ਆਜ਼ਾਦ ਸੂਫੀ ਬਲਵੀਰ ਆਪਣੇ ਗੀਤ “ਐ ਮੁਲਕ ਮੇਰੇ” ਨਾਲ ਚਰਚਾ ਵਿਚ

ਗੁਰਿੰਦਰਜੀਤ ਸਿੰਘ ‘ਨੀਟਾ ਮਾਛੀਕੇ’
ਫੋਨ: 559-333-5776
ਆਜ਼ਾਦ ਸੂਫੀ ਬਲਵੀਰ ਨੇ ਆਪਣਾ ਨਵਾਂ ਗੀਤ “ਐ ਮੁਲਕ ਮੇਰੇ” ਪਿਛਲੇ ਦਿਨੀਂ ਰਿਲੀਜ਼ ਕੀਤਾ ਤੇ ਮੈਨੂੰ ਵ੍ਹੱਟਸਐਪ ਜ਼ਰੀਏ ਸੁਣਨ ਲਈ ਭੇਜਿਆ। ਇਹ ਗੀਤ ਮੈਂ ਇੱਕ ਵਾਰ ਨਹੀਂ, ਸਗੋਂ ਕਈ ਵਾਰੀ ਸੁਣਿਆ। ਮੈਨੂੰ ਲੱਗ ਰਿਹਾ ਸੀ ਜਿਵੇਂ ਸੂਫੀ ਬਲਵੀਰ ਇਸ ਗੀਤ ਰਾਹੀਂ ਮੇਰੇ ਜਜ਼ਬਾਤਾਂ ਦੀ ਤਰਜ਼ਮਾਨੀ ਕਰ ਰਿਹਾ ਹੋਵੇ। ਇਹ ਗੀਤ ਹਰ ਸੱਚੇ ਸੁੱਚੇ ਭਾਰਤੀ ਦੇ ਦਿਲ ਦੀ ਹੂਕ ਹੈ। ਇਸ ਗੀਤ ਵਿਚ ਸ਼ਾਇਰ ਨੇ ਦੇਸ਼ ਪ੍ਰਤੀ ਆਪਣਾ ਪਿਆਰ ਭਾਰਤੀ ਸਿਆਸਤਦਾਨਾਂ ਨੂੰ ਨਿਹੋਰੇ ਮਾਰ ਕੇ ਵੱਖਰੇ ਅੰਦਾਜ਼ ਵਿਚ ਪੇਸ਼ ਕੀਤਾ ਹੈ। ਇਸ ਗੀਤ ਜ਼ਰੀਏ ਦੇਸ਼ ਵਿਚ ਕਿਸਾਨ-ਮਜ਼ਦੂਰ ਦੇ ਹਾਲਾਤ `ਤੇ ਨਿਵੇਕਲੇ ਢੰਗ ਨਾਲ ਚਾਨਣਾ ਪਾਇਆ ਗਿਆ ਹੈ।

ਇਸ ਗੀਤ ਰਾਹੀਂ ਪਰਦੇਸਾਂ ਵੱਲ ਨੂੰ ਮੂੰਹ ਕਰ ਰਹੀ ਜਵਾਨੀ ਅਤੇ ਨਸਿ਼ਆਂ ਦੇ ਵਗਦੇ ਦਰਿਆ `ਤੇ ਵੀ ਚਿੰਤਾ ਪ੍ਰਗਟ ਕੀਤੀ ਗਈ ਹੈ। ਇਸ ਗੀਤ ਰਾਹੀਂ ਲੋਕਾਂ ਨੂੰ ਅੰਧ-ਵਿਸ਼ਵਾਸ, ਬੇਰੁਜ਼ਗਾਰੀ, ਰਿਸ਼ਵਤਖੋਰੀ ਆਦਿ ਖਿਲਾਫ ਵੀ ਅੱਛੇ ਢੰਗ ਨਾਲ ਜਾਗਰੁਕ ਕੀਤਾ ਗਿਆ ਹੈ। ਗੱਲ ਕੀ, ਉਹ ਹਰ ਵਿਸ਼ਾ ਜੋ ਨਾਸੂਰ ਬਣ ਦੇਸ਼ ਨੂੰ ਗਿਰਾਵਟ ਵੱਲ ਲਿਜਾ ਰਿਹਾ ਹੈ, ਨੂੰ ਬਾਖੂਬੀ ਛੋਇਆ ਗਿਆ ਹੈ। ਇਸ ਗੀਤ ਦੀ ਵੀਡੀਓ ਵੀ ਆਪਣੇ ਆਪ ਵਿਚ ਕਮਾਲ ਹੈ, ਜਿਸ ਦਾ ਨਿਰਦੇਸ਼ਨ ਸੋਨੀ ਧਾਲੀਵਾਲ ਨੇ ਕੀਤਾ ਹੈ। ਇਸ ਗੀਤ ਦੀ ਵੀਡੀਓ ਵਿਚ ਮਲਕੀਤ ਰੌਣੀ, ਸਤਿੰਦਰ ਧੀਮਾਨ ਅਤੇ ਰਛਪਾਲ ਪੰਨੂੰ ਵਰਗੇ ਮੰਝੇ ਹੋਏ ਕਲਾਕਾਰਾਂ ਨੇ ਕੰਮ ਕਰਕੇ ਇਸ ਨੂੰ ਹੋਰ ਵੀ ਚਾਰ ਚੰਨ ਲਾਏ ਹਨ। ਇਸ ਗੀਤ ਨੂੰ ‘ਸੂਫੀ ਬਲਵੀਰ ਮਿਊਜਿ਼ਕ’ ਚੈਨਲ ਵਲੋਂ ਰਿਲੀਜ਼ ਕੀਤਾ ਗਿਆ ਹੈ। ਮਿਊਜਿ਼ਕ, ਗੀਤਕਾਰੀ ਅਤੇ ਗਾਇਕੀ ਦਾ ਬਹੁਤ ਵਧੀਆ ਸੁਮੇਲ ਇਸ ਗੀਤ ਰਾਹੀਂ ਸੁਣਨ, ਵੇਖਣ ਨੂੰ ਮਿਲ ਰਿਹਾ ਹੈ।
ਆਜ਼ਾਦ ਬਲਵੀਰ ਸੂਫੀ ਨਾਲ ਮੇਰਾ ਵਾਹ ਪਿਛਲੇ ਕਰੀਬ ਇੱਕ ਦਹਾਕੇ ਤੋਂ ਹੈ। ਬਲਵੀਰ ਜਿੰਨਾ ਵਧੀਆ ਲਿਖਦਾ, ਉਸ ਤੋਂ ਵਧੀਆ ਗਾਉਂਦਾ ਵੀ ਹੈ। ਆਪਣੇ ਨਰਮ ਸੁਭਾਅ ਕਰਕੇ ਉਹ ਹਰ ਇੱਕ ਨੂੰ ਆਪਣਾ ਬਣਾਉਣ ਦਾ ਹੁਨਰ ਰੱਖਦਾ ਹੈ। ਉਸ ਨੇ ਅੱਜ ਤੱਕ ਜੋ ਗਾਇਆ, ਬੜਾ ਸਾਫ ਸੁਥਰਾ ਅਤੇ ਮਿਆਰਾ ਗਾਇਆ, ਸਭ ਤੋਂ ਵੱਧ ਖੁਸ਼ੀ ਦੀ ਗੱਲ ਕਿ ਉਸ ਨੇ ਜਿ਼ਆਦਾਤਰ ਗੀਤ ਆਪਣੀ ਕਲਮ ਨਾਲ ਲਿਖੇ ਤੇ ਲੱਚਰਤਾ ਤੋਂ ਕੋਹਾਂ ਦੂਰ ਗਾਏ। ਉਸ ਦੇ ਹਰ ਗੀਤ ਵਿਚ ਕੋਈ ਨਾ ਕੋਈ ਉਦੇਸ਼ ਛੁਪਿਆ ਹੁੰਦਾ ਹੈ। ਉਸ ਦੀਆਂ ਹੁਣ ਤੱਕ 23 ਦੇ ਕਰੀਬ ਐਲਬਮਾਂ ਅਤੇ ਸਿੰਗਲ ਟ੍ਰੈਕ ਆ ਚੁਕੇ ਹਨ। ਪਿੱਛੇ ਜਿਹੇ ਉਸ ਦੀ ਸ਼ਾਇਰੋ ਸ਼ਾਇਰੀ ਦੀ ਕਿਤਾਬ ‘ਨਿੱਕਾ ਜਿਹਾ ਕੰਮ’ ਵੀ ਪੰਜਾਬੀ ਮਾਂ ਬੋਲੀ ਦੇ ਵਿਹੜੇ ਦਾ ਸਿ਼ੰਗਾਰ ਬਣੀ।
ਇਸ ਤੋਂ ਇਲਾਵਾ ਆਜ਼ਾਦ ਸੂਫੀ ਬਲਵੀਰ ਦੁਨੀਆਂ ਦੇ ਕਰੀਬ ਵੀਹ ਦੇਸ਼ਾਂ ਵਿਚ ਸਫਲ ਸਟੇਜ ਸ਼ੋਅ ਵੀ ਕਰ ਚੁਕਾ ਹੈ। ਬਲਵੀਰ ਫੋਨ `ਤੇ ਆਪਣੇ ਨਵੇਂ ਗੀਤ “ਐ ਮੁਲਕ ਮੇਰੇ” ਬਾਰੇ ਗੱਲ ਕਰਦਾ ਕਰਦਾ ਭਾਵੁਕ ਵੀ ਹੋ ਗਿਆ ਅਤੇ ਕਹਿਣ ਲੱਗਾ, ਨੀਟੇ ਬਾਈ ਇਹ ਗੀਤ ਮੇਰਾ ਅੱਜ ਤੱਕ ਦਾ ਸਭ ਤੋ ਬੇਹਤਰੀਨ ਗੀਤ ਹੈ। ਮੈਂ ਆਪਣੇ ਦਿਲ ਦੇ ਵਲਵਲੇ ਇਸ ਗੀਤ ਰਾਹੀਂ ਲਿਖ ਦਿੱਤੇ ਹਨ। ਇਹੋ ਦੁਆ ਹੈ ਕਿ ਆਜ਼ਾਦ ਸੂਫੀ ਬਲਵੀਰ ਦੀ ਕਲਮ ਪੰਜਾਬੀਆਂ ਦੀ ਤਰਜ਼ਮਾਨੀ ਕਰਦੀ ਅਰੁਕ ਚਲਦੀ ਰਹੇ।