ਟੋਕੀਓ ਓਲੰਪਿਕ: ਇਤਿਹਾਸ ਰਚ ਆਏ ਭਾਰਤੀ ਯੋਧੇ

ਟੋਕੀਓ: ਕਰੋਨਾ ਕਾਲ ਦੌਰਾਨ ਹੋਈਆਂ ਇਤਿਹਾਸ ਦੀਆਂ ਸਭ ਤੋਂ ਵਿਲੱਖਣ ਟੋਕੀਓ ਓਲੰਪਿਕ ਖੇਡਾਂ ਅੱਗੇ ਵਧਣ ਦੇ ਸੁਨੇਹੇ ਨਾਲ ਸਮਾਪਤ ਹੋ ਗਈਆਂ। ਜਾਪਾਨ ਦੀ ਰਾਜਧਾਨੀ `ਚ ਹੋਈਆਂ ਖੇਡਾਂ ਭਾਰਤ ਲਈ ਇਤਿਹਾਸਕ ਹੋ ਨਿੱਬੜੀਆਂ। ਭਾਰਤ ਨੇ ਇਨ੍ਹਾਂ ਖੇਡਾਂ `ਚ 7 ਤਗਮੇ ਜਿੱਤੇ ਹਨ ਜੋ 2012 ਦੀਆਂ ਲੰਡਨ ਓਲੰਪਿਕ ਖੇਡਾਂ ਤੋਂ ਬਾਅਦ ਸਭ ਤੋਂ ਵੱਧ ਹਨ। ਭਾਰਤ ਨੇ 2012 ਦੀਆਂ ਲੰਡਨ ਓਲੰਪਿਕ ਖੇਡਾਂ `ਚ 6 ਤਗਮੇ ਜਿੱਤੇ ਸਨ।

ਹਾਕੀ ਦੀਆਂ ਦੋਹਾਂ (ਪੁਰਸ਼-ਮਹਿਲਾ) ਟੀਮਾਂ ਨੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰਕੇ ਇਤਿਹਾਸ ਰਚਿਆ। ਮਨਪ੍ਰੀਤ ਸਿੰਘ ਦੀ ਅਗਵਾਈ ਵਿਚ ਖੇਡ ਰਹੀ ਪੁਰਸ਼ਾਂ ਦੀ ਹਾਕੀ ਟੀਮ ਨੇ ਕਾਂਸੀ ਦਾ ਤਗਮਾ ਜਿੱਤ ਕੇ ਦੇਸ਼ ਵਾਸੀਆਂ ਦੇ ਮਨਾਂ ਵਿਚ ਖੇੜਾ ਅਤੇ ਖੁਸ਼ੀਆਂ ਭਰ ਦਿੱਤੀਆਂ। ਕੁੜੀਆਂ ਦੀ ਹਾਕੀ ਦੀ ਟੀਮ ਸੈਮੀਫਾਈਨਲ ਵਿਚ ਇੰਗਲੈਂਡ ਦੀ ਟੀਮ ਤੋਂ ਹਾਰ ਗਈ ਪਰ ਮਹਿਲਾ ਟੀਮ ਨੇ ਪਹਿਲੀ ਵਾਰ ਸੈਮੀਫਾਈਨਲ ਤੱਕ ਪਹੁੰਚ ਕੇ ਇਤਿਹਾਸ ਸਿਰਜ ਦਿੱਤਾ।
ਭਾਰਤ ਨੇ ਇਕ ਪਾਸੇ ਜਿਥੇ ਪੁਰਸ਼ ਹਾਕੀ `ਚ ਕਾਂਸੀ ਦਾ ਤਗਮਾ ਜਿੱਤ ਕੇ 41 ਸਾਲ ਦੇ ਓਲੰਪਿਕ ਤਗਮੇ ਦੇ ਸੋਕੇ ਨੂੰ ਪੂਰਾ ਕੀਤਾ, ਉਥੇ ਨੀਰਜ ਚੋਪੜਾ ਅਥਲੈਟਿਕ (ਨੇਜ਼ੇਬਾਜ਼ੀ) `ਚ ਸੋਨ ਤਗਮਾ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ। ਮੀਰਾਬਾਈ ਚਾਨੂ ਨੇ ਭਾਰ ਤੋਲਣ ਅਤੇ ਰਵੀ ਦਹੀਆ ਨੇ ਕੁਸ਼ਤੀ `ਚ ਚਾਂਦੀ ਦਾ ਤਗਮਾ ਭਾਰਤ ਦੀ ਝੋਲੀ ਪਾਇਆ। ਪੀ.ਵੀ. ਸਿੰਧੂ ਵੱਲੋਂ ਬੈਡਮਿੰਟਨ, ਲਵਲੀਨਾ ਬੋਰਹੋਗੇਨ ਵੱਲੋਂ ਮੁੱਕੇਬਾਜ਼ੀ ਤੇ ਬਜਰੰਗ ਪੂਨੀਆ ਵੱਲੋਂ ਦੇਸ਼ ਲਈ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ ਗਿਆ।
ਜੈਵਲਿਨ ਥਰੋ ਵਿਚ ਸੋਨੇ ਦਾ ਤਗਮਾ ਜਿੱਤਣ ਵਾਲਾ ਨੀਰਜ ਚੋਪੜਾ ਅਥਲੈਟਿਕਸ ਵਿਚ ਸੋਨੇ ਦਾ ਤਗਮਾ ਜਿੱਤਣ ਵਾਲਾ ਪਹਿਲਾ ਭਾਰਤੀ ਖਿਡਾਰੀ ਹੈ। ਪੀਵੀ ਸਿੰਧੂ ਜਿਸ ਨੇ ਪਿਛਲੀਆਂ ਓਲੰਪਿਕ ਖੇਡਾਂ ਵਿਚ ਚਾਂਦੀ ਦਾ ਤਗਮਾ ਜਿੱਤਿਆ ਸੀ, ਇਸ ਵਾਰ ਕਾਂਸੀ ਦਾ ਤਗਮਾ ਜਿੱਤ ਕੇ ਦੋ ਓਲੰਪਿਕ ਖੇਡਾਂ ਵਿਚ ਲਗਾਤਾਰ ਮੈਡਲ ਜਿੱਤਣ ਵਾਲੀ ਪਹਿਲੀ ਮਹਿਲਾ ਖਿਡਾਰੀ ਬਣੀ ਹੈ। ਮੀਰਾਬਾਈ ਚਾਨੂ ਨੇ ਭਾਰ ਚੁੱਕਣ ਵਿਚ ਚਾਂਦੀ ਦਾ ਤਗਮਾ, ਲਵਲੀਨਾ ਬੋਰਗੋਹੇਨ ਨੇ ਬਾਕਸਿੰਗ ਵਿਚ ਕਾਂਸੀ ਦਾ ਅਤੇ ਘੋਲਾਂ ਵਿਚ ਰਵੀ ਕੁਮਾਰ ਦਹੀਆ ਨੇ ਚਾਂਦੀ ਦਾ ਅਤੇ ਬਜਰੰਗ ਪੂਨੀਆ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ।
ਤਗਮੇ ਜਿੱਤਣ ਵਾਲਿਆਂ ਦੇ ਨਾਲ ਨਾਲ ਜਿੱਤਣ ਤੋਂ ਖੁੰਝ ਗਏ ਖਿਡਾਰੀਆਂ ਦੀਆਂ ਪ੍ਰਾਪਤੀਆਂ ਵੀ ਕੁਝ ਘੱਟ ਨਹੀਂ; ਉਦਾਹਰਨ ਦੇ ਤੌਰ `ਤੇ ਪੰਜਾਬ ਦੀ ਕਮਲਪ੍ਰੀਤ ਕੌਰ ਦਾ ਡਿਸਕਸ ਥਰੋ ਵਿਚ ਓਲੰਪਿਕ ਵਿਚ 6ਵੇਂ ਸਥਾਨ `ਤੇ ਰਹਿਣਾ ਸਾਰੇ ਦੇਸ਼ ਵਾਸੀਆਂ ਅਤੇ ਪੰਜਾਬੀਆਂ ਲਈ ਬੜੀ ਮਾਣ ਵਾਲੀ ਗੱਲ ਹੈ। ਕੁੱਲ ਮਿਲਾ ਕੇ ਭਾਰਤੀ ਖਿਡਾਰੀਆਂ ਨੇ ਜਿਥੇ ਆਪਣੇ ਸੀਮਤ ਸਾਧਨਾਂ ਦੇ ਬਾਵਜੂਦ ਟੋਕੀਓ ਓਲੰਪਿਕ ਵਿਚ ਚੰਗਾ ਪ੍ਰਦਰਸ਼ਨ ਕਰਕੇ ਲੋਕਾਂ ਦੇ ਦਿਲ ਜਿੱਤ ਲਏ ਹਨ, ਉਥੇ ਸੁਨੇਹਾ ਵੀ ਲੈ ਕੇ ਆਏ ਹਨ ਕਿ ਜੇ ਸਰਕਾਰਾਂ ਉਨ੍ਹਾਂ ਦਾ ਸਾਥ ਦੇਣ ਤਾਂ ਉਹ ਕਿਸੇ ਤੋਂ ਘੱਟ ਨਹੀਂ।