ਕਬੱਡੀ ਦਾ ਕੌਮਾਂਤਰੀ ਕੁਮੈਂਟੇਟਰ-ਕਾਲਾ ਰਛੀਨ

ਇਕਬਾਲ ਸਿੰਘ ਜੱਬੋਵਾਲੀਆ
ਕਬੱਡੀ ‘ਚ ਕੁਮੈਂਟਰੀ ਦੀ ਕਲਾ ਦੇ
ਕਮਾਲ ‘ਤੇ ਕਮਾਲ ਹੋ ਗਏ।
ਬੇਰੁਜ਼ਗਾਰ ਖਿਡਾਰੀ ਮਾਇਆ ਨਾਲ
ਅੱਜ ਵੇਖੋ ਮਾਲੋਮਾਲ ਹੋ ਗਏ।
ਛੋਟੇ ਮੋਟੇ ਇਨਾਮਾਂ ਦੀ ਹੁੰਦੀ ਸੀ ਕਦੇ
ਲੱਖਾਂ ਤੋਂ ਕਰੋੜਾਂ ਦੀ ਗਈ ਹੋ ਕਬੱਡੀ।

ਪਰਵਾਸੀ ਵੀਰਾਂ ਤੇ ਪ੍ਰੋਮੋਟਰਾਂ ਦੇ ਸਾਥ ਨਾਲ
ਪਿੰਡ ਪਿੰਡ ਕਬੱਡੀ ਕੱਪਾਂ ਦੀ ਛਾਪ ਛੱਡੀ।
ਸਾਈਕਲ-ਸਕੂਟਰਾਂ ‘ਤੇ ਘੁੰਮਦੇ ਸੀ ਕਦੇ
ਸਫਰ ਜਹਾਜ਼ਾਂ ਦੇ ਵੇਖੋ ਆਮ ਹੋ ਗਏ।
ਬਹੁਤਿਆਂ ਦੀ ਕਬੱਡੀ ਨੇ ਬਾਂਹ ਫੜੀ
ਉਚੇ ਅਹੁਦਿਆਂ ‘ਤੇ ਬਿਰਾਜ਼ਮਾਨ ਹੋ ਗਏ।
ਰੋਮ ਰੋਮ ਵਸੀ ਕਬੱਡੀ ਪੰਜਾਬੀਆਂ ਦੇ
ਖੇਡਣ ਵਾਲੇ ਬਈ ਸੁੱਖ ਮਾਣਦੇ ਨੇ,
ਕੁਮੈਂਟਰੀ ਕਬੱਡੀ ਦੀ ਜਾਨ ‘ਜੱਬੋਵਾਲੀਏ’
ਸਰੋਤੇ ‘ਕਾਲੇ’ ਦੇ ਬੋਲਾਂ ਦਾ ਨਸ਼ਾ ਜਾਣਦੇ ਨੇ।
ਪੰਜਾਬੀਆਂ ਦੀ ਜਿੰਦ-ਜਾਨ ਹੈ ਕਬੱਡੀ। ਕਬੱਡੀ…ਕਬੱਡੀ…ਸੁਣਦੇ ਹੀ ਕਬੱਡੀ ਦੇ ਆਸ਼ਕ ਵਾਹੋ-ਦਾਹੀ ਉਧਰ ਭੱਜਦੇ ਨੇ। ਕੁਮੈਂਟਰੀ ਬਿਨਾ ਕਬੱਡੀ ਮਨਫੀ। ਕਬੱਡੀ ਨੂੰ ਹੋਰ ਅਨੰਦਾਇਕ ਤੇ ਦਿਲਚਸਪ ਬਣਾਉਣ ਲਈ ਕੁਮੈਂਟਰੀ ਵਿਚ ਸ਼ੇਅਰੋ-ਸ਼ਾਇਰੀ, ਖਿਡਾਰੀਆਂ ਦੀ ਜਿ਼ੰਦਗੀ, ਨਾਨਕੇ-ਦਾਦਕੇ ਬਾਰੇ ਜੰਤਰੀ ਵਾਂਗ ਲੇਖਾ-ਜੋਖਾ ਮਿੰਟੋ-ਮਿੰਟੀ ਹੁੰਦੈ। ਜ਼ਮੀਨ ਆਸਮਾਨ ਦੇ ਕੁੰਡੇ ਮੇਲਦੇ ਨੇ। ਦਰਸ਼ਕਾਂ ਦੀ ਉਤਸੁਕਤਾ ਵਧਦੀ ਹੈ। ਦਰਸ਼ਕ ਕੀਲੇ ਜਾਂਦੇ ਨੇ। ਕਬੱਡੀ ਕੱਪਾਂ ‘ਚ ਕੁਮੈਂਟਰੀ ਦੀਆਂ ਧੂੜਾਂ ਪੱਟਦੇ ਕਾਲੇ ਰਛੀਨ ਦੀ ਕੁਮੈਂਟਰੀ ਗੂੰਜਦੀ ਐ। ਉਹ ਕਾਲਾ, ਜਿਸ ਨੇ ਛੋਟੀ ਉਮਰੇ ਵੱਡੀਆਂ ਮੱਲਾਂ ਮਾਰੀਆਂ। ਕੁਮੈਂਟਰੀ ਦੀ ਕਲਾ ‘ਚ ਪੂਰੀ ਤਰ੍ਹਾਂ ਨਿਪੁੰਨ ਹੋ ਨਿਬੜਿਆ। ਹੁਣ ਤੱਕ ਉਹਨੇ ਗੱਡੀਆਂ (ਕਾਰਾਂ), ਮੋਟਰ-ਸਾਈਕਲ, ਸੋਨੇ ਦੀਆਂ ਚੇਨੀਆਂ ਤੇ ਅਨੇਕਾਂ ਮਾਣ-ਸਨਮਾਨ ਤੇ ਬੇਹਿਸਾਬਾ ਪਿਆਰ ਸਤਿਕਾਰ ਲਿਆ।
ਤੇਰਾਂ ਸਾਲਾਂ ਤੋਂ ਵੱਧ ਹੋ ਗਏ ਕਬੱਡੀ ਕੱਪਾਂ ‘ਚ ਕੁਮੈਂਟਰੀ ਕਰਦੇ ਨੂੰ। ਪੰਜਾਬ ਦਾ ਅਜਿਹਾ ਕੋਈ ਪਿੰਡ ਜਾਂ ਕਬੱਡੀ ਕੱਪ ਨਹੀਂ, ਜਿਥੇ ਹਾਜ਼ਰ ਨਾ ਹੋਵੇ। ਸ਼ੇਅਰੋ-ਸ਼ਾਇਰੀ ਦੇ ਨਾਲ ਨਾਲ ਉਹ ਲਿਖਣ ਦਾ ਸ਼ੌਕ ਵੀ ਰੱਖਦੈ। ਕੁਮੈਂਟਰੀ ਦਾ ਜਾਗ ਉਸ ਨੂੰ ਪ੍ਰੋ. ਮੱਖਣ ਸਿੰਘ ਹਕੀਮਪੁਰ ਤੋਂ ਲੱਗਾ। ਉਹ ਉਸ ਨੂੰ ਆਪਣਾ ਉਸਤਾਦ ਮੰਨਦੈ। ਸਰਾਭੇ ਟੂਰਨਾਮੈਂਟਾਂ ‘ਤੇ ਪਹਿਲੀ ਵਾਰ ਉਹਨੂੰ ਮਾਈਕ ਫੜਨ ਦਾ ਮੌਕਾ ਮਿਲਿਆ। ਪ੍ਰੋ. ਮੱਖਣ ਸਿੰਘ ਹਕੀਮਪੁਰ ਉਨ੍ਹਾਂ ਮੈਚਾਂ ਦੀ ਕੁਮੈਂਟਰੀ ਕਰਨ ਪਹੁੰਚੇ ਹੋਏ ਸਨ। ਮੈਚਾਂ ਦਾ ਅਨੰਦ ਮਾਣਨ ਗਏ ਕਾਲੇ ਨੇ ਆਪਣੇ ਲਿਖੇ ਕੁਝ ਸ਼ੇਅਰ ਪ੍ਰੋ. ਮੱਖਣ ਸਿੰਘ ਨੂੰ ਬੋਲਣ ਲਈ ਕਿਹਾ। ਪੋ੍ਰ. ਮੱਖਣ ਸਿੰਘ ਨੇ ਉਹਨੂੰ ਮਾਈਕ ਫੜਾ ਕੇ ਖੁਦ ਸ਼ੇਅਰ ਬੋਲਣ ਲਈ ਕਹਿ ਦਿੱਤਾ। ਕਾਲੇ ਲਈ ਇਹ ਪਹਿਲਾ ਮੌਕਾ ਸੀ ਮਾਈਕ ਫੜਨ ਦਾ। ਲਿਖੇ ਸ਼ੇਅਰ ਬੋਲ ਕੇ ਕਾਲੇ ਨੇ ਝੜੀਆਂ ਲਾ ਦਿੱਤੀਆਂ ਤੇ ਬਹਿ ਜਾ ਬਹਿ ਜਾ ਕਰਾ‘ਤੀ। ਬੋਲਣ ਦਾ ਝਾਕਾ ਖੁਲ੍ਹ ਗਿਆ ਤੇ ਨਾਲ ਹੀ ਕਿਸਮਤ ਦੇ ਸਿਤਾਰੇ ਵੀ ਖੁਲ੍ਹ ਗਏ। ਕਦਰਦਾਨਾਂ ਨੇ ਦਿਲ ਦੇ ਬੂਹੇ ਖੋਲ੍ਹ ਦਿੱਤੇ। ਸ਼ੁਰੂਆਤ ਹੋ ਗਈ, ਫਿਰ ਮੈਚਾਂ `ਚ ਕੁਮੈਂਟਰੀ ਲਈ ਸੱਦੇ `ਤੇ ਸੱਦੇ ਆਉਣ ਲੱਗੇ।
14 ਅਪਰੈਲ 2008 ਨੂੰ ਸਵੱਦੀ-ਕਲਾਂ ਕਬੱਡੀ ਕੱਪ ‘ਤੇ ਪਹਿਲੀ ਵਾਰ ਕੁਮੈਂਟਰੀ ਕਰਨ ਦਾ ਮੌਕਾ ਮਿਲਿਆ। ਖੇਡ-ਪ੍ਰੇਮੀਆਂ ਨੇ ਭਰਵਾਂ ਪਿਆਰ ਦਿੱਤਾ। ਹੋਰ ਮਿਹਨਤ ਕੀਤੀ। ਫਿਰ ਤਾਂ ਕਿਲ੍ਹਾ ਰਾਏਪੁਰ ਦੀਆਂ ਖੇਡਾਂ, ਕਾਲਖ ਕਬੱਡੀ ਕੱਪ, ਹਠੂਰ ਕਬੱਡੀ ਕੱਪ, ਮੋਗਾ ਕਬੱਡੀ ਕੱਪ, ਮੌਲੀ ਬੈਦਵਾਨ-ਚੰਡੀਗੜ੍ਹ, ਫੁੱਲਾਂਵਾਲ ਕਬੱਡੀ ਕੱਪ, ਡਫਰ ਕਬੱਡੀ ਕੱਪ (ਹੁਸ਼ਿਆਰਪੁਰ), ਕਾਲਾ ਸੰਘੇ ਕਬੱਡੀ ਕੱਪ ਅਤੇ ਵਿਦੇਸ਼ਾਂ ‘ਚ ਕੈਨੇਡਾ, ਅਮਰੀਕਾ ਦੇ ਕਬੱਡੀ ਕੱਪਾਂ ‘ਚ ਪੂਰਾ ਠੁੱਕ ਬੰਨ੍ਹਿਆ। ਉਹਦੇ ਬੋਲਾਂ ਦਾ ਦੇਸ਼-ਵਿਦੇਸ਼ ਦੇ ਕਬੱਡੀ ਪ੍ਰੇਮੀ ਘਰਾਂ ‘ਚ ਬੈਠੇ ਟੀ. ਵੀ. ‘ਤੇ ਨਜ਼ਾਰੇ ਮਾਣਦੇ ਨੇ।
