ਪੈਨਸ਼ਨ ਵਾਧੇ ਨੂੰ ਸਿਆਸੀ ਨਜ਼ਰਾਨੇ ਦਾ ਰੰਗ ਦੇਣ ‘ਚ ਜੁਟੀ ਕੈਪਟਨ ਸਰਕਾਰ

ਚੰਡੀਗੜ੍ਹ: ਕੈਪਟਨ ਸਰਕਾਰ ਪੈਨਸ਼ਨ ਵਾਧੇ ਨੂੰ ਸਿਆਸੀ ਨਜ਼ਰਾਨੇ ਦਾ ਰੰਗ ਦੇਣ ‘ਚ ਜੁਟ ਗਈ ਹੈ। ਕੈਪਟਨ ਸਰਕਾਰ ਹੁਣ ਬੁਢਾਪਾ ਪੈਨਸ਼ਨ ਦੇ ਚੈੱਕ ਵੰਡੇਗੀ। ਪਹਿਲਾਂ ਬੁਢਾਪਾ ਪੈਨਸ਼ਨ ਦੀ ਰਾਸ਼ੀ ਬਜ਼ੁਰਗਾਂ ਦੇ ਬੈਂਕ ਖਾਤੇ ‘ਚ ਸਿੱਧੀ ਪੈਂਦੀ ਸੀ। ਪਹਿਲੀ ਜੁਲਾਈ ਤੋਂ 1500 ਰੁਪਏ ਪ੍ਰਤੀ ਲਾਭਪਾਤਰੀ ਪੈਨਸ਼ਨ ਦਿੱਤੀ ਜਾਣੀ ਹੈ।

ਬੁਢਾਪਾ ਪੈਨਸ਼ਨ ਦੀ ਪ੍ਰਕਿਰਿਆ ਹੁਣ ਅੱਧ ਵਿਚਾਲੇ ਰੁਕ ਗਈ ਹੈ ਕਿਉਂਕਿ ਸਰਕਾਰ ਸੋਚ ਰਹੀ ਹੈ ਕਿ ਵਧੀ ਹੋਈ ਪੈਨਸ਼ਨ ਬੈਂਕ ਖਾਤਿਆਂ ਵਿਚ ਪਾਉਣ ਦੀ ਥਾਂ ਚੈੱਕਾਂ ਜਰੀਏ ਦਿੱਤੀ ਜਾਵੇ। ਆਖਰੀ ਫੈਸਲਾ ਮੁੱਖ ਮੰਤਰੀ ਪੱਧਰ ‘ਤੇ ਹੋਣਾ ਹੈ ਜਿਸ ਕਰਕੇ ਬਜ਼ੁਰਗਾਂ ਦੀ ਉਡੀਕ ਹੋਰ ਲੰਮੀ ਹੋ ਗਈ ਹੈ।
ਸੂਤਰਾਂ ਅਨੁਸਾਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਤਰਫੋਂ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰਾਂ ਨੂੰ ਮੋਬਾਈਲ ਸੁਨੇਹੇ ਜਰੀਏ ਹਦਾਇਤ ਕੀਤੀ ਗਈ ਹੈ ਕਿ ਐਤਕੀਂ ਲਾਭਪਾਤਰੀਆਂ ਨੂੰ ਪੈਨਸ਼ਨ ਸ਼ਾਇਦ ਚੈੱਕਾਂ ਜ਼ਰੀਏ ਕੀਤੀ ਜਾਵੇਗੀ ਜਿਸ ਕਰਕੇ ਪਿੰਡ ਵਾਰ ਲਾਭਪਾਤਰੀਆਂ ਦੀਆਂ ਸੂਚੀਆਂ ਤਿਆਰ ਰੱਖੀਆਂ ਜਾਣ। ਸੂਤਰ ਦੱਸਦੇ ਹਨ ਕਿ ਸਰਕਾਰੀ ਖਜਾਨੇ ‘ਚੋਂ ਵਧੀ ਹੋਈ ਪੈਨਸ਼ਨ ਦਾ ਪੈਸਾ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰਾਂ ਦੇ ਖਾਤਿਆਂ ਵਿਚ ਤਬਦੀਲ ਹੋ ਚੁੱਕਾ ਹੈ।
ਪਤਾ ਲੱਗਾ ਹੈ ਕਿ ਚੈੱਕ ਦਿੱਤੇ ਜਾਣ ਦੀ ਸੂਰਤ ਵਿਚ ਇਹ ਪੈਸਾ ਅੱਗੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਤਬਦੀਲ ਕੀਤਾ ਜਾ ਸਕਦਾ ਹੈ ਅਤੇ ਅੱਗੇ ਪੰਚਾਇਤ ਵਿਭਾਗ ਲਾਭਪਾਤਰੀਆਂ ਤੱਕ ਚੈੱਕ ਪੁੱਜਦੇ ਕਰੇਗਾ। ਪੰਜਾਬ ਸਰਕਾਰ ਨੇ ਪਹਿਲੀ ਜੁਲਾਈ ਤੋਂ ਪੈਨਸ਼ਨ 750 ਤੋਂ ਵਧਾ ਕੇ 1500 ਰੁਪਏ ਕਰਨ ਦਾ ਫੈਸਲਾ ਲਾਗੂ ਕਰ ਦਿੱਤਾ ਹੈ। ਇਸ ਪੈਨਸ਼ਨ ਦਾ ਲਾਭ ਕੁੱਲ 26.21 ਲੱਖ ਲਾਭਪਾਤਰੀਆਂ ਨੂੰ ਮਿਲਣਾ ਹੈ, ਜਿਸ ਵਿਚ 17.64 ਲੱਖ ਬਜ਼ੁਰਗ ਵੀ ਸ਼ਾਮਲ ਹਨ। ਜੁਲਾਈ ਮਹੀਨੇ ਦੀ ਪੈਨਸ਼ਨ ਦੀ ਕੁੱਲ 393 ਕਰੋੜ ਦੀ ਰਾਸ਼ੀ ਵੰਡੀ ਜਾਣੀ ਹੈ।
ਚਰਚੇ ਛਿੜੇ ਹਨ ਕਿ ਜੇਕਰ ਸਰਕਾਰ ਨੇ ਚੈੱਕਾਂ ਜਰੀਏ ਪੈਨਸ਼ਨ ਵੰਡਣ ਦਾ ਫੈਸਲਾ ਕੀਤਾ ਤਾਂ ਕਰੀਬ 26 ਲੱਖ ਚੈੱਕ ਤਿਆਰ ਕਰਨੇ ਪੈਣਗੇ ਜਿਸ ਨਾਲ ਬਜ਼ੁਰਗ ਅਤੇ ਅਪਾਹਜ ਲਾਭਪਾਤਰੀਆਂ ਦੀ ਖੱਜਲ ਖੁਆਰੀ ਵੀ ਵਧੇਗੀ। ਦੂਸਰੀ ਤਰਫ਼ ਸਰਕਾਰ ਅੰਦਰੋਂ ਇਹ ਸੋਚ ਰਹੀ ਹੈ ਕਿ ਲਾਭਪਾਤਰੀ ਹਵਾਲੇ ਚੈੱਕ ਕਰਕੇ ਇਸ ਦੀ ਸਿਆਸੀ ਭੱਲ ਖੱਟੀ ਜਾਵੇ।
ਬੁਢਾਪਾ ਪੈਨਸ਼ਨ ਪਹਿਲਾਂ ਸਰਪੰਚਾਂ ਰਾਹੀਂ ਵੀ ਵੰਡੀ ਜਾਂਦੀ ਰਹੀ ਹੈ। ਮੌਜੂਦਾ ਪ੍ਰਬੰਧਾਂ ਅਨੁਸਾਰ ਪੈਨਸ਼ਨ ਲਾਭਪਾਤਰੀਆਂ ਦੇ ਸਿੱਧੀ ਬੈਂਕ ਖਾਤਿਆਂ ਵਿਚ ਪਾਈ ਜਾਂਦੀ ਰਹੀ ਹੈ ਜਿਸ ਨਾਲ ਲਾਭਪਾਤਰੀ ਨੂੰ ਵੀ ਸੌਖ ਰਹਿੰਦੀ ਹੈ। ਮੁੱਖ ਮੰਤਰੀ ਵੱਲੋਂ ਹਾਲੇ ਕੋਈ ਫੈਸਲਾ ਨਾ ਲਏ ਜਾਣ ਕਰਕੇ ਜੁਲਾਈ ਮਹੀਨੇ ਦੀ ਪੈਨਸ਼ਨ ਦੀ ਵੰਡ ਦਾ ਕੰਮ ਰੁਕਿਆ ਪਿਆ ਹੈ। ਉਧਰ, ਬਜ਼ੁਰਗ ਬੁਢਾਪਾ ਪੈਨਸ਼ਨ ਉਡੀਕ ਰਹੇ ਹਨ।
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਦਾ ਕਹਿਣਾ ਸੀ ਕਿ ਵਿਧਾਇਕਾਂ ਤੇ ਮੰਤਰੀਆਂ ਦੀ ਇੱਛਾ ਹੈ ਕਿ ਪਹਿਲੀ ਵਧੀ ਹੋਈ ਪੈਨਸ਼ਨ ਸੰਕੇਤਕ ਤੌਰ ‘ਤੇ ਚੈੱਕਾਂ ਜਰੀਏ ਵੰਡੀ ਜਾਵੇ ਜਿਸ ਬਾਰੇ ਉਹ ਹਾਲੇ ਵਿਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਾਕੀ ਮਹੀਨਿਆਂ ਵਿਚ ਪੈਨਸ਼ਨ ਪਹਿਲਾਂ ਦੀ ਤਰ੍ਹਾਂ ਸਿੱਧੀ ਖਾਤਿਆਂ ਵਿਚ ਹੀ ਤਬਦੀਲ ਹੋਇਆ ਕਰੇਗੀ।