ਪੂਰਾ ਸਤਿਗੁਰੁ ਜਾਣੀਐ ਪੂਰੇ ਪੂਰਾ ਥਾਟੁ ਬਣਾਇਆ

ਡਾ. ਗੁਰਨਾਮ ਕੌਰ, ਕੈਨੇਡਾ
ਛੇਵੀਂ ਵਾਰ ਵਿਚ ਭਾਈ ਗੁਰਦਾਸ ਨੇ ਸਤਿਗੁਰੂ, ਗੁਰੂ, ਗੁਰਮੁਖਿ ਜਾਂ ਗੁਰਸਿੱਖ ਦੀ ਰਹਿਣੀ, ਗੁਰੂ ਦਾ ਸ਼ਬਦ, ਸਾਧਸੰਗਤਿ, ਕੁਦਰਤਿ, ਗ੍ਰਹਿਸਤ, ਗਿਆਨੀ, ਹੱਥੀਂ ਕਿਰਤ ਕਰਨਾ ਆਦਿ ਸਿੱਖ ਧਰਮ ਨਾਲ ਜੁੜੇ ਕਈ ਸੰਕਲਪਾਂ ‘ਤੇ ਚਾਨਣਾ ਪਾਇਆ ਹੈ, ਜਿਨ੍ਹਾਂ ਦਾ ਸੰਖੇਪ ਵਰਨਣ ਅਸੀਂ ਆਪਣੇ ਛੇਵੀਂ ਵਾਰ ਦੇ ਅਧਿਐਨ ਵਿਚ ਕਰਾਂਗੇ। ਛੇਵੀਂ ਵਾਰ ਦੀ ਪਹਿਲੀ ਪਉੜੀ ਮੰਗਲਾਚਰਣ ਹੈ। ਮੰਗਲਾਚਰਣ ਆਮ ਤੌਰ `ਤੇ ਕਿਸੇ ਗ੍ਰੰਥ ਦੇ ਅਰੰਭ ਵਿਚ ਕੀਤਾ ਜਾਂਦਾ ਹੈ, ਜਿਸ ਵਿਚ ਇਸ਼ਟਦੇਵ ਦੀ, ਜਿਸ ਬਾਰੇ ਅੱਗੇ ਲਿਖਿਆ ਜਾਣਾ ਹੁੰਦਾ ਹੈ, ਉਸ ਦੀ ਅਰਾਧਨਾ ਅਤੇ ਸਿਫਤਿ ਕੀਤੀ ਜਾਂਦੀ ਹੈ।

ਪਹਿਲੀ ਪਉੜੀ ਵਿਚ ਭਾਈ ਗੁਰਦਾਸ ਨੇ ਸਤਿਗੁਰੂ, ਗੁਰੂ ਅਤੇ ਸਾਧਸੰਗਤਿ ਦੀ ਵਡਿਆਈ ਦੱਸੀ ਹੈ। ਭਾਈ ਗੁਰਦਾਸ ਪੂਰੇ ਸਤਿਗੁਰੂ ਨੂੰ ਕਰਤਾ ਪੁਰਖ ਦੇ ਅਰਥਾਂ ਵਿਚ ਲੈਂਦਿਆਂ ਬਿਆਨ ਕਰਦੇ ਹਨ ਕਿ ਪੂਰੇ ਸਤਿਗੁਰੂ ਨੂੰ ਜਾਣਨਾ ਅਤੇ ਸਮਝਣਾ ਚਾਹੀਦਾ ਹੈ, ਜਿਸ ਨੇ ਸਾਡੇ ਆਸ-ਪਾਸ ਏਨੀ ਸ਼ਾਨਦਾਰ, ਅਦਭੁੱਤ ਰਚਨਾ ਰਚੀ ਹੈ। ਉਸ ਪੂਰੇ ਦੀ ਰਚੀ ਹੋਈ ਸਾਧਸੰਗਤਿ ਵੀ ਸੰਪੂਰਨ ਹੈ, ਜਿਸ ਨੇ ਉਸ ਪੂਰੇ ਸਤਿਗੁਰੂ ਦੀ ਉਸਤਤਿ ਦਾ, ਉਸ ਦੇ ਨਾਮ ਦਾ ਪੂਰਾ ਮੰਤਰ ਦ੍ਰਿੜ ਕਰਾਇਆ ਹੈ। ਉਸ ਪੂਰੇ ਗੁਰੂ ਨੇ ਉਸ ਕਰਤਾ ਪੁਰਖ ਲਈ ਪੂਰਨ ਪ੍ਰੇਮ ਮਨਾਂ ਵਿਚ ਪੈਦਾ ਕੀਤਾ ਹੈ ਅਤੇ ਗੁਰਮੁਖਾਂ ਲਈ ਜੀਵਨ-ਜੁਗਤਿ ਦਾ ‘ਗੁਰਮਤਿ ਗਾਡੀ ਰਾਹ’ ਸਥਾਪਤ ਕੀਤਾ ਹੈ। ਉਸ ਪੂਰੇ ਗੁਰੂ ਦਾ ਦਰਸ਼ਨ ਵੀ ਪੂਰਾ ਹੈ ਅਤੇ ਉਸ ਨੇ ਜੋ ਸ਼ਬਦ ਸੁਣਨ ਲਈ ਦਿੱਤਾ ਹੈ, ਉਹ ਵੀ ਪੂਰਾ ਹੈ। ਉਸ ਪੂਰੇ ਦਾ ਆਸਣ (ਤਖਤ) ਵੀ ਪੂਰਾ ਹੈ ਅਤੇ ਉਸ ਆਸਣ ‘ਤੇ ਉਸ ਦਾ ਬੈਠਣਾ ਵੀ ਸੰਪੂਰਨ ਹੈ। ਉਸ ਦੀ ਰਚੀ ਹੋਈ ਸਾਧਸੰਗਤਿ, ਜਿਥੇ ਬੈਠ ਕੇ ਉਹ ਉਪਦੇਸ਼ ਕਰਦਾ ਹੈ, ਸਚਖੰਡ ਹੈ, ਕਿਉਂਕਿ ਉਥੇ ਸਤਿ ਦਾ ਵਾਸਾ ਹੈ। ਉਸ ਨੂੰ ਆਪਣੇ ਭਗਤਾਂ ਨਾਲ ਪ੍ਰੇਮ ਹੈ, ਉਹ ਆਪਣੇ ਭਗਤਾਂ ‘ਤੇ ਮਿਹਰ ਕਰਦਾ ਹੈ, ਇਸ ਲਈ ਉਹ ਆਪਣੇ ਭਗਤਾਂ ਦੀ ਪਹੁੰਚ ਵਿਚ ਹੈ। ਗੁਰੂ ਨੂੰ ਆਪਣੇ ਸਿੱਖਾਂ ਨਾਲ ਪ੍ਰੇਮ ਹੈ, ਇਸ ਲਈ ਉਹ ਆਪਣੇ ਸਿੱਖਾਂ ਨੂੰ ਉਸ ਕਰਤਾ ਪੁਰਖ ਦੇ ਸੱਚੇ ਸੁਭਾਅ ਦਾ ਗਿਆਨ, ਸੱਚਾ ਨਾਮ ਅਤੇ ਉਸ ਦਾ ਗਿਆਨ ਦੇਣ ਵਾਲੀ ਭਗਤੀ ਬਾਰੇ ਸਮਝਾਉਂਦਾ ਹੈ। ਇਸ ਦਾ ਨਤੀਜਾ ਇਹ ਕੱਢਦੇ ਹਨ ਕਿ ਗੁਰੂ ਨੇ ਆਪਣੇ ਸਿੱਖ ਨੂੰ ਗੁਰਮਤਿ ਦੇ ਰਸਤੇ ‘ਤੇ ਵਿਲੀਨ ਕਰ ਦਿੱਤਾ ਹੈ:
ਪੂਰਾ ਸਤਿਗੁਰੁ ਜਾਣੀਐ
ਪੂਰੇ ਪੂਰਾ ਥਾਟੁ ਬਣਾਇਆ।
ਪੂਰੇ ਪੂਰਾ ਸਾਧਸੰਗੁ
ਪੂਰੇ ਪੂਰਾ ਮੰਤ੍ਰ ਦ੍ਰਿੜਾਇਆ।…
ਗੁਰ ਚੇਲੇ ਪਰਚਾ ਪਰਚਾਇਆ॥1॥
