ਬਨਸਪਤੀ ਤੇ ਪੰਜਾਬੀ ਸੱਭਿਆਚਾਰ

ਰਾਜਨਦੀਪ ਕੌਰ ਮਾਨ
ਫੋਨ: 91-62393-26166
ਬਨਸਪਤੀ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੈ। ਪੰਜਾਬੀ ਬੱਚੇ ਦੇ ਜਨਮ ਤੋਂ ਹੀ ਇਸ ਦੀ ਬਨਸਪਤੀ ਨਾਲ ਸਾਂਝ ਸ਼ੁਰੂ ਹੋ ਜਾਂਦੀ ਹੈ। ਜਨਮ ਸਮੇਂ ਨਿੰਮ ਜਾਂ ਸ਼ਰੀਂਹ ਦਾ ਬੂਹੇ ਅੱਗੇ ਬੱਝਣਾ ਇਸ ਦਾ ਪ੍ਰਮਾਣ ਹੈ। ਅੰਤ ਸਮੇਂ ਲੱਕੜੀਆਂ ਨਾਲ ਹੀ ਦਾਹ ਸਸਕਾਰ ਕੀਤਾ ਜਾਂਦਾ ਹੈ। ਸੋ ਸਾਰੀ ਜਿ਼ੰਦਗੀ ਦੀ ਕਹਾਣੀ ਬਨਸਪਤੀ ਦੇ ਆਸ-ਪਾਸ ਹੀ ਘੁੰਮਦੀ ਹੈ। ਰੁੱਖਾਂ ਨਾਲ ਸਾਡੀ ਸਾਂਝ ਉਦੋਂ ਤੋਂ ਹੈ, ਜਦੋਂ ਤੋਂ ਇਹ ਸ੍ਰਿਸ਼ਟੀ ਹੋਂਦ ਵਿਚ ਆਈ ਹੈ। ਪੰਜਾਬੀ ਲੋਕ-ਗੀਤਾਂ, ਬੋਲੀਆਂ, ਦਰਸ਼ਨ, ਧਰਮ ਆਦਿ ਹਰ ਤਰ੍ਹਾਂ ਦੇ ਸਾਹਿਤ ਵਿਚ ਬਨਸਪਤੀ ਦਾ ਖੂਬ ਜਿ਼ਕਰ ਮਿਲਦਾ ਹੈ।

ਪੰਜਾਬੀ ਲੋਕ ਸਾਹਿਤ ਵਿਚ ਸਾਨੂੰ ਪਿੱਪਲ ਤੇ ਬੋਹੜ, ਅੰਬ, ਬੇਰੀਆਂ ਤੇ ਕਿੱਕਰਾਂ, ਤੂਤ, ਟਾਹਲੀਆਂ, ਵਣ ਕਰੀਰ, ਜੰਡ, ਨਿੰਮ ਤੇ ਫਲਾਹੀ, ਇਮਲੀ ਤੇ ਨਿੰਬੂ ਬਾਰੇ ਲਿਖਿਆ ਮਿਲਦਾ ਹੈ। ਪੰਜਾਬੀ ਸੱਭਿਆਚਾਰ ਵਿਚ ਏਕੇ ਤੇ ਇਕੱਠ ਦਾ ਬਹੁਤ ਮਹੱਤਵ ਹੈ। ਰੋਹੀ ਵਿਚ ਇਕੱਲਾ ਖੜ੍ਹਾ ਰੁੱਖ ਤੇ ਜੱਟ ਦਾ ਪੁੱਤ-ਦੋਵੇਂ ਹੀ ਨਿਰਾਸ਼ਾ ਪੈਦਾ ਕਰਦੇ ਹਨ।
`ਕੱਲੀ ਹੋਵੇ ਨਾ ਵਣਾ ਦੇ ਵਿਚ ਲੱਕੜੀ,
`ਕੱਲਾ ਨਾ ਹੋਵੇ ਪੁੱਤ ਜੱਟ ਦਾ।
