ਸੌ ਸਾਲ ਪਹਿਲਾਂ ਦਾ ਪੰਜਾਬ ਤੇ ਸਾਉਣ ਮਹੀਨਾ

ਗੁਲਜ਼ਾਰ ਸਿੰਘ ਸੰਧੂ
ਮੈਂ ਪਿਛਲੀ ਸਦੀ ਦੇ ਤੀਹਵਿਆਂ ਦੇ ਪੰਜਾਬ ਦਾ ਜਮਪਲ ਹਾਂ। ਸੱਤਰ ਸਾਲ ਤੋਂ ਪਿੰਡਾਂ ਤੋਂ ਦੂਰ ਰਹਿਣ ਕਾਰਨ ਮੈਨੂੰ ਉਸ ਵਾਲੇ ਪੰਜਾਬ ਦੀ ਧੰੁਦਲੀ ਜਿਹੀ ਯਾਦ ਹੈ, ਜੋ ਮਹਿੰਦਰ ਸਿੰਘ ਦੁਸਾਂਝ ਦੀ ਹੁਣੇ ਹੁਣੇ ਪ੍ਰਕਾਸ਼ਿਤ ਹੋਈ ਪੁਸਤਕ ‘ਪੇਂਡੂ ਪੰਜਾਬ ਤੇ ਕਿਸਾਨੀ ਦਾ ਪੁਰਾਤਨ ਸਭਿਆਚਾਰ’ (ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਪੰਨੇ 128, ਮੁੱਲ 50 ਰੁਪਏ) ਨੇ ਤਾਜ਼ਾ ਕਰਵਾ ਦਿੱਤੀ ਹੈ। ਮਹਿੰਦਰ ਸਿੰਘ ਅਗਾਂਹ ਵਧੂ ਕਿਸਾਨ ਹੈ ਤੇ ਲਿਖਾਰੀ ਸਭਾ ਜਗਤਪੁਰ ਦਾ ਪ੍ਰਧਾਨ। ਮੇਰੇ ਵਾਂਗ ਪਿੰਡਾਂ ਤੋਂ ਟੁੱਟੇ ਲੋਕਾਂ ਲਈ ਇਹ ਪੁਸਤਕ ਪੜ੍ਹਨ ਤੇ ਮਾਣਨ ਵਾਲੀ ਹੈ। ਕੱਝ ਟੂਕਾਂ ਪੇਸ਼ ਹਨ:

ਪੰਜਾਬ ਦੇ ਆਮ ਪਿੰਡਾਂ ਵਿਚ ਵਸਦੇ ਵੱਖ-ਵੱਖ ਵਰਗਾਂ ਦੇ ਲੋਕ ਸਾਂਝੇ ਪਰਿਵਾਰ ਵਰਗੀ ਇੱਕ ਮਜ਼ਬੂਤ ਟੀਮ ਦੇ ਅੰਗ ਬਣ ਕੇ ਰਹਿੰਦੇ ਸਨ ਤੇ ਟੀਮ ਦੇ ਇਹ ਅੰਗ ਪਿੰਡਾਂ ਦੇ ਕਿਸਾਨਾਂ ਦੁਆਲੇ ਕੇਂਦਰਿਤ ਹੰੁਦੇ ਸਨ। ਇਨ੍ਹਾਂ ਵਰਗਾਂ ਵਿਚ ਤਰਖਾਣ ਕਿਸਾਨਾਂ ਦੇ ਖੇਤੀ ਲਈ ਵਰਤੇ ਜਾਣ ਵਾਲੇ ਸੰਦ ਤਿਆਰ ਕਰਦੇ ਸਨ ਤੇ ਲੁਹਾਰ ਲੋਹੇ ਦੇ ਸੰਦ ਬਣਾਉਣ ਤੇ ਇਨ੍ਹਾਂ ਨੂੰ ਮੁਰੰਮਤ ਕਰਨ ਦਾ ਕੰਮ ਕਰਦੇ ਸਨ। ਬ੍ਰਾਹਮਣ ਧਾਰਮਿਕ ਕਾਰਜ ਚਲਾਉਂਦੇ ਸਨ, ਜੁਲਾਹੇ ਕੱਪੜੇ ਬੁਣਦੇ ਸਨ, ਝਿਊਰ ਘਰ ਵਿਚ ਤੇ ਕਣਕ ਦੀ ਵਾਢੀ ਸਮੇਂ ਪਾਣੀ ਦੇਣ/ਪਿਲਾਉਣ ਦਾ ਕੰਮ ਕਰਦੇ ਸਨ, ਛੀਂਬਿਆਂ ਦਾ ਕੰਮ ਕੱਪੜੇ ਸਿਉਣ ਦਾ ਤੇ ਘੁਮਿਆਰ ਦਾ ਕੰਮ ਮਿੱਟੀ ਦੇ ਭਾਂਡੇ ਬਣਾਉਣ ਦਾ ਹੰੁਦਾ ਸੀ। ਜੁੱਤੀਆਂ ਬਣਾਉਣ ਤੇ ਗੰਢਣ ਦਾ ਕੰਮ ਮੋਚੀ ਕਰਦੇ ਸਨ ਤੇ ਆਦਿ ਧਰਮੀ ਮਜ਼ਦੂਰ ਕਿਸਾਨਾਂ ਕੋਲ ਮਿਹਨਤ ਮਜ਼ਦੂਰੀ ਕਰਦੇ ਸਨ। ਬਾਣੀਏ ਤੇ ਖੱਤਰੀ ਦੁਕਾਨਦਾਰੀ ਕਰਦੇ ਸਨ ਤੇ ਨਾਈ ਨਹੰੁ ਕੰਡੇ ਕੱਢਣ, ਵਾਲ ਕੱਟਣ ਤੇ ਹਜ਼ਾਮਤਾਂ ਕਰਦੇ ਸਨ।
ਪੰਜਾਬ ਦੇ ਹਰ ਪਿੰਡ ਦੀ ਏਸ ਸ਼ਾਨਾਂਮੱਤੀ ਤੇ ਸੁਹਿਰਦ ਟੀਮ ਵਿਚੋਂ ਜਿਹੜੇ ਵਰਗਾਂ ਦੇ ਲੋਕ ਪਿੰਡ ਦੇ ਕਿਸਾਨਾਂ ਨਾਲ ਕੰਮ ਕਰਦੇ ਸਨ ਜਾਂ ਉਨ੍ਹਾਂ ਲਈ ਕੋਈ ਸਾਮਾਨ ਤਿਆਰ ਕਰਦੇ ਅਤੇ ਕਿਸ ਵੀ ਰੂਪ ’ਚ ਸਹਿਯੋਗ ਦਿੰਦੇ ਸਨ, ਉਹ ਵੇਲਾ-ਕੁਵੇਲਾ ਤੇ ਕੰਮ ਕਰਨ ਲਈ ਸਮਾਂ ਨਹੀਂ ਸਨ ਵੇਖਦੇ ਤੇ ਨਾ ਹੀ ਜਿੰਨਾ ਕੰਮ ਕੀਤਾ, ਤੁਰੰਤ ਉਸ ਦੇ ਪੈਸੇ ਮੰਗਦੇ ਸਨ, ਆਪਣੀ ਮਿਹਨਤ ਉਹ ਹਾੜੀ-ਸਾਉਣੀ ’ਚ ਫਸਲ ਤੇ ਕਣਕ ਦੀਆਂ ਕੁਝ ਭਰੀਆਂ, ਮੱਕੀ ਦੇ ਕੁਝ ਬੰਦ (ਪੂਲੇ) ਜਾਂ ਦਾਣਿਆਂ ਦੇ ਰੂਪ ’ਚ ਪ੍ਰਾਪਤ ਕਰਦੇ ਸਨ, ਅਜਿਹੇ ਢੰਗ ਨਾਲ ਕੰਮ ਕਰਨ ਨੂੰ ‘ਸੇਪੀ ਕਰਨਾ’ ਕਿਹਾ ਜਾਂਦਾ ਸੀ।
ਪੇਂਡੂ ਸਮਾਜ ਦੇ ਇਹ ਸਾਰੇ ਵਰਗ ਇੱਕ ਦੂਜੇ `ਤੇ ਨਿਰਭਰ ਵੀ ਸਨ ਤੇ ਇੱਕ ਦੂਜੇ ਦਾ ਸਤਿਕਾਰ ਵੀ ਕਰਦੇ ਸਨ। ਇੱਕ ਦੂਜੇ ਦਾ ਦੁੱਖ ਸੁੱਖ ਵੇਖਦਿਆਂ ਇੱਕ ਦੂਜੇ ਦੀ ਗਮੀ ਖੁਸ਼ੀ ਵਿਚ ਸ਼ਾਮਲ ਹੰੁਦੇ ਸਨ ਤੇ ਇਹ ਸੁਹਿਰਦ ਤੇ ਸਮੁੱਚੀ ਟੀਮ ਹਮੇਸ਼ਾ ਸ਼ਾਂਤ ਤੇ ਸਹਿਜ ਅਵਸਥਾ ਵਿਚ ਰਹਿੰਦੀ ਸੀ, ਇਸ ਟੀਮ ਦਾ ਵਧੇਰੇ ਵਿਸ਼ਵਾਸ ਪਿੰਡ ਦੇ ਕਿਸਾਨਾਂ ਦੇ ਮੋਢਿਆਂ ਉੱਪਰ ਹੰੁਦਾ ਸੀ, ਜਿਨ੍ਹਾਂ ਦੀਆਂ ਕੋਠੀਆਂ ਵਿਚੋਂ ਦਾਣੇ ਖੇਤਾਂ ਵਿਚੋਂ ਹੋਣ, ਖੇਤੀ ਜਿਣਸਾਂ ਲੋੜ ਪੈਣ `ਤੇ ਪਿੰਡ ਦੇ ਕਾਰੀਗਰਾਂ ਅਤੇ ਲਾਗੀਆਂ ਵਾਸਤੇ ਆਉਂਦੀਆਂ ਸਨ ਤੇ ਕਿਸਾਨ ਇਨ੍ਹਾਂ ਛੋਟੀਆਂ ਮੋਟੀਆਂ ਜਿਣਸਾਂ ਦਾ ਹਿਸਾਬ ਕਿਤਾਬ ਕਰਦੇ ਸਨ। ਜੇ ਕਿਸੇ ਗਰੀਬ ਪਰਿਵਾਰ ਦੇ ਨਵੀਂ ਫਸਲ ਆਉਣ ਤੋਂ ਪਹਿਲਾਂ ਦਾਣੇ ਮੁੱਕ ਜਾਣ ਜਾਂ ਕਿਸੇ ਦੀ ਧੀ ਦਾ ਵਿਆਹ ਆ ਜਾਂਦਾ ਤਾਂ ਕਿਸਾਨ ਲੋੜਵੰਦ ਦੀ ਖਿੜੇ ਮੱਥੇ ਸਹਾਇਤਾ ਕਰਦੇ ਸਨ।
ਆਪਸ ਵਿਚ ਕਿਸਾਨਾਂ ਦਾ ਮੇਲ-ਮਿਲਾਪ ਬੇਮਿਸਾਲ ਸੀ। ਕਈ ਵਾਰ ਕਿਸਾਨਾਂ ਦੇ ਦੋ ਪਰਿਵਾਰ ਰਲ ਕੇ ਵੀ ਖੇਤੀ ਦਾ ਕੰਮ ਕਰਦੇ ਸਨ ਅਤੇ ਕਣਕ ਦੀ ਵਾਢੀ ਦੇ ਦਿਨਾਂ ਵਿਚ ਕਿਸੇ ਕਾਰਨ ਜੇ ਕਿਸੇ ਕਿਸਾਨ ਦੀ ਕਣਕ ਕਟਾਈ ਕਰਨ ਤੋਂ ਰਹਿ ਜਾਂਦੀ ਤਾਂ ਪਿੰਡ ਤੇ ਇਲਾਕੇ ਦੇ ਕਿਸਾਨ ਇਕੱਠੇ ਹੋ ਕੇ ਉਸ ਦੀ ਕਣਕ ਕੱਟ ਕੇ ਤੇ ਭਰੀਆਂ ਬੰਨ ਕੇ ਖਲਵਾੜਿਆਂ ਵਿਚ ਲਾ ਦਿੰਦੇ। ਇਉਂ ਕਣਕ ਕੱਟਣ ਦੇ ਕੰਮ ਨੂੰ ‘ਆਭਤ’ ਕਿਹਾ ਜਾਂਦਾ ਸੀ। ਆਭਤ ਨਾਲ ਕਣਕ ਦੀ ਕਟਾਈ ਕਰਾਉਣ ਵਾਲੇ ਕਿਸਾਨ ਪਰਿਵਾਰ ਵੱਲੋਂ ਆਭਤੀ ਕਿਸਾਨਾਂ ਦੀ ਖੂਬ ਖਾਤਰ ਸੇਵਾ ਕੀਤੀ ਜਾਂਦੀ ਸੀ।
