ਕਾਂਗਰਸੀ ਵਿਧਾਇਕ ਦਾ ਭਾਣਜਾ ਕਰੋੜਾਂ ਦੀ ਕਣਕ ਖੁਰਦ-ਬੁਰਦ ਕਰਕੇ ‘ਗਾਇਬ`

ਚੰਡੀਗੜ੍ਹ: ਖੁਰਾਕ ਤੇ ਸਪਲਾਈ ਵਿਭਾਗ ਦੇ ਸਿਆਸੀ ਰਸੂਖ ਵਾਲੇ ਫੂਡ ਇੰਸਪੈਕਟਰ ਵੱਲੋਂ ਕਰੋੜਾਂ ਰੁਪਏ ਦਾ ਖੁਰਾਕ ਸਕੈਂਡਲ ਸਾਹਮਣੇ ਆਇਆ ਹੈ। ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਕੇਂਦਰ ਦੇ ਫੂਡ ਇੰਸਪੈਕਟਰ ਜਸਦੇਵ ਸਿੰਘ ਵੱਲੋਂ ਤਕਰੀਬਨ 16 ਕਰੋੜ ਦੀ ਕਣਕ ਖੁਰਦ ਬੁਰਦ ਕੀਤੀ ਗਈ ਹੈ, ਜਿਸ ਸਬੰਧੀ ਮਹਿਕਮੇ ਨੂੰ ਹੱਥਾਂ-ਪੈਰਾਂ ਦੀ ਪਈ ਹੈ। ਇਹ ਖੁਰਾਕ ਇੰਸਪੈਕਟਰ ਹਲਕਾ ਘਨੌਰ ਤੋਂ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਦਾ ਭਾਣਜਾ ਹੈ।

ਪੰਜਾਬ ਪੁਲਿਸ ਨੇ ‘ਖੁਰਾਕ ਸਕੈਂਡਲ` ਦੇ ਸਬੰਧ `ਚ ਸਿਆਸੀ ਰਸੂਖ ਵਾਲੇ ਫੂਡ ਇੰਸਪੈਕਟਰ ਜਸਦੇਵ ਸਿੰਘ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ। ਜੰਡਿਆਲਾ ਪੁਲਿਸ ਨੇ ਫੂਡ ਇੰਸਪੈਕਟਰ ਖ਼ਿਲਾਫ਼ ਧਾਰਾ 409, 420, 120 ਤਹਿਤ ਐਫ.ਆਈ.ਆਰ. (ਨੰਬਰ 239) ਦਰਜ ਕਰ ਲਈ ਹੈ। ਵੇਰਵਿਆਂ ਅਨੁਸਾਰ ਜੰਡਿਆਲਾ ਗੁਰੂ ਕੇਂਦਰ ਵਿਚ ਕਰੀਬ ਅੱਠ ਗੁਦਾਮਾਂ ਦੇ ਭੰਡਾਰਨ ਦੀ ਦੇਖ-ਰੇਖ ਫੂਡ ਇੰਸਪੈਕਟਰ ਜਸਦੇਵ ਸਿੰਘ ਹਵਾਲੇ ਸੀ। ਕੁਝ ਦਿਨਾਂ ਤੋਂ ਇੰਸਪੈਕਟਰ ਜਸਦੇਵ ਡਿਊਟੀ ਤੋਂ ਗੈਰਹਾਜ਼ਰ ਚੱਲ ਰਿਹਾ ਸੀ। ਮਹਿਕਮੇ ਨੂੰ ਜਦੋਂ ਉਸ ਦੇ ਘਰ ਤਾਲਾ ਲੱਗਾ ਮਿਲਿਆ ਤਾਂ ਸ਼ੱਕ ਵਧ ਗਿਆ। ਇਹ ਖੁਰਾਕ ਇੰਸਪੈਕਟਰ ਫਰਾਰ ਹੋ ਗਿਆ ਹੈ।