16 ਜਨਵਰੀ 2011 ਨੂੰ ਕਾਲਖ ਕਬੱਡੀ ਕੱਪ ‘ਤੇ ਮੋਟਰ-ਸਾਈਕਲ ਨਾਲ ਸਨਮਾਨ ਕੀਤਾ ਗਿਆ। ਪਹਿਲਾ ਵਿਦੇਸ਼ੀ ਟੂਰ ਵੀ 2011 ਵਿਚ ਹੀ ਲੱਗਾ। 4 ਫਰਬਰੀ 2014 ਨੂੰ ਸਵਿਫਟ ਗੱਡੀ ਦੀਆਂ ਚਾਬੀਆਂ ਮਿਲੀਆਂ। 2013 ਨੂੰ ਹਠੂਰ ਕਬੱਡੀ ਕੱਪ ‘ਤੇ ਬੁਲੇਟ ਮੋਟਰ-ਸਾਈਕਲ ਮਿਲਿਆ। ਸ਼ਹੀਦ ਭਗਤ ਸਿੰਘ ਕਲੱਬ ਐਡਮਿੰਟਨ ਵਲੋਂ ਮੋਟਰ-ਸਾਈਕਲ ਦਿੱਤਾ ਗਿਆ। ਮਨੂੰ-ਰਛੀਨ, ਬੱਬੀ ਚੜਿਕ ਅਤੇ ਚੰਨਾ ਕਾਲਖ ਜਿਹੇ ਸੱਜਣਾਂ ਨੇ ਗੱਡੀ ਦੀ ਚਾਬੀ ਫੜਾਈ। ਪੱਪੀ ਫੁੱਲਾਂਵਾਲ, ਸ਼ਰਨਜੀਤ ਸੇਖੋਂ ਸਾਥੀਆਂ ਵਲੋਂ ਬੁਲੇਟ ਮੋਟਰ-ਸਾਈਕਲ ਦਿੱਤਾ ਗਿਆ। ਰਾਮਪੁਰਾ ਫੂਲ ਤੋਂ ਰਿੱਕੀ ਰਾਮਪੁਰ, ਹਰਦੀਪ ਫੁੱਲ ਤੇ ਸਾਥੀਆਂ ਨੇ ਬੁਲੇਟ ਮੋਟਰ ਸਾਈਕਲ ਨਾਲ ਸਨਮਾਨ ਕੀਤਾ।
ਅਲਬਰਟਾ ਕਬੱਡੀ ਫੈਡਰੇਸ਼ਨ ਵਾਲੇ ਚੰਨਾ ਕਾਲਖ ਤੇ ਬੱਬੀ ਚੜਿਕ ਜਿਹੇ ਸੱਜਣਾਂ ਦੀ ਬਦੌਲਤ 2011 ‘ਚ ਪਹਿਲਾ ਵਿਦੇਸ਼ੀ ਟੂਰ ਲੱਗਾ। ਵਿਦੇਸ਼ੀ ਮਿੱਤਰਾਂ ਵਲੋਂ ਪਿਆਰ ਮਿਲਣ ਲੱਗਾ। ਫਿਰ ਤਾਂ ਟੂਰ `ਤੇ ਟੂਰ ਲੱਗਣ ਲੱਗੇ। ਐਡਮਿੰਟਨ, ਕੈਲਗਰੀ, ਐਬਸਫੋਰਡ ਕਬੱਡੀ ਕੱਪਾਂ ‘ਤੇ ਮੌਕਾ ਮਿਲਿਆ। “ਯੰਗ ਕਬੱਡੀ ਕਲੱਬ” ਸਰੀ ਬੀ. ਸੀ. ਦੇ ਮਾਨਾਂ, ਰੂਮੀ ਤੇ ਇੰਦਰਜੀਤ ਸਾਥੀਆਂ ਨੇ ਸੋਨੇ ਦੀ ਚਮਕਦੀ ਚੇਨੀ ਗਲ ਪਾਈ।
ਸੈਂਟਰਲ ਵੈਲੀ ਸਪੋਰਟਸ ਕਲੱਬ ਦੇ ਅਹੁਦੇਦਾਰਾਂ-ਹੈਰੀ ਭੰਗੂ, ਰਾਜਾ ਧਾਮੀ, ਸੁੱਖੀ ਸੰਘੇੜਾ, ਅਮਨ ਟਿਵਾਣਾ, ਕੋਮਲ, ਜਗਰੂਪ ਸਿੱਧੂ, ਜੇ. ਸਿੰਘ, ਕਾਲਾ ਟਰੇਸੀ ਤੇ ਤੀਰਥ ਗਾਖਲ ਨੇ ਗੋਲਡ-ਮੈਡਲ ਨਾਲ ਨਿਵਾਜਿਆ।
