ਚੰਡੀਗੜ੍ਹ (ਪੰਜਾਬ ਚਾਈਮਜ਼ ਬਿਊਰੋ): ਪੰਜਾਬ ਵਿਚ ਸਕੂਲੀ ਲਾਇਬਰੇਰੀਆਂ ਲਈ ਕਿਤਾਬਾਂ ਤੇ ਸਾਇੰਸ ਕਿੱਟਾਂ ਦੀ ਖ਼ਰੀਦ ਵਿਚ ਮਾਲੀ ਬੇਨੇਮੀਆਂ ਦੇ ਦੋਸ਼ਾਂ ਦੀ ਜਾਂਚ ਕਰਨ ਵਾਲੀ ਕੇਂਦਰੀ ਟੀਮ ਨੇ ਰਾਜ ਸਰਾਕਰ ਨੂੰ ਇਸ ਮਕਸਦ ਲਈ ਕੇਂਦਰ ਵੱਲੋਂ ਭੇਜੇ ਗਏ ਫੰਡਾਂ ਦੀ ਦੋਸ਼ੀ ਪਾਇਆ ਹੈ। ਇਸ ਬਾਰੇ ਸਰਵ ਸਿੱਖਿਆ ਅਭਿਆਨ (ਐਸਐਸਏ) ਤੇ ਰਾਸ਼ਟਰੀ ਮਾਧਮਿਕ ਸ਼ਿਕਸ਼ਾ ਅਭਿਆਨ (ਰਮਸਾ) ਦੇ ਵਿੱਤੀ ਨੇਮਾਂ ਦੇ ਉਲੰਘਣ ਦੀ ਗੱਲ ਕਹੀ ਗਈ ਹੈ। ਇਸ ਪੁਸਤਕ ਘਪਲੇ ਲਈ ਸਿੱਧੇ ਤੌਰ ‘ਤੇ ਪੰਜਾਬ ਦੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲ ਉਂਗਲ ਕੀਤੀ ਗਈ ਹੈ।
ਕਮੇਟੀ ਮੁਤਾਬਕ ਕੁਲ ਮਿਲਾ ਕੇ 41æ68 ਲੱਖ ਰੁਪਏ ਦੇ ਫੰਡਾਂ ਦੀ ਹੇਰਾਫੇਰੀ ਹੋਈ ਹੈ ਤੇ ਇਸ ਵਿਚੋਂ ਮੈਸਰਜ਼ ਫਰੈਂਡਜ਼ ਐਂਟਰਪ੍ਰਾਈਜ਼ਿਜ ਨਾਮੀਂ ਪੁਸਤਕ ਡੀਲਰ ਨੂੰ 39æ33 ਲੱਖ ਰੁਪਏ ਅਣਅਧਿਕਾਰਤ ਤੌਰ ‘ਤੇ ਦਿੱਤੇ ਗਏ ਹਨ। ਇਸ ਡੀਲਰ ਵੱਲੋਂ ਭੇਜੀਆਂ ਕਿਤਾਬਾਂ ਵਿਦਿਆਰਥੀਆਂ ਦੇ ਉਮਰ ਗੁੱਟ ਮੁਤਾਬਕ ਢੁਕਵੀਆਂ ਨਹੀਂ ਸਨ। ਕਮੇਟੀ ਨੇ 41æ68 ਲੱਖ ਰੁਪਏ ਦੀ ਵਿੱਤੀ ਹੇਰਾਫੇਰੀ ਦਾ ਅੰਦਾਜ਼ਾ ਇਸ ਆਧਾਰ ‘ਤੇ ਲਾਇਆ ਹੈ ਕਿ ਇਹ ਕਿਤਾਬਾਂ ਅਸਲ ਵਿਚ ਸਕੂਲਾਂ ਨੇ ਲਾਇਬਰੇਰੀਆਂ ਲਈ ਤੈਅ ਨੇਮਾਂ ਦਾ ਉਲੰਘਣ ਕਰ ਕੇ ਖਰੀਦੀਆਂ ਸਨ।
ਪੰਜਾਬ ਸਰਵ ਸਿੱਖਿਆ ਅਭਿਆਨ ਨੇ ਜ਼ਿਲ੍ਹਿਆਂ ਨੂੰ ਈ-ਟਰਾਂਸਫਰ ਰਾਹੀਂ ਫੰਡ ਭੇਜ ਕੇ ਹਦਾਇਤ ਦਿੱਤੀ ਸੀ ਕਿ ਕਿਤਾਬਾਂ ਭਾਸ਼ਾ ਵਿਭਾਗ ਜਾਂ ਪੰਜਾਬ ਰਾਜ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਰਾਹੀਂ ਖਰੀਦੀਆਂ ਜਾਣ। ਇਸ ਦੇ ਬਾਵਜੂਦ ਸਕੂਲਾਂ ਨੇ ਕਰੀਬ 40 ਲੱਖ ਰੁਪਏ ਦੀਆਂ ਕਿਤਾਬਾਂ ਪ੍ਰਾਈਵੇਟ ਡੀਲਰ ਫਰੈਂਡਜ਼ ਐਂਟਰਪ੍ਰਾਈਜਿਜ਼ ਤੋਂ ਖਰੀਦੀਆਂ ਤੇ 2æ25 ਲੱਖ ਰੁਪਏ ਭਾਸ਼ਾ ਵਿਭਾਗ ਰਾਹੀਂ ਖਰਚੇ ਗਏ। ਕਮੇਟੀ ਨੇ ਸਾਫ ਕਿਹਾ ਕਿ ਫਰੈਂਡਜ਼ ਐਂਟਰਪ੍ਰਾਈਜਿਜ਼ ਰਾਹੀਂ ਖਰੀਦੀਆਂ ਕਿਤਾਬਾਂ ਦੀ ਸਮੱਗਰੀ ਵਿਦਿਆਰਥੀਆਂ ਲਈ ਢੁਕਵੀਂ ਨਹੀਂ ਸੀ।
ਕੇਂਦਰੀ ਮਨੁੱਖੀ ਵਸੀਲਾ ਵਿਕਾਸ ਮੰਤਰੀ ਐਮæਐਮæ ਪੱਲਮ ਰਾਜੂ ਵੱਲੋਂ ਬੀਤੀ ਛੇ ਜੂਨ ਨੂੰ ਬਣਾਈ ਟੀਮ ਨੇ ਇਸ ਸਿੱਧੇ ਘਪਲੇ ਵਿਚ ਸਿੱਧੇ ਤੌਰ ‘ਤੇ ਸ਼ ਮਲੂਕਾ ਨੂੰ ਜ਼ਿੰਮੇਵਾਰ ਕਰਾਰ ਦਿੱਤਾ ਹੈ। ਕਮੇਟੀ ਨੇ ਕਿਹਾ ਹੈ ਕਿ ਐੈਸਐਸਏ ਤੇ ਰਮਸਾ ਤਹਿਤ ਖਰੀਦ ਗੈਰਕੇਂਦਰੀਕ੍ਰਿਤ ਢੰਗ ਨਾਲ ਕਰਨ ਲਈ ਕਿਹਾ ਗਿਆ ਹੈ ਪਰ ਸ਼ ਮਲੂਕਾ ਨੇ ਇਨ੍ਹਾਂ ਨਿਯਮਾਂ ਦਾ ਉਲੰਘਣ ਕਰਦਿਆਂ ਕੇਂਦਰੀਕ੍ਰਿਤ ਢੰਗ ਨਾਲ ਖਰੀਦ ਕਰਨ ਦੇ ਹੁਕਮ ਦਿੱਤੇ। ਅਠਵੀਂ ਤੋਂ ਦਸਵੀਂ ਤਕ ਜਮਾਤਾਂ ਦੇ ਬੱਚਿਆਂ ਨਾਲ ਸਬੰਧਤ ਰਮਸਾ ਤਹਿਤ ਸਾਇੰਸ ਕਿੱਟਾਂ ਦੀ ਖ਼ਰੀਦ ਸਬੰਧੀ ਵੀ ਚਾਰ ਮੈਂਬਰੀ ਕੇਂਦਰੀ ਟੀਮ ਨੇ ਇਹੋ ਸਿੱਟਾ ਕੱਢਿਆ ਹੈ।
____________________________
ਕੇਂਦਰ ਕਰੇਗਾ ਫੰਡਾਂ ਦੀ ਵਸੂਲੀ
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਸਰਬ ਸਿੱਖਿਆ ਅਭਿਆਨ (ਐਸਐਸਏ) ਤੇ ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ (ਰਮਸਾ) ਤਹਿਤ ਮਿਲੇ ਫੰਡਾਂ ਦੀ ਦੁਰਵਰਤੋਂ ਦੇ ਮਾਮਲੇ ਵਿਚ ਪੰਜਾਬ ਸਰਕਾਰ ਵੱਲੋਂ ਜੇ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਜਾਂਦਾ ਤਾਂ ਕੇਂਦਰ ਵੱਲੋਂ ਫੰਡਾਂ ਦੀ ਰਿਕਵਰੀ ਕੀਤੀ ਜਾਵੇਗੀ। ਇਹ ਫੰਡ ਸਕੂਲੀ ਲਾਇਬਰੇਰੀਆਂ ਲਈ ਕਿਤਾਬਾਂ ਤੇ ਸਾਇੰਸ ਕਿੱਟਾਂ ਖਰੀਦਣ ਲਈ ਦਿੱਤੇ ਗਏ ਸਨ ਜਿਨ੍ਹਾਂ ਵਿਚ ਕੇਂਦਰੀ ਜਾਂਚ ਟੀਮ ਨੇ ਘਪਲੇਬਾਜ਼ੀ ਦਾ ਦੋਸ਼ ਲਾਇਆ ਹੈ। ਕੇਂਦਰੀ ਮਨੁੱਖੀ ਵਸੀਲਾ ਵਿਕਾਸ ਮੰਤਰਾਲੇ ਦਾ ਕਹਿਣਾ ਹੈ ਕਿ ਫੰਡਾਂ ਦੀ ਹੋਈ ਦੁਰਵਰਤੋਂ ਦੀ ਰਿਕਵਰੀ ਨੂੰ ਤਰਜੀਹ ਦਿੱਤੀ ਜਾਵੇਗੀ। ਫੰਡਾਂ ਨੂੰ ਰੋਕਣ ਦਾ ਵੀ ਇਕ ਵਿਕਲਪ ਹੈ ਪਰ ਇਸ ਨਾਲ ਕਿਸੇ ਦਾ ਫਾਇਦਾ ਨਹੀਂ ਹੋਵੇਗਾ। ਫੰਡਾਂ ਦੀ ਸੀਮਾ ਮਿਥਣ ਨਾਲ ਵੀ ਬੱਚਿਆਂ ਦਾ ਨੁਕਸਾਨ ਹੋਵੇਗਾ। ਇਸ ਤਰ੍ਹਾਂ ਗ਼ਲਤ ਢੰਗ ਨਾਲ ਖ਼ਰਚੇ ਗਏ ਪੈਸੇ ਦੀ ਮੁੜ ਵਸੂਲੀ ਹੀ ਸਹੀ ਵਿਕਲਪ ਹੈ।
____________________________
ਕਾਂਗਰਸੀ ਮਲੂਕਾ ਦੀ ਬਰਖ਼ਾਸਤਗੀ ਲਈ ਡਟੇ
ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਤੁਰੰਤ ਬਰਖ਼ਾਸਤਗੀ ਦੀ ਮੰਗ ਕੀਤੀ ਹੈ। ਕਮੇਟੀ ਨੇ ਸਿੱਖਿਆ ਮੰਤਰੀ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਫੌਜਦਾਰੀ ਕੇਸ ਦਰਜ ਕਰਨ ਦੀ ਵੀ ਮੰਗ ਕੀਤੀ ਹੈ। ਕਾਂਗਰਸ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਕੇਂਦਰੀ ਮਨੁੱਖੀ ਸਰੋਤ ਮੰਤਰਾਲੇ ਵੱਲੋਂ ਗਠਿਤ ਟੀਮ ਨੇ ਸਿੱਖਿਆ ਵਿਭਾਗ ਵਿਚ ਵਾਪਰੇ ਪੁਸਤਕ ਘੁਟਾਲੇ ਸਬੰਧੀ ਪੇਸ਼ ਰਿਪੋਰਟ ਵਿਚ ਸ਼ ਮਲੂਕਾ ਨੂੰ ਦੋਸ਼ੀ ਠਹਿਰਾਇਆ ਹੈ। ਇਸ ਨਾਲ ਸ਼ ਮਲੂਕਾ ਦੀ 41 ਲੱਖ ਤੋਂ ਵੱਧ ਦੇ ਵਿੱਤੀ ਘਪਲੇ ਵਿਚ ਸ਼ਮੂਲੀਅਤ ਸਿੱਧ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰੀ ਟੀਮ ਦੀ ਰਿਪੋਰਟ ਤੋਂ ਬਾਅਦ ਜਸਟਿਸ ਏਐਨ ਜਿੰਦਲ ਕਮਿਸ਼ਨ ਬੇਅਰਥ ਹੋ ਕੇ ਰਹਿ ਗਿਆ ਹੈ।
_______________
ਪੰਜਾਬ ਸਰਕਾਰ ਨੇ ਪੰਨੂ ਨੂੰ ਅਹੁਦੇ ਤੋਂ ਲਾਹਿਆ
ਚੰਡੀਗੜ੍ਹ: ਪੰਜਾਬ ਸਰਕਾਰ ਨੇ ਆਈæਏæਐਸ਼ ਅਫਸਰ ਕਾਹਨ ਸਿੰਘ ਪੰਨੂ ਦਾ ਡਾਇਰੈਕਟਰ ਜਨਰਲ ਸਕੂਲ ਸਿੱਖਿਆ (ਡੀਜੀਐਸਈ) ਤੋਂ ਤਬਾਦਲਾ ਕਰ ਦਿੱਤਾ ਹੈ। ਉਨ੍ਹਾਂ ਨੂੰ ਖੇਤੀਬਾੜੀ ਵਿਭਾਗ ਵਿੱਚ ਸਕੱਤਰ ਦੇ ਅਹੁਦੇ ‘ਤੇ ਲਗਾਇਆ ਗਿਆ ਹੈ। ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨਾਲ ਵਿਵਾਦ ਹੋਣ ਕਾਰਨ ਇਹ ਅਫਸਰ ਪਿਛਲੇ ਕਈ ਮਹੀਨਿਆਂ ਤੋਂ ਸੁਰਖੀਆਂ ਵਿਚ ਸੀ। ਉਹ ਦੋ ਹਫ਼ਤਿਆਂ ਤੋਂ ਛੁੱਟੀ ‘ਤੇ ਸਨ।
Leave a Reply