ਪੁਰਾਣੇ ਪੰਜਾਬ ਦੇ ਕਿਸਾਨ ਆਪਣੇ ਬਲਦਾਂ ਤੇ ਗਾਂਵਾਂ-ਮੱਝਾਂ ਨਾਲ ਬਹੁਤ ਪਿਆਰ ਕਰਦੇ ਸਨ ਤੇ ਇਨ੍ਹਾਂ ਦੀਆਂ ਲੋੜਾਂ ਤੇ ਖਾਤਰ ਸੇਵਾ ਦਾ ਵਿਸ਼ੇਸ਼ ਧਿਆਨ ਰੱਖਦੇ ਸਨ। ਹੱਲ ਵਾਹੁਣ, ਸੁਹਾਗੇ ਦੇਣ, ਗੱਡੇ ਖਿੱਚਣ, ਚੜਸ ਚਲਾਉਣ ਤੇ ਖੇਤੀ ਦੇ ਹੋਰ ਕਈ ਕੰਮ ਬਲਦਾਂ ਤੋਂ ਹੀ ਲਏ ਜਾਂਦੇ ਸਨ ਤੇ ਬਲਦਾਂ ਦੇ ਅਰਾਮ ਦਾ ਵੀ ਵਿਸ਼ੇਸ਼ ਖਿਆਲ ਰੱਖਿਆ ਜਾਂਦਾ ਸੀ। ਸੰਗਰਾਂਦ ਵਾਲੇ ਦਿਨ ਬਲਦਾਂ ਨੂੰ ਨਹੀਂ ਸੀ ਜੋੜਿਆ ਜਾਂਦਾ ਤੇ ਉਨ੍ਹਾਂ ਨੂੰ ਅਰਾਮ ਦਾ ਮੌਕਾ ਦਿੱਤਾ ਜਾਂਦਾ ਸੀ।
ਪੰਜਾਬ ਵਿਚ ਦੁੱਧ ਵੇਚਣ ਨੂੰ ਪੁੱਤ ਵੇਚਣ ਦੇ ਸਮਾਨ ਸਮਝਿਆ ਜਾਂਦਾ ਸੀ। ਕਿਸਾਨ ਸੁਆਣੀਆਂ ਜਦੋਂ ਲੌਢੇ ਵੇਲੇ ਲਵੇਰੀਆਂ ਲਈ ਵੰਡ (ਪੇੜੇ) ਦੇ ਲੁਹਾਂਡੇ ਸਿਰਾਂ ਉੱਪਰ ਰੱਖ ਲਵੇਰੀਆਂ ਲਈ ਹਵੇਲੀਆਂ ਕੋਲ ਪਹੰੁਚਦੀਆਂ ਤਾਂ ਲਵੇਰੀਆਂ ਉਨ੍ਹਾਂ ਨੂੰ ਆਪਣੀਆਂ ਮਾਂਵਾਂ ਵਾਂਗ ਉਡੀਕਦੀਆਂ ਸਨ।
ਪੁਸਤਕ ਵਿਚ ਪੁਰਾਣੇ ਪੰਜਾਬ ਦੇ ਲੋਕ ਮੇਲੇ, ਛਿੰਝਾਂ ਤੇ ਤਿਥ-ਤਿਉਹਾਰ ਹੀ ਨਹੀਂ, ਬੀਤੇ ਸਮਿਆਂ ਦੇ ਅਜਿਹੇ ਲੋਕ-ਗੀਤ ਵੀ ਦਰਜ ਹਨ, ਜਿਹੜੇ ਕੌਮੀ ਏਕਤਾ ਦੀ ਕੜੀ ਸਨ। ਅੰਤਲੇ ਕਾਂਡ ਵਿਚ ਲੇਖਕ ਨੇ ਪੁਰਾਤਨ ਖੇਤੀ ਸਭਿਆਚਾਰ ਦਾ ਬਾਰਾਂ-ਮਾਹਾ ਵੀ ਲਿਖਿਆ ਹੈ, ਜਿਸ ਵਿਚੋਂ ਸਾਉਣ ਮਹੀਨੇ ਦੀ ਰੂਪ-ਰੇਖਾ ਪੇਸ਼ ਹੈ:
ਸਾਵਣ (ਸਾਉਣ) ਦੇ ਬੱਦਲਾਂ ਦਾ ਆਗਮਨ ਮਨਾਂ ਨੂੰ ਟੰੁਬਣ ਵਾਲਾ ਹੰੁਦਾ। ਦੱਖਣ ਜਾਂ ਪੱਛਮ ਦੇ ਪਾਸੇ ਇਕਦਮ ਕਾਲੀ ਘਟਾ ਪਰਗਟ ਹੋ ਜਾਂਦੀ। ਇਸ ਕਾਲੀ ਘਟਾ ਦੇ ਅੱਗੇ ਅਨੇਕਾਂ ਚਿੱਟੇ ਬਗਲੇ ਉਡਦੇ ਇਉਂ ਜਾਪਦੇ ਜਿਵੇਂ ਕਾਲੇ ਹਨੇਰੇ ਵਿਚ ਚਿੱਟੇ ਫੱੁਲ ਖਿੜੇ ਹੋਣ। ਇਹ ਘਟਾ ਏਨੀ ਤੇਜ਼ੀ ਨਾਲ ਸਿਰਾਂ ’ਤੇ ਆ ਚੜ੍ਹਦੀ ਕਿ ਗਾਂ-ਮੱਝ ਦਾ ਦੁੱਧ ਚੋਣ ਬੈਠੇ ਕਿਸਾਨਾਂ ਨੂੰ ਪੂਰਾ ਦੁੱਧ ਕੱਢਣ ਜੋਗਾ ਸਮਾਂ ਵੀ ਨਾ ਦਿੰਦੀ।
ਵੇਖਦਿਆਂ-ਵੇਖਦਿਆਂ ਵਾਛੜ ਵਾਲਾ ਮੋਹਲੇਧਾਰ ਮੀਂਹ ਵਰ੍ਹਦਾ ਤੇ ਧਰਤੀ ਜਲ-ਥਲ ਹੋ ਜਾਂਦੀ। ਬਿਰਛਾਂ ਉੱਪਰ ਬੈਠੇ ਪੰਛੀ ਮੀਂਹ ’ਚ ਖੰਭ ਫੜਕ-ਫੜਕ ਨਹਾਉਂਦੇ ਤੇ ਖੁਸ਼ ਹੰੁਦੇ। ਬਿਰਛ ਬੂਟੇ ਤੇ ਫਸਲਾਂ ਜਿਵੇਂ ਖੁਸ਼ੀ ਨਾਲ ਝੂਮ ਉਠਦੀਆਂ। ਸੁੱਕੇ ਖੁਸ਼ਕ ਖੇਤਾਂ ਵਿਚੋਂ ਪਤਾ ਨਹੀਂ ਕਿੱਥੋਂ ਅਣਗਿਣਤ ਮੋਟੇ ਪੀਲੇ ਡੱਡੂ ਪਰਗਟ ਹੰੁਦੇ ਤੇ ਪਾਣੀ ਵਿਚੋਂ ਆਪਣੇ ਸਿਰ ਬਾਹਰ ਕੱਢ ਕੇ ‘ਗੁੜੈਂ-ਗੁੜੈਂ’ ਦੀਆਂ ਆਵਾਜ਼ਾਂ ਦਾ ਸੰਗੀਤ ਵਾਤਾਵਰਨ ਵਿਚ ਖਿਲਾਰ ਦਿੰਦੇ। ਬੱਚੇ ਸਣੇ ਕੱਪੜੀਂ ਬਾਹਰ ਨਿਕਲਦੇ ਤੇ ਮੀਂਹ ਵਿਚ ਨਹਾ ਕੇ ਖੁਸ਼ ਹੰੁਦੇ। ਪਸ਼ੂਆਂ ਵਿਚੋਂ ਸਭ ਤੋਂ ਵੱਧ ਮਹਿਰੂ ਨਹਾ ਕੇ ਖੁਸ਼ ਹੰੁਦੇ।