ਕੈਲੀਫੋਰਨੀਆ ਦੇ ਗਾਖਲ ਭਰਾਵਾਂ ਤੇ ਸਾਥੀਆਂ ਦੇ ਸਥਾਪਤ ਯੁਨਾਈਟਿਡ ਸਪੋਰਟਸ ਕਲੱਬ ਬੇ-ਏਰੀਆ ਵਲੋਂ ਵਾਹਵਾ ਮਾਣ ਦਿੱਤਾ ਗਿਆ। ਨਿਊ ਯਾਰਕ ਦੇ ਪੰਜਾਬੀ ਵਿਰਸਾ ਸਪੋਰਟਸ ਕਲੱਬ ਦੇ ਮੁੱਖ ਸੇਵਾਦਾਰ ਸ. ਮਹਿੰਦਰ ਸਿੰਘ ਸਿੱਧੂ ਤੇ ਕਲੱਬ ਦੇ ਸਮੂਹ ਸਾਥੀਆਂ ਅਤੇ ਪੰਜਾਬ ਸਪੋਰਟਸ ਕਲੱਬ, ਫਿਲਾਡੈਲਫੀਆ ਵਿਖੇ ਜਿੰਦ ਸਿਆਟਲ, ਲਾਲ ਸਿੰਘ ਤੇ ਸੰਘੇੜਾ ਭਰਾਵਾਂ ਨੇ ਵਿਸ਼ੇਸ਼ ਮਾਣ ਕੀਤਾ।
ਕਰੋਨਾ ਦਾ ਪ੍ਰਕੋਪ ਮੁੱਕਦੇ ਹੀ ਕਬੱਡੀ ਕਲੱਬਾਂ ਵਾਲੇ ਉਹਦਾ ਮਾਣ-ਤਾਣ ਕਰਨ ਲਈ ਤਿਆਰ ਹਨ। ਯੰਗ ਕਬੱਡੀ ਕਲੱਬ, ਜੋਨਾ ਵਲੀਨਾ ਦੇ ਇੰਦਰਜੀਤ ਰੋਮੀ, ਚਰਨਜੀਤ ਤੇ ਡਗਰੂ ਵੀ ਮਾਣ-ਸਨਮਾਨ ਕਰਨ ਲਈ ਪੱਬਾਂ ਭਾਰ ਖੜ੍ਹੇ ਨੇ। ਇਸੇ ਤਰ੍ਹਾਂ ਹੀ ਸੈਂਟਰਲ ਵੈਲੀ ਕਬੱਡੀ ਕਲੱਬ ਵਲੋਂ ਵੱਡਾ ਸਨਮਾਨ ਕੀਤਾ ਜਾਵੇਗਾ।
ਕਈ ਖੇਡ ਮੇਲਿਆਂ ‘ਤੇ ਕਈ ਵਾਰ ‘ਕੱਠੇ ਹੋਏ ਹਾਂ। ਬੜਾ ਮਿਲਾਪੜਾ ਹੈ ਕਾਲਾ। ਪਹਿਲੀ ਮਿਲਣੀ ‘ਚ ਅਗਲੇ ਨੂੰ ਮੋਹ ਲੈਂਦੈ। ਯੁਨਾਈਟਡ ਸਪੋਟਰਸ ਕਲੱਬ ਬੇ-ਏਰੀਆ, ਕੈਲੀਫੋਰਨੀਆ; ਪੰਜਾਬ ਸਪੋਰਟਸ ਕਲੱਬ ਫਿਲਾਡੈਲਫੀਆ ਦੇ ਕਬੱਡੀ-ਕੱਪ ਅਤੇ ਨਿਊ ਯਾਰਕ ਦੇ ਪੰਜਾਬੀ ਵਿਰਸਾ ਸਪੋਰਟਸ ਕਲੱਬ ਦੇ ਕਬੱਡੀ ਕੱਪ ‘ਤੇ ਕਾਲੇ ਦੀ ਕੁਮੈਂਟਰੀ ਗੂੰਜੀ ਤੇ ਦਰਸ਼ਕਾਂ ਤੋਂ ਵਾਹਵਾ ਖੱਟੀ। ਉਹਦੀ ਕੁਮੈਂਟਰੀ ਦੀ ਵੰਨਗੀ ਦੇ ਵੱਖੋ ਵੱਖਰੇ ਰੰਗ ਵੇਖੋ। ਵੋਟਾਂ ਮੰਗਣ ਆਉਂਦੇ ਲੀਡਰਾਂ ਨੂੰ ਸ਼ੀਸ਼ਾ ਵੀ ਵਿਖਾਇਐ:
ਉਡਣ ਦਿਉ ਪਤੰਗਾਂ ਨੂੰ ਵਿਚ ਆਸਮਾਨ ਦੇ
ਤੁਣਕੇ ਨਾਲ ਲਾਹ ਲਾਂ’ਗੇ ਜਹਾਜ਼ ਥੋੜੀ ਨੇ।
ਪੈਸੇ, ਨਸ਼ੇ, ਪਾਵਰਾਂ ਤੇ ਚੌਧਰਾਂ ਦੇ ਲਾਲਚਾਂ ਨੂੰ
ਬੋਤਲਾਂ ਲਈ ਵਿਕੇ ਜੋ, ਆਜ਼ਾਦ ਥੋੜੀ ਨੇ।
ਸ਼ਹਾਦਤਾਂ ਨੂੰ ਛਿੱਕੇ ਟੰਗ ਹਾਕਮਾਂ ਦੇ ਪੈਰਾਂ ਵਿਚ
ਰੁਲ ਰਹੀਆਂ ਪੱਗਾਂ ਦੇ ਹਿਸਾਬ ਥੋੜੀ ਨੇ।
ਬੈਠ ਜੋ ਕੁਰਸੀ ‘ਤੇ ਖੂਨ ਪੀਣ ਪਰਜਾ ਦਾ
ਠੱਗ ਨੇ ਉਹ ‘ਕਾਲਿਆ’, ਜਨਾਬ ਥੋੜੀ ਨੇ।
ਨਸ਼ੇ ਆਲੀ ਲੋਰ ‘ਚ ਜੋ ਦੇਖੇ ਅੱਖਾਂ ਮੀਟ ਕੇ
ਪੂਰੇ ਕੀਹਨੇ ਕਰਨੇ ਆ ਖਾਬ ਥੋੜੀ ਨੇ।
ਬਿਨਾ ਖਿੜੇ ਟੁੱਟ ਟੁੱਟ ਡਿੱਗੀ ਜਾਣ ‘ਕਾਲਿਆ’ ਜੋ,
ਕਾਗਜ਼ੀ ਉਹ ਫੁੱਲ ਹਨ, ਗੁਲਾਬ ਥੋੜੀ ਨੇ।
1984 ਦੇ ਅੱਲੇ ਜ਼ਖਮ। ਸਰਕਾਰੀ ਧੱਕੇ ਦਾ ਸ਼ਿਕਾਰ ਹੋਏ ਸਿੱਖ। ਮਾਂਵਾਂ-ਭੈਣਾਂ ਦੀ ਬੇਪਤੀ, ਭੈਣਾਂ ਦੇ ਉਜੜੇ ਸੁਹਾਗ, ਬੱਚਿਆਂ ਦੇ ਵਿਰਲਾਪ ਤੇ ਹੋਰ ਪਤਾ ਨਹੀਂ ਕੀ ਕੀ ਹੋਇਆ! ਕਾਲਾ ਇਉਂ ਬਿਆਨਾ ਕਰਦੈ:
ਬੜੇ ਹਿੰਦੂਆਂ ਦੇ ਪੁੱਤ ਵੀ ਮਰੇ ਇਥੇ
ਬਹੁਤੇ ਸਿੱਖਾਂ ਦੇ ਘਰਾਂ ਦਾ ਘਾਣ ਹੋਇਆ।
ਗਿਆ ਕੁਝ ਨਹੀਂ ਸਰਕਾਰੀ ਬੰਦਿਆਂ ਦਾ
ਬਸ ਪੰਜਾਬ ਹੀ ਲਹੂ ਲੁਹਾਣ ਹੋਇਆ।
ਰੰਗ ਕੇਸਰੀ ਭਿੱਜ ਕੇ ਲਾਲ ਹੋਇਆ
ਕਿਸੇ ਮਾਂ ਦਾ ਮਾਸੂਮ ਜਿਹਾ ਬਾਲ ਮੋਇਆ।