ਭਾਈ ਗੁਰਦਾਸ ਅਗਲੀ ਪਉੜੀ ਵਿਚ ਦੱਸਦੇ ਹਨ ਕਿ ਸਮਰੱਥ ਕਰਤਾ ਪੁਰਖ ਹੀ ਇਸ ਰਚਨਾ ਦੀ ਹੋਂਦ ਦਾ ਕਾਰਨ ਹੈ ਅਤੇ ਸਾਧਸੰਗਤਿ ਜੋ ਚਾਹੇ ਸਤਿਗੁਰੁ ਉਸ ਦੀ ਇੱਛਾ ਅਨੁਸਾਰ ਕਰਦੇ ਹਨ। ਉਸ ਦਾਤੇ ਦੇ ਭੰਡਾਰ ਭਰੇ ਹੋਏ ਹਨ ਅਤੇ ਸਾਧਸੰਗਤਿ ਜੋ ਚਾਹੁੰਦੀ ਹੈ, ਉਹ ਦਿੰਦੇ ਹਨ। ਪਾਰਬ੍ਰਹਮ ਆਪ ਗੁਰੂ-ਰੂਪ ਹੋ ਕੇ ਸਾਧ ਸੰਗਤਿ ਵਿਚ ਗੁਰੂ ਸ਼ਬਦ ਦੇ ਰਾਹੀਂ ਸਮਾਇਆ ਹੋਇਆ ਹੈ। ਭਾਵ ਗੁਰੂ ਨੇ ਆਪ ਉਸ ਪਾਰਬ੍ਰਹਮ ਦਾ ਅਨੁਭਵ ਕੀਤਾ ਹੋਇਆ ਹੈ ਇਸ ਲਈ ਬ੍ਰਹਮ ਗੁਰੂ ਰੂਪ ਹੋ ਗਿਆ ਹੈ ਤੇ ਗੁਰੂ ਨੇ ਆਪਣੇ ਸ਼ਬਦ ਰਾਹੀਂ, ਬਾਣੀ ਰਾਹੀਂ ਸਾਧਸੰਗਤਿ ਨੂੰ ਉਸ ਪਾਰਬ੍ਰਹਮ ਦਾ ਅਨੁਭਵ ਕਰਾ ਦਿੱਤਾ ਹੈ ਅਤੇ ਗੁਰਸ਼ਬਦ ਰਾਹੀਂ ਪਾਰਬ੍ਰਹਮ ਸਾਧਸੰਗਤਿ ਵਿਚ ਸਮਾਇਆ ਹੋਇਆ ਹੈ। ਉਸ ਪਾਰਬ੍ਰਹਮ ਦਾ ਅਨੁਭਵ ਜਾਂ ਉਸ ਦੇ ਦਰਸ਼ਨ ਜੱਗ ਕਰਕੇ ਜਾਂ ਉਸ ਨੂੰ ਭੋਗ ਲਾ ਕੇ, ਯੋਗ ਰਾਹੀਂ ਜਾਂ ਸਮਾਧੀ ਲਾ ਕੇ ਜਾਂ ਪੂਜਾ ਆਦਿ ਕਰਕੇ ਨਹੀਂ ਕੀਤੇ ਜਾ ਸਕਦੇ (ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਵਿਚ ਇਨ੍ਹਾਂ ਸਾਰੀਆਂ ਪਧਤੀਆਂ ਨੂੰ ਖਾਰਜ ਕੀਤਾ ਹੋਇਆ ਹੈ)। ਸਾਧਸੰਗਤਿ ਵਿਚ ਗੁਰੂ ਅਤੇ ਸਿੱਖ ਪਿਉ ਅਤੇ ਪੁੱਤਰ ਦੀ ਤਰ੍ਹਾਂ ਹਨ; ਗੁਰੂ ਜੋ ਦਿੰਦਾ ਹੈ, ਸਿੱਖ ਖਾਂਦੇ ਹਨ ਅਤੇ ਜੋ ਪਹਿਨਾਉਂਦਾ ਹੈ, ਪਹਿਨਦੇ ਹਨ। ਗੁਰੂ ਇੱਕ ਗ੍ਰਹਿਸਥੀ ਦੀ ਤਰ੍ਹਾਂ ਆਪ ਰਹੇ ਅਤੇ ਗ੍ਰਹਿਸਥੀ ਦੀ ਤਰ੍ਹਾਂ ਹੀ ਸਿੱਖ ਨੂੰ ਆਪਣੇ ਅੰਗੀਕਾਰ ਕੀਤਾ (ਸਿੱਖ ਧਰਮ ਗ੍ਰਹਿਸਥ ਧਰਮ ਹੈ, ਜਿਸ ਵਿਚ ਸਮਾਜ ਦਾ ਤਿਆਗ ਨਹੀਂ ਕਰਨਾ, ਸਗੋਂ ਸਮਾਜ ਵਿਚ ਵਿਚਰ ਕੇ ਸਰਬੱਤ ਦਾ ਭਲਾ ਚਾਹੁਣਾ ਹੈ)। ਨਤੀਜਾ ਇਹ ਕੱਢਿਆ ਹੈ ਕਿ ਕਰਤਾ ਪੁਰਖ ਮਾਇਆ ਦਾ ਪਾਸਾਰ ਕਰਕੇ ਵੀ, ਮਾਇਆ ਦੀ ਰਚਨਾ ਕਰਕੇ ਵੀ ਆਪ ਇਸ ਮਾਇਆਵੀ ਪਸਾਰੇ ਤੋਂ ਨਿਰਲੇਪ ਹੈ, ਅਪਰੰਪਰ ਹੈ:
ਕਰਣ ਕਾਰਣ ਸਮਰਥੁ ਹੈ
ਸਾਧਸੰਗਤਿ ਦਾ ਕਰੈ ਕਰਾਇਆ।
ਭਰੈ ਭੰਡਾਰ ਦਾਤਾਰੁ ਹੈ
ਸਾਧਸੰਗਤਿ ਦਾ ਦੇਇ ਦਿਵਾਇਆ।…
ਮਾਇਆ ਵਿਚਿ ਉਦਾਸੁ ਰਖਾਇਆ॥2॥
ਇਸ ਤੋਂ ਅੱਗੇ ਗੁਰੂ ਦੇ ਰਸਤੇ ‘ਤੇ ਚੱਲਣ ਵਾਲੇ ਅਰਥਾਤ ਗੁਰਮੁਖਾਂ ਦੀ ਹਰ ਰੋਜ਼ ਦੀ ਰਹਿਣੀ ਕਿਹੋ ਜਿਹੀ ਹੁੰਦੀ ਹੈ, ਉਸ ਦੀ ਵਿਆਖਿਆ ਕਰਦੇ ਹਨ। ਹਰ ਰੋਜ਼ ਅੰਮ੍ਰਿਤ ਵੇਲੇ ਜਾਗ ਕੇ ਗੁਰੂ ਦੇ ਸਿੱਖ ਦਰਿਆ ਆਦਿ (ਪਹਿਲੇ ਸਮਿਆਂ ਵਿਚ ਇਸ਼ਨਾਨ ਕਰਨ ਦੇ ਸਾਧਨ ਦਰਿਆ, ਖੂਹ ਜਾਂ ਤਾਲਾਬ, ਸਰੋਵਰ ਆਦਿ ਹੀ ਹੁੰਦੇ ਸਨ) ਵਿਚ ਇਸ਼ਨਾਨ ਕਰਦੇ ਹਨ। ਫਿਰ ਉਹ ਆਪਣਾ ਮਨ ਉਸ ਅਗਾਧਿ ਕਰਤਾ ਪੁਰਖ ਵਿਚ ਲਾ ਕੇ ਸਹਿਜ ਸਮਾਧ ਵਿਚ ਗੁਰੂ ਅਤੇ ਪਰਮਾਤਮਾ ਨੂੰ ਜਪੁਜੀ ਦੇ ਉਚਾਰਨ ਰਾਹੀਂ ਯਾਦ ਕਰਦੇ ਹਨ, ਭਾਵ ਗੁਰੂ ਦੇ ਰਚੇ ਸ਼ਬਦ ‘ਜਪੁਜੀ’ ਦਾ ਉਚਾਰਨ ਕਰਕੇ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਹਨ। ਫਿਰ ਪੂਰੀ ਤਰ੍ਹਾਂ ਕਾਰਜਸ਼ੀਲ ਹੋ ਕੇ ਸਾਧਸੰਗਤਿ ਵਿਚ ਜਾ ਕੇ ਬੈਠਦੇ ਹਨ। ਸਾਧਸੰਗਤਿ ਵਿਚ ਸ਼ਬਦ ਵਿਚ ਸੁਰਤਿ ਨੂੰ ਟਿਕਾ ਕੇ, ਸ਼ਬਦ ਨਾਲ ਸੁਰਤਿ ਨੂੰ ਲਿਵਲੀਨ ਕਰ ਲੈਂਦੇ ਹਨ ਅਤੇ ਇਕਸੁਰ ਹੋ ਕੇ ਗੁਰਬਾਣੀ ਗਾਉਂਦੇ ਹਨ ਭਾਵ ਉਹ ਬਾਣੀ ਦਾ ਕੀਰਤਨ ਕਰਦੇ ਤੇ ਸੁਣਾਉਂਦੇ ਹਨ। ਉਹ ਆਪਣਾ ਸਮਾਂ ਪ੍ਰੇਮਾ-ਭਗਤੀ, ਸੇਵਾ ਅਤੇ ਪਰਮਾਤਮਾ ਦੇ ਭਉ ਵਿਚ ਗੁਜ਼ਾਰਨਾ ਪਸੰਦ ਕਰਦੇ ਹਨ ਤੇ ਗੁਰੂ ਦੇ ਪੁਰਬਾਂ ਨੂੰ ਮਨਾ ਕੇ ਗੁਰੂ ਦੀ ਸੇਵਾ ਕਰਦੇ ਹਨ। ਸ਼ਾਮ ਦੇ ਸਮੇਂ ਉਹ ‘ਸੋਦਰ’ ਦਾ ਕੀਰਤਨ ਕਰਦੇ ਹਨ ਅਤੇ ਇੱਕ ਦੂਸਰੇ ਨਾਲ ਮੇਲ-ਮਿਲਾਪ ਕਰਦੇ ਹਨ, ਮਿਲ ਬੈਠਦੇ ਹਨ। ਰਾਤ ਵੇਲੇ ਸੋਹਿਲੇ ਅਤੇ ਆਰਤੀ ਦਾ ਉਚਾਰਨ ਕਰਕੇ ਪ੍ਰਸਾਦ ਵਰਤਾਉਂਦੇ ਹਨ। ਭਾਈ ਗੁਰਦਾਸ ਨਤੀਜਾ ਇਹ ਕੱਢਦੇ ਹਨ ਕਿ ਇਸ ਤਰ੍ਹਾਂ ਗੁਰੂ ਦੇ ਰਸਤੇ ‘ਤੇ ਚੱਲਣ ਵਾਲੇ ਗੁਰਮੁਖਿ ਪ੍ਰੇਮ ਨਾਲ ਸੁਖਫਲ ਦੀ ਪ੍ਰਾਪਤੀ ਕਰਦੇ ਹਨ:
ਅੰਮ੍ਰਿਤ ਵੇਲੇ ਉਠਿ ਕੈ
ਜਾਇ ਅੰਦਰਿ ਦਰੀਆਉ ਨ੍ਹਵੰਦੇ।
ਸਹਿਜਸਮਾਧਿ ਅਗਾਧਿ ਵਿਚਿ
ਇਕ ਮਨਿ ਹੋਇ ਗੁਰ ਜਾਪੁ ਜਪੰਦੇ।…
ਗੁਰਮੁਖਿ ਸੁਖ ਫਲੁ ਪਿਰਮ ਚਖੰਦੇ॥3॥
ਗੁਰੂ ਨਾਨਕ ਸਾਹਿਬ ਨੇ ਜਪੁਜੀ ਵਿਚ ਸ੍ਰਿਸ਼ਟੀ ਰਚਨਾ ਦੀ ਗੱਲ ਕਰਦਿਆਂ ਕਿਹਾ ਹੈ, “ਕੀਤਾ ਪਸਾਉ ਏਕੋ ਕਵਾਉ॥ ਤਿਸ ਤੇ ਹੋਏ ਲਖ ਦਰੀਆਉ॥” ਭਾਈ ਗੁਰਦਾਸ ਛੇਵੀਂ ਵਾਰ ਦੀ ਚੌਥੀ ਪਉੜੀ ਵਿਚ ਇਸੇ ਖਿਆਲ ਦਾ ਵਰਨਣ ਕਰਦੇ ਹਨ ਕਿ ਓਅੰਕਾਰ ਅਰਥਾਤ ਕਰਤਾ ਪੁਰਖ ਨੇ ਇੱਕ ਵਾਕ ਬੋਲ ਕੇ ਇਹ ਸਾਰਾ ਵਿਭਿੰਨ ਕਿਸਮ ਦਾ ਪਾਸਾਰਾ ਪਸਾਰ ਦਿੱਤਾ। ਉਸ ਨੇ ਹਵਾ, ਪਾਣੀ, ਅਗਨੀ, ਆਕਾਸ਼ ਅਤੇ ਧਰਤੀ ਨੂੰ ਬਿਨਾ ਕਿਸੇ ਆਸਰੇ ਦੇ ਟਿਕਾਇਆ ਹੋਇਆ ਹੈ। ਉਸ ਨੇ ਕਰੋੜਾਂ ਕੀ, ਅਣਗਿਣਤ ਬ੍ਰਹਿਮੰਡਾਂ ਦੀ ਰਚਨਾ ਕਰਕੇ ਆਪਣੇ ਆਪ ਨੂੰ ਇਸ ਦੇ ਜ਼ੱਰੇ ਜ਼ੱਰੇ ਵਿਚ ਰੱਖਿਆ ਹੋਇਆ ਹੈ। ਉਹ ਅਪਰੰਪਾਰ ਬ੍ਰਹਮ ਅੰਦਰ ਅਤੇ ਬਾਹਰ ਪੂਰਨ ਬ੍ਰਹਮ ਹੈ। ਉਹ ਅਪਹੁੰਚ, ਅਗਿਆਤ, ਅਚਿੰਤ ਅਤੇ ਅਨੰਤ ਹੈ। ਉਹ ਸਦੀਵੀ ਪ੍ਰੇਮਾ-ਭਗਤੀ ਦੇ ਕੇਂਦਰ ਵਿਚ ਹੁੰਦਾ ਹੈ ਅਤੇ ਭਗਤਾਂ ‘ਤੇ ਦਇਆ ਕਰਕੇ ਹਮੇਸ਼ਾ ਰਚਨਾ ਕਰਦਾ ਹੈ। ਪਰਮਾਤਮਾ ਦੇ ਬੀਜ-ਰੂਪ ਹੋਣ ਨੂੰ ਭਾਈ ਗੁਰਦਾਸ ਫਲ-ਬੀਜ-ਰੁੱਖ ਦੇ ਦ੍ਰਿਸ਼ਟਾਂਤ ਰਾਹੀਂ ਸਮਝਾਉਂਦੇ ਹਨ ਕਿ ਉਹ ਸੂਖਮ ਬੀਜ-ਰੂਪ ਹੋ ਕੇ ਅਪਰਗਟ ਤੋਂ ਇਸ ਵਿਸ਼ਾਲ ਬ੍ਰਹਿਮੰਡ ਦੇ ਰੂਪ ਵਿਚ ਪਰਗਟ ਹੁੰਦਾ ਹੈ, ਉਸੇ ਤਰ੍ਹਾਂ ਜਿਵੇਂ ਇੱਕ ਨਿੱਕੇ ਜਿਹੇ ਬੀਜ ਤੋਂ ਵੱਡਾ ਦਰਖਤ ਬਣ ਜਾਂਦਾ ਹੈ। ਫਲਾਂ ਵਿਚ ਬੀਜ ਹੁੰਦੇ ਹਨ ਅਤੇ ਫਿਰ ਇੱਕ ਬੀਜ ਤੋਂ ਲੱਖਾਂ ਫਲ ਪੈਦਾ ਹੁੰਦੇ ਹਨ। ਗੁਰਮੁਖਾਂ ਦੀ ਭਗਤੀ ਦਾ ਮੁਖ ਫਲ ਅਕਾਲ ਪੁਰਖ ਨਾਲ ਪ੍ਰੇਮ ਹੈ ਅਤੇ ਸਿੱਖ ਗੁਰੂ ਨੂੰ ਪ੍ਰੇਮ ਕਰਦੇ ਹਨ, ਗੁਰੂ ਆਪਣੇ ਸਿੱਖਾਂ ਨੂੰ ਪ੍ਰੇਮ ਕਰਦਾ ਹੈ। ਸਾਧਸੰਗਤਿ ਅਰਥਾਤ ਗੁਰਮੁਖਾਂ ਦੀ ਸੰਗਤਿ ਸਚਖੰਡ ਹੈ, ਜਿਸ ਵਿਚ ਉਹ ਅਪਰਗਟ ਪਰਮਾਤਮਾ ਨਿਵਾਸ ਕਰਦਾ ਹੈ। ਗੁਰਮੁਖਿ ਪ੍ਰੇਮਾ-ਭਗਤੀ ਰਾਹੀਂ ਜੀਵਨਮੁਕਤੀ ਪ੍ਰਾਪਤ ਕਰ ਲੈਂਦੇ ਹਨ:
ਇਕ ਕਵਾਉ ਪਸਾਉ ਕਰਿ
ਓਅੰਕਾਰ ਅਕਾਰੁ ਪਸਾਰਾ।
ਪਉਣ ਪਾਣੀ ਬੈਸੰਤਰੋ ਧਰਤਿ
ਅਗਾਸੁ ਧਰੇ ਨਿਰਧਾਰਾ।…
ਭਾਇ ਭਗਤਿ ਗੁਰਮੁਖਿ ਨਿਸਤਾਰਾ॥4॥
ਜਪੁਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਰੰਭ ਵਿਚ ਦਰਜ ਗੁਰੂ ਨਾਨਕ ਦੇਵ ਜੀ ਦੀ ਰਚੀ ਬਾਣੀ ਹੈ, ਜਿਸ ਦਾ ਪਾਠ ਅੰਮ੍ਰਿਤ ਵੇਲੇ ਕੀਤਾ ਜਾਂਦਾ ਹੈ, ਜਿਸ ਦਾ ਜ਼ਿਕਰ ਭਾਈ ਗੁਰਦਾਸ ਨੇ ਇਸੇ ਵਾਰ ਦੀ ਤੀਸਰੀ ਪਉੜੀ ਵਿਚ ਕੀਤਾ ਹੈ। ਜਪੁਜੀ ਸਾਹਿਬ ਦੇ ਅਖੀਰ ਵਿਚ ਸਲੋਕ ਹੈ, “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ” ਜਿਸ ਦੀ ਵਿਆਖਿਆ ਭਾਈ ਗੁਰਦਾਸ ਨੇ ਇਸ ਪੰਜਵੀ ਪਉੜੀ ਵਿਚ ਆਪਣੇ ਨਿਵੇਕਲੇ ਅੰਦਾਜ਼ ਵਿਚ ਕੀਤੀ ਹੈ। ਭਾਈ ਗੁਰਦਾਸ ਇਸ ਦੀ ਵਿਆਖਿਆ ਕਰਦੇ ਹਨ ਕਿ ਗੁਰੂ ਦਾ ਸ਼ਬਦ ਪਉਣ (ਹਵਾ) ਹੈ ਅਤੇ ਗੁਰੂ ਅਤੇ ਵਾਹਿਗੁਰੂ (ਪਰਮਾਤਮਾ) ਨੇ ਇਹ ਸ਼ਬਦ ਸੁਣਾਇਆ ਹੈ (ਬਾਣੀ ਨੂੰ, ਸ਼ਬਦ ਨੂੰ ‘ਧੁਰਿ ਕੀ ਬਾਣੀ’ ਮੰਨਿਆ ਗਿਆ ਹੈ)। ਪਾਣੀ ਮਨੁੱਖ ਦਾ ਪਿਤਾ ਹੈ, ਜੋ ਨਿਵਾਣ ਵੱਲ ਵਗ ਕੇ ਮਨੁੱਖ ਨੂੰ ਹਲੀਮੀ ਸਿਖਾਉਂਦਾ ਹੈ (ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪਾਣੀ ਨੂੰ ਪਿਤਾ ਇਸ ਕਰਕੇ ਵੀ ਮੰਨਿਆ ਗਿਆ ਹੈ, ਕਿਉਂਕਿ ਪਾਣੀ ਜੀਵਨ ਦਾਤਾ ਹੈ, “ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥”
ਗੁਰਮੁਖਾਂ ਨੇ ਵੀ ਆਪਣਾ ਪੰਥ ਹਲੀਮੀ, ਨਿਮਰਤਾ ਵਾਲਾ ਤੋਰਿਆ ਹੈ। ਧਰਤੀ ਮਾਤਾ ਹੈ, ਜਿਸ ਵਿਚ ਮਾਂ ਵਾਂਗ ਹੀ ਸਹਿਨਸ਼ੀਲਤਾ ਹੈ ਅਤੇ ਧਰਤੀ ਮਾਂ ਵਾਂਗ ਹੀ ਜੀਵਾਂ ਦੀ ਜਨਮਦਾਤੀ ਵੀ ਹੈ। ਰਾਤ ਅਤੇ ਦਿਨ ਦਾਈ ਤੇ ਦਾਇਆ ਹਨ, ਜੋ ਜਗਤ ਤਮਾਸ਼ੇ ਵਿਚ ਲੋਕਾਂ ਨੂੰ ਮਸ਼ਰੂਫ ਰੱਖਦੇ ਹਨ (ਰਾਤ ਸੁਆਉਂਦੀ ਹੈ, ਅਰਾਮ ਕਰਾਉਂਦੀ ਹੈ ਅਤੇ ਦਿਨ ਸੰਸਾਰਕ ਖੇਡਾਂ ਵਿਚ ਪਰਚਾਉਂਦਾ ਹੈ)। ਗੁਰਮੁਖ ਦਾ ਜਨਮ ਸਫਲਾ ਹੁੰਦਾ ਹੈ, ਕਿਉਂਕਿ ਉਸ ਨੇ ਸਾਧਸੰਗਤਿ ਵਿਚ ਜਾ ਕੇ ਆਪਣੇ ਅੰਦਰੋਂ ਆਪਾ-ਭਾਵ ਅਰਥਾਤ ਹਉਮੈ ਦਾ ਤਿਆਗ ਕਰ ਦਿੱਤਾ ਹੈ। ਗੁਰਮੁਖਿ ਜਨਮ ਅਤੇ ਮਰਨ ਦੇ ਚੱਕਰ ਤੋਂ ਮੁਕਤ ਹੋ ਜਾਂਦੇ ਹਨ ਅਤੇ ਸੰਸਾਰ ਵਿਚ ਰਹਿੰਦਿਆਂ ਵੀ ਜੀਵਨ-ਮੁਕਤ ਦੀ ਜੁਗਤਿ ਵਿਚ ਵਿਚਰਦੇ ਹਨ। ਭਾਵ ਗਮੀ-ਖੁਸ਼ੀ, ਦੁੱਖ-ਸੁੱਖ ਆਦਿ ਤੋਂ ਉੱਪਰ ਉੱਠ ਕੇ ਜਿਉਂਦੇ ਹਨ ਅਤੇ ਦੂਸਰਿਆਂ ਨੂੰ ਇਹ ਜੀਵਨ-ਜਾਚ ਸਿਖਾਉਂਦੇ ਹਨ। ਗੁਰੂ ਦੀ ਸਿਆਣਪ ਗੁਰਮੁਖਾਂ ਦੀ ਮਾਤਾ ਹੈ ਅਤੇ ਸੰਤੋਖ ਪਿਤਾ ਹੈ, ਜੋ ਉਨ੍ਹਾਂ ਦੀ ਸਹੀ ਰਸਤੇ ‘ਤੇ ਚੱਲਣ ਦੀ ਅਗਵਾਈ ਕਰਦੇ ਹਨ ਤੇ ਮੁਕਤੀ ਪ੍ਰਾਪਤੀ ਦਾ ਸਬੱਬ ਬਣਦੇ ਹਨ। ਧੀਰਜ ਅਤੇ ਆਪਣੇ ਫਰਜ਼ ਨੂੰ ਪਛਾਨਣਾ ਇਹ ਉਨ੍ਹਾਂ ਦੇ ਦੋਵੇਂ ਭਰਾ ਹਨ; ਜਪ, ਤਪ, ਜਤ, ਸਤ ਇਹ ਉਨ੍ਹਾਂ ਦੇ ਪੁੱਤਰ ਹਨ (ਗੁਰਮਤਿ ਅਨੁਸਾਰ ਪਰਮਾਤਮਾ ਦੇ ਗੁਣਾਂ ਦਾ ਸਿਮਰਨ ਕਰਨਾ, ਕਰਤਾ ਪੁਰਖ ਅਤੇ ਉਸ ਦੀ ਕੁਦਰਤਿ ਨੂੰ ਪ੍ਰੇਮ ਕਰਨਾ, ਕਾਮ, ਕ੍ਰੋਧ, ਲੋਭ, ਮੋਹ, ਹਉਮੈ ਆਦਿ ‘ਤੇ ਕਾਬੂ ਪਾ ਕੇ ਰੱਖਣਾ, ਸਤਿ ਦੇ ਮਾਰਗ ‘ਤੇ ਚੱਲਣਾ ਆਦਿ ਹੀ ਜਪ, ਤਪ, ਜਤ, ਸਤ ਆਦਿ ਗੁਣ ਹਨ)। ਗੁਰੂ ਅਤੇ ਚੇਲਾ ਇਕਮਿਕ ਹਨ, ਅਰਥਾਤ ਗੁਰੂ ਦੀ ਜੋਤਿ ਚੇਲੇ ਵਿਚ ਜਗ ਗਈ ਹੈ ਅਤੇ ਚੇਲਾ ਤੇ ਗੁਰੂ ਇਕਮਿਕ ਹੋ ਗਏ ਹਨ (ਗੁਰੂ ਨਾਨਕ ਨੇ ਆਪਣੀ ਜੋਤਿ ਭਾਈ ਲਹਿਣੇ ਵਿਚ ਜਗਾ ਕੇ ਉਨ੍ਹਾਂ ਨੂੰ ਗੁਰੂ ਅੰਗਦ ਬਣਾਇਆ ਅਤੇ ਵਿਧੀ ਪੂਰਵਕ ਮੱਥਾ ਟੇਕ ਕੇ ਗੁਰਗੱਦੀ ਸੌਂਪੀ, “ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ” ਦਾ ਸਿਧਾਂਤ ਸਥਾਪਤ ਕੀਤਾ), ਇਸ ਤਰ੍ਹਾਂ ਅੱਗੇ ਤੋਂ ਅੱਗੇ ਪੂਰਨ ਤੋਂ ਪੂਰਨ ਪੁਰਖ ਦਾ ਕੌਤਕ ਵਰਤਾਇਆ। ਭਾਈ ਗੁਰਦਾਸ ਨਤੀਜਾ ਕੱਢਦੇ ਹਨ ਕਿ ਇਸ ਤਰ੍ਹਾਂ ਗੁਰਮੁਖਾਂ ਨੇ ਪਰਮ ਸੁੱਖ ਦਾ ਅਨੁਭਵ ਆਪ ਕੀਤਾ ਅਤੇ ਹੋਰਨਾਂ ਨੂੰ ਵੀ ਅਨੁਭਵ ਕਰਾਇਆ:
ਪਉਣ ਗੁਰੂ ਗੁਰ ਸਬਦੁ ਹੈ
ਵਾਹਗੁਰੂ ਗੁਰ ਸਬਦੁ ਸੁਣਾਇਆ।
ਪਾਣੀ ਪਿਤਾ ਪਵਿਤ੍ਰ ਕਰਿ
ਗੁਰਮੁਖਿ ਪੰਥਿ ਨਿਵਾਣਿ ਚਲਾਇਆ।…
ਗੁਰਮੁਖਿ ਸੁਖ ਫਲੁ ਅਲਖੁ ਲਖਾਇਆ॥5॥
ਭਾਈ ਗੁਰਦਾਸ ਇੱਥੇ ਗੱਲ ਗੁਰਮੁਖਿ, ਗੁਰੂ, ਸਾਧਸੰਗਤਿ ਅਤੇ ਸ਼ਬਦ-ਸੁਰਤਿ ਦੀ ਕਰ ਰਹੇ ਹਨ। ਗੁਰਮੁਖਿ ਦਾ ਇੱਕ ਗੁਣ ਇਸ ਮਾਇਆਵੀ ਸੰਸਾਰ ਵਿਚ ਨਿਰਲੇਪ ਹੋ ਕੇ ਵਿਚਰਨ ਦਾ ਹੈ, ਜਿਸ ਦੀ ਸੋਝੀ ਉਸ ਨੂੰ ਸਾਧਸੰਗਤਿ ਵਿਚ ਜਾਇਆਂ ਗੁਰੂ ਦੇ ਸ਼ਬਦ ਵਿਚ ਸੁਰਤਿ ਟਿਕਾਉਣ ਨਾਲ ਹੁੰਦੀ ਹੈ। ਇਹ ਨਿਰਲੇਪਤਾ ਕੀ ਅਤੇ ਕਿਵੇਂ ਹੈ, ਇਸ ਨੂੰ ਭਾਈ ਗੁਰਦਾਸ ਵੱਖਰੇ ਵੱਖਰੇ ਦ੍ਰਿਸ਼ਟਾਂਤਾਂ ਰਾਹੀਂ ਸਮਝਾਉਂਦੇ ਹਨ। ਭਾਈ ਗੁਰਦਾਸ ਅਨੁਸਾਰ ਜਦੋਂ ਕੋਈ ਕਿਸੇ ਪਰਾਏ ਘਰ ਮਹਿਮਾਨ ਜਾਂ ਪ੍ਰਾਹੁਣਾ ਬਣ ਕੇ ਜਾਂਦਾ ਹੈ ਤਾਂ ਉਸ ਦਾ ਉਸ ਘਰ ਨਾਲ ਕੋਈ ਬਹੁਤਾ ਲਗਾਉ ਨਹੀਂ ਹੁੰਦਾ, ਅਰਥਾਤ ਉਹ ਉਥੇ ਨਿਰਲੇਪ ਹੋ ਕੇ ਵਿਚਰਦਾ ਹੈ। ਇਸੇ ਤਰ੍ਹਾਂ ਗੁਰਮੁਖਿ ਨੇ ਇਸ ਸੰਸਾਰ ਵਿਚ ਨਿਰਲੇਪ ਹੋ ਕੇ ਵਿਚਰਨਾ ਹੈ। ਕੰਵਲ ਦਾ ਫੁੱਲ ਪਾਣੀ ਵਿਚ ਉੱਗਦਾ ਹੈ, ਪਰ ਉਸ ਉੱਤੇ ਪਾਣੀ ਦਾ ਕੋਈ ਅਸਰ ਨਹੀਂ ਹੁੰਦਾ ਅਤੇ ਉਹ ਪਾਣੀ ਤੋਂ ਅਭਿੱਜ ਹੋ ਕੇ ਆਪਣਾ ਧਿਆਨ ਸੂਰਜ ਵੱਲ ਟਿਕਾ ਕੇ ਰੱਖਦਾ ਹੈ। ਇਸੇ ਨੂੰ ਗੁਰੂ ਨਾਨਕ ਸਾਹਿਬ ਨੇ “ਸਿਧ ਗੋਸਟਿ” ਵਿਚ “ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੇ॥ ਸੁਰਤਿ ਸਬਦਿ ਭਵਸਾਗਰੁ ਤਰੀਐ ਨਾਨਕ ਨਾਮੁ ਵਖਾਣੇ॥” ਕਿਹਾ ਹੈ ਕਿ ਜਿਵੇਂ ਪਾਣੀ ਵਿਚ ਉੱਗਿਆ ਕੰਵਲ ਫੁੱਲ ਪਾਣੀ ਤੋਂ ਨਿਰਲੇਪ ਰਹਿੰਦਾ ਹੈ, ਜਿਵੇਂ ਪਾਣੀ ਵਿਚ ਤਰਦੀ ਮੁਰਗਾਬੀ (ਪਾਣੀ ਵਿਚ ਉਸ ਦੇ ਖੰਭ ਨਹੀਂ ਭਿੱਜਦੇ) ਪਾਣੀ ਤੋਂ ਨਿਰਲੇਪ ਹੁੰਦੀ ਹੈ, ਇਸੇ ਤਰ੍ਹਾਂ ਗੁਰੂ ਦੇ ਸ਼ਬਦ ਵਿਚ ਸੁਰਤਿ ਜੋੜ ਕੇ ਨਾਮ ਜਪਿਆਂ ਨਿਰਲੇਪ ਹੋ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ।
