ਮਹਾਨ ਇਨਕਲਾਬੀ ਸ਼ਹੀਦ ਮਦਨ ਲਾਲ ਢੀਂਗਰਾ

ਡਾ. ਚਰਨਜੀਤ ਸਿੰਘ ਗੁਮਟਾਲਾ
ਫੋਨ: 1-937-573-9812
“ਮੇਰਾ ਯਕੀਨ ਹੈ ਕਿ ਇਕ ਕੌਮ, ਜਿਸ ਨੂੰ ਬੰਦੂਕ ਦੀ ਨੋਕ ‘ਤੇ ਦਬਾ ਕੇ ਰੱਖਿਆ ਜਾਵੇ, ਉਹ ਨਿਰੰਤਰ ਲੜਾਈ ਦੀ ਅਵਸਥਾ ਵਿਚ ਹੁੰਦੀ ਹੈ; ਕਿਉਂਕਿ ਇਕ ਬਿਨਾ ਹਥਿਆਰ ਦੇ ਕੌਮ ਲਈ ਆਹਮੋ-ਸਾਹਮਣੇ ਲੜਾਈ ਲੜਨੀ ਨਾ ਮੁਮਕਿਨ ਹੁੰਦੀ ਹੈ, ਇਸ ਲਈ ਮੈਂ ਬਿਨਾ ਦੱਸਿਆਂ ਹਮਲਾ ਕੀਤਾ। ਕਿਉਂਕਿ ਮੈਨੂੰ ਬੰਦੂਕਾਂ ਨਹੀਂ ਦਿੱਤੀਆਂ ਗਈਆਂ, ਇਸ ਲਈ ਮੈਂ ਆਪਣਾ ਪਿਸਤੌਲ ਕੱਢਿਆ ਤੇ ਫਾਇਰ ਕਰ ਦਿੱਤਾ। ਸਰੀਰਕ ਤੇ ਬੌਧਿਕ ਪੱਖੋਂ ਕਮਜ਼ੋਰ ਹੋਣ ਕਰਕੇ ਮੇਰੇ ਵਰਗਾ ਪੁੱਤਰ ਆਪਣੀ ਮਾਂ ਨੂੰ ਸਿਵਾਏ ਆਪਣੇ ਖੂਨ ਦੇ ਹੋਰ ਦੇ ਵੀ ਕੀ ਸਕਦਾ ਹੈ। ਇਸ ਲਈ ਮੈਂ ਉਸ ਦੀ ਹਾਲਤ ਬਦਲਣ ਲਈ ਆਪਣਾ ਖੂਨ ਕੁਰਬਾਨ ਕਰ ਦਿੱਤਾ। ਇਸ ਸਮੇਂ ਭਾਰਤੀਆਂ ਨੂੰ ਇਕੋ ਸਬਕ ਸਿੱਖਣਾ ਚਾਹੀਦਾ ਹੈ ਕਿ ਕਿਵੇਂ ਮਰਿਆ ਜਾਵੇ ਅਤੇ ਸਾਨੂੰ ਮਰ ਕੇ ਹੀ ਅਜਿਹਾ ਪਾਠ ਦੂਜਿਆਂ ਨੂੰ ਪੜ੍ਹਾਇਆ ਜਾਵੇ।

ਮੇਰੀ ਰੱਬ ਅੱਗੇ ਪ੍ਰਾਰਥਨਾ ਹੈ ਕਿ ਮੈਂ ਉਸੇ ਮਾਂ ਦੀ ਕੁੱਖੋਂ ਮੁੜ ਜਨਮ ਲਵਾਂ ਅਤੇ ਮੁੜ ਇਸੇ ਪਵਿੱਤਰ ਕਾਰਜ ਲਈ ਮੁੜ ਮਰਾਂ ਤੇ ਇਹ ਪ੍ਰਕਿਰਿਆ ਉਸ ਸਮੇਂ ਤੀਕ ਜਾਰੀ ਰਹੇ, ਜਦ ਤੀਕ ਮੇਰਾ ਪਵਿੱਤਰ ਕਾਰਜ ਸਫਲ ਨਹੀਂ ਹੋ ਜਾਂਦਾ। ਵੰਦੇ ਮਾਤਰਮ!” ਇਹ ਸ਼ਬਦ ਮਦਨ ਲਾਲ ਢੀਂਗਰਾ ਨੇ 17 ਅਗਸਤ 1909 ਈ. ਨੂੰ ਲੰਡਨ ਦੀ ਪੈਂਟੋਵਿਲੇ ਜੇਲ੍ਹ ਵਿਚ ਫਾਂਸੀ ਦੇ ਤਖਤ ‘ਤੇ ਚੜ੍ਹਨ ਤੋਂ ਪਹਿਲਾਂ ਕਹੇ। ਉਹ ਬਰਤਾਨੀਆ ਵਿਚ ਫਾਂਸੀ ਦੇ ਤਖਤੇ ‘ਤੇ ਚੜ੍ਹਨ ਵਾਲਾ ਪਹਿਲਾ ਸ਼ਹੀਦ ਸੀ।
ਮਦਨ ਲਾਲ ਢੀਂਗਰਾ ਦਾ ਜਨਮ 1887 ਈ. ਵਿਚ ਅੰਮ੍ਰਿਤਸਰ ਦੇ ਅਮੀਰ ਪਰਿਵਾਰ ਵਿਚ ਹੋਇਆ, ਜੋ 1850 ਈ. ਵਿਚ ਸਾਹੀਵਾਲ ਤੋਂ ਅੰਮ੍ਰਿਤਸਰ ਆਇਆ ਸੀ। ਉਸ ਦੇ ਪਿਤਾ ਸਾਹਿਬ ਦਿੱਤਾ ਮਲ ਅੱਖਾਂ ਦੇ ਮਸ਼ਹੂਰ ਡਾਕਟਰ ਸਨ, ਜੋ ਸਿਵਲ ਹਸਪਤਾਲ ਗੁਰਦਾਸਪੁਰ, ਹਿਸਾਰ ਤੇ ਅੰਮ੍ਰਿਤਸਰ ਸਿਵਲ ਸਰਜਨ ਰਹੇ। ਕਿਹਾ ਜਾਂਦਾ ਹੈ ਕਿ ਉਹ ਪਹਿਲੇ ਭਾਰਤੀ ਸਨ, ਜੋ ਇਸ ਉੱਚੀ ਪਦਵੀ ‘ਤੇ ਬਿਰਾਜਮਾਨ ਹੋਏ। ਉਨ੍ਹਾਂ ਨੂੰ ਅੰਗਰੇਜ਼ਾਂ ਦੇ ਚੰਗੇ ਮਿੱਤਰ ਹੋਣ ਕਰਕੇ ਅੰਗਰੇਜ਼ਾਂ ਨੇ ਰਾਇ ਸਾਹਿਬ ਦੇ ਖਿਤਾਬ ਨਾਲ ਨਿਵਾਜਿਆ ਹੋਇਆ ਸੀ। ਉਨ੍ਹਾਂ ਦੇ 7 ਸਪੁੱਤਰ ਸਨ। ਸਭ ਤੋਂ ਵੱਡੇ ਕੁੰਦਨ ਲਾਲ ਵਪਾਰੀ ਸਨ। ਉਨ੍ਹਾਂ ਤੋਂ ਛੋਟੇ ਡਾ. ਮੋਹਨ ਲਾਲ, ਡਾ. ਬਿਹਾਰੀ ਲਾਲ ਸਨ। ਉਸ ਤੋਂ ਛੋਟੇ ਚਮਨ ਲਾਲ, ਜਿਨ੍ਹਾਂ ਨੇ 1899 ਵਿਚ ਮਿਡਲ ਟੈਂਪਲ, ਇੰਗਲੈਂਡ ਤੋਂ ਬੈਰਿਸਟਰ ਕੀਤੀ। ਉਨ੍ਹਾਂ ਤੋਂ ਛੋਟੇ ਚੁੰਨੀ ਲਾਲ, ਮਦਨ ਲਾਲ ਸਨ। ਭਜਨ ਲਾਲ ਸਭ ਤੋਂ ਛੋਟਾ ਸੀ, ਜਿਸ ਨੇ ਗ੍ਰੀਅਸ ਇਨਨ (ਇੰਗਲੈਂਡ) ਤੋਂ 1911 ਵਿਚ ਬੈਰਿਸਟਰ ਕੀਤੀ ਸੀ। ਇਸ ਤਰ੍ਹਾਂ ਇਹ ਪਰਿਵਾਰ ਬਹੁਤ ਹੀ ਅਮੀਰ ਅਤੇ ਪੜ੍ਹਿਆਂ-ਲਿਖਿਆਂ ਦਾ ਪਰਿਵਾਰ ਸੀ। ਇਨ੍ਹਾਂ ਦੀ ਅੰਮ੍ਰਿਤਸਰ ਵਿਚ ਕਟੜਾ ਸ਼ੇਰ ਸਿੰਘ ਵਿਚ ਬਹੁਤ ਜਾਇਦਾਦ ਸੀ ਅਤੇ ਇਹ ਪਰਿਵਾਰ ਅੰਗਰੇਜ਼ੀ ਹਕੂਮਤ ਦਾ ਵਫਾਦਾਰ ਸੀ।
ਮਦਨ ਲਾਲ ਨੂੰ ਲਾਹੌਰ ਕਾਲਜ ਵਿਚ ਪੜ੍ਹਾਈ ਸਮੇਂ ਰਾਜਨੀਤਿਕ ਸਰਗਰਮੀਆਂ ਵਿਚ ਭਾਗ ਲੈਣ ਕਰਕੇ ਕੱਢ ਦਿੱਤਾ ਗਿਆ, ਕਿਉਂਕਿ ਉਹ ਉਥੇ ਯੂਨੀਅਨ ਬਣਾਉਣਾ ਚਾਹੁੰਦਾ ਸੀ। ਉਸ ਦੇ ਪਰਿਵਾਰ ਨੇ ਵੀ ਉਸ ਨਾਲੋਂ ਨਾਤਾ ਤੋੜ ਲਿਆ। ਮਜਬੂਰੀ ਵੱਸ ਉਸ ਨੂੰ ਕਲਰਕ, ਰਿਕਸ਼ਾ ਚਾਲਕ ਤੇ ਕਾਰਖਾਨੇ ਵਿਚ ਮਜ਼ਦੂਰੀ ਕਰਕੇ ਗੁਜ਼ਾਰਾ ਕਰਨਾ ਪਿਆ। ਉਸ ਨੇ ਕੁਝ ਸਮਾਂ ਬੰਬਈ ਵਿਚ ਵੀ ਕੰਮ ਕੀਤਾ। ਉਥੋਂ ਉਹ ਆਪਣੇ ਵੱਡੇ ਭਰਾ ਦੀ ਸਲਾਹ ਨਾਲ ਉਚੇਰੀ ਪੜ੍ਹਾਈ ਲਈ 1906 ਵਿਚ ਇੰਗਲੈਂਡ ਆ ਗਿਆ ਤੇ ਯੂਨੀਵਰਸਿਟੀ ਕਾਲਜ ਲੰਡਨ ਵਿਚ ਸਿਵਲ ਇੰਜੀਨੀਅਰ ਦੇ ਡਿਪਲੋਮੇ ਵਿਚ ਦਾਖਲਾ ਲੈ ਲਿਆ। ਇਹ ਉਹ ਕਾਲਜ ਸੀ, ਜਿੱਥੇ ਦਾਦਾ ਭਾਈ ਨਾਉਰੋਜੀ 1856 ਤੋਂ 1866 ਤੀਕ ਗੁਜਰਾਤੀ ਦੇ ਪ੍ਰੋਫੈਸਰ ਰਹੇ ਸਨ ਤੇ ਡਾ. ਰਵਿੰਦਰ ਨਾਥ ਟੈਗੋਰ ਨੇ 1878 ਤੋਂ 1880 ਤੀਕ ਅੰਗਰੇਜ਼ੀ ਸਾਹਿਤ ਦੀ ਪੜ੍ਹਾਈ ਕੀਤੀ ਸੀ। ਮਦਨ ਲਾਲ ਢੀਂਗਰਾ ਦੇ ਵੱਡੇ ਭਰਾ ਡਾ. ਬਿਹਾਰੀ ਲਾਲ ਨੇ 1895 ਵਿਚ ਇੱਥੋਂ ਹੀ ਯੂਨੀਵਰਸਿਟੀ ਕਾਲਜ ਹੌਸਪਟਿਲ ਤੋਂ ਐਮ. ਆਰ. ਸੀ. ਪੀ. ਪਾਸ ਕੀਤੀ ਸੀ।
ਮਦਨ ਲਾਲ ਬਹੁਤ ਕੀਮਤੀ ਕੱਪੜੇ ਪਹਿਨਦਾ ਅਤੇ ਕੀਮਤੀ ਸੈਂਟਾਂ ਤੇ ਹੋਰ ਵਸਤੂਆਂ ਦੀ ਵਰਤੋਂ ਕਰਦਾ ਸੀ। ਆਪਣੇ ਵਾਲ ਹਰ ਵੇਲੇ ਕੰਘੀ ਨਾਲ ਸੰਵਾਰਦਾ ਰਹਿੰਦਾ ਸੀ ਤੇ ਇਸ ਲਈ ਉਹ ਮਸ਼ਹੂਰ ਵੀ ਸੀ। ਇਹੋ ਕਾਰਨ ਸੀ ਕਿ ਜਦ ਉਸ ਨੂੰ ਫਾਂਸੀ ਲਾਉਣ ਤੋਂ ਪਹਿਲਾਂ ਆਖਰੀ ਖਾਹਿਸ਼ ਪੁੱਛੀ ਗਈ ਤਾਂ ਉਸ ਨੇ ਇਕ ਸ਼ੀਸ਼ਾ ਤੇ ਕੰਘੀ ਮੰਗੀ ਤਾਂ ਜੋ ਫਾਂਸੀ ਦੇ ਤਖਤੇ ‘ਤੇ ਜਾਣ ਸਮੇਂ ਉਹ ਉਸੇ ਤਰ੍ਹਾਂ ਤਿਆਰ ਹੋ ਕਿ ਜਾਵੇ ਜਿਵੇਂ ਉਹ ਆਪਣੀ ਯੂਨੀਵਰਸਿਟੀ ਜਾਂਦਾ ਹੁੰਦਾ ਸੀ। ਉਹ ਬਹੁਤ ਖੁਸ਼ ਦਿਲ ਪਰ ਜਜ਼ਬਾਤੀ ਇਨਸਾਨ ਸੀ। ਇੱਥੇ ਇੰਡੀਆ ਹਾਊਸ ਵਿਚ ਉਸ ਦਾ ਮੇਲ ਪ੍ਰਸਿੱਧ ਇਨਕਲਾਬੀ ਵਿਨਾਇਕ ਦਮੋਦਰ ਸਾਵਰਕਰ ਨਾਲ ਹੋਇਆ ਤੇ ਉਸ ਤੋਂ ਉਹ ਬਹੁਤ ਪ੍ਰਭਾਵਿਤ ਹੋਇਆ। ਉਨ੍ਹਾਂ ਦਿਨਾਂ ਵਿਚ ਇੰਡੀਆ ਹਾਊਸ ਦੀ ਵਰਤੋਂ ਵਿਦਿਆਰਥੀਆਂ ਦੇ ਹੋਸਟਲ ਵਜੋਂ ਹੁੰਦੀ ਸੀ, ਪਰ ਇਹ ਭਾਰਤੀ ਸਿਆਸਤਦਾਨਾਂ ਦਾ ਅੱਡਾ ਵੀ ਸੀ, ਜਿਸ ਨੂੰ 1905 ਈ. ਵਿਚ ਸ਼ਿਆਮ ਜੀ ਕ੍ਰਿਸ਼ਨਾ ਵਰਮਾ ਨੇ ਖਰੀਦ ਲਿਆ ਸੀ। ਉਹ ਬੰਗਾਲੀ ਇਨਕਲਾਬੀਆਂ ਖੁਦੀ ਰਾਮ ਬੋਸ, ਕਨਹਾਲੀ ਲਾਲ, ਨਰੇਂਦਰ ਅਤੇ ਹੋਰ ਇਨਕਲਾਬੀਆਂ ਦੇ ਕਾਰਨਾਮਿਆਂ ਤੋਂ ਬਹੁਤ ਪ੍ਰਭਾਵਿਤ ਸੀ। ਉਸ ਨੇ ਦੂਜੇ ਇਨਕਲਾਬੀਆਂ ਨਾਲ ਵੀ ਸਬੰਧ ਸਥਾਪਤ ਕਰ ਲਏ, ਜਿਨ੍ਹਾਂ ਵਿਚ ਸ਼ਿਆਮ ਜੀ ਕ੍ਰਿਸ਼ਨਾ ਵਰਮਾ, ਲਾਲਾ ਹਰਦਿਆਲ, ਗਿਆਨ ਚੰਦ ਅਤੇ ਕੋਰੇ ਗਾਕਰ ਆਦਿ ਸ਼ਾਮਲ ਸਨ। ਇਨ੍ਹਾਂ ਸਾਰਿਆਂ ਦਾ ਸਬੰਧ ਇੰਡੀਆ ਹਾਊਸ ਨਾਲ ਸੀ। ਉਸ ਨੇ ਇੰਡੀਅਨ ਹੂਮ ਰੂਲ ਸੁਸਾਇਟੀ ਅਤੇ ਅਭਿਵਨਵ ਭਾਰਤ ਸੁਸਾਇਟੀ, ਜਿਸ ਦੇ ਸੰਸਥਾਪਕ ਸਾਵਰਕਰ ਸਨ, ਨਾਲ ਗੂੜ੍ਹੇ ਸਬੰਧ ਬਣਾ ਲਏ। ਸਾਵਰਕਰ ਨੇ ਢੀਂਗਰਾ ਨੂੰ ਹਥਿਆਰ ਚਲਾਉਣ ਦੀ ਟ੍ਰੇਨਿੰਗ ਦਿੱਤੀ। ਉਨ੍ਹਾਂ ਦਿਨਾਂ ਵਿਚ ਦੇਸ਼ ਭਗਤ ਖੁਦੀ ਰਾਮ ਬੋਸ, ਸਤਿੰਦਰ ਪਾਲ, ਕਾਂਸ਼ੀ ਰਾਮ ਅਤੇ ਕਨਈ ਦੱਤ ਨੂੰ ਫਾਂਸੀ ਲਾਉਣ ‘ਤੇ 8 ਜੂਨ 1909 ਨੂੰ ਵੀਰ ਸਾਵਰਕਰ ਦੇ ਵੱਡੇ ਭਰਾ ਗਣੇਸ਼ ਦਮੋਦਰ ਸਾਵਰਕਰ ਨੂੰ ਕਾਲੇ ਪਾਣੀ ਦੀ ਸਜ਼ਾ ਦਿੱਤੀ ਗਈ। ਮਦਨ ਲਾਲ ਢੀਂਗਰਾ, ਸਾਵਰਕਰ ਤੇ ਇੰਗਲੈਂਡ ਵਿਚਲੇ ਹੋਰ ਇਨਕਲਾਬੀ ਭਾਰਤੀਆਂ ਨੂੰ ਬਹੁਤ ਗੁੱਸਾ ਸੀ ਤੇ ਉਹ ਇਸ ਦਾ ਬਦਲਾ ਲੈਣਾ ਚਾਹੁੰਦੇ ਸਨ।
ਲੰਡਨ ਵਿਚ ਰਹਿੰਦੇ ਭਾਰਤੀਆਂ ਨੇ ਭਾਰਤੀ ਵਿਦਿਆਰਥੀਆਂ ਨੂੰ ਆਪਣੇ ਵੱਲ ਖਿੱਚਣ ਲਈ ਨੈਸ਼ਨਲ ਇੰਡੀਅਨ ਐਸੋਸੀਏਸ਼ਨ ਬਣਾਈ ਹੋਈ ਸੀ। ਮਿਸ ਐਮਾ ਜੋਸਫੀਨ ਬੈਕ ਇਸ ਦੀ ਸੈਕਟਰੀ ਸੀ। ਢੀਂਗਰਾ ਮਾਰਚ 1909 ਵਿਚ ਇਸ ਦਫਤਰ ਗਿਆ ਤੇ ਇਸ ਦੇ ਮੈਂਬਰ ਬਣਨ ਦੀ ਇੱਛਾ ਪ੍ਰਗਟ ਕੀਤੀ। ਉਸ ਨੂੰ ਅਪਰੈਲ 1909 ਵਿਚ ਮੈਂਬਰ ਬਣਾ ਲਿਆ ਗਿਆ। ਉਸ ਨੇ ਇਕ ਰਿਵਾਲਵਰ ਤੇ ਦੋ ਪਿਸਤੌਲ ਇਕ ਵਿਅਕਤੀ ਪਾਸੋਂ ਖਰੀਦੇ ਅਤੇ ਇਨ੍ਹਾਂ ਦੀ ਵਰਤੋਂ ਕਰਨ ਦੀ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ।