ਇਸ ਤਰ੍ਹਾਂ ਦਰੱਖਤ ਨੂੰ ਵੀ ਮਨੁੱਖ ਦੇ ਬਰਾਬਰ ਹੀ ਹਮਦਰਦੀ ਦਿੱਤੀ ਗਈ ਹੈ। ਧਰੇਕਾਂ ਤੇ ਧੀਆਂ ਨੂੰ ਬਰਾਬਰ ਦਾ ਰੁਤਬਾ ਹਾਸਲ ਹੈ,
ਧੀਆਂ ਤੇ ਧਰੇਕਾਂ ਹੁੰਦੀਆਂ ਰੌਣਕ ਵਿਹੜੇ ਦੀ।
ਪੁਰਾਣੇ ਸਮਿਆਂ ਵਿਚ ਜਦੋਂ ਬਰਾਤ ਢੁਕਦੀ ਸੀ ਤਾਂ ਸਭ ਤੋਂ ਪਹਿਲਾਂ ਲਾੜੇ ਕੋਲੋਂ ਜੰਡੀ ਵਢਾਈ ਜਾਂਦੀ। ਲਾੜੇ ਦੀਆਂ ਭੈਣਾਂ ਇਹ ਗੀਤ ਗਾ ਕੇ ਬਰਾਤ ਤੋਰਦੀਆਂ,
ਵੀਰਾ ਜੇ ਤੂੰ ਵੱਢੀ ਜੰਡੀ,
ਤੇਰੀ ਮਾਂ ਨੇ ਸ਼ੱਕਰ ਵੰਡੀ।
ਸੱਸ ਨੂੰ ਕੁੱਟਣ ਲਈ ਨਿੰਮ ਦਾ ਘੋਟਣਾ, ਕਾਲੀ ਟਾਹਲੀ ਦਾ ਚਰਖਾ, ਨਿੰਮ ਦਾ ਸੰਦੂਕ, ਚੰਦਨ ਦੀ ਚੌਂਕੀ ਆਦਿ ਵਸਤੂਆਂ ਤੋਂ ਬਨਸਪਤੀ ਦੀ ਅਹਿਮੀਅਤ ਬਾਰੇ ਹੋਰ ਵੀ ਜਾਣਕਾਰੀ ਮਿਲਦੀ ਹੈ।
ਮੁੰਡਾ ਰੋਹੀ ਦੀ ਕਿੱਕਰ ਤੋਂ ਕਾਲਾ,
ਬਾਪੂ ਦੇ ਪਸੰਦ ਆ ਗਿਆ।
ਰਾਤ ਬਰਾਤੇ ਸੱਜ ਵਿਆਹੀ ਮਾਹੀ ਨੂੰ ਖੇਤ ਜਾਣ ਤੋਂ ਰੋਕਣ ਲਈ ਇਹ ਪੱਜ ਲਾਉਂਦੀ ਹੈ,
ਕਿੱਕਰ `ਤੇ ਕਾਟੋ ਰਹਿੰਦੀ
`ਕੱਲਾ ਨਾ ਜਾਵੀਂ ਖੇਤ ਨੂੰ।
ਪੰਜਾਬ ਦੇ ਇਲਾਕੇ ਮਾਲਵੇ ਵਿਚ ਕਿੱਕਰ ਦਾ ਰੁੱਖ ਜਿ਼ਆਦਾ ਪ੍ਰਧਾਨ ਰਿਹਾ ਹੋਣ ਕਰਕੇ ਇਥੇ ਇਹ ਤੁਕਾਂਤ ਬਹੁਤ ਮਸ਼ਹੂਰ ਰਹੀ ਹੈ,
ਚਲ ਮਾਲਵੇ ਦੇਸ਼ ਨੂੰ ਚੱਲੀਏ,
ਜਿੱਥੇ ਕਿੱਕਰਾਂ ਨੂੰ ਅੰਬ ਲਗਦੇ।
ਬੇਰੀਆਂ ਦੇ ਦਰੱਖਤਾਂ ਦਾ ਜਿ਼ਕਰ ਸਿਰਫ ਦਰਖਤ ਕਰਕੇ ਨਹੀਂ, ਇਸ ਦੇ ਬੇਰਾਂ ਕਰਕੇ ਜਿ਼ਆਦਾ ਹੁੰਦਾ ਹੈ।
