ਇਸ ਵਾਰ ਓਲੰਪਿਕ

ਜਪਾਨ ਦੀ ਰਾਜਧਾਨੀ ਟੋਕੀਓ ਵਿਚ ਐਤਕੀਂ ਹੋਈਆਂ ਓਲੰਪਿਕ ਖੇਡਾਂ ਕਈ ਪੱਖਾਂ ਤੋਂ ਨਿਵੇਕਲੀਆਂ ਅਤੇ ਨਿਆਰੀਆਂ ਸਨ। ਇਹ ਓਲੰਪਿਕ ਖੇਡਾਂ 2020 ਵਿਚ 24 ਜੁਲਾਈ ਤੋਂ 9 ਅਗਸਤ ਤੱਕ ਹੋਣੀਆਂ ਸਨ ਪਰ ਸੰਸਾਰ ਭਰ ਵਿਚ ਕਰੋਨਾ ਵਾਇਰਸ ਦੀ ਮਾਰ ਕਾਰਨ ਸੰਭਵ ਨਹੀਂ ਹੋ ਸਕੀਆਂ। ਹੁਣ ਜਦੋਂ ਕਰੋਨਾ ਨੂੰ ਕੁਝ ਠੱਲ੍ਹ ਪਈ ਤਾਂ 23 ਜੁਲਾਈ 2021 ਤੋਂ 8 ਅਗਸਤ 2021 ਤੱਕ ਇਸ ਕੌਮਾਂਤਰੀ ਖੇਡ ਮੇਲੇ ਦਾ ਜਲੌਅ ਦੇਖਣ ਨੂੰ ਮਿਲਿਆ। ਕਰੋਨਾ ਦੇ ਮੱਦੇਨਜ਼ਰ ਲੱਗੀਆਂ ਬੰਦਿਸ਼ਾਂ ਕਾਰਨ ਓਲੰਪਿਕ ਪਿੰਡ ਵਿਚ ਪੂਰਾ ਰੰਗ ਨਹੀਂ ਬੱਝ ਸਕਿਆ ਅਤੇ ਦਰਸ਼ਕਾਂ ਦੀ ਗਿਣਤੀ ਬਹੁਤ ਸੀਮਤ ਰਹੀ। ਫਿਰ ਵੀ ਮਹਾਮਾਰੀ ਦੇ ਦੌਰ ਵਿਚ ਜਦੋਂ ਇਸ ਨੇ ਜ਼ਿੰਦਗੀ ਦੇ ਹਰ ਪੱਖ ਉਤੇ ਬਹੁਤ ਵੱਡੇ ਅਸਰ ਪਾਏ ਹਨ ਤਾਂ ਓਲੰਪਿਕ ਖੇਡਾਂ ਦਾ ਹੋਣਾ ਹੀ ਵੱਡਾ ਹਾਸਲ ਹੈ।

ਪ੍ਰਾਚੀਨ ਓਲੰਪਿਕ ਖੇਡਾਂ ਦਾ ਇਤਿਹਾਸ ਤਾਂ ਸਦੀਆਂ ਪੁਰਾਣਾ ਹੈ ਅਤੇ ਇਹ ਚੌਥੀ ਸਦੀ ਤੱਕ ਜਾ ਪੁੱਜਦਾ ਹੈ। ਉਸ ਵਕਤ ਓਲੰਪਿਕ ਦਾ ਰੰਗ-ਢੰਗ ਵਧੇਰੇ ਕਰਕੇ ਧਾਰਮਿਕ ਸੀ ਪਰ 1896 ਵਿਚ ਜਦੋਂ ਏਥਨਜ਼ (ਯੂਨਾਨ) ਵਿਚ ਪਹਿਲੀਆਂ ਆਧੁਨਿਕ ਓਲੰਪਿਕ ਖੇਡਾਂ ਦਾ ਆਰੰਭ ਹੋਇਆ ਤਾਂ ਇਸ ਦਾ ਘੇਰਾ ਵਾਹਵਾ ਵਿਸ਼ਾਲ ਹੋ ਗਿਆ। 20ਵੀਂ ਅਤੇ 21ਵੀਂ ਸਦੀ ਵਿਚ ਤਾਂ ਬਹੁਤ ਲੰਮੀਆਂ ਪੁਲਾਘਾਂ ਪੁੱਟੀਆਂ ਗਈਆਂ ਅਤੇ ਇਸ ਅੰਦਰ ਬਹੁਤ ਸਾਰੀਆਂ ਬੁਨਿਆਦੀ ਅਤੇ ਸਿਫਤੀ ਤਬਦੀਲੀਆਂ ਵੀ ਆਈਆਂ। ਉਂਜ, ਇਨ੍ਹਾਂ ਖੇਡਾਂ ਦੀ ਆਪਸੀ ਰਾਬਤੇ ਦੀ ਤੰਦ ਬਹੁਤ ਮਜ਼ਬੂਤ ਰਹੀ। ਕੁਝ ਕੁ ਅਪਵਾਦਾਂ ਦੇ ਬਾਵਜੂਦ ਬਹੁਤ ਮਾਮਲਿਆਂ ਵਿਚ ਇਹ ਮਿਸਾਲੀ ਵੀ ਹੋ ਨਿਬੜੀ। 