ਜਿਲ੍ਹਾ ਖੁਰਾਕ ਤੇ ਸਪਲਾਈਜ ਕੰਟਰੋਲਰ ਅੰਮ੍ਰਿਤਸਰ ਨੇ ਫੌਰੀ ਮਹਿਕਮੇ ਦੇ ਮੁੱਖ ਦਫਤਰ ਨੂੰ ਪੱਤਰ ਲਿਖਿਆ ਕਿ ਫੂਡ ਇੰਸਪੈਕਟਰ ਜਸਦੇਵ ਸਿੰਘ ਡਿਊਟੀ ਤੋਂ ਗੈਰਹਾਜ਼ਰ ਹੈ ਅਤੇ ਗੁਦਾਮਾਂ ‘ਚੋਂ ਕਣਕ ਗਾਇਬ ਹੋਣ ਦਾ ਸ਼ੱਕ ਜ਼ਾਹਿਰ ਕੀਤਾ ਗਿਆ। ਉਸ ਮਗਰੋਂ ਖੁਰਾਕ ਤੇ ਸਪਲਾਈ ਮੰਤਰੀ ਪੰਜਾਬ ਨੇ ਇਸ ਮਾਮਲੇ ਦੀ ਪੜਤਾਲ ਦੇ ਹੁਕਮ ਦੇ ਦਿੱਤੇ। ਮਹਿਕਮੇ ਦੀ ਅੰਦਰੂਨੀ ਵਿਜੀਲੈਂਸ ਕਮੇਟੀ ਦੇ ਮੁਖੀ ਰਾਕੇਸ਼ ਸਿੰਗਲਾ ਦੀ ਅਗਵਾਈ ਵਿਚ ਅੱਠ ਟੀਮਾਂ ਦਾ ਗਠਨ ਕੀਤਾ ਗਿਆ। ਵੇਰਵਿਆਂ ਅਨੁਸਾਰ ਇਸ ਟੀਮ ਵੱਲੋਂ ਜੰਡਿਆਲਾ ਗੁਰੂ ਦੇ ਅੱਠ ਗੁਦਾਮਾਂ ਦੀ ਜਾਂਚ ਕੀਤੀ ਗਈ ਹੈ, ਜਿਨ੍ਹਾਂ ਵਿਚੋਂ ਕਰੀਬ 75 ਹਜ਼ਾਰ ਕੁਇੰਟਲ ਕਣਕ ਘੱਟ ਮਿਲੀ ਹੈ। ਖੁਰਦ ਬੁਰਦ ਹੋਈ ਕਣਕ ਵਿਚ ਗਰੀਬ ਲੋਕਾਂ ਲਈ ਰਾਖਵੀਂ ਪਈ ਕਣਕ ਵੀ ਸ਼ਾਮਲ ਹੈ। ਸੂਤਰਾਂ ਅਨੁਸਾਰ, ਅਜੇਪਾਲ ਢਿੱਲੋਂ ਗੁਦਾਮ ‘ਚ 2700 ਗੱਟੇ, ਜਸਵੰਤ ਸਿੰਘ ਕੋਚਰ ਗੁਦਾਮ ‘ਚ 13 ਹਜ਼ਾਰ ਗੱਟੇ, ਸੰਜੇ ਪਲੰਥ ‘ਤੇ 1900 ਗੱਟੇ, ਇੰਡੋ ਜਰਮਨ ਪਲੰਥ ‘ਤੇ 10 ਹਜ਼ਾਰ ਗੱਟੇ, ਰਾਜਪਾਲ ਓਪਨ ਪਲੰਥ ‘ਚ 77 ਹਜ਼ਾਰ, ਕ੍ਰਿਸ਼ਨਾ ਪਲੰਥ ‘ਤੇ 37 ਹਜ਼ਾਰ ਗੱਟੇ, ਧਾਨੀ ‘ਤੇ 12 ਹਜ਼ਾਰ ਤੇ ਪੇਪਰ ਮਿੱਲ ‘ਤੇ 38 ਹਜ਼ਾਰ ਗੱਟਿਆਂ ਤੋਂ ਇਲਾਵਾ ਰਾਜਪਾਲ ਓਪਨ ਪਲੰਥ ‘ਤੇ ਗਰੀਬਾਂ ਵਾਲੀ ਕਣਕ ਦੇ 19 ਹਜ਼ਾਰ ਗੱਟੇ ਗਾਇਬ ਹਨ। ਇਸ ਕਣਕ ਦੀ ਕੀਮਤ ਬਿਨਾਂ ਸਰਕਾਰੀ ਖ਼ਰਚਿਆਂ ਤੋਂ ਕਰੀਬ 16.18 ਕਰੋੜ ਰੁਪਏ ਬਣਦੀ ਹੈ। ਖੁਰਾਕ ਤੇ ਸਪਲਾਈ ਵਿਭਾਗ ਦੀ ਅੰਦਰੂਨੀ ਵਿਜੀਲੈਂਸ ਦੇ ਮੁਖੀ ਡਾ. ਰਾਕੇਸ਼ ਸਿੰਗਲਾ ਨੇ ਕਿਹਾ ਕਿ ਅੱਠ ਟੀਮਾਂ ਨੇ ਜਾਂਚ ਕੀਤੀ ਹੈ ਅਤੇ ਮੁਢਲੀ ਪੜਤਾਲ ਵਿਚ ਕਰੀਬ 15-16 ਕਰੋੜ ਦੀ ਕਣਕ ਖੁਰਦ ਬੁਰਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਤਾ ਲੱਗਾ ਹੈ ਕਿ ਮਹਿਕਮੇ ਨੂੰ ਹੁਣ ਜਸਦੇਵ ਸਿੰਘ ਨੇ ਈਮੇਲ ਭੇਜੀ ਹੈ ਕਿ ਉਹ ਬਾਹਰ ਘੁੰਮਣ ਗਿਆ ਸੀ ਅਤੇ ਹਵਾਈ ਅੱਡੇ ਤੋਂ ਉਨ੍ਹਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ। ਜਸਦੇਵ ਸਿੰਘ ਨੇ ਲਿਖਿਆ ਹੈ ਕਿ ਉਸ ਦੀ ਗੈਰਹਾਜ਼ਰੀ ਵਿਚ ਕੋਈ ਚੈਕਿੰਗ ਨਾ ਕੀਤੀ ਜਾਵੇ। ਸੂਤਰ ਦਾ ਕਹਿਣਾ ਹੈ ਕਿ ਇਸ ਇੰਸਪੈਕਟਰ ਦੀ ਮਹਿਕਮੇ ਵਿਚ ਤੂਤੀ ਬੋਲਦੀ ਰਹੀ ਹੈ, ਜੋ ਆਪਣੇ ਵਿਧਾਇਕ ਮਾਮੇ ਦਾ ਫਾਇਦਾ ਚੁੱਕਦਾ ਰਿਹਾ ਹੈ।
ਵਿਧਾਇਕ ਜਲਾਲਪੁਰ ਨੇ ਕਿਹਾ ਕਿ ਖੁਰਾਕ ਇੰਸਪੈਕਟਰ ਜਸਦੇਵ ਸਿੰਘ ਉਨ੍ਹਾਂ ਦਾ ਸਕਾ ਭਾਣਜਾ ਹੈ। ਉਹ ਕਾਫੀ ਲੰਬੇ ਸਮੇਂ ਤੋਂ ਬਿਮਾਰ ਰਹਿਣ ਕਾਰਨ ਮਾਨਸਿਕ ਤੌਰ ‘ਤੇ ਠੀਕ ਨਹੀਂ ਹਨ। ਇਸ ਲਈ ਕੋਈ ਗਲਤੀ ਹੋਈ ਹੋਵੇਗੀ। ਵਿਧਾਇਕ ਨੇ ਕਿਹਾ ਕਿ ਇਸ ਮਾਮਲੇ ਨਾਲ ਉਨ੍ਹਾਂ ਦਾ ਕੋਈ ਤੁਆਲਕ ਨਹੀਂ ਹੈ। ਉਨ੍ਹਾਂ ਨੇ ਕਦੇ ਆਪਣੇ ਭਾਣਜੇ ਦੀ ਸਿਫਾਰਸ਼ ਨਹੀਂ ਕੀਤੀ।
_______________________________________________
ਮਾਮੇ-ਭਾਣਜੇ ਦੀ ਸੀ.ਬੀ.ਆਈ. ਜਾਂਚ ਹੋਵੇ: ਚੀਮਾ
ਪਟਿਆਲਾ: ਆਮ ਆਦਮੀ ਪਾਰਟੀ ਨੇ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਮੰਗ ਕੀਤੀ ਕਿ ਉਸ ਦੇ ਭਾਣਜੇ ਜਸਦੇਵ ਸਿੰਘ ਵੱਲੋਂ 16 ਕਰੋੜ ਤੋਂ ਵੱਧ ਦੀ ਕੀਤੀ ਠੱਗੀ ਦੇ ਮਾਮਲੇ ਵਿਚ ਜਲਾਲਪੁਰ ਦੇ ਸਬੰਧਾਂ ਦੀ ਸੀ.ਬੀ.ਆਈ. ਜਾਂਚ ਹੋਣੀ ਚਾਹੀਦੀ ਹੈ। ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕਿਹਾ ਕਿ ਜੰਡਿਆਲਾ ਗੁਰੂ ਵਿਚ ਫੂਡ ਇੰਸਪੈਕਟਰ ਵਜੋਂ ਤਾਇਨਾਤ ਕਾਂਗਰਸੀ ਵਿਧਾਇਕ ਦਾ ਭਾਣਜਾ ਜਸਦੇਵ ਸਿੰਘ ਉਥੋਂ ਕਣਕ ਦੇ ਗੋਦਾਮ ਖਾਲੀ ਕਰਕੇ ਅਤੇ ਸਾਰਾ ਸਰਕਾਰੀ ਰਿਕਾਰਡ ਲੈ ਕੇ ਭੱਜ ਗਿਆ। ਹੁਣ ਜਸਦੇਵ ਸਿੰਘ ਆਪਣੇ ਅਧਿਕਾਰੀਆਂ ਨੂੰ ਈ-ਮੇਲ ਕਰਕੇ ਦੱਸ ਰਿਹਾ ਹੈ ਕਿ ਉਹ ਵਿਦੇਸ਼ ਹੈ ਅਤੇ ਖੁਦ ਨੂੰ ਇਕਾਂਤਵਾਸ ਕੀਤਾ ਹੋਇਆ ਹੈ।
___________________________________________
ਮੁਲਜ਼ਮਾਂ ਖਿਲਾਫ ਕਾਰਵਾਈ ਹੋਵੇ: ਢੀਂਡਸਾ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ, ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਸਰਪ੍ਰਸਤੀ ਹਾਸਲ ਕਾਂਗਰਸ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਭਾਣਜੇ ਤੇ ਖੁਰਾਕ ਤੇ ਸਪਲਾਈ ਵਿਭਾਗ ਦੇ ਫੂਡ ਇੰਸਪੈਕਟਰ ਜਸਦੇਵ ਸਿੰਘ ‘ਤੇ 16 ਕਰੋੜ ਰੁਪਏ ਦੀ ਕਣਕ ਖੁਰਦ-ਬੁਰਦ ਕਰਨ ਦੇ ਲੱਗੇ ਦੋਸ਼ਾਂ ਤਹਿਤ ਕੈਪਟਨ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਘਪਲੇ ਦੀ ਨਿਰਪੱਖ ਜਾਂਚ ਅਤੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
_________________________________________
ਕੋਈ ਬਖਸ਼ਿਆ ਨਹੀਂ ਜਾਵੇਗਾ: ਭਾਰਤ ਭੂਸ਼ਨ ਆਸ਼ੂ
ਚੰਡੀਗੜ੍ਹ: ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਕਿਹਾ ਕਿ ਪੁਲਿਸ ਕੇਸ ਦਰਜ ਕਰਾਉਣ ਮਗਰੋਂ ਹੁਣ ਫੂਡ ਇੰਸਪੈਕਟਰ ਦੀ ਮੁਅੱਤਲੀ ਸਬੰਧੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹੇ ਅਧਿਕਾਰੀਆਂ ਦੀ ਭੂਮਿਕਾ ਵੀ ਵੇਖੀ ਜਾਵੇਗੀ, ਜਿਨ੍ਹਾਂ ਦੀ ਡਿਊਟੀ ਬਣਦੀ ਸੀ ਕਿ ਉਹ ਸਮੇਂ-ਸਮੇਂ ‘ਤੇ ਚੈਕਿੰਗ ਕਰਦੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।