ਚੀਕਾਂ ਸੁਣੀਆਂ ਸ਼ਹਿਰ ਲਾਹੌਰ ਤੀਕਰ
ਯੁੱਧ ‘ਕਾਲਿਆ’ ਬੜਾ ਘਮਸਾਨ ਹੋਇਆ।
ਪੱਤ ਔਰਤਾਂ ਦੀ ਵਰਦੀਆਂ ਲੁੱਟਦੀਆਂ ਸੀ
ਲਾਹ ਲਾਹ ਗਰਦਨਾਂ ਨਹਿਰਾਂ ‘ਚ ਸੁੱਟ`ਤੀਆਂ ਸੀ।
ਰੂਹ ਕੰਬ ਗਈ ‘ਕਾਲੇ’ ਸ਼ਾਇਰ ਦੀ ਜੀ
ਵੇਖ ਕਿਸੇ ਦਾ ਘਰ ਸ਼ਮਸ਼ਾਨ ਹੋਇਆ।
ਤੁਰ ਗਈ ਮਾਂ ਦੇ ਵਿਛੋੜੇ ਦਾ ਦਰਦ ਦਿਲ ‘ਚ ਲਈ ਫਿਰਦੇ ਨੇ ਇੰਜ ਬਿਆਨ ਕੀਤਾ:
ਤੇਰੇ ਜਾਣ ਦਾ ਮਾਂ ਕਿੰਨਾ ਦੁੱਖ ਹੋਇਆ
ਭੇਤ ਕਿਸੇ ਨਾਲ ਨਾ ਖੋਲ੍ਹਿਆ ਮੈਂ।
ਹੌਲੇ ਮਨ ਤੋਂ ਡੋਲਿਆ ਕਈ ਵਾਰੀ
ਪਰ ਦਿਲ ਤੋਂ ਨਾ ਕਦੇ ਡੋਲਿਆ ਮੈਂ।
ਲੱਖਾਂ ਹੱਥ ਵਧੇ ਹੰਝੂ, ਮੂੰਹ ਪੂੰਝਣੇ ਨੂੰ
ਮੂੰਹ ਆਪੇ ਉਠ ਕੇ ਧੋ ਲਿਆ ਮੈਂ।
ਬਿਨਾ ਮਾਂ-ਪਿਉ ਜਿੰ਼ਦਗੀ ਕੀ ‘ਕਾਲੇ’
ਇਹੋ ਸੋਚ ਕੇ ਅੱਜ ਫਿਰ ਰੋ ਲਿਆ ਮੈਂ।
ਪਿਤਾ ਸ. ਕੁਲਦੀਪ ਸਿੰਘ ਤੇ ਸਵਰਗੀ ਮਾਤਾ ਜਸਵੀਰ ਕੌਰ ਦਾ ਸ਼ਿੰਦਾ ਪੁੱਤ ਅਤੇ ਤਿੰਨਾਂ ਭੈਣ-ਭਰਾਵਾਂ ਤੋਂ ਸਭ ਨਾਲੋਂ ਛੋਟਾ ਵੀਰ ਕਾਲਾ 26 ਜਨਵਰੀ 1991 ਨੂੰ ਰਛੀਨ (ਛਪਾਰ ਲਾਗੇ) ਵਿਖੇ ਜਨਮਿਆ। ਛੋਟੀ ਉਮਰੇ ਵੱਡੀਆਂ ਮੱਲਾਂ ਮਾਰਨ ਵਾਲਾ ਕਾਲਾ 2010 ਨੂੰ ਕੈਨੇਡਾ ਪਹੁੰਚ ਗਿਆ ਸੀ। ਕੈਨੇਡਾ ਆ ਕੇ ਹੱਡ ਭੰਨਵੀਂ ਮਿਹਨਤ ਕੀਤੀ:
ਪੈਰ ਪੈਰ ਖਾਧੀਆਂ ਠੋਕਰਾਂ ਮੈਂ
ਪੈਰ ਪੈਰ ‘ਤੇ ਦੇ ਕੇ ਇਮਤਿਹਾਨ ਦੇਖੇ।
ਜਿ਼ੰਦਗੀ ਲੰਘੀ ਏ ਸੂਈ ਦੇ ਨੱਕਿਆਂ ‘ਚੋਂ
ਏਹ ਦਿਨ ‘ਕਾਲੇ’ ਨਹੀਂ ਐਨੇ ਅਸਾਨ ਦੇਖੇ।
ਹੁਣ ਉਹ ਪੱਕੇ ਤੌਰ ‘ਤੇ ਕੈਨੇਡਾ ਦਾ ਵਾਸੀ ਐ। ਆਪਣੀ ਹਿੰਮਤ ਅਤੇ ਮਿਹਨਤ ਸਦਕਾ ਕੈਲਗਰੀ ਵਿਖੇ ‘ਲੀਫ ਕੰਸਟਰਕਸ਼ਨ ਕੰਪਨੀ’ ਸਥਾਪਿਤ ਕੀਤੀ ਹੋਈ ਹੈ। ਮਕਾਨਾਂ ਦਾ ਕੰਮ ਅਤੇ ਕਬੱਡੀ ਕੁਮੈਂਟਰੀ-ਦੋਵੇਂ ਖੇਤਰਾਂ ਵਿਚ ਬਾਕਮਾਲ ਹੈ। ਉਸ ਨੂੰ ਲਿਖਣ ਤੇ ਬੋਲਣ ਦੀ ਬੜੀ ਮੁਹਾਰਤ ਹੈ। “ਸਾਂਝੇ ਅੱਖਰ” ਨਾਂ ਦੀ ਇਕ ਕਿਤਾਬ ਵੀ ਲਿਖ ਰਿਹੈ। ਲਿਖਣ ਦੀ ਚੇਟਕ ਲਾਉਣ ਵਾਲਾ ਉਹਦੇ ਪਿੰਡ ਦਾ ਪ੍ਰਸਿੱਧ ਕਵੀ ਸ. ਜਰਨੈਲ ਸਿੰਘ ‘ਅਰਸ਼ੀ’ ਹੈ। ਉਸ ਦੇ ਪ੍ਰਭਾਵ ਹੇਠ ਆ ਕੇ ਕਾਲੇ ਨੇ ਕਲਮ ਚਲਾਉਣੀ ਸ਼ੁਰੂ ਕੀਤੀ। ਕਬੱਡੀ ਕੁਮੈਂਟਰੀ ‘ਚ ਪੋ੍ਰ. ਮੱਖਣ ਸਿੰਘ ਹਕੀਮਪੁਰ ਉਸਤਾਦ ਹੈ ਤੇ ਸ਼ੇਅਰੋ-ਸ਼ਾਇਰੀ, ਗੀਤ ਲਿਖਣ ਵਿਚ ਸ. ਜਰਨੈਲ ਸਿੰਘ ਅਰਸ਼ੀ ਗੁਰੂ ਹਨ। ਕਰੋਨਾ ਕਾਲ ਮੁੱਕਦੇ ਹੀ ਖੇਡ ਮੈਦਾਨਾਂ ‘ਚ ਕਾਲਾ ਫਿਰ ਗੂੰਜੇਗਾ। ਸ਼ੇਅਰੋ-ਸ਼ਾਇਰੀ ਦੀਆਂ ਝੜੀਆਂ ਲਾਵੇਗਾ ਤੇ ਕਬੱਡੀ ਪ੍ਰੇਮੀਆਂ ਨੂੰ ਝੂਮਣ ਲਾਵੇਗਾ।
ਤੇਰੀ ਕੁਮੈਂਟਰੀ ਨੇ ‘ਕਾਲੇ’ ਲੋਕ ਕੀਲੇ
ਬੋਲ ਸੁਣਨ ਲਈ ਦਰਸ਼ਕ ਭੱਜ ਉਠੇ।
ਹਲ ਵਾਹੁੰਦੇ ਹਾਲੀ ਹਲ ਛੱਡ ਜਾਂਦੇ
ਲੋਕੀ ਘਰਾਂ ‘ਚ ਟੀ. ਵੀ. ਮੂਹਰੇ ਹੋਣ ‘ਕੱਠੇ।
‘ਇਕਬਾਲ ਸਿੰਹਾਂ’ ਰਾਹੀ ਥਾਂਏਂ ਰੁਕ ਜਾਂਦੇ
ਖੇਡਾਂ-ਖਿਡਾਰੀਆਂ ਦੇ ਆਸ਼ਕ ਯਾਰ ਲੱਠੇ।