ਕਸਬਾ ਗੋਰਾਇਆ ਟੋਕਾ ਮਸ਼ੀਨਾਂ ਦਾ ਸੀ ਗੜ੍ਹ

ਕਲਵੰਤ ਸਿੰਘ ਸਹੋਤਾ
ਫੋਨ: 604-589-5919
ਕਸਬਾ ਗੋਰਾਇਆ ਜਰਨੈਲੀ ਸੜਕ (ਜੀ. ਟੀ. ਰੋਡ) `ਤੇ ਫਗਵਾੜਾ ਅਤੇ ਫਿਲੌਰ ਦੇ ਐਨ ਵਿਚਕਾਰ ਦੋਹਾਂ ਤੋਂ ਪੂਰੀ ਸੱਤ ਮੀਲ ਦੀ ਦੂਰੀ ਉਤੇ ਸਥਿਤ ਹੈ। ਇੱਥੋਂ ਲੰਘਦੀ ਦੋਹਰੀ ਰੇਲਵੇ ਲਾਈਨ ਤੇ ਰੇਲਵੇ ਸਟੇਸ਼ਨ ਵੀ ਹੈ। ਬਹੁਤੇ ਹੋਰ ਵਿਦਿਆਰਥੀਆਂ ਵਾਂਗ ਮੈਂ ਵੀ ਕੁਝ ਸਾਲ ਇੱਥੋਂ ਰੇਲ ਗੱਡੀ ਚੜ੍ਹ ਜਲੰਧਰ ਪੜ੍ਹਨ ਜਾਂਦਾ ਹੁੰਦਾ ਸੀ। ਸਟੇਸ਼ਨ ਨੂੰ ਜਾਂਦਿਆਂ ਰੇਲਵੇ ਲਾਈਨ ਦੇ ਦੁਆਲੇ ਦੇਗੀ ਲੋਹਾ ਅਤੇ ਪੱਥਰੀ ਕੋਲੇ ਦੇ ਢੇਰਾਂ ਦੇ ਢੇਰ ਪਏ ਹੁੰਦੇ ਸਨ। ਪਾਸੇ ਰੇਲ ਲਾਈਨ ਤੇ ਦੇਗੀ ਲੋਹਾ ਅਤੇ ਪੱਥਰੀ ਕੋਲੇ ਦੀਆਂ ਭਰੀਆਂ ਮਾਲ ਗੱਡੀਆਂ ਦੇ ਡੱਬੇ, ਆਪਣਾ ਸਮਾਨ ਲਾਹੁਣ ਦੇ ਇੰਤਜ਼ਾਰ ‘ਚ ਖੜ੍ਹੇ ਆਮ ਨਿਗ੍ਹਾ ਪੈਂਦੇ ਰਹੇ ਹਨ। ਇਸ ਦਾ ਵੱਡਾ ਕਾਰਨ ਇਹ ਸੀ ਕਿ ਇਸ ਕਸਬੇ ‘ਚ 1950-60 ਦੇ ਦਹਾਕਿਆਂ ਦੌਰਾਨ ਛੋਟੀ ਇੰਡਸਟਰੀ ਬਹੁਤ ਵਧ-ਫੁਲ ਰਹੀ ਸੀ।

ਦੇਗੀ ਲੋਹਾ ਢਾਲਣ ਦੀਆਂ ਰਾਤ ਨੂੰ ਪੱਥਰੀ ਕੋਲੇ ਨਾਲ ਚੱਲਦੀਆਂ ਭੱਠੀਆਂ ਦੀਆਂ ਲਾਟਾਂ, ਇਨ੍ਹਾਂ ਕਾਰਖਾਨਿਆਂ ਦੇ ਧੜਾ ਧੜ ਵਧਦੇ ਕਾਰੋਵਾਰ ਦਾ ਪ੍ਰਤੱਖ ਸਬੂਤ ਸਨ। ਢਲੇ ਲੋਹੇ ਨਾਲ ਪੱਠੇ ਕੁਤਰਨ ਵਾਲੀਆਂ ਮਸ਼ੀਨਾਂ (ਟੋਕਾ ਮਸ਼ੀਨਾਂ) ਦੇ ਪੁਰਜੇ ਢਾਲ ਢਾਲ ਇਹ ਮਸ਼ੀਨਾਂ ਮਾਰੋ ਮਾਰ ਬਣ ਰਹੀਆਂ ਸਨ। ਕੁਝ ਕਾਰਖਾਨੇਦਾਰਾਂ ਅਤੇ ਹੋਰ ਸਬੰਧਤ ਵਪਾਰੀਆਂ ਨੂੰ ਪੱਥਰੀ ਕੋਲਾ ਅਤੇ ਦੇਗੀ ਲੋਹੇ ਦੇ ਕੋਟੇ ਮਿਲੇ ਹੋਏ ਸਨ, ਜਿਸ ਦੇ ਆਧਾਰ `ਤੇ ਉੜੀਸਾ ਅਤੇ ਬਿਹਾਰ ਤੋਂ ਇਨ੍ਹਾਂ ਨਾਲ ਲੱਦੀਆਂ ਮਾਲ ਗੱਡੀਆਂ ਦੇ ਲਾਰੇ ਤੁਰੇ ਹੀ ਆਇਆ ਕਰਦੇ ਸਨ। ਗੋਰਾਇਆ ਦੇ ਕਾਰਖਾਨਿਆਂ ਵਿਚ ਬਣੀਆਂ ਇਹ ਮਸ਼ੀਨਾਂ ਇਕੱਲੇ ਪੰਜਾਬ ‘ਚ ਹੀ ਨਹੀਂ, ਸਗੋਂ ਸਾਰੇ ਭਾਰਤ ਦੇ ਕੋਨੇ ਕੋਨੇ ਅਤੇ ਵਿਦੇਸ਼ਾਂ ‘ਚ ਵੀ ਮਾਲ ਗੱਡੀਆਂ ਅਤੇ ਟਰੱਕਾਂ ‘ਚ ਧੜਾ ਧੜ ਬਣ ਬਣ ਜਾਂਦੀਆਂ ਸਨ।
ਪਹਿਲਾਂ ਪਹਿਲ ਹੱਥੀਂ ਛੋਟੇ ਗੰਡਾਸੇ ਨਾਲ ਚਰ੍ਹੀ, ਬਾਜਰਾ, ਮੱਕੀ ਦੇ ਸਖਤ ਟਾਂਡਿਆਂ ਦਾ ਕੁਤਰਾ ਕਰਕੇ ਪਸ਼ੂਆਂ ਨੂੰ ਪਾਈਦਾ ਸੀ। ਕਿਸੇ ਮਜਬੂਤ ਲੱਕੜ ਦੇ ਗੱਟੂ (ਬਲਾਕ) ਤੇ, ਪੱਠਿਆਂ ਦਾ ਰੁੱਗ ਖੱਬੇ ਹੱਥ ਨਾਲ ਫੜ ਤੇ ਸੱਜੇ ਹੱਥ ਫੜੇ ਗੰਡਾਸੇ ਨਾਲ ਚਾਰ ਪੰਜ ਇੰਚ ਦਾ ਕੁਤਰਾ ਕਰ ਪਸ਼ੂਆਂ ਦੀਆਂ ਖੁਰਲੀਆਂ ਭਰਨੀਆਂ ਪੈਂਦੀਆਂ ਸਨ। ਇਹ ਕਾਫੀ ਔਖਾ ਤੇ ਮੁਸ਼ੱਕਤ ਭਰਿਆ ਕੰਮ ਸੀ। ਟੋਕਾ ਮਸ਼ੀਨ ਨਾਲ ਪੱਠੇ ਕੁਤਰਦਿਆਂ ਰੰਗ-ਬਰੰਗੀਆਂ ਪੱਗਾਂ ਅਤੇ ਤੰਬੇ (ਚਾਦਰੇ) ਲਾਈ ਗੱਭਰੂਆਂ ਦੀ ਫੋਟੋ ਦੇਖ ਕੇ ਮੇਰੇ ਅੰਦਰੋਂ ਇਉਂ ਫੁਰਿਆ:
ਪਹਿਲਾਂ ਹੱਥੀਂ ਟੋਕਾ ਕਰ ਪਸ਼ੂਆਂ ਨੂੰ ਪਾਈਦਾ ਸੀ,
ਉਹ ਵੀ ਬੜੀ ਮੁਸ਼ੱਕਤ, ਸਿਰ ਸਿਰੜ ਨਿਭਾਈਦਾ ਜੀ।
ਫੇਰ ਹੱਥ ਗੇੜ ਗੋਲ ਚੱਕਰ ਮਸ਼ੀਨ ਆਈ ਜੀ,
ਗੋਰਾਇਆ ਟੋਕਾ ਮਸ਼ੀਨ ਦੀ ਬੜੀ ਧੁੰਮ ਪਈ ਸੀ।
ਬਲਦਾਂ ਦੇ ਨਾਲ ਦੇਖੋ ਗੇੜੀਆਂ ਚਲਣ ਪਈਆਂ,
ਫੇਰ ਪਟੇ ਚਾੜ੍ਹ ਇੰਜਣ ਮੋਟਰਾਂ `ਤੇ ਲਾਏ ਜੀ।
ਨੀਲੀ ਪੀਲੀ ਲਾਲ ਪੱਗਾਂ, ਤੰਬੇ ਲਾ ਇਹ ਗੱਭਰੂ,
ਯਾਦਾਂ ਕਿਵੇਂ ਤਾਜਾ ਪੱਠੇ ਕੁਤਰਨ ਦੀਆਂ ਕਰਾਏ ਜੀ।
ਗੰਡਾਸਿਆਂ ਵਾਲੀਆਂ ਗੋਲ ਚੱਕਰ ਮਸ਼ੀਨਾਂ ਨਾਲ, ਹੱਥ ਟੋਕੇ ਨਾਲੋਂ ਕੁਤਰਾ ਕਰਨਾ ਬਹੁਤ ਸੌਖਾ ਹੋ ਗਿਆ। ਫਿਰ ਇਹੀ ਮਸ਼ੀਨਾਂ ਪਸ਼ੂਆਂ ਵਾਲੀ ਗੇੜੀ ਨਾਲ ਚੱਲਣ ਲੱਗੀਆਂ; ਜਿਸ ‘ਚ ਇੱਕ ਬੰਦਾ ਪੱਠਿਆਂ ਦੇ ਗਾਲੇ ਲਾਉਂਦਾ ਤੇ ਇੱਕ ਪਸ਼ੂਆਂ ਦੀ ਜੋੜੀ ਨੂੰ ਹੱਕਦਾ ਤੇ ਇੳਂੁ ਕੰਮ ਹੱਥੀਂ ਕੁਤਰਨ ਵਾਲੀ ਮਸ਼ੀਨ ਨਾਲੋਂ ਵੀ ਤੇਜ ਤੇ ਸੌਖਾ ਹੋ ਗਿਆ। ਫਿਰ ਜਿੳਂੁ ਜਿੳਂੁ ਪਿੰਡਾਂ ‘ਚ ਖੂਹਾਂ ਤੇ ਬਿਜਲੀ ਆਈ ਅਤੇ ਡੀਜ਼ਲ ਇੰਜਣਾਂ ਦੀ ਭਰਮਾਰ ਹੋਣ ਲੱਗੀ ਤਾਂ ਇਨ੍ਹਾਂ ਹੀ ਟੋਕਾ ਮਸ਼ੀਨਾਂ ਦੇ ਮੋਹਰੇ ਪੁਲੀ ਪਾ ਕੇ ਪਟੇ ਚਾੜ੍ਹ ਇੰਜਣਾਂ ਅਤੇ ਬਿਜਲੀ ਮੋਟਰਾਂ ਨਾਲ ਚੱਲਣ ਲੱਗੀਆਂ। ਇਹ ਸਭ ਕਸਬਾ ਗੋਰਾਇਆ ‘ਚ ਧੜਾ ਧੜ ਚਲਦੇ ਕਾਰਖਾਨਿਆਂ ‘ਚ ਬਣਦੀਆਂ ਟੋਕਾ ਮਸ਼ੀਨਾਂ ਕਰਕੇ ਹੀ ਸੰਭਵ ਹੋ ਸਕਿਆ। ਸਿਰਫ ਪੰਜਾਬ ‘ਚ ਹੀ ਨਹੀਂ, ਸਗੋਂ ਸਾਰੇ ਭਾਰਤ ‘ਚ ਹੀ ਪਸ਼ੂਆਂ ਨੂੰ ਪੱਠੇ ਕੁਤਰ ਕੇ ਪਾਉਣ ਦਾ ਕੰਮ ਡਾਢਾ ਅਸਾਨ ਹੋ ਗਿਆ। ਗੋਰਾਇਆਂ ਦੇ ਇਨ੍ਹਾਂ ਟੋਕਾ ਮਸ਼ੀਨਾਂ ਦੇ ਕਾਰਖਾਨਿਆਂ ‘ਚ ਕੰਮ ਕਰਨ ਲਈ ਬਿਹਾਰ ਅਤੇ ਯੂ. ਪੀ. ਤੋਂ ਲਾਰਿਆਂ ਦੇ ਲਾਰੇ ਮਜ਼ਦੂਰਾਂ ਦੇ ਰੇਲ ਗੱਡੀਆਂ ਭਰ ਭਰ ਸਾਲਾਂ ਬੱਧੀ ਆਉਂਦੇ ਰਹੇ।
ਗੋਰਾਇਆ ਸਾਡੇ ਪਿੰਡ ਤੋਂ ਤਿੰਨ ਮੀਲ ਦੀ ਦੂਰੀ `ਤੇ ਹੈ। ਗੋਰਾਇਆ ਤੋਂ ਦਸ ਮੀਲ ਦੇ ਵਿਆਸ (ਰੇਡੀਅਸ) ਦੇ ਘੇਰੇ ਦੀ ਦੂਰੀ ਤੋਂ ਕਾਮਿਆਂ ਦੇ ਕਾਫਲੇ ਸਾਈਕਲਾਂ `ਤੇ ਆਉਂਦੇ-ਜਾਂਦੇ ਆਮ ਦੇਖੀਦੇ ਸੀ। ਦਿਨੇ ਰਾਤ ਸਿ਼ਫਟਾਂ ‘ਚ ਕੰਮ ਕਰਦੇ ਮਜ਼ਦੂਰ ਸਾਈਕਲਾਂ `ਤੇ ਚੜ੍ਹੇ ਸਾਈਕਲਾਂ ਦੀਆਂ ਘੰਟੀਆਂ ਵਜਾਉਂਦੇ, ਜਦੋਂ ਰਾਤ ਨੂੰ ਸਾਡੇ ਬਾਹਰ ਵਾਰ ਘਰ ਦੇ ਮੋਹਰਦੀ ਲੰਘਦੇ ਤਾਂ ਮਾਨੋ ਵੱਜਦੀਆਂ ਸਾਈਕਲਾਂ ਦੀਆਂ ਘੰਟੀਆਂ ਦੀ ਟਨ ਟਨ ਦੀ ਆਵਾਜ਼ ਉਨ੍ਹਾਂ ਦੀ ਕੀਤੀ ਹੱਡ ਭੰਨਵੀਂ ਮੁਸ਼ੱਕਤ ਦਾ ਰਾਗ ਅਲਾਪਦੀਆਂ ਕੰਨੀਂ ਪੈਂਦੀਆਂ। ਉਹ ਸਿੱ਼ਦਤ ਨਾਲ ਘਰਾਂ ਨੂੰ ਮੁੜਨ ਦੇ ਆਹਰ ‘ਚ ਹੋਰ ਤੇਜ ਤੇਜ ਸਾਈਕਲ ਚਲਾਉਂਦੇ ਜਾਂਦੇ ਤੇ ਉਨ੍ਹਾਂ ਦੇ ਸਾਈਕਲਾਂ ਦੀ ਪੈਛੜ ਇੱਕ ਖਾਸ ਕਿਸਮ ਦਾ ਪ੍ਰਭਾਵ ਦਰਸਾ, ਤੁਹਾਡੇ ਅੰਦਰ ਨੂੰ ਟੁੰਬਦੀ ਸੀ। ਸਾਡੇ ਪਿੰਡੋਂ ਬੇਰਾਂ ਦੇ ਬਾਗ ਟੱਪਦਿਆਂ ਹੀ, ਰੇਤੇ ਦੇ ਬਹੁਤ ਉੱਚੇ ਉੱਚੇ ਟਿੱਬੇ ਸਨ। ਉੱਥੇ ਸਿਰਫ ਬਰਸਾਤਾਂ ਨੂੰ ਮੂੰਗਫਲੀ, ਗੁਆਰਾ ਤੇ ਚਰ੍ਹੀ ਹੀ ਹੁੰਦੀ ਸੀ। ਚਾਰ-ਚੁਫੇਰੇ ਰੇਤਾ ਹੀ ਰੇਤਾ ਸੀ। ਲਾਗਲੇ ਪਿੰਡਾਂ ਸਮਰਾੜੀ, ਰਾਜਪੁਰਾ ਤੇ ਲੱਲੀਆਂ ਸਭ ਰੇਤੇ ਦੇ ਟਿੱਬਿਆਂ ‘ਚ ਘਿਰੇ ਹੋਏ ਸਨ। ਜਿਉਂ ਹੀ ਗੋਰਾਇਆ ਵਿਚ ਜਰਨੈਲੀ ਸੜਕ ਦੇ ਦੋਹੀਂ ਪਾਸੀਂ ਟੋਕਾ ਮਸ਼ੀਨਾਂ ਦੇ ਕਾਰਖਾਨੇ ਲੱਗਣ ਲੱਗੇ ਤਾਂ ਨੀਵੇਂ ਥਾਂਵਾਂ `ਤੇ ਭਰਤੀ ਪਾਉਣ ਲਈ ਸਾਡੇ ਪਿੰਡ ਦੇ ਟਿੱਬਿਆਂ ਦਾ ਸਾਰਾ ਹੀ ਰੇਤਾ ਟਰੱਕਾਂ ਅਤੇ ਟਰਾਲੀਆਂ ਨਾਲ ਢੋਹ ਢੋਹ ਕੇ ਗੋਰਾਇਆ ਲਿਆ ਸੁੱਟਿਆ। ਹੋਇਆ ਇਹ ਕਿ ਕੁਝ ਸਾਲਾਂ ‘ਚ ਹੀ ਪਿੰਡ ਦੇ ਸਾਰੇ ਟਿੱਬੇ ਪੱਧਰੇ ਹੋ ਗਏ। ਸਾਰੀ ਪੱਧਰੀ ਹੋ ਗਈ ਜ਼ਮੀਨ ‘ਚ ਕਣਕ, ਮੱਕੀ, ਗੰਨਾ ਅਤੇ ਝੋਨੇ ਦੀ ਬਿਜਾਈ ਹੋਣ ਲੱਗੀ।
1950 ਤੋਂ ਲੈ ਕੇ ਤਿੰਨ-ਚਾਰ ਦਹਾਕਿਆਂ ਦਾ ਸਮਾਂ ਗੋਰਾਇਆ ‘ਚ ਟੋਕਾ ਮਸ਼ੀਨਾਂ ਬਣਾਉਣ ਵਾਲੇ ਕਾਰਖਾਨਿਆਂ ਦੇ ਪਸਾਰ ਦਾ ਸਮਾਂ ਸੀ। ਉਪਰੰਤ ਇਹ ਹੌਲੀ-ਹੌਲੀ ਨਿਘਾਰ ਵਲ ਨੂੰ ਜਾਣਾ ਸ਼ੁਰੂ ਹੋ ਗਿਆ, ਜੋ ਅੱਜ ਤੱਕ ਜਾਰੀ ਹੈ। ਇਸ ਦੇ ਕਈ ਕਾਰਨ ਹਨ, ਜਿਨ੍ਹਾਂ ‘ਚੋਂ ਪ੍ਰਮੁੱਖ ਹਨ ਜਿਵੇਂ ਕੋਲੇ ਅਤੇ ਲੋਹੇ ਦੇ ਕੋਟਿਆਂ ਦਾ ਖਤਮ ਕਰ ਦੇਣਾ, ਪੰਜਾਬ ਦੇ ਪਿੰਡਾਂ ਦੇ ਲੋਕਾਂ ਦਾ ਕਾਰਖਾਨਿਆਂ ‘ਚ ਕੰਮ ਕਰਨ ਦੀ ਥਾਂ ਮਿਡਲ ਈਸਟ ਮੁਲਕਾਂ ਨੂੰ ਵਹੀਰਾਂ ਘੱਤ ਨਿਕਲਣਾ, ਬਿਜਲੀ ਦੇ ਕੱਟ, ਡੀਜ਼ਲ ਦਾ ਬਹੁਤ ਮਹਿੰਗਾ ਹੋਈ ਜਾਣਾ, ਮਨਰੇਗਾ ਦੀ ਸਰਕਾਰੀ ਸਕੀਮ ਮੁਤਾਬਕ ਬਿਹਾਰ ਅਤੇ ਯੂ. ਪੀ. ਤੋਂ ਮਜ਼ਦੂਰਾਂ ਦਾ ਪੰਜਾਬ ਆਉਣਾ ਘਟ ਜਾਣਾ, ਪੰਜਾਬ ਅਤੇ ਕੇਂਦਰ ਦੀ ਸਰਕਾਰ ਦਾ ਇਸ ਵਧਦੀ ਫੁਲਦੀ ਇੰਡਸਟਰੀ (ਲਘੂ ਉਦਯੋਗ) ਪ੍ਰਤੀ ਇਕੱਲਾ ਬੇਰੁਖੀ ਵਾਲਾ ਵਤੀਰਾ ਹੀ ਨਹੀਂ, ਸਗੋਂ ਪੈਰ ਦਰ ਪੈਰ ਹਰ ਸੰਭਵ ਅੜਿੱਕੇ ਖੜ੍ਹੇ ਕਰਦੇ ਰਹਿਣਾ; ਅਤੇ ਬੇਤਹਾਸ਼ਾ ਟੈਕਸਾਂ ‘ਚ ਵਾਧਾ ਆਦਿ ਬਹੁਤੇ ਕਾਰਨਾਂ ‘ਚੋਂ ਕੁਝ ਕਾਰਨ ਹਨ। ਇਸੇ ਕਰਕੇ ਗੁਰਾਇਆ ਦਾ ਇਹ ਬਹੁ ਪੱਖੀ ਲਘੂ ਉਦਯੋਗ ਬੰਦ ਹੋਣ ਦੇ ਕਿਨਾਰੇ ਹੈ। ਕੁਝ ਕਾਰਖਾਨੇਦਾਰ ਬਾਹਰਲੇ ਸੂਬਿਆਂ ਨੂੰ ਖਿਸਕ ਗਏ ਤੇ ਉੱਥੇ ਉਦਯੋਗ ਸ਼ੁਰੂ ਕਰ ਲਏ, ਜਿੱਥੇ ਸਰਕਾਰ ਸਹੂਲਤ ਦਿੰਦੀ ਹੈ ਅਤੇ ਲਘੂ ਉਦਯੋਗ ਨੂੰ ਉਤਸ਼ਾਹਤ ਵੀ ਕਰਦੀ ਹੈ। ਕੁਝ ਕਾਰਖਾਨੇ ਦਿਨ-ਬ-ਦਿਨ ਵਾਪਰ ਰਹੀਆਂ ਆਰਥਕ, ਸਿਆਸੀ, ਅਤਿਵਾਦ ਅਤੇ ਹੋਰ ਕਰੋਪੀਆਂ ਨਾ ਸਹਾਰਦੇ ਹੋਏ ਬੰਦ ਹੀ ਹੋ ਗਏ।
ਗੋਰਾਇਆ ਸਿਰਫ ਟੋਕਾ ਮਸ਼ੀਨਾਂ ਬਣਾਉਣ ਦਾ ਹੀ ਗੜ੍ਹ ਨਹੀਂ ਸੀ, ਸਗੋਂ ਇੱਥੋਂ ਦੀਆਂ ਬਣੀਆਂ ਬਾਣ ਵੱਟਣ ਵਾਲੀਆਂ ਮਸੀਨਾਂ, ਬਾਲ ਬੀਅਰਿੰਗ ਅਤੇ ਆਟੋ ਪਾਰਟਸ ਵੀ ਬਣਦੇ ਸਨ। ਇਹ ਇਕੱਲੇ ਭਾਰਤ ‘ਚ ਹੀ ਨਹੀਂ, ਸਗੋਂ ਵਿਦੇਸ਼ਾਂ ਨੂੰ ਵੀ ਬਰਾਮਦ ਕੀਤੇ ਜਾਂਦੇ ਸਨ। ਇਨ੍ਹਾਂ ਕਾਰਖਾਨਿਆਂ ਦਾ ਬਹੁਤਾ ਗੜ੍ਹ ਪਿੰਡ ਅੱਟਾ ਤੋਂ ਲੈ ਕੇ ਪਿੰਡ ਮਾਹਲਾਂ ਦੇ ਰਾਹ ਤੱਕ ਜਰਨੈਲੀ ਸੜਕ ਦੇ ਦੋਹੀਂ ਪਾਸੀਂ ਪਸਰਿਆ ਹੋਇਆ ਹੈ। ਵਿਰਲੇ ਟਾਂਵੇਂ ਰੁੜਕਾ ਕਲਾਂ ਅਤੇ ਧੁਲੇਤਾ ਨੂੰ ਜਾਂਦੀ ਸੜਕ ਦੇ ਦੋਵੇਂ ਪਾਸੇ ਵੀ ਸਥਿਤ ਹਨ। ਮੇਰੀ ਅੱਧੀ ਸਦੀ ਪੁਰਾਣੀ ਯਾਦਦਾਸ਼ਤ ਮੁਤਾਬਕ ਕੁਝ ਪ੍ਰਮੁੱਖ ਕਾਰਖਾਨੇ ਇਹ ਸਨ ਜਿਵੇਂ ‘ਰੱਖਾ ਸਿੰਘ ਐਂਡ ਸਨਜ਼’, ‘ਲੇਖ ਰਾਜ ਐਂਡ ਸਨਜ਼’, ‘ਸਾਧੂ ਸਿੰਘ ਐਂਡ ਸਨਜ਼’, ‘ਅਜੀਤ ਸਿੰਘ ਐਂਡ ਸਨਜ਼’, ‘ਜੀ. ਐਨ. ਏ.’ ਇਤਿਆਦਿ। ਹੁਣ ਕੁਝ ਵਿਰਲੇ ਟਾਂਵੇਂ ਹੀ ਚਲਦੇ ਹਨ, ਪਰ ਵੀਰਾਨ ਪਏ ਖੰਡਰ ਅਤੇ ਢਹਿ ਢੇਰੀ ਹੋਈਆਂ ਇਮਾਰਤਾਂ ਉਨ੍ਹਾਂ ਦੀ ਨਿਸ਼ਾਨੀ ਵਜੋਂ ਦੇਖੀਆਂ ਜਾ ਸਕਦੀਆਂ ਹਨ।
