ ਜਿਹੀ ਸਕਾਲਰਸ਼ਿਪ ਵੀ ਦਿੱਤੀ। ਜਦੋਂ ਅਮਰੀਕ ਨੂੰ ਅਰਥ ਸ਼ਾਸਤਰ ਦੀ ਐਮ.ਏ. ਵਿਚ ਦਾਖਲਾ ਨਾ ਮਿਲਿਆ ਤਾਂ ਰੂਪ ਦੇ ਮਾਤਾ-ਪਿਤਾ ਨੇ ਅਮਰੀਕ ਦੀ ਮਾਤਾ ਨੂੰ ਮਿਲ ਕੇ ਉਨ੍ਹਾਂ ਦੀ ਮੰਗਣੀ ਤੋੜ ਦਿੱਤੀ। ਅਮਰੀਕ ਨੂੰ ਇਸ ਘਟਨਾ ਨੇ ਬਹੁਤ ਨਿਰਾਸ਼ ਕਰ ਦਿੱਤਾ ਸੀ। ਉਹ ਉਦਾਸ ਰਹਿਣ ਲੱਗ ਪਿਆ।
ਜਦੋਂ ਅਮਰੀਕ ਹੁਸ਼ਿਆਰਪੁਰ ਸਕੂਲ ਵਿਚ ਪੜ੍ਹਾਉਂਦਾ ਸੀ ਤਾਂ ਉਸ ਦੇ ਦੋਸਤਾਂ ਨੇ ਕਿਹਾ ਕਿ ਉਹ ਚੰਡੀਗੜ੍ਹ ਜਾ ਕੇ ਖੁਦ ਰੂਪ ਨਾਲ ਗੱਲ ਕਰੇ। ਅਮਰੀਕ ਤਿੰਨ ਵਾਰੀ ਹੁਸ਼ਿਆਰਪੁਰ ਤੋਂ ਚੰਡੀਗੜ੍ਹ ਗਿਆ ਪਰ ਰੂਪ ਨੇ ਕਿਹਾ ਕਿ ਉਹ ਉੱਥੇ ਹੀ ਵਿਆਹ ਕਰਵਾਏਗੀ ਜਿੱਥੇ ਉਸ ਦੇ ਮਾਂ-ਪਿਓ ਕਹਿਣਗੇ; ਇਹ ਵੀ ਕਿਹਾ ਸੀ ਕਿ ਉਹ ਹਿੰਦੋਸਤਾਨ ਤੋਂ ਬਾਹਰ ਪੀ.ਐਚ.ਡੀ. ਕਰਨ ਜਾਵੇਗੀ ਅਤੇ ਹੁਣ ਉਹ ਉਸ ਨੂੰ ਮਿਲਿਆ ਨਾ ਕਰੇ। ਉਹ ਜਦੋਂ ਆਖਰੀ ਵਾਰੀ ਰੂਪ ਨੂੰ ਚੰਡੀਗੜ੍ਹ ਮਿਲਣ ਗਿਆ ਤਾਂ ਰੂਪ ਨੂੰ ਕਿਹਾ ਕਿ ਉਹ ਕੁਝ ਦੂਰ ਤੱਕ ਉਹਦੇ ਨਾਲ ਤੁਰ ਕੇ ਜਾਵੇਗੀ। ਰੂਪ ਨੇ ਆਪਣੀਆਂ ਸਹੇਲੀਆਂ ਨਾਲ ਕਿਤੇ ਜਾਣਾ ਸੀ ਪਰ ਉਹ ਅਮਰੀਕ ਨਾਲ ਪੰਜਾਬ ਯੂਨੀਵਰਸਿਟੀ ਦੇ ਪੀ.ਜੀ.ਆਈ. ਵੱਲ ਦੇ ਗੇਟ ਤੱਕ ਜਾਣ ਲਈ ਮੰਨ ਗਈ। ਉਹ ਦੋਵੇਂ ਉਸ ਗੇਟ ਤੱਕ ਇਕੱਠੇ ਤੁਰ ਕੇ ਗਏ ਅਤੇ ਕੁਝ ਗੱਲਾਂ ਵੀ ਕੀਤੀਆਂ। ਗੇਟ ‘ਤੇ ਜਾ ਕੇ ਇਕ ਦੂਜੇ ਨੂੰ ਅਲਵਿਦਾ ਕਿਹਾ, ਸ਼ੁੱਭ ਇੱਛਾਵਾਂ ਭੇਟ ਕੀਤੀਆਂ ਅਤੇ ਹਮੇਸ਼ਾ ਲਈ ਜੁਦਾ ਹੋ ਗਏ। ਅਮਰੀਕ ਉੱਥੇ ਖੜ੍ਹਾ ਰੂਪ ਨੂੰ ਜਾਂਦੀ ਨੂੰ ਦੇਖਦਾ ਰਿਹਾ। ਕੁਝ ਦੂਰ ਜਾ ਕੇ ਰੂਪ ਨੇ ਅਮਰੀਕ ਵੱਲ ਮੁੜ ਕੇ ਦੇਖਿਆ। ਅਮਰੀਕ ਨਮ ਅੱਖਾਂ ਨਾਲ ਵਾਪਸ ਆ ਗਿਆ। ਇਹ ਦ੍ਰਿਸ਼ ਉਸ ਨੂੰ ਕਦੇ ਨਹੀਂ ਭੁੱਲਿਆ।