ਮੈਂ ਬੇਰੀਆਂ ਤੋਂ ਬੇਰ ਲਿਆਇਆ
ਨੀ ਭਾਬੀ ਤੇਰੇ ਰੰਗ ਵਰਗਾ।

ਦਸ ਕਿਹੜੇ ਬਹਾਨੇ ਆਵਾਂ,
ਬੇਰੀਆਂ ਦੇ ਬੇਰ ਮੁਕ ਗਏ।
ਕਰੀਰ ਦੇ ਬੂਟੇ ਦਾ ਜਿ਼ਕਰ ਵੀ ਲੋਕਧਾਰਾ ਵਿਚ ਆਮ ਮਿਲਦਾ ਹੈ,
ਕਰੀਰ ਦਾ ਵੇਲਣਾ ਮੈਂ ਵੇਲ ਵੇਲ ਥੱਕੀ।
ਦੂਰੋਂ ਤਾਂ ਲਾਹੌਰੋਂ ਚੱਕੀ ਲਿਆਂਦੀ,
ਵਣੋ ਕਰੀਰੋ ਹੱਥੜਾ।

`ਕੱਲ ਮੁਕੱਲੀ ਤੋੜਾਂ ਮੈਂ ਕਰੀਰਾਂ ਨਾਲੋਂ ਡੇਲੇ,
ਵੇ ਖੜ੍ਹਾ ਰਹਿ ਜਾਲਮਾ,
ਸਬੱਬੀਂ ਹੋ ਗਏ ਮੇਲੇ।
ਤੂਤ ਨਾ ਸਿਰਫ ਆਪਣੀ ਠੰਡੀ ਛਾਂ ਤੇ ਮਿੱਠੀਆਂ ਤੂਤੀਆਂ ਕਰਕੇ, ਸਗੋਂ ਇਸ ਦੀਆਂ ਟਾਹਣੀਆਂ ਤੋਂ ਟੋਕਰੇ, ਟੋਕਰੀਆਂ, ਛਿੱਕੂ, ਛਾਬੇ ਆਦਿ ਲੋੜੀਂਦੀਆਂ ਵਸਤਾਂ ਬਣਦੀਆਂ ਸਨ। ਤੂਤ ਆਪਣੀ ਮਜ਼ਬੂਤੀ ਲਈ ਵੀ ਜਾਣਿਆ ਜਾਂਦਾ ਹੈ,
ਯਾਰੀ ਜੱਟ ਦੀ ਤੂਤ ਦਾ ਮੋਛਾ
ਕਦੇ ਨਾ ਵਿਚਾਲਿਓਂ ਟੁੱਟਦੀ।
ਇਸ ਤੋਂ ਇਲਾਵਾ ਬੋਹੜ ਤੇ ਪਿੱਪਲਾਂ ਦੀ ਪੰਜਾਬੀ ਜਨ ਜੀਵਨ ਵਿਚ ਬਹੁਤ ਖਾਸ ਜਗ੍ਹਾ ਹੈ। ਹਿੰਦੂ ਧਰਮ ਵਿਚ ਇਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ। ਬਾਬਾ ਬੋਹੜ ਸ਼ਬਦ ਕਿਸੇ ਲਈ ਬਹੁਤ ਉੱਚਾ ਰੁਤਬਾ ਮੰਨਿਆ ਜਾਂਦਾ ਹੈ। ਪਿੱਪਲ ਦੇ ਪੱਤੇ ਨੂੰ ਕਹੀ ਗਈ ਇਹ ਗੱਲ ਜਿ਼ੰਦਗੀ ਦੀ ਇੱਕ ਤਲਖ ਹਕੀਕਤ ਹੈ,
ਪਿੱਪਲ ਦਿਆ ਪੱਤਿਆ ਕਿਉਂ ਖੜ ਖੜ ਲਾਈ ਆ,
ਪੱਤ ਝੜੇ ਪੁਰਾਣੇ ਰੁੱਤ ਨਵਿਆਂ ਦੀ ਆਈ ਆ।
