ਦੁੱਖ, ਦਵਾ ਤੇ ਦੁਆ ਦੀ ਦਰਗਾਹੇ

ਡਾ. ਗੁਰਬਖਸ਼ ਸਿੰਘ ਭੰਡਾਲ ਫਿਜਿਕਸ ਦੇ ਅਧਿਆਪਕ ਹਨ, ਪਰ ਉਨ੍ਹਾਂ ਦੀਆਂ ਲਿਖਤਾਂ ਵਿਚ ਫਿਜਿਕਸ ਜਿਹੀ ਖੁਸ਼ਕੀ ਨਹੀਂ, ਸਗੋਂ ਕਾਵਿਕ ਰਵਾਨਗੀ ਹੁੰਦੀ ਹੈ। ਉਹ ਜ਼ਿੰਦਗੀ ਦੇ ਸੱਚ ਦੀਆਂ ਗੱਲਾਂ ਇੰਨੇ ਸਹਿਜ ਭਾਅ ਕਰੀ ਜਾਂਦੇ ਹਨ, ਜਿਵੇਂ ਕੋਈ ਬੜਾ ਸਿਆਣਾ ਬਜ਼ੁਰਗ ਆਪਣੇ ਤੋਂ ਅਗਲੀ ਪੀੜ੍ਹੀ ਨੂੰ ਜ਼ਿੰਦਗੀ ਦੇ ਸੱਚ ਦੱਸ ਰਿਹਾ ਹੋਵੇ। ਇਸ ਲੇਖ ਲੜੀ ਦੇ ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਸਮੇਂ ਤੋਂ ਸਬਕ ਸਿੱਖਣ ਦੀ ਨਸੀਹਤ ਕੀਤੀ ਸੀ ਅਤੇ ਕਿਹਾ ਸੀ, “ਸਮੇਂ ਦੀ ਕੋਈ ਵੀ ਸਮਾਂ-ਸੀਮਾ ਨਿਰਧਾਰਤ ਨਹੀਂ ਕੀਤੀ ਜਾ ਸਕਦੀ; ਸਮੇਂ ਨੂੰ ਸਮਝੋ, ਇਸ ਦੀ ਸਾਰਥਿਕਤਾ ਨੂੰ ਪਛਾਣੋ, ਇਸ ਦੀ ਸਦੀਵਤਾ ਅਤੇ ਸੁਹੱਪਣ ਲਈ ਉਦਮ ਕਰੋ…।”

ਹਥਲੇ ਲੇਖ ਵਿਚ ਡਾ. ਭੰਡਾਲ ਨੇ ਦੁੱਖਾਂ-ਦਰਦਾਂ ਉਤੇ ਦਵਾਈ ਦੇ ਨਾਲ ਨਾਲ ਦੁਆ ਦੇ ਮੱਲ੍ਹਮ ਲਾਉਣ ਦਾ ਯਤਨ ਕੀਤਾ ਹੈ। ਉਹ ਕਹਿੰਦੇ ਹਨ, “ਦੁੱਖਾਂ-ਦਰਦਾਂ ਦੇ ਵਹੀ ਖਾਤਿਆਂ ਨੂੰ ਫਰੋਲਿਆਂ ਅਤੇ ਹਿਸਾਬ-ਕਿਤਾਬ ਕੀਤਿਆਂ ਤੁਹਾਨੂੰ ਆਪਣੇ ਤੇ ਪਰਾਏ, ਖੂਨ ਦੇ ਰਿਸ਼ਤੇ ਤੇ ਪ੍ਰੇਮ ਸਬੰਧ ਅਤੇ ਅਸਲੀਅਤ ਤੇ ਮਖੌਟੇ ਵਿਚਲੇ ਫਰਕ ਦਾ ਪਤਾ ਲੱਗਦਾ।…ਪਰ ਦੁਆ ਬੰਦੇ ਦੀ ਮਾਨਸਿਕਤਾ ਵਿਚਲਾ ਬਦਲਾਅ। ਮਨ ਵਿਚ ਪੈਦਾ ਹੋਈ ਵਿਚਾਰਧਾਰਾ ਦਾ ਉਹ ਪ੍ਰਵਾਹ ਜਿਸ ਨੇ ਤੁਹਾਡੀ ਸੋਚ, ਕਰਮਸ਼ੈਲੀ, ਨਜ਼ਰੀਆ ਅਤੇ ਵਿਅਕਤੀਤਵ ਨੂੰ ਮਾਨਵਪੱਖੀ ਕਰਨਾ ਹੁੰਦਾ।” ਉਹ ਕਹਿੰਦੇ ਹਨ, “ਦੁਆ ਦਾ ਕਰਮ ਹੀ ਮਨੁੱਖੀ ਬੰਦਿਆਈ, ਭਲਿਆਈ ਤੇ ਚੰਗਿਆਈ ਨੂੰ ਸਮੁੱਚੀ ਲੋਕਾਈ ਦੇ ਨਾਮ ਅਰਪਿੱਤ ਕਰਨਾ ਅਤੇ ਖੁਦ ਲਈ ਮਨ ਦੀ ਸੰਤੁਸ਼ਟੀ ਦੀਆਂ ਨਿਆਮਤਾਂ ਦਾ ਦਾਨ ਮੰਗਣਾ ਹੁੰਦਾ।…ਦੁਆ ਕਰੋ ਕਿ ਹਰ ਦਿਨ ਜਿ਼ੰਦਗੀ ਦੇ ਰੰਗਾਂ ਨਾਲ ਭਰਿਆ ਹੋਵੇ। ਹਰ ਪਲ ਸ਼ੁਕਰ-ਗੁਜ਼ਾਰੀ ਨਾਲ ਵਰਿਆ ਹੋਵੇ।”

ਡਾ. ਗੁਰਬਖਸ਼ ਸਿੰਘ ਭੰਡਾਲ

ਜਿ਼ੰਦਗੀ ਦੁੱਖਾਂ ਤੇ ਸੁੱਖਾਂ ਦਾ ਸੰਗਮ। ਇਨ੍ਹਾਂ ਦੀ ਇਕਸਾਰਤਾ, ਸਮਤੋਲਤਾ ਅਤੇ ਸਹਿਹੋਂਦ ਦਾ ਮਿਲਗੋਭਾ। ਇਸ ਨਾਲ ਮਿਲਦੀ ਜਿੰ਼ਦਗੀ ਨੂੰ ਨਵੀਂ ਦਿਸ਼ਾ ਤੇ ਦਸ਼ਾ।
ਜੀਵਨ ਵਿਚ ਜਖਮ ਵੀ ਮਿਲਦੇ, ਸੁਪਨਿਆਂ `ਤੇ ਝਰੀਟਾਂ ਵੀ ਪੈਂਦੀਆਂ, ਗੋਡੇ ਵੀ ਛਿੱਲੇ ਜਾਂਦੇ, ਰਾਹਾਂ ਵਿਚ ਕੰਡੇ ਵੀ ਚੁੱਭਦੇ ਅਤੇ ਮੰਜਿ਼ਲਾਂ ਨੂੰ ਧੁੰਧਲਕੇ ਵਿਚ ਲਪੇਟਿਆ ਵੀ ਜਾਂਦਾ।
ਜਿ਼ੰਦਗੀ ਦੇ ਪੈਂਡੇ ਬਹੁਤ ਹੀ ਬਿਖੜੇ। ਬਹੁਤ ਘੱਟ ਲੋਕ ਹੁੰਦੇ, ਜਿਨ੍ਹਾਂ ਦਾ ਸਮੁੱਚਾ ਜੀਵਨ ਸਪੱਸ਼ਟ ਅਤੇ ਸਿੱਧੇ ਰਾਹਾਂ `ਤੇ ਚੱਲਦਿਆਂ ਬਤੀਤਦਾ, ਪਰ ਅਜਿਹਾ ਲੋਕਾਂ ਨੂੰ ਦੁਸ਼ਵਾਰੀਆਂ ਵਿਚੋਂ ਮਿਲੀਆਂ ਸੁਮੱਤਾਂ, ਕਸ਼ਟਾਂ ਵਿਚੋਂ ਮਿਲੀਆਂ ਨਸੀਹਤਾਂ, ਬੇਗਾਨਗੀ ਵਿਚੋਂ ਮਿਲੀ ਅਪਣੱਤ ਦੀ ਮਹਾਨਤਾ, ਬੇਗੈਰਤੀ ਵਿਚੋਂ ਪੜਿਆ ਗੈਰਤ ਦਾ ਸਬਕ ਅਤੇ ਬੇਸ਼ਰਮੀ ਵਿਚੋਂ ਅਣਖ ਨਾਲ ਜਿਊਣ ਦਾ ਸਬਕ ਸਿੱਖਣ ਨੂੰ ਨਹੀਂ ਮਿਲਦਾ। ਅਜਿਹਾ ਜੀਵਨ ਬਹੁਤ ਨੀਰਸ, ਅਕਾਊ, ਬੇਰੱਸ, ਬੁੱਸਬੁੱਸਾ, ਬੇਰੌਣਕਾ ਅਤੇ ਬੇਰਤੀਬਾ।
ਦੁੱਖਾਂ-ਦਰਦਾਂ ਦੇ ਵਹੀ ਖਾਤਿਆਂ ਨੂੰ ਫਰੋਲਿਆਂ ਅਤੇ ਹਿਸਾਬ-ਕਿਤਾਬ ਕੀਤਿਆਂ ਤੁਹਾਨੂੰ ਆਪਣੇ ਤੇ ਪਰਾਏ, ਖੂਨ ਦੇ ਰਿਸ਼ਤੇ ਤੇ ਪ੍ਰੇਮ ਸਬੰਧ ਅਤੇ ਅਸਲੀਅਤ ਤੇ ਮਖੌਟੇ ਵਿਚਲੇ ਫਰਕ ਦਾ ਪਤਾ ਲੱਗਦਾ। ਇਹ ਵੀ ਸਮਝ ਆਉਂਦੀ ਕਿ ਕੌਣ ਬਣਦਾ ਏ ਜਖ਼ਮਾਂ ਲਈ ਮਰ੍ਹਮ? ਕੌਣ ਕਰਦਾ ਏ ਟਕੋਰ ਸੱਟਾਂ `ਤੇ? ਕਿਹੜਾ ਦਿੰਦਾ ਏ ਸੇਕ ਪਿੰਡੇ ਦੀਆਂ ਲਾਸਾਂ ‘ਤੇ? ਕੌਣ ਜਾਣਦਾ ਏ ਰੂਹ ਦੀ ਪੀੜਾ? ਕਿਸ ਦੇ ਮੋਢੇ ਲੱਗ ਕੇ ਰੋਇਆ ਜਾ ਸਕਦਾ ਤੇ ਦਿਲ ਤੇ ਲੱਗਿਆ ਦਾਗ ਧੋਇਆ ਜਾ ਸਕਦਾ?
ਅਜਿਹੇ ਵੇਲੇ ਵਿਚ ਸਭ ਤੋਂ ਪਹਿਲੀ ਲੋੜ ਹੁੰਦੀ ਹੈ, ਰਿੱਸਦੇ ਫੋੜੇ ਨੂੰ ਫੇਹ ਕੇ ਇਸ ਵਿਚੋਂ ਪੀਕ ਕੱਢਣ ਦੀ। ਜਖਮ ਨੂੰ ਧੋਣ ਦੀ ਤੇ ਮਰ੍ਹਮ ਲਾਉਣ ਦੀ। ਦਵਾ ਲਾਉਣ ਵਾਸਤੇ ਵਗਦੇ ਜਖਮ `ਤੇ ਪੱਟੀ ਬੰਨਣ ਦੀ। ਮਨ ਵਿਚ ਉਠੀ ਪੀੜ ਨੂੰ ਕਿਸੇ ਆਪਣੇ ਦੇ ਨਾਮ ਕਰਨ ਦੀ ਅਤੇ ਮਰਨਹਾਰੀ ਪੀੜਾ ਤੋਂ ਰਾਹਤ ਪਾਉਣ ਦੀ। ਇਹ ਦਵਾ ਹੀ ਹੁੰਦੀ, ਜੋ ਸਾਨੂੰ ਥੋੜ੍ਹਚਿਰਾ ਧੀਰਜ ਬੰਨਾਉਂਦੀ, ਅੱਥਰੂਆਂ ਨੂੰ ਪੂੰਝਦੀ, ਮੁੱਖ `ਤੇ ਵਗੀਆਂ ਘਰਾਲਾਂ ਮਿਟਾਉਂਦੀ, ਹਟਕੋਰਿਆਂ ਨੂੰ ਵਰਚਾਉਂਦੀ ਅਤੇ ਹਿੱਚਕੀਆਂ ਨੂੰ ਚੁੱਪ ਕਰਾਉਂਦੀ।
ਦੁੱਖ ਤੋਂ ਦਵਾ ਦੀ ਯਾਤਰਾ ਕਰਦਿਆਂ ਹੀ ਜਖਮ ਆਠਰਦਾ, ਖਰੀਂਢ ਆਉਂਦਾ, ਚੀਸ ਘਟਦੀ ਅਤੇ ਬੰਦਾ ਖੁਦ ਦੀ ਬੇਪਛਾਣਤਾ ਵਿਚੋਂ ਖੁਦ ਨੂੰ ਨਿਹਾਰਨ, ਪਛਾਣਨ, ਵਿਸਥਾਰਨ ਅਤੇ ਮੁੜ ਤੋਂ ਆਪਣੇ ਪੈਰਾਂ ‘ਤੇ ਖੜ੍ਹਾ ਹੋਣ ਅਤੇ ਨਵੇਂ ਨਰੋਏ ਕਦਮਾਂ ਨਾਲ ਸਫਰ ਸ਼ੁਰੂ ਕਰਨ ਦੇ ਯੋਗ ਹੁੰਦਾ।
ਇਹ ਦਵਾ ਹੀ ਹੁੰਦੀ, ਜੋ ਜਖ਼ਮ ਨੂੰ ਤਾਂ ਮਿਟਾ ਦਿੰਦੀ, ਪਰ ਜਿਸਮ `ਤੇ ਇਕ ਦਾਗ ਸਦੀਵੀ ਰਹਿ ਜਾਂਦਾ ਜੋ ਕਈ ਵਾਰ ਆਪਣਿਆਂ ਨੇ ਦਿੱਤਾ ਹੁੰਦਾ। ਇਸ ਦੀ ਚੀਸ ਕਦੇ ਵੀ ਨਹੀਂ ਜਾਂਦੀ। ਕੁਝ ਜਖਮ ਰੂਹ `ਤੇ ਵੀ ਲੱਗੇ ਹੁੰਦੇ, ਜੋ ਸਦਾ ਟੱਸਕਦੇ ਰਹਿੰਦੇ ਅਤੇ ਮੂਕ ਲੇਰ, ਮਨ-ਵਿਹੜੇ ਵਿਚ ਤਾਰੀ ਰਹਿੰਦੀ।
ਜਿਸਮ `ਤੇ ਲੱਗੇ ਹੋਏ ਦਾਗਾਂ ਨੂੰ ਮਿਟਾਉਣ ਅਤੇ ਰੂਹ `ਤੇ ਪਈਆਂ ਝਰੀਟਾਂ ਨੂੰ ਖਤਮ ਕਰਨ ਲਈ ਫਿਰ ਇਕ ਹੀ ਰਾਹ ਬਚਦਾ ਹੈ, ਉਹ ਹੈ ਦੁਆ ਦਾ। ਇਹ ਮਨ ਵਿਚੋਂ ਨਿਕਲੀ ਦੁਆ ਹੀ ਹੁੰਦੀ ਕਿ ਬੰਦਾ ਆਪਣੇ ਜਖਮ ਵੀ ਭੁੱਲ ਜਾਂਦਾ। ਰੂਹ `ਤੇ ਪਈਆਂ ਝਰੀਟਾਂ ਨੂੰ ਵਿਸਾਰ ਕੇ ਸਰਬ-ਸੁਖਨ ਲਈ ਦੁਆ ਕਰਦਾ। ਇਸ ਦੁਆ ਵਿਚ ਸ਼ਾਮਲ ਹੁੰਦੇ ਨੇ ਸਾਰੇ-ਕੀ ਆਪਣੇ ਤੇ ਕੀ ਪਰਾਏ, ਕੀ ਦੁੱਖ ਦੇਣ ਵਾਲੇ ਤੇ ਕੀ ਦੁੱਖ-ਦਰਦ ਦੂਰ ਕਰਨ ਵਾਲੇ, ਕੀ ਰਾਹ ਪਾਉਣ ਵਾਲੇ ਅਤੇ ਕੀ ਰਾਹੋਂ ਭਟਕਾਉਣ ਵਾਲੇ। ਦੁਆ ਦਾ ਕੋਈ ਧਰਮ ਨਹੀਂ ਅਤੇ ਨਾ ਹੀ ਕਿਸੇ ਵਿਸ਼ੇਸ਼ ਵਰਗ ਲਈ ਹੁੰਦੀ। ਦੁਆ ਦਾ ਕਰਮ ਹੀ ਮਨੁੱਖੀ ਬੰਦਿਆਈ, ਭਲਿਆਈ ਤੇ ਚੰਗਿਆਈ ਨੂੰ ਸਮੁੱਚੀ ਲੋਕਾਈ ਦੇ ਨਾਮ ਅਰਪਿੱਤ ਕਰਨਾ ਅਤੇ ਖੁਦ ਲਈ ਮਨ ਦੀ ਸੰਤੁਸ਼ਟੀ ਦੀਆਂ ਨਿਆਮਤਾਂ ਦਾ ਦਾਨ ਮੰਗਣਾ ਹੁੰਦਾ।
ਦਵਾਈ ਤੋਂ ਬਾਅਦ ਦੁਆ ਦਾ ਪੈਂਡਾ ਤੈਅ ਕਰਨਾ ਤਾਂ ਮੁਸ਼ਕਿਲ, ਪਰ ਜਿਹੜੇ ਲੋਕ ਇਸ ਮਾਰਗ ਦੇ ਪਾਂਧੀ ਬਣਦੇ, ਉਹ ਨਵੀਆਂ ਪੈੜਾਂ ਤੇ ਰਾਹਾਂ ਦੀ ਨਿਸ਼ਾਨਦੇਹੀ ਕਰਦੇ। ਉਹ ਜਿੰ਼ਦਗੀ ਦੇ ਸੁੱਚਮ ਤੇ ਉਚਮ ਦਾ ਦਮ ਭਰਦੇ। ਉਹ ਹਾਸਿਆਂ, ਖੇੜਿਆਂ, ਖਿਆਲਾਂ, ਖਬਤਾਂ ਅਤੇ ਖੁਆਬਾਂ ਨੂੰ ਕੋਰੇ ਮਨਾਂ ਦੇ ਨਾਮ ਕਰਦੇ ਅਤੇ ਫਿਰ ਸੁਪਨਿਆਂ ਦੀ ਮੌਲਦੀ ਫਸਲ, ਦੁਨਿਆਵੀ ਬੇਗਾਨਗੀ ਤੇ ਬੇਰੌਣਕੀ ਦੇ ਨਾਮ ਕਰਦੇ।
ਦੁਆ ਉਹ ਹੀ ਕਰ ਸਕਦਾ, ਜਿਸ ਦੇ ਅੱਖ ਵਿਚ ਅੱਥਰੂ ਛਲਕਦੇ ਹੋਣ, ਦੁੱਖ ਸੁਣ ਕੇ ਜਿਸ ਦਾ ਗਲਾ ਭਰ ਆਵੇ, ਜੋ ਦਰਦ-ਗਾਥਾ ਪੜ੍ਹਦਾ-ਪੜ੍ਹਦਾ ਹੰਝੂਆਂ ਨਾਲ ਵਰਕਿਆਂ ਨੂੰ ਭਿਓਵੇ, ਜਿਹੜਾ ਕਿਸੇ ਦੇ ਦਰਦ ਵਿਚ ਪੀੜ-ਪੀੜ ਹੋ ਜਾਵੇ, ਜਿਹੜਾ ਕਿਸੇ ਦੀਆਂ ਨਮ ਅੱਖਾਂ ਨੂੰ ਸੁਕਾਵੇ, ਜਿਹੜਾ ਤਿੜਕੇ ਸੁਪਨਿਆਂ ਨੂੰ ਉਚੇਰੀ ਪਰਵਾਜ਼ ਦੇਣ ਦੇ ਕਾਬਲ ਬਣਾਵੇ, ਜਿਹੜਾ ਪਰਿੰਦਿਆਂ ਦੇ ਨਾਮ ਅੰਬਰ ਕਰੇ, ਜਿਹੜਾ ਫੁੱਲਪੱਤੀਆਂ ਵਿਚੋਂ ਕੁਦਰਤ ਨੂੰ ਨਿਹਾਰੇ, ਜਿਹੜਾ ਬਿਰਖਾਂ-ਬੂਟਿਆਂ ਨੂੰ ਜਿਉਂਦਾ ਸਮਝਦਾ ਹੋਵੇ, ਜੋ ਧਾਰਮਿਕ ਅਡੰਬਰਾਂ ਤੋਂ ਮੁਨਕਰ ਹੋਵੇ, ਜਿਸ ਲਈ ਵਰਣ, ਜਾਤ, ਨਸਲ ਅਤੇ ਧਾਰਮਿਕ ਵੰਡੀਆਂ ਲਈ ਕੋਈ ਥਾਂ ਨਾ ਹੋਵੇ। ਸਭ ਤੋਂ ਜਰੂਰੀ ਹੈ ਕਿ ਜਿਸ ਦਾ ਕੋਈ ਨਾਂ, ਥਾਂ ਤੇ ਗਰਾਂ ਨਾ ਹੋਵੇ, ਸਗੋਂ ਫੱਕਰ-ਲੋਕ। ਸਿਰਫ ਸੀਮਤ ਲੋੜਾਂ ਨਾਲ ਮਾਨਵਤਾ ਦੇ ਮਾਰਗ `ਤੇ ਚੱਲਣ ਵਾਲੇ ਲੋਕ ਹੀ ਦੁਆਵਾਂ ਮੰਗਦੇ ਅਤੇ ਇਨ੍ਹਾਂ ਦੀਆਂ ਦੁਆਵਾਂ ਬਹੁਤ ਅਸਰ-ਅੰਦਾਜ਼। ਲੋਕ ਦਿਖਾਵੇ ਲਈ ਜੋੜੇ ਹੋਏ ਹੱਥਾਂ, ਮੁੰਧੀਆਂ ਅੱਖਾਂ ਅਤੇ ਸੁੰਨ-ਸਮਾਧੀ ਵਿਚ ਲੀਨ ਹੋਣ ਦਾ ਭਰਮ ਪਾਲਣ ਵਾਲਿਆਂ ਦੀਆਂ ਦੁਆਵਾਂ ਕਦ ਕਬੂਲ ਹੁੰਦੀਆਂ? ਕੁਦਰਤ ਨੂੰ ਸਾਡੇ ਤੋਂ ਵੀ ਪਹਿਲਾਂ ਪਤਾ ਹੁੰਦਾ ਹੈ ਕਿ ਕੌਣ, ਕਿਸ ਲਈ ਅਤੇ ਕਿਹੜੀ ਮਨੋ-ਕਾਮਨਾਵਾਂ ਨਾਲ ਕਿਸ ਰੂਪ ਵਿਚ ਦੁਆ ਕਰ ਰਿਹਾ?
ਦੁਆ ਕਰੋ ਕਿ ਹਰ ਦਿਨ ਜਿ਼ੰਦਗੀ ਦੇ ਰੰਗਾਂ ਨਾਲ ਭਰਿਆ ਹੋਵੇ। ਹਰ ਪਲ ਸ਼ੁਕਰ-ਗੁਜ਼ਾਰੀ ਨਾਲ ਵਰਿਆ ਹੋਵੇ। ਹਰ ਰਾਤ ਤਾਰਿਆਂ ਨਾਲ ਜਗਮਗਾਵੇ ਅਤੇ ਹਰ ਸਰਘੀ ਜੀਵਨ ਲੋਅ ਲੈ ਕੇ ਦਰੀਂ ਆਵੇ। ਹਰ ਦਰ `ਤੇ ਸ਼ਗਨਾਂ ਦਾ ਤੇਲ ਚੋਵੇ, ਹਰ ਬੂਹੇ `ਤੇ ਨਿੰਮ ਦੇ ਪੱਤਿਆਂ ਦਾ ਹਾਰ ਹੋਵੇ, ਹਰ ਖਿੜਕੀ ਵਿਚੋਂ ਪੌਣ ਦਾ ਪਸਾਰ ਹੋਵੇ, ਹਰ ਰੌਸ਼ਨਦਾਨ ਚਾਨਣ ਦਾ ਸੰਸਾਰ ਹੋਵੇ, ਹਰ ਘਰ ਨੂੰ ਘਰ ਹੋਣ ਦਾ ਮਾਣ ਹੋਵੇ, ਹਰ ਵਿਹੜਾ ਹੀ ਘਰ ਦਾ ਸੁੱਚਾ ਵਿਸਥਾਰ ਹੋਵੇ ਅਤੇ ਹਰ ਗਰਾਂ ‘ਚੋਂ ਵੱਸਣ-ਰੱਸਣ ਦਾ ਮਲਾਲ ਚੋਵੇ।
ਕਦੇ ਵੀ ਕਿਸੇ ਗਰੀਬ ਨੂੰ ਜ਼ਲੀਲ ਨਾ ਕਰੋ। ਕੁਝ ਫੱਕਰ ਸਿਰਫ ਭੀਖ ਲੈਣ ਨਹੀਂ ਆਉਂਦੇ, ਸਗੋਂ ਉਹ ਘਰ ਵਾਲਿਆਂ ਨੂੰ ਦੁਆਵਾਂ ਨਾਲ ਨਿਵਾਜਣ ਆਉਂਦੇ। ਅਜਿਹੇ ਅਲਮਸਤਾਂ ਦੀਆਂ ਦੁਆਵਾਂ ਨਾਲ ਜੀਵਨ ਦੀਆਂ ਅਨੰਦਿਤ ਬਖਸਿ਼ਸ਼ਾਂ ਹਾਸਲ ਹੋ ਜਾਂਦੀਆਂ।
ਜਿੰਨੀ ਵਾਰ ਤੁਸੀਂ ਦੁਆ ਕਰੋਗੇ, ਤਕਦੀਰ ਵੀ ਉਨੀ ਵਾਰ ਹੀ ਬਦਲੇਗੀ, ਕਿਉਂਕਿ ਦੁਆ ਦੌਰਾਨ ਤਕਦੀਰ ਹੀ ਸਭ ਤੋਂ ਪਹਿਲਾਂ ਤੁਹਾਡੇ ਦਰ ਦੀ ਦਸਤਕ ਬਣਦੀ।
ਦੁਆ ਬੰਦੇ ਦੀ ਮਾਨਸਿਕਤਾ ਵਿਚਲਾ ਬਦਲਾਅ। ਮਨ ਵਿਚ ਪੈਦਾ ਹੋਈ ਵਿਚਾਰਧਾਰਾ ਦਾ ਉਹ ਪ੍ਰਵਾਹ ਜਿਸ ਨੇ ਤੁਹਾਡੀ ਸੋਚ, ਕਰਮਸ਼ੈਲੀ, ਨਜ਼ਰੀਆ ਅਤੇ ਵਿਅਕਤੀਤਵ ਨੂੰ ਮਾਨਵਪੱਖੀ ਕਰਨਾ ਹੁੰਦਾ। ਇਸ ਨਾਲ ਹੀ ਕਿਸਮਤ ਨੂੰ ਨਵੀਂ ਬੁਲੰਦੀ ਦਾ ਨਾਮਕਰਨ ਮਿਲਦਾ।
ਦੁਆ ਇਕ ਆਸਥਾ। ਖੁਦ ‘ਤੇ ਭਰੋਸਾ ਅਤੇ ਵਿਸ਼ਵਾਸ। ਖੁਦ ਦੀਆਂ ਨਾਕਾਮੀਆਂ, ਕਮੀਆਂ ਅਤੇ ਕੁਤਾਹੀਆਂ ਦਾ ਗਿਆਨ। ਇਸ ਦੀ ਸੋਝੀ ਵਿਚੋਂ ਹੀ ਨਿਖਰਦਾ ਏ ਇਨਸਾਨ ਅਤੇ ਬਣਦਾ ਇਨਸਾਨੀਅਤ ਦਾ ਦਰਬਾਨ।
ਬਦਨਸੀਬ ਉਹ ਲੋਕ ਹੁੰਦੇ, ਜਿਨ੍ਹਾਂ ਕਿਸੇ ਲਈ ਦੁਆ ਤਾਂ ਕੀ ਕਰਨੀ, ਉਨ੍ਹਾਂ ਕੋਲ ਤਾਂ ਖੁਦ ਲਈ ਵੀ ਦੁਆ ਮੰਗਣ ਲਈ ਵਕਤ ਨਹੀਂ। ਦੁਆ ਲਈ ਸਭ ਤੋਂ ਜਰੂਰੀ ਹੁੰਦਾ ਹੈ ਖੁਦ ਨਾਲ ਜੁੜਨਾ। ਭਲਾ ਖੁਦ ਨਾਲੋਂ ਹੀ ਬਿਖਰੇ ਹੋਏ ਲੋਕ ਕਿਵੇਂ ਦੁਆ ਮੰਗ ਸਕਦੇ?
ਐ ਬੰਦੇ! ਕੁਝ ਤਾਂ ਅਜਿਹਾ ਕਰ ਕਿ ਤੈਨੂੰ ਦੁਆ ਮੰਗਣ ਦੀ ਨੌਬਤ ਹੀ ਨਾ ਆਵੇ, ਸਗੋਂ ਲੋਕ ਹੀ ਤੇਰੇ ਲਈ ਦੁਆਵਾਂ ਮੰਗਣ। ਉਹ ਆਪਣੀਆਂ ਦੁਆਵਾਂ ਵਿਚ ਤੈਨੂੰ ਯਾਦ ਰੱਖਣ ਅਤੇ ਤੇਰੀਆਂ ਬਲਾਵਾਂ ਆਪਣੇ ਸਿਰ ਲੈਣ ਲਈ ਜੋਦੜੀ ਕਰਨ।
ਹਰ ਰੋਜ਼ ਚੰਨ ਨਿਕਲਣ `ਤੇ ਦੁਆ ਮੰਗੋ ਕਿ ਜੀਵਨੀ ਰਾਤ ਨੂੰ ਹਮੇਸ਼ਾ ਪੁੰਨਿਆਂ ਦਾ ਸਾਥ ਮਿਲਦਾ ਰਹੇ। ਵੀਰਾਨੀਆਂ ਵਿਚ ਚਾਅਵਾਂ ਦਾ ਚਮਨ ਖਿੜਦਾ ਰਹੇ। ਤਕਦੀਰ ਮਿਹਰਬਾਨ ਹੁੰਦੀ ਰਹੇ। ਸੱਜਣਾਂ-ਸਨੇਹੀਆਂ ਦੀ ਮੁਹੱਬਤ ਅਤੇ ਮਿੱਤਰ-ਪਿਆਰਿਆਂ ਦੀਆਂ ਯਾਦਾਂ ਦਾ ਕਾਫਲਾ ਮਨ-ਬੀਹੀ ਵਿਚ ਦਸਤਕ ਦਿੰਦਾ ਰਹੇ। ਦੁਆ ਵਿਚੋਂ ਨਿਕਲਿਆ ਇਕ ਹੀ ਹੰਝੂ ਵਕਤ ਨੂੰ ਬਦਲਣ ਦੀ ਸਮਰੱਥਾ ਰੱਖਦਾ।
ਮਾਂ ਦੀ ਦੁਆ, ਵਕਤ ਤਾਂ ਕੀ, ਉਹ ਤਾਂ ਨਸੀਬ ਵੀ ਬਦਲ ਦਿੰਦੀ ਹੈ। ਜਦ ਮਾਂ ਦੀ ਦੁਆ ਕੰਮ ਨਾ ਕਰੇ ਤਾਂ ਸਮਝੋ ਕਿ ਅਸੀਂ ਮਾਂ ਨੂੰ ਹੀ ਦੁਖੀ ਕਰ ਦਿੱਤਾ ਹੈ।
ਜਿ਼ੰਦਗੀ ਬਹੁਤ ਹੀ ਖੂਬਸੂਰਤ। ਇਸ ਨੂੰ ਹੋਰ ਖੂਬਸੂਰਤ ਬਣਾਉਣ ਲਈ ਜਰੂਰੀ ਹੈ ਕਿ ਅਸੀਂ ਇਕ ਦੂਜੇ ਨੂੰ ਦੁਆਵਾਂ ਦਿੰਦੇ ਰਹੀਏ ਅਤੇ ਦੁਆਵਾਂ ਲੈਂਦੇ ਰਹੀਏ। ਉਹ ਕਿਸਮਤ ਦੇ ਧਨੀ ਹੁੰਦੇ, ਜਿਨ੍ਹਾਂ `ਤੇ ਹੁੰਦੀ ਹੈ ਆਪਣੇ ਬਜ਼ੁਰਗਾਂ ਦੀਆਂ ਦੁਆਵਾਂ ਦੀ ਛਾਂ। ਇਸ ਛਾਂ ਵਿਚੋਂ ਹੀ ਉਹ ਜਿ਼ੰਦਗੀ ਦੀਆਂ ਤਮਾਮ ਸੰਭਾਵਨਾਵਾਂ ਤੇ ਸੁਪਨਿਆਂ ਨੂੰ ਸੰਪੂਰਨ ਕਰਨ ਦੇ ਕਾਬਲ ਹੁੰਦੇ। ਉਨ੍ਹਾਂ ਦੀਆਂ ਸਫਲਤਾਵਾਂ ਵਿਚੋਂ ਵੀ ਨਿਕਲੀਆਂ ਦੁਆਵਾਂ ਦੀਆਂ ਤਰੰਗਾਂ ਚੌਗਿਰਦੇ ਨੂੰ ਮਹਿਫੂਜ਼ੀਅਤ ਬਖਸ਼ਦੀਆਂ।
ਦੁਆਵਾਂ ਦਾ ਕੋਈ ਰੰਗ ਨਹੀਂ, ਪਰ ਇਹ ਦੁਆਵਾਂ ਆਦਮੀ ਦੀਆਂ ਜਿ਼ੰਦਗੀ ਨੂੰ ਸੂਹੇ ਅਤੇ ਗੂੜ੍ਹੇ ਰੰਗਾਂ ਨਾਲ ਭਰਦੀਆਂ। ਜਿ਼ੰਦਗੀ ਦੀਆਂ ਤਸ਼ਬੀਹਾਂ, ਤਦਬੀਰਾਂ ਅਤੇ ਤਕਦੀਰਾਂ ਬਦਲ ਜਾਂਦੀਆਂ। ਹਨੇਰਿਆਂ ਵਿਚ ਚਾਨਣ, ਦੁੱਖਾਂ ਵਿਚ ਸੁੱਖ ਅਤੇ ਅਪੂਰਨਤਾ ਵਿਚੋਂ ਵੀ ਪੂਰਨਤਾ ਦਾ ਅਹਿਸਾਸ ਉਪਜਦਾ।
ਦੁਆ ਬਾਦਸ਼ਾਹੀਅਤ, ਬਰਕਤ, ਬਹਿਸ਼ਤ, ਬੰਦਗੀ ਅਤੇ ਬੰਦਿਆਈ ਦਾ ਬੂਹਾ। ਇਸ ਵਿਚੋਂ ਹੀ ਨਾਜ਼ਲ ਹੁੰਦੀ ਹਿਕਮਤ, ਹਿਫਾਜ਼ਤ, ਹਲੀਮੀ, ਹਮਦਰਦੀ ਅਤੇ ਹਸਮੁਖਤਾ। ਦੁਆਵਾਂ ਇਕ ਬਖਸਿ਼ਸ਼ ਜਿਸ ਦੀ ਅਨਾਇਤ ਵਿਚੋਂ ਜੀਵਨ ਨੂੰ ਸੁਖਨ, ਸਕੂਨ, ਸਬਰ, ਸਹਿਣਸ਼ੀਲਤਾ, ਸਾਦਗੀ ਅਤੇ ਸਮਰਪਿਤਾ ਦਾ ਸਬਕ ਮਿਲਦਾ।
ਦੁਆ ਵਿਚ ਹੀ ਮਾਫੀ, ਮਨੌਤ, ਮਾਨਵਤਾ, ਮਾਸੂਮੀਅਤ ਅਤੇ ਮਾਨਸਿਕਤਾ ਨੂੰ ਮਾਨਤਾ ਮਿਲਦੀ। ਮਾਸੂਮਾਂ, ਮਾਂ-ਮਛੋਰਾਂ, ਮਾਤਹਿੱਤਾਂ ਲਈ ਦੁਆ ਬਹੁਤ ਹੀ ਜਰੂਰੀ।
ਦੁਆ ਤਾਂ ਹਰੇਕ ਹੀ ਕਰਦਾ, ਪਰ ਸਭ ਤੋਂ ਵੱਡੀ, ਸੱਚੀ, ਸੁੱਚੀ ਅਤੇ ਸਮੂਹਿਕ ਦੁਆ ਸਿਰਫ ਮਾਂ ਹੀ ਕਰਦੀ। ਮਾਂ ਦੇ ਮਨ ਵਿਚ ਸਭ ਲਈ ਅਸੀਸਾਂ, ਅਰਦਾਸ ਅਤੇ ਅਰਜੋਈ। ਮਾਂ ਦੀ ਰਹਿਬਰੀ ਤੋਂ ਵੱਡੀ ਕੋਈ ਦੁਆ ਹੋ ਹੀ ਨਹੀਂ ਸਕਦੀ।
ਮੁਸ਼ਕਿਲ, ਦੁੱਖ, ਤਕਲੀਫ, ਔਕੜ ਅਤੇ ਕਸ਼ਟਾਂ ਵਿਚ ਦੁਆ ਜਰੂਰ ਕਰੋ, ਕਿਉਂਕਿ ਜਦ ਦੁਆ ਅਸਰ-ਅੰਦਾਜ਼ ਹੁੰਦੀ ਤਾਂ ਮੁਸ਼ਕਿਲ ਖਤਮ ਹੋ ਜਾਂਦੀ ਅਤੇ ਜੀਵਨੀ ਪੈਂਡਿਆਂ ਨੂੰ ਇਕ ਸੇਧ ਮਿਲਦੀ, ਜਿਨ੍ਹਾਂ ਨਾਲ ਜੀਵਨ ਮਾਰਗ ਪੱਧਰਾ ਤੇ ਸਫਰ ਸੁਖਾਵਾਂ ਹੋ ਜਾਂਦਾ।
ਆਪਣੇ ਲਈ ਹਰ ਕੋਈ ਦੁਆ ਕਰਦਾ, ਪਰ ਸਭ ਤੋਂ ਅਹਿਮ ਉਹ ਲੋਕ ਹੁੰਦੇ, ਜੋ ਦੂਸਰਿਆਂ ਲਈ ਦੁਆ ਕਰਦੇ। ਦਰਅਸਲ ਦੁਆ ਮਨ ਦੀ ਪਾਕੀਜਗੀ, ਸਾਦਗੀ, ਸ਼ਫਾਫਤਾ ਤੇ ਸਮਰਪਿੱਤਾ ਦਾ ਆਵੇਸ਼। ਇਹ ਅਲਹਾਮ, ਜੋ ਕਿਸੇ ਲਈ, ਕਿਸੇ ਨਾ ਕਿਸੇ ਰੂਪ ਵਿਚ ਦਿੱਤੀ ਜਾਂਦੀ। ਦੂਸਰਿਆਂ ਲਈ ਦੁਆ ਕਰਨ ਵਾਲਿਆਂ ਲਈ ਦੁਆ ਦਾ ਅਸਰ ਸਭ ਤੋਂ ਪਹਿਲਾਂ ਹੁੰਦਾ, ਕਿਉਂਕਿ ਦੁਆ ਵਿਚੋਂ ਹੀ ਦੁਆਵਾਂ ਦਾ ਜਨਮ ਹੁੰਦਾ। ਦੁਆ ਰਾਹੀਂ ਕਿਸੇ ਲਈ ਸ਼ੁਭ-ਚਿੰਤਨ ਵਿਚੋਂ ਅਸੀਂ ਖੁਦ ਦੇ ਰੁਬਰੂ ਹੁੰਦੇ। ਜਦ ਬਜ਼ੁਰਗ ਕਹਿੰਦੇ ਸਨ ਕਿ ਪਰਮਾਤਮਾ ਸਭ ਦਾ ਭਲਾ ਕਰੀਂ ਤੇ ਕਿਸੇ ਪਿੱਛੇ ਸਾਡਾ ਵੀ ਭਲਾ ਕਰੀਂ ਤਾਂ ਇਹ ਦੁਆ ਉਸ ਉਚੀ ਮਰਕਜ਼ ਦਾ ਸਿਖਰ ਹੈ। ਇਸ `ਤੇ ਸਿਰਫ ਪਾਕ ਵਿਅਕਤੀ ਹੀ ਪਹੁੰਚ ਸਕਦਾ, ਕਿਉਂਕਿ ਉਹ ਕਿਸੇ ਦੀ ਭਲਾਈ ਵਿਚੋਂ ਹੀ ਆਪਣੀ ਚੰਗਿਆਈ ਸਮਝਦਾ ਅਤੇ ਇਸ ਵਿਚੋਂ ਹੀ ਆਪਣੀ ਭਲਿਆਈ ਦਾ ਦਾਨ ਮੰਗਦਾ।
ਜੀਵਨ ਵਿਚ ਦੁੱਖ ਦੀ ਬਹੁਤ ਅਹਿਮੀਅਤ ਹੈ। ਇਨ੍ਹਾਂ ਨੂੰ ਝੱਲਣਾ ਅਤੇ ਇਨ੍ਹਾਂ ਤੇ ਫਤਹਿ ਪਾਉਣੀ ਹੀ ਮਨੁੱਖ ਦਾ ਪਰਮ ਧਰਮ। ਇਸ ਲਈ ਇਹ ਦੁਆ ਨਾ ਕਰੋ ਕਿ ਸਾਨੂੰ ਕੋਈ ਦੁੱਖ ਤਕਲੀਫ਼ ਨਾ ਆਵੇ ਸਗੋਂ ਇਹ ਦੁਆ ਕਰੋ ਕਿ ਸਾਡੇ ਵਿਚ ਇੰਨਾ ਸਿਰੜ, ਸਿਦਕ, ਹੌਂਸਲਾ, ਹੱਠ ਅਤੇ ਦਲੇਰੀ ਹੋਵੇ ਕਿ ਅਸੀਂ ਇਨ੍ਹਾਂ ਦਾ ਸਾਹਮਣਾ ਕਰਦੇ, ਇਨ੍ਹਾਂ ਨੂੰ ਹਰਾ ਕੇ ਜਿ਼ੰਦਗੀ ਦੇ ਮੱਥੇ ਤੇ ਜਿੱਤ ਦਾ ਨਿਸ਼ਾਨ ਉਕਰ ਸਕੀਏ।
ਇਬਾਦਤ ਤੋਂ ਦੁਆ ਦਾ ਪੈਂਡਾ ਤੈਅ ਕਰਨ ਵਾਲੇ ਹੁੰਦੇ ਨੇ ਫੱਕਰ ਲੋਕ, ਜਿਨ੍ਹਾਂ ਦੀਆਂ ਦੁਆਵਾਂ ਵਿਚ ਬਾਦਸ਼ਾਹ ਨੂੰ ਫਕੀਰ ਅਤੇ ਫੱਕਰ ਨੂੰ ਪਾਤਸ਼ਾਹ ਬਣਾਉਣ ਦੀ ਤਾਕਤ ਹੁੰਦੀ। ਦੁਆਵਾਂ ਦੇਣ ਅਤੇ ਮੰਗਣ ਦੀ ਵੀ ਆਪਣੀ ਹੀ ਜੁਗਤ ਅਤੇ ਯਕੀਨ। ਦਰਅਸਲ ਦੁਆ, ਸਾਡਾ ਖੁਦ `ਤੇ ਯਕੀਨ, ਆਪਣੀ ਸਮਰੱਥਾ `ਤੇ ਭਰੋਸਾ ਅਤੇ ਕੁਦਰਤ ਦੀਆਂ ਅਨੰਤ ਬਖਸਿ਼ਸ਼ਾਂ ਦੀ ਸ਼ੁਕਰਗੁਜਾਰੀ ਹੁੰਦੀ। ਇਨ੍ਹਾਂ ਦੀ ਤਾਮੀਰਦਾਰੀ ਵਿਚੋਂ ਹੀ ਖੁਦ ਨੂੰ ਤਾਮੀਰ ਕਰਨ ਦਾ ਫਖਰ ਹਾਸਲ ਹੁੰਦਾ।
ਦੁਆ ਸਿਰਫ ਜ਼ੁਬਾਨ ਵਿਚੋਂ ਹੀ ਨਹੀਂ ਕਰੀ ਜਾਂਦੀ, ਸਗੋਂ ਦੁਆ ਤਾਂ ਚੁੱਪ ਵਿਚੋਂ, ਅੱਖਾਂ ਵਿਚੋਂ, ਖਾਮੋਸ਼ੀ ਵਿਚੋਂ, ਜੁੜੇ ਹੋਏ ਹੱਥਾਂ ਵਿਚੋਂ ਅਤੇ ਖੁਦ ਨਾਲ ਜੁੜ ਵੀ ਕੀਤੀ ਜਾਂਦੀ। ਤਾਂ ਹੀ ਬੇਜੁ਼ਬਾਨ, ਗੁੰਗੇ, ਬੋਲੇ, ਨੇਤਰਹੀਣ ਤੇ ਅੰਗਹੀਣ ਵੀ ਦੁਆ ਕਰਦੇ। ਇਸ ਦੀ ਅਦਾ ਹੀ ਵੱਖਰੀ। ਅਦਾਇਗੀ ਵੀ ਅਨੋਖੀ। ਅਰਪਿੱਤਾ ਵੀ ਅੱਡਰੀ। ਅੰਦਾਜ਼ ਹੀ ਨਿਰਾਲਾ। ਇਸ ਦੀ ਆਵੇਸ਼ਤਾ ਅਤੇ ਇਲਹਾਮ ਨੂੰ ਸਥਾਨ, ਸਮਾਂ ਜਾਂ ਸਥਿਤੀ ਵਿਚ ਨਹੀਂ ਬੰਨਿਆ ਜਾ ਸਕਦਾ। ਦੁਆ ਸਿਰਫ ਧਾਰਮਿਕ ਸਥਾਨਾਂ `ਤੇ ਹੀ ਕਬੂਲ ਨਹੀਂ ਹੁੰਦੀ। ਦੁਆ ਤਾਂ ਕਿਤੇ ਵੀ, ਕਿਧਰੇ ਵੀ ਅਤੇ ਕਿਸੇ ਵੀ ਸਥਿਤੀ ਵਿਚ ਦਿਲ ਵਿਚੋਂ ਨਿਕਲੇ ਤਾਂ ਸਦਾ ਕਬੂਲ ਹੁੰਦੀ। ਦੁਆ ਰੂਹ-ਰੰਗਤਾ, ਰੂਹ ਦੀਆਂ ਰਮਜ਼ਾਂ ਅਤੇ ਰੂਹ-ਰਮਤਾ ਨੂੰ ਕਰਮ-ਰੇਖਾਵਾਂ ਵਿਚੋਂ ਉਘਾੜਨਾ ਹੁੰਦਾ ਅਤੇ ਸੁਹਜ-ਮੁਖੀ ਅਕਸ਼ ਨੂੰ ਲਿਸ਼ਕਾਰਨਾ ਹੁੰਦਾ।
ਸਭ ਤੋਂ ਅਜ਼ੀਮ ਇਬਾਦਤ ਤਾਂ ਜਿ਼ੰਦਗੀ ਹੈ। ਜਦ ਇਹ ਕਿਸੇ ਦੇ ਕੰਮ ਆਵੇ, ਕਿਸੇ ਦੇ ਅੱਥਰੂ ਪੂੰਝੇ, ਜਖਮਾਂ ਨੂੰ ਸਹਿਲਾਵੇ, ਮਰ੍ਹਮ ਲਾਵੇ, ਅੱਖਰਹੀਣ ਨੈਣਾਂ ਵਿਚ ਸ਼ਬਦਾਂ ਦੀ ਜੋਤ ਜਗਾਵੇ ਅਤੇ ਭੁੱਖੇ ਢਿੱਡ ਨੂੰ ਟੁੱਕਰ ਪਾਵੇ ਤਾਂ ਜਿ਼ੰਦਗੀ ਦੀ ਇਹ ਇਬਾਦਤ ਆਪਣੀ ਪੂਰਨਤਾ ਅਤੇ ਪਹਿਲਕਦਮੀ ਦਾ ਨਗਮਾ ਵਕਤਾਂ ਦੇ ਨਾਮ ਲਾਵੇ। ਇਹ ਜਿ਼ੰਦਗੀ ਦਾ ਜਿ਼ੰਦਗੀ ਨੂੰ ਦਿੱਤਾ ਅਣਮੋਲ ਤੋਹਫਾ ਹੁੰਦਾ। ਇਹ ਸੁਗਾਤ ਬਹੁਤ ਵਿਰਲੇ ਹੀ ਕਿਸੇ ਨੂੰ ਅੰਤਰੀਵੀ ਦੁਆ ਦੇ ਰੂਪ ਵਿਚ ਬਖਸ਼ਦੇ। ਅਸੀਂ ਭਾਵੇਂ ਦੂਰ ਦੂਰ ਰਹੀਏ, ਵਰਿਆਂ ਬਾਅਦ ਮਿਲੀਏ, ਕਦੇ ਕਦਾਈਂ ਸੁੱਖ-ਸੁਨੇਹਾ ਵੀ ਭੇਜਦੇ ਰਹੀਏ, ਪਰ ਜੇ ਅਸੀਂ ਕਿਸੇ ਨੂੰ ਆਪਣੀਆਂ ਦੁਆਵਾਂ ਵਿਚ, ਦਿਲ ਵਿਚ, ਦਿੱਬ-ਦ੍ਰਿਸ਼ਟੀ ਵਿਚ ਅਤੇ ਦਰਵੇਸ਼ੀ ਵਿਚ ਯਾਦ ਰੱਖਦੇ ਹਾਂ ਤਾਂ ਅਸੀਂ ਮਿੱਤਰ-ਪਿਆਰਿਆਂ ਦੇ ਸਭ ਤੋਂ ਕਰੀਬ, ਅਦੀਬ ਅਤੇ ਹਬੀਬ ਹੁੰਦੇ। ਤਾਂ ਹੀ ਕਹਿੰਦੇ ਨੇ ਜਦ ਅਸੀਂ ਕਿਸੇ ਨੂੰ ਦੁਆਵਾਂ ਵਿਚ ਯਾਦ ਰੱਖਦੇ ਹਾਂ ਤਾਂ ਉਮਰ ਭਰ ਨਿਭਦੀਆਂ ਨੇ ਸਾਂਝਾਂ, ਸਬੰਧ ਅਤੇ ਸਕੀਰੀਆਂ।