ਇਕ ਵਾਰੀ ਅਮਰੀਕ ਮੈਨੂੰ ਦੱਸ ਰਿਹਾ ਸੀ: “ਮੈਂ ਚੰਡੀਗੜ੍ਹ ਕਈ ਵਾਰੀ ਰੂਪ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨੇ ਕਦੇ ਹੁੰਗਾਰਾ ਨਾ ਭਰਿਆ। ਉਹ ਕਹਿੰਦੀ ਸੀ ਕਿ ਮੈਂ ਉਸ ਨਾਲ ਗੱਲ ਨਾ ਕਰਾਂ, ਉਸ ਤੋਂ ਦੂਰ ਰਹਾਂ। … ਮੈਨੂੰ ਉਸ ਨਾਲ ਪਿਆਰ ਹੋ ਗਿਆ ਸੀ। ਮੈਂ ਕਈ ਵਾਰੀ ਮੁਕੇਰੀਆਂ ਉਹਦੇ ਘਰ ਵੀ ਗਿਆ। ਉਹਦੇ ਮਾਤਾ-ਪਿਤਾ ਘਰ ਹੀ ਹੁੰਦੇ ਸੀ। ਅਸੀਂ ਪਰਿਵਾਰ ਨਾਲ ਬੈਠ ਕੇ ਕਾਫੀ ਦੇਰ ਗੱਲਾਂ ਵੀ ਕੀਤੀਆਂ। ਇਕ ਦੂਜੇ ਨੂੰ ਪਸੰਦ ਕਰਦੇ ਸੀ। ਇਕ ਦੂਜੇ ਨੂੰ ਮਿਲ ਕੇ ਖੁਸ਼ੀ ਹੁੰਦੀ ਸੀ …।”
ਕੁਝ ਦੇਰ ਠਹਿਰ ਕੇ ਉਹ ਬੋਲਿਆ, “ਕੁੜਮਾਈ ਵੇਲੇ ਉਨ੍ਹਾਂ ਨੇ ਮੈਨੂੰ ਸੋਨੇ ਦਾ ਕੜਾ ਅਤੇ ਕੁਝ ਕੱਪੜੇ ਦਿੱਤੇ ਸਨ। ਕੁੜਮਾਈ ਟੁੱਟੀ ਤਾਂ ਮੈਂ ਉਨ੍ਹਾਂ ਦੇ ਘਰ ਜਾ ਕੇ ਉਨ੍ਹਾਂ ਨੂੰ ਸੋਨੇ ਦਾ ਕੜਾ ਮੋੜ ਆਇਆ। ਮੈਂ ਕਿਹਾ ਕਿ ਆਪਣਾ ਕੜਾ ਵਾਪਸ ਲੈ ਲਓ, ਕੱਪੜੇ ਤਾਂ ਮੈਂ ਪਾ ਲਏ ਸਨ ਅਤੇ ਪਾਟ ਗਏ ਹਨ।” ਮੈਨੂੰ ਇਹ ਸੁਣ ਕੇ ਹਾਸਾ ਆ ਗਿਆ, ਅਮਰੀਕ ਵੀ ਹੱਸ ਪਿਆ।
ਅਮਰੀਕ ਜਦੋਂ ਪੰਜਾਬ ਯੂਨੀਵਰਸਿਟੀ ਵਿਚ ਐਮ.ਏ. ਕਰ ਰਿਹਾ ਸੀ ਅਤੇ ਕੁੜਮਾਈ ਟੁੱਟਣ ਕਾਰਨ ਬਹੁਤ ਉਦਾਸ ਸੀ ਤਾਂ ਉਹਨੇ ਦਰਦ ਭਰੀਆਂ ਕਈ ਕਵਿਤਾਵਾਂ ਲਿਖ ਕੇ ਅਮੀਰੂਪ ਦੇ ਨਾਂ ਹੇਠ ਅਖਬਾਰਾਂ ਤੇ ਮੈਗਜ਼ੀਨਾਂ ਵਿਚ ਛਪਵਾਈਆਂ ਸਨ। ਕੁਝ ਦੋਸਤਾਂ ਨੇ ਮਜ਼ਾਕ ਕੀਤਾ ਕਿ ਅਮੀਰੂਪ ਦੀ ਥਾਂ ਜੇ ਉਹ ਅਮਰੂਦ ਨਾਂ ਰੱਖ ਲੈਂਦਾ ਤਾਂ ਵਧੀਆ ਸੀ। ਇਹ ਕਹਾਣੀ ਦੱਸਦਾ ਉਹ ਖੂਬ ਹੱਸਦਾ ਹੈ।
ਅਮਰੀਕ ਅਨੁਸਾਰ ਉਸ ਦਾ ਪਿਤਾ ਬੀ.ਏ. ਪਾਸ ਸੀ ਅਤੇ ਜ਼ਿਲ੍ਹਾ ਅਫਸਰ ਸੀ। ਰਿਸ਼ਵਤ ਬਹੁਤ ਲੈਂਦਾ ਸੀ ਅਤੇ ਐਸ਼ ਕਰਦਾ ਸੀ। ਔਰਤਾਂ ਦਾ ਬਹੁਤ ਸ਼ੌਕੀਨ ਸੀ। ਫਿਰ ਰਿਸ਼ਵਤ ਲੈਂਦਾ ਫੜਿਆ ਗਿਆ ਅਤੇ ਉਸ ਦਾ ਅਹੁਦਾ ਘਟਾ ਦਿੱਤਾ ਗਿਆ। ਛੇਤੀ ਬਾਅਦ ਉਹ ਇੰਗਲੈਂਡ ਚਲੇ ਗਿਆ। ਉਸ ਵੇਲੇ ਉਹ ਛੇਵੀਂ ਵਿਚ ਪੜ੍ਹਦਾ ਸੀ। ਉਹਦਾ ਪਿਤਾ ਉਹਦੀ ਮਾਂ ਨੂੰ ਕੁੱਟਦਾ ਵੀ ਸੀ। ਦੱਸਦਾ ਕਿ ਉਸ ਦੀ ਮਾਤਾ ਉੱਚੀ-ਲੰਮੀ ਅਤੇ ਪਤਲੇ ਸਰੀਰ ਦੀ ਬਹੁਤ ਸੋਹਣੀ ਔਰਤ ਸੀ। ਖਾਣਾ ਬਹੁਤ ਸੁਆਦੀ ਬਣਾਉਂਦੀ। ਸਾਰਾ ਪਿੰਡ ਉਸ ਦੀ ਇੱਜ਼ਤ ਕਰਦਾ। ਜਦੋਂ ਉਹ ਛੋਟਾ ਸੀ ਤਾਂ ਮਾਂ ਉਹਨੂੰ ਗੁਰਦੁਆਰੇ ਗੁਰਪੁਰਬ ‘ਤੇ ਗਾਉਣ ਲਈ ਧਾਰਮਿਕ ਗਾਣੇ ਲਿਖ ਕੇ ਦਿੰਦੀ। ਅਮਰੀਕ ਹੱਸਦਾ ਹੈ ਕਿ ਉਸ ਦੀ ਮਾਤਾ ਮਿਊਜ਼ਿਕ ਡਾਇਰੈਕਟਰ ਸੀ। ਦਰੀਆਂ ਅਤੇ ਸਵੈਟਰਾਂ ਦੇ ਡਿਜ਼ਾਈਨ ਬਣਾ ਬਣਾ ਕੇ ਬੁਣਨ ਵਿਚ ਬਹੁਤ ਨਿਪੁੰਨ ਸੀ। ਪਿੰਡ ਦੀਆਂ ਕੁੜੀਆਂ ਉਸ ਕੋਲੋਂ ਇਹ ਕਲਾ ਸਿੱਖਣ ਆਉਂਦੀਆਂ। ਮਾਂ ਬਹੁਤ ਸੁਚੱਜੀ ਔਰਤ ਸੀ।
ਅਮਰੀਕ, ਉਸ ਦੀ ਛੋਟੀ ਭੈਣ ਤੇ ਮਾਂ ਮੁਕੇਰੀਆਂ ਨੇੜੇ ਆਪਣੇ ਪਿੰਡ ਮਨਸੂਰਪੁਰ ਰਹਿੰਦੇ ਸਨ। ਬਾਬਾ ਵੀ ਉਨ੍ਹਾਂ ਨਾਲ ਹੀ ਰਹਿੰਦਾ ਸੀ, ਬਹੁਤ ਕੱਬਾ ਅਤੇ ਜ਼ਾਲਮ ਸੀ। ਅਮਰੀਕ ਦੇ ਪਿਤਾ ਦੇ ਇੰਗਲੈਂਡ ਜਾਣ ਤੋਂ ਛੇਤੀ ਬਾਅਦ ਬਾਬੇ ਨੇ ਅਮਰੀਕ ਦੀ ਮਾਂ ਨੂੰ ਘਰੋਂ ਕੱਢ ਦਿੱਤਾ। ਮਾਂ ਆਪਣੀ ਛੋਟੀ ਧੀ ਨੂੰ ਲੈ ਕੇ ਗੜ੍ਹਸ਼ੰਕਰ ਕੋਲ ਪਿੰਡ ਭੱਜਲਾਂ ਆਪਣੇ ਪੇਕੇ ਘਰ ਆਪਣੇ ਭਰਾ ਤਾਰਾ ਸਿੰਘ ਢਿੱਲੋਂ ਕੋਲ ਰਹਿਣ ਲੱਗ ਪਈ। ਬਾਬਾ ਅਮਰੀਕ ਤੋਂ ਖੇਤਾਂ ਵਿਚ ਕੰਮ ਕਰਾਉਂਦਾ। ਫਿਰ ਉਹਨੇ ਛੇਵੀਂ ਜਮਾਤ ਵਿਚੋਂ ਹੀ ਅਮਰੀਕ ਨੂੰ ਹਟਾ ਲਿਆ। ਕਈ ਸਾਲ ਅਮਰੀਕ ਸਕੂਲ ਨਹੀਂ ਗਿਆ, ਬਾਬੇ ਨਾਲ ਖੇਤਾਂ ਵਿਚ ਕੰਮ ਕਰਦਾ। ਅਮਰੀਕ ਕਈ ਸਾਲ ਆਪਣੀ ਮਾਂ ਅਤੇ ਛੋਟੀ ਭੈਣ ਨੂੰ ਮਿਲ ਨਾ ਸਕਿਆ, ਖਬਰ-ਸਾਰ ਵੀ ਨਹੀਂ ਸੀ ਮਿਲਦੀ। ਜਦੋਂ ਉਹ ਥੋੜ੍ਹਾ ਵੱਡਾ ਹੋਇਆ ਤਾਂ ਉਸ ਦੀ ਮਨਸੂਰਪੁਰ ਦੇ ਸਰਪੰਚ ਬੁੱਧ ਸਿੰਘ ਨਾਲ ਆਉਣੀ-ਜਾਣੀ ਹੋ ਗਈ। ਇਕ ਦਿਨ ਉਹਨੇ ਬੁੱਧ ਸਿੰਘ ਦੇ ਘਰ ਅਲਮਾਰੀ ਵਿਚ ਪਈਆਂ ਪੰਜਾਬੀ ਦੀਆਂ ਕਿਤਾਬਾਂ ਦੇਖੀਆਂ। ਕਿਤਾਬਾਂ ਬਾਰੇ ਪੁੱਛਿਆ ਤਾਂ ਬੁੱਧ ਸਿੰਘ ਕਹਿਣ ਲੱਗਾ ਕਿ ਬੀ.ਡੀ.ਓ. ਨੇ ਸਾਰੇ ਸਰਪੰਚਾਂ ਨੂੰ ਬਹੁਤ ਸਾਰੀਆਂ ਕਿਤਾਬਾਂ ਦਿੱਤੀਆਂ ਸਨ ਪਿੰਡਾਂ ਵਿਚ ਲਾਇਬਰੇਰੀਆਂ ਬਣਾਉਣ ਲਈ ਪਰ ਬੁੱਧ ਸਿੰਘ ਇਸ ਝੰਜਟ ਵਿਚ ਨਹੀਂ ਸੀ ਪੈਣਾ ਚਾਹੁੰਦਾ ਕਿ ਲੋਕਾਂ ਨੂੰ ਪੜ੍ਹਨ ਲਈ ਕਿਤਾਬਾਂ ਦੇਵੇ ਅਤੇ ਉਨ੍ਹਾਂ ਦਾ ਹਿਸਾਬ ਰੱਖੇ। ਉਹਨੇ ਬੁੱਧ ਸਿੰਘ ਨੂੰ ਪੁੱਛ ਕੇ ਇਕ ਕਿਤਾਬ ਪੜ੍ਹਨ ਲਈ ਲੈ ਲਈ। ਇਹ ਪਹਿਲੀ ਸਾਹਿਤਕ ਕਿਤਾਬ ਸੀ ਜੋ ਉਸ ਨੇ ਪੜ੍ਹੀ: ਗੋਰਕੀ ਦਾ ਨਾਵਲ ‘ਮਾਂ’। ਉਸ ਵੇਲੇ ਉਸ ਨੂੰ ਨਹੀਂ ਸੀ ਪਤਾ ਕਿ ਗੋਰਕੀ ਕੌਣ ਹੈ! ਮਗਰੋਂ ਉਹਨੇ ਬੁੱਧ ਸਿੰਘ ਦੀ ਅਲਮਾਰੀ ਵਿਚੋਂ ਲਿਜਾ ਕੇ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ। ਬੁੱਧ ਸਿੰਘ ਨੂੰ ਉਨ੍ਹਾਂ ਦੇ ਘਰ ਦੀ ਹਾਲਤ ਦਾ ਪਤਾ ਸੀ। ਹੌਲੀ-ਹੌਲੀ ਬੁੱਧ ਸਿੰਘ ਨੇ ਉਹਨੂੰ ਸਮਝਾਇਆ ਕਿ ਉਹ ਦੁਬਾਰਾ ਸਕੂਲ ਵਿਚ ਪੜ੍ਹਨ ਲੱਗ ਜਾਵੇ ਪਰ ਉਹ ਆਪਣੇ ਬਾਬੇ ਤੋਂ ਡਰਦਾ ਸੀ ਪਰ ਬੁੱਧ ਸਿੰਘ ਨੇ ਉਹਨੂੰ ਹੌਸਲਾ ਦਿੱਤਾ ਕਿ ਕਿਸੇ ਤੋਂ ਡਰਨ ਦੀ ਲੋੜ ਨਹੀਂ। ਇਉਂ ਉਹ ਕੁਝ ਸਾਲਾਂ ਬਾਅਦ ਦੁਬਾਰਾ ਸਕੂਲ ਦਾਖਲ ਹੋ ਗਿਆ। ਦਾਖਲੇ ਦੇ ਪੈਸੇ ਵੀ ਬੁੱਧ ਸਿੰਘ ਨੇ ਹੀ ਦਿੱਤੇ। ਫਿਰ ਇਕ ਦਿਨ ਬੁੱਧ ਸਿੰਘ ਨੇ ਉਹਨੂੰ ਨਾਨਕੀਂ ਜਾ ਕੇ ਮਾਂ ਨੂੰ ਮਿਲਣ ਲਈ ਆਖਿਆ। ਉਹ ਜਦੋਂ ਨਾਨਕੀਂ ਗਿਆ ਤਾਂ ਮਾਂ ਉਹਨੂੰ ਪਛਾਣ ਨਾ ਸਕੀ। ਜਦੋਂ ਦੱਸਿਆ ਤਾਂ ਗਲ ਲੱਗ ਬਹੁਤ ਰੋਏ। ਛੋਟੀ ਭੈਣ ਬਾਰੇ ਪੁੱਛਿਆ ਤਾਂ ਮਾਂ ਨੇ ਦੱਸਿਆ ਕਿ ਉਹ ਬਹੁਤ ਬਿਮਾਰ ਹੋ ਗਈ ਸੀ, ਉਨ੍ਹਾਂ ਕੋਲ ਧੀ ਦਾ ਇਲਾਜ ਕਰਾਉਣ ਲਈ ਪੈਸੇ ਵੀ ਨਹੀਂ ਸਨ। ਉਸ ਦੀ ਮੌਤ ਹੋ ਚੁੱਕੀ ਸੀ। ਅਮਰੀਕ ਹੁਣ ਵੀ ਜਦੋਂ ਆਪਣੀ ਮਾਂ ਅਤੇ ਭੈਣ ਬਾਰੇ ਗੱਲਾਂ ਕਰਦਾ ਹੈ ਤਾਂ ਬਹੁਤ ਭਾਵੁਕ ਹੋ ਜਾਂਦਾ ਹੈ। ਉਦੋਂ ਉਹ ਮਾਤਾ ਨੂੰ ਆਪਣੇ ਨਾਲ ਹੀ ਪਿੰਡ ਲੈ ਆਇਆ ਸੀ। ਅਮਰੀਕ ਦੇ ਪਿਤਾ ਨੇ ਇੰਗਲੈਂਡ ਤੋਂ ਅਮਰੀਕ ਜਾਂ ਉਸ ਦੀ ਮਾਂ ਲਈ ਕਦੇ ਕੋਈ ਪੈਸਾ ਨਹੀਂ ਸੀ ਭੇਜਿਆ।