ਪਹਿਲੀ ਜੁਲਾਈ 1909 ਨੂੰ ਨੈਸ਼ਨਲ ਇੰਡੀਅਨ ਐਸੋਸੀਏਸ਼ਨ ਦਾ ਸਾਲਾਨਾ ਦਿਵਸ ਸੀ। ਇੰਪੀਅਰਲ ਇੰਸਟੀਚਿਊਟ ਦੇ ਜਹਾਂਗੀਰ ਹਾਲ ਨੂੰ ਇਸ ਸਮਾਗਮ ਲਈ ਚੁਣਿਆ ਗਿਆ। ਢੀਂਗਰਾ ਨੇ ਐਮਾ ਬੈਕ ਪਾਸੋਂ ਸਾਰੀ ਜਾਣਕਾਰੀ ਪ੍ਰਾਪਤ ਕਰਕੇ ਸਾਵਰਕਰ ਨਾਲ ਆਪਣੀ ਯੋਜਨਾ ਤਿਆਰ ਕੀਤੀ। ਉਸ ਪੰਜਾਬੀ ਅੰਦਾਜ਼ ਵਿਚ ਅਸਮਾਨੀ ਰੰਗ ਦੀ ਪਗੜੀ ਬੰਨੀ ਤੇ ਟਾਈ ਸਮੇਤ ਇਕ ਸ਼ਾਨਦਾਰ ਸੂਟ ਪਹਿਨਿਆ। ਉਸ ਨੇ ਕੋਟ ਦੀਆਂ ਜੇਬਾਂ ਵਿਚ ਇਕ ਰਿਵਾਲਵਰ, ਦੋ ਪਿਸਤੌਲ ਅਤੇ ਦੋ ਚਾਕੂ ਰੱਖੇ। ਢੀਂਗਰਾ ਪਾਰਟੀ ਵਿਚ ਸ਼ਾਮ 8 ਵਜੇ ਪੁੱਜਾ। ਰਾਤ ਦੇ ਸਵਾ ਦਸ ਵਜੇ ਭਾਰਤ ਵਿਚਲੇ ਸੈਕਟਰੀ ਆਫ ਸਟੇਟ ਦੇ ਰਾਜਸੀ ਸਹਾਇਕ ਸਰ ਵਿਲੀਅਮ ਹਟ ਕਰਜਨ ਵਾਇਲੀ ਅਤੇ ਉਸ ਦੀ ਪਤਨੀ ਪੁੱਜੇ। ਵਾਇਲੀ ਭਾਰਤੀ ਵਿਦਿਆਰਥੀਆਂ ਦੀ ਖੁਫੀਆ ਨਿਗਰਾਨੀ ਕਰਦਾ ਸੀ। ਉਹ ਉਨ੍ਹਾਂ ਨੂੰ ਪ੍ਰੇਸ਼ਾਨ ਕਰਦਾ ਸੀ। ਇਸ ਲਈ ਭਾਰਤੀ ਵਿਦਿਆਰਥੀ ਉਸ ਤੋਂ ਦੁਖੀ ਸਨ। ਇਸ ਲਈ ਮਦਨ ਲਾਲ ਨੇ ਉਸ ਨੂੰ ਮਾਰਨ ਦਾ ਮਨ ਬਣਾਇਆ ਸੀ। ਉਨ੍ਹਾਂ ਨੂੰ ਵੇਖ ਕੇ ਉਸ ਨੂੰ ਜੋਸ਼ ਚੜ੍ਹ ਗਿਆ। ਗਿਆਰਾਂ ਵਜੇ ਦੇ ਕਰੀਬ ਸਾਰੀ ਕਾਰਵਾਈ ਮੁਕੰਮਲ ਹੋਈ। ਵਾਇਲੀ ਸਟੇਜ ਤੋਂ ਉਤਰ ਲੋਕਾਂ ਨੂੰ ਗੈਰ-ਰਸਮੀ ਮਿਲਣ ਲੱਗਾ। ਢੀਂਗਰਾ ਨੇ ਉਸ ਦੇ ਮੂੰਹ ‘ਤੇ 5 ਗੋਲੀਆਂ ਦਾਗੀਆਂ, ਜਿਨ੍ਹਾਂ ਵਿਚੋਂ 4 ਆਪਣੇ ਨਿਸ਼ਾਨੇ ‘ਤੇ ਲੱਗੀਆਂ। ਇਕ ਪਾਰਸੀ ਡਾਕਟਰ ਕੋਵਾਸਜੀ ਲਲਕਾਰਾ, ਜਿਸ ਨੇ ਵਾਇਲੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਨੂੰ 6ਵੀਂ ਤੇ 7ਵੀਂ ਗੋਲੀ ਦਾ ਨਿਸ਼ਾਨਾ ਬਣਿਆ। ਮਦਨ ਲਾਲ ਨੇ ਇਸ ਸਬੰਧੀ ਅਦਾਲਤ ਨੂੰ ਵੀ ਦੱਸਿਆ ਕਿ ਲਲਕਾਰਾ ਨੂੰ ਮਾਰਨ ਦਾ ਉਸ ਦਾ ਕੋਈ ਇਰਾਦਾ ਨਹੀਂ ਸੀ ਤੇ ਇਹ ਦੁਰਘਟਨਾ ਵੱਸ ਹੋ ਗਿਆ। ਜਦ ਭੀੜ ਵਿਚੋਂ ਕਿਸੇ ਨੇ ਉਸ ਨੂੰ ਕਾਤਲ ਕਿਹਾ ਤਾਂ ਉਸ ਨੇ ਕਿਹਾ ਕਿ ਮੈਂ ਦੇਸ਼ ਭਗਤ ਹਾਂ ਤੇ ਆਪਣੀ ਮਾਤ ਭੂਮੀ ਨੂੰ ਗੁਲਾਮੀ ਦੀ ਪੰਜਾਲੀ ਵਿਚੋਂ ਬਾਹਰ ਕੱਢਣਾ ਚਾਹੁੰਦਾ ਹਾਂ। ਬਿਨਾ ਕਿਸੇ ਡਰ ਅਤੇ ਖੌਫ ਦੇ ਉਸ ਨੇ ਕਿਹਾ, “ਜੋ ਮੈਂ ਕੀਤਾ ਹੈ, ਉਸ ਲਈ ਮੈਂ ਹੱਕਦਾਰ ਹਾਂ। ਜੇ ਜਰਮਨੀਆਂ ਨੇ ਇੰਗਲੈਂਡ ‘ਤੇ ਕਬਜਾ ਕੀਤਾ ਹੁੰਦਾ ਤਾਂ ਇੰਗਲੈਂਡ ਵਾਸੀ ਨੇ ਵੀ ਇਹੋ ਕੁਝ ਕਰਨਾ ਸੀ।”