1896 ਵਾਲੀਆਂ ਓਲੰਪਿਕ ਖੇਡਾਂ ਵਿਚ 14 ਮੁਲਕਾਂ ਦੇ 241 ਖਿਡਾਰੀਆਂ ਨੇ 43 ਖੇਡ ਵੰਨਗੀਆਂ ਵਿਚ ਸ਼ਿਰਕਤ ਕੀਤੀ ਸੀ। ਐਤਕੀਂ ਟੋਕੀਓ ਓਲੰਪਿਕ ਵਿਚ ਹਿੱਸਾ ਲੈਣ ਵਾਲੇ ਮੁਲਕਾਂ ਦੀ ਗਿਣਤੀ 200 ਤੋਂ ਪਾਰ ਹੋ ਗਈ, ਭਾਵ ਸੰਸਾਰ ਦਾ ਤਕਰੀਬਨ ਹਰ ਮੁਲਕ ਇਸ ਦਾ ਹਿੱਸਾ ਬਣਿਆ ਹੈ ਅਤੇ ਖਿਡਾਰੀਆਂ ਦੀ ਗਿਣਤੀ ਵੀ 11 ਹਜ਼ਾਰ ਤੋਂ ਉਪਰ ਚਲੇ ਗਈ ਹੈ।
ਐਤਕੀਂ ਵਾਲੀਆਂ ਓਲੰਪਿਕ ਖੇਡਾਂ ਭਾਰਤ ਲਈ ਵੀ ਨਿਵੇਕਲੀਆਂ ਸਾਬਤ ਹੋਈਆਂ। ਐਤਕੀਂ ਇਸ ਨੇ ਆਪਣੇ ਰਿਕਾਰਡ ਅਨੁਸਾਰ ਹੁਣ ਤੱਕ ਸਭ ਤੋਂ ਵੱਧ, ਸੱਤ ਤਗਮੇ ਜਿੱਤੇ ਜਿਸ ਵਿਚ ਸੋਨੇ ਦਾ ਇਕ ਤਗਮਾ, ਚਾਂਦੀ ਦੇ ਦੋ ਅਤੇ ਕਾਂਸੀ ਦੇ ਚਾਰ ਤਗਮੇ ਸ਼ਾਮਿਲ ਹਨ। ਇਸ ਵਾਰ ਭਾਰਤੀ ਓਲੰਪਿਕ ਦਲ ਵੀ ਹੁਣ ਤੱਕ ਦਾ ਸਭ ਤੋਂ ਵੱਡਾ ਸੀ ਅਤੇ ਇਸ ਦੇ ਕੁੱਲ ਮੈਂਬਰ 124 ਸਨ। ਭਾਰਤ ਨੇ ਪਹਿਲੀ ਵਾਰ ਸੰਨ 1900 ਵਿਚ ਓਲੰਪਿਕ ਖੇਡਾਂ ਵਿਚ ਹਿੱਸਾ ਲਿਆ ਅਤੇ 1920 ਤੋਂ ਲੈ ਕੇ ਹੁਣ ਤੱਕ ਇਸ ਨੇ ਓਲੰਪਿਕ ਖੇਡਾਂ ਵਿਚ ਬਿਨਾ ਨਾਗਾ ਹਿੱਸਾ ਲਿਆ ਹੈ। ਇਸ ਵਾਰ ਭਾਰਤ ਦੀ ਹਾਜ਼ਰੀ ਭਰਵੀਂ ਸੀ। ਬਹੁਤ ਚਿਰ ਬਾਅਦ ਹਾਕੀ ਦਾ ਜਲੌਅ ਦੇਖਣ ਨੂੰ ਮਿਲਿਆ। ਮੁੰਡਿਆਂ ਦੀ ਹਾਕੀ ਟੀਮ ਨੇ ਚਾਰ ਦਹਾਕਿਆਂ ਬਾਅਦ ਤਗਮਾ ਜਿੱਤਿਆ ਅਤੇ ਕੁੜੀਆਂ ਦੀ ਟੀਮ ਪਹਿਲੀ ਵਾਰ ਸੈਮੀ ਫਾਈਨਲ ਵਿਚ ਪੁੱਜੀ। ਇਨ੍ਹਾਂ ਜਿੱਤਾਂ ਨੂੰ ਭਾਰਤ ਵਿਚ ਹਾਕੀ ਦੇ ਮੁੜ ਉਭਾਰ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਐਤਕੀਂ ਵਾਲਾ ਕਾਂਸੀ ਦਾ ਤਗਮਾ ਮਿਲਾ ਕੇ ਭਾਰਤੀ ਹਾਕੀ ਟੀਮ ਓਲੰਪਿਕ ਖੇਡਾਂ ਵਿਚ ਹੁਣ ਤੱਕ 12 ਤਗਮੇ ਜਿੱਤ ਚੁੱਕੀ ਹੈ ਜਿਸ ਵਿਚੋਂ ਸੋਨੇ ਦੇ 8, ਚਾਂਦੀ ਦਾ ਇਕ ਅਤੇ ਕਾਂਸੀ ਦੇ ਤਿੰਨ ਤਗਮੇ ਸ਼ਾਮਿਲ ਹਨ। ਇਸ ਉਭਾਰ ਨੂੰ ਖਿਡਾਰੀਆਂ ਲਈ ਕੀਤੇ ਵਧੀਆ ਪ੍ਰਬੰਧਾਂ ਨਾਲ ਜੋੜਿਆ ਜਾ ਰਿਹਾ ਹੈ, ਭਾਵੇਂ ਕੁਝ ਕੱਟੜ ਧਿਰਾਂ ਨੇ ਇਸ ਨੂੰ ਇਸ ਢੰਗ ਨਾਲ ਪੇਸ਼ ਕਰਨ ਦਾ ਯਤਨ ਵੀ ਕੀਤਾ ਕਿ ਹਾਕੀ ਤਾਂ ਹੀ ਅੱਗੇ ਜਾ ਸਕੀ ਹੈ ਕਿਉਂਕਿ ਕੇ.ਪੀ.ਐਸ. ਗਿੱਲ ਵਰਗਿਆਂ ਤੋਂ ਇਸ ਦਾ ਖਹਿੜਾ ਛੁੱਟ ਗਿਆ ਹੈ ਹਾਲਾਂਕਿ ਹਕੀਕਤ ਇਹ ਹੈ ਕਿ ਉੜੀਸਾ ਦੀ ਨਵੀਨ ਪਟਨਾਇਕ ਸਰਕਾਰ ਨੇ 2018 ਤੋਂ 2023 ਤੱਕ ਦੋਹਾਂ ਹਾਕੀ ਟੀਮਾਂ ਦਾ ਜ਼ਿੰਮਾ ਚੁੱਕਿਆ ਹੋਇਆ ਹੈ। ਇਸ ਸਮੇਂ ਦੌਰਾਨ ਸਾਰਾ ਖਰਚਾ ਉੜੀਸਾ ਸਰਕਾਰ ਕਰ ਰਹੀ ਹੈ। ਇਸੇ ਦਾ ਨਤੀਜਾ ਹੈ ਕਿ ਹਾਕੀ ਟੀਮਾਂ ਨੇ ਕਲਾਸਿਕ ਹਾਕੀ ਦਾ ਰੰਗ ਤਾਂ ਦਿਖਾਇਆ ਹੀ ਹੈ, ਸੰਸਾਰ ਦੀਆਂ ਚੋਟੀ ਦੀਆਂ ਟੀਮਾਂ ਦਾ ਮੁਕਾਬਲਾ ਕੀਤਾ ਹੈ। ਅਸਲ ਵਿਚ ਮਸਲਾ ਸਾਰਾ ਖੇਡ ਪ੍ਰਬੰਧਾਂ ਦਾ ਹੈ। ਪਿਛਲੇ ਕੁਝ ਸਮੇਂ ਤੋਂ ਹਰਿਆਣਾ ਖੇਡਾਂ ਦੇ ਖੇਤਰ ਵਿਚ ਮੱਲਾਂ ਮਾਰ ਰਿਹਾ ਹੈ। ਇਸ ਦਾ ਇਕੋ-ਇਕ ਕਾਰਨ ਪੁਖਤਾ ਪ੍ਰਬੰਧ ਹੀ ਹਨ।
ਇਸ ਮਾਮਲੇ ਵਿਚ ਪੰਜਾਬ ਦੀ ਗੱਲ ਕਰੀਏ ਤਾਂ ਇਹ ਖੇਡਾਂ ਦੇ ਖੇਤਰ ਵਿਚ ਬਹੁਤ ਪਛੜ ਰਿਹਾ ਹੈ। ਐਤਕੀਂ ਓਲੰਪਿਕ ਖੇਡਾਂ ਵਿਚ ਪੰਜਾਬ ਦੀ ਖਿਡਾਰਨ ਕਮਲਪ੍ਰੀਤ ਕੌਰ ਨੇ ਵਾਹਵਾ ਮੱਲਾਂ ਮਾਰੀਆਂ ਪਰ ਖੇਡ ਮਾਹਿਰ ਦੱਸਦੇ ਹਨ ਕਿ ਜੇ ਕਿਤੇ ਕਮਲਪ੍ਰੀਤ ਕੌਰ ਨੂੰ ਸੰਸਾਰ ਪੱਧਰੀ ਕੋਚਿੰਗ ਦਿਵਾਈ ਹੁੰਦੀ ਤਾਂ ਇਨ੍ਹਾਂ ਓਲੰਪਿਕ ਖੇਡਾਂ ਵਿਚ ਉਸ ਦਾ ਤਗਮਾ ਪੱਕਾ ਸੀ। ਇਸ ਦੀ ਉਮਦਾ ਮਿਸਾਲ ਹਰਿਆਣੇ ਦੇ ਖਿਡਾਰੀ ਨੀਰਜ ਚੋਪੜਾ ਦੀ ਹੈ। ਉਸ ਨੂੰ ਪ੍ਰਬੰਧਕਾਂ ਦੀ ਯੋਗ ਅਗਵਾਈ ਮਿਲੀ ਅਤੇ ਕੋਚਿੰਗ ਵਾਲੇ ਪਾਸਿਓਂ ਵੀ ਕੋਈ ਕਸਰ ਨਹੀਂ ਛੱਡੀ ਗਈ; ਸਿੱਟ ਵਜੋਂ ਉਹ ਜੈਵਲਿਨ ਥ੍ਰੋਅ ਵਿਚ ਸੋਨ ਤਗਮਾ ਜਿੱਤਣ ਵਿਚ ਕਾਮਯਾਬ ਰਿਹਾ। ਅਸਲ ਵਿਚ ਅਸੀਂ ਖੇਡਾਂ ਨੂੰ ਕਰੀਅਰ ਵਜੋਂ ਲੈਣ ਵਿਚ ਬੁਰੀ ਤਰ੍ਹਾਂ ਨਾਕਾਮ ਰਹੇ ਹਾਂ। ਸਾਡੇ ਪ੍ਰਤਿਭਾਸ਼ਾਲੀ ਖਿਡਾਰੀ ਰੁਜ਼ਗਾਰ ਬਾਝੋਂ ਰੁਲ ਰਹੇ ਹਨ। ਅਜਿਹੀਆਂ ਖਬਰਾਂ ਅਕਸਰ ਮੀਡੀਆ ਵਿਚ ਨਸ਼ਰ ਹੁੰਦੀਆਂ ਰਹਿੰਦੀਆਂ ਹਨ। ਫਿਰ ਜਿੰਨਾ ਚਿਰ ਨੌਜਵਾਨਾਂ ਨੂੰ ਕੋਈ ਭਰੋਸਾ ਨਹੀਂ ਬੱਝਦਾ, ਉਹ ਖੇਡਾਂ ਨੂੰ ਕਰੀਅਰ ਵਜੋਂ ਕਿਸ ਤਰ੍ਹਾਂ ਅਪਣਾਉਣਗੇ? ਇਸ ਮਾਮਲੇ ‘ਤੇ ਖੇਡਾਂ ਨਾਲ ਜੁੜੀਆਂ ਸੰਸਥਾਵਾਂ ਨੂੰ ਪਹਿਲ ਕਰਨੀ ਚਾਹੀਦੀ ਹੈ ਅਤੇ ਸਰਕਾਰ ਨਾਲ ਰਾਬਤਾ ਬਣਾ ਕੇ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਅਗਾਂਹ ਵਧਣ ਦਾ ਮੌਕਾ ਮੁਹੱਈਆ ਕਰਨਾ ਚਾਹੀਦਾ ਹੈ। ਇਹੀ ਇਕ ਰਾਹ ਹੈ ਜਿਸ ਉਤੇ ਚੱਲ ਕੇ ਖੇਡਾਂ ਦੇ ਖੇਤਰ ਵਿਚ ਮੱਲਾਂ ਮਾਰੀਆਂ ਜਾ ਸਕਦੀਆਂ ਹਨ। ਚੀਨ ਦੀ ਮਿਸਾਲ ਸਾਡੇ ਸਭ ਦੇ ਸਾਹਮਣੇ ਹੈ ਜੋ ਖੇਡਾਂ ਉਤੇ ਇੰਨੇ ਪੈਸੇ ਖਰਚ ਕਰ ਰਿਹਾ ਹੈ। ਇਹ ਰਾਹ ਅਪਣਾ ਕੇ ਭਾਰਤ ਵੀ ਖੇਡਾਂ ਦੇ ਖੇਤਰ ਵਿਚ ਛਾ ਸਕਦਾ ਹੈ।