ਸਾਵਣ ਦੇ ਪਹਿਲੇ ਮੀਂਹ ਤੋਂ ਬਾਅਦ ਜਦੋਂ ਵੀ ਵੱਤਰ ਆਉਂਦੀ, ਕਿਸਾਨ ਖੇਤਾਂ ਵਿਚ ਲਾਈਆਂ ਰੂੜੀ ਦੀਆਂ ਢੇਰੀਆਂ ਖਿਲਾਰ ਦਿੰਦੇ ਤੇ ਪਿਛੋਂ ਵਹਾਈ ਕਰਕੇ ਰੂੜੀ ਮਿੱਟੀ ਵਿਚ ਰਲਾ ਦਿੰਦੇ। ਸਾਵਣ ਵਿਚ ਸਾਉਣੀ ਦੀਆਂ ਫਸਲਾਂ ਲਈ ਵਹਾਈ ਦਾ ਕੰਮ ਸ਼ੁਰੂ ਹੋ ਜਾਂਦਾ, ਏਸ ਮਹੀਨੇ ਚਰੀ, ਗੁਆਰਾ, ਬਾਜਰਾ, ਸਣ, ਮਾਂਹ, ਮੋਠ, ਮੰੂਗੀ, ਮੱਕੀ, ਤਿਲਾਂ ਤੇ ਮੰੂਗਫਲੀ ਦੀ ਬਿਜਾਈ ਸ਼ੁਰੂ ਹੋ ਜਾਂਦੀ।
ਜਦੋਂ ਕਈ ਦਿਨ ਨਿਰੰਤਰ ਤੇ ਜ਼ੋਰਦਾਰ ਵਰ੍ਹਦੇ ਮੀਂਹ ਦੀ ਅੱਤ ਹੋ ਜਾਂਦੀ ਤਾਂ ਕੱਖਾਂ-ਕਾਨਾਂ ਦਾ ਮੁਸਾਫਿਰ ਬਣਾ ਕੇ ਕੱਚੀ ਕੰਧ ਉੱਪਰ ਗੱਡ ਦਿੱਤਾ ਜਾਂਦਾ। ਇਸ ਨੂੰ ਮਰਦਾਂ ਵਰਗੇ ਕੱਪੜੇ ਪਹਿਨਾਏ ਜਾਂਦੇ। ਹੱਥ ਵਿਚ ਡੰਗੋਰੀ ਫੜਾ ਦਿੱਤੀ ਜਾਂਦੀ; ਆਟਾ, ਦਾਲਾਂ ਤੇ ਹੋਰ ਖੁਰਾਕੀ ਸਮੱਗਰੀ ਇੱਕ ਪੋਟਲੀ ਵਿਚ ਪਾ ਕੇ ਇਸ ਦੀ ਡੱਗੀ ਬਣਾ ਕੇ ਮੁਸਾਫਿਰ ਦੀ ਪਿੱਠ ’ਤੇ ਰੱਖ ਦਿੱਤੀ ਜਾਂਦੀ।
ਇਸ ਮੁਸਾਫਿਰ ’ਤੇ ਤਰਸ ਕਰਕੇ ਵਰਖਾ ਦੇ ਦੇਵਤੇ ਇੰਦਰ ਵੱਲੋਂ ਵਰਖਾ ਬੰਦ ਕਰ ਦੇਣ ਦੀ ਉਡੀਕ ਕੀਤੀ ਜਾਂਦੀ ਸੀ।
ਸਾਵਣ ਮਹੀਨੇ ਪੰਜਾਬੀਆਂ ਦੇ ਘਰਾਂ ਵਿਚ ਖੀਰਾਂ ਬਣਦੀਆਂ ਤੇ ਪੂੜੇ ਪੱਕਦੇ। ਸਾਵਣ ਵਿਚ ਹੀ ਆਉਂਦਾ ਸੀ ‘ਤੀਆਂ’ ਦਾ ਮਹੱਤਵਪੂਰਨ ਤਿਉਹਾਰ, ਜਿਹੜਾ ਇਸਤਰੀਆਂ ਦੇ ਮੌਜ ਮੇਲੇ ਨਾਲ ਸਬੰਧ ਰੱਖਦਾ ਸੀ।
ਮੇਰੇ ਲਈ ਮਹਿੰਦਰ ਦੁਸਾਂਝ ਉੱਪਰਾ ਨਹੀਂ। ਮੈਂ ਉਸ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੰਚਾਰ ਕੇਂਦਰ ਦਾ ਮੁਖੀ ਹੰੁਦਿਆਂ 1978-79 ਵਿਚ ਵੀ ਮਿਲਦਾ ਰਿਹਾ ਹਾਂ। ਉਹ ਲੱਕ ਬੰਨ ਕੇ ਖੇਤੀ ਕਰਨ ਵਾਲਾ ਜਿਊੜਾ ਹੈ। ਤਜਰਬੇ ਕਰਨ ਦਾ ਚਾਹਵਾਨ। ਇੱਕ ਹੱਥ ਹਲ ਦਾ ਮੰੁਨਾ ਤੇ ਦੂਜੇ ਹੱਥ ਪੁਸਤਕ ਫੜ ਕੇ ਪੜ੍ਹਾਈ ਕੀਤੀ। ਉਸ ਦੀ ਜੀਵਨ ਸਾਥਣ ਮਹਿੰਦਰ ਕੌਰ ਦੀ ਪ੍ਰੇਰਨਾ ਨਾਲ ਉਸ ਨੇ ਗਿਆਨੀ, ਬੁਧੀਮਾਨੀ ਰਾਹੀਂ ਬੀ. ਏ. ਪਾਸ ਕੀਤੀ। ਉਸ ਨੇ ਪੜ੍ਹਨ ਲਈ ਕਿਸੇ ਸਕੂਲ/ਕਾਲਜ ਦੀ ਦਹਿਲੀਜ਼ ਨਹੀਂ ਟੱਪੀ। ਜਦੋਂ 1966 ਵਿਚ ਉਸ ਨੂੰ ਸਿਖ ਨੈਸ਼ਨਲ ਕਾਲਜ ਬੰਗਾ ਵਾਲਿਆਂ ਨੇ ਇੱਕ ਭਾਸ਼ਣ ਮੁਕਾਬਲੇ ਦੇ ਜੱਜ ਵੱਜੋਂ ਸਦਿਆ ਤਾਂ ਉਸ ਨੇ ਪਹਿਲੀ ਵਾਰ ਕਿਸੇ ਕਾਲਜ ਦੀ ਇਮਾਰਤ ਨੂੰ ਅੰਦਰ ਜਾ ਕੇ ਵੇਖਿਆ। ਉਦੋਂ ਉਸ ਦੀ ਉਮਰ 28 ਸਾਲ ਸੀ।
ਉਸ ਦੀ ਖੇਤੀ ਯੋਗਤਾ ਕਾਰਨ ਉਸ ਨੂੰ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਸੱਦੇ ਤੇ ਸਨਮਾਨ ਮਿਲ ਚੁਕੇ ਹਨ। ਉਹ ਲੇਖਕ ਵੀ ਹੈ! ਇਸ ਦਾ ਇਲਮ ਮੈਨੂੰ ਉਸ ਦੀ ਹਥਲੀ ਪੁਸਤਕ ਪੜ੍ਹ ਕੇ ਹੋਇਆ। ਉਸ ਦਾ ਉੱਦਮ ਤੇ ਕਮਾਈ ਅੱਖਾਂ ਖੋਲ੍ਹਣ ਵਾਲੀ ਹੈ। ਪੜ੍ਹੋ ਤੇ ਜਾਣੋ।
ਅੰਤਿਕਾ: (ਬਿੰਦਰ ਬਿਸਮਿਲ)
ਅਜ਼ਮਤਾਂ, ਖੁਦਦਾਰੀਆਂ, ਹੁਸ਼ਿਆਰੀਆਂ
ਹੁਸਨ ਮੂਹਰੇ ਸਾਰੀਆਂ ਹੀ ਹਾਰੀਆਂ।
ਦੂਰੀਆਂ, ਮਜਬੂਰੀਆਂ, ਦੁਸ਼ਵਾਰੀਆਂ,
ਮੇਰੀ ਪੁਸਤਕ ਵਿਚ ਨੇ ਲਿਖੀਆਂ ਸਾਰੀਆਂ।