ਮਦਨ ਲਾਲ ਨੇ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ। ਉਸ ਨੇ ਖੁਦ ਗ੍ਰਿਫਤਾਰੀ ਦਿੱਤੀ। ਉਸ ਨੂੰ 7 ਦਿਨਾਂ ਲਈ ਪੁਲਿਸ ਹਵਾਲੇ ਕੀਤਾ ਗਿਆ। ਉਹ ਇਨ੍ਹਾਂ ਦਿਨਾਂ ਵਿਚ ਉਸ ਬਿਆਨ ਨੂੰ ਤਿਆਰ ਕਰਨ ਵਿਚ ਰੁਝਾ ਰਿਹਾ, ਜੋ ਉਸ ਨੇ ਅਦਾਲਤ ਵਿਚ ਦੇਣਾ ਸੀ। 10 ਜੁਲਾਈ ਨੂੰ ਜਦ ਉਸ ਨੂੰ ਮੈਜਿਸਟਰੇਟ ਅੱਗੇ ਪੇਸ਼ ਕੀਤਾ ਗਿਆ ਤਾਂ ਉਸ ਨੇ ਇਹ ਬਿਆਨ ਉਚੀ ਪੜ੍ਹ ਕੇ ਸੁਣਾਇਆ, ਜਿਸ ਵਿਚ ਉਸ ਨੇ ਕਿਹਾ, “ਮੈਂ ਆਪਣੇ ਕੀਤੇ ਕੰਮ ਦੀ ਸੁਰੱਖਿਆ ਲਈ ਕੁਝ ਨਹੀਂ ਕਹਿਣਾ ਚਾਹੁੰਦਾ। ਮੈਂ ਨਹੀਂ ਸਮਝਦਾ ਕਿ ਇੰਗਲੈਂਡ ਦੀ ਅਦਾਲਤ ਨੂੰ ਮੈਨੂੰ ਸਜ਼ਾ ਦੇਣ ਜਾਂ ਜੇਲ੍ਹ ਵਿਚ ਬੰਦੀ ਰੱਖਣ ਦਾ ਕੋਈ ਅਧਿਕਾਰ ਹੈ। ਮੇਰਾ ਇਹ ਕਹਿਣਾ ਹੈ ਕਿ ਜੇ ਇਸ ਦੇਸ਼ ਨੂੰ ਜਰਮਨਾਂ ਨੇ ਆਪਣੇ ਕਬਜੇ ਵਿਚ ਕੀਤਾ ਹੁੰਦਾ ਤੇ ਇੰਗਲਿਸ਼ਮੈਨ ਦਾ ਜਰਮਨੀਆਂ ਖਿਲਾਫ ਲੜਨਾ ਦੇਸ਼ ਭਗਤੀ ਹੁੰਦੀ ਤਾਂ ਮੇਰੇ ਇਸ ਕੇਸ ਵਿਚ ਅੰਗਰੇਜ਼ਾਂ ਖਿਲਾਫ ਲੜਨਾ ਉਸ ਨਾਲੋਂ ਵੀ ਜ਼ਿਆਦਾ ਹੱਕੀ ਅਤੇ ਦੇਸ਼ ਭਗਤੀ ਵਾਲਾ ਕਾਰਜ ਹੈ। ਮੈਂ 50 ਸਾਲਾਂ ਵਿਚ ਆਪਣੇ ਦੇਸ਼ ਵਾਸੀਆਂ ਦੇ 80 ਲੱਖ ਕਤਲਾਂ ਲਈ ਅੰਗਰੇਜ਼ਾਂ ਨੂੰ ਜਿ਼ੰਮੇਵਾਰ ਮੰਨਦਾ ਹਾਂ। ਉਹ ਹਰ ਸਾਲ 10 ਕਰੋੜ ਪੌਂਡ ਭਾਰਤ ਤੋਂ ਇਥੇ ਲਿਆਉਣ ਲਈ ਜਿ਼ੰਮੇਵਾਰ ਹਨ। ਮੈਂ ਉਨ੍ਹਾਂ ਨੂੰ ਹਜ਼ਾਰਾਂ ਦੇਸ਼ ਵਾਸੀਆਂ ਨੂੰ ਫਾਂਸੀ ਲਾਉਣ ਅਤੇ ਜਲਾਵਤਨੀ ਲਈ ਜਿ਼ੰਮੇਵਾਰ ਸਮਝਦਾ ਹਾਂ।”
23 ਜੁਲਾਈ ਨੂੰ ਓਲਡ ਬੈਲੇ ਕੋਰਟ, ਲੰਡਨ ਵਿਚ ਮੁਕੱਦਮੇ ਦੀ ਕਾਰਵਾਈ ਹੋਈ। 20 ਮਿੰਟ ਤੋਂ ਵੀ ਘੱਟ ਸਮੇਂ ਵਿਚ ਅਦਾਲਤ ਨੇ 17 ਅਗਸਤ 1909 ਨੂੰ ਫਾਂਸੀ ਲਾਉਣ ਦਾ ਫੈਸਲਾ ਦੇ ਦਿੱਤਾ, ਜਦ ਕਿ ਸਮਾਂ ਤੇ ਸਥਾਨ ਦਾ ਐਲਾਨ ਕਰਨਾ ਅਦਾਲਤ ਦਾ ਕੰਮ ਨਹੀਂ ਸੀ। ਇਸ ਸਮੇਂ 5 ਗਵਾਹ ਸਰਕਾਰ ਦੇ ਹੱਕ ਵਿਚ ਭੁਗਤੇ, ਜਿਨ੍ਹਾਂ ਵਿਚ ਇਕ ਭਾਰਤੀ ਮਦਨ ਮੋਹਨ ਸਿਨਹਾ ਵੀ ਸ਼ਾਮਲ ਸੀ, ਜਿਸ ਨੇ ਉਸ ਨੂੰ ਉਥੇ ਫੜਿਆ ਸੀ। ਢੀਂਗਰੇ ਨੇ ਕੇਸ ਦੀ ਪੈਰਵੀ ਲਈ ਕੋਈ ਵਕੀਲ ਨਾ ਕੀਤਾ। ਜਦ ਜੱਜ ਨੇ ਸਜ਼ਾ ਸੁਣਾਈ ਤਾਂ ਉਸ ਨੇ ਗਰਜਵੀਂ ਆਵਾਜ਼ ਵਿਚ ਕਿਹਾ, “ਮੈਨੂੰ ਮਾਣ ਹੈ ਕਿ ਮੈਂ ਆਪਣੇ ਦੇਸ਼ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ ਹੈ, ਪਰ ਯਾਦ ਰੱਖੋ ਆਉਂਦੇ ਦਿਨਾਂ ਵਿਚ ਸਮਾਂ ਸਾਡਾ ਹੋਵੇਗਾ।”
ਆਇਰਿਸ਼ ਪ੍ਰੈਸ ਨੇ ਮਦਨ ਲਾਲ ਢੀਂਗਰਾ ਨੂੰ ਨਾਇਕ ਦੇ ਤੌਰ `ਤੇ ਉਭਾਰਿਆ। ਇਸੇ ਤਰ੍ਹਾਂ ਕਾਹਿਰਾ ਤੋਂ ਪ੍ਰਕਾਸ਼ਿਤ ਇਕ ਮਿਸਰ ਦੇ ਅਖਬਾਰ ਨੇ ਕੀਤਾ। ਜਦ ਢੀਂਗਰਾ ਨੇ ਵਾਇਲੀ ਦਾ ਕਤਲ ਕੀਤਾ ਤਾਂ ਉਸ ਦਾ ਭਰਾ ਭਜਨ ਲਾਲ ਲੰਡਨ ਵਿਚ ਲਾਅ ਦੀ ਪੜ੍ਹਾਈ ਕਰ ਰਿਹਾ ਸੀ। ਉਹ ਉਸ ਮੀਟਿੰਗ ਵਿਚ ਸ਼ਾਮਲ ਹੋਇਆ, ਜੋ ਇਸ ਦੀ ਨਿਖੇਧੀ ਲਈ ਚਾਰ ਦਿਨਾਂ ਪਿੱਛੋਂ ਰੱਖੀ ਗਈ ਸੀ। ਇਸ ਮੀਟਿੰਗ ਵਿਚ ਸ਼ਾਮਲ ਹੋਣ ਕਰਕੇ ਮਦਨ ਲਾਲ ਨੇ ਉਸ ਨੂੰ ਜੇਲ੍ਹ ਵਿਚ ਮਿਲਣ ਤੋਂ ਨਾਂਹ ਕਰ ਦਿੱਤੀ, ਜਦ ਉਹ ਉਸ ਨਾਲ ਮੁਲਾਕਾਤ ਕਰਨ ਆਇਆ ਸੀ। ਵਾਇਲੀ ਦੇ ਕਤਲ ਪਿਛੋਂ ਉਸ ਦੇ ਪਿਤਾ ਨੇ ਇੰਗਲੈਂਡ ਦੀਆਂ ਅਖਬਾਰਾਂ ਨੂੰ ਭੇਜੀ ਇਕ ਟੈਲੀਗ੍ਰਾਮ ਵਿਚ ਕਿਹਾ ਕਿ ਮੈਂ ਉਸ ਨੂੰ ਬੇਦਖਲ ਕਰਦਾ ਹਾਂ, ਕਿਉਂਕਿ ਉਸ ਨੇ ਮੇਰੇ ਨਾਂ ਨੂੰ ਧੱਬਾ ਲਾਇਆ ਹੈ। ਉਸ ਦੇ ਭਰਾਵਾਂ ਵਿਚੋਂ ਡਾ. ਬਿਹਾਰੀ ਲਾਲ ਨੂੰ ਛੱਡ ਕੇ ਬਾਕੀਆਂ ਨੇ ਆਪਣੇ ਨਾਂ ਦੇ ਪਿੱਛੇ ਸ਼ਬਦ ਢੀਂਗਰਾ ਲਾਹ ਲਿਆ। ਉਸ ਦੀ ਖੁਹਾਇਸ਼ ਮੁਤਾਬਕ ਉਸ ਦਾ ਅੰਤਿਮ ਸਸਕਾਰ ਹਿੰਦੂ ਰਸਮਾਂ ਨਾਲ ਨਾ ਕੀਤਾ ਗਿਆ। ਵਿਨਾਇਕ ਦਮੋਦਰ ਸਾਵਰਕਰ ਨੂੰ ਵੀ ਉਸ ਦੀ ਦੇਹ ਨਾ ਸੌਂਪੀ ਗਈ, ਕਿਉਂਕਿ ਉਹ ਉਸ ਦਾ ਵਾਰਸ ਨਹੀਂ ਸੀ। ਉਸ ਨੂੰ ਲਾਵਾਰਸ ਕੈਦੀ ਘੋਸ਼ਿਤ ਕਰਕੇ ਜੇਲ੍ਹ ਵਿਚ ਹੀ ਇਕ ਆਮ ਵਿਅਕਤੀ ਦੀ ਤਰ੍ਹਾਂ ਦਫਨਾ ਦਿੱਤਾ ਗਿਆ ਤੇ ਇਕ ਇੱਟ ਲਾ ਦਿੱਤੀ ਗਈ, ਜਿਸ ‘ਤੇ ਲਿਖਿਆ ਸੀ, ਐਮ. ਐਲ. ਡੀ.। ਇਸ ਦਾ ਪਤਾ ਵੀ ਉਸ ਸਮੇਂ ਲੱਗਾ, ਜਦ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਭਾਰਤ ਲਿਆਉਣੀਆਂ ਸਨ ਤਾਂ ਉਸ ਦੀ ਕਬਰ ਲੱਭਦਿਆਂ ਲੱਭਦਿਆਂ ਇਹ ਇੱਟ ਨਜ਼ਰ ਪਈ ਤਾਂ ਪੜਤਾਲ ਕਰਨ ‘ਤੇ ਪਤਾ ਲੱਗਾ ਕਿ ਇਹ ਮਦਨ ਲਾਲ ਢੀਂਗਰਾ ਦੀ ਕਬਰ ਹੈ।
ਬਰਤਾਨੀਆ ਅਤੇ ਭਾਰਤ ਦੀ ਜ਼ਿਆਦਾਤਰ ਪ੍ਰੈਸ ਨੇ ਢੀਂਗਰਾ ਦੀ ਕਾਰਵਾਈ ਦੀ ਨਿੰਦਿਆ ਕੀਤੀ। ਮਹਾਤਮਾ ਗਾਂਧੀ ਨੇ ਵੀ ਵਾਇਲੀ ਦੇ ਕਤਲ ਦੀ ਨਿਖੇਧੀ ਕੀਤੀ। ਇੰਗਲੈਂਡ ਦੇ ‘ਇੰਡੀਅਨ ਸੋਸਿ਼ਆਲੋਜੀ’ ਪਰਚੇ ਨੇ ਢੀਂਗਰਾ ਦੀ ਹਮਦਰਦੀ ਵਿਚ ਲੇਖ ਲਿਖਿਆ। ਲੇਖ ਲਿਖਣ ਬਦਲੇ ਇਸ ਦੇ ਪ੍ਰਿੰਟਰ ਗਾਈ ਅਲਡਰੈਡ ਨੂੰ 12 ਮਹੀਨੇ ਦੀ ਕੈਦ ਹੋਈ। ਉਹ ਫਾਂਸੀ ਚੜ੍ਹਨ ਤੋਂ ਪਹਿਲਾਂ ਇਕ ਬਿਆਨ ਅਖਬਾਰਾਂ ਨੂੰ ਦੇਣਾ ਚਾਹੁੰਦਾ ਸੀ, ਪਰ ਉਸ ਦੀ ਇਹ ਇੱਛਾ ਪੂਰੀ ਨਾ ਕੀਤੀ ਗਈ। ਉਂਜ ਉਹ ਇਕ ਵਿਦੇਸ਼ੀ ਮਹਿਲਾ ਪੱਤਰਕਾਰ ਦੀ ਸਹਇਤਾ ਨਾਲ ਦੇਸ਼ ਵਾਸੀਆਂ ਦੇ ਨਾਂ ਸੰਦੇਸ਼ ਦੇਣ ਵਿਚ ਕਾਮਯਾਬ ਹੋ ਗਿਆ। ਉਸ ਦਾ ਇਹ ਬਿਆਨ ਫਰਾਂਸੀਸੀ ਅਖਬਾਰਾਂ ਵਿਚ ਫਾਂਸੀ ਵਾਲੇ ਦਿਨ ਪ੍ਰਕਾਸ਼ਿਤ ਹੋਇਆ। ਢੀਂਗਰਾ ਦੀ ਇਸ ਦਲੇਰਾਨਾ ਕਾਰਵਾਈ ਅਤੇ ਸ਼ਹਾਦਤ ਨੇ ਭਾਰਤੀ ਨੌਜੁਆਨਾਂ ਨੂੰ ਹਥਿਆਰਬੰਦ ਸੰਘਰਸ਼ ਲਈ ਇਕ ਚੰਗਿਆੜੀ ਦਾ ਕੰਮ ਕੀਤਾ, ਕਿਉਂਕਿ ਉਹ ਉਨ੍ਹਾਂ ਲਈ ਪਹਿਲਾ ਰੋਲ ਮਾਡਲ ਬਣਿਆ। ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ, ਸ਼ਹੀਦ ਚੰਦਰ ਸ਼ੇਖਰ ਆਦਿ ਨੌਜੁਆਨਾਂ ਦਾ ਉਹ ਪ੍ਰੇਰਨਾ ਸ੍ਰੋਤ ਸੀ। ਡਾ. ਸੈਫੁਲ ਦੀਨ ਕਿਚਲੂ ਵੀ ਉਸ ਸਮਾਗਮ ਵਿਚ ਸ਼ਾਮਲ ਸੀ, ਜਿਸ ਵਿਚ ਢੀਂਗਰਾ ਨੇ ਵਾਇਲੀ ਦਾ ਕਤਲ ਕੀਤਾ ਸੀ ਤੇ ਸ਼ਾਇਦ ਇਹੋ ਹੀ ਕਾਰਨ ਸੀ ਕਿ ਉਸ ਨੇ ਅੰਮ੍ਰਿਤਸਰ ਆ ਕੇ ਆਜ਼ਾਦੀ ਦੀ ਲਹਿਰ ਵਿਚ ਭਾਗ ਲੈਣਾ ਸ਼ੁਰੂ ਕਰ ਦਿੱਤਾ ਸੀ ਤੇ ਉਸ ਨੇ ਸਾਰੀ ਉਮਰ ਹਿੰਦੂ-ਮੁਸਲਿਮ ਏਕਤਾ ਤੇ ਦੇਸ਼ ਦੀ ਆਜ਼ਾਦੀ ਵਿਚ ਲਾ ਦਿੱਤੀ ਸੀ।
ਅਮਰੀਕਾ ਵਿਚ ਗਦਰ ਪਾਰਟੀ ਦੇ ਬਾਨੀ ਲਾਲਾ ਹਰਦਿਆਲ ਨੇ ਉਸ ਦੀ ਸ਼ਹਾਦਤ ਬਾਰੇ ਲਿਖਿਆ ਸੀ, “ਢੀਂਗਰਾ ਨੇ ਮੈਨੂੰ ਮੱਧਕਾਲ ਦੇ ਰਾਜਪੂਤਾਂ ਅਤੇ ਸਿੱਖਾਂ ਦੀ ਯਾਦ ਮੁੜ ਤਾਜ਼ਾ ਕਰਵਾ ਦਿੱਤੀ ਹੈ, ਜੋ ਮੌਤ ਦੀ ਲਾੜੀ ਨੂੰ ਵਿਆਹੁਣ ਲਈ ਬੜੇ ਚਾਵਾਂ ਨਾਲ ਘੋੜੀ ‘ਤੇ ਬੈਠ ਕੇ ਜੰਗ ਨੂੰ ਜਾਂਦੇ ਸਨ। ਇੰਗਲੈਂਡ ਸੋਚਦਾ ਹੈ ਕਿ ਉਨ੍ਹਾਂ ਨੇ ਢੀਂਗਰਾ ਨੂੰ ਮਾਰ ਦਿੱਤਾ ਹੈ, ਪਰ ਉਹ ਹਮੇਸ਼ਾਂ ਲਈ ਅਮਰ ਹੈ। ਅਸਲ ਵਿਚ ਉਸ ਨੇ ਭਾਰਤ ਵਿਚ ਅੰਗਰੇਜ਼ੀ ਗੁਲਾਮੀ ਨੂੰ ਮੌਤ ਦਾ ਝਟਕਾ ਦਿੱਤਾ ਹੈ।”
ਢੀਂਗਰਾ ਵਲੋਂ ਵਿਖਾਈ ਗਈ ਦਲੇਰੀ ਦੀ ਜਿੱਥੇ ਭਾਰਤੀ ਬੁਧੀਜੀਵੀਆਂ ਨੇ ਸ਼ਲਾਘਾ ਕੀਤੀ, ਉਥੇ ਕਈ ਅੰਗਰੇਜ਼ੀ ਬੁਧੀਜੀਵੀਆਂ ਨੇ ਵੀ ਤਾਰੀਫ ਕੀਤੀ। ਸ੍ਰੀ ਵਰਿੰਦਰ ਨਾਥ ਚਟੋਪਾਧਿਆਇ ਨੇ ਉਸ ਦੀ ਯਾਦ ਵਿਚ ਮਾਸਕ ਪੱਤਰ ‘ਮਦਨ ਤਲਵਾਰ’ ਕੱਢਿਆ। ਉਸ ਦੀਆਂ ਅਸਥੀਆਂ 13 ਦਸੰਬਰ 1976 ਨੂੰ ਭਾਰਤ ਲਿਆਂਦੀਆਂ ਗਈਆਂ, ਜਿਥੇ ਉਸ ਦਾ ਸਰਕਾਰੀ ਸਨਮਾਨਾਂ ਨਾਲ ਦਾਹ ਸਸਕਾਰ ਕੀਤਾ ਗਿਆ। ਅੰਮ੍ਰਿਤਸਰ ਵਿਖੇ ਯੂਥ ਹੋਸਟਲ ਦੇ ਪਾਸ ਜੀ. ਟੀ. ਰੋਡ ਉਤੇ ਉਸ ਦੀ ਯਾਦ ਵਿਚ ਬੁੱਤ ਲਾਇਆ ਗਿਆ ਹੈ। ਇਸੇ ਦੌਰਾਨ ਸਸਕਾਰ ਵਾਲੇ ਸਥਾਨ ’ਤੇ ਤਤਕਾਲੀ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਵਲੋਂ ਸ਼ਹੀਦ ਢੀਂਗਰਾ ਦੀ ਸਮਾਧ ਤੇ ਸਮਾਰਕ ਦਾ ਨੀਂਹ ਪੱਥਰ ਰੱਖਿਆ ਗਿਆ। ਅਫਸੋਸ ਦੀ ਗੱਲ ਹੈ ਕਿ ਉਸ ਦੇ ਜੱਦੀ ਘਰ ਨੂੰ ਅਸੀਂ ਸੰਭਾਲ ਨਹੀਂ ਸਕੇ। ਹਾਈਕੋਰਟ ਦੇ ਆਦੇਸ਼ਾਂ ਦੇ ਬਾਵਜੂਦ ਇਹ ਘਰ ਖੰਡਰ ਬਣਿਆ ਪਿਆ ਹੈ। ਲੋੜ ਹੈ ਕਿ ਇਸ ਥਾਂ ‘ਤੇ ਯਾਦਗਾਰ ਬਣਾਈ ਜਾਵੇ ਤੇ ਲੰਡਨ ਤੋਂ ਉਸ ਦਾ ਪਿਸਤੌਲ ਤੇ ਹੋਰ ਨਿਸ਼ਾਨੀਆਂ ਲਿਆ ਕੇ ਇਥੇ ਰੱਖੀਆਂ ਜਾਣ।
ਸ਼ਹੀਦ ਮਦਨ ਲਾਲ ਢੀਂਗਰਾ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ, ਚੰਦਰ ਸ਼ੇਖਰ ਆਜ਼ਾਦ ਅਤੇ ਗਦਰੀ ਬਾਬਿਆਂ, ਜਿਨ੍ਹਾਂ ਵਿਚ ਬਾਬਾ ਸੋਹਨ ਸਿੰਘ ਭਕਨਾ, ਬਾਬਾ ਵਿਸਾਖਾ ਸਿੰਘ ਦਦੇਹਰ ਆਦਿ ਸ਼ਾਮਲ ਹਨ ਤੇ ਹੋਰ ਇਨਕਲਾਬੀਆਂ ਜਿਨ੍ਹਾਂ ਨੇ ਆਜ਼ਾਦੀ ਲਈ ਸ਼ਹਾਦਤਾਂ ਦਿੱਤੀਆਂ ਜਾਂ ਜੇਲ੍ਹਾਂ ਕੱਟੀਆਂ, ਉਹ ਆਜ਼ਾਦੀ ਅਜੇ ਵੀ ਭਾਰਤੀਆਂ ਨੂੰ ਨਸੀਬ ਨਹੀਂ ਹੋਈ। ਭਾਰਤੀਆਂ ਨੂੰ ਸਿਰਫ ਰਾਜਸੀ ਆਜ਼ਾਦੀ ਮਿਲੀ ਹੈ। ਉਨ੍ਹਾਂ ਨੇ ਆਰਥਕ ਆਜ਼ਾਦੀ ਅਜੇ ਪ੍ਰਾਪਤ ਕਰਨੀ ਹੈ। ਮਿਹਨਤਕਸ਼ ਭਾਰਤੀਆਂ ਦੀ ਲੁੱਟ-ਖਸੁੱਟ ਅਜੇ ਵੀ ਜਾਰੀ ਹੈ। ਦੇਸ਼ ਅਨਪੜ੍ਹਤਾ, ਭੁੱਖਮਰੀ, ਬੇਰੁਜ਼ਗਾਰੀ ਅਤੇ ਗਰੀਬੀ ਦਾ ਸ਼ਿਕਾਰ ਹੈ। ਉਹੋ ਜ਼ਾਲਮ ਡੰਡਾ ਪੁਲਿਸ ਹੈ। ਭਾਰਤ ਦਾ ਸਰਮਾਇਆ ਕੁਝ ਘਰਾਣਿਆਂ ਦੇ ਹੱਥਾਂ ਵਿਚ ਇਕੱਠਾ ਹੋ ਰਿਹਾ ਹੈ। ਭਾਰਤ ਵਿਚ ਅਜੇ ਵੀ ਕੁਝ ਪਰਿਵਾਰਾਂ ਦਾ ਰਾਜ ਹੈ, ਜਿਨ੍ਹਾਂ ਵਿਚੋਂ ਕੁਝ ਪਰਿਵਾਰ ਉਹ ਵੀ ਸ਼ਾਮਲ ਹਨ, ਜੋ ਗੁਲਾਮ ਭਾਰਤ ਵਿਚ ਰਾਜੇ-ਮਹਾਰਾਜੇ ਅਖਵਾਉਂਦੇ ਸਨ ਤੇ ਅੰਗਰੇਜ਼ਾਂ ਦੇ ਪਿੱਠੂ ਸਨ। ਇਸ ਲਈ ਮਦਨ ਲਾਲ ਢੀਂਗਰਾ ਅਤੇ ਹੋਰਨਾਂ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਇਹੋ ਹੀ ਹੋਵੇਗੀ ਕਿ ਭਾਰਤ ਦੀ ਸਿਆਸਤ ਦੀ ਵਾਗਡੋਰ ਮਿਹਨਤਕਸ਼ ਲੋਕਾਂ ਦੇ ਹੱਥ ਆਵੇ ਅਤੇ ਆਜ਼ਾਦੀ ਦਾ ਨਿੱਘ ਹਰੇਕ ਭਾਰਤੀ ਨੂੰ ਮਿਲੇ, ਜਿਸ ਦਾ ਸੁਪਨਾ ਇਨ੍ਹਾਂ ਦੇਸ਼ ਭਗਤਾਂ ਨੇ ਲਿਆ ਸੀ।