ਖੇਡ ਮੈਦਾਨ ‘ਚ ਅੱਧੀ ਸਦੀ ਲਾਉਣ ਵਾਲਾ ਸੋਹਣ ਚੀਮਾ

ਪਿ੍ਰੰ. ਸਰਵਣ ਸਿੰਘ
ਸੋਹਣ ਸਿੰਘ ਚੀਮਾ ਆਲਮੀ ਕਬੱਡੀ ਫੈਡਰੇਸ਼ਨ ਦਾ ਜਨਰਲ ਸਕੱਤਰ ਰਿਹਾ। ਹੁਣ ਉਹ ਇੰਗਲੈਂਡ ਦੇ ਸ਼ਹਿਰ ਕਾਵੈਂਟਰੀ ‘ਚ ਰਹਿੰਦਾ ਹੈ। ਆਪ ਭਾਵੇਂ ਵਾਲੀਬਾਲ ਦਾ ਖਿਡਾਰੀ ਸੀ, ਪਰ ਪੰਜਾਹ ਸਾਲ ਕਬੱਡੀ ਦੀ ਬਿਹਤਰੀ ਲਈ ਜੂਝਿਆ। ਉਸ ਦਾ ਜਨਮ 3 ਫਰਵਰੀ 1937 ਨੂੰ ਨੂਰਮਹਿਲ ਕੋਲ ਪਿੰਡ ਚੀਮਾ ਖੁਰਦ ਵਿਚ ਹੋਇਆ। 1954 ਵਿਚ ਉਹ ਇੰਗਲੈਂਡ ਚਲਾ ਗਿਆ, ਜਿਥੇ ਦੇਸੀ ਖੇਡ ਕਬੱਡੀ ਦਾ ਬੂਟਾ ਲਾਇਆ। ਅਸੀਂ ਪੰਜਾਬ, ਇੰਗਲੈਂਡ, ਕੈਨੇਡਾ ਅਤੇ ਅਮਰੀਕਾ ਦੇ ਕਬੱਡੀ ਮੇਲਿਆਂ ਵਿਚ ‘ਕੱਠੇ ਹੁੰਦੇ ਰਹੇ ਤੇ ਕਬੱਡੀ ਦੀਆਂ ਬਾਤਾਂ ਪਾਉਂਦੇ ਰਹੇ। ਉਸ ਨੇ 2005 ਵਿਚ ਤਿੰਨ ਸੌ ਸਫਿਆਂ ਦੀ ਸਚਿੱਤਰ ਪੁਸਤਕ ‘ਖੇਡ ਮੈਦਾਨ ‘ਚ ਅੱਧੀ ਸਦੀ’ ਛਪਵਾਈ, ਜਿਸ ਵਿਚ ਕਬੱਡੀ ਦਾ ਅੱਖੀਂ ਡਿੱਠਾ ਇਤਿਹਾਸ ਦਰਜ ਕੀਤਾ। ਇਹ ਕਿਤਾਬ ਉਹਦੀ ਅੱਧੀ ਸਦੀ ਦੀ ਹੱਡਬੀਤੀ ਹੈ। ਇਸ ਤੋਂ ਪਹਿਲਾਂ ਉਸ ਨੇ ‘ਸ਼ਹੀਦ ਊਧਮ ਸਿੰਘ ਸਿਲਵਰ ਜੁਬਲੀ’ ਤੇ ‘ਕਬੱਡੀ ਸਰਕਲ ਦੇ ਨਿਯਮ’ ਨਾਂ ਦੇ ਕਿਤਾਬਚੇ ਲਿਖੇ ਅਤੇ ‘ਪ੍ਰਦੇਸੀਂ ਵਸੇ ਕਬੱਡੀ’ ਨਾਂ ਦਾ ਤ੍ਰੈਮਾਸਕ ਕੱਢਿਆ। ‘ਖੇਡ ਮੈਦਾਨ ‘ਚ ਅੱਧੀ ਸਦੀ’ ਦੇ ਸਰਵਰਕ ਉਤੇ ਬਾਬਾ ਭਗਤ ਸਿੰਘ ਬਿਲਗਾ ਨੇ ਇਹ ਸ਼ਬਦ ਲਿਖੇ:

ਸੋਹਣ ਚੀਮਾ ਪੰਜ ਦਹਾਕਿਆਂ ਤੋਂ ਲੈ ਕੇ ਅੱਜ ਤਾਈਂ ਆਪਣੀ ਆਤਮਾ ਦੇ ਰੋਮ-ਰੋਮ ਵਿਚ ਦੇਸ਼-ਭਗਤੀ ਅਤੇ ਖੇਡਾਂ ਦਾ ਸਾਗਰ ਸਮੋਈ ਬੈਠਾ ਹੈ। ਪੰਜਾਬ ਦੀ ਮਾਂ ਖੇਡ ਕਬੱਡੀ ਬਾਰੇ ਇਸ ਦਾ ਸ਼ੌਕ ਦੇਖੀਏ, ਜਿਸ ਨੇ ਖੇਡਾਂ ਲਈ ਆਪਣੀ ਸਿਆਸੀ ਜਿ਼ੰਦਗੀ ਵੀ ਦਾਅ ‘ਤੇ ਲਾ ਦਿੱਤੀ। ਸਿਆਸਤ ਅਤੇ ਦੇਸ਼-ਭਗਤੀ ਸੋਹਣ ਚੀਮੇ ਨੂੰ ਵਿਰਸੇ ‘ਚੋਂ ਮਿਲੀ ਹੈ। ਮੈਨੂੰ ਯਾਦ ਹੈ ਕਿ ਇਸ ਦੇ ਬਾਬਾ ਘਨੱਈਆ ਸਿੰਘ ਨੇ ਸਾਥੋਂ ਅੱਗੜ-ਪਿੱਛੜ, ਅਰਜਨਟੀਨਾ, ਕਿਊਬਾ ਤੋਂ ਆ ਕੇ ਦੇਸ਼ ਦੀ ਆਜ਼ਾਦੀ ਲਈ ਯੋਗਦਾਨ ਪਾਇਆ। ਸੋਹਣ ਦੇ ਪਿਤਾ ਬਾਬੂ ਕਰਮ ਸਿੰਘ ਚੀਮਾ ਨੇ, ਸ਼ਹੀਦ ਊਧਮ ਸਿੰਘ ਅਤੇ ਹੋਰ ਸਾਥੀਆਂ ਨਾਲ ਰਲ ਕੇ ਇੰਗਲੈਂਡ ‘ਚ 1939 ਵਿਚ ਭਾਰਤੀ ਮਜ਼ਦੂਰ ਸਭਾ (ਗਦਰ ਪਾਰਟੀ) ਦੀ ਨੀਂਹ ਰੱਖੀ। ਸੋਹਣ ਦੇ ਖੂਨ ਵਿਚ ਦੇਸ਼ ਦੇ ਸ਼ਹੀਦਾਂ ਦਾ ਸਤਿਕਾਰ ਭਰਿਆ ਪਿਆ ਹੈ। ਮਿਸਾਲ ਵਜੋਂ ਜਲ੍ਹਿਆਂ ਵਾਲੇ ਬਾਗ ਦੇ ਕਾਤਲ ਦਾ ਬਦਲਾ ਲੈਣ ਤੋਂ ਕੁਝ ਸਮਾਂ ਪਹਿਲਾਂ ਸ਼ਹੀਦ ਊਧਮ ਸਿੰਘ, ਸੋਹਣ ਦੇ ਪਿਤਾ ਕਰਮ ਸਿੰਘ ਚੀਮਾ ਨੂੰ ‘ਵਾਰਸ ਸ਼ਾਹ ਦੀ ਹੀਰ’ ਕਿਤਾਬ ਸੌਂਪ ਗਿਆ ਸੀ। ਬਾਬੂ ਜੀ ਦੀ ਮੌਤ ਤੋਂ ਬਾਅਦ ਉਹ ਕਿਤਾਬ ਸੋਹਣ ਨੇ 30 ਸਾਲ ਸੰਭਾਲ ਕੇ ਰੱਖੀ ਅਤੇ 1988 ਨੂੰ ਹਿੰਦੁਸਤਾਨ ਮਜ਼ਦੂਰ ਸਭਾ ਦੀ 59ਵੀਂ ਵਰ੍ਹੇਗੰਢ ਸਮੇਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਚ ਰੱਖਣ ਲਈ ਮੈਨੂੰ ਭੇਟ ਕਰ ਦਿੱਤੀ।
ਮੈਂ ਸੋਹਣ ਚੀਮੇ ਨੂੰ ਇਸ ਗੱਲ ਲਈ ਸ਼ਾਬਾਸ਼ ਦਿੰਦਾ ਹਾਂ ਕਿ ਉਸ ਨੇ ਇੰਗਲੈਂਡ ਵਿਚ ਵਸ ਕੇ ਭਾਰਤੀ ਪ੍ਰਵਾਸੀਆਂ ਦੀ ਜਿ਼ੰਦਗੀ ਦਾ ਇਤਿਹਾਸ ਸਾਂਭ ਕੇ ਰੱਖਿਆ ਹੈ ਅਤੇ ਉਮੀਦ ਕਰਦਾ ਹਾਂ ਕਿ ਪ੍ਰਦੇਸਾਂ ਵਿਚ ਨੌਜੁਆਨ ਕਬੱਡੀ ਖੇਡਦੇ ਹੋਏ ਸੋਹਣ ਚੀਮੇ ਵਾਂਗ ਆਪਣੇ ਦੇਸ਼ ਨੂੰ ਨਹੀਂ ਭੁੱਲਣਗੇ।
ਸੋਹਣ ਚੀਮੇ ਨੇ ਕਿਤਾਬ ਭੇਟ ਕਰਨ ਦੇ ਨਾਲ ਦੇਸ਼ ਭਗਤ ਯਾਦਗਾਰ ਹਾਲ ਲਈ ਅਲਮਾਰੀ ਵੀ ਭੇਟ ਕੀਤੀ, ਜਿਸ ਵਿਚ ਸ਼ਹੀਦ ਊਧਮ ਸਿੰਘ ਦੀ ਯਾਦਗਾਰੀ ਨਿਸ਼ਾਨੀ ਸੰਭਾਲੀ ਹੋਈ ਹੈ।
ਚੀਮੇ ਨੇ ਲਿਖਿਆ: ਇਹ ਪੁਸਤਕ ਪਾਠਕਾਂ ਨੂੰ ਭੇਟ ਕਰਦਿਆਂ ਮੈਂ ਉਨ੍ਹਾਂ ਸਾਰੇ ਹੀ ਸੱਜਣਾਂ ਦਾ ਹਾਰਦਿਕ ਧੰਨਵਾਦੀ ਹਾਂ, ਜਿਨ੍ਹਾਂ ਨੇ ਹਮੇਸ਼ਾ ਨਿਸ਼ਕਾਮ ਸਾਥ ਦਿੱਤਾ। ਮੈਂ ਆਪਣੇ ਆਪ ਨੂੰ ਕੋਈ ਲਿਖਾਰੀ ਨਹੀਂ ਸਮਝਦਾ ਅਤੇ ਨਾ ਹੀ ਵੱਡੇ ਲਿਖਾਰੀਆਂ ਵਾਂਗ ਕਿਸੇ ਕਿਸਮ ਦਾ ਮਾਣ ਕਰਦਾ ਹਾਂ…।
ਗੱਲ 1995 ਦੀ ਹੈ, ਜਦੋਂ ਟੋਰਾਂਟੋ ਵਿਖੇ ਦੁਨੀਆਂ ਦੀ ਪਹਿਲੀ ਆਲਮੀ ਕਬੱਡੀ ਚੈਂਪੀਅਨਸਿ਼ਪ ਹੋਣੀ ਸੀ। ਹੈਮਿਲਟਨ ਦਾ ਕੌਪਿਸ ਕੋਲੀਜ਼ੀਅਮ ਲੋਕਾਂ ਨਾਲ ਭਰਿਆ ਪਿਆ ਸੀ। ਭੀੜ ਦੇਖ ਕੇ ਮੈਂ ਸੰਖੇਪ ਜਿਹੀ ਸਪੀਚ ਕਰ ਕੇ ਬੈਠ ਗਿਆ। ਉਸੇ ਰਾਤ ਕਰਨੈਲ ਸਿੰਘ ਖਹਿਰਾ ਦੇ ਭਰਾਵਾਂ ਕੋਲ ਅਸੀਂ ਠਹਿਰਨਾ ਸੀ। ਸਾਡੇ ਨਾਲ ਬਾਈ ਜਸਵੰਤ ਸਿੰਘ ਕੰਵਲ ਵੀ ਸੀ। ਸਾਰੀ ਰਾਤ ਕਬੱਡੀ ਦੀਆਂ ਗੱਲਾਂ ਚਲਦੀਆਂ ਰਹੀਆਂ, ਮੀਨ ਮੇਖ ਕੱਢੀ ਜਾਂਦੀ ਰਹੀ ਤਾਂ ਸਵੇਰੇ ਉਠਦਿਆਂ ਹੀ ਬਾਈ ਜੀ ਕਹਿਣ ਲੱਗੇ, ਚੀਮਿਆ ਗੱਲ ਸੁਣ! ਆਪਣੇ ਦਿਲ ਕੇ ਦਾਗ ਕਿਸੀ ਕੋ ਦਿਖਾਇਆ ਨਾ ਕਰੋ, ਲੋਗ ਮੁੱਠੀਓਂ ਮੇਂ ਨਮਕ ਲੀਏ ਫਿਰਤੇ ਹੈਂ…।
ਅਤੇ ਨਾਲ ਹੀ ਕਹਿਣ ਲੱਗੇ, ਸਾਡੇ ਕਈ ਪ੍ਰਾਚੀਨ ਲਿਖਾਰੀ, ਵੈਦ ਤੇ ਸਨਿਆਸੀ ਆਪਣੇ ਤਜ਼ਰਬੇ ਆਪਣੇ ਨਾਲ ਹੀ ਲੈ ਗਏ। ਇਸ ਲਈ ਮੈਂ ਤੈਨੂੰ ਕਹਿੰਦਾ ਹਾਂ, ਚੀਮਿਆ, ਕੁਝ ਲਿਖ ਜਾ। ਮੇਰਾ ਬਾਈ ਜੀ ਨੂੰ ਜਵਾਬ ਸੀ ਕਿ ਮੈਂ ਥੋੜ੍ਹਾ ਪੜ੍ਹਿਆ ਹੋਣ ਕਰਕੇ ਲਿਖ ਨਹੀਂ ਸਕਦਾ ਤਾਂ ਉਸ ਨੇ ਕਿਹਾ, ਜੇ ਤੂੰ ਘੰਟਾ ਦੋ ਘੰਟੇ ਸਟੇਜ ‘ਤੇ ਅਤੇ ਸਾਰਾ ਦਿਨ ਕਬੱਡੀ ਟੂਰਨਾਮੈਂਟ ਵਿਚ ਕੁਮੈਂਟਰੀ ਕਰ ਸਕਦਾ ਏਂ ਤਾਂ ਲਿਖਣਾ ਤੇਰੇ ਲਈ ਕੋਈ ਮੁਸ਼ਕਿਲ ਕੰਮ ਨਹੀਂ। ਤੇਰੇ ਕੋਲ ਤਜ਼ਰਬੇ ਤੇ ਸਮੱਗਰੀ ਦਾ ਭੰਡਾਰ ਹੈ। ਉਸ ਵੇਲੇ ਦਿੱਤੇ ਹੌਂਸਲੇ ਲਈ ਮੈਂ ਬਾਈ ਜਸਵੰਤ ਸਿੰਘ ਕੰਵਲ ਜੀ ਦਾ ਸਾਰੀ ਉਮਰ ਰਿਣੀ ਰਹਾਂਗਾ। ਇਕ ਵਾਰ ਅਜਮੇਰ ਕਾਵੈਂਟਰੀ ਨੇ ਵੀ ਹੌਂਸਲਾ ਦਿੰਦੇ ਹੋਏ ਆਖਿਆ ਸੀ, ਜਿਹੜਾ ਇਨਸਾਨ ਪੰਜਾਬੀ ਵਿਚ ਚਿੱਠੀ ਲਿਖ ਸਕਦਾ ਹੈ, ਉਹ ਕਿਤਾਬ ਵੀ ਲਿਖ ਸਕਦਾ ਹੈ। ਤੇਰੇ ਕੋਲ ਜਾਤੀ ਤਜ਼ਰਬਾ ਹੈ, ਤੂੰ ਸਾਰੀ ਉਮਰ ਖੇਡਾਂ ਕਰਾਈਆਂ ਅਤੇ ਹੱਥੀਂ ਖਿਡਾਈ ਕਬੱਡੀ ਦਾ ਹਾਲ ਲਿਖਣਾ ਤੇਰੇ ਲਈ ਕੋਈ ਮੁਸ਼ਕਿਲ ਕੰਮ ਨਹੀਂ। ਇਸ ਤਰ੍ਹਾਂ ਦੀ ਹੱਲਾਸ਼ੇਰੀ ਨਾਲ ਹੀ ਮੈਂ ਕਿਤਾਬ ਲਿਖ ਸਕਿਆ, ਜਿਸ ਲਈ ਮੈਂ ਸਭਨਾਂ ਦਾ ਧੰਨਵਾਦੀ ਹਾਂ।
ਮੇਰਾ ਦੇਸੀ ਤੇ ਵਲਾਇਤੀ ਪਿੰਡ
ਮੈਂ ਉਦਾਸ ਸਾਂ। ਬੇਸ਼ਕ ਮੇਰਾ ਇਹ ਨਵਾਂ ਵਲਾਇਤੀ ਪਿੰਡ ਮੇਰੇ ਦੇਸੀ ਪਿੰਡ ਨਾਲੋਂ ਕਈ ਗੁਣਾਂ ਵੱਡਾ ਅਤੇ ਸੁੰਦਰ ਸੀ। ਇਸ ਪਿੰਡ ਵਿਚ ਮੈਨੂੰ ਹਰ ਤਰ੍ਹਾਂ ਦੀਆਂ ਸੁਖ-ਸਹੂਲਤਾਂ ਪ੍ਰਦਾਨ ਸਨ। ਮੈਂ ਆਪਣੇ ਪਰਿਵਾਰ, ਖੂਨ ਅਤੇ ਮੋਹ ਬਿਨਾ ਵੀ ਇਕੱਲਾ ਨਹੀਂ ਸੀ, ਕਿਉਂਕਿ ਮਾਤਾ ਜੀ ਹਰਨਾਮ ਕੌਰ ਨਾਲ ਬੰਬਈ ਤੋਂ ਸਮੁੰਦਰੀ ਜਹਾਜ਼ ‘ਤੇ ਜਨਵਰੀ 1954 ‘ਚ ਚੜ੍ਹ ਕੇ ਕੋਈ ਪੰਝੀ ਕੁ ਦਿਨਾਂ ਬਾਅਦ 22 ਫਰਵਰੀ 1954 ਨੂੰ ਟੈਲਵਰੀ (ਲੰਡਨ) ਪੁੱਜੇ ਸੀ। ਪਿਤਾ ਜੀ ਕੋਲ ਵੱਡੇ ਭਾਈ ਅਜੀਤ ਸਿੰਘ ਤੇ ਭੈਣ ਜੋਗਿੰਦਰੋ ਇਕ ਸਾਲ ਪਹਿਲਾਂ ਹੀ ਪਹੁੰਚ ਚੁਕੇ ਸਨ। ਗੱਲ ਕੀ, ਚਾਚਾ ਗੁਰਦਿਆਲ ਸਿੰਘ ਸਮੇਤ ਸਾਰਾ ਪਰਿਵਾਰ ਹੀ ਇਥੇ ਮੇਰੇ ਕੋਲ ਸੀ।
ਪਰ ਮੈਂ ਫਿਰ ਵੀ ਉਦਾਸ ਸਾਂ ਤੇ ਰਾਤ ਨੂੰ ਚੋਰੀ ਰਜਾਈ ਵਿਚ ਮੂੰਹ ਦੇ ਕੇ ਭੁੱਬਾਂ ਨਿਕਲ ਜਾਣੀਆਂ। ਮੈਨੂੰ ਹਰ ਰੋਜ਼, ਹਰ ਘੜੀ ਯਾਦ ਆਉਂਦੇ ਸਨ ਮੇਰੇ ਯਾਰ-ਬੇਲੀ, ਮੇਰੇ ਜਮਾਤੀ, ਜਿਨ੍ਹਾਂ ਨਾਲ ਸਕੂਲ ਤੋਂ ਮੁੜਦਿਆਂ ਨੂਰਮਹਿਲ ਦੇ ਚਮਗਿੱਦੜਾਂ ਵਾਲੇ ਤਲਾਬ ‘ਚ ਤਾਰੀਆਂ ਲਾਉਣੀਆਂ ਤੇ ਪੌੜੀਆਂ ਵਾਲੀ ਬੁਰਜੀ ‘ਤੇ ਚੜ੍ਹ ਕੇ ਇਕ ਦੂਜੇ ਨਾਲੋਂ ਉਚੀਆਂ ਛਾਲਾਂ ਮਾਰਨੀਆਂ। ਇਤਿਹਾਸਕ ਸ਼ਹਿਰ ਦੇ ਪੁਰਾਣੇ ਸਮਿਆਂ ਦਾ ਨਿੱਕੀਆਂ ਇੱਟਾਂ ਦਾ ਬਣਾਇਆ ਹੋਇਆ ਤਲਾਬ ਜਦ ਬਰਸਾਤ ਦੇ ਦਿਨਾਂ ਵਿਚ ਨੱਕੋ-ਨੱਕ ਭਰ ਜਾਂਦਾ ਤਾਂ ਕੰਢੇ ਖੜ੍ਹੇ ਬਾਬੇ ਬੋਹੜ ਦੀ ਦਾੜ੍ਹੀ ਦੀਆਂ ਲਿਟਾਂ ਫੜ ਕੇ ਦੂਰ ਲੈ ਜਾਂਦੇ ਅਤੇ ਇਕ ਦੂਜੇ ਨਾਲ ਜਿਦੋ-ਜਿਦੀ ਲੰਬੀਆਂ ਛਾਲਾਂ ਮਾਰਦੇ।
ਗੋਰੇ (ਸ਼ਾਮਲਾਟ) ਦੇ ਇਕ ਖੂੰਜੇ ਮਿੱਟੀ ਦੇ ਭਾਂਡੇ ਪਕਾਉਣ ਵਾਲਾ ਆਵਾ ਅਤੇ ਉਸ ਦੇ ਨਾਲ ਹੀ ਦਾਣੇ ਭੁੰਨਣ ਵਾਲੀ ਛੱਜੂ ਦੀ ਭੱਠੀ ਅਤੇ ਭੱਠੀ ਤੋਂ ਜ਼ਰਾ ਕੁ ਹਟ ਕੇ ਵਾਲੀਬਾਲ ਦੀ ਗਰਾਊਂਡ ਸੀ। ਸਕੂਲ ਦਾ ਕੰਮ ਮੁਕਾ ਕੇ ਇਸ ਗਰਾਊਂਡ ਵਿਚ ਵਾਲੀਬਾਲ ਖੇਡਦੇ। ਤਰਕਾਲਾਂ ਨੂੰ ਸੂਰਜ ਡੁੱਬਣ ਲੱਗਦਾ ਤੇ ਬਾਲ ਦਿਸਣੋਂ ਹਟ ਜਾਂਦੀ ਤਾਂ ਲੰਮੀ ਤੇ ਢਾਹ ਕਬੱਡੀ ਖੇਡਣੀ ਸ਼ੁਰੂ ਕਰ ਦਿੰਦੇ। ਫਿਰ ਹੱਥ-ਪੈਰ ਧੋਣ ਜਾਂ ਨਹਾਉਣ ਲਈ ਅੱਧੇ ਕੁ ਖੇਤ ਦੀ ਵਿੱਥ ‘ਤੇ ਭਗਤੇ ਦੀ ਹਲਟੀ ‘ਤੇ ਪੁੱਜ ਜਾਂਦੇ। ਇਸ ਹਲਟੀ ‘ਤੇ ਕਦੀ-ਕਦੀ ਭਗਤਾ ਆਪਣੇ ਬਹਿੜਕੇ ਦੁੜਾਉਣ ਲਈ ਖੂਹ ਜੋੜ ਦਿੰਦਾ ਤੇ ਪਿੰਡ ਦੇ ਮੁੰਡਿਆਂ ਨੂੰ ਵੇਖ ਕੇ ਗਾਧੀ ‘ਤੇ ਬੈਠ ਜਾਂਦਾ। ਆਪਣੇ ਖੱਬੇ ਹੱਥ ਨਾਲ ਹੇਠਲੇ ਪਾਸੇ ਚਲਦੇ ਗੋਰੇ ਦੀ ਪੂਛ ਫੜ, ਲਲਕਾਰਾ ਮਾਰਦਾ ਹੋਇਆ ਕਹਿੰਦਾ, “ਓ ਬੱਗਿਆ, ਜਿਉਣ ਜੋਗਿਆ, ਚਾਰ ਛਾਲਾਂ ਮਾਰ ਕੇ ਦਿਖਾ ਦੇ ਮੁੰਡਿਆਂ ਨੂੰ…।” ਨਾਲ ਦੀ ਨਾਲ ਗਾਉਂਦਾ:
ਗਾਧੀ ਤਖਤ ਲਾਹੌਰ ਦਾ
ਉਤੇ ਬਹਿਣ ਅਮੀਰ,
ਚੰਨੇ ਆਹਮੋ-ਸਾਹਮਣੇ
ਕਾਂਜਣ ਸਿੱਧੀ ਸ਼ਤੀਰ।
ਚਕਲਾ ਚਕਲੀ ਇਉਂ ਮਿਲਦੇ
ਜਿਵੇਂ ਭੈਣਾਂ ਨੂੰ ਮਿਲਦੇ ਵੀਰ,
ਕੁੱਤਾ ਟਊਂ-ਟਊਂ ਕਰ ਰਿਹਾ
ਜਿਵੇਂ ਦਰ ਵਿਚ ਖੜ੍ਹਾ ਫਕੀਰ।
ਲੱਠ ਇਉਂ ਗੇੜੇ ਦੇ ਰਹੀ
ਜਿਵੇਂ ਸਈਆਂ ਦੇ ਵਿਚ ਹੀਰ,
ਟਿੰਡਾਂ ਦੇ ਗਲ ਗਾਨੀਆਂ
ਭਰ ਲਿਆਉਣ ਯਮਨਾ ਤੋਂ ਨੀਰ,
ਨਸਾਰੋਂ ਪਾਣੀ ਚੱਲਿਆ
ਜਿਵੇਂ ਨਿਕਲੇ ਕਮਾਨੋਂ ਤੀਰ।
ਆਡੇ ਪਾਣੀ ਬਹਿ ਪਿਆ
ਜਿਵੇਂ ਚੋਵੇ ਪਈ ਵਹੀਰ,
ਮੋਹਰੇ ਨਾਕੀ ਇਉਂ ਫਿਰੇ
ਜਿਵੇਂ ਤਕੀਏ ਫਿਰੇ ਫਕੀਰ…।
1960 ਵਿਚ ਛੇ ਸਾਲਾਂ ਬਾਅਦ ਮੈਨੂੰ ਆਪਣੇ ਪਿੰਡ ਪਹਿਲੀ ਵਾਰ ਜਾਣ ਦਾ ਮੌਕਾ ਮਿਲਿਆ। 1973 ਵਿਚ ਬਾਰਾਂ ਸਾਲਾਂ ਬਾਅਦ ਫਿਰ ਪਿੰਡ ਪਰਤਿਆ। ਮੈਂ ਤਾਂ ਆਪਣੇ ਪਿੰਡ ਦੂਜੀ ਵਾਰ ਗਿਆ ਸਾਂ, ਪਰ ਮੇਰੀ ਭੈਣ ਆਪਣੇ ਸਹੁਰੇ ਘਰੋਂ ਪਹਿਲੀ ਵਾਰ ਆਪਣੇ ਪੇਕੀਂ ਆਈ ਸੀ। ‘ਆ ਧੀਏ ਜੀ ਆਈ ਨੂੰ, ਆ ਬੈਠ ਜਾ’ ਕਹਿਣ ਵਾਲੀ ਮਾਂ ਦੀ ਠੰਢੀ ਛਾਂ ਵੀ ਕਿਤੇ ਉਡ ਗਈ ਸੀ…। ਇਸ ਤੋਂ ਬਾਅਦ ਪਤਾ ਨਹੀਂ ਕਿੰਨੀ ਵਾਰ ਆਪਣੇ ਪਿੰਡ ਜਾਂਦਾ ਰਿਹਾ ਹਾਂ। ਕੁਝ ਦਿਨ ਰਹਿ ਕੇ ਜਦ ਵਾਪਸ ਆਉਣ ਲੱਗਦਾ ਹਾਂ ਤਾਂ ਰਾਹ ਵਿਚ ਉਦਾਸ ਹੋਇਆ ਪਿੰਡ ਤੋਂ ਬਾਹਰ ਹਸਰਤ ਭਰੀਆਂ ਅੱਖਾਂ ਨਾਲ ਪਿੰਡ ਦੇ ਸਿਵੇ ਤੱਕ ਕੇ ਸੁਰਜੀਤ ਪਾਤਰ ਦਾ ਲਿਖਿਆ ਸ਼ੇਅਰ ਯਾਦ ਕਰਦਾ ਹਾਂ: ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ, ਬਾਕੀ ਕਬਰਾਂ ਦੇ ਰੁੱਖਾਂ ਹੇਠ ਜਾ ਬਹਿਣਗੇ…।
ਸ਼ਹੀਦ ਊਧਮ ਸਿੰਘ ਦੀ ਨਿਸ਼ਾਨੀ
ਸੋਹਣ ਚੀਮਾ, ਸ਼ਹੀਦ ਊਧਮ ਸਿੰਘ ਦੀ ਆਪਣੇ ਪਿਤਾ ਬਾਬੂ ਕਰਮ ਸਿੰਘ ਚੀਮਾ ਨਾਲ ਹੋਈ ਮੁਲਾਕਾਤ ਦਾ ਜਿ਼ਕਰ ਇਸ ਪੁਸਤਕ ਵਿਚ ਇਉਂ ਕਰਦਾ ਹੈ: ਜੁਲਾਈ 1938 ਵਿਚ ਚਰਨ ਚੀਮਾ ਤੇ ਕਰਮਾ ਚੀਮਾ ਖੁਰਦ ਸਮੁੰਦਰੀ ਜਹਾਜ਼ ਰਾਹੀਂ ਲੰਡਨ ਦੇ ਘਾਟ ਤਿਲਵਰੀ ਪੁੱਜੇ ਤਾਂ ਇਨ੍ਹਾਂ ਨੂੰ ਲੈਣ ਵਾਸਤੇ ਬਾਬੂ ਕਰਮ ਸਿੰਘ ਚੀਮਾ ਪਹੁੰਚੇ ਹੋਏ ਸਨ। ਉਥੋਂ ਉਹ ਅੰਡਰ ਗਰਾਊਂਡ ਰੇਲਵੇ ਰਾਹੀਂ ਸ਼ੈਫਰਡ ਬੁਸ਼ ਨਾਗਰਾ ਭਰਾਵਾਂ ਦੇ ਘਰ ਪੁੱਜੇ। ਚਰਨ ਸਿੰਘ ਚੀਮੇ ਨੇ ਦੱਸਿਆ ਕਿ ਇਕ ਭਾਰੇ ਮੂੰਹ ਵਾਲਾ ਆਦਮੀ ਪਿਛਲੇ ਦਰਵਾਜ਼ੇ ਰਾਹੀਂ ਸਾਡੇ ਕੋਲ ਆ ਬੈਠਾ ਤੇ ਬੈਠਦਿਆਂ ਹੀ ਕਹਿਣ ਲੱਗਾ, “ਜੇ ਕੋਈ ਟਾਪ ਪੱਕੀ ਹੋਈ ਹੈ ਤਾਂ ਲੈ ਆਓ, ਬੜੀ ਭੁੱਖ ਲੱਗੀ ਹੈ।” ਕਿਚਨ ਵਿਚੋਂ ਕੋਈ ਆਵਾਜ਼ ਨਾ ਆਉਣ ਕਰਕੇ ਉਹ ਆਪ ਉਠ ਕੇ ਦੋ ਰੋਟੀਆਂ `ਤੇ ਸਬਜ਼ੀ ਪਾ ਕੇ ਖੜ੍ਹਾ ਹੀ ਖਾਣ ਲੱਗ ਪਿਆ। ਜਦ ਨੂੰ ਬਾਬੂ ਚੀਮਾ ਜੀ ਵੀ ਬਾਹਰਲੇ ਪਖਾਨੇ ਤੋਂ ਆ ਕੇ ਉੱਚੀ ਉੱਚੀ ਬੋਲਣ ਲੱਗ ਪਏ, “ਓਏ ਬਾਵਿਆ ਸਾਧਾ ਤੈਨੂੰ ਕੁਝ ਪਤਾ ਹੋਣਾ ਚਾਹੀਦਾ ਕਿ ਮੁੰਡੇ ਅਜੇ ਆ ਕੇ ਬੈਠੇ ਈ ਹਨ। ਇਨ੍ਹਾਂ ਵਿਚਾਰਿਆਂ ਨੇ 20 ਦਿਨਾਂ ਤੋਂ ਰੋਟੀ ਨਹੀਂ ਖਾਧੀ, ਜਹਾਜ਼ ਵਿਚ ਬ੍ਰੈਡਾਂ ਈ ਚੱਬਦੇ ਆਏ ਨੇ। ਤੈਨੂੰ ਕਿਧਰ ਦਾ ਭੋਖੜਾ ਪਿਐ?” ਬਾਵਾ, “ਮੇਰੀ ਕਿਹੜਾ ਏਥੇ ਚੂੜੇ ਵਾਲੀ ਬੈਠੀ ਐ, ਯਾਰਾਂ ਦੋਸਤਾਂ ਦੇ ਆਸਰੇ ਈ ਚਾਰ ਦਿਨ ਲੰਘ ਜਾਣੇ ਆਂ, ਫੇਰ ਬੇੜੀ ਪੂਰ ਤ੍ਰਿੰਜਣ ਦੀਆਂ ਕੁੜੀਆਂ…।” ਆਖ ਕੇ ਹੀਰ ਗਾਉਣ ਲੱਗ ਪਿਆ। “ਚੰਗਾ ਬਾਬੂ ਚੀਮਿਆ, ਜੇ ਕਦੇ ਕਾਵੈਂਟਰੀ ਆਇਆ ਤਾਂ ਮਿਲੂੰਗਾ” ਕਹਿ ਕੇ ਜਿਧਰੋਂ ਆਇਆ ਸੀ, ਉਧਰ ਹੀ ਚਲਾ ਗਿਆ। ਪਿੱਛੋਂ ਸਾਨੂੰ ਦੱਸਿਆ ਗਿਆ ਕਿ ਉਸ ਦਾ ਨਾਂ ਊਧਮ ਸਿੰਘ ਹੈ ਤੇ ਅਸੀਂ ਉਸ ਨੂੰ ਬਾਵਾ ਜਾਂ ਸਾਧ ਕਹਿ ਕੇ ਹੀ ਬੁਲਾਉਂਦੇ ਹਾਂ।
ਦੂਜੀ ਵਾਰ ਉਹ ਕ੍ਰਿਸਮਿਸ ਤੋਂ ਪਹਿਲਾਂ ਕਾਵੈਂਟਰੀ ਆਇਆ। ਇਸ ਵਾਰ ਅਸੀਂ 2 ਗੈਸ ਸਟਰੀਟ ਵਿਚ ਇਕੱਠੇ ਹੋਏ ਸਾਂ। ਇਸੇ ਤਰ੍ਹਾਂ ਇਕ ਵਾਰੀ 15 ਸਪਾਰਕ ਬਰੁੱਕ ਸਟਰੀਟ ਕਾਵੈਂਟਰੀ, ਜੋ ਬਾਬੂ ਕਰਮ ਸਿੰਘ ਦਾ ਘਰ ਸੀ, ਅੱਧੀ ਰਾਤ ਤੋਂ ਵੀ ਬਾਅਦ ਉਥੇ ਆਇਆ। ਉਸ ਦਿਨ ਉਸ ਦੀ ਬੀਅਰ ਛਕੀ ਹੋਈ ਸੀ ਤੇ ਬੈਠੇ ਬੈਠੇ ‘ਗਦਰ ਦੀ ਗੂੰਜ’ ਵਿਚ ਲੱਗੀ ਸ਼ਹੀਦ ਭਗਤ ਸਿੰਘ ਦੀ ਫੋਟੋ ਵੱਲ ਇਸ਼ਾਰਾ ਕਰਦਿਆਂ ਕਿਹਾ, ‘ਜੇ ਟਾਈਮ ਆਇਆ ਤਾਂ ਇਸ ਸਰਦਾਰ ਨਾਲ ਮੈਂ ਵੀ ਫੋਟੋ ਲਗਵਾ ਲਵਾਂਗਾ।’ ਨਸ਼ੇ ਵਿਚ ਹੋਣ ਕਾਰਨ ਉਹ ਕਹਿ ਤਾਂ ਬੈਠਾ, ਪਰ ਪਿੱਛੋਂ ਇਸ `ਤੇ ਪਰਦਾ ਪਾਉਣ ਦੀ ਬਹੁਤ ਕੋਸਿ਼ਸ਼ ਕੀਤੀ…।
ਅਚਾਨਕ ਇਕ ਐਤਵਾਰ ਸਵੇਰੇ ਹੀ ਦਰਵਾਜ਼ਾ ਖੜਕਿਆ। ਊਧਮ ਸਿੰਘ ਕਾਰ ਵਿਚ ਆਇਆ ਤੇ ਕਹਿਣ ਲੱਗਾ ਕਿ ਮੈਂ ਕਿਸੇ ਦੂਰ ਦੇਸ ਚਲੇ ਜਾਣਾ। ਉਸ ਦਿਨ ਉਹਨੇ ਆਪ ਹੀ ਚਾਹ ਦਾ ਪਤੀਲਾ ਗੈਸ ਉਤੇ ਰੱਖਿਆ ਤੇ ਸਾਰਿਆਂ ਨੂੰ ਚਾਹ ਪਿਲਾਈ ਅਤੇ ਬਾਬੂ ਚੀਮੇ ਨੂੰ ਜੱਫੀ ਵਿਚ ਲੈ ਕੇ ਕਿਹਾ, “ਤੇਰੀ ਜ਼ੁਬਾਨ ਹੀ ਕੌੜੀ ਹੈ, ਪਰ ਬਾਬੂ ਤੇਰਾ ਦਿਲ ਬੜਾ ਸਾਫ ਹੈ। ਆਹ ਵਾਰਿਸ ਸ਼ਾਹ ਦੀ ਹੀਰ ਵਾਲੀ ਕਿਤਾਬ ਰੱਖ ਲੈ, ਇਸ `ਤੇ ਮੇਰੇ ਦਸਤਖਤ ਹਨ। ਜੇ ਕਦੇ ਵਾਪਸ ਆ ਗਿਆ ਤਾਂ ਲੈ ਲਵਾਂਗਾ ਨਹੀਂ ਤਾਂ ਸੰਭਾਲ ਕੇ ਰੱਖੀਂ। ਮੇਰੀ ਏਸ ਨਿਸ਼ਾਨੀ ਨੂੰ ਪੜ੍ਹਦਿਆਂ ਕਦੇ ਕਦੇ ਯਾਦ ਕਰ ਲਿਆ ਕਰੀਂ।”
ਉਸ ਦਿਨ ਉਹ ਬਹੁਤ ਖੁਸ਼ ਸੀ। ਜਾਣ ਲੱਗੇ ਨੇ ਸਭ ਨੂੰ ਘੁੱਟ ਕੇ ਜੱਫੀਆਂ ਪਾਈਆਂ। ਫਿਰ ਇਕ ਹੱਥ ਨਾਲ ਕਾਰ ਚਲਾਉਂਦਾ ਤੇ ਦੂਜੇ ਹੱਥ ਨਾਲ ‘ਬਾਏ ਬਾਏ’ ਕਰਦਾ ਮੋੜ ਮੁੜ ਗਿਆ। ਉਦੋਂ ਦੂਜੀ ਜੰਗ ਦੇ ਦਿਨ ਸਨ। 14 ਮਾਰਚ 1940 ਨੂੰ ਸਵੇਰੇ ਅਸੀਂ ਕਾਵੈਂਟਰੀ ਏਅਰਪੋਰਟ ਦੀ ਸੜਕ ਬਣਾ ਰਹੇ ਸਾਂ। ਇਕ ਅੰਗਰੇਜ਼ ਮਜ਼ਦੂਰ ਸਾਡੇ ਕੋਲ ਅੰਗਰੇਜ਼ੀ ਅਖਬਾਰ ‘ਡੇਲੀ ਮੇਲ’ ਲੈ ਆਇਆ ਤੇ ਕਹਿਣ ਲੱਗਾ, “ਕੱਲ੍ਹ ਲੰਡਨ ਵਿਚ ਤੁਹਾਡੇ ਇਕ ਆਦਮੀ ਨੇ ਸਾਡੇ ਇਕ ਰਿਟਾਇਰ ਅਫਸਰ ਦਾ ਕਤਲ ਕਰ ਦਿੱਤਾ।” ਅਖਬਾਰ ਵਿਚ ਦੋ ਪੁਲਿਸ ਵਾਲਿਆਂ ਵਿਚਾਲੇ ਹੱਥਕੜੀ ਲੱਗੀ ਹੋਈ ਬਾਵੇ ਦੀ ਫੋਟੋ ਛਪੀ ਹੋਈ ਸੀ।
31 ਜੁਲਾਈ 2021 ਨੂੰ ਜਦੋਂ ਮੈਂ ਇਹ ਸਤਰਾਂ ਲਿਖ ਰਿਹਾ ਸਾਂ ਤਾਂ ਕਾਵੈਂਟਰੀ ਤੋਂ ਸੋਹਣ ਚੀਮੇ ਨਾਲ ਗੱਲ ਬਾਤ ਹੋਈ। ਉਸ ਨੇ ਦੱਸਿਆ ਕਿ ਅੱਜ ਸ਼ਹੀਦ ਊਧਮ ਸਿੰਘ ਦਾ ਬੁੱਤ ਚੀਮਾ ਖੁਰਦ ਸੜਕ ਨਾਲ ਲੱਗਦੇ ਸਾਡੇ ਖੇਤ ਵਿਚ ਸਥਾਪਿਤ ਕਰ ਦਿੱਤਾ ਗਿਐ। ਉਹ ਬਿਮਾਰ ਹੋਣ ਕਰਕੇ ਪਿੰਡ ਨਹੀਂ ਸੀ ਪੁੱਜ ਸਕਿਆ।
ਇੰਗਲੈਂਡ ਵਿਚ ਕਬੱਡੀ ਦਾ ਅਰੰਭ
1963 ਤੋਂ ਇੰਗਲੈਂਡ ਵਿਚ ਕਬੱਡੀ ਦੀ ਸ਼ੁਰੂਆਤ ਦਾ ਸੰਖੇਪ ਜਿਹਾ ਇਤਿਹਾਸ ਲਿਖਣ ਲੱਗਾ ਹਾਂ। ਉਦੋਂ ਤੋਂ ਲੈ ਕੇ ਭਰਾਵਾਂ, ਪੁੱਤਰਾਂ ਤੇ ਪੋਤਿਆਂ ਯਾਨਿ ਤਿੰਨ ਪੀੜ੍ਹੀਆਂ ਦੀ ਅੱਖੀਂ ਡਿੱਠੀ ਤੇ ਹੱਥੀਂ ਖਿਡਾਈ ਕਬੱਡੀ ਦਾ ਹਾਲ ਲਿਖਣ ਵਿਚ ਮਾਣ ਮਹਿਸੂਸ ਕਰਦਾ ਹਾਂ। ਕਾਵੈਂਟਰੀ ਤੇ ਬਰਮਿੰਘਮ ਵਿਚ ਪੰਜਾਬੀਆਂ ਦੀ ਵਸੋਂ ਵਾਹਵਾ ਹੋ ਗਈ ਸੀ। ਇਥੇ ਇੰਡਸਟਰੀ ਤੇ ਕਾਰਾਂ ਦੇ ਕਾਰਖਾਨੇ ਸਾਰੇ ਇੰਗਲੈਂਡ ‘ਚੋਂ ਵੱਧ ਸਨ। 1959 ਤੋਂ 62 ਤਾਈਂ ਇਥੇ ਪੰਜਾਬੀਆਂ ਦੇ ਕਾਫੀ ਪਰਿਵਾਰ ਆ ਗਏ ਸਨ। ਕਈ ਬੱਚੇ ਪੰਜਾਬ ਦੇ ਸਕੂਲਾਂ ‘ਚੋਂ ਪੜ੍ਹਦੇ ਆਏ ਸਨ। ਪੰਦਰਾਂ ਸੋਲਾਂ ਸਾਲਾਂ ਦੇ ਤਾਂ ਸਿੱਧੇ ਕੰਮ ਲੱਗ ਜਾਂਦੇ, ਜਦ ਕਿ ਛੋਟੇ ਅੰਗਰੇਜ਼ੀ ਸਿੱਖਣ ਲਈ ਸਕੂਲਾਂ ਵਿਚ ਦਾਖਲ ਹੋ ਜਾਂਦੇ। ਅੱਧੀ ਛੁੱਟੀ ਵੇਲੇ ਉਹ ਅੰਗਰੇਜ਼ ਬੱਚਿਆਂ ਨਾਲ ਖੇਡਣ ਦੀ ਥਾਂ ਆਪਸ ਵਿਚ ਬੰਟੇ, ਕੌਡੀਆਂ ਤੇ ਗੁੱਲੀ ਡੰਡਾ ਖੇਡਦੇ। ਕਦੇ ਕਦੇ ਹੱਥੋਪਾਈ ਹੁੰਦੇ ਕਬੱਡੀ ਵੀ ਖੇਡਣ ਲੱਗ ਪੈਂਦੇ। ਇਸੇ ਇਲਾਕੇ ਵਿਚ ਫੌਂਡਰੀਆਂ ਨੇ ਬਹੁਤ ਸਾਰੇ ਕਾਮੇ ਰੱਖ ਲਏ ਸਨ। ਉਹ ਕੰਮਾਂ ਤੋਂ ਵਿਹਲੇ ਹੋ ਕੇ ਵੀਕ ਐਂਡ ‘ਤੇ ਘਾਹ ਦੇ ਮੈਦਾਨ ‘ਚ ਫੁੱਟਬਾਲ ਤੇ ਹੋਰ ਖੇਡਾਂ ਖੇਡਣ ਲੱਗਦੇ। ਇਕ ਦਿਨ ਇਸੇ ਹੀ ਪਾਰਕ ਵਿਚ ਕੁਝ ਏਧਰਲੇ ਪੰਜਾਬ ਦੇ ਤੇ ਕੁਝ ਓਧਰਲੇ ਪੰਜਾਬ ‘ਚੋਂ ਮੀਰਪੁਰ ਇਲਾਕੇ ਦੇ ਮੁੰਡੇ ‘ਕੱਠੇ ਹੋ ਗਏ।
ਗੱਪਾਂ ਸ਼ੱਪਾਂ ਮਾਰਦਿਆਂ ਗੱਲਾਂ ਗੱਲਾਂ ਵਿਚ ਕਬੱਡੀ ਦੀ ਗੱਲ ਤੁਰ ਪਈ ਅਤੇ ਸ਼ੋਅ ਮੈਚ ਉਥੇ ਈ ਪੱਕਾ ਹੋ ਗਿਆ। ਮੀਰਪੁਰ ਦੇ ਇਕ ਖਿਡਾਰੀ ਨੇ ਕਿਹਾ, “ਜਨਾਬ ਇਕ ਗੱਲ ਮੈਂ ਮੂੰਹ ਪਰ ਜ਼ਰੂਰ ਕਰਸਾਂ, ਬਾਅਦ ਵਿਚ ਤੁਸੀਂ ਕੋਈ ਇਤਰਾਜ਼ ਨਾ ਕਰਸੀ। ਇਸ ਲਈ ਗੱਲ ਪਹਿਲਾਂ ਟੁੱਕ ਛੱਡਣੀ ਹੀ ਠੀਕ ਹੈ। ਉਹ ਵਜ੍ਹਾ ਇਹ ਵੇ ਕਿ ਸਾਡੇ ਪਾਕਿਸਤਾਨ ਦੇ ਲੋਕ ਏਥੇ ਘੱਟ ਈ, ਇਸ ਲਈ ਅਸਾਂ ਕੁਝ ਖਿਡਾਰੀ ਬਰਮਿੰਘਮ ਤੋਂ ਖੜਨੇ ਨੇ।” ਏਧਰੋਂ ਕਿਸੇ ਨੇ ਕਿਹਾ ਕਿ ਆਪਾਂ ਸ਼ੁਗਲ ਈ ਕਰਨਾ ਹੈ, ਤੁਹਾਡੇ ਖਿਡਾਰੀ ਘੱਟ ਹੋਏ ਤਾਂ ਆਪਾਂ ਰਲ ਮਿਲ ਕੇ ਖੇਡ ਲਵਾਂਗੇ। ਇਹ ਕਹਿ ਕੇ ਮੈਚ 1963 `ਚ ਜੂਨ ਮਹੀਨੇ ਦੇ ਆਖਰੀ ਐਤਵਾਰ ਦਾ ਪੱਕਾ ਕਰ ਦਿੱਤਾ।
ਮੈਚ ਖੇਡਣ ਦਾ ਦਿਨ ਆ ਗਿਆ। ਮੌਸਮ ਬਹੁਤ ਚੰਗਾ ਸੀ, ਪਰ ਮੀਰਪੁਰ ਦੇ ਜੁਆਨਾਂ ਨੇ ਆ ਕੇ ਕਿਹਾ ਕਿ ਜਿਹੜੇ ਖਿਡਾਰੀ ਬਰਮਿੰਘਮ ਤੋਂ ਆਉਣੇ ਸਨ ਉਹ ਕਿਸੇ ਵਜ੍ਹਾ ਕਰਕੇ ਪੁੱਜ ਨਹੀਂ ਸਕੇ। ਉਨ੍ਹਾਂ ਖਿਡਾਰੀਆਂ ਦਾ ਇੰਤਜ਼ਾਰ ਕੀਤਾ ਗਿਆ। ਤਦ ਤਕ ਇਹ ਮੈਚ ਖੇਡਣ ਲਈ ਮੀਰਪੁਰ ਦੇ ਦੋ ਖਿਡਾਰੀ ਅਤੇ ਸਿੰਘਾਂ ਵੱਲੋਂ ਗਿਆਨ ਸਿੰਘ ਸੰਧੂ, ਦੀਪ ਵੱਢ ਖਾਣਾ, ਗੁਰਮੇਲ ਗੇਲੀ, ਬੰਸੂ ਲਿੱਤਰ, ਜੈਲਾ ਬੇਂਡਲ, ਅਮਰੀਕ ਭੰਗਲ, ਪ੍ਰੀਤਮ ਸਿੰਘ ਕਾਵੈਂਟਰੀ ਵਾਲਾ, ਸਿ਼ੰਦਾ ਸੰਧੂ ਚੱਪਣ, ਦਾਲੋ, ਗੇਲੋ, ਮੱਟੂ, ਦੇਵ ਬੌਨਾ ਤੇ ਪਾਲੀ ਪੁਰੇਵਾਲ ਇਕੱਠੇ ਹੋ ਚੁੱਕੇ ਸਨ। ਸੁਰਜੀਤ ਬੱਗਾ ਤੇ ਸੋਢੀ ਉਸ ਸਮੇਂ ਹਲਕੇ ਸਨ, ਜਿਸ ਕਰਕੇ ਉਨ੍ਹਾਂ ਨੂੰ ਹੀਥ ਪੱਬ ‘ਚੋਂ ਕੋਈ ਹੋਰ ਖਿਡਾਰੀ ਲੱਭਣ ਭੇਜ ਦਿੱਤਾ। ਉਥੇ ਉਨ੍ਹਾਂ ਨੂੰ ਦਾਤੇ ਚੇਲੇ ਵਾਲਾ ਸਤਨਾਮ ਗਿੱਲ ਮਿਲ ਗਿਆ। ਸਤਨਾਮ ਗਿੱਲ ਤੇ ਹੋਰ ਦੋ ਚਾਰ ਖਿਡਾਰੀਆਂ ਨੂੰ ਮੀਰਪੁਰੀਆਂ ਦੀ ਟੀਮ ਵਿਚ ਪਾ ਦਿੱਤਾ। ਫੁੱਟਬਾਲ ਖੇਡਦਾ ਹੋਣ ਕਰਕੇ ਸਤਨਾਮ ਦਾ ਸਟੈਮਨਾ ਕਾਫੀ ਸੀ। ਉਹਦੀ ਟੀਮ ਹਲਕੀ ਹੋਣ ਕਰਕੇ ਬਹੁਤਾ ਜ਼ੋਰ ਉਸੇ ਨੂੰ ਲਾਉਣਾ ਪਿਆ ਤੇ ਕੁੱਟ ਵੀ ਬਹੁਤੀ ਉਹਨੂੰ ਹੀ ਖਾਣੀ ਪਈ। ਇਸ ਤਰ੍ਹਾਂ ਸ਼ੁਗਲ-ਮੇਲੇ ਵਜੋਂ ਇੰਗਲੈਂਡ ਦੀ ਧਰਤੀ ‘ਤੇ ਪਹਿਲਾ ਕਬੱਡੀ ਮੈਚ ਹੋਇਆ।
ਕਬੱਡੀ ਦਾ ਦੂਜਾ ਮੈਚ ਕਾਵੈਂਟਰੀ ਦੇ ਮੌਰਸ ਪਾਰਕ ਵਿਚ ਜੁਲਾਈ 1964 ਦੇ ਇਕ ਐਤਵਾਰ ਨੂੰ ਹੋਇਆ। ਬਰਮਿੰਘਮ ਦੇ ਅੱਠ ਖਿਡਾਰੀ ਫੋਰਡ ਜੈਫਰ ਕਾਰ ਵਿਚ ਬੈਠ ਕੇ ਔਖੇ ਸੌਖੇ ਪਹੁੰਚੇ, ਜਿਨ੍ਹਾਂ ਦੇ ਨਾਂ ਗਿਆਨ ਸੰਧੂ, ਸੰਤੋਖ ਮੋਰ, ਰੇਸ਼ਮ ਦੁਸਾਂਝ, ਜਾਗਰ ਰੁੜਕਾ ਤੇ ਗੁਰਦੇਵ ਪਰਤਾਬਪੁਰਾ ਸਨ। ਬਾਕੀਆਂ ਦੇ ਨਾਂ ਭੁੱਲ ਗਏ ਹਨ। ਕਾਵੈਂਟਰੀ ਵੱਲੋਂ ਗੁਰਮੇਲ ਸੰਧੂ, ਗੁਰਮੇਲ ਗੇਲੀ, ਸਤਨਾਮ ਗਿੱਲ, ਲਸ਼ਕਰ, ਦੀਪ ਵੱਢਖਾਣਾ, ਦੇਵ ਜੌਹਲ, ਦੇਵ ਸਮਰਾ, ਪ੍ਰੀਤਾ, ਵਿੰਦਾ, ਚੱਪਣ ਤੇ ਦਾਲੋ ਖੇਡੇ। ਮੈਚ ਵੇਖਣ ਪੰਜਾਹ ਕੁ ਦਰਸ਼ਕ ਆਏ। ਬਜ਼ੁਰਗ ਕਹਿਣ ਲੱਗੇ, “ਆਹ ਤਾਂ ਬਈ ਜੁਆਨਾਂ ਨੇ ਇਕ ਘੰਟਾ ਪੰਜਾਬ ਦੀ ਸੈਰ ਕਰਾ`ਤੀ, ਲੈ ਹੁਣ ਛੇ ਮਹੀਨੇ ਨ੍ਹੀਂ ਡੋਲਦੇ।”
1965 ਵਿਚ ਬਰਮਿੰਘਮ ਸ਼ਹੀਦ ਊਧਮ ਸਿੰਘ ਦੀ ਯਾਦ ਵਿਚ ਇੰਗਲੈਂਡ ਦਾ ਪਹਿਲਾ ਕਬੱਡੀ ਟੂਰਨਾਮੈਂਟ ਹੋਇਆ। 1966 ਵਿਚ ਕਾਵੈਂਟਰੀ ਵਿਚ ਵੀ ਸ਼ਹੀਦ ਊਧਮ ਸਿੰਘ ਯਾਦਗਾਰੀ ਟੂਰਨਾਮੈਂਟ ਕਰਾਇਆ ਗਿਆ। ਟੂਰਨਾਮੈਂਟ ਦੇ ਪ੍ਰਬੰਧ ਲਈ ਪੱਬਾਂ ‘ਚ ਜਾ ਕੇ ਢਾਈ ਢਾਈ ਸ਼ਲਿੰਗ ਤੇ ਕੋਲੋਂ ਪੰਜ-ਪੰਜ ਦਸ-ਦਸ ਸ਼ਲਿੰਗ ‘ਕੱਠੇ ਕੀਤੇ ਗਏ। ਪਾਰਕ ਵਿਚ ਇਕ ਵੇਲੇ ਪ੍ਰੈਕਟਿਸ ਕਰਨ ਦਾ ਕਿਰਾਇਆ ਦਸ ਸ਼ਲਿੰਗ ਲੱਗਦਾ ਸੀ। 1967 ਵਿਚ ਇੰਡੀਅਨ ਸਪੋਰਟਸ ਕਮੇਟੀ ਕਾਵੈਂਟਰੀ ਦੀ ਨੀਂਹ ਰੱਖੀ ਗਈ। 1968 ਦੇ ਟੂਰਨਾਮੈਂਟ ‘ਚ ਹਾਕੀ ਤੇ ਰੱਸਾਕਸ਼ੀ ਦੀ ਖੇਡ ਵੀ ਸ਼ਾਮਲ ਕਰ ਲਈ ਗਈ। 1969 ਤੋਂ ਖੇਡ ਮੁਕਾਬਲੇ ਕਰਾਉਣ ਦੇ ਪੱਕੇ ਨਿਯਮ ਬਣਾ ਲਏ ਗਏ। 1970 ਵਿਚ ਖੇਡਾਂ ਦੀ ਨੈਸ਼ਨਲ ਜਥੇਬੰਦੀ ਦੀ ਸਥਾਪਨਾ ਹੋਈ। 1971 ਵਿਚ ਉਮਰਾਓ ਸਿੰਘ ਨੂੰ ਚਿੱਠੀ ਲਿਖੀ ਬਈ ਅਸੀਂ ਆਪਣੀਆਂ ਟੀਮਾਂ ਪੰਜਾਬ ਲੈ ਕੇ ਆਉਣਾ ਚਾਹੰੁਦੇ ਹਾਂ, ਤੁਸੀਂ ਸਾਨੂੰ ਸੱਦਾ ਪੱਤਰ ਭੇਜੋ।
1972 ਵਿਚ ਪੰਜਾਬ ਖੇਡ ਪ੍ਰੀਸ਼ਦ ਦੇ ਸਕੱਤਰ ਮੁਖਤਿਆਰ ਸਿੰਘ ਜਗਤਪੁਰੀਏ ਦਾ ਸੱਦਾ ਪੱਤਰ ਆ ਗਿਆ। 1973 ‘ਚ ਇੰਗਲੈਂਡ ਦੀ ਕਬੱਡੀ ਟੀਮ ਪੰਜਾਬ ਮੈਚ ਖੇਡਣ ਗਈ। ਪਹਿਲਾ ਟੈੱਸਟ ਮੈਚ 19 ਫਰਵਰੀ 1973 ਨੂੰ ਸੰਗਰੂਰ ਦੇ ਵਾਰ ਹੀਰੋਜ਼ ਸਟੇਡੀਅਮ ਵਿਚ ਖੇਡਿਆ ਗਿਆ, ਜੋ ਇੰਗਲੈਂਡ ਦੀ ਟੀਮ ਨੇ 62-60 ਅੰਕਾਂ ਨਾਲ ਜਿੱਤਿਆ। 21 ਫਰਵਰੀ ਨੂੰ ਬਠਿੰਡੇ ਵਿਚ ਸ਼ੋਅ ਮੈਚ ਹੋਇਆ, ਜੋ ਇੰਗਲੈਂਡ ਦੀ ਟੀਮ ਨੇ 60-47 ਅੰਕਾਂ ਨਾਲ ਜਿੱਤਿਆ। 23 ਫਰਵਰੀ ਨੂੰ ਫਰੀਦਕੋਟ ਵਿਚ ਸ਼ੋਅ ਮੈਚ ਹੋਇਆ, ਜਿਥੇ ਇੰਗਲੈਂਡ ਨੇ ਆਪਣੇ ਦੋ ਤਿੰਨ ਤਕੜੇ ਖਿਡਾਰੀਆਂ ਨੂੰ ਨਾ ਖਿਡਾਇਆ। ਇੰਗਲੈਂਡ ਦੀ ਟੀਮ 49-68 ਅੰਕਾਂ ਨਾਲ ਹਾਰ ਗਈ। 25 ਫਰਵਰੀ ਨੂੰ ਫਿਰੋਜ਼ਪੁਰ ਵਾਲਾ ਸ਼ੋਅ ਮੈਚ ਫਿਰ ਪੰਜਾਬ ਦੀ ਟੀਮ ਨੇ 52-29 ਪੈਂਟ੍ਹਾਂ (ਪੁਆਇੰਟਾਂ) ਨਾਲ ਜਿੱਤ ਲਿਆ। ਜੇ ਦਸ ਮਿੰਟ ਰਹਿੰਦਿਆਂ ਮੀਂਹ ਨਾ ਆਉਂਦਾ ਤਾਂ ਪੰਜਾਬ ਦੀ ਟੀਮ ਨੇ ਹੋਰ ਵੀ ਫਰਕ ਪਾ ਜਾਣਾ ਸੀ। 26 ਫਰਵਰੀ ਨੂੰ ਅੰਮ੍ਰਿਤਸਰ ਵਾਲਾ ਸ਼ੋਅ ਮੈਚ ਫੇਰ ਇੰਗਲੈਂਡ ਦੀ ਟੀਮ 56-52 ਅੰਕਾਂ ਨਾਲ ਜਿੱਤੀ। 28 ਫਰਵਰੀ ਨੂੰ ਗੁਰਦਾਸਪੁਰ ਦੇ ਸ਼ੋਅ ਮੈਚ ਵਿਚ ਇੰਗਲੈਂਡ ਦੀ ਟੀਮ ਨੇ 64-57 ਨੰਬਰਾਂ ਨਾਲ ਪੰਜਾਬ ਦੀ ਗੋਡੀ ਲੁਆ ਦਿੱਤੀ।
5 ਮਾਰਚ ਨੂੰ ਨੂਰਪੁਰ ਬੇਦੀ ਵਿਚ ਦੂਜਾ ਟੈੱਸਟ ਮੈਚ ਖੇਡਿਆ ਗਿਆ, ਜੋ ਭਾਰਤ ਦੀ ਟੀਮ ਨੇ 70-50 ਅੰਕਾਂ ਨਾਲ ਜਿੱਤ ਕੇ ਸੀਰੀਜ਼ 1-1 ‘ਤੇ ਬਰਾਬਰ ਕਰ ਲਈ। ਫਗਵਾੜੇ ਵਾਲਾ ਸ਼ੋਅ ਮੈਚ ਪੰਜਾਬ ਨੇ 63-59 ਅੰਕਾਂ ਨਾਲ ਜਿੱਤਿਆ। ਪੁਲਿਸ ਲਾਈਨ ਜਲੰਧਰ ਦੀਆਂ ਗਰਾਊਂਡਾਂ ਵਿਚ ਖੇਡਿਆ ਤੀਜਾ ਤੇ ਆਖਰੀ ਟੈੱਸਟ ਮੈਚ ਬਹੁਤ ਜ਼ੋਰ ਲਾ ਕੇ ਇੰਗਲੈਂਡ ਦੀ ਟੀਮ ਨੇ 55-43 ਅੰਕਾਂ ਨਾਲ ਜਿੱਤ ਲਿਆ ਤੇ ਸੀਰੀਜ਼ ਜਿੱਤਣ ਦੀ ਝੰਡੀ ਕਰ ਦਿੱਤੀ। ਕਿਲਾ ਰਾਇਪੁਰ ਦੇ ਸ਼ੋਅ ਮੈਚ ਤਕ ਇੰਗਲੈਂਡ ਦੇ ਕਈ ਖਿਡਾਰੀ ਕੰਡਮ ਹੋ ਚੁਕੇ ਸਨ। ਉਥੇ ਉਨ੍ਹਾਂ ਨੇ ਪੰਜਾਬ ਤੋਂ 43-28 ਅੰਕਾਂ ਨਾਲ ਪੂਰੇ ਸਮੇਂ ਤੋਂ ਪਹਿਲਾਂ ਹੀ ਹਾਰ ਮੰਨ ਲਈ, ਜਿਸ ਕਰਕੇ ਦਰਸ਼ਕਾਂ ਨੂੰ ਮੈਚ ਦਾ ਪੂਰਾ ਅਨੰਦ ਨਾ ਆ ਸਕਿਆ। ਢੁੱਡੀਕੇ ਦੇ ਦੇਸ਼ ਭਗਤ ਸਟੇਡੀਅਮ ਵਿਚ ਮਾਲਵੇ ਤੇ ਇੰਗਲੈਂਡ ਦੀਆਂ ਟੀਮਾਂ ਵਿਚਾਲੇ ਹੋਇਆ ਦੋਸਤਾਨਾ ਮੈਚ ਮਾਲਵੇ ਦੀ ਟੀਮ ਨੇ ਜਿੱਤਿਆ। ਉਸ ਮੈਚ ਦੀ ਕੁਮੈਂਟਰੀ ਨਾਵਲਕਾਰ ਜਸਵੰਤ ਸਿੰਘ ਕੰਵਲ ਤੇ ਪ੍ਰੋ. ਸਰਵਣ ਸਿੰਘ ਨੇ ਕੀਤੀ। 1974 ਵਿਚ ਪੰਜਾਬ ਦੀ ਕਬੱਡੀ ਟੀਮ ਸਾਡੇ ਸੱਦੇ ‘ਤੇ ਇੰਗਲੈਂਡ ਖੇਡਣ ਗਈ। ਉਦੋਂ ਤੋਂ ਪੰਜਾਬ ਦੀ ਪੇਂਡੂ ਖੇਡ ਕਬੱਡੀ ਦੇ ਖਿਡਾਰੀ ਹਵਾਈ ਜਹਾਜ਼ਾਂ ਦੇ ਝੂਟੇ ਲੈਂਦੇ ਆ ਰਹੇ ਹਨ ਅਤੇ ਹੁਣ ਤਕ ਸੈਂਕੜੇ ਪਰਿਵਾਰ ਕਬੱਡੀ ਦੇ ਸਿਰ ‘ਤੇ ਪੱਛਮੀ ਮੁਲਕਾਂ ਦੇ ਪੱਕੇ ਵਸਨੀਕ ਬਣ ਚੁਕੇ ਹਨ।
ਅਜਿਹਾ ਕਰਨ ਵਿਚ ਸੋਹਣ ਚੀਮੇ ਵਰਗੇ ਅਨੇਕਾਂ ਕਬੱਡੀ ਪ੍ਰੋਮੋਟਰਾਂ ਦਾ ਯੋਗਦਾਨ ਹੈ।