ਅਮਰੀਕ ਦਾ ਬਾਬਾ ਅਤੇ ਇਕ ਭੂਆ ਦੀਸ਼ੋ (ਜੋ ਬਹੁਤਾ ਸਮਾਂ ਮਨਸੂਰਪੁਰ ਹੀ ਰਹਿੰਦੀ ਸੀ) ਸਾਰੀ ਜ਼ਮੀਨ ਤੇ ਕਬਜ਼ਾ ਕਰੀ ਬੈਠੇ ਸਨ ਅਤੇ ਅਮਰੀਕ ਅਤੇ ਉਸ ਦੀ ਮਾਤਾ ਨੂੰ ਬਹੁਤ ਘੱਟ ਗੁਜ਼ਾਰੇ ਜੋਗੇ ਪੈਸੇ ਹੀ ਦਿੰਦੇ ਸਨ। ਜਦੋਂ ਅਮਰੀਕ ਹੁਸ਼ਿਆਰਪੁਰ ਪੜ੍ਹਦਾ ਸੀ, ਉਸ ਦੇ ਬਾਬੇ ਦੀ ਮੌਤ ਹੋ ਗਈ ਸੀ ਪਰ ਜ਼ਮੀਨ ਤੇ ਕਬਜ਼ਾ ਭੂਆ ਹੁਰਾਂ ਨੇ ਹੀ ਕੀਤਾ ਹੋਇਆ ਸੀ। ਜਦੋਂ ਅਮਰੀਕ ਮੁਕੇਰੀਆਂ ਕਾਲਜ ਵਿਚ ਪੜ੍ਹਨ ਆ ਲੱਗਾ ਤਾਂ ਉਸ ਨੇ ਸਰਪੰਚ ਬੁੱਧ ਸਿੰਘ ਨਾਲ ਇਸ ਬਾਰੇ ਗੱਲ ਕੀਤੀ ਤਾਂ ਬੁੱਧ ਸਿੰਘ ਨੇ ਅਮਰੀਕ ਨੂੰ ਆਪਣੇ ਹਿੱਸੇ ਦੀ ਜ਼ਮੀਨ ਤੇ ਜ਼ਬਰਦਸਤੀ ਕਬਜ਼ਾ ਕਰਨ ਦੀ ਸਲਾਹ ਦਿੱਤੀ। ਅਮਰੀਕ ਆਪਣੇ ਫੁੱਫੜ ਤੋਂ ਡਰਦਾ ਸੀ ਜਿਸ ਨੇ ਕਤਲ ਕੇਸ ਵਿਚ ਜੇਲ੍ਹ ਵੀ ਕੱਟੀ ਸੀ। ਬੁੱਧ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ਵਿਚ ਅਮਰੀਕ ਦੇ ਨਾਲ ਖੜ੍ਹਨਗੇ ਅਤੇ ਉਸ ਨੂੰ ਡਰਨ ਦੀ ਲੋੜ ਨਹੀਂ। ਇਸ ਤਰ੍ਹਾਂ ਅਮਰੀਕ ਨੇ ਜ਼ਬਰਦਸਤੀ ਆਪਣੇ ਹਿੱਸੇ ਦੀ ਸਾਢੇ ਤਿੰਨ ਏਕੜ ਜ਼ਮੀਨ ‘ਤੇ ਕਬਜ਼ਾ ਕਰ ਲਿਆ। ਪਿੰਡ ਦੀ ਪੰਚਾਇਤ ਨੇ ਪੂਰੀ ਤਰ੍ਹਾਂ ਅਮਰੀਕ ਦਾ ਸਾਥ ਦਿੱਤਾ ਸੀ। ਇਹ ਕਬਜ਼ਾ ਅਮਰੀਕ ਨੇ ਬੀ.ਏ. ਦੀ ਪੜ੍ਹਾਈ ਖਤਮ ਕਰਨ ਵੇਲੇ ਕੀਤਾ ਸੀ। ਇਸ ਜ਼ਮੀਨ ਤੋਂ ਆਉਂਦੇ ਠੇਕੇ ਨਾਲ ਅਮਰੀਕ ਦੇ ਮਾਤਾ ਦਾ ਗੁਜ਼ਾਰਾ ਹੋਈ ਜਾਂਦਾ ਸੀ ਅਤੇ ਕੁਝ ਐਮ.ਏ. ਦੀ ਪੜ੍ਹਾਈ ਵਿਚ ਅਮਰੀਕ ਦੀ ਮਦਦ ਹੋ ਜਾਂਦੀ ਸੀ।
ਜਦੋਂ ਉਹਨੇ ਮੈਨੂੰ ਦੱਸਿਆ ਕਿ ਉਸ ਦੇ ਪਿਤਾ ਨੇ ਦੂਜਾ ਵਿਆਹ ਕਰਾ ਲਿਆ ਸੀ ਤਾਂ ਮੈਂ ਸੋਚਿਆ ਕਿ ਸ਼ਾਇਦ ਉਸ ਨੇ ਇਹ ਵਿਆਹ ਇੰਗਲੈਂਡ ਜਾ ਕੇ ਕਰਾਇਆ ਸੀ। ਮੈਂ ਉਤਸੁਕਤਾ ਨਾਲ ਪੁੱਛਿਆ, “ਉਹ ਔਰਤ ਇੰਡੀਅਨ ਹੈ ਜਿਸ ਨਾਲ ਤੇਰੇ ਪਿਤਾ ਨੇ ਦੂਜਾ ਵਿਆਹ ਕਰਾਇਆ ਸੀ?”
