ਭਾਜਪਾ ਨੇ ਨਰਿੰਦਰ ਮੋਦੀ ਨੂੰ ਸਿੱਖ ਹਿਤੈਸ਼ੀ ਸਾਬਤ ਕਰਨ ਲਈ ਲਾਇਆ ਟਿੱਲ

ਲੁਧਿਆਣਾ: ਤਿੰਨ ਖੇਤੀ ਕਾਨੂੰਨਾਂ ਕਾਰਨ ਸੂਬੇ ਵਿਚ ਵਿਰੋਧ ਝੱਲ ਰਹੀ ਭਾਰਤੀ ਜਨਤਾ ਪਾਰਟੀ ਦੇ ਆਗੂ ਹੁਣ ਕੇਂਦਰ ਸਰਕਾਰ ਵੱਲੋਂ ਛਾਪੀ ‘ਪ੍ਰਧਾਨ ਮੰਤਰੀ ਮੋਦੀ ਤੇ ਉਨ੍ਹਾਂ ਦੀ ਸਰਕਾਰ ਦਾ ਸਿੱਖਾਂ ਨਾਲ ਖਾਸ ਰਿਸ਼ਤਾ` ਕਿਤਾਬ ਗਲੀ-ਗਲੀ ਵੰਡ ਕੇ ਭਾਜਪਾ ਨੂੰ ਸਿੱਖਾਂ ਦੀ ਹਿਤੈਸ਼ੀ ਪਾਰਟੀ ਸਾਬਤ ਕਰਨ ਵਿਚ ਲੱਗੇ ਹੋਏ ਹਨ।

ਭਾਜਪਾ ਆਗੂ ਇਹ ਕਿਤਾਬ ਸਵੇਰੇ ਸ਼ਾਮ ਲੋਕਾਂ ਨਾਲ ਮੀਟਿੰਗਾਂ ਵਿਚ ਵੰਡ ਰਹੇ ਹਨ ਤੇ ਪੂਰਾ ਪ੍ਰਚਾਰ ਕਰ ਰਹੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਿੱਖਾਂ ਨਾਲ ਖਾਸ ਰਿਸ਼ਤਾ ਹੈ ਤੇ ਉਨ੍ਹਾਂ ਨੇ ਸਿੱਖ ਕੌਮ ਲਈ ਕਈ ਇਤਿਹਾਸਕ ਕੰਮ ਕੀਤੇ ਹਨ। ਇਸ ਕਿਤਾਬ, ਜਿਸ ਦੇ 61 ਪੰਨੇ ਹਨ, ਵਿਚ 19 ਅਜਿਹੇ ਕੰਮਾਂ ਦਾ ਜ਼ਿਕਰ ਹੈ, ਜਿਨ੍ਹਾਂ ਬਾਰੇ ਭਾਜਪਾ ਕਹਿ ਰਹੀ ਹੈ ਕਿ ਸਿੱਖਾਂ ਦੇ ਇਤਿਹਾਸਕ ਕੰਮ ਭਾਜਪਾ ਸਰਕਾਰ ਨੇ ਕੀਤੇ ਹਨ। ਦੂਜੇ ਪਾਸੇ ਵਿਧਾਨ ਸਭਾ ਚੋਣਾਂ ਨੇੜੇ ਹਨ ਤੇ ਸਿਆਸੀ ਪੰਡਿਤਾਂ ਮੁਤਾਬਕ ਭਾਜਪਾ ਇਸ ਕਿਤਾਬ ਜਰੀਏ ਹੀ ਪੰਜਾਬ ਵਿਚ ਆਪਣੀ ਸਿਆਸੀ ਜ਼ਮੀਨ ਤਿਆਰ ਕਰਨ ਵਿਚ ਲੱਗੀ ਹੈ।
ਕੇਂਦਰ ਸਰਕਾਰ ਵੱਲੋਂ ਛਾਪੀ ਗਈ ਕਿਤਾਬ ਵਿਚ ਸਭ ਤੋਂ ਪਹਿਲਾ ਵਿਸ਼ਾ ਲਿਖਿਆ ਗਿਆ ਹੈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲਈ ਐਫ.ਸੀ.ਆਰ.ਏ. ਰਜਿਸਟ੍ਰੇਸ਼ਨ, ਲੰਗਰ ਤੋਂ ਜੀ.ਐਸ.ਟੀ. ਹਟਾਇਆ ਗਿਆ, ਸ੍ਰੀ ਕਰਤਾਰਪੁਰ ਸਾਹਿਬ ਵਿਚ ਕੌਰੀਡੋਰ ਬਣਾਇਆ ਗਿਆ, ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ। ਇਸ ਤੋਂ ਇਲਾਵਾ ਭਾਜਪਾ ਦਾ ਦਾਅਵਾ ਹੈ ਕਿ ਉਨ੍ਹਾਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕੀਤਾ। ਦੁਨੀਆਂ ਭਰ ਵਿਚ 550ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ, ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਮੌਕੇ ਅਤੇ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਦੇਸ਼ ਪੱਧਰੀ ਸਮਾਗਮ ਕੀਤੇ, ਬਲੈਕ ਲਿਸਟ ‘ਚੋਂ ਨਾਂ ਹਟਾਏ ਗਏ, ਤਿੰਨ ਦਹਾਕਿਆਂ ਮਗਰੋਂ 1984 ਸਿੱਖ ਕਤਲੇਆਮ ਦੀ ਜਾਂਚ ਸਿੱਟ ਕਾਇਮ ਕੀਤੀ ਗਈ, 300 ਮਾਮਲੇ ਅਗਲੇਰੀ ਜਾਂਚ ਲਈ ਮੁੜ ਖੋਲ੍ਹੇ ਤੇ ਉਨ੍ਹਾਂ ਵਿਚੋਂ ਬਹੁਤਿਆਂ ਵਿਰੁੱਧ ਦੋਸ਼ ਪੱਤਰ ਦਾਇਰ ਕੀਤੇ ਗਏ। ਸਿੱਖ ਵਿਰਾਸਤ ਦਾ ਮਾਣ ਵਧਾਇਆ ਗਿਆ, ਜਿਸ ਤਹਿਤ ਬਾਹਰਲੇ ਮੁਲਕਾਂ ਵਿਚ ਕੇਸ ਤੇ ਦਾੜ੍ਹੀ ਰੱਖਣਾ ਸਿੱਖਾਂ ਲਈ ਧਾਰਮਿਕ ਰਹਿਤ ਮਰਿਆਦਾ ਹੈ, ਬਾਰੇ ਲਿਖਿਆ ਤੇ ਕੁਝ ਖਾਸ ਦੇਸ਼ਾਂ ਵਿਚ ਅਜਿਹੀ ਛੋਟ ਦਿਵਾਉਣ ਵਿਚ ਮਦਦ ਕੀਤੀ, ਜਿਥੇ ਕੇਸ ਤੇ ਦਾੜ੍ਹੀ ਵਧਾ ਕੇ ਨੌਕਰੀ ਕਰਨ ਦੀ ਇਜਾਜ਼ਤ ਨਹੀਂ ਹੈ। ਇਸ ਤੋਂ ਇਲਾਵਾ ਜਲ੍ਹਿਆਂਵਾਲਾ ਬਾਗ ਯਾਦਗਾਰ ਬਣਾਈ, ਮੁਸ਼ਕਲ ਸਮੇਂ ਵਿਚ ਮਦਦ ਦਾ ਹੱਥ, ਪਾਕਿਸਤਾਨ ਦੇ ਸਿੱਖਾਂ ਦੇ ਨਾਲ ਇਕਜੁਟਤਾ ਕੀਤੀ ਗਈ, ਜੰਮੂ ਕਸ਼ਮੀਰ ਵਿਚ ਸਿੱਖਾਂ ਦੇ ਅਧਿਕਾਰ ਯਕੀਨੀ ਬਣਾਏ ਗਏ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਚੋਣਾਂ ਬਾਰੇ ਸੁਧਾਰ ਕਰਵਾਏ, ਵਿਦੇਸ਼ਾਂ ਵਿਚੋਂ ਪੰਜਾਬ ਨਾਲ ਕੁਨੈਕਟੀਵਿਟੀ ਤੇ ਕੁਨੈਕਸ਼ਨ, ਅੰਮ੍ਰਿਤਸਰ ਤੋਂ ਲੰਦਨ ਤੇ ਅੰਮ੍ਰਿਤਸਰ ਤੋਂ ਦਿੱਲੀ ਤੋਂ ਬਰਮਿੰਘਮ ਦੇ ਲਈ ਏਅਰ ਇੰਡੀਆ ਦੀਆਂ ਸਿੱਧੀਆਂ ਉਡਾਣਾਂ ਸ਼ੁਰੂ ਕੀਤੀਆਂ, ਸਿੱਖ ਨੌਜਵਾਨਾਂ ਨੂੰ ਸਮਰੱਥ ਬਣਾਉਣ ਲਈ ਰੁਜ਼ਗਾਰ ਦੇਣ ਆਦਿ ਦੇ ਕਈ ਕੰਮ ਕੀਤੇ।
ਲੁਧਿਆਣਾ ਦੇ ਕਿਦਵਈ ਨਗਰ ਇਲਾਕੇ ਵਿਚ ਕੇਂਦਰ ਸਰਕਾਰ ਵੱਲੋਂ ਭੇਜੀ ਗਈ ਕਿਤਾਬ ਨੂੰ ਵੰਡੇ ਰਹੇ ਭਾਜਪਾ ਦੇ ਸੂਬਾ ਉਪ ਪ੍ਰਧਾਨ ਪ੍ਰਵੀਨ ਬਾਂਸਲ ਨੇ ਦੱਸਿਆ ਕਿ ਇਹ ਕਿਤਾਬ ਕਾਫੀ ਸਮਾਂ ਪਹਿਲਾਂ ਛਾਪੀ ਗਈ ਸੀ, ਉਹ ਹੁਣ ਇਸ ਕਿਤਾਬ ਨੂੰ ਘਰ-ਘਰ ਵੰਡ ਰਹੇ ਹਨ ਤਾਂ ਕਿ ਲੋਕਾਂ ਨੂੰ ਦੱਸਿਆ ਜਾ ਸਕੇ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਹੁਣ ਤੱਕ ਸਿੱਖ ਕੌਮ ਲਈ ਕੀ-ਕੀ ਕੀਤਾ ਹੈ।