ਭਾਰਤ ਹਾਕੀ ਦਾ ਸੂਰਜ

ਟੋਕੀਓ ਓਲੰਪਿਕ (2020) ਭਾਰਤ ਲਈ ਭਾਗਾਂ ਭਰੀ ਸਾਬਤ ਹੋਈ ਹੈ। ਇਸ ਵਾਰ ਤਗਮਿਆਂ ਦੀ ਗਿਣਤੀ ਦੇ ਪੱਖ ਤੋਂ ਵੀ ਭਾਰਤ ਦੀ ਝੋਲੀ ਭਰੀ ਹੈ। ਭਾਰਤੀ ਖਿਡਾਰੀਆਂ ਨੂੰ ਵੱਖ-ਵੱਖ ਖੇਡਾਂ ਵਿਚ ਸੱਤ ਤਗਮੇ ਹਾਸਲ ਹੋਏ ਹਨ। ਇਨ੍ਹਾਂ ਵਿਚੋਂ ਇਕ ਸੋਨ ਤਗਮਾ, ਦੋ ਚਾਂਦੀ ਅਤੇ ਚਾਰ ਕਾਂਸੀ ਦੇ ਤਗਮੇ ਹਨ। ਇਨ੍ਹਾਂ ਸੱਤ ਤਗਮਿਆਂ ਵਿਚ ਕਾਂਸੀ ਦਾ ਇਕ ਤਗਮਾ ਹਾਕੀ ਟੀਮ ਨੇ ਜਿੱਤਿਆ ਹੈ। ਹਾਕੀ ਦੀ ਟੀਮ ਨੇ ਓਲੰਪਿਕ ਵਿਚ ਕੋਈ ਤਗਮਾ ਚਾਰ ਦਹਾਕਿਆਂ ਬਾਅਦ ਜਿੱਤਿਆ ਹੈ।

ਪਿਛਲੀ ਵਾਰ ਸੋਨ ਤਗਮਾ ਮਾਸਕੋ ਓਲੰਪਿਕ-1980 ਵਿਚ ਮਿਲਿਆ ਸੀ। ਇਸ ਤੋਂ ਇਲਾਵਾ ਐਤਕੀਂ ਕੁੜੀਆਂ ਦੀ ਹਾਕੀ ਟੀਮ ਪਹਿਲੀ ਵਾਰ ਸੈਮੀ ਫਾਈਨਲ ਵਿਚ ਪੁੱਜੀ। ਹਾਕੀ ਵਾਲੀਆਂ ਕੁੜੀਆਂ ਭਾਵੇਂ ਕੋਈ ਤਗਮਾ ਨਹੀਂ ਜਿੱਤ ਸਕੀਆਂ ਪਰ ਸੁਨਹਿਰੇ ਭਵਿੱਖ ਦੀ ਆਸ ਜਗਾ ਗਈਆਂ ਹਨ। ਇਨ੍ਹਾਂ ਸਾਰੇ ਹਾਲਾਤ ਨੂੰ ਭਾਰਤ ਵਿਚ ਹਾਕੀ ਦੇ ਉਭਾਰ ਨਾਲ ਜੋੜ ਕੇ ਦੇਖਿਆ ਜਾਣ ਲੱਗਾ ਹੈ। ਉਘੇ ਲਿਖਾਰੀ ਪ੍ਰਿੰਸੀਪਲ ਸਰਵਣ ਸਿੰਘ ਨੇ ਹਾਕੀ ਦੇ ਮੁੜ ਉਦੈ ਹੋ ਰਹੇ ਸੂਰਜ ਬਾਰੇ ਕੁਝ ਖਾਸ ਗੱਲਾਂ ਆਪਣੇ ਇਸ ਲੇਖ ਵਿਚ ਕੀਤੀਆਂ ਹਨ।

ਪ੍ਰਿੰ. ਸਰਵਣ ਸਿੰਘ
ਭਾਰਤੀ ਹਾਕੀ ਦਾ ਸੂਰਜ 41 ਸਾਲਾਂ ਤੋਂ ਛਿਪਿਆ ਹੋਇਆ ਸੀ। ਟੋਕੀਓ ਓਲੰਪਿਕ ਵਿਚ ਇਹ ਮੁੜ ਉਦੈ ਹੋਇਆ ਹੈ। ਸੁੱਤਾ ਸੁਫਨਾ ਫਿਰ ਜਾਗ ਪਿਆ ਹੈ। ਹਾਕੀ ਦਾ ਉਜੜਿਆ ਬਾਗ ਮੁੜ ਮਹਿਕਿਆ ਹੈ। ਟੋਕੀਓ ਓਲੰਪਿਕ ਵਿਚ ਖੇਡੇ ਭਾਰਤੀ ਹਾਕੀ ਖਿਡਾਰੀਆਂ ਅਤੇ ਖਿਡਾਰਨਾਂ ਦੇ ਘਰੀਂ, ਪਿੰਡਾਂ, ਸ਼ਹਿਰਾਂ ਵਿਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਦੇਸ਼ ਭਰ ਵਿਚ ਹਾਕੀ ਦੀ ਬੱਲੇ ਬੱਲੇ ਹੋ ਰਹੀ ਹੈ। ਖਿਡਾਰੀਆਂ ਨੂੰ ਨਕਦ ਇਨਾਮ, ਮਾਣ ਸਨਮਾਨ ਤੇ ਚੰਗੀਆਂ ਨੌਕਰੀਆਂ ਦੇਣ ਦੇ ਐਲਾਨ ਹੋ ਰਹੇ ਹਨ। ਭਾਰਤ ਦੀਆਂ ਦੋਹਾਂ ਟੀਮਾਂ ਵਿਚੋਂ ਕੋਈ ਟੀਮ ਭਾਵੇਂ ਸੋਨੇ ਜਾਂ ਚਾਂਦੀ ਦਾ ਤਗਮਾ ਨਹੀਂ ਜਿੱਤ ਸਕੀ ਪਰ ਗਭਰੂਆਂ ਦੀ ਟੀਮ ਵੱਲੋਂ ਕਾਂਸੀ ਦਾ ਤਗਮਾ ਜਿੱਤਣਾ ਅਤੇ ਮੁਟਿਆਰਾਂ ਦੀ ਟੀਮ ਵੱਲੋਂ ਚੌਥੇ ਸਥਾਨ ‘ਤੇ ਆਉਣਾ ਗੋਲਡ ਮੈਡਲ ਤੋਂ ਘੱਟ ਨਹੀਂ ਸਮਝੇ ਜਾ ਰਹੇ। ਕੋਈ ਪੁੱਛ ਸਕਦਾ, ਏਡੇ ਚਾਅ-ਉਤਸ਼ਾਹ ਤੇ ਹੁਲਾਸ ਦਾ ਕੀ ਕਾਰਨ ਹੈ? ਕੀ ਕਾਰਨ ਹੈ ਕਿ ਭਾਰਤੀ ਖਿਡਾਰੀਆਂ ਤੇ ਖਿਡਾਰਨਾਂ ਦੇ ਜਿੱਤਣ ਵੇਲੇ ਹਾਸੇ ਖੇੜੇ ਖਿੜਦੇ ਰਹੇ ਅਤੇ ਹਾਰਨ ਵੇਲੇ ਹੰਝੂਆਂ ਦੀਆਂ ਧਾਰਾਂ ਵੀ ਵਹਿਣੋਂ ਨਾ ਰੁਕ ਸਕੀਆਂ। ਕਹਿਣ ਨੂੰ ਜਿੱਤ-ਹਾਰ ਬਰਾਬਰ ਕਹੀ ਜਾਂਦੀ ਹੈ ਪਰ ਬੜਾ ਫਰਕ ਹੁੰਦਾ ਹੈ। ਪਿੰਡਾਂ ਦੀਆਂ ਪੇਂਡੂ ਖੇਡਾਂ ਤੋਂ ਸੰਸਾਰ ਦੀਆਂ ਓਲੰਪਿਕ ਖੇਡਾਂ ਤਕ ਇਸ ਫਰਕ ਦੇ ਪ੍ਰਤੱਖ ਦਰਸ਼ਨ ਹੁੰਦੇ ਹਨ ਜੋ ਟੋਕੀਓ ਵਿਚ ਵੀ ਹੋਏ।
1928 ਤੋਂ 1980 ਤਕ ਹਾਕੀ ਦੀ ਦੁਨੀਆ ਵਿਚ ਭਾਰਤ ਮੀਰੀ ਮੰਨਿਆ ਜਾਂਦਾ ਸੀ। ਇਸ ਦੌਰਾਨ 12 ਓਲੰਪਿਕ ਖੇਡਾਂ ਹੋਈਆਂ ਜਿਨ੍ਹਾਂ ਵਿਚੋਂ ਭਾਰਤੀ ਹਾਕੀ ਟੀਮਾਂ ਨੇ 8 ਸੋਨ ਤਗਮੇ, 1 ਚਾਂਦੀ ਤੇ 2 ਤਾਂਬੇ ਦੇ ਤਗਮੇ ਜਿੱਤੇ ਸਨ। ਕੇਵਲ 1976 ਦੀ ਓਲੰਪਿਕ ਵਿਚੋਂ ਕੋਈ ਤਗਮਾ ਨਹੀਂ ਸੀ ਜਿੱਤਿਆ, ਕਿਉਂਕਿ ਯੂਰਪ ਦੇ ਹਾਕੀ ਅਧਿਕਾਰੀ ਕੁਦਰਤੀ ਘਾਹ ਵਾਲੇ ਖੇਡ ਮੈਦਾਨ ਦੀ ਥਾਂ ਮਸਨੂਈ ਆਸਟਰੋ ਟਰਫ ਲੈ ਆਏ ਸਨ। ਜਦੋਂ ਤਕ ਭਾਰਤ ਹਾਕੀ ਰਾਹੀਂ ਦੁਨੀਆ ਉਤੇ ਲੱਤ ਫੇਰਦਾ ਰਿਹਾ, ਉਦੋਂ ਤਕ ਭਾਰਤ ਹਾਕੀ ਦੀ ਖੇਡ ਨੂੰ ਆਪਣੀ ਕੌਮੀ ਖੇਡ ਮੰਨਦਾ ਰਿਹਾ। ਫਿਰ ਆਮ ਭਾਰਤ ਵਾਸੀਆਂ ਦਾ ਧਿਆਨ ਕ੍ਰਿਕਟ ਵੱਲ ਕਰ ਦਿੱਤਾ ਗਿਆ। ਕ੍ਰਿਕਟ ਵਿਚ ਅਰਬਾਂ ਖਰਬਾਂ ਰੁਪਏ ਆ ਗਏ। ਲੱਖਾਂ ਕਰੋੜਾਂ ਰੁਪਈਆਂ ਨਾਲ ਖਿਡਾਰੀ ਖਰੀਦੇ ਤੇ ਵੇਚੇ ਜਾਣ ਲੱਗੇ। ‘ਭਾਰਤ ਦੇ ਰਤਨ’ ਹਾਕੀ ਦੇ ‘ਗੋਲਡਨ ਹੈਟ ਟ੍ਰਿਕ’ ਮਾਰਨ ਵਾਲੇ ਖਿਡਾਰੀ ਨਹੀਂ, ਕ੍ਰਿਕਟ ਦੇ ਚੌਕੇ ਛਿੱਕੇ ਮਾਰਨ ਵਾਲੇ ਮੰਨੇ ਜਾਣ ਲੱਗੇ।
ਕ੍ਰਿਕਟ ਦੇ ਹਾਵੀ ਹੋਣ ਨਾਲ ਭਾਰਤੀ ਹਾਕੀ ਦਾ ਅੱਧੀ ਸਦੀ ਤੋਂ ਲਿਸ਼ਕਦਾ ਸੂਰਜ ਐਸਾ ਅਸਤ ਹੋਇਆ ਕਿ ਲਗਾਤਾਰ ਨੌਂ ਓਲੰਪਿਕ ਖੇਡਾਂ ਵਿਚ ਤਿਰੰਗਾ ਨਾ ਲਹਿਰਾਇਆ ਜਾ ਸਕਿਆ। 41 ਸਾਲਾਂ ਤੋਂ ਭਾਰਤੀ ਹਾਕੀ ਟੀਮ ਕਿਸੇ ਵੀ ਤਗਮੇ ਲਈ ਵਿਕਟਰੀ ਸਟੈਂਡ ‘ਤੇ ਚੜ੍ਹਨ ਜੋਗੀ ਨਾ ਹੋਈ। ਇਥੋਂ ਤਕ ਕਿ ਫਾਡੀ ਵੀ ਰਹਿੰਦੀ ਰਹੀ ਤੇ ਬੀਜਿੰਗ-2008 ਦੀਆਂ ਓਲੰਪਿਕ ਖੇਡਾਂ ਵਿਚ ਹਿੱਸਾ ਲੈਣ ਲਈ ਕੁਆਲੀਫਾਈ ਵੀ ਨਾ ਕਰ ਸਕੀ। 41 ਸਾਲ ਨਾ ਸਿਰਫ ਓਲੰਪਿਕ ਖੇਡਾਂ ਵਿਚ ਬਲਕਿ ਸੰਸਾਰਵਰਲਡ ਹਾਕੀ ਕੱਪ ਜਾਂ ਚੈਂਪੀਅਨਜ਼ ਟਰਾਫੀ ਦੇ ਜਿੱਤ-ਮੰਚ ‘ਤੇ ਵੀ ਨਹੀਂ ਚੜ੍ਹ ਸਕੀ। ਅੱਧੀ ਸਦੀ ਤਕ ਹਾਕੀ ਦੀਆਂ ਪੁਰਾਣੀਆਂ ਸ਼ਾਨਦਾਰ ਜਿੱਤਾਂ ਅਤੇ ਅੱਧੀ ਸਦੀ ਦੇ ਨੇੜ ਦੀਆਂ ਨਮੋਸ਼ੀ ਭਰੀਆਂ ਹਾਰਾਂ ਪਿੱਛੋਂ ਹੁਣ ਹਾਕੀ ਦੇ ਵਿਕਟਰੀ ਸਟੈਂਡ ‘ਤੇ ਚੜ੍ਹਨਾ ਜਾਂ ਚੜ੍ਹਨ ਦੇ ਨੇੜੇ ਖੜ੍ਹਨਾ ਚਾਵਾਂ ਮਲ੍ਹਾਰਾਂ ਦੇ ਖੇੜੇ ਨਾ ਲਿਆਉਂਦਾ ਤਾਂ ਹੋਰ ਕੀ ਲਿਆਉਂਦਾ? ਜਿਨ੍ਹਾਂ ਨੇ ਟੋਕੀਓ ਦੇ ਹਾਕੀ ਮੈਚ ਟੀ.ਵੀ. ਤੋਂ ਅੱਖੀਂ ਦੇਖੇ ਹਨ, ਉਨ੍ਹਾਂ ਤੋਂ ਪੁੱਛੋ, ਕਿਵੇਂ ਉਨ੍ਹਾਂ ਦਾ ਸੇਰ ਸੇਰ ਲਹੂ ਵਧਿਆ। ਭਾਰਤੀ ਖਿਡਾਰੀ ਜਿੱਤੇ ਵੀ ਸ਼ਾਨ ਨਾਲ ਤੇ ਹਾਰੇ ਤਾਂ ਵੀ ਜੁਝਾਰੂਆਂ ਵਾਂਗ। ਹੁਣ ਉਨ੍ਹਾਂ ਨੇ ਹਾਕੀ ਦੀ ਖੇਡ ਨੂੰ ਮੁੜ ਕੌਮੀ ਖੇਡ ਬਣਨ ਦੇ ਰਾਹ ਪਾ ਦਿੱਤਾ ਹੈ।
ਟੋਕੀਓ ਹਾਕੀ ਮੁਕਾਬਲਿਆਂ ਵਿਚ ਬੈਲਜੀਅਮ ਦੀ ਹਾਕੀ ਟੀਮ ਪਹਿਲੇ, ਆਸਟਰੇਲੀਆ ਦੂਜੇ, ਭਾਰਤ ਤੀਜੇ ਅਤੇ ਜਰਮਨੀ ਦੀ ਟੀਮ ਚੌਥੇ ਥਾਂ ਰਹੀ। ਔਰਤਾਂ ਦੇ ਮੁਕਾਬਲਿਆਂ ਵਿਚ ਨੀਦਰਲੈਂਡਜ਼ ਪਹਿਲੇ, ਅਰਜਨਟੀਨਾ ਦੂਜੇ, ਬਰਤਾਨੀਆ ਤੀਜੇ ਤੇ ਭਾਰਤ ਚੌਥੀ ਥਾਂ ਰਹੇ। ਓਲੰਪਿਕ ਖੇਡਾਂ ਦੇ ਇਤਿਹਾਸ ਵਿਚ ਹੁਣ ਤਕ ਮਰਦਾਂ ਦੀਆਂ ਹਾਕੀ ਟੀਮਾਂ ਦੇ 24 ਵਾਰ ਮੁਕਾਬਲੇ ਹੋਏ ਹਨ ਜਿਨ੍ਹਾਂ ਵਿਚੋਂ ਭਾਰਤ ਨੇ 8 ਗੋਲਡ ਮੈਡਲ, ਪਾਕਿਸਤਾਨ ਨੇ 3, ਬਰਤਾਨੀਆ 3, ਜਰਮਨੀ 3, ਨੀਦਰਲੈਂਡਜ਼ 2, ਆਸਟਰੇਲੀਆ 1, ਵੈਸਟ ਜਰਮਨੀ 1, ਅਰਜਨਟੀਨਾ 1, ਨਿਊਜ਼ੀਲੈਂਡ 1 ਅਤੇ ਬੈਲਜੀਅਮ ਨੇ 1 ਗੋਲਡ ਮੈਡਲ ਜਿੱਤਿਆ ਹੈ। ਔਰਤਾਂ ਦੀਆਂ ਹਾਕੀ ਟੀਮਾਂ ਦੇ ਓਲੰਪਿਕ ਖੇਡਾਂ ਵਿਚ 1980 ਤੋਂ ਹੁਣ ਤਕ 11 ਵਾਰ ਓਲੰਪਿਕ ਮੁਕਾਬਲੇ ਹੋਏ ਹਨ। ਉਨ੍ਹਾਂ ਵਿਚੋਂ ਨੀਦਰਲੈਂਡਜ਼ ਨੇ 4 ਗੋਲਡ ਮੈਡਲ, ਆਸਟ੍ਰੇਲੀਆ 3, ਜਰਮਨੀ 1, ਬਰਤਾਨੀਆ 1, ਜ਼ਿੰਬਾਵੇ 1 ਅਤੇ ਸਪੇਨ ਨੇ 1 ਗੋਲਡ ਮੈਡਲ ਜਿੱਤਿਆ ਹੈ। ਭਾਰਤ ਦੀ ਹਾਕੀ ਟੀਮ ਟੋਕੀਓ ਵਿਚ ਪਹਿਲੀ ਵਾਰ ਸੈਮੀ ਫਾਈਨਲ ਖੇਡੀ ਹੈ ਅਤੇ ਖੂਬ ਖੇਡੀ ਹੈ। ਭਾਰਤ ਦੀਆਂ ਦੋਹਾਂ ਟੀਮਾਂ ਨੇ ਭਾਰਤੀਆਂ ਦਾ ਹਾਕੀ ਵਿਚ ਭਰੋਸਾ ਪੱਕਾ ਕਰ ਦਿੱਤਾ ਹੈ ਜਿਸ ਤੋਂ ਆਉਂਦੇ ਸਾਲਾਂ ਵਿਚ ਵੱਡੀਆਂ ਉਮੀਦਾਂ ਰੱਖੀਆਂ ਜਾ ਰਹੀਆਂ ਹਨ। ਇਹਦੇ ਵਿਚ ਜਿਥੇ ਖਿਡਾਰੀਆਂ ਤੇ ਕੋਚ ਸਾਹਿਬਾਨ ਦੀ ਮਿਹਨਤ ਅਤੇ ਖੇਡ ਪ੍ਰਬੰਧਕਾਂ ਦਾ ਹੱਥ ਹੈ, ਉਥੇ ਉੜੀਸਾ ਦੀ ਨਵੀਨ ਪਟਨਾਇਕ ਸਰਕਾਰ ਦਾ ਵੀ ਵਿਸ਼ੇਸ਼ ਸਹਿਯੋਗ ਹੈ; ਉਵੇਂ ਹੀ ਜਿਵੇਂ 1975 ਵਿਚ ਪੰਜਾਬ ਸਰਕਾਰ ਨੇ ਭਾਰਤ ਨੂੰ ਸੰਸਾਰ ਹਾਕੀ ਕੱਪ ਜਿੱਤਣ ਵਾਲੀ ਹਾਕੀ ਟੀਮ ਤਿਆਰ ਕਰਨ ਵਿਚ ਦਿੱਤਾ ਸੀ।
ਬਿਨਾ ਸ਼ੱਕ, ਟੋਕੀਓ ਓਲੰਪਿਕ ਭਾਰਤੀ ਹਾਕੀ ਦੀ ਭਾਗਾਂ ਭਰੀ ਸਵੇਰ ਬਣ ਕੇ ਆਈ ਹੈ। ਇਹੋ ਕਾਰਨ ਹੈ ਕਿ ਓਲੰਪਿਕ ਖੇਡਾਂ ਵਿਚੋਂ ਹਾਕੀ ਦਾ ਕਾਂਸੀ ਤਗਮਾ ਜਿੱਤਣ ਨੂੰ ਸੋਨ ਤਗਮਾ ਸਮਝਿਆ ਜਾ ਰਿਹਾ ਹੈ। ਜਿੰਨੀ ਖੁਸ਼ੀ ਹੁਣ ਭਾਰਤ ਨੇ ਹਾਕੀ ਦੇ ਕਾਂਸੀ ਤਗਮਾ ਜਿੱਤਣ ਦੀ ਮਨਾਈ ਹੈ, ਇੰਨੀ ਖੁਸ਼ੀ ਕਦੇ ਓਲੰਪਿਕ ਦੇ ‘ਗੋਲਡਨ ਹੈਟ ਟ੍ਰਿਕ’ ਮਾਰਨ `ਤੇ ਵੀ ਨਹੀਂ ਸੀ ਮਨਾਈ ਗਈ। ਪਹਿਲੇ ਓਲੰਪਿਕ ਜੇਤੂਆਂ ਨੂੰ ਨਕਦ ਇਨਾਮ ਨਹੀਂ ਸਨ ਮਿਲਦੇ ਹੁੰਦੇ। ਮਾੜੀਆਂ ਮੋਟੀਆਂ ਨੌਕਰੀਆਂ ਮਿਲਦੀਆਂ। ਹੁਣ ਹਰਿਆਣੇ, ਪੰਜਾਬ ਅਤੇ ਹੋਰ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਕਰੋੜਾਂ ਦੇ ਇਨਾਮ ਅਤੇ ਖਿਡਾਰੀਆਂ ਨੂੰ ਚੰਗੀਆਂ ਨੌਕਰੀਆਂ ਦੇਣ ਦੇ ਐਲਾਨ ਹੋ ਰਹੇ ਹਨ। ਇਹ ਸਰਕਾਰਾਂ ਦਾ ਪ੍ਰਸੰਸਾਯੋਗ ਕਾਰਜ ਹੈ।
ਇਹਦੇ ਨਾਲ ਹੀ ਜਿਹੜੇ ਖਿਡਾਰੀ ਭਾਰਤ ਲਈ ‘ਗੋਲਡਨ ਹੈਟ ਟ੍ਰਿਕ’ ਮਾਰਦੇ ਰਹੇ, ਰਤਾ ਉਨ੍ਹਾਂ ਦੇ ਪਰਿਵਾਰਾਂ ਵੱਲ ਵੀ ਨਜ਼ਰ ਮਾਰ ਲੈਣੀ ਚਾਹੀਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਰਤੀ ਹਾਕੀ ਟੀਮ ਨੂੰ ਕਰੋੜ ਰੁਪਏ ਦੇ ਇਨਾਮ ਦੇਣ ਦਾ ਨੇਕ ਕਾਰਜ ਤਾਂ ਕਰਦੀ ਹੈ ਪਰ ਬਿਧੀ ਚੰਦ ਦੇ ਵਾਰਸ ਸੰਸਾਰ ਦੇ ਅੱਵਲ ਨੰਬਰ ਹਾਕੀ ਖਿਡਾਰੀ ਬਲਬੀਰ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਸ਼ਸ਼ੋਭਿਤ ਕਰਨ ਦਾ 2020 ਵਿਚ ਐਲਾਨ ਕਰ ਕੇ ਵੀ ਹੁਣ ਤਕ ਪਤਾ ਨਹੀਂ ਅਮਲ ਕਿਉਂ ਨਹੀਂ ਕਰਦੀ? ਟੋਕੀਓ ਓਲੰਪਿਕ ਦੇ ਖਿਡਾਰੀਆਂ ਨੂੰ ਵੀ ਐਲਾਨੇ ਜਾ ਰਹੇ ਇਨਾਮ ਅਤੇ ਚੰਗੀਆਂ ਨੌਕਰੀਆਂ ਕਿਤੇ ਐਲਾਨ ਹੀ ਨਾ ਰਹਿ ਜਾਣ ਬਲਕਿ ਤੁਰੰਤ ਅਮਲ ਹੋਵੇ। ਇਨਾਮ ਸਨਮਾਨ ਤੇ ਹੋਰ ਸਹੂਲਤਾਂ ਖਿਡਾਰੀਆਂ ਨੂੰ ਮੰਗਤਿਆਂ ਵਾਂਗ ਮੰਗਣੀਆਂ ਨਾ ਪੈਣ; ਤੇ ਖਿਡਾਰੀ ਦੀ ਜਿੱਤ ਦੇ ਜਲੌਅ ਵਿਚ ਕਿਤੇ ਆਪਣੀ ਖੇਡ ਤੋਂ ਅਵੇਸਲੇ ਨਾ ਹੋ ਜਾਣ। ਅੱਗੇ ਚੈਂਪੀਅਨਜ਼ ਟਰਾਫੀ ਆਉਣ ਵਾਲੀ ਹੈ, ਸੰਸਾਰ ਹਾਕੀ ਕੱਪ ਵੀ ਤੇ ਤਿੰਨਾਂ ਸਾਲਾਂ ਤਕ ਪੈਰਿਸ ਦੀਆਂ ਓਲੰਪਿਕ ਖੇਡਾਂ ਵੀ। ਜਿੱਤ ਦੀਆਂ ਖੁਸ਼ੀਆਂ ਜ਼ਰੂਰ ਮਨਾਓ ਪਰ ਅਗਲੀ ਜਿੱਤ ਲਈ ਕਮਰ ਵੀ ਕੱਸੀ ਰੱਖੋ।
ਭਾਰਤ ਵਿਚ ਹਾਕੀ ਦੀ ਖੇਡ ਅੰਗਰੇਜ਼ ਲਿਆਏ ਸਨ। ਉਨੀਵੀਂ ਸਦੀ ਦੇ ਅਖੀਰ ਵਿਚ ਬ੍ਰਿਟਿਸ਼ ਹਾਕੀ ਐਸੋਸੀਏਸ਼ਨ ਬਣੀ ਅਤੇ 1894 ਵਿਚ ਇੰਗੈਂਡ ਤੇ ਆਇਰਲੈਂਡ ਵਿਚਕਾਰ ਹਾਕੀ ਮੈਚ ਹੋਇਆ। 1900 ਵਿਚ ਕੌਮਾਂਤਰੀ ਹਾਕੀ ਬੋਰਡ ਦੀ ਸਥਾਪਨਾ ਹੋਈ ਜਿਸ ਦੇ ਦਸ ਦੇਸ਼ ਮੈਂਬਰ ਬਣੇ। ਕੌਮਾਂਤਰੀ ਹਾਕੀ ਫੈਡਰੇਸ਼ਨ 1924 ‘ਚ ਬਣੀ ਜਿਸ ਦਾ ਛੋਟਾ ਨਾਂ ਐਫ.ਆਈ.ਐਚ. ਹੈ। ਹੁਣ ਇਸ ਦੇ 130 ਤੋਂ ਵੱਧ ਦੇਸ਼ ਮੈਂਬਰ ਹਨ। 1908 ਵਿਚ ਲੰਡਨ ਉਲੰਪਿਕ ਖੇਡਾਂ ‘ਚ ਹਾਕੀ ਪਹਿਲੀ ਵਾਰ ਖੇਡੀ ਗਈ ਜਿਸ ਦਾ ਗੋਲਡ ਮੈਡਲ ਇੰਗਲੈਂਡ ਨੇ ਜਿੱਤਿਆ। 1920 ਵਿਚ ਐਂਟਵਰਪ ਦੀਆਂ ਉਲੰਪਿਕਸ ‘ਚ ਹਾਕੀ ਦੁਬਾਰਾ ਸ਼ਾਮਲ ਕੀਤੀ ਤਾਂ ਇੰਗਲੈਂਡ ਫਿਰ ਜੇਤੂ ਰਿਹਾ। ਤਦ ਤਕ ਅੰਗਰੇਜ਼ਾਂ ਨੇ ਹਾਕੀ ਭਾਰਤ ਵੀ ਪੁਚਾ ਦਿੱਤੀ ਸੀ। ਫੌਜੀ ਛਾਉਣੀਆਂ ਵਿਚ ਮੈਚ ਹੋਣ ਲੱਗ ਪਏ ਸਨ। ਭਾਰਤ ਵਿਚ ਹਾਕੀ ਵਰਗੀ ਖੇਡ ਖਿੱਦੋ ਖੂੰਡੀ ਪਹਿਲਾਂ ਹੀ ਖੇਡੀ ਜਾਂਦੀ ਸੀ ਜਿਸ ਕਰਕੇ ਹਾਕੀ ਛੇਤੀ ਹੀ ਭਾਰਤੀਆਂ ‘ਚ ਮਕਬੂਲ ਹੋ ਗਈ। ਜਲੰਧਰ ਛਾਉਣੀ ਦੇ ਲਾਗੇ ਪਿੰਡਾਂ ਕਈ ਹਾਕੀ ਦੀ ਖੇਡ ‘ਰੱਬ ਨੇ ਦਿੱਤੀਆਂ ਗਾਜਰਾਂ ਵਿਚੇ ਰੰਬਾ ਰੱਖ’ ਵਾਲੀ ਗੱਲ ਬਣ ਗਈ। ਨਿੱਕੇ ਜਿਹੇ ਪਿੰਡ ਸੰਸਾਰਪੁਰ ਨੇ ਭਾਰਤੀ ਹਾਕੀ ਟੀਮਾਂ ਨੂੰ ਪੂਰੀ ਇਲੈਵਨ ਤੋਂ ਕਿਤੇ ਵੱਧ ਹਾਕੀ ਖਿਡਾਰੀ ਦਿੱਤੇ। ਪਿੰਡ ਮਿੱਠਾਪੁਰ ਨੇ ਓਲੰਪਿਕ ਕਪਤਾਨ ਪਰਗਟ ਸਿੰਘ ਹੀ ਨਹੀਂ ਦਿੱਤਾ, ਟੋਕੀਓ ਓਲੰਪਿਕ ਲਈ ਤਿੰਨ ਖਿਡਾਰੀ, ਟੀਮ ਕਪਤਾਨ ਮਨਪ੍ਰੀਤ ਸਿੰਘ, ਮਨਦੀਪ ਸਿੰਘ ਤੇ ਵਰੁਣ ਕੁਮਾਰ ਵੀ ਦਿੱਤੇ। ਇਸ ਟੀਮ ਦੇ ਵੀਹ ਖਿਡਾਰੀਆਂ ਵਿਚ ਗਿਆਰਾਂ ਖਿਡਾਰੀ ਪੰਜਾਬ ਦੇ ਪਿੰਡਾਂ ਤੋਂ ਖੇਡੇ; ਤੇ ਲੜਕੀਆਂ ਦੀ ਹਾਕੀ ਟੀਮ ਵਿਚ 9 ਖਿਡਾਰਨਾਂ ਹਰਿਆਣੇ ਦੇ ਪਿੰਡਾਂ ਦੀਆਂ ਖੇਡੀਆਂ। ਲਗਭਗ ਸਾਰੇ ਖਿਡਾਰੀ ਤੇ ਖਿਡਾਰਨਾਂ ਸਾਧਾਰਨ ਕਿਰਤੀ ਕਿਸਾਨਾਂ ਦੇ ਜਾਏ ਹਨ।
1975 ਵਿਚ ਭਾਰਤੀ ਟੀਮ ਨੇ ਸੰਸਾਰ ਹਾਕੀ ਕੱਪ (ਅਜੇ ਤਕ ਇਕੋ ਵਾਰ) ਜਿੱਤਿਆ ਸੀ ਤੇ 1980 ਵਿਚ ਮਾਸਕੋ ਦੀਆਂ ਉਲੰਪਿਕ ਖੇਡਾਂ ‘ਚੋਂ ਸੋਨੇ ਦਾ ਤਗਮਾ ਹਾਸਲ ਕੀਤਾ ਸੀ। ਇਹ ਤਗਮਾ ਆਸਟਰੇਲੀਆ, ਪਾਕਿਸਤਾਨ, ਹਾਲੈਂਡ, ਜਰਮਨੀ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਦੇ ਬਾਈਕਾਟ ਕਾਰਨ ਭਾਰਤ ਦੇ ਹੱਥ ਆਇਆ ਸੀ ਪਰ ਚਾਰ ਦਹਾਕਿਆਂ ਤੋਂ ਭਾਰਤੀ ਟੀਮ ਓਲੰਪਿਕ, ਵਰਲਡ ਕੱਪ ਤੇ ਚੈਂਪੀਅਨਜ਼ ਟਰਾਫੀ ਵਿਚ ਖਾਲੀ ਹੱਥ ਰਹਿੰਦੀ ਰਹੀ। ਸੁਆਲ ਪੈਦਾ ਹੁੰਦਾ ਹੈ ਕਿ ਇੰਨਾ ਸ਼ਾਨਦਾਰ ਪਿਛੋਕੜ ਰੱਖਦੀ ਭਾਰਤੀ ਹਾਕੀ ਨੂੰ ਹੋ ਕੀ ਗਿਆ ਸੀ?
ਓਲੰਪਿਕ ਖੇਡਾਂ ਦੇ ਸੋਨ ਤਗਮੇ ਇੰਡੀਆ ਨੇ ਉਦੋਂ ਜਿੱਤਣੇ ਸ਼ੁਰੂ ਕੀਤੇ ਸਨ ਜਦੋਂ ਮੁਲਕ ਅੰਗਰੇਜ਼ਾਂ ਦਾ ਗੁਲਾਮ ਸੀ। ਉਸ ਵਿਚ ਐਂਗਲੋ ਇੰਡੀਅਨ ਖਿਡਾਰੀ ਵੀ ਖੇਡਦੇ ਸਨ। ਬਰਤਾਨੀਆ ਆਪਣੇ ਨਾਂ ‘ਤੇ ਟੀਮ ਨਹੀਂ ਸੀ ਭੇਜਦਾ, ਪਈ ਉਨ੍ਹਾਂ ਦਾ ਗੁਲਾਮ ਇੰਡੀਆ ਕਿਤੇ ਹਰਾ ਨਾ ਦੇਵੇ! ਭਾਰਤ ਆਜ਼ਾਦ ਹੋਇਆ ਤਾਂ ਐਂਗਲੋ ਇੰਡੀਅਨ ਵਾਪਸ ਚਲੇ ਗਏ ਅਤੇ ਪੰਜਾਬ ਦਾ ਹਾਕੀ ਖੇਡਣ ਵਾਲਾ ਕਾਫੀ ਸਾਰਾ ਇਲਾਕਾ ਪਾਕਿਸਤਾਨ ਵਿਚ ਚਲਾ ਗਿਆ ਪਰ ਭਾਰਤ ਫਿਰ ਵੀ ਜਿੱਤਦਾ ਰਿਹਾ। ਫਿਰ ਪਾਕਿਸਤਾਨ ਦੀ ਹਾਕੀ ਟੀਮ ਜਿੱਤਣ ਲੱਗੀ ਤਾਂ ਸੋਚਿਆ, ਚਲੋ ਪਾਕਿਸਤਾਨ ਵੀ ਤਾਂ ਪਹਿਲਾਂ ਇੰਡੀਆ ਹੀ ਹੁੰਦਾ ਸੀ। ਪਿਛਲੇ ਕਾਫੀ ਸਾਲਾਂ ਤੋਂ ਨਾ ਪਾਕਿਸਤਾਨ ਜਿੱਤ ਰਿਹਾ, ਤੇ ਨਾ ਭਾਰਤ ਸਗੋਂ ਉਹ ਮੁਲਕ ਜਿੱਤ ਰਹੇ ਨੇ ਜਿਹੜੇ ਕਦੇ ਹਾਕੀ ਵਿਚ ਬਹੁਤ ਪਿੱਛੇ ਸਨ। ਜਿਵੇਂ ਬੀਜਿੰਗ ਓਲੰਪਿਕ ਖੇਡਣ ਲਈ ਭਾਰਤ ਦੀ ਟੀਮ ਕੁਆਲੀਫਾਈ ਨਹੀਂ ਸੀ ਕਰ ਸਕੀ, ਉਵੇਂ ਟੋਕੀਓ ਓਲੰਪਿਕ ਵਿਚ ਪਾਕਿਸਤਾਨ ਦੀ ਹਾਕੀ ਟੀਮ ਕੁਆਲੀਫਾਈ ਨਹੀਂ ਕਰ ਸਕੀ।
ਬਰੀਕੀ ਨਾਲ ਘੋਖੀਏ ਤਾਂ ਭਾਰਤ ਦੀਆਂ ਹਾਕੀ ਟੀਮਾਂ ਉਦੋਂ ਸੋਨ ਤਗਮੇ ਜਿੱਤਦੀਆਂ ਰਹੀਆਂ ਜਦੋਂ ਘੱਟ ਮੁਲਕ ਹਾਕੀ ਖੇਡਦੇ ਸਨ ਜਾਂ ਭਾਰਤ ਵਾਂਗ ਸ਼ਿੱਦਤ ਨਾਲ ਹਾਕੀ ਨਹੀਂ ਸਨ ਖੇਡਦੇ। ਉਦੋਂ ਜਿੱਤ-ਮੰਚ ‘ਤੇ ਚੜ੍ਹਨਾ ਸੁਖਾਲਾ ਸੀ। 1932 ਵਿਚ ਲਾਸ ਏਂਜਲਸ ਦੀਆਂ ਓਲੰਪਿਕ ਖੇਡਾਂ ਸਮੇਂ ਤਾਂ ਟੀਮਾਂ ਹੀ ਸਿਰਫ ਤਿੰਨ ਸਨ। ਉਹ ਵੀ ਜਾਪਾਨ ਅਤੇ ਮੇਜ਼ਬਾਨ ਅਮਰੀਕਾ ਦੀਆਂ ਜਿਨ੍ਹਾਂ ਸਿਰ ਇੰਡੀਆ ਨੇ 11 ਤੇ 24 ਗੋਲ ਕੀਤੇ। ਹੁਣ ਕੋਈ ਟੀਮ ਏਨੀ ਮਾੜੀ ਨਹੀਂ ਹੁੰਦੀ ਕਿ 24 ਗੋਲ ਖਾਵੇ!
ਮੌਂਟਰੀਅਲ ਓਲੰਪਿਕ-1976 ਤੋਂ ਹਾਕੀ ਆਸਟਰੋ ਟਰਫ ‘ਤੇ ਖੇਡੀ ਜਾਣ ਲੱਗੀ ਹੈ। ਹਾਕੀ ਦੇ ਨਿਯਮਾਂ ਵਿਚ ਵੀ ਬੜੀ ਤਬਦੀਲੀ ਆਈ ਹੈ। ਇਹ ਡਰਿਬਲਿੰਗ ਤੇ ਨਿੱਕੇ ਪਾਸਾਂ ਦੀ ਥਾਂ ਲੰਮੇ ਪਾਸ, ਜ਼ੋਰਦਾਰ ਹਿੱਟ, ਤੇਜ਼ ਰਫਤਾਰ ਤੇ ਤਾਕਤ ਦੀ ਖੇਡ ਬਣ ਗਈ ਹੈ। ਇਹਦੇ ਲਈ ਸਰੀਰਕ ਤੌਰ ‘ਤੇ ਵਧ ਤਕੜੇ ਤੇ ਵਧੇਰੇ ਤੇਜ਼ ਦੌੜਨ ਵਾਲੇ ਖਿਡਾਰੀਆਂ ਦੀ ਲੋੜ ਹੈ। ਪੈਨਲਟੀ ਕਾਰਨਰ ਦੇ ਗੋਲ ਕਰਨ ਲਈ ਬਲਵਾਨ ਬਾਹਾਂ ਚਾਹੀਦੀਆਂ ਹਨ। ਸੱਠ ਮਿੰਟਾਂ ਦੇ ਚਾਰ ਕੁਆਟਰ ਖੇਡਣ ਲਈ ਸੌ ਮਿੰਟ ਖੇਡਣ ਦਾ ਦਮ ਚਾਹੀਦੈ। ਨਾਲ ਜੂਝ ਮਰੋਂ ਤੇ ਨਿਸਚੈ ਕਰ ਆਪਨੀ ਜੀਤ ਕਰੋਂ ਦਾ ਜਜ਼ਬਾ ਵੀ ਹੋਵੇ। ਜਦੋਂ ਭਾਰਤ ਆਜ਼ਾਦ ਹੋਇਆ ਤਾਂ ਕੁਝ ਸਾਲ ਇਹ ਜਜ਼ਬਾ ਮਘਦਾ ਰਿਹਾ। ਸਮੇਂ ਨਾਲ ਇਹ ਜਜ਼ਬਾ ਵੀ ਸਮੇਂ ਦੇ ਭਾਰਤੀ ਸਿਆਸਤਦਾਨਾਂ ਵਾਂਗ ਹੀ ਮੀਸਣਾ ਹੁੰਦਾ ਗਿਆ।
ਅਜੋਕੇ ਦੌਰ ਵਿਚ ਆਸਟਰੇਲੀਆ, ਜਰਮਨੀ, ਨੀਦਰਲੈਂਡਜ਼, ਬੈਲਜੀਅਮ, ਬਰਤਾਨੀਆ, ਅਰਜਨਟੀਨਾ, ਸਪੇਨ, ਨਿਊਜ਼ੀਲੈਂਡ ਆਦਿ ਦੀਆਂ ਟੀਮਾਂ ਬੜੀਆਂ ਤਕੜੀਆਂ ਹਨ। ਭਾਰਤ ਦੇ ਮਰਦਾਂ ਤੇ ਔਰਤਾਂ ਦੀਆਂ ਹਾਕੀ ਟੀਮਾਂ ਹੁਣ ਉਪਰਲੀਆਂ ਟੀਮਾਂ ਵਿਚ ਆ ਖੜ੍ਹੀਆਂ ਹਨ। ਭਾਰਤੀ ਖਿਡਾਰੀਆਂ ਦੀ ਖੇਡ ਘਾਹ ਵਾਲੇ ਮੈਦਾਨਾਂ ‘ਤੇ ਬਿਹਤਰ ਸੀ। ਹੁਣ ਕੌਮਾਂਤਰੀ ਹਾਕੀ ਮੈਚ ਕਿਉਂਕਿ ਆਸਟਰੋ ਟਰਫ ਉਤੇ ਹੀ ਖੇਡੇ ਜਾਂਦੇ ਹਨ ਇਸ ਲਈ ਲੋੜ ਹੈ ਭਾਰਤ ਵਿਚ ਆਸਟਰੋ ਟਰਫ ਮੈਦਾਨ ਵਧੇਰੇ ਬਣਾਏ ਜਾਣ। ਜੇ ਹੋਰਨਾਂ ਮੁਲਕਾਂ ‘ਤੇ ਨਜ਼ਰ ਮਾਰੀਏ ਤਾਂ ਇੰਗਲੈਂਡ ਵਿਚ 1000, ਹਾਲੈਂਡ ‘ਚ 625, ਆਸਟਰੇਲੀਆ ‘ਚ 410, ਜਰਮਨੀ ‘ਚ 350 ਅਤੇ ਨਿਊਜ਼ੀਲੈਂਡ ਵਿਚ 80 ਆਸਟਰੋ ਟਰਫ ਹਾਕੀ ਮੈਦਾਨ ਹਨ। ਵਿਸ਼ਾਲ ਦੇਸ਼ ਭਾਰਤ ਵਿਚ ਇਨ੍ਹਾਂ ਦੀ ਗਿਣਤੀ ਅਜੇ ਵੀ ਅੱਧਾ ਸੈਂਕੜਾ ਪਾਰ ਨਹੀਂ ਹੋਈ। ਦੱਖਣੀ ਅਫਰੀਕਾ ਅਜੇ ਕੱਲ੍ਹ ਹਾਕੀ ਖੇਡਣ ਲੱਗਾ ਹੈ ਤੇ ਉਥੇ 58 ਆਸਟਰੋ ਟਰਫ ਹਨ। ਦੱਖਣੀ ਕੋਰੀਆ ਦੀ ਹਾਕੀ ਵਿਚ ਪਛਾਣ 1986 ਤੋਂ ਬਣੀ ਹੈ ਤੇ ਉਸ ਨੇ ਭਾਰਤ ਤੋਂ ਵੱਧ ਆਸਟਰੋ ਟਰਫ ਵਿਛਾ ਲਏ ਹਨ।
‘ਕੱਲੇ ਆਸਟਰੋ ਟਰਫ ਵੀ ਕੁਝ ਨਹੀਂ ਕਰ ਸਕਦੇ ਜੇ ਇਨ੍ਹਾਂ ਦੀ ਸਦਵਰਤੋਂ ਨਾ ਕੀਤੀ ਜਾਵੇ। ਜੇ ਟਰਫਾਂ ਨੂੰ ਜਿੰਦੇ ਹੀ ਲੱਗੇ ਰਹਿਣ ਤਾਂ ਜਿਹੇ ਬਣਾਏ, ਜਿਹੇ ਨਾ ਬਣਾਏ। ਹਰ ਟਰਫ ਨਾਲ ਬਚਪਨ ਤੋਂ ਹਾਕੀ ਖਿਡਾਰੀ ਜੋੜੇ ਜਾਣ। ਘੱਟੋ-ਘੱਟ 100 ਆਸਟਰੋ ਟਰਫਾਂ ਉਤੇ 400 ਟੀਮਾਂ ਦੀ ਕੋਚਿੰਗ ਹੋਵੇ, ਭਾਵ ਦੇਸ਼ ਭਰ ਚੋਂ 5000 ਹੋਣਹਾਰ ਖਿਡਾਰੀ ਚੁਣੇ ਜਾਣ। ਉਨ੍ਹਾਂ ਦੀ ਖੁਰਾਕ, ਰਹਾਇਸ਼ ਤੇ ਪੜ੍ਹਾਈ ਦਾ ਪ੍ਰਬੰਧ ਹੋਵੇ ਅਤੇ 100 ਖਾਸ ਕੋਚਾਂ ਤੇ ਬਾਕੀ ਆਮ ਕੋਚਾਂ ਰਾਹੀਂ ਕੋਚਿੰਗ ਦਿੱਤੀ ਜਾਵੇ। ਸੌ ਵਿਚੋਂ ਦਸ ਸੈਂਟਰ ਸਪੈਸ਼ਲ ਕੋਚਿੰਗ ਦੇ ਹੋਣ। ਇਹੋ ਜਿਹੇ ਕਾਰਜ ਸੂਝ ਸਿਆਣਪ ਤੇ ਪ੍ਰਚੰਡ ਜਜ਼ਬੇ ਨਾਲ ਹੀ ਕੀਤੇ ਜਾ ਸਕਦੇ ਹਨ। ਜਦੋ ਦੇਸ਼ਵਾਸੀਆਂ ‘ਚ ਆਜ਼ਾਦੀ ਦਾ ਜਜ਼ਬਾ ਜਾਗਿਆ ਸੀ ਤਾਂ ਜਿੱਤਣ ਲਈ ਖੇਡ ਜਜ਼ਬਾ ਵੀ ਬੁਲੰਦ ਹੋਇਆ ਸੀ। ਅਗਾਂਹ ਵੀ ਜੇ ਭਾਰਤੀ ਹਾਕੀ ਨੂੰ ਪਹਿਲਾਂ ਵਾਲੀ ਬੁਲੰਦੀ ‘ਤੇ ਪਹੁੰਚਾਉਣਾ ਹੈ ਤਾਂ ਜੂਝ ਮਰੋਂ ਵਾਲੇ ਨਿਸਚੈ ਦੀ ਲੋੜ ਹੈ। ਐਸੀ ਤੜਫ ਜਗਾਈ ਜਾਵੇ ਜਿਹੜੀ ਜਿੱਤ-ਮੰਚ ‘ਤੇ ਚੜ੍ਹੇ ਬਿਨਾ ਚੈਨ ਨਾ ਲੈਣ ਦੇਵੇ!