ਟੋਕਾ ਅਤੇ ਹੋਰ ਲਘੂ ਉਦਯੋਗ ਦਾ ਸਰਕਾਰਾਂ ਦੀ ਬੇਰੁਖੀ ਕਾਰਨ ਭਾਵੇਂ ਭੋਗ ਪੈ ਚੁਕਾ ਹੈ, ਪਰ ਇਹ ਪੰਝੀ ਕੁ ਹਜ਼ਾਰ ਦੀ ਆਬਾਦੀ ਵਾਲੇ ਕਸਬੇ ਗੋਰਾਇਆ ‘ਚ ਚਹਿਲ-ਪਹਿਲ ਹਾਲੇ ਵੀ ਦੇਖੀ ਜਾ ਸਕਦੀ ਹੈ; ਖਾਸ ਕਰਕੇ ਸਿਆਲਾਂ ਦੇ ਦਿਨਾਂ ‘ਚ ਅਮਰੀਕਾ, ਕੈਨੇਡਾ, ਇੰਗਲੈਂਡ, ਨਿਊਜ਼ੀਲੈਂਡ, ਅਸਟਰੇਲੀਆ ਸਮੇਤ ਹੋਰ ਯੂਰਪੀਅਨ ਦੇਸ਼ਾਂ ਅਤੇ ਮਿਡਲ ਈਸਟ ਤੋਂ ਪਰਤੇ ਪੰਜਾਬੀ ਪਰਦੇਸੀਆਂ ਨੂੰ ਮਹਿੰਗੀਆਂ ਮੋਟਰਾਂ-ਕਾਰਾਂ ‘ਚ ਘੁੰਮਦਿਆਂ ਤੇ ਖਰੀਦੋ-ਫਰੋਖਤ ਕਰਦਿਆਂ ਆਮ ਦੇਖਿਆ ਜਾ ਸਕਦਾ ਹੈ। ਬੱਸਾਂ ਅਤੇ ਨਿੱਜੀ ਮੋਟਰਾਂ-ਕਾਰਾਂ ਦੀ ਭਰਮਾਰ ਹੋ ਜਾਣ ਕਾਰਨ ਜੀ. ਟੀ. ਰੋਡ `ਤੇ ਆਵਾਜਾਈ ਬਹੁਤ ਵਧ ਗਈ ਹੈ ਤੇ ਲੋਕਾਂ ਦਾ ਰੇਲ ਗੱਡੀਆਂ ਨਾ ਚੜ੍ਹਨ ਦਾ ਦ੍ਰਿਸ਼ ਸੁੰਨ ਸਾਨ ਪਏ ਗੋਰਾਇਆ ਰੇਲਵੇ ਸਟੇਸ਼ਨ ਤੋਂ ਸਹਿਜੇ ਹੀ ਦੇਖਿਆ ਜਾ ਸਕਦਾ ਹੈ, ਜਦ ਕਿ ਕਿਸੇ ਵੇਲੇ ਇਹ ਸਟੇਸ਼ਨ ਰੇਲ ਗੱਡੀਆਂ ਚੜ੍ਹਨ-ਉੱਤਰਨ ਵਾਲੇ ਮੁਸਾਫਿਰਾਂ ਨਾਲ ਭਰਿਆ ਰਹਿੰਦਾ ਸੀ ਅਤੇ ਪਾਸੇ (ਸਾਈਡ ਟਰੈਕ) ਖੜ੍ਹੀਆਂ ਮਾਲ ਗੱਡੀਆਂ ਦੇ ਡੱਬਿਆਂ ‘ਚ ਤਿਆਰ ਟੋਕਾ ਮਸ਼ੀਨਾਂ ਲੱਦ ਹੋ ਬਾਹਰ ਨੂੰ ਭੇਜੀਆਂ ਜਾਇਆ ਕਰਦੀਆਂ ਸਨ। ਅੱਜ ਉਹ ਦ੍ਰਿਸ਼ ਉੱਕਾ ਹੀ ਗਾਇਬ ਹੈ।