ਇਸ ਤੋਂ ਇਲਾਵਾ ਫਲਾਂ ਦੇ ਰਾਜੇ ਅੰਬ ਦੇ ਦਰੱਖਤ ਦਾ ਵੀ ਸਾਡੇ ਵਿਰਸੇ ਦੇ ਗੀਤਾਂ ਵਿਚ ਬਹੁਤ ਜਿ਼ਕਰ ਹੈ,
ਨੀ ਅੰਬੀਆਂ ਨੂੰ ਤਰਸੇਂਗੀ, ਛੱਡ ਕੇ ਦੇਸ਼ ਦੋਆਬਾ।
ਅੰਬਾਂ ਤੇ ਤੂਤਾਂ ਦੀ ਠੰਡੀ ਠੰਡੀ ਛਾਂ,
ਕੋਈ ਪਰਦੇਸੀ ਜੋਗੀ ਆਣ ਲੱਥੇ।
ਦਰੱਖਤਾਂ ਦੀ ਤ੍ਰਿਵੈਣੀ ਲਾਉਣਾ ਬਹੁਤ ਪੁੰਨ ਵਾਲਾ ਕੰਮ ਮੰਨਿਆ ਜਾਂਦਾ ਸੀ। ਪੁਰਾਣੇ ਲੋਕ ਬੋਹੜ ਦੇ ਦਰੱਖਤ ਦਾ ਵਿਆਹ ਵੀ ਰਚਾਉਂਦੇ ਸਨ ਤੇ ਫਿਰ ਜੱਗ ਕਰਕੇ ਗਰੀਬ ਗੁਰਬੇ ਦਾ ਢਿੱਡ ਭਰਦੇ ਸਨ।
ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਪੰਜਾਬੀ ਸੱਭਿਆਚਾਰ ਕਿਸ ਤਰ੍ਹਾਂ ਬਨਸਪਤੀ ਦੇ ਅੰਗ-ਸੰਗ ਵਿਚਰਦਾ ਹੈ।
ਪੁਰਾਣੀਆਂ ਸੱਭਿਅਤਾਵਾਂ ਦੀ ਖੁਦਾਈ ਵਿਚੋਂ ਅਜਿਹੇ ਸੰਕੇਤ ਵੀ ਮਿਲੇ ਹਨ ਕਿ ਉਸ ਸਮੇਂ ਲੋਕ ਦਰਖਤਾਂ ਦੀ ਪੂਜਾ ਕਰਦੇ ਸਨ। ਅੱਜ ਦੇ ਸਮੇਂ ਵਿਚ ਦਰੱਖਤਾਂ ਦਾ ਜਿ਼ਆਦਾ ਤੋਂ ਜਿ਼ਆਦਾ ਲਾਉਣਾ ਤੇ ਬਚਾਉਣਾ ਬੇਹਦ ਅਹਿਮ ਕੰਮ ਹੈ।
ਸਾਵਣ ਮਹੀਨੇ ਵਿਚ ਦਰਖਤ ਲੱਗਣੇ ਬਹੁਤ ਜਰੂਰੀ ਹਨ, ਕਿਉਂਕਿ ਇਸ ਮਹੀਨੇ ਵਿਚ ਦਰਖਤ ਸੁੱਕਦੇ ਨਹੀਂ ਹਨ। ਹਵਾ ਵਿਚ ਨਮੀ ਰਹਿਣ ਕਰਕੇ ਪੌਦੇ ਜਲਦੀ ਵਧਦੇ ਹਨ। ਸੋ ਆਓ ਪੰਜਾਬ ਦੀ ਵਿਰਾਸਤ ਬਚਾਈਏ ਤੇ ਵਿਰਾਸਤੀ ਦਰੱਖਤਾਂ ਨੂੰ ਵੱਧ ਤੋਂ ਵੱਧ ਲਾ ਕੇ ਆਕਸੀਜਨ ਤੇ ਸੱਭਿਆਚਾਰ-ਦੋਹਾਂ ਪੱਖਾਂ ਤੋਂ ਪੰਜਾਬ ਦੀ ਧਰਤੀ ਨੂੰ ਅਮੀਰ ਕਰੀਏ।