ਠੰਢੀ ਹਵਾ ਦਾ ਬੁੱਲਾ ਫਿਲਮ ‘ਤੁਣਕਾ ਤੁਣਕਾ’

ਦਵੀ ਦਵਿੰਦਰ ਕੌਰ
ਤਾਲਾਬੰਦੀ ਦੇ ਲੰਮੇ ਦੌਰ ਮਗਰੋਂ 5 ਅਗਸਤ ਦੀ ਰਾਤ ਨੂੰ ਪੰਜਾਬੀ ਫਿਲਮ ‘ਤੁਣਕਾ ਤੁਣਕਾ’ ਦਾ ਪ੍ਰੀਮੀਅਰ ਹੋਇਆ। ਇਹ ਫਿਲਮ ਚੰਡੀਗੜ੍ਹ ਸਣੇ ਪੰਜਾਬ ਦੇ ਵੱਡੀ ਗਿਣਤੀ ਸਿਨਮਿਆਂ ਦਾ ਸ਼ਿੰਗਾਰ ਬਣੀ ਹੈ।
ਇਹ ਫਿਲਮ ਸਾਈਕਲਿੰਗ ਨੂੰ ਸਮਰਪਿਤ ਹੈ ਜੋ ਕੋਚ ਅਤੇ ਬੱਚੇ ਦੀ ਯਾਤਰਾ ਹੈ। ਮਾਂ-ਮਹਿੱਟਰ ਬੱਚਾ ਦੌੜਦਾ ਹੈ, ਰੇਲ ਗੱਡੀ ਨਾਲ ਦੌੜ ਲਾਉਂਦਾ ਹੈ। ਦੂਰ ਤਕ ਦੌੜਦਾ ਉਹ ਦੁਨਿਆਵੀ ਨਜ਼ਰਾਂ ਵਿਚ ਅਸਫਲ ਮਨੁੱਖ ਮੰਨੇ ਜਾਂਦੇ ਇਕ ਕੋਚ ਦੀ ਨਜ਼ਰੇ ਚੜ੍ਹਦਾ ਹੈ ਤੇ ਚੰਗਾ ਸਾਈਕਲਿਸਟ ਬਣਦਾ ਹੈ। ਦੋਵਾਂ ਦਾ ਇਹ ਸਫਰ ਇਕ-ਦੂਜੇ ਦਾ ਭਰੋਸਾ ਜਿੱਤ ਕੇ ਦੁਨਿਆਵੀ ਅੜਿੱਕੇ ਪਾਰ ਕਰਕੇ ਵੱਡੀ ਬਿਮਾਰੀ ਨੂੰ ਮਾਤ ਦੇ ਕੇ ਅੱਗੇ ਵਧਣ ਦਾ ਸਫਰ ਹੈ। ਇਹੀ ਸਫਰ ਦੋਵਾਂ ਦੇ ਖਰਾ, ਖਾਲਸ ਮਨੁੱਖ ਬਣਨ ਦਾ ਗਵਾਹ ਹੈ।

ਇਹ ਫਿਲਮ ਰਿਸ਼ਤਿਆਂ ਦਾ ਨਿੱਘ ਮੁੜ ਬਣਾ ਸਕਣ ਦੀ ਸਮਰੱਥਾ ਦੀ ਕਹਾਣੀ ਹੈ।
ਤਾਲਾਬੰਦੀ ਤੇ ਮਨਾਹੀਆਂ ਤੇ ਨਿਰਾਸ਼ਾ ਭਰਪੂਰ ਲੰਮੇ ਦੌਰ ਮਗਰੋਂ ਜਦੋਂ ਇਸ ਵੇਲੇ ਓਲੰਪਿਕ ਖੇਡਾਂ ਹੋ ਰਹੀਆਂ ਹਨ ਤੇ ਸਾਡੇ ਗੱਭਰੂ, ਮੁਟਿਆਰਾਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਹਾਕੀ ਵਿਚ ਗੱਭਰੂਆਂ ਨੇ ਮੈਡਲ ਦੀ ਮੱਲ ਮਾਰੀ ਹੈ ਤੇ ਮੁਟਿਆਰਾਂ ਜੀਅ-ਜਾਨ ਨਾਲ ਖੇਡੀਆਂ। ਜੇ ਇਸ ਨੂੰ ਖੇਤਰਵਾਦ ਦਾ ਨਾਮ ਨਾ ਦੇਈਏ ਤਾਂ ਪੰਜਾਬ ਦੇ ਖਿਡਾਰੀਆਂ ‘ਤੇ ਨਾਜ਼ ਕੀਤਾ ਜਾ ਸਕਦਾ ਹੈ। ਸਾਡੇ ਲਈ ਇਹ ਠੰਢੀ ਹਵਾ ਦਾ ਬੁੱਲ੍ਹਾ ਹੈ। ਇਸੇ ਤਰਜ਼ ‘ਤੇ ਠੰਢੀ ਹਵਾ ਦਾ ਬੁੱਲ੍ਹਾ ਲੈ ਕੇ ਆਈ ਹੈ ਫਿਲਮ ‘ਤੁਣਕਾ ਤੁਣਕਾ’। ਇਸ ਵਿਚ ਜੱਟਵਾਦ ਤੇ ਹਥਿਆਰਾਂ, ਹਵੇਲੀਆਂ ਦੀਆਂ ਫੜ੍ਹਾਂ ਨਹੀਂ ਮਾਰੀਆਂ ਗਈਆਂ। ਪੁਰਾਣੇ ਸਭਿਆਚਾਰ ਨੂੰ ਜਿਊਂਦਾ ਰੱਖਣ ਦੇ ਨਾਮ ‘ਤੇ ਫੂਹੜ ਕਿਸਮ ਦੀਆਂ ਜਗੀਰੂ ਰੁਚੀਆਂ ਤੇ ਰੂੜੀਆਂ ਦੇ ਕਸੀਦੇ ਨਹੀਂ ਪੜ੍ਹੇ ਗਏ ਸਗੋਂ ਫਿਲਮ ਦਾ ਨਾਇਕ ਤੇ ਉਸ ਦਾ ਕੋਚ ਆਪਣੀਆਂ ਹਾਰਾਂ, ਮੋਹ ਦੀ ਥੁੜ੍ਹ ਨੂੰ ਆਪਣੀ ਤਾਕਤ ਬਣਾ ਕੇ ਅੱਗੇ ਵਧਦੇ ਹਨ। ਉਹ ਆਲੇ ਦੁਆਲੇ ਪੈਦਾ ਹੁੰਦੇ ਅੜਿੱਕਿਆਂ ਨਾਲ ਸਹਿਜਤਾ ਨਾਲ ਦਸਤਪੰਜਾ ਲੈਂਦੇ ਰਾਹ ਲੱਭਦੇ ਹਨ। ਇਹੋ ਇਸ ਫਿਲਮ ਦੀ ਪ੍ਰਾਪਤੀ ਹੈ। ਫਿਲਮ ਦੀ ਗਾਇਕੀ ਨਾਅਰੇਬਾਜ਼ੀ ਤੇ ਮਾਅਰਕੇਬਾਜ਼ੀ ਤੋਂ ਹਟ ਕੇ ਹੈ।
ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਤੇ ਉਥੋਂ ਦੇ ਲੋਕਾਂ ਨੂੰ ਇੰਟਰਨੈੱਟ ਤੋਂ ਮਹਿਰੂਮ ਕਰਨ, ਨਾਗਰਿਕਤਾ ਸਬੰਧੀ ਸੋਧ ਕਾਨੂੰਨ ਲਿਆਂਦੇ ਜਾਣ ਮਗਰੋਂ ਤੇ ਫਿਰ ਸਭ ਤੋਂ ਵੱਡਾ ਮਸਲਾ ਨਵੇਂ ਖੇਤੀ ਕਾਨੂੰਨਾਂ ਦੀ ਆਮਦ ਨਾਲ ਪੰਜਾਬ ਵਿਚ ਬੌਧਿਕ, ਸਭਿਆਚਾਰਕ ਤਬਦੀਲੀ ਦੀਆਂ ਸੰਭਾਵਨਾਵਾਂ ਨਜ਼ਰ ਆਉਣ ਲੱਗੀਆਂ ਹਨ। ਪੰਜਾਬ ਨਵੇਂ ਸਿਰਿਓਂ ਲੋਕ ਪੱਖੀ ਕਲਾਵਾਂ, ਕਿਤਾਬਾਂ ਨਾਲ ਜੁੜਦਾ ਜਾਪ ਰਿਹਾ ਹੈ। ਆਰਥਕ, ਸਮਾਜਕ ਅਤੇ ਬੌਧਿਕ ਪਛੜੇਵੇਂ ਦੇ ਨਾਲ ਹੀ ਕੋਈ ਵੀ ਸਮਾਜ ਕਲਾ ਖੇਤਰ ਵਿਚ ਵੀ ਬਦਹਜ਼ਮੀ ਦਾ ਸ਼ਿਕਾਰ ਹੋ ਜਾਂਦਾ ਹੈ। ਸੋ, ਪੰਜਾਬ ਦੀਆਂ ਫਿਲਮਾਂ ਵੀ ਹੋਛੇਪਣ ਤੇ ਕੰਗਾਲੀ ਦਾ ਸ਼ਿਕਾਰ ਹੋਈਆਂ, ਹਾਲਾਂਕਿ ਮੁਨਾਫਾ ਵਧਿਆ ਸੀ। ਇਹ ਕੰਗਾਲੀ ਸੂਖਮ ਨਜ਼ਰ ਨਾਲ ਹੀ ਵਾਚੀ ਜਾ ਸਕਦੀ ਹੈ। ਓਪਰੀ ਨਜ਼ਰੇ ਇਨ੍ਹਾਂ ਵਿਚ ਕੁਝ ਵੀ ਮਾੜਾ ਨਜ਼ਰ ਨਹੀਂ ਆਉਂਦਾ। ਇਹ ਉਹ ਸਿਨਮਾ ਸੀ ਜਿਸ ਨੇ ਲੋਕਾਂ ਨੂੰ ਉਨ੍ਹਾਂ ਦੇ ਅਸਲਖਾਸੇ ਨਾਲੋਂ ਤੋੜ ਕੇ ਹਲਕੇ ਹੋਛੇ ਤੇ ਫੂਹੜ ਮਨੋਰੰਜਨ ਨਾਲ ਜੋੜਿਆ ਸੀ। ਹਾਲਾਂਕਿ ਕਿਤੇ ਚੰਗੀਆਂ ਫਿਲਮਾਂ ਵੀ ਬਣਦੀਆਂ ਰਹੀਆਂ ਪਰ ਬਹੁਤੀਆਂ ਵਿਚ ਜਗੀਰੂ ਤੇ ਪਿਛਾਖੜੀ ਸੋਚ ਦੇ ਤੱਤ ਭਾਰੂ ਸਨ। ਸੋ, ਜਾਪਦਾ ਹੈ ਕਿ ਇਹ ਫਿਲਮ ਪੰਜਾਬੀ ਦਰਸ਼ਕਾਂ ਦਾ ਜ਼ਾਇਕਾ ਬਦਲਣ ਵਿਚ ਸਫਲ ਹੋਵੇਗੀ। ਰਵਾਇਤੀ ਮਨੋਰੰਜਨਕਾਰੀ ਸਿਨਮਾ ਤੋਂ ਹਟ ਕੇ ਫਿਲਮ ਬਣਾਉਣ ਦਾ ਜ਼ੋਖਮ ਉਠਾਉਣ ਦੇ ਸਵਾਲ ‘ਤੇ ਫਿਲਮ ਦੇ ਨਿਰਦੇਸ਼ਕ ਗੈਰੀ ਖਟਰਾਓ ਦਾ ਕਹਿਣਾ ਹੈ ਕਿ ਉਹ ‘ਮਨੁੱਖ ਨੂੰ ਚੜ੍ਹਦੀ ਕਲਾ’ ਵਿਚ ਲਿਜਾ ਸਕਣ ਵਾਲੀ ਫਿਲਮ ਬਣਾਉਣੀ ਚਾਹੁੰਦੇ ਸਨ। ਉਨ੍ਹਾਂ ਨੇ ਮਿਹਨਤ ਕੀਤੀ, ਪੂਰੀ ਟੀਮ ਨੇ ਮਿਹਨਤ ਵੀ ਕੀਤੀ ਤੇ ਚਾਰ ਸਾਲ ਦਾ ਸਮਾਂ ਵੀ ਇਸ ਪ੍ਰੋਜੈਕਟ ਵਿਚ ਲਾਇਆ।
ਡੈਬਿਊ ਕਰ ਰਹੇ ਹਰਦੀਪ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਹਟਵੇਂ ਵਿਸ਼ੇ ‘ਤੇ ਫਿਲਮ ਬਣਾਉਣਾ ‘ਜੋਖਮ’ ਨਹੀਂ ਜਾਪਿਆ। ਫਿਲਮ ਦੇ ਸੂਤਰਧਾਰ ਕੋਚ ਬਣੇ ਬਲਵਿੰਦਰ ਬੁਲੇਟ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਟੀਮ ਇਹੋ ਜਿਹੀ ਫਿਲਮ ਹੀ ਬਣਾਉਣਾ ਚਾਹੁੰਦੀ ਸੀ। ਉਸ ਨੇ ਆਸ ਪ੍ਰਗਟਾਈ ਕਿ ਪੰਜਾਬ ਤੇ ਦੁਨੀਆ ਭਰ ਵਿਚ ਬੈਠੇ ਪੰਜਾਬੀ ਇਸ ਨੂੰ ਖੁੱਲ੍ਹੀਆਂ ਬਾਹਾਂ ਨਾਲ ਕਬੂਲਣਗੇ।