ਭਾਈ ਗੁਰਦਾਸ ਕਹਿੰਦੇ ਹਨ ਕਿ ਸਾਧਸੰਗਤਿ ਵਿਚ ਜਾ ਕੇ ਗੁਰੂ ਅਤੇ ਚੇਲੇ ਦਾ ਮੇਲ ਗੁਰੂ ਦੇ ਸ਼ਬਦ ਵਿਚ ਸੁਰਤਿ ਟਿਕਾ ਕੇ ਹੁੰਦਾ ਹੈ। ਚਾਰ ਵਰਣਾਂ ਦੇ ਲੋਕ ਜਦੋਂ ਸਾਧਸੰਗਤਿ ਵਿਚ ਜਾ ਕੇ ਬੈਠਦੇ ਹਨ ਤਾਂ ਉਹ ਗੁਰੂ ਦੇ ਸਿੱਖ ਹੋ ਕੇ ਸੱਚਖੰਡ ਵਿਚ ਵਿਚਰਦੇ ਹਨ ਅਰਥਾਤ ਉਹ ਵਰਣ-ਵੰਡ ਤੋਂ ਨਿਰਲੇਪ ਹੋ ਕੇ ਵਿਚਰਦੇ ਹਨ। ਜਦੋਂ ਕੋਈ ਪਾਨ ਦਾ ਬੀੜਾ ਤਿਆਰ ਕਰਦਾ ਹੈ ਤਾਂ ਪਾਨ ਦੇ ਪੱਤੇ ‘ਤੇ ਕੱਥਾ, ਸੁਪਾਰੀ, ਚੂਨਾ ਆਦਿ ਪਾ ਕੇ ਤਿਆਰ ਕੀਤਾ ਜਾਂਦਾ ਹੈ, ਪਰ ਜਦੋਂ ਲੋਕ ਉਸ ਨੂੰ ਚਬਾ ਕੇ ਖਾਂਦੇ ਹਨ ਤਾਂ ਲਾਲ ਰੰਗ ਹੋ ਜਾਂਦਾ ਹੈ; ਉਹ ਚਾਰੇ ਪਦਾਰਥ ਆਪਾ-ਭਾਵ ਗੁਆ ਕੇ ਇੱਕੋ ਰੰਗ ਵਿਚ ਰੰਗੇ ਜਾਂਦੇ ਹਨ। ਛੇ ਸ਼ਾਸਤ੍ਰ (ਨਿਆਇ, ਵੈਸ਼ੇਸ਼ਕ, ਸਾਂਖ, ਯੋਗ, ਮੀਮਾਂਸਾ ਅਤੇ ਵੇਦਾਂਤ) ਅਤੇ ਯੋਗੀਆਂ ਦੇ ਬਾਰਾਂ ਪੰਥ ਆਪੋ ਆਪਣੇ ਮੱਤਾਂ ਦੇ ਗ੍ਰੰਥ ਸੁਣਾ ਕੇ ਖੜ੍ਹੇ ਤਰਸ ਰਹੇ ਹਨ, ਕਿਉਂਕਿ ਹਉਮੈ ਕਾਰਨ ਉਹ ਇਸ ਪਦਵੀ ਨੂੰ ਪ੍ਰਾਪਤ ਨਹੀਂ ਹੁੰਦੇ। ਸਾਲ ਵਿਚ ਛੇ ਰੁੱਤਾਂ ਆਉਂਦੀਆਂ ਹਨ ਅਤੇ ਬਾਰਾਂ ਮਹੀਨੇ ਹੁੰਦੇ ਹਨ, ਪਰ ਜਿਨ੍ਹਾਂ ਦੇ ਕਾਰਨ ਇਹ ਮਹੀਨੇ ਅਤੇ ਰੁੱਤਾਂ ਆਉਂਦੀਆਂ ਹਨ, ਉਹ ਸੂਰਜ ਅਤੇ ਚੰਦ ਇੱਕੋ ਹਨ। ਗੁਰਮੁਖਾਂ ਨੇ ਸੂਰਜ ਅਤੇ ਚੰਦ੍ਰਮਾ ਨੂੰ ਇੱਕ ਦੂਸਰੇ ਵਿਚ ਮੇਲ ਦਿੱਤਾ ਹੈ, ਅਰਥਾਤ ਉਨ੍ਹਾਂ ਨੇ ਰਜੋ ਤੇ ਸਤੋ ਗੁਣਾਂ ਦੀਆਂ ਹੱਦਾਂ ਨੂੰ ਮੇਲ ਦਿੱਤਾ ਹੈ, ਇਕੱਠਾ ਕਰ ਦਿੱਤਾ ਹੈ। ਗੁਰਮੁਖਿ ਸ਼ਿਵ ਸ਼ਕਤੀ ਦੀ ਮਾਇਆ ਤੋਂ ਉਤਾਂਹ ਉੱਠ ਕੇ ਉਸ ਇੱਕ ਪਰਮਾਤਮਾ ਦਾ ਧਿਆਨ ਧਰਦੇ ਹਨ। ਉਹ ਆਪ ਹਲੀਮੀ ਦਾ ਗੁਣ ਧਾਰਨ ਕਰਦੇ ਹਨ ਅਤੇ ਇਸ ਹਲੀਮੀ ਕਾਰਨ ਸਾਰਾ ਜਗਤ ਉਨ੍ਹਾਂ ਨੂੰ ਨਤਮਸਤਕ ਹੁੰਦਾ ਹੈ:
ਪਰ ਘਰ ਜਾਇ ਪਰਾਹੁਣਾ
ਆਸਾ ਵਿਚਿ ਨਿਰਾਸੁ ਵਲਾਏ।
ਪਾਣੀ ਅੰਦਰਿ ਕਵਲ ਜਿਉ
ਸੂਰਜ ਧਿਆਨੁ ਅਲਿਪਤੁ ਰਹਾਏ।…
ਪੈਰੀ ਪੈ ਜਗੁ ਪੈਰੀ ਪਾਏ॥6॥
ਅਗਲੀ ਪਉੜੀ ਵਿਚ ਵੀ ਗੁਰਮੁਖਿ ਦੀ ਰਹਿਣੀ ਕਿਹੋ ਜਿਹੀ ਹੁੰਦੀ ਹੈ ਜਾਂ ਹੋਣੀ ਚਾਹੀਦੀ ਹੈ, ਵਿਸ਼ੇ ‘ਤੇ ਗੱਲ ਕਰਦਿਆਂ ਗੁਰਮੁਖਿ ਦੇ ਖਾਸ ਗੁਣ ‘ਹਲੀਮੀ’ ਦਾ ਵਰਨਣ ਕੀਤਾ ਹੈ। ਗੁਰਮੁਖਿ ਗੁਰੂ ਦੇ ਉਪਦੇਸ਼ ਨੂੰ ਹੁਕਮ ਵਾਂਗ ਮੰਨਦੇ ਹੋਏ ਹਲੀਮੀ ਨੂੰ ਆਪਣੀ ਰਹਿਤ ਵਿਚ ਅਹਿਮ ਥਾਂ ਦਿੰਦੇ ਹਨ, ਹਲੀਮੀ ਨਾਲ ਰਹਿਤ ਨੂੰ ਅਪਨਾਉਂਦੇ ਹਨ। ਉਹ ਆਪਣਾ ਆਪਾ-ਭਾਵ ਗੁਰੂ ਅੱਗੇ ਸਮਰਪਣ ਕਰ ਦਿੰਦੇ ਹਨ ਅਤੇ ਗੁਰੂ ਦੀ ਚਰਨ-ਧੂੜ ਆਪਣੇ ਮੱਥੇ ‘ਤੇ ਲਾਉਂਦੇ ਹਨ (ਇਸ ਦਾ ਅਰਥ ਨਿਮਰਤਾ ਦਾ ਗੁਣ ਪੂਰੀ ਤਰ੍ਹਾਂ ਆਪਣੇ ਅੰਦਰ ਵਸਾਉਣਾ ਹੈ)। ਉਹ ਆਪਣੇ ਮਨ ਵਿਚੋਂ ਹਰ ਤਰ੍ਹਾਂ ਦੇ ਵਹਿਮ ਅਤੇ ਭਰਮ ਦਾ ਤਿਆਗ ਕਰਕੇ ਆਪਣੇ ਅੰਦਰ ਉਸ ਪਾਰਬ੍ਰਹਮ ਦੇ ਖਾਸ ਪ੍ਰੇਮ ਨੂੰ ਵਸਾ ਲੈਂਦੇ ਹਨ ਅਰਥਾਤ ਹਰ ਤਰ੍ਹਾਂ ਦੇ ਵਹਿਮ-ਭਰਮ ਤੋਂ ਮੁਕਤ ਹੋ ਕੇ ਇੱਕ ਕਰਤਾ ਪੁਰਖ ਵਿਚ ਪ੍ਰੇਮ ਉਤੇ ਭਰੋਸਾ ਕਰਦੇ ਤੇ ਟੇਕ ਰੱਖਦੇ ਹਨ। ਉਨ੍ਹਾਂ ਦੇ ਅੰਦਰ ਜਗ ਰਹੀ ਜੋਤਿ ਨੂੰ ਲੱਖਾਂ ਸੂਰਜਾਂ ਅਤੇ ਚੰਦਾਂ ਦੀ ਰੌਸ਼ਨੀ ਵੀ ਨਹੀਂ ਪਹੁੰਚ ਸਕਦੀ। ਗੁਰੂ ਨਾਨਕ ਸਾਹਿਬ ਨੇ ਹਉਮੈ ਨੂੰ “ਸਚਿਆਰ” ਪਦ ਅਰਥਾਤ ਗੁਰਮੁਖਿ ਪਦ ਦੀ ਪ੍ਰਾਪਤੀ ਦੇ ਰਸਤੇ ਦੀ ਸਭ ਤੋਂ ਵੱਡੀ ਰੁਕਾਵਟ ਮੰਨਿਆ ਹੈ। ਭਾਈ ਗੁਰਦਾਸ ਕਹਿੰਦੇ ਹਨ ਕਿ ਗੁਰਮੁਖਿ ਆਪਣੇ ਅੰਦਰੋਂ ਹਉਮੈ ਦਾ ਤਿਆਗ ਕਰਕੇ ਨਿਮਰਤਾ ਸਹਿਤ ਸਾਧਸੰਗਤਿ ਰੂਪੀ ਪਵਿੱਤਰ ਸਰੋਵਰ ਵਿਚ ਡੁਬਕੀ ਲਾਉਂਦੇ ਹਨ। ਸਾਧਸੰਗਤਿ ਉਸ ਪੂਰਨ ਬ੍ਰਹਮ ਦਾ ਨਿਵਾਸ ਸਥਾਨ ਹੈ, ਜਿੱਥੇ ਜਾ ਕੇ ਗੁਰਮੁਖਿ ਆਪਣੇ ਮਨ ਨੂੰ ਉਸ ਪੂਰਨ ਬ੍ਰਹਮ ਦੇ ਚਰਨ ਕੰਵਲਾਂ ਨਾਲ ਜੋੜਦੇ ਹਨ। ਉਹ ਭੌਰੇ ਦੀ ਤਰ੍ਹਾਂ ਪਾਰਬ੍ਰਹਮ ਦੇ ਸੁਖ ਦੇਣ ਵਾਲੇ ਚਰਨ-ਕੰਵਲਾਂ ਨਾਲ ਜੁੜ ਜਾਂਦੇ ਹਨ:
ਗੁਰ ਉਪਦੇਸ ਅਦੇਸੁ ਕਰਿ
ਪੈਰੀ ਪੈ ਰਹਰਾਸਿ ਕਰੰਦੇ।
ਚਰਣ ਸਰਣਿ ਮਸਤਕੁ ਧਰਨਿ
ਚਰਨ ਰੇਣੁ ਮੁਖਿ ਤਿਲਕ ਸੁਹੰਦੇ।…
ਸੁਖ ਸੰਪਟ ਹੋਇ ਭਵਰ ਵਸੰਦੇ॥7॥
ਅੱਗੇ ਦੱਸਿਆ ਹੈ ਕਿ ਗੁਰਮਤਿ ਅਨੁਸਾਰ ਅਸਲੀ ਗਿਆਨੀ ਕੌਣ ਹੈ। ਭਾਈ ਗੁਰਦਾਸ ਅਨੁਸਾਰ ਗੁਰੂ ਦਾ ਦਰਸ਼ਨ (ਫਲਸਫਾ) ਅਤੇ ਸੰਗਤਿ ਹੀ ਅਸਲੀ ਗਿਆਨ ਹੈ, ਕਿਉਂਕਿ ਇੱਥੇ ਦਰਸ਼ਨ (ਫਲਸਫੇ ਜਾਂ ਸਿਧਾਂਤ) ਦਾ ਵਿਸ਼ਾ ਇੱਕੋ ਅਕਾਲ ਪੁਰਖ ਦਾ ਗਿਆਨ ਹੈ। ਗੁਰਮੁਖਿ ਜਾਂ ਗਿਆਨੀ ਛੇ ਦਰਸ਼ਨਾਂ (ਛੇ ਭਾਰਤੀ ਸ਼ਾਸਤ੍ਰ) ਨੂੰ ਇੱਕੋ ਦਰਸ਼ਨ ਦੇ ਵਜੋਂ ਦੇਖਦਾ ਹੈ, ਅਰਥਾਤ ਉਨ੍ਹਾਂ ਨੂੰ ਮਾਨਤਾ ਨਹੀਂ ਦਿੰਦਾ, ਕਿਉਂਕਿ ਉਹ ਸਾਰੇ ਆਪਣਾ ਆਪਣਾ ਮਤ ਮੰਨਦੇ ਹਨ। ਗੁਰੂ ਦੇ ਗਿਆਨ ਰਾਹੀਂ ਦਿੱਬ-ਦ੍ਰਿਸ਼ਟੀ ਪ੍ਰਾਪਤ ਕਰਕੇ ਉਹ ਆਮ ਮਸਲਿਆਂ ਵਿਚ ਵੀ ਗੁਰੂ ਦੇ ਉਪਦੇਸ਼ਾਂ ਦੀ ਪਛਾਣ ਕਰਦਾ ਹੈ। ਸਿੱਖ ਧਰਮ ਚਿੰਤਨ ਵਿਚ ਅਧਿਆਤਮਕ ਪ੍ਰਾਪਤੀਆਂ ਲਈ ਬ੍ਰਹਮਚਾਰੀ ਰਹਿ ਕੇ ਜਾਂ ਗ੍ਰਹਿਸਥ ਦਾ ਤਿਆਗ ਕਰਕੇ ਜਤ-ਸਤ ਕਾਇਮ ਰੱਖਣ ਦੇ ਸਿਧਾਂਤ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ। ਗ੍ਰਹਿਸਥ ਵਿਚ ਰਹਿੰਦਿਆਂ ‘ਏਕਾ ਨਾਰੀ ਜਤੀ ਸਦਾਇ’ ਦੇ ਸਿਧਾਂਤ ਦੀ ਪਾਲਣਾ ਕਰਦਿਆਂ ਸਮਾਜ ਵਿਚ ਦੂਸਰੀਆਂ ਔਰਤਾਂ ਦਾ ਸਤਿਕਾਰ ਕਰਦਿਆਂ ਆਪਣੇ ਜਤ-ਸਤ ਨੂੰ ਕਾਇਮ ਰੱਖਣ ਦਾ ਸਿਧਾਂਤ ਦਿੱਤਾ ਹੈ। ਭਾਈ ਗੁਰਦਾਸ ਅਸਲੀ ਗਿਆਨੀ ਉਸ ਨੂੰ ਕਹਿੰਦੇ ਹਨ, ਜੋ ਆਪਣੀ ਪਤਨੀ ਨਾਲ ਗ੍ਰਹਿਸਥ ਦੇ ਫਰਜ਼ਾਂ ਨੂੰ ਨਿਭਾਉਂਦਿਆਂ ਪਰਾਈਆਂ ਔਰਤਾਂ ਨੂੰ ਆਪਣੀਆਂ ਭੈਣਾਂ ਤੇ ਧੀਆਂ ਸਮਝ ਕੇ ਸਤਿਕਾਰ ਦਿੰਦਾ ਹੈ। ਗੁਰੂ ਨਾਨਕ ਸਾਹਿਬ ਨੇ ‘ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ’ ਕਿਹਾ ਹੈ; ਭਾਈ ਗੁਰਦਾਸ ਇਸੇ ਸਿਧਾਂਤ ਦੀ ਲੋਅ ਵਿਚ ਦੂਸਰਿਆਂ ਦੇ ਹੱਕ ਦਾ ਸਤਿਕਾਰ ਕਰਨ ਨੂੰ ਗਿਆਨੀ ਦਾ ਲੱਛਣ ਮੰਨਦੇ ਹੋਏ ਕਹਿੰਦੇ ਹਨ ਕਿ ਦੂਸਰਿਆਂ ਦੀ ਦੌਲਤ ਹਥਿਆਉਣੀ ਉਵੇਂ ਹੀ ਗੁਨਾਹ ਹੈ ਤੇ ਵਰਜਿਤ ਹੈ, ਜਿਵੇਂ ਮੁਸਲਮਾਨ ਲਈ ਸੂਰ ਅਤੇ ਹਿੰਦੂ ਲਈ ਗਊ। ਗੁਰੂ ਦਾ ਗ੍ਰਹਿਸਥੀ ਸਿੱਖ ਗਿਆਨੀ ਹੁੰਦਿਆਂ ਹੋਇਆਂ ਬੋਦੀ ਅਤੇ ਜਨੇਊ ਦਾ ਉਵੇਂ ਹੀ ਤਿਆਗ ਕਰਦਾ ਹੈ, ਜਿਵੇਂ ਮਲ-ਮੂਤਰ ਆਦਿ ਦਾ। ਗੁਰੂ ਦਾ ਸਿੱਖ (ਗਿਆਨੀ) ਪਾਰਬ੍ਰਹਮ ਨੂੰ ਹੀ ਆਪਣੇ ਗਿਆਨ ਅਤੇ ਭਗਤੀ ਦਾ ਇੱਕੋ ਇੱਕ ਸਤਿ ਮੰਨਦਾ ਹੈ, ਉਸੇ ਇੱਕ ਦੀ ਪਛਾਣ ਕਰਦਾ ਹੈ। ਗੁਰਮਤਿ ਵਿਚ ਸਾਧਸੰਗਤਿ ਨੂੰ ਅਧਿਆਤਮਕਤਾ ਦੀ ਪਾਠਸ਼ਾਲਾ ਮੰਨਿਆ ਗਿਆ ਹੈ, ਜਿੱਥੇ ਗੁਰਮੁਖਿ ਗੁਰੂ ਦੇ ਸ਼ਬਦ ਨਾਲ ਜੁੜ ਕੇ ਗਿਆਨ ਪ੍ਰਾਪਤ ਕਰਦਾ ਹੈ। ਭਾਈ ਗੁਰਦਾਸ ਅਨੁਸਾਰ ਅਜਿਹੇ ਗੁਰਮੁਖਾਂ ਦੀ ਸੰਗਤਿ ਵਿਚ ਜਾ ਕੇ ਕੋਈ ਵੀ ਇਹ ਸਨਮਾਨਤਾ ਅਤੇ ਪ੍ਰਵਾਨਗੀ ਪ੍ਰਾਪਤ ਕਰਨ ਦੇ ਯੋਗ ਹੋ ਸਕਦਾ ਹੈ:
ਗੁਰ ਦਰਸਨੁ ਪਰਸਣੁ ਸਫਲੁ
ਛਿਅ ਦਰਸਨੁ ਇਕ ਦਰਸਨੁ ਜਾਣੈ।
ਦਿਬ ਦਿਸਟਿ ਪਰਗਾਸੁ ਕਰਿ
ਲੋਕ ਵੇਦ ਗੁਰ ਗਿਆਨੁ ਪਛਾਣੈ।…
ਸਾਧਸੰਗਤਿ ਮਿਲਿ ਪਤਿ ਪਰਵਾਣੈ॥8॥
ਅਗਲੀ ਪਉੜੀ ਵਿਚ ਭਾਈ ਗੁਰਦਾਸ ਵੱਖ ਵੱਖ ਦ੍ਰਿਸ਼ਟਾਂਤਾਂ ਰਾਹੀਂ ਸਮਝਾਉਂਦੇ ਹਨ ਕਿ ਜਿਸ ਤਰ੍ਹਾਂ ਗਊਆਂ ਦੇ ਕਈ ਰੰਗ ਹੁੰਦੇ ਹਨ, ਪਰ ਸਾਰੀਆਂ ਘਾਹ ਖਾ ਕੇ ਇੱਕੋ ਚਿੱਟੇ ਰੰਗ ਦਾ ਦੁੱਧ ਦਿੰਦੀਆਂ ਹਨ। ਇਸੇ ਤਰ੍ਹਾਂ ਬਨਸਪਤੀ ਵਿਚ ਅਨੇਕ ਕਿਸਮ ਦੇ ਰੁੱਖ ਹੁੰਦੇ ਹਨ, ਪਰ ਸਭ ਦੇ ਅੰਦਰ ਇੱਕੋ ਅੱਗ ਹੁੰਦੀ ਹੈ। ਬਹੁਤ ਸਾਰੇ ਲੋਕ ਰਤਨ ਆਦਿ ਕੀਮਤੀ ਪੱਥਰਾਂ ਨੂੰ ਦੇਖਦੇ ਹਨ, ਪਰ ਉਨ੍ਹਾਂ ਦਾ ਜੌਹਰੀ ਕੋਈ ਵਿਰਲਾ ਇੱਕ ਹੀ ਹੁੰਦਾ ਹੈ, ਜਿਸ ਨੂੰ ਉਨ੍ਹਾਂ ਦੀ ਪਛਾਣ ਜਾਂ ਪਰਖ ਹੁੰਦੀ ਹੈ। ਹੀਰੇ ਨੂੰ ਕੱਟਣ ਲਈ ਹੀਰੇ ਦਾ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਫਿਰ ਦੂਸਰੇ ਹੀਰਿਆਂ ਨਾਲ ਮਿਲ ਕੇ ਉਹ ਮਾਲਾ ਵਿਚ ਪਰੋਇਆ ਜਾਂਦਾ ਹੈ। ਇਸ ਤਰ੍ਹਾਂ ਗੁਰਮੁਖਾਂ ਦੀ ਸੰਗਤਿ ਵਿਚ ਜਾ ਕੇ ਮਨੁੱਖ ਦਾ ਮਨ ਗਿਆਨਵਾਨ ਹੋ ਜਾਂਦਾ ਹੈ ਅਤੇ ਗੁਰੁ-ਸ਼ਬਦ ਦੀ ਅੰਮ੍ਰਿਤ ਨਦਰਿ ਨਾਲ ਨਿਹਾਲ ਹੋ ਕੇ ਕਿਸੇ ਹੋਰ ਨਿਹਾਲਤਾ ਦੀ ਜ਼ਰੂਰਤ ਨਹੀਂ ਰਹਿੰਦੀ। ਉੱਤਮ ਸਰੀਰ ਉੱਤਮ ਦ੍ਰਿਸ਼ਟੀ ਵਾਲਾ ਹੋ ਕੇ ਫਿਰ ਪੂਰਨ ਬ੍ਰਹਮ ਦੇ ਅੰਗ-ਸੰਗਿ ਹੋ ਜਾਂਦਾ ਹੈ, ਉਹ ਆਪਣੇ ਅੰਦਰ ਦੈਵੀ ਜੋਤਿ ਦਾ ਅਨੁਭਵ ਕਰ ਲੈਂਦਾ ਹੈ। ਇਸ ਤਰ੍ਹਾਂ ਸਤਿਗੁਰੂ ਨਾਲ ਰਿਸ਼ਤਾ ਸਾਧਸੰਗਤਿ ਰਾਹੀਂ ਸਥਾਪਤ ਹੁੰਦਾ ਹੈ:
ਗਾਈ ਬਾਹਲੇ ਰੰਗ ਜਿਉ ਖੜ੍ਹ
ਚਰਿ ਦੁਧੁ ਦੇਨਿ ਇਕ ਰੰਗੀ।
ਬਾਹਲੇ ਬਿਰਖ ਵਣਾਸਪਤਿ
ਅਗਨੀ ਅੰਦਰਿ ਹੈ ਬਹੁ ਰੰਗੀ।…
ਸਾਧਸੰਗਤਿ ਸਤਿਗੁਰ ਸਹਲੰਗੀ॥9॥