“ਇੰਡੀਅਨ ਹੈ। ਹੋਰ ਉਸ ਨਾਲ ਕਿਸੇ ਮੇਮ ਨੇ ਵਿਆਹ ਕਰਾਉਣਾ ਸੀ? ਮੇਮਾਂ ਤਾਂ ਬਹੁਤ ਇੰਟੈਲੀਜੈਂਟ ਹੁੰਦੀਆਂ।” ਇਹ ਕਹਿ ਕੇ ਅਮਰੀਕ ਆਪਣੇ ਟਰੇਡ-ਮਾਰਕ ਉੱਚੀ-ਉੱਚੀ ਹਾਸੇ ਵਿਚ ਹੱਸਣ ਲੱਗ ਪਿਆ।
ਫਿਰ ਉਹ ਕਹਿੰਦਾ, “ਸਾਡੇ ਤਾਂ ਘਰ ਵਿਚ ਹੀ ਵਿਲਨ ਹਨ, ਬਾਹਰੋਂ ਥੋੜ੍ਹੋ ਲੈਣ ਜਾਣੇ ਹਨ।” ਅਮਰੀਕ ਅਨੁਸਾਰ ਉਸ ਦੀ ਮਤਰੇਈ ਮਾਂ ਪਿੱਛਿਓਂ ਕਰਨਾਲ ਦੀ ਸੀ। ਉਸ ਨੇ ਆਪਣੇ ਪੁੱਤਰ ਦਾ ਵਿਆਹ ਆਪਣੇ ਭਰਾ ਦੀ ਕੁੜੀ ਨਾਲ ਕਰ ਦਿੱਤਾ ਸੀ, ਸਿਰਫ ਆਪਣੇ ਭਰਾ ਦੀ ਧੀ ਨੂੰ ਇੰਗਲੈਂਡ ਸੱਦਣ ਲਈ। ਇਹ ਪੁੱਤਰ ਕਤਲ ਕੇਸ ਵਿਚ ਜੇਲ੍ਹ ਦੀ ਸਜ਼ਾ ਭੁਗਤ ਚੁੱਕਾ ਸੀ। ਅਮਰੀਕ ਦੇ ਪਿਤਾ ਨੇ ਅਮਰੀਕ ਦੀ ਮਾਤਾ ਨੂੰ ਤਲਾਕ ਦਿੱਤੇ ਬਗੈਰ ਹੀ ਇੰਗਲੈਂਡ ਜਾਣ ਤੋਂ ਪਹਿਲਾਂ ਕਰਨਾਲ ਕੋਲ ਰਹਿੰਦੀ ਇਕ ਅਧਿਆਪਕਾ ਨਾਲ ਦੂਜਾ ਵਿਆਹ ਕਰਾ ਲਿਆ ਸੀ ਅਤੇ ਫਿਰ ਉਹ ਦੋਵੇਂ ਇਕੱਠੇ ਹੀ ਇੰਗਲੈਂਡ ਚਲੇ ਗਏ ਸੀ।
ਜਦੋਂ ਅਮਰੀਕ ਨੂੰ ‘ਹਮ ਦਿਲ ਦੇ ਚੁਕੇ ਸਨਮ’ ਫਿਲਮ ਦੇ ਡਾਇਲਾਗ ਲਿਖਣ ਲਈ ‘ਆਈਫਾ’ (ਇੰਡੀਅਨ ਇੰਟਰਨੈਸ਼ਨਲ ਫਿਲਮ ਐਵਾਰਡ) ਮਿਲਿਆ ਤਾਂ ਇਸ ਦਾ ਸਮਾਗਮ ਲੰਡਨ ਹੋਇਆ ਸੀ। ਉਹ ਹੋਟਲ ਵਿਚ ਠਹਿਰਿਆ। ਉਹਦੇ ਪਿਤਾ ਅਤੇ ਪਿਤਾ ਦੇ ਦੂਜੇ ਵਿਆਹ ਦੇ ਬੱਚਿਆਂ ਨੂੰ ਇਸ ਦੀ ਜਾਣਕਾਰੀ ਮਿਲ ਗਈ। ਉਨ੍ਹਾਂ ਹੋਟਲ ਵਿਚ ਆ ਕੇ ਹੇਠੋਂ ਅਮਰੀਕ ਨੂੰ ਫੋਨ ਕੀਤਾ ਕਿ ਉਹ ਹੋਟਲ ਵਿਚ ਆਏ ਹਨ ਅਤੇ ਉਸ ਨੂੰ ਮਿਲਣਾ ਚਾਹੁੰਦੇ ਹਨ। ਅਮਰੀਕ ਨੇ ਉਨ੍ਹਾਂ ਨੂੰ ਉਪਰ ਕਮਰੇ ਵਿਚ ਆਉਣ ਲਈ ਕਿਹਾ। ਅਮਰੀਕ ਦੀ ਭੈਣ ਕਹਿਣ ਲੱਗੀ, “ਭਾਅ ਜੀ, ਇਕ ਹੋਰ ਗੱਲ, ਡੈਡੀ ਜੀ ਵੀ ਸਾਡੇ ਨਾਲ ਹਨ।” ਅਮਰੀਕ ਨੇ ਉਸ ਨੂੰ ਕਿਹਾ ਕਿ ਡੈਡੀ ਉਸ ਨੂੰ ਮਿਲਣ ਨਹੀਂ ਆ ਸਕਦਾ, ਸਿਰਫ ਭੈਣ ਭਰਾ ਆ ਸਕਦੇ ਹਨ। ਜੇ ਡੈਡੀ ਵੀ ਆ ਗਿਆ ਤਾਂ ਅਮਰੀਕ ਸਾਰਿਆਂ ਨੂੰ ਵਾਪਸ ਭੇਜ ਦੇਵੇਗਾ। ਇਸ ਤਰ੍ਹਾਂ ਅਮਰੀਕ ਨੂੰ ਮਿਲਣ ਸਿਰਫ ਉਸ ਦੇ ਭੈਣ-ਭਰਾ ਹੀ ਆਏ।
ਜਦੋਂ ਅਮਰੀਕ ਦੇ ਪਿਤਾ ਦੀ ਇੰਗਲੈਂਡ ਵਿਚ ਮੌਤ ਹੋਈ ਤਾਂ ਉਹਦੇ ਰਿਸ਼ਤੇਦਾਰ ਕਹਿਣ ਲੱਗੇ ਕਿ ਉਹਨੂੰ ਸੰਸਕਾਰ ‘ਤੇ ਜ਼ਰੂਰ ਜਾਣਾ ਚਾਹੀਦਾ ਹੈ। ਉਹ ਨਹੀਂ ਸੀ ਜਾਣਾ ਚਾਹੁੰਦਾ ਪਰ ਰਿਸ਼ਤੇਦਾਰਾਂ ਦੇ ਬਹੁਤ ਮਜਬੂਰ ਕਰਨ ‘ਤੇ ਉਹ ਚਲੇ ਗਿਆ। ਉਹ ਸੰਸਕਾਰ ਦੀ ਕਹਾਣੀ ਸੁਣਾਉਂਦਾ ਹੈ: “ਸੰਸਕਾਰ ਵੇਲੇ ਪਿਤਾ ਬਕਸੇ ਵਿਚ ਬੰਦ ਸੀ। ਬਕਸਾ ਬੈਲਟ ‘ਤੇ ਪਿਆ ਸੀ। ਫੈਸਲਾ ਹੋਇਆ ਸੀ ਕਿ ਮੈਂ ਅਤੇ ਮੇਰਾ ਮਤਰੇਆ ਭਰਾ, ਦੋਵੇਂ ਹੀ ਰਲ ਕੇ ਬਟਨ ਦੱਬਾਂਗੇ। ਬਟਨ ਦੱਬਿਆ ਜਾਵੇਗਾ ਤਾਂ ਬਕਸਾ ਬੈਲਟ ‘ਤੇ ਤੁਰਨ ਨਾਲ ਅੱਗ ਦੀ ਲਾਟ ਵਿਚ ਜਾ ਪਵੇਗਾ। ਗੋਰੇ ਇੰਚਾਰਜ ਨੇ ਅਮਰੀਕ ਨੂੰ ਸਮਝਾਇਆ ਕਿ ਉਹ (ਗੋਰਾ) ਆਪਣੀ ਬਾਂਹ ਉੱਪਰ ਕਰੇਗਾ। ਜਦੋਂ ਉਹ ਬਾਂਹ ਪੂਰੀ ਹੇਠਾਂ ਸੁੱਟ ਲਵੇ ਤਾਂ ਦੋਵੇਂ ਭਰਾ ਰਲ ਕੇ ਬਟਨ ਦੱਬ ਦੇਣਾ। ਮੇਰੇ ਅੰਦਰ ਮੇਰੇ ਬਾਬੇ ਅਤੇ ਪਿਤਾ ਵਾਲੀ ਕਮੀਨਗੀ ਦਾ ਕੀੜਾ ਉੱਭਰ ਆਇਆ। ਹਾਲੇ ਗੋਰੇ ਨੇ ਬਾਂਹ ਥੋੜ੍ਹੀ ਜਿਹੀ ਹੇਠਾਂ ਕੀਤੀ ਸੀ ਕਿ ਮੈਂ ਬਟਨ ਦੱਬ ਦਿੱਤਾ। ਮੇਰੀ ਮਤਰੇਈ ਮਾਂ ਨੇ ਬਕਸਾ ਰੋਕਣ ਲਈ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਉਸ ਦੇ ਪੁੱਤਰ ਨੂੰ ਬਟਨ ਦੱਬਣ ਦਾ ਮੌਕਾ ਨਹੀਂ ਸੀ ਮਿਲਿਆ ਪਰ ਬਕਸਾ ਅੱਗੇ ਜਾ ਚੁੱਕਾ ਸੀ। ਜਦੋਂ ਮੈਨੂੰ ਮੇਰੇ ਰਿਸ਼ਤੇਦਾਰਾਂ ਨੇ ਪੁੱਛਿਆ ਕਿ ਮੈਂ ਬਟਨ ਪਹਿਲਾਂ ਕਿਉਂ ਦੱਬ ਦਿੱਤਾ ਤਾਂ ਮੈਂ ਕਿਹਾ ਕਿ ਮੈਂ ਨਰਵਸ ਹੋ ਗਿਆ ਸੀ। ਮੇਰੇ ਅੰਦਰ ਪਿਓ ਪ੍ਰਤੀ ਮੋਹ ਪੈਦਾ ਹੋ ਗਿਆ ਸੀ। ਮੈਨੂੰ ਪਤਾ ਹੀ ਨਹੀਂ ਲੱਗਾ ਕਿ ਬਟਨ ਕਦੋਂ ਦੱਬਿਆ ਗਿਆ।” ਇਹ ਕਹਿ ਕੇ ਅਮਰੀਕ ਜ਼ੋਰ ਜ਼ੋਰ ਦੀ ਹੱਸਿਆ। ਮੈਨੂੰ ਵੀ ਖੂਬ ਹਾਸਾ ਆਇਆ। ਹੁਣ ਵੀ ਮੈਨੂੰ ਜਦੋਂ ਉਸ ਦੀ ਇਹ ਗੱਲ ਯਾਦ ਆਉਂਦੀ ਹੈ ਤਾਂ ਹਾਸਾ ਆ ਜਾਂਦਾ ਹੈ।
ਅਮਰੀਕ ਕਹਿੰਦਾ ਹੈ, “ਜਦੋਂ ਮੈਂ ਆਪਣੇ ਪਿਤਾ ਦੇ ਸੰਸਕਾਰ ‘ਤੇ ਇੰਗਲੈਂਡ ਗਿਆ ਸੀ ਤਾਂ ਉੱਥੇ ਮੇਰੇ ਪਿਤਾ ਦਾ ਇਕ (ਕਾਲੇ ਰੰਗ ਦਾ) ਦੋਸਤ ਮਿਲਿਆ ਜਿਸ ਦਾ ਨਾਂ ਜਾਰਜ ਸੀ। ਉਹ ਕਹਿੰਦਾ, ਮੈਂ ਤੇਰੇ ਨਾਲ ਬੈਠ ਕੇ ਗੱਲ ਕਰਨੀ ਹੈ। ਜਦੋਂ ਅਸੀਂ ਉਸ ਦੇ ਘਰ ਬੈਠੇ ਤਾਂ ਉਸ ਨੇ ਦੱਸਿਆ ਕਿ ਮੇਰੇ ਪਿਤਾ ਦੀ ਇਕ ਮਾਸ਼ੂਕ ਵੀ ਸੀ ਜਿਸ ਦਾ ਨਾਂ ਬੀਬੋ ਸੀ। ਉਹ ਮੁਸਲਮਾਨ ਸੀ ਅਤੇ ਨੇੜਲੇ ਸ਼ਹਿਰ ਵਿਚ ਰਹਿੰਦੀ ਸੀ। ਮੇਰਾ ਪਿਤਾ ਉਸ ਨੂੰ ਲੁਕ-ਛਿਪ ਕੇ ਹੋਟਲਾਂ ਵਿਚ ਮਿਲਦਾ ਹੁੰਦਾ ਸੀ। ਦੋਸਤ ਨੇ ਦੱਸਿਆ ਕਿ ਬੀਬੋ ਮੈਨੂੰ ਮਿਲਣਾ ਚਾਹੁੰਦੀ ਹੈ। ਮੇਰੇ ਪਿਤਾ ਨੇ ਬੀਬੋ ਨੂੰ ਮੇਰੇ ਬਾਰੇ ਦੱਸਿਆ ਹੋਇਆ ਸੀ। ਇਸ ਤਰ੍ਹਾਂ ਮੈਂ ਬੀਬੋ ਨੂੰ ਮਿਲਿਆ। ਬਹੁਤ ਵਧੀਆ ਔਰਤ ਸੀ। … ਬੀਬੋ ਨੇ ਮੈਨੂੰ ਦੱਸਿਆ ਕਿ ਮੇਰਾ ਪਿਤਾ ਕਈ ਵਾਰੀ ਉਸ ਨੂੰ ਨਾਲ ਲੈ ਕੇ ਜਿੱਥੇ ਵੀ ਮੇਰੀ ਫਿਲਮ ਲੱਗੀ ਹੋਵੇ, ਦੇਖਣ ਜਾਂਦਾ ਸੀ। ਬੀਬੋ ਨੇ ਦੱਸਿਆ ਕਿ ਮੇਰਾ ਪਿਤਾ ਮੈਨੂੰ ਬਹੁਤ ਪਿਆਰ ਕਰਦਾ ਸੀ। ਮੇਰੀ ਮਤਰੇਈ ਮਾਂ ਨੇ ਮੇਰੇ ਪਿਉ ਨੂੰ ਬਹੁਤ ਤੰਗ ਕੀਤਾ ਸੀ। ਬੀਬੋ ਨੇ ਮੇਰੇ ਦੋਵੇਂ ਹੱਥ ਫੜ ਕੇ ਆਪਣੇ ਮੂੰਹ ਨਾਲ ਲਾ ਲਏ ਸਨ ਅਤੇ ਉਹ ਬਹੁਤ ਰੋਈ ਸੀ …।”
(ਚਲਦਾ)