ਗੱਪਾਂ ਦੀ ਓਲੰਪਿਕ ਗੇਮ?

ਸਿਆਸੀ ਪਿੜ ਵਿਚ ਐਹੋ ਵਰ੍ਹਿਆਂ ਤੋਂ ਨੱਚੀ ਜਾਂਦੇ, ‘ਚਾਰੀ ਜਾਂਦੇ’ ਆਪਣੇ ਹੀ ਹੈਗਾ ਨਾ ਕੋਈ ਲਾਂਭਲਾ।
ਕਿਹਨੇ ਕਿੰਨੀ ਵਾਰੀ ਲਾਰੇ ਲਾ ਲਾ ਕੇ ਰਾਜ ਕੀਤਾ, ਭੋਲਾ ਹੁਣ ਬਣੀ ਨਾ ਪੰਜਾਬੀਆ ‘ਹਿਸਾਬ’ ਲਾ।
ਖੜ-ਸੁੱਕ ਹੋਇਆਂ ਨੇ ਹੈ ਦੇਣੀ ਹਰਿਆਲੀ ਕਿੱਥੋਂ, ‘ਪਰਖਿਆਂ’ ਨੂੰ ਪੁੱਟ ਕੇ ਤੇ ਨਵੀਂ ਕੋਈ ‘ਦਾਬ’ ਲਾ।
ਲੁੱਟ-ਪੁੱਟ ਹੋਇਆਂ ਹੈਂ ਤੂੰ ਵਾਰ ਵਾਰ ਖਾ ਕੇ ਧੋਖੇ, ਲਾਈਲੱਗ ਬਣੀ ਨਾ ‘ਤਾਰੀਖ’ ਦਿਆ ਕਾਬਲਾ।
‘ਯੂਨਿਟਾਂ’ ਮੁਫਤ ਦੇਣੇ ਵਾਲਿਆਂ ਨੂੰ ਪੁੱਛੀਂ ਜ਼ਰਾ, ਤੋਰੇ ਕਿਉਂ ਵਿਦੇਸ਼ੀਂ ਧੀਆਂ ਪੁੱਤਾਂ ਦਿਆ ਬਾਬਲਾ।
ਝੂਠੇ ਆਗੂ ਜਿਦੋ ਜਿਦੀ ਵਾਅਦੇ ਏਦਾਂ ਕਰੀ ਜਾਂਦੇ, ਓਲੰਪਿਕ ਦੇ ਵਿਚ ਹੋਵੇ ‘ਗੱਪਾਂ ਦਾ ਮੁਕਾਬਲਾ!’