ਸੁਤੰਤਰਤਾ ਦਿਵਸ ਅਤੇ 1971 ਦੀ ਭਾਰਤ-ਪਾਕਿਸਤਾਨ ਜੰਗ

ਗੁਲਜ਼ਾਰ ਸਿੰਘ ਸੰਧੂ
2021 ਦਾ ਵਰ੍ਹਾ ਭਾਰਤ ਦਾ 75ਵਾਂ ਸੁਤੰਤਰਤਾ ਦਿਵਸ ਵੀ ਹੈ ਤੇ 1971 ਦੀ ਭਾਰਤ-ਪਾਕਿਸਤਾਨ ਜੰਗ ਦਾ 50ਵਾਂ ਸਾਲ ਵੀ। ਇਸ ਮੌਕੇ ਸਮੇਂ ਦੀ ਸਰਕਾਰ ਕੋਲ ਕਹਿਣ ਲਈ ਬੇਅੰਤ ਗੱਲਾਂ ਨੇ, ਮੈਂ ਆਪਣੀ ਗੱਲ 1971 ਦੀ ਜੰਗ ਤੱਕ ਹੀ ਸੀਮਤ ਰੱਖਾਂਗਾ। 1971 ਦੀ ਜੰਗ ਸਮੇਂ ਬੰਗਲਦੇਸ਼ ਸਰਹੱਦ ਦੇ ਨਾਇਕਾਂ ਵਿਚੋਂ ਪਰਮਵੀਰ ਚੱਕਰ ਵਿਜੇਤਾ ਬ੍ਰਿਗੇਡੀਅਰ ਸੰਤ ਸਿੰਘ ਮਰਹੂਮ ਤੇ ਪਰਮ ਵਸ਼ਿਸਟ ਸੇਵਾ ਮੈਡਲ ਪ੍ਰਾਪਤ ਮੇਜਰ ਜਨਰਲ ਰਾਜਿੰਦਰ ਨਾਥ ਮੇਰੇ ਸਾਹਮਣੇ ਵਾਲੀਆਂ ਕੋਠੀਆਂ ਦੇ ਮਾਲਕ ਹਨ ਤੇ ਮੇਰੇ ਸੱਜੇ ਹੱਥ ਵਾਲੀ ਕੋਠੀ ਵਿਚ ਸੇਵਾ ਮੁਕਤ ਕਰਨਲ ਅਜਮੇਰ ਸਿੰਘ ਗਰੇਵਾਲ ਰਹਿੰਦਾ ਹੈ। ਇਹ ਸੈਕਟਰ ਚੰਡੀਗੜ੍ਹ ਦੇ ਪ੍ਰਥਮ ਚੀਫ ਕਮਿਸ਼ਨਰ ਐਮ. ਐਸ. ਰੰਧਾਵਾ ਨੇ ਡਿਫੈਂਸ ਸਰਵਿਸਿਜ਼ ਲਈ ਰਾਖਵਾਂ ਰੱਖਿਆ ਸੀ।

ਭਾਰਤ ਦੀ ਡਿਫੈਂਸ ਸਰਵਿਸ ਆਫੀਸਰਜ਼ ਇੰਸਟੀਚੀਊਟ (49) ਵੀ ਇਸੇ ਸੈਕਟਰ ਵਿਚ ਹੈ। ਮੈਂ ਖੁਦ ਸੇਵਾ ਮੁਕਤ ਵਿੰਗ ਕਮਾਂਡਰ ਵਿਜੇ ਮਨਚੰਦਾ ਦੀ ਬਦੌਲਤ ਇਸ ਸੈਕਟਰ ਦਾ ਵਸਨੀਕ ਬਣਿਆ। ਉਹ ਦਿੱਲੀ ਰਹਿੰਦਿਆਂ ਭਾਰਤੀ ਨਗਰ ਵਿਚ ਮੇਰਾ ਗਵਾਂਢੀ ਸੀ। ਉਸ ਨੇ ਇਹ ਵਾਲਾ ਮਕਾਨ ਮੈਨੂੰ ਦੇ ਦਿੱਤਾ ਸੀ।
ਮੇਰੀ ਗੱਲ ਆਪਣੇ ਗਵਾਂਢੀ ਕਰਨਲ ਗਰੇਵਾਲ ਨਾਲ ਹੋਈ ਤਾਂ ਉਸ ਨੇ ਲੌਂਗੇਵਾਲਾ (ਰਾਜਸਥਾਨ) ਦੀ ਲੜਾਈ ਬਾਰੇ ਵਿਸਥਾਰ ਨਾਲ ਦੱਸਿਆ, ਜਿਸ ਦਾ ਉਹ ਚਸ਼ਮਦੀਦ ਗਵਾਹ ਹੈ। ਉਸ ਦੇ ਦੱਸਣ ਅਨੁਸਾਰ 1971 ਵਿਚ ਲੌਂਗੇਵਾਲਾ ਦੀ ਲੜਾਈ ਪਾਕਿਸਤਾਨ ਵਲੋਂ ਇੱਕ ਤਰ੍ਹਾਂ ਦਾ ਪੰਗਾ ਸੀ। ਉਨ੍ਹਾਂ ਦੀ ਵਿਉਤਬੰਦੀ ਏਨੀ ਢਿੱਲ੍ਹੀ ਸੀ ਕਿ ਉਨਾਂ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਵਾਯੂ ਸੇਨਾ ਨੇ ਉਨ੍ਹਾਂ ਦੇ ਟੈਂਕਾਂ ਨੂੰ ਬੱਤਖਾਂ ਵਾਂਗ ਭੰੁਨ ਸੁਟਿਆ। ਇਸ ਦਾ ਭਾਵ ਇਹ ਨਹੀਂ ਕਿ ਧਰਤੀ ਉਤੇ ਸਾਡੇ ਸੂਰਬੀਰਾਂ ਨੂੰ ਦੁਸ਼ਮਣ ਦਾ ਸਾਹਮਣਾ ਨਹੀਂ ਕਰਨਾ ਪਿਆ। ਉਸ ਸਮੇਂ ਭਾਰਤੀ ਵਾਯੂ ਸੇਨਾ ਦੇ ਪਹੰੁਚਣ ਤੱਕ ਮੇਜਰ ਕੁਲਦੀਪ ਸਿੰਘ ਚਾਂਦਪੁਰੀ ਨੇ ਜਿਸ ਕਮਾਲ ਦੀ ਸੂਰਮਗਤੀ ਨਾਲ ਪਾਕਿਸਤਾਨੀ ਗੋਲਾਬਾਰੀ ਦਾ ਟਾਕਰਾ ਕੀਤਾ, ਉਹ ਭਾਰਤੀ ਸੇਨਾ ਦੀਆਂ ਪ੍ਰਾਪਤੀਆਂ ਦਾ ਇੱਕ ਇਤਿਹਾਸਕ ਕਾਂਡ ਹੈ। ਹੁਣ ਤਾਂ ਚਾਂਦਪੁਰੀ ਵੀ ਚੱਲ ਵੱਸੇ ਹਨ। ਉਨ੍ਹਾਂ ਦੀ ਕਮਾਂਡ ਥੱਲੇ ਸਿਰਫ 120 ਜਵਾਨ ਸਨ, ਜਿਨ੍ਹਾਂ ਨੂੰ ਪਾਕਿਸਤਾਨ ਦੇ 2800 ਜਵਾਨਾਂ ਦਾ ਟਾਕਰਾ ਕਰਨਾ ਪਿਆ। ਭਾਰਤੀ ਜਵਾਨਾਂ ਦਾ ਕਮਾਲ ਵੀ ਚਮਤਕਾਰੀ ਸੀ, ਪਰ ਭਾਰਤੀ ਵਾਯੂ ਸੇਨਾ ਨੇ ਤਾਂ ਪਾਕਿਸਤਾਨੀ ਟੈਂਕ ਘੱਗੀਆਂ ਤੇ ਕਬੂਤਰਾਂ ਵਾਂਗ ਦਬੋਚ ਲਏ। ਕਰਨਲ ਗਰੇਵਾਲ ਕੋਲ ਉਸ ਵੇਲੇ 17 ਰਾਜਪੂਤਾਨਾ ਰਾਈਫਲਜ਼ ਦੀ ਕਮਾਂਡ ਸੀ, ਜਿਸ ਨੇ ਸਾਦੇਵਾਲਾ ਦੀ 8 ਕਿਲੋਮੀਟਰ ਦੂਰੀ ਤੋਂ ਚਾਂਦਪੁਰੀ ਦੀ ਲੌਂਗੇਵਾਲਾ ਸਥਿਤ ਕੰਪਨੀ ਨੂੰ ਮਦਦ ਦੇਣੀ ਸੀ। ਕਰਨਲ ਗਰੇਵਾਲ ਨੇ ਦੱਸਿਆ ਕਿ 5 ਦਸੰਬਰ 1971 ਦੇ ਦਿਨ ਕਿਵੇਂ ਸਵੇਰ ਦੇ ਪੰਜ ਵਜੇ ਤੋਂ ਸਾਢੇ ਅੱਠ ਵਜੇ ਤੱਕ ਕਰੀਬ ਸਾਢੇ ਤਿੰਨ ਘੰਟੇ ਦਾ ਪੈਂਡਾ ਉਸ ਦੇ ਜਵਾਨਾਂ ਨੂੰ ਜਾਨ ਮੁੱਠੀ ਵਿਚ ਲੈ ਕੇ ਤੈਅ ਕਰਨਾ ਪਿਆ ਸੀ। ਅਗਲੇ ਤਿੰਨ ਘੰਟਿਆਂ ਵਿਚ ਪਾਕਿਸਤਾਨੀ ਟੈਂਕਾਂ ਦੀ ਤਬਾਹੀ ਕਰਨ ਵਿਚ ਭਾਰਤੀ ਵਾਯੂ ਸੇਨਾ ਦਾ ਅਮਲ ਹੋਰ ਵੀ ਚਮਤਕਾਰੀ ਸੀ। ਸਾਢੇ ਗਿਆਰਾਂ ਵਜੇ ਤੱਕ ਲੌਂਗੇਵਾਲਾ ਏਨਾ ਸ਼ਾਂਤ ਸੀ ਕਿ ਜਿਵੇਂ ਇਥੇ ਕੁਝ ਵੀ ਨਹੀਂ ਸੀ ਹੋਇਆ। ਨਤੀਜੇ ਵਜੋਂ ਕੁਲਦੀਪ ਸਿੰਘ ਚਾਂਦਪੁਰੀ ਮਹਾਂਵੀਰ ਚੱਕਰ ਵਿਜੇਤਾ ਗਰਦਾਨਿਆ ਗਿਆ, ਜਿਸ ਨੂੰ ਅੱਜ ਦੇ ਦਿਨ ਚੇਤੇ ਕਰਨਾ ਚੰਗਾ ਲਗਦਾ ਹੈ।
ਜੀਣਾ ਪਹਾੜਾਂ ਦਾ ਜੀਣਾ: ਮੈਨੂੰ ਪਹਾੜਾਂ ਵਿਚ ਸੈਰ ਸਪਾਟੇ ਦਾ ਸ਼ੌਕ ਹੈ। 1959 ਵਿਚ ਦਿੱਲੀ ਤੋਂ ਮਨਾਲੀ ਤੱਕ ਮੋਟਰ ਸਾਈਕਲ ਉਤੇ ਗਿਆ ਸਾਂ। ਮੇਰਾ ਪਿੰਡ ਪੰਜਾਬ ਦੇ ਕੰਢੀ ਇਲਾਕੇ ਵਿਚ ਪਹਾੜਾਂ ਦੇ ਪੈਰਾਂ ਵਿਚ ਪੈਂਦਾ ਹੈ। ਬਚਪਨ ਤੋਂ ਪਹਾੜਾਂ ਦੀਆਂ ਬਰਫਾਂ ਦੇਖਣ ਦਾ ਆਨੰਦ ਲੈਂਦਾ ਰਿਹਾ ਹਾਂ। ਹੁਣ ਤਾਂ ਮੈਂ ਸੋਲਨ ਤੋਂ ਥੋੜ੍ਹਾ ਪਹਿਲਾਂ ਧਰਮਪੁਰ ਸਬਾਤੂ ਮਾਰਗ ਉਤੇ ਇੱਕ ਪੱਕਾ ਟਿਕਾਣਾ ਵੀ ਬਣਾ ਲਿਆ ਹੈ। ਜਦੋਂ ਉਥੇ ਹੰੁਦਾ ਹਾਂ ਤਾਂ ਦਿੱਲੀ, ਲੁਧਿਆਣਾ, ਜਲੰਧਰ ਅੰਮ੍ਰਿਤਸਰ ਵਿਚ ਪੈ ਰਹੀ ਗਰਮੀ ਦੇ ਸਮਾਚਾਰ ਸੁਣ ਕੇ ਪਹਾੜੀ ਗੀਤ ‘ਜੀਣਾ ਪਹਾੜਾਂ ਦਾ ਜੀਣਾ’ ਚੇਤੇ ਆ ਜਾਂਦਾ ਹੈ। ਇਸ ਵਰ੍ਹੇ ਪਹਾੜੀਆਂ ਖਿਸਕਾਉਣ ਵਾਲੀ ਵਰਖਾ ਨੇ ਚਿੱਤ ਖਰਾਬ ਤਾਂ ਕੀਤਾ, ਪਰ ਦੂਜੇ ਰਾਜਾਂ ਵਿਚ ਕੀਤੀ ਵਰਖਾ ਦੀ ਤਬਾਹੀ ਤੋਂ ਮਨ ਨੂੰ ਧਰਵਾਸ ਮਿਲਿਆ ਕਿ ਕੁਦਰਤ ਦੀ ਕਰੋਪੀ ਅੱਗੇ ਕਿਸੇ ਦੀ ਪੇਸ਼ ਨਹੀਂ ਜਾਂਦੀ। ਪਾਉਂਟਾ ਸਾਹਿਬ ਵਾਲੀ 150 ਮੀਟਰ ਸੜਕ ਦਾ ਗਰਕ ਜਾਣਾ ਇਸ ਦੀ ਤਾਜ਼ਾ ਪੁਸ਼ਟੀ ਹੈ। ਇਸ ਸਾਲ ਦੀ ਕੋਵਿਡ ਮਹਾਮਾਰੀ ਨੇ ਏਨਾ ਪ੍ਰੇਸ਼ਾਨ ਕਰ ਰੱਖਿਆ ਹੈ ਕਿ ਕੋਈ ਵੀ ਪੇਸ਼ ਨਾ ਜਾਂਦੀ ਵੇਖ ਪੰਜਾਬੀ ਕਵੀ ਹਰਿਭਜਨ ਸਿੰਘ ਦੇ ਹੇਠ ਲਿਖੇ ਸ਼ਿਅਰਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ,
ਮੈਂ ਗਮ ਦੇ ਸਮੰੁਦਰ ’ਚ ਡੁੱਬਦਾ ਨਹੀਂ ਹਾਂ,
ਤੇਰੇ ਗਮ ਦੇ ਮੈਨੂੰ ਸਹਾਰੇ ਬੜੇ ਨੇ।
ਮੈਂ ਚੰੁਮ ਹੀ ਲਿਆ ਜਾ ਕੇ ਲਹਿਰਾਂ ਦਾ ਜੋਬਨ,
ਅੜੇ ਮੇਰੇ ਪੈਰੀਂ ਕਿਨਾਰੇ ਬੜੇ ਨੇ।

ਅੰਤਿਕਾ: (ਇੱਕ ਪਹਾੜੀ ਗੀਤ)
ਪਹਾੜਾਂ ਦੇ ਵਿਚ ਵਿਚ ਨਦੀਆ ਜੇ ਵਗਦੀ
ਲਾਈ ਤਾਰੀ ਲੱਗੀ ਜਾਣਾ
ਜੀਣਾ ਪਹਾੜਾਂ ਦਾ ਜੀਣਾ
ਪਹਾੜਾਂ ਦੇ ਵਿਚ ਵਿਚ ਹਰੇ ਦੇਹੇ ਬੂਟੇ
ਦੇਖੀ ਕਨੇ ਦਿਲ ਲਾਣਾ
ਜੀਣਾ ਪਹਾੜਾਂ ਦਾ